ਨਰਿੰਦਰ ਸਿੰਘ ਢਿੱਲੋਂ
ਫੋਨ: +1-587-436-4032
ਪੰਜਾਬ ਦੀ ਸਿਆਸਤ ਮੁੱਢ ਤੋਂ ਹੀ ਬੜੀ ਪੇਚੀਦੀ ਰਹੀ ਹੈ ਪਰ ਪਿਛਲੇ ਕੁਝ ਦਹਾਕਿਆਂ ਤੋਂ ਇਸ ਅੰਦਰ ਹੋਰ ਵੀ ਤਿੱਖੀਆਂ ਤਬਦੀਲੀਆਂ ਵਾਪਰੀਆਂ ਹਨ। ਅੱਜ ਪੰਜਾਬ ਦੀ ਚਰਚਾ ਦਰਪੇਸ਼ ਸਮੱਸਿਆਵਾਂ ਦੇ ਨਾਲ-ਨਾਲ ਆਜ਼ਾਦੀ ਅਤੇ ਗੁਲਾਮੀ ਦੇ ਕੁਝ ਪ੍ਰਸੰਗਾਂ ਬਾਰੇ ਵੀ ਚੱਲ ਰਹੀ ਹੈ। ਸ. ਨਰਿੰਦਰ ਸਿੰਘ ਢਿੱਲੋਂ ਨੇ ਇਸ ਬਾਰੇ ਵਿਚਾਰ ਆਪਣੇ ਇਸ ਲੇਖ ਵਿਚ ਸਾਂਝੇ ਕੀਤੇ ਹਨ।
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅਤੇ ਵਿਦੇਸ਼ ਵਿਚ ਬੈਠੇ ਕੁਝ ਲੋਕ ਇਹ ‘ਫਿਕਰ’ ਜ਼ਾਹਰ ਕਰ ਰਹੇ ਹਨ ਕਿ ਭਾਰਤ ਅਤੇ ਵਿਸ਼ੇਸ਼ ਤੌਰ `ਤੇ ਪੰਜਾਬ ਵਿਚ ਸਿੱਖ ਗੁਲਾਮ ਹਨ। ਉਹ ਸਿੱਖਾਂ ਨੂੰ ਆਜ਼ਾਦ ਕਰਾਉਣ ਦੀਆਂ ਗੱਲਾਂ ਵੀ ਕਰਦੇ ਹਨ। ਪੰਜਾਬ ਵਿਚ ਹੁਣ ਕੁਝ ਲੋਕਾਂ ਨੇ ਮੁੜ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਅਤੇ ਲੋਕਾਂ ਨੂੰ ਗੁਲਾਮੀ ਦੂਰ ਕਰਨ ਲਈ ਸਿਰ ਦੇਣ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਭਾਵੇਂ ਪੰਜਾਬ ਦੇ ਲੋਕਾਂ ਨੇ ਸਦਾ ਹੀ ਇਹੋ ਜਿਹੇ ਪ੍ਰਚਾਰ ਨੂੰ ਨਜ਼ਰ-ਅੰਦਾਜ਼ ਕੀਤਾ ਹੈ ਫਿਰ ਵੀ ਆਪਾਂ ਇਸ `ਤੇ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਵਿਚਾਰ ਕਰਨਾ ਹੋਵੇਗਾ ਕਿ ਆਜ਼ਾਦੀ ਕੀ ਹੈ ਤੇ ਗੁਲਾਮੀ ਕੀ ਹੁੰਦੀ ਹੈ।
ਆਜ਼ਾਦੀ ਤੋਂ ਭਾਵ ਐਸੀਆਂ ਹਾਲਤਾਂ ਤੋਂ ਹੈ ਜਿਨ੍ਹਾਂ ਵਿਚ ਮਨੁੱਖ ਸਿਵਲ, ਰਾਜਸੀ, ਧਾਰਮਿਕ, ਸਮਾਜਿਕ ਆਦਿ ਅਧਿਕਾਰਾਂ ਦੀ ਵਰਤੋਂ ਕਰਦਿਆਂ ਧਰਮ, ਜਾਤ, ਲਿੰਗ ਆਦਿ ਦੇ ਵਿਤਕਰੇ ਤੋਂ ਬਿਨਾਂ ਜੀਵਨ ਬਤੀਤ ਕਰਦਾ ਹੈ। ਆਜ਼ਾਦੀ ਵਿਚ ਮਨੁੱਖ ਨੂੰ ਵੋਟ ਪਾਉਣ ਦਾ ਅਧਿਕਾਰ ਅਤੇ ਨਿੱਜੀ ਜ਼ਿੰਦਗੀ ਗੁਪਤ ਰੱਖਣ ਦਾ ਅਧਿਕਾਰ ਹੁੰਦਾ ਹੈ। ਆਜ਼ਾਦੀ ਵਿਚ ਮਨੁੱਖ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਕਿਸੇ ਵਿਅਕਤੀ ਜਾਂ ਸਮੂਹ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਹੁਕਮ ਠੋਸੇੇ ਨਹੀਂ ਜਾ ਸਕਦੇ। ਆਜ਼ਾਦੀ ਵਿਚ ਲੋਕਾਂ ਲਈ ਕਾਨੂੰਨ ਤੈਅ ਕੀਤੇ ਜਾਂਦੇ ਹਨ। ਉਨ੍ਹਾਂ ਅਨੁਸਾਰ ਰਾਜਸੀ, ਧਾਰਮਿਕ, ਸਮਾਜਿਕ ਗੱਲ ਕੀ ਹਰ ਖੇਤਰ ਵਿਚ ਵਿਚਰਨਾ ਹੁੰਦਾ ਹੈ ਅਤੇ ਗੈਰ-ਕਾਨੂੰਨੀ ਕਾਰਜ ਵਿਧੀ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਲੋਕ ਮਾਨਸਿਕ ਤੌਰ ‘ਤੇ ਆਜ਼ਾਦ ਹੋਣ ਕਰਕੇ ਆਪਣੀ ਜ਼ਿੰਦਗੀ ਬਾਰੇ ਫ਼ੈਸਲੇ ਲੈਣ ਦੇ ਸਮਰੱਥ ਹੁੰਦੇ ਹਨ।
ਆਜ਼ਾਦੀ ਵਿਚ ਗ਼ੈਰਕਾਨੂੰਨੀ ਢੰਗ ਨਾਲ ਵਿਚਰਨਾ ਲੋਕਾਂ ਦੀ ਆਜ਼ਾਦ, ਬੇਖ਼ੌਫ਼ ਅਤੇ ਸ਼ਾਂਤਮਈ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਆਜ਼ਾਦੀ ਮਨੁੱਖ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਬਿਨਾਂ ਕਿਸੇ ਦਬਾਅ ਜਾਂ ਡਿਕਟੇਟ ਕੀਤਿਆਂ ਆਪਣੇ ਫ਼ੈਸਲੇ ਆਪ ਕਰੇ। ਆਜ਼ਾਦੀ ਦੇ ਵਾਤਾਵਰਨ ਵਿਚ ਮਨੁੱਖ ਮਿਹਨਤ ਕਰ ਕੇ ਉੱਚੇ ਸੁਪਨੇ ਲੈਣ ਦੇ ਯੋਗ ਬਣਦਾ ਹੈ। ਆਜ਼ਾਦੀ ਵਿਚ ਕੋਈ ਵੀ ਵਿਅਕਤੀ ਜਿਸ ਧਰਮ ਨੂੰ ਵੀ ਚਾਹੇ ਉਹ ਮੰਨੇ ਲੇਕਿਨ ਉਸ ਨੂੰ ਦੂਜੇ ਧਰਮਾਂ ਦਾ ਅਪਮਾਨ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਜੇਕਰ ਕੋਈ ਵਿਅਕਤੀ ਦੂਜੇ ਕਿਸੇ ਵੀ ਧਰਮ ਦਾ ਅਪਮਾਨ ਕਰਦਾ ਹੈ ਤਾਂ ਕਾਨੂੰਨ ਉਸ ਧਰਮ ਦੀ ਰਾਖੀ ਅਤੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਲਈ ਹਰਕਤ ਵਿਚ ਆਉਂਦਾ ਹੈ ਭਾਵੇਂ ਉਸ ਦਾ ਇਹ ਕਦਮ ਜਾਣ ਬੁੱਝ ਕੇ, ਅਗਿਆਨਤਾ ਜਾਂ ਅਣਗਹਿਲੀ ਕਰਕੇ ਹੋਵੇ।
ਆਜ਼ਾਦੀ ਵਿਚ ਮਨੁੱਖ ਆਪਣਾ ਕੰਮ ਆਪਣੀ ਇੱਛਾ ਅਨੁਸਾਰ ਕਰ ਕੇ ਆਪਣਾ ਜ਼ਿੰਮੇਵਾਰ ਖੁ਼ਦ ਹੁੰਦਾ ਹੈ। ਮਨੁੱਖ ਮਿਹਨਤ, ਆਤਮ ਗਿਆਨ ਅਤੇ ਕਾਨੂੰਨੀ ਦਾਇਰੇ ਵਿਚ ਰਹਿੰਦਿਆਂ ਸਮਾਜ ਵਿਚ ਬਿਹਤਰ ਕਾਰਗੁਜ਼ਾਰੀ ਨਿਭਾ ਸਕਦਾ ਹੈ। ਆਜ਼ਾਦੀ ਵਿਚ ਮਿਲੇ ਅਧਿਕਾਰਾਂ ਦੀ ਵਰਤੋਂ ਕਰ ਕੇ ਮਨੁੱਖ ਚੰਗੇ ਰੁਤਬੇ ‘ਤੇ ਪਹੁੰਚ ਸਕਦਾ ਹੈ। ਇੱਕ ਸ਼ਹਿਰੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਸੁਖਾਵਾਂ ਮਾਹੌਲ ਪ੍ਰਾਪਤ ਹੋਣਾ ਹੀ ਆਜ਼ਾਦੀ ਹੈ।
ਇੱਕ ਜਰਮਨ ਫਿਲਾਸਫਰ ਅਨੁਸਾਰ ਆਜ਼ਾਦੀ ਉਸ ਅਵਸਥਾ ਦਾ ਨਾਂ ਹੈ ਜਿਸ ਵਿਚ ਮਨੁੱਖ ਆਪਣੀ ਯੋਗਤਾ ਮੁਤਾਬਕ ਕੰਮ ਕਰਕੇ ਤਾਕਤ ਜਾਂ ਸਾਧਨਾ ਦਾ ਮਾਲਕ ਬਣਦਾ ਹੈ। ਓਸ ਅਨੁਸਾਰ ‘ਰਾਜਨੀਤਕ ਆਜ਼ਾਦੀ ਤੋਂ ਭਾਵ ਜੋ ਜ਼ਬਰਦਸਤੀ ਅਤੇ ਜ਼ੁਲਮ ਤੋਂ ਮਨੁੱਖ ਦੀ ਰਾਖੀ ਕਰੇ, ਸਮਾਜ ਵਿਚ ਮਨੁੱਖ ਨੂੰ ਆਪਣਾ ਟੀਚਾ ਪੂਰਾ ਕਰਨ ਲਈ ਰੁਕਾਵਟ ਪੈਦਾ ਨਾ ਕਰਨ ਦੇਵੇ, ਸਮਾਜ ਵਿਚ ਆਰਥਿਕ ਲੁੱਟ ਅਤੇ ਸਮੱਸਿਆਵਾਂ ਵਿਰੁੱਧ ਲੜਨ ਦਾ ਅਧਿਕਾਰ ਦੇਵੇ। ਮੁੱਕਦੀ ਗੱਲ ਇਹ ਹੈ ਕਿ ਆਜ਼ਾਦੀ ਵਿਚ ਮਨੁੱਖ ਨੂੰ ਬੋਲਣ, ਲਿਖਣ, ਆਪਣੇ ਧਰਮ ਨੂੰ ਮੰਨਣ, ਹਰ ਪੱਧਰ `ਤੇ ਵੋਟ ਪਾਉਣ, ਇਨਸਾਫ਼ ਲਈ ਅਦਾਲਤ ਵਿਚ ਜਾਣ, ਜਥੇਬੰਦੀ ਬਣਾ ਕੇ ਸੰਘਰਸ਼ ਕਰਨ, ਨਿੱਜੀ ਸੁਰੱਖਿਆ, ਸਿਹਤ, ਸਿੱਖਿਆ ਅਤੇ ਜੀਊਣ ਦਾ ਅਧਿਕਾਰ ਹੁੰਦਾ ਹੈ। ਭਾਰਤੀ ਸੰਵਿਧਾਨ ਅੰਦਰ ਇਹ ਸਾਰੇ ਅਧਿਕਾਰ ਹੈ ਹਰ ਨਾਗਰਿਕ ਨੂੰ ਦਿੱਤੇ ਹੋਏ ਹਨ। ਜੋ ਲੋਕ ਜਮਹੂਰੀ ਢਾਂਚੇ ਵਿਚ ਕਾਨੂੰਨ ਅਧੀਨ ਵਿਚਰਨ ਨੂੰ ਗੁਲਾਮੀ ਦਾ ਨਾਂ ਦਿੰਦੇ ਹਨ ਉਨ੍ਹਾਂ ਲਈ ਦੂਜਿਆਂ ਦੇ ਮਨੁੱਖੀ ਅਧਿਕਾਰਾਂ ਅਤੇ ਸ਼ਹਿਰੀ ਆਜ਼ਾਦੀਆਂ ਦੀ ਕੋਈ ਮਹੱਤਤਾ ਨਹੀਂ ਹੁੰਦੀ।
ਇਕ ਹੋਰ ਜਰਮਨ ਫਿਲਾਸਫਰ ਛਹਅਰਲੋਸ ਠੇਲੋਰ ਅਨੁਸਾਰ ‘ਸ਼ਹਿਰੀ ਆਜ਼ਾਦੀਆਂ ਦਾ ਅਧਿਕਾਰ ਵਿਅਕਤੀ ਜਾਂ ਗਰੁੱਪ ਵਿਰੁੱਧ ਸਟੇਟ ਵੱਲੋਂ ਤਸ਼ੱਦਦ ਜਾਂ ਧੱਕੇਸ਼ਾਹੀ ਦੀ ਰਾਖੀ ਕਰਦਾ ਹੈ। ਸ਼ਹਿਰੀ ਆਜ਼ਾਦੀਆਂ ਵਿਚ ਧਰਮ, ਜਾਤ, ਲਿੰਗ ਆਦਿ ਦੇ ਵਿਤਕਰੇ, ਨਿੱਜੀ ਸੁਰੱਖਿਆ, ਵੋਟ ਦਾ ਅਧਿਕਾਰ, ਰਾਜਸੀ ਪ੍ਰਕਿਰਿਆ ਵਿਚ ਸ਼ਮੂਲੀਅਤ, ਵਿਚਾਰਾਂ ਦੇ ਪ੍ਰਗਟਾਵੇ, ਇਕੱਠੇ ਹੋਣ ਆਦਿ ਦੀ ਰਾਖੀ ਕਰਦਾ ਹੈ।’ ਸ਼ਹਿਰੀ ਆਜ਼ਾਦੀਆਂ ਦਾ ਅਧਿਕਾਰ ਹਰ ਮਨੁੱਖ ਦੀ ਹਰ ਦੇਸ਼ ਵਿਚ ਮੌਲਿਕ ਲੋੜ ਹੈ।
ਆਓ ਹੁਣ ਵੇਖਦੇ ਹਾਂ ਕਿ ਗ਼ੁਲਾਮ ਕੌਣ ਹੁੰਦੇ ਹਨ। ਗੁਲਾਮ ਹੋਣ ਤੋਂ ਭਾਵ ਉਹ ਵਿਅਕਤੀ ਜੋ ਕਿਸੇ ਦੂਜੇ ਵਿਅਕਤੀ ਦੀ ਮਲਕੀਅਤ ਹੁੰਦਾ ਹੈ। ਉਸ ਕੋਲ ਬੋਲਣ, ਲਿਖਣ, ਆਪਣੇ ਧਰਮ ਨੂੰ ਮੰਨਣ, ਇਕੱਠੇ ਹੋਨ, ਵੋਟ ਪਾਉਣ ਅਤੇ ਇੱਥੋਂ ਤਕ ਕਿ ਜ਼ਿੰਦਗੀ ਜੀਣ ਦਾ ਕੋਈ ਮਨੁੱਖੀ ਅਧਿਕਾਰ ਵੀ ਨਹੀਂ ਹੁੰਦਾ। ਮਾਲਕ ਤਕੜੇ ਪੂੰਜੀਪਤੀ ਜਾਂ ਜਾਗੀਰਦਾਰ ਹੁੰਦੇ ਹਨ ਅਤੇ ਗੁਲਾਮ ਉਨ੍ਹਾਂ ਦੇ ਕਬਜ਼ੇ ਵਿਚ ਹੀ ਰਹਿੰਦਾ ਹੈ ਤੇ ਉਸਦੀ ਆਪਣੀ ਮਰਜ਼ੀ ਨਹੀਂ ਚਲਦੀ ਅਤੇ ਨਾ ਹੀ ਉਹ ਕੋਈ ਇੱਛਾ ਪ੍ਰਗਟ ਕਰ ਸਕਦਾ ਹੈ। ਗੁਲਾਮ ਮਾਲਕ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦਾ।
ਗੁਲਾਮ ਨੂੰ ਮਨ-ਮਰਜ਼ੀ ਦਾ ਖਾਣ-ਪੀਣ, ਪਹਿਨਣ, ਰਹਿਣ ਦੀ ਆਜ਼ਾਦੀ ਨਹੀਂ ਹੁੰਦੀ। ਉਹ ਪੂਰਨ ਤੌਰ ‘ਤੇ ਆਪਣੇ ਮਾਲਕ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੂੰ ਜਾਂ ਤਾਂ ਕੰਮ ਦੇ ਪੈਸੇ ਦਿੱਤੇ ਨਹੀਂ ਜਾਂਦੇ ਅਤੇ ਜਾਂ ਬਹੁਤ ਥੋੜੇ ਦਿੱਤੇ ਜਾਂਦੇ ਹਨ। ਗਰਮੀ ਹੋਵੇ ਜਾਂ ਸਰਦੀ ਕੰਮ ਦਾ ਸਮਾਂ ਵੀ ਨਿਰਧਾਰਤ ਨਹੀਂ ਹੁੰਦਾ। ਉਹ ਮਾਲਕ ਦੀ ਮਰਜ਼ੀ ਤੋਂ ਬਿਨਾਂ ਇਕੱਠੇ ਨਹੀਂ ਹੋ ਸਕਦੇ ਅਤੇ ਕੋਈ ਮਨ ਪਰਚਾਵਾ ਨਹੀਂ ਕਰ ਸਕਦੇ। ਵੱਖ-ਵੱਖ ਕਾਰਖਾਨਿਆਂ, ਫਾਰਮਾ, ਢਾਬਿਆਂ ਅਤੇ ਰੈਸਟੋਰੈਂਟਾਂ ਵਿਚ ਇਨ੍ਹਾਂ ਦੀ ਗਿਣਤੀ ਅੱਜ ਵੀ ਵੇਖੀ ਜਾ ਸਕਦੀ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਵੇਖੀਆਂ ਗਈਆਂ ਹਨ। ਕਈ ਗੁੱਜਰਾਂ ਦੇ ਡੇਰਿਆਂ ਤੋਂ ਪਰਵਾਸੀ ਮਜ਼ਦੂਰ ਛੁਡਾਏ ਗਏ ਜਿਨ੍ਹਾਂ ਨੂੰ ਗੁੱਜਰ ਆਪਣੇ ਕਬਜ਼ੇ ਵਿਚ ਰੱਖ ਕੇ ਉਨ੍ਹਾਂ ਤੋਂ ਬੇਰਹਿਮੀ ਨਾਲ ਕੰਮ ਲੈ ਰਹੇ ਸਨ। ਇਕ ਸਮਾਜ ਸੇਵੀ ਜਥੇਬੰਦੀ ਨੇ ਉਨ੍ਹਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰ ਭੇਜਣ ਦਾ ਕਾਰਜ ਕੀਤਾ। ਗੁਲਾਮ ਨੂੰ ਸ਼ਹਿਰੀ ਆਜ਼ਾਦੀਆਂ ਭਾਵ ਮਰਜ਼ੀ ਅਨੁਸਾਰ ਫਿਰਨ ਤੁਰਨ, ਬੋਲਣ,-ਲਿਖਣ, ਇਕੱਠੇ ਹੋਨ, ਧਾਰਮਿਕ ਪਾਠ-ਪੂਜਾ ਕਰਨ, ਮਾਲਕ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ, ਸਰਕਾਰ ਦੇ ਗਠਨ ਲਈ ਵੋਟ ਪਾਉਣ ਅਤੇ ਨਿੱਜੀ ਆਜ਼ਾਦੀ ਆਦਿ ਦਾ ਕੋਈ ਅਧਿਕਾਰ ਨਹੀਂ ਹੁੰਦਾ। ਇੱਥੋਂ ਤਕ ਕਿ ਉਹ ਸੋਹਣੇ ਸੂਟ-ਬੂਟ ਪਾਉਣ, ਸੋਹਣੀ ਤਰ੍ਹਾਂ ਨਹਾਉਣ-ਧੋਣ ਅਤੇ ਖਾਣ-ਪੀਣ ਤੋਂ ਪੂਰਨ ਤੌਰ ‘ਤੇੇ ਵਿਰਵੇੇ ਹੁੰਦੇ ਹਨ।
ਉਪਰੋਕਤ ਪਿੱਠ ਭੂਮੀ ਵਿਚ ਆਉਂਦੇ ਦਰਪੇਸ਼ ਵਿਸ਼ੇ ਦਾ ਨਿਰਣਾ ਕਰਦੇ ਹਾਂ। ਕਿਸੇ ਨੇਤਾ ਦੀ ਰਾਜਨੀਤੀ ਕੋਈ ਵੀ ਹੋ ਸਕਦੀ ਹੈ ਲੇਕਨ ਵਿਸ਼ੇ ਮੁਤਾਬਕ ਇੱਥੇ ਨਿਰਣਾ ਸਿੱਖ ਹੋਣ ਮੁਤਾਬਕ ਕਰਨਾ ਪਵੇਗਾ। ਪੰਜਾਬ ਦਾ ਇੱਕ ਸਿੱਖ ਨੇਤਾ ਗਿਆਨੀ ਜ਼ੈਲ ਸਿੰਘ ਵੱਖ-ਵੱਖ ਅਹੁਦਿਆਂ ‘ਤੇ ਰਿਹਾ ਸੀ ਤੇ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਅਖਵਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨੇਤਾ ਨੂੰ ਰਾਸ਼ਟਰਪਤੀ ਦੀ ਚੋਣ ਲਈ ਸਿੱਖ ਹੋਣ ਕਰਕੇ ਵੋਟਾਂ ਪਾਈਆਂ ਸਨ ਅਤੇ ਇੱਕ ਸਿੱਖ ਦੇਸ਼ ਦਾ ਰਾਸ਼ਟਰਪਤੀ ਰਿਹਾ ਹੈ। ਇੱਕ ਸਿੱਖ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਵਿਸ਼ਵ ਬੈਂਕ, ਰਿਜ਼ਰਵ ਬੈਂਕ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਉਤੇ ਕੰਮ ਕਰਨ ਤੋਂ ਬਾਅਦ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਇਹ ਸਮੁੱਚੇ ਸਿੱਖ ਭਾਈਚਾਰੇ ਲਈ ਫਖ਼ਰ ਦੀ ਗੱਲ ਹੈ। ਕਿਸੇ ਵੀ ਪਾਰਟੀ ਦੀ ਕੇਂਦਰ ਸਰਕਾਰ ਦੇ ਵਿਚ ਕਈ ਸਿੱਖ ਕੈਬਨਿਟ ਮੰਤਰੀ ਰਹੇ ਹਨ। ਗੁਰਦਿਆਲ ਸਿੰਘ ਢਿੱਲੋਂ ਲੋਕ ਸਭਾ ਦੇ ਸਪੀਕਰ ਅਤੇ ਚਰਨਜੀਤ ਸਿੰਘ ਅਟਵਾਲ ਡਿਪਟੀ ਸਪੀਕਰ ਰਹੇ ਹਨ। ਸਰਦਾਰ ਦਰਬਾਰਾ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੱਖ-ਵੱਖ ਰਾਜਾਂ ਦੇ ਗਵਰਨਰ ਰਹੇ ਅਤੇ ਏਅਰ ਮਾਰਸ਼ਲ ਅਰਜਨ ਸਿੰਘ ਅਤੇ ਇਕਬਾਲ ਸਿੰਘ ਲੈਫਟੀਨੈਂਟ ਗਵਰਨਰ ਰਹੇ। ਇਕ ਹੋਰ ਮਾਣਯੋਗ ਅਤੇ ਮੰਨੀ-ਪ੍ਰਮੰਨੀ ਸ਼ਖਸੀਅਤ ਮਨੋਹਰ ਸਿੰਘ ਗਿੱਲ ਦੇਸ਼ ਅਤੇ ਵਿਦੇਸ਼ ਵਿਚ ਵੱਖ-ਵੱਖ ਅਹੁਦਿਆਂ ਉਤੇ ਰਹਿਣ ਤੋਂ ਬਾਅਦ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੀ ਰਹੇ ਅਤੇ ਮੋਨਟੇਕ ਸਿੰਘ ਆਹਲੂਵਾਲੀਆ ਹੋਰ ਅਹੁਦਿਆਂ ਤੋਂ ਇਲਾਵਾ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਕੇਂਦਰ ਦੀ ਪ੍ਰਸਿੱਧ ਜਾਂਚ ਏਜੰਸੀ ਸੀ.ਬੀ.ਆਈ. ਦੇ ਡਾਇਰੈਕਟਰ ਹੋਣ ਦਾ ਮਾਣ ਸਿੱਖ ਅਫਸਰ ਜੋਗਿੰਦਰ ਸਿੰਘ ਨੂੰ ਮਿਲਿਆ ਅਤੇ ਦੇਸ਼ ਦੀ ਸਰਵ-ਉੱਚ ਅਦਾਲਤ (ਸੁਪਰੀਮ ਕੋਰਟ) ਦੇ ਚੀਫ਼ ਜਸਟਿਸ, ਜਸਟਿਸ ਜਗਦੀਸ਼ ਸਿੰਘ ਖੇਰ ਰਹੇ। ਕੀ ਇਨ੍ਹਾਂ ਅਦਾਰਿਆਂ ਦੇ ਉਚ ਅਹੁਦਿਆਂ ‘ਤੇ ਰਹਿਣਾ ਗੁਲਾਮੀ ਦੀ ਨਿਸ਼ਾਨੀ ਹੈ?
ਅਸਲ ਵਿਚ ਸਿੱਖਾਂ ਨੂੰ ਗੁਲਾਮ ਕਹਿਣ ਵਾਲੇ ਕਈ ਪੰਜਾਬ ਅਤੇ ਕਈ ਵਿਦੇਸ਼ ਵਿਚ ਬੈਠੇ ਲੋਕ ਐਵੇਂ ਤਰਕਹੀਣ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਫੌਜ ਦੁਨੀਆ ਵਿਚ ਸ਼ਕਤੀਸ਼ਾਲੀ ਫੌਜ ਹੈ। ਇਸ ਦੇ ਜਨਰਲ ਜਸਵੰਤ ਜੋਗਿੰਦਰ ਸਿੰਘ ਅਤੇ ਜਨਰਲ ਬਿਕਰਮ ਸਿੰਘ ਦੋ ਸਿੱਖ ਮੁਖੀ ਰਹੇ ਹਨ ਅਤੇ ਇਨ੍ਹਾਂ ਨੂੰ ਇਹ ਮਾਣ ਹਾਸਲ ਹੈ ਕਿ ਇਨ੍ਹਾਂ ਨੇ ਫੌਜ ਦੀ ਸ਼ਲਾਘਾਯੋਗ ਅਗਵਾਈ ਕੀਤੀ। ਪਿਛਲੇ ਲੰਮੇ ਸਮੇਂ ਤੋਂ ਚੀਨ ਨਾਲ ਸਰਹੱਦੀ ਵਿਵਾਦ ਵਿਚ ਚੀਨੀ ਫੌਜੀ ਅਫਸਰਾਂ ਨਾਲ ਭਾਰਤ ਸਰਕਾਰ ਵੱਲੋਂ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਜੋ ਕਿ ਸਿੱਖ ਅਫਸਰ ਹੈ ਗੱਲਬਾਤ ਵਿਚ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ। ਭਾਰਤੀ ਫੌਜ ਦੇ ਵੈਸਟਰਨ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਪਾਕਿਸਤਾਨ ਨਾਲ 1965 ਦੀ ਜੰਗ ਵਿਚ ਕਮਾਲ ਦੀ ਕਾਰਗੁਜ਼ਾਰੀ ਵਿਖਾਈ ਸੀ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। 1966 ਵਿਚ ਭਾਰਤ ਸਰਕਾਰ ਵੱਲੋਂ ਉਸਨੂੰ ਪਦਮ ਵਿਭੂਸ਼ਨ ਪੁਰਸਕਾਰ ਵੀ ਦਿੱਤਾ ਗਿਆ ਸੀ। ਫੌਜੀ ਅਫਸਰਾਂ ਦੀ ਲਿਸਟ ਬਹੁਤ ਲੰਮੀ ਹੈ ਜੋ ਸਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ, ਜਿਸ ਵਿਚ ਮੇਜਰ ਜਨਰਲ ਸ਼ੁਬੇਗ ਸਿੰਘ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਜੋਗਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹਨ। ਸਿੱਖ ਹੀ ਨਹੀਂ ਸਮੁੱਚੇ ਭਾਰਤ ਦੇ ਲੋਕ ਇਨ੍ਹਾਂ ਦੇ ਨਾਂ ਅਗੇ ਸਿਰ ਝੁਕਾਉਂਦੇ ਹਨ।
ਇੱਥੇ ਹੀ ਬੱਸ ਨਹੀਂ ਹਵਾਈ ਫੌਜ ਦੇ ਮੁਖੀ ਏਅਰ ਮਾਰਸ਼ਲ ਅਰਜਨ ਸਿੰਘ, ਏਅਰ ਮਾਰਸ਼ਲ ਦਿਲਬਾਗ ਸਿੰਘ ਅਤੇ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਦਾ ਹਵਾਈ ਫੌਜ ਦੇ ਮੁਖੀ ਰਹਿਣਾ ਮਾਣ ਵਾਲੀ ਗੱਲ ਹੈ। ਇਨ੍ਹਾਂ ਤੋਂ ਇਲਾਵਾ ਸਿੱਖ ਅਫਸਰਾਂ ਦੀ ਲੰਮੀ ਲਿਸਟ ਹੈ। ਇੰਡੀਅਨ ਨੇਵੀ ਵਿਚ ਵੀ ਐਡਮਿਰਲ ਕਰਨਬੀਰ ਸਿੰਘ ਅਤੇ ਵਾਈਸ ਐਡਮਿਰਲ ਮਹਿੰਦਰ ਪਾਲ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਅਫਸਰ ਕੰਮ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ। ਇਨ੍ਹਾਂ ਸਾਰੇ ਅਫਸਰਾਂ ਦੀ ਕਾਰਗੁਜ਼ਾਰੀ ਉੱਤੇ ਮਾਣ ਕੀਤਾ ਜਾ ਸਕਦਾ ਹੈ।
ਉੱਨੀ ਸੌ ਸੰਤਾਲੀ ਤੋਂ ਬਾਅਦ ਕੁਝ ਕੁ ਮਹੀਨੇ ਛੱਡ ਕੇ ਪੰਜਾਬ ਦੇ ਸਿੱਖ ਹੀ ਮੁੱਖ ਮੰਤਰੀ ਰਹੇ ਹਨ ਅਤੇ ਬਹੁਗਿਣਤੀ ਸਿੱਖ ਮੰਤਰੀਆਂ ਦੀ ਹੀ ਰਹੀ ਹੈ। ਅੱਜ ਕੇਂਦਰ ਅਤੇ ਪੰਜਾਬ ਵਿਚ ਸਿੱਖ ਮੰਤਰੀ, ਖਿਡਾਰੀ, ਲੇਖਕ, ਡਾਕਟਰ, ਜੱਜ, ਰਾਜਸੀ ਨੇਤਾ, ਵਕੀਲ, ਪ੍ਰੋਫੈਸਰ, ਅਧਿਆਪਕ, ਆਈ.ਏ.ਐਸ, ਆਈ.ਪੀ.ਐੱਸ., ਪੀ.ਸੀ.ਐਸ., ਪੀ.ਪੀ.ਐਸ., ਪੱਤਰਕਾਰ, ਕਲਾਕਾਰ, ਸੰਗੀਤਕਾਰਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵਿਚ ਸਿੱਖ ਅਫਸਰ ਹਨ ਅਤੇ ਪਹਿਲਾਂ ਵੀ ਰਹੇ ਹਨ। ਕੇਵਲ ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਸਿੱਖ ਵੱਖ-ਵੱਖ ਰਾਜਾਂ ਵਿਚ ਵੱਸਦੇ ਹਨ ਜੋ ਵਧੀਆ ਜੀਵਨ ਬਤੀਤ ਕਰ ਰਹੇ ਹਨ। ਪੰਜਾਬ ਅਤੇ ਬਾਹਰਲੇ ਰਾਜਾਂ ਵਿਚ ਵਸਦੇ ਸਿੱਖਾਂ ਵਿਚੋਂ ਕੁਝ ਇਕ ਤੋਂ ਬਿਨਾ ਸਭ ਕੋਲ ਵਧੀਆ ਘਰ, ਮੋਟਰਸਾਈਕਲ, ਕਾਰ, ਵਾਹੀਯੋਗ ਮਸ਼ੀਨਰੀ, ਖੇਤੀ ਯੋਗ ਜ਼ਮੀਨ ਹੈ। ਖੇਤੀ, ਵਪਾਰ, ਉਦਯੋਗ ਅਤੇ ਟਰਾਂਸਪੋਰਟ ਖੇਤਰ ਵਿਚ ਵੀ ਸਿੱਖਾਂ ਦਾ ਭਾਰਤ ਭਰ ਵਿਚ ਵਿਸ਼ੇਸ਼ ਯੋਗਦਾਨ ਹੈ। ਕੀ ਇਨ੍ਹਾਂ ਸਭ ਸਿੱਖਾਂ ਦਾ ਰਹਿਣ ਸਹਿਣ ਗੁਲਾਮੀ ਦੀ ਨਿਸ਼ਾਨੀ ਹੈ?
ਪੰਜਾਬ ਦੇ ਹਰ ਪਿੰਡ ਵਿਚ ਇੱਕ ਜਾਂ ਇੱਕ ਤੋਂ ਵੱਧ ਗੁਰਦੁਆਰੇ ਹਨ। ਧਾਰਮਿਕ ਦਿਨਾਂ ਉੱਤੇ ਨਗਰ ਕੀਰਤਨ ਕੱਢਣ, ਪਿੰਡ-ਸ਼ਹਿਰ, ਸੜਕਾਂ ‘ਤੇ ਲੰਗਰ ਲਾਉਣ, ਸ਼ਬਦ ਕੀਰਤਨ ਕਰਨ ਤੋਂ ਕਦੇ ਕਿਸੇ ਨਹੀਂ ਰੋਕਿਆ। ਕਿਸੇ ਵੀ ਸੜਕ, ਪਾਰਕ, ਖੁੱਲ੍ਹੀ ਥਾਂ ‘ਤੇ ਪੰਡਾਲ ਬਣਾ ਕੇ ਧਾਰਮਿਕ ਸਮਾਗਮ ਕਰਨ ਤੋਂ ਕੋਈ ਨਹੀਂ ਰੋਕਦਾ ਸਗੋਂ ਸਿੱਖ ਧਾਰਮਿਕ ਸਮਾਗਮਾਂ ਵਿਚ ਹਰ ਥਾਂ ਭਾਰੂ ਹੁੰਦੇ ਹਨ। ਫਿਰ ਸਿੱਖ ਗੁਲਾਮ ਕਿਵੇਂ ਹੋਏ? ਸਰਕਾਰੀ ਮੁਲਾਜ਼ਮਾਂ ਵਿਚ ਛੋਟੇ ਮੁਲਾਜ਼ਮ ਤੋਂ ਲੈ ਕੇ ਉੱਚ ਅਫਸਰ ਤੱਕ ਸਰਕਾਰੀ ਸੇਵਾ ਨਿਯਮਾਂ ਵਿਚ ਕਿਤੇ ਵੀ ਸਿੱਖਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਕੋਈ ਮਿਸਾਲ ਨਹੀਂ ਮਿਲਦੀ। 1947 ਤੋਂ ਬਾਅਦ ਰਾਜ ਕਰ ਰਹੀ ਰਾਜਨੀਤਕ ਮਸ਼ੀਨਰੀ, ਵੱਖ ਵੱਖ ਵਿਭਾਗਾਂ ਵਿਚ ਅਫਸਰਾਂ ਤੇ ਮੁਲਾਜ਼ਮਾਂ ਵਿਚ, ਧਾਰਮਿਕ ਖੇਤਰ ਵਿਚ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਤਾਂ ਸਿੱਖ ਗੁਲਾਮ ਕਿਵੇਂ ਹੋਏ? ਸਿੱਖਾਂ ਨੂੰ ਗ਼ਲਾਮ ਕਹਿਣ ਵਾਲੇ ਸੱਜਣਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੀ ਗੁਲਾਮੀ ਦੀ ਗੱਲ ਕਰਦੇ ਹਨ ਅਤੇ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਹਨ।
ਸਿੱਖਾਂ ਨੂੰ ਗ਼ੁਲਾਮ ਕਹਿਣ ਵਾਲੇ ਸੱਜਣਾਂ ਦੀਆਂ ਤਕਰੀਰਾਂ ਵਿਚ ਇਹ ਗੱਲ ਝਲਕਦੀ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜਾਇਜ਼ ਨਾਜਾਇਜ਼ ਅਸਲਾ ਰੱਖਣ ਦੀ ਖੁੱਲ੍ਹ ਹੋਵੇ। ਉਹ ਭਾਵੇਂ ਇੱਕ ਫਿਰਕੇ ਦੇ ਲੋਕਾਂ ਨੂੰ ਕਤਲ ਕਰਨ ਭਾਵੇਂ ਆਪਣੇ ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਉਣ ਉਨ੍ਹਾਂ ਨੂੰ ਕੋਈ ਪੁੱਛੇ ਨਾ। ਉਹ ਜਿਸ ਥਾਂ ‘ਤੇ ਦਿਲ ਕਰੇ ਕਬਜ਼ਾ ਕਰ ਲੈਣ, ਕਿਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ, ਉਹ ਲੋਕਾਂ ਨੂੰ ਹੁਕਮ ਕਰਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਜ਼ਾਦੀ ਹੋਵੇ ਕਿ ਉਹ ਜਿਸ ਗੁਰਦੁਆਰੇ ‘ਤੇ ਚਾਹੁੰਦੇ ਹਨ ਕਬਜ਼ਾ ਕਰ ਲੈਣ ਜਾਂ ਬਜ਼ੁਰਗਾਂ ਦੇ ਬੈਠਣ ਲਈ ਰੱਖਿਆ ਗੁਰਦੁਆਰੇ ਦਾ ਫਰਨੀਚਰ ਬਾਹਰ ਕੱਢ ਕੇ ਅੱਗ ਲਾ ਸਕਣ। ਉਹ ਜਿਸ ਵਿਅਕਤੀ ਨੂੰ ਚਾਹੁਣ ਸੋਧਾ ਲਾਉਣ ਦੇ ਨਾਂ ‘ਤੇ ਮਾਰ ਕੁੱਟ ਸਕਣ। ਉਹ ਇਹ ਆਜ਼ਾਦੀ ਵੀ ਚਾਹੁੰਦੇ ਹਨ ਕਿ ਉਹ ਕਾਰਖਾਨੇਦਾਰਾਂ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਹੋਰ ਸਰਦੇ ਪੁੱਜਦੇ ਲੋਕਾਂ ਤੋਂ ਜਬਰੀ ਪੈਸੇ ਇਕੱਠੇ ਕਰ ਸਕਣ। ਇਨ੍ਹਾਂ ਦੇ ਅਖੌਤੀ ਸਿੱਖ ਚਿੰਤਕ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁੱਲ੍ਹ ਹੋਵੇ ਕਿ ਉਹ ਰੇਲ ਗੱਡੀ ਜਾਂ ਬਾਜ਼ਾਰ ਵਿਚ ਬੰਬ ਬਲਾਸਟ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਮਾਰ ਸਕਣ ਅਤੇ ਉਨ੍ਹਾਂ ਵੱਲੋਂ ਪੈਦਾ ਕੀਤੀ ਦਹਿਸ਼ਤ ਬਾਰੇ ਉਨ੍ਹਾਂ ਨੂੰ ਕੋਈ ਪੁੱਛੇ ਨਾ। ਜਾਪਦਾ ਹੈ ਕਿ ਉਹ 80ਵੇਂ ਦਹਾਕੇ ਵਾਲੀ ਕਾਰਜ-ਸ਼ੈਲੀ ਮੁੜ ਦੁਹਰਾਉਣਾ ਚਾਹੁੰਦੇ ਹਨ ਅਤੇ ਇਸ ਕਾਰਜ ਸ਼ੈਲੀ ਰਾਹੀਂ ਅਸਲ ਵਿਚ ਇਹ ਸਿੱਖਾਂ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਹਨ।
ਸਿੱਖ ਗੁਲਾਮ ਹੋਣ ਦੀਆਂ ਗੱਲਾਂ ਕਰਨ ਵਾਲੇ ਸਿੱਖ ਚਿੰਤਕ, ਅੱਜ ਕੱਲ੍ਹ ਸਿੱਖ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਪੜ੍ਹਨ ਦਾ ਕੋਈ ਲਾਭ ਨਹੀਂ ਉਨ੍ਹਾਂ ਦੇ ਪੀਰ ਤਾਂ ਸ਼ਸ਼ਤਰ ਹਨ। ਉਹ ਸ਼ਬਦ ਗੁਰੂ, ਗਿਆਨ ਗੁਰੂ ਭੁੁੱਲ ਚੁੱਕੇ ਹਨ। ਪਾਠਕ ਸਮਝ ਸਕਦੇ ਹਨ ਕਿ ਪੜ੍ਹਾਈ ਛੱਡ ਕੇ ਸ਼ਸ਼ਤਰ ਚੁੱਕਣ ਦਾ ਸੰਦੇਸ਼ ਸਿੱਖ ਨੌਜਵਾਨਾਂ ਨੂੰ ਕਿਸ ਪਾਸੇ ਲੈ ਜਾਵੇਗਾ। ਪੜ੍ਹਾਈ ਵਿਚ ਮਿਹਨਤ ਕਰ ਕੇ ਹੀ ਨੌਜੁਆਨ ਚੰਗੀ ਪੁਜ਼ੀਸ਼ਨ ‘ਤੇ ਪਹੁੰਚ ਸਕਦੇ ਹਨ ਅਤੇ ਜਿਨ੍ਹਾਂ ਨੌਜਵਾਨਾਂ ਨੇ ਮਿਹਨਤ ਕੀਤੀ ਹੈ ਉਹ ਚੰਗੀਆਂ ਪੁਜ਼ੀਸ਼ਨਾਂ ‘ਤੇ ਪਹੁੰਚੇ ਵੀ ਹਨ। ਜਾਪਦਾ ਹੈ ਇਹ ਅਖੌਤੀ ਸਿੱਖ ਚਿੰਤਕ ਖੁਦ ਹੀ ਮਾਨਸਿਕ ਗੁਲਾਮੀ ਵਿਚ ਹਨ। ਮੇਰਾ ਵਿਚਾਰ ਹੈ ਕਿ ਗੁਲਾਮੀ-ਗ਼ੁਲਾਮੀ ਦਾ ਸਿਧਾਂਤ ਪੇਸ਼ ਕਰਨ ਵਾਲੇ ਸੱਜਣਾਂ ਨੂੰ ਇਸ ਸਿਧਾਂਤ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਭਾਰਤ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਕੇਂਦਰ ਵਿਚ ਬਣੀਆਂ ਸਰਕਾਰਾਂ ਨੇ ਪੰਜਾਬ ਨਾਲ ਵਿਤਕਰੇ ਕੀਤੇ ਹਨ ਅਤੇ ਲੰਮੇ ਸਮੇਂ ਤੋਂ ਪੰਜਾਬ ਦੇ ਲਟਕ ਰਹੇ ਮਸਲੇ ਹੱਲ ਨਹੀਂ ਕੀਤੇ। ਕੇਂਦਰ ਵਿਚ ਜਿਸ ਪਾਰਟੀ ਦੀ ਸਰਕਾਰ ਵੀ ਆਈ ਹੈ ਉਹ ਪੰਜਾਬ ਸਮੇਤ ਦੂਜੀਆਂ ਪਾਰਟੀਆਂ ਦੀਆਂ ਰਾਜ ਸਰਕਾਰਾਂ ਨਾਲ ਵਿਤਕਰਾ ਕਰਦੀ ਰਹੀ ਹੈ। ਇਹ ਵਿਤਕਰਾ ਕਾਂਗਰਸ ਵੀ ਕਰਦੀ ਰਹੀ ਹੈ ਤੇ ਹੁਣ ਭਾਜਪਾ ਵੀ ਕਰ ਰਹੀ ਹੈ। ਪੰਜਾਬ ਦੇ ਕਾਂਗਰਸੀ, ਅਕਾਲੀ ਅਤੇ ਭਾਜਪਾ ਦੇ ਲੀਡਰ ਜਦ ਆਪਣੀ ਪਾਰਟੀ ਦੀ ਕੇਂਦਰ ਵਿਚ ਸਰਕਾਰ ਹੁੰਦੀ ਹੈ ਤਾਂ ਪੰਜਾਬ ਦੇ ਮਸਲਿਆਂ ਬਾਰੇ ਚੁੱਪ ਰਹਿੰਦੇ ਹਨ। ਪ੍ਰੰਤੂ ਜਦ ਉਹ ਪੰਜਾਬ ਵਿਚ ਜਾਂ ਕੇਂਦਰ ਵਿਚ ਚੋਣ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਮੁੱਦੇ ਯਾਦ ਆ ਜਾਂਦੇ ਹਨ। ਅੱਜ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਿਚ ਸਰਕਾਰ ਹੈ ਜਿਸ ਕਰਕੇ ਪੰਜਾਬ ਦੇ ਭਾਜਪਾ ਲੀਡਰ ਕੇਂਦਰ ਸਰਕਾਰ ਕੋਲ ਪੰਜਾਬ ਦੇ ਮੁੱਦੇ ਉਠਾਉਣ ਤੋਂ ਚੁੱਪ ਹਨ। ਇੰਜ ਹੀ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਉਹ ਫਿਰ ਭਾਜਪਾ ਨਾਲ ਗੱਠਜੋੜ ਕਰੇਗਾ, ਜਿਸ ਕਰਕੇ ਉਹ ਭਾਜਪਾ ਵਿਰੁੱਧ ਬੋਲਣ ਤੋਂ ਗੁਰੇਜ਼ ਕਰ ਰਿਹਾ ਹੈ। ਇਹ ਸਿਰੇ ਦੀ ਮੌਕਾਪ੍ਰਸਤੀ ਹੈ ਜਿਸ ਦਾ ਪੰਜਾਬ ਸੰਤਾਪ ਭੁਗਤ ਰਿਹਾ ਹੈ ਅਤੇ ਅਗਾਂਹ ਵੀ ਭੁਗਤੇਗਾ।
ਜੇਕਰ ਪੰਜਾਬ ਨਾਲ ਕੇਂਦਰ ਸਰਕਾਰ ਵਿਤਕਰਾ ਕਰਦੀ ਹੈ ਤਾਂ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਹੈ ਇਕੱਲੇ ਸਿੱਖਾਂ ਦਾ ਨਹੀਂ। ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਦੇਸ਼ ਦੇ ਕਾਨੂੰਨੀ ਦਾਇਰੇ ਵਿਚ ਰਹਿੰਦੇ ਹੋਏ ਸੰਘਰਸ਼ ਕਰਨ ਦੀ ਲੋੜ ਹੈ। ਕਾਨੂੰਨੀ ਦਾਇਰੇ ਵਿਚ ਰਹਿਣਾ ਗੁਲਾਮੀ ਨਹੀਂ ਹੁੰਦੀ। ਜਿਹੜੇ ਸਿੱਖ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟ੍ਰੇਲੀਆ ਜਾਂ ਹੋਰ ਮੁਲਕਾਂ ਵਿਚ ਰਹਿ ਰਹੇ ਹਨ, ਉਹ ਉਥੋਂ ਦੇ ਕਾਨੂੰਨ ਅਧੀਨ ਹਨ ਜਿਸ ਕਰਕੇ ਉਨ੍ਹਾਂ ਨੂੰ ਗੁਲਾਮ ਕਹਿਣਾ ਉਚਿਤ ਨਹੀਂ। ਇਸੇ ਤਰ੍ਹਾਂ ਭਾਰਤ ਵਿਚ ਆਜ਼ਾਦ ਅਤੇ ਸ਼ਾਂਤੀਪੂਰਨ ਰਹਿ ਰਹੇ ਸਿੱਖਾਂ ਨੂੰ ਗੁਲਾਮ ਕਹਿਣਾ ਤਰਕ ਰਹਿਤ ਅਤੇ ਹਾਸੋਹੀਣਾ ਵਿਚਾਰ ਹੈ, ਜਿਸ ਦਾ ਕੋਈ ਲਾਭ ਨਹੀਂ ਹੈ। ਲੋਕਾਂ ਨੂੰ ਇਸ ਪ੍ਰਚਾਰ ਪਿੱਛੇ ਲੁਕੇ ਮਨਸੂਬੇ ਤੋਂ ਚੌਕਸ ਰਹਿਣ ਦੀ ਲੋੜ ਹੈ।