ਜਿੱਥੇ ਨਿੱਤ ਦਿਨ ਦੇਸ਼ਭਗਤੀ ਦਾ ਇਮਤਿਹਾਨ ਦੇਣਾ ਪੈਂਦਾ…

ਰਾਣਾ ਅਯੂਬ ਦੀ ਪ੍ਰੈੱਸ ਫਰੀਡਮ ਸਨਮਾਨ ਲੈਣ ਸਮੇਂ ਤਕਰੀਰ
ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਚਰਚਿਤ ਕਿਤਾਬ ‘ਗੁਜਰਾਤ ਫਾਈਲਾਂ’ ਦੀ ਲੇਖਕਾ ਰਾਣਾ ਅਯੂਬ ਦਲੇਰ ਪੱਤਰਕਾਰੀ ਲਈ ਜਾਣੀ ਜਾਂਦੀ ਹੈ। ਉਸ ਨੇ ਆਪਣੀ ਨਿਧੜਕ ਖੋਜ ਰਾਹੀਂ ਗੁਜਰਾਤ ਕਤਲੇਆਮ-2002 ‘ਚ ਮੋਦੀ ਸਰਕਾਰ ਦੀ ਮਿਲੀਭੁਗਤ ਅਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਸਮੇਤ ਭਾਰਤ ਦੇ ਰਾਜਤੰਤਰ ਵੱਲੋਂ ਇਸ ਗਿਣੀ-ਮਿਥੀ ਨਸਲਕੁਸ਼ੀ ਉੱਪਰ ਪਰਦਾਪੋਸ਼ੀ ਕਰਨ ਦੀ ਸਾਜ਼ਿਸ਼ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਖ਼ੁਲਾਸੇ ਕੀਤੇ।

ਰਾਣਾ ਅਯੂਬ ਨੂੰ ਇਸ ਨਿਧੜਕ ਪੱਤਰਕਾਰੀ ਦਾ ਬਹੁਤ ਵੱਡਾ ਮੁੱਲ ਤਾਰਨਾ ਪੈ ਰਿਹਾ ਹੈ। ਭਗਵਾ ਆਈ.ਟੀ. ਸੈੱਲ ਦਿਨ-ਰਾਤ ਉਸ ਦੀ ਕਿਰਦਾਰਕੁਸ਼ੀ ‘ਚ ਲੱਗਿਆ ਹੋਇਆ ਹੈ ਅਤੇ ਮੋਦੀ ਵਜ਼ਾਰਤ ਦੇ ਇਸ਼ਾਰੇ ‘ਤੇ ਈ.ਡੀ. ਨੇ ਉਸ ਵਿਰੁੱਧ ਸਹਾਇਤਾ ਫੰਡਾਂ ‘ਚ ਹੇਰਾਫੇਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ ਪਰ ਦੁਨੀਆ ਭਰ ਦੀਆਂ ਨਿਆਂਪਸੰਦ ਅਤੇ ਖ਼ਰੀ ਪੱਤਰਕਾਰੀ ਦੀਆਂ ਮੁਦਈ ਤਾਕਤਾਂ ਰਾਣਾ ਅਯੂਬ ਨਾਲ ਚਟਾਨ ਵਾਂਗ ਖੜ੍ਹੀਆਂ ਹਨ। ਭਾਰਤੀ ਸਟੇਟ ਵੱਲੋਂ ਉਸ ਨੂੰ ਡਰਾ ਕੇ ਚੁੱਪ ਕਰਾਉਣ ਦੀਆਂ ਘਿਨਾਉਣੀਆਂ ਚਾਲਾਂ ਦਾ ਵਿਰੋਧ ਕਰਨ ਦੇ ਨਾਲ-ਨਾਲ ਪੱਤਰਕਾਰ ਦੀ ਆਜ਼ਾਦੀ ਦੇ ਹੱਕ ‘ਚ ਡੱਟਣ ਵਾਲੀਆਂ ਤਾਕਤਾਂ ਉਸ ਦਾ ਸਨਮਾਨ ਕਰ ਕੇ ਉਸ ਦੀ ਹੌਸਲਾ ਅਫ਼ਜਾਈ ਕਰ ਰਹੀਆਂ ਹਨ। ਹੁਣੇ ਜਿਹੇ ਉਸ ਨੂੰ ਅਮਰੀਕਾ ਵਿਚ ਨੈਸ਼ਨਲ ਪ੍ਰੈੱਸ ਕਲੱਬ ਨੇ ਪ੍ਰੈੱਸ ਦੀ ਆਜ਼ਾਦੀ ਦੇ ਸਰਵਉੱਚ ਐਵਾਰਡ ਨਾਲ ਸਨਮਾਨਿਆ ਹੈ।
ਨੈਸ਼ਨਲ ਪ੍ਰੈਸ ਕਲੱਬ ਦੀ ਪ੍ਰਧਾਨ ਜੇਨ ਜੁਡਸਨ ਨੇ ਰਾਣਾ ਅਯੂਬ ਦਾ ਤੁਆਰਫ਼ ਕਰਾਇਆ:
“ਖੋਜ ਕਾਰਜ ਵਿਚ ਰਾਣਾ ਦੀ ਦਲੇਰੀ ਅਤੇ ਉਸ ਦਾ ਹੁਨਰ ਉਸ ਦੇ ਵਿਲੱਖਣ ਕਰੀਅਰ ਤੋਂ ਪ੍ਰਤੱਖ ਹੈ ਅਤੇ ਸਰਕਾਰ ਦੀ ਆਲੋਚਨਾ ਬਦਲੇ ਉਸ ਦੇ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲੇ ਹੋਏ ਹਨ। ਇਸ ਸਾਲ ਭਾਰਤ ਵਿਚ ਪੱਤਰਕਾਰਾਂ ਦੀਆਂ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ ਦਾ ਰੁਝਾਨ ਤੇਜ਼ ਹੁੰਦਾ ਜਾਪਦਾ ਹੈ। ਰਾਣਾ ਤੂਫ਼ਾਨ ਦੇ ਕੇਂਦਰ ਵਿਚ ਖੜ੍ਹੀ ਹੈ ਅਤੇ ਨੈਸ਼ਨਲ ਪ੍ਰੈੱਸ ਕਲੱਬ ਉਸ ਦੇ ਨਾਲ ਖੜ੍ਹਾ ਹੈ। ਰਾਣਾ ਔਬਸ਼ੌਨ ਐਵਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਪੱਤਰਕਾਰ ਹੈ। ਰਾਣਾ ਦੀ ਚੋਣ ਕਰ ਕੇ ਕਲੱਬ ਉਸ ਦੇ ਕੇਸ ਉੱਪਰ ਨਜ਼ਰ ਰੱਖਣ ਅਤੇ ਉਸ ਦੀ ਹਮਾਇਤ ਕਰਨ ਅਤੇ ਉਸ ਦੀ ਆਪਣੇ ਕੰਮ ਨੂੰ ਪ੍ਰਕਾਸ਼ਿਤ ਕਰਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਸਮੇਤ ਉਸ ਦੀ ਖ਼ਾਤਰ ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਕਰਨ ਲਈ ਵਚਨਬੱਧ ਹੈ।
ਇਸ ਸਾਲ ਟਵਿੱਟਰ ਨੇ ਰਾਣਾ ਨੂੰ ਸੂਚਿਤ ਕੀਤਾ ਕਿ ਉਹ ਭਾਰਤ ਸਰਕਾਰ ਵੱਲੋਂ ਭਾਰਤ ਅੰਦਰ ਉਸ ਦੇ ਟਵੀਟ ਨੂੰ ਸੈਂਸਰ ਕੀਤੇ ਜਾਣ ਦੀ ਮੰਗ ਮੰਨ ਰਹੇ ਹਨ ਜੋ ਇਕ ਮਸਜਿਦ ਨੂੰ ਧਮਕੀਆਂ ਦੇਣ ਬਾਬਤ ਸੀ। ਟਵਿੱਟਰ ਨੇ 2000 ਦੇ ਦੂਰ-ਸੰਚਾਰ ਐਕਟ ਦਾ ਹਵਾਲਾ ਦਿੱਤਾ ਜੋ ਭਾਰਤ ਵਿਚ ਪ੍ਰਕਾਸ਼ਿਤ ਹੋਣ ਵਾਲੀ ਸਮੱਗਰੀ ਨੂੰ ਕੰਟਰੋਲ ਕਰਨ ਦਾ ਅਧਿਕਾਰ ਭਾਰਤ ਸਰਕਾਰ ਨੂੰ ਦਿੰਦਾ ਹੈ। ਪੇਸ਼ਗੀ ਰੋਕਾਂ ਦਾ ਇਹ ਰੂਪ ਲੋਕਤੰਤਰੀ ਪਰੰਪਰਾਵਾਂ ਵਾਲੇ ਮੁਲਕ ਭਾਰਤ ਲਈ ਨਾ-ਮੁਨਾਸਿਬ ਹੈ। ਪ੍ਰੈੱਸ ਕਲੱਬ ਨੇ ਟਵਿੱਟਰ ਨੂੰ ਉਸ ਦਾ ਅਕਾਊਂਟ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ। ਭਾਰਤ ਸਰਕਾਰ ਨੇ ਰਾਣਾ ਦੀ ਨਿੱਜੀ ਵਿੱਤੀ ਜਾਣਕਾਰੀ ਹਾਸਲ ਕਰਨ ਲਈ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਉਸ ਦੇ ਜ਼ਿਆਦਾਤਰ ਅਸਾਸੇ ਜ਼ਬਤ ਕਰ ਲਏ ਗਏ ਹਨ। ਉਸ ਨੂੰ ਔਨਲਾਈਨ ਅਤੇ ਵਿਅਕਤੀਗਤ ਤੌਰ ‘ਤੇ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਕਾਰਨ ਉਸ ਨੂੰ ਆਪਣਾ ਘਰ ਛੱਡਣਾ ਪਿਆ ਅਤੇ ਲੁਕ-ਛਿਪ ਕੇ ਰਹਿਣਾ ਪੈ ਰਿਹਾ ਹੈ।
ਇਸ ਸਾਲ ਦੇ ਸ਼ੁਰੂ ‘ਚ ਰਾਣਾ ਨੂੰ ਲੰਡਨ ਜਾਣ ਤੋਂ ਰੋਕ ਦਿੱਤਾ ਗਿਆ ਸੀ। ਉਸ ਦੀ ਯਾਤਰਾ ਉੱਪਰ ਥੋਪੀਆਂ ਪਾਬੰਦੀਆਂ ਹਟਾਉਣ ਲਈ ਉਸ ਦੇ ਵਕੀਲਾਂ ਨੂੰ ਕਾਫ਼ੀ ਭੱਜਦੌੜ ਕਰਨੀ ਪਈ। ਜਿਵੇਂ ਤੁਸੀਂ ਦੇਖ ਸਕਦੇ ਹੋ, ਉਹ ਇੱਥੇ ਸਰੋਤਿਆਂ ਦਰਮਿਆਨ ਮੌਜੂਦ ਹੈ, ਉਹ ਹੁਣ ਇੱਥੇ ਡੀ.ਸੀ. (ਵਾਸਿ਼ੰਗਟਨ) ਵਿਚ ਹੈ ਅਤੇ ਅਮਰੀਕਾ ਵਿਚ ਸ਼ਿਕਾਗੋ ਯੂਨੀਵਰਸਿਟੀ ਵਿਖੇ ਬਤੌਰ ਪ੍ਰਿਟਜ਼ਕਰ ਫੈਲੋ ਤਸ਼ਰੀਫ਼ ਲਿਆਈ ਹੈ।
ਭਾਰਤ ਵਿਚ ਪੱਤਰਕਾਰਾਂ ਵਿਰੁੱਧ ਹਿੰਸਾ ‘ਚ ਵਾਧਾ ਜਾਰੀ ਹੈ। ਰਿਪੋਰਟਰਜ਼ ਵਿਦਾਊਟ ਬਾਰਡਰਜ਼ ਅਨੁਸਾਰ ਪਿਛਲੇ 5 ਸਾਲਾਂ ‘ਚ ਭਾਰਤ ਵਿਚ 18 ਪੱਤਰਕਾਰਾਂ ਦਾ ਕਤਲ ਕੀਤਾ ਗਿਆ ਹੈ ਜਿਸ ਨਾਲ ਇਹ ਪੱਤਰਕਾਰਾਂ ਲਈ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚੋਂ ਇਕ ਬਣ ਗਿਆ ਹੈ। ਰਾਣਾ ਨੂੰ ਟਾਈਮ ਮੈਗਜ਼ੀਨ ਦੁਆਰਾ ਉਨ੍ਹਾਂ 10 ਆਲਮੀ ਪੱਤਰਕਾਰਾਂ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀਆਂ ਜਾਨਾਂ ਨੂੰ ਬੇਹੱਦ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਓ ਰਾਣਾ ਅਯੂਬ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੀਏ ਜਿਸ ਨੂੰ ਅਸੀਂ 2022 ਦਾ ਕੌਮਾਂਤਰੀ ਔਬੂਸ਼ੌਨ ਸਨਮਾਨ ਦੇ ਰਹੇ ਹਾਂ…।”

ਰਾਣਾ ਅਯੂਬ ਦਾ ਭਾਸ਼ਣ
ਮੇਰੇ ਖ਼ਿਆਲ ‘ਚ, ਪੱਤਰਕਾਰਾਂ ਨਾਲ ਖਚਾਖਚ ਭਰੇ ਹਾਲ ਵਿਚ ਬੋਲਣ ਲਈ ਇਹ ਮੇਰੇ ਵਾਸਤੇ ਮਹਿਫ਼ੂਜ਼ ਜਗ੍ਹਾ ਹੈ ਜੋ ਮੇਰੀ ਗੱਲ ਨੂੰ ਸਮਝਣਗੇ ਅਤੇ ਮੇਰੇ ਉੱਪਰ ਦੇਸ਼ਧ੍ਰੋਹ ਜਾਂ ਰਾਸ਼ਟਰ ਵਿਰੁੱਧ ਜੰਗ ਦਾ ਇਲਜ਼ਾਮ ਲਗਾਉਣ ਲਈ ਮੇਰੇ ਸ਼ਬਦਾਂ ਵਿਚੋਂ ਸ਼ਬਦ ਨਹੀਂ ਕੱਢਣਗੇ। ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਨਮਾਨ ਦੇਣ ਲਈ ਨੈਸ਼ਨਲ ਪ੍ਰੈੱਸ ਕਲੱਬ ਦਾ, ਜੇਨ ਦਾ, ਬਿਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਿਵੇਂ ਜੇਨ ਨੇ ਕਿਹਾ, ਜਿਸ ਦਿਨ ਉਨ੍ਹਾਂ ਨੇ ਇਹ ਦੱਸਣ ਲਈ ਫੋਨ ਕੀਤਾ ਕਿ ਇਸ ਸਾਲ ਦਾ ਔਬਸ਼ੌਨ ਸਨਮਾਨ ਮੈਨੂੰ ਦਿੱਤਾ ਜਾਣਾ ਹੈ, ਮੈਂ ਲੁਕ ਕੇ ਰਹਿ ਰਹੀ ਸੀ… ਕਿਉਂਕਿ ਮੇਰੇ ਨਾਲ ਕੰਮ ਕਰਨ ਵਾਲਾ, ਮੇਰਾ ਪੱਤਰਕਾਰ ਮਿੱਤਰ ਜੋ ਮੇਰੇ ਨਾਲ ਇਕ ਕੇਸ ਵਿਚ ਸਹਿ-ਦੋਸ਼ੀ ਹੈ ਤੇ ਟਵੀਟ ਲਈ ਸਲਾਖ਼ਾਂ ਪਿੱਛੇ ਬੰਦ ਸੀ। ਇਹ ਵਟੀਟ ਉਹਨੇ 4 ਸਾਲ ਪਹਿਲਾਂ ਲਿਖਿਆ ਸੀ। ਹੈ ਨਾ ਵਿਡੰਬਨਾ? ਨਸਲਕੁਸ਼ੀ ਦੀ ਅਗਵਾਈ ਕਰਨ ਵਾਲਿਆਂ ਨੂੰ ਤਾਂ ਸਨਮਾਨਿਤ ਕੀਤਾ ਜਾਂਦਾ ਹੈ ਪਰ ਸੱਤਾ ਨੂੰ ਸੱਚ ਸੁਣਾਉਣ ਵਾਲਿਆਂ ਨੂੰ ਨਜ਼ਰਾਂ ‘ਚ ਆਉਣ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਜਾਂਦੀ ਹੈ। ਇਹ ਉਸ ਸਮੇਂ ਨੂੰ ਦਰਸਾਉਂਦਾ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ।
ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਵਾਸ਼ਿੰਗਟਨ ਪੋਸਟ ਦੀ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਉਦੋਂ ਸਹਾਰਾ ਦਿੱਤਾ ਜਦੋਂ 2014 ‘ਚ (ਨਰਿੰਦਰ) ਮੋਦੀ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਭਾਰਤ ਵਿਚ ਪੱਤਰਕਾਰ ਅਤੇ ਚੋਟੀ ਦੇ ਸੰਪਾਦਕ ਜਿੱਥੇ ਮੈਂ ਕੰਮ ਕਰਦੀ ਸੀ ਤੇ ਜਿੱਥੇ ਮੈਂ ਉੱਚ ਅਹੁਦਿਆਂ ‘ਤੇ ਸੀ, ਮੇਰੇ ਨਾਲ ਇੰਝ ਪੇਸ਼ ਆਏ ਜਿਵੇਂ ਮੇਰੀ ਕੋਈ ਹੋਂਦ ਹੀ ਨਹੀਂ ਹੈ। ਇਸ ਲਈ, ਔਖੇ ਸਮੇਂ ‘ਚ ਮੇਰੇ ਨਾਲ ਖੜ੍ਹਨ ਲਈ ਵਾਸ਼ਿੰਗਟਨ ਪੋਸਟ ਦਾ ਸ਼ੁਕਰੀਆ।
ਮੈਂ ਇਹ ਪੁਰਸਕਾਰ ਅਜਿਹੀ ਸ਼ਖਸੀਅਤ ਨੂੰ ਸਮਰਪਿਤ ਕਰਨੀ ਚਾਹਾਂਗੀ ਜੋ ਸਾਡੇ ਦਰਮਿਆਨ ਨਹੀਂ ਹੈ, ਉਸ ਦਾ ਨਾਮ ਸ਼ਿਰੀਨ ਅਬੂ ਅਖਲੇਹ ਹੈ, ਉਹ ਪੱਤਰਕਾਰ ਜੋ ਮਾਰ ਦਿੱਤੀ ਗਈ ਸੀ (ਜ਼ੋਰਦਾਰ ਤਾੜੀਆਂ)। ਸ਼ਿਰੀਨ ਮਰਨੀ ਨਹੀਂ ਸੀ ਚਾਹੀਦੀ, ਉਸ ਦਾ ਕਤਲ ਨਹੀਂ ਸੀ ਹੋਣਾ ਚਾਹੀਦਾ, ਉਸ ਨੂੰ ਇੱਥੇ ਸਾਡੇ ਨਾਲ ਹੋਣਾ ਚਾਹੀਦਾ ਸੀ। ਜ਼ਿੰਦਗੀ ਭਰ, ਆਪਣੀ ਮੌਤ ਦੌਰਾਨ ਵੀ, ਸ਼ਿਰੀਨ ਨੇ ਮਨੁੱਖੀ ਅਧਿਕਾਰਾਂ ਬਾਰੇ ਦੁਨੀਆ ਦੇ ਪਾਖੰਡ ਅਤੇ ਦੋਹਰੇ ਮਿਆਰਾਂ ਦਾ ਪਰਦਾਫਾਸ਼ ਕੀਤਾ। ਇਹ ਉਹ ਸੱਚਾਈ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਸਵੀਕਾਰ ਕਰਨ ਤੇ ਸਮਝਣ ਦੀ ਜ਼ਰੂਰਤ ਹੈ ਅਤੇ ਇਸ ਵਕਤ ਇਹ ਪਹਿਲਾਂ ਨਾਲੋਂ ਕਿਤੇ ਵਧੇਰੇ ਜ਼ਰੂਰੀ ਹੈ। ਜਦੋਂ ਵੀ ਮੈਂ ਅਮਰੀਕਾ ਵਿਚ ਹੁੰਦੀ ਹਾਂ, ਲੋਕ ਭਾਰਤ ਦੀ ਗੱਲ ਕਰਦੇ ਹਨ। ਜਦੋਂ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਮੈਂ ਭਾਰਤ ਤੋਂ ਹਾਂ ਤਾਂ ਉਹ ਕਹਿੰਦੇ ਹਨ, “ਓਹ! ਤੁਸੀਂ ਆਯੁਰਵੇਦ, ਸਮਾਧੀ, ਯੋਗ ਦੀ ਧਰਤੀ ਤੋਂ ਹੋ”, (ਹਾਸਾ)… ਜੀ ਹਾਂ, ਬਿਲਕੁਲ! ਜੀ ਹਾਂ ਸਪੇਰਿਆਂ ਦੀ ਧਰਤੀ ਤੋਂ! ਮੈਂ 1.3 ਅਰਬ ਲੋਕਾਂ ਦੇ ਮੁਲਕ ਤੋਂ, 22 ਕਰੋੜ ਮੁਸਲਮਾਨ ਆਬਾਦੀ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਤੋਂ ਹਾਂ ਜਿੱਥੇ ਹੁਣ ਉਨ੍ਹਾਂ ਦੀ ਨਸਲਕੁਸ਼ੀ ਸਿਖ਼ਰ ‘ਤੇ ਹੈ। ਨਹੀਂ?
ਮੈਂ ਇੱਥੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਅਤੇ ਆਹਲਾ ਅਧਿਕਾਰੀਆਂ, ਅਮਰੀਕਾ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਨੂੰ ਮਿਲਦੀ ਹਾਂ। ਉਹ ਪੁੱਛਦੇ ਹਨ “ਰਾਣਾ, ਕੀ ਹੋ ਰਿਹਾ ਹੈ?” ਤੇ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ, “ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਕਿ ਕੀ ਹੋ ਰਿਹਾ ਹੈ।” ਫਿਰ ਮੈਨੂੰ ਦੱਸਿਆ ਜਾਂਦਾ ਹੈ, ਤੁਹਾਨੂੰ ਪਤੈ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਕੀ ਹੋ ਰਿਹਾ ਹੈ ਪਰ ਤੁਸੀਂ ਚੀਨ ਅਤੇ ਰੂਸ ਦੇ ਨਾਲ ਰਿਸ਼ਤੇ ਨੂੰ ਜਾਣਦੇ ਹੋ, ਮਨੁੱਖੀ ਅਧਿਕਾਰ ਪੈਣ ਢੱਠੇ ਖੂਹ ‘ਚ। ਪੱਤਰਕਾਰ ਪੈਣ ਢੱਠੇ ਖੂਹ ‘ਚ। ਕਿੰਨੀ ਵਿਡੰਬਨਾ ਹੈ! ਦੋ ਹਫ਼ਤੇ ਪਹਿਲਾਂ, ਯੂਐੱਸ ਸਟੇਟ ਡਿਪਾਰਟਮੈਂਟ ਨੂੰ ਐੱਮ.ਬੀ.ਐੱਸ. (ਸਾਊਦੀ ਅਰਬ ਦਾ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਜਿਸ ਨੇ ਪੱਤਰਕਾਰ ਜਮਾਲ ਖ਼ਾਸ਼ੋਗੀ ਦਾ ਕਤਲ ਕਰਵਾਇਆ, ਜਿਸ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪੱਤਰਕਾਰ ਦੀ ਮੰਗੇਤਰ ਵੱਲੋਂ ਕੀਤਾ ਮੁਕੱਦਮਾ ਵਾਸ਼ਿੰਗਟਨ ਦੇ ਫੈਡਰਲ ਜੱਜ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਸ ਨੂੰ ਕਾਰਵਾਈ ਤੋਂ ਛੋਟ ਦੇਣ ਦੇ ਫ਼ੈਸਲੇ ਕਾਰਨ ਉਸ ਅੱਗੇ ਮੁਕੱਦਮੇ ਨੂੰ ਖਾਰਜ ਕਰਨ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਹੈ -ਅਨੁਵਾਦਕ) ਨੂੰ ਦਿੱਤੀ ਗਈ ਛੋਟ ਬਾਰੇ ਸਵਾਲ ਕੀਤਾ ਗਿਆ ਜੋ ਅਮਰੀਕਾ ਦੀ ਯਾਤਰਾ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਇਸ ਦੇ ਜਵਾਬ ‘ਚ ਨਰਿੰਦਰ ਮੋਦੀ ਦੀ ਮਿਸਾਲ ਦਿੱਤੀ ਕਿ ਉਸ ਨੂੰ ਵੀ ਤਾਂ ਅਜਿਹੀ ਛੋਟ ਦਿੱਤੀ ਸੀ। ਸੋ, ਉਨ੍ਹਾਂ ਨੇ ਐੱਮ.ਬੀ.ਐੱਸ. ਦੀ ਤੁਲਨਾ ਨਰਿੰਦਰ ਮੋਦੀ ਨਾਲ ਕਰ ਕੇ ਇਕ ਤਰ੍ਹਾਂ ਨਾਲ ਮੇਰੇ ਵਾਲਾ ਕੰਮ ਹੀ ਕੀਤਾ। ਮੈਂ ਇਹੀ ਤਾਂ ਕਰ ਰਹੀ ਹਾਂ। ਮੈਂ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿਸ ਆਦਮੀ ਦੀ ਤਸਵੀਰ ਤੁਸੀਂ ਕੌਮਾਂਤਰੀ ਮੈਗਜ਼ੀਨਾਂ ਦੇ ਮੁੱਖ ਪੰਨੇ ‘ਤੇ ਲਾਉਂਦੇ ਹੋ, ਉਸ ਦੇ ਹੱਥ ਲਹੂ ਨਾਲ ਲਿੱਬੜੇ ਹੋਏ ਹਨ। ਅਜਿਹਾ ਆਦਮੀ ਹੈ ਉਹ! ਸੰਨ 2002 ਵਿਚ ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਦੋ ਦਿਨਾਂ ‘ਚ ਇਕ ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਅਸੀਂ ਕਦੇ ਮਜ਼ਾਕ ‘ਚ ਵੀ ਇਹ ਨਹੀਂ ਸੀ ਸੋਚਿਆ ਕਿ ਇਹ ਆਦਮੀ ਪ੍ਰਧਾਨ ਮੰਤਰੀ ਬਣ ਜਾਵੇਗਾ। ਇੱਥੋਂ ਤੱਕ ਕਿ ਅਮਰੀਕਾ ਨੇ ਉਸ ਨੂੰ ਅਮਰੀਕਾ ਅੰਦਰ ਵੜਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਅਤੇ ਹੁਣ ਤੁਸੀਂ ਦੇਖ ਲਓ, ਉਸ ਨੂੰ ਹੁਣ ਜੀ-20 ਦੀ ਪ੍ਰਧਾਨਗੀ ਸੌਂਪੀ ਗਈ ਹੈ।
ਇਹ ਭਾਸ਼ਣ ਸੁਣ ਕੇ ਮੇਰਾ ਮੁਲਕ ਮੈਨੂੰ ਕਹੇਗਾ ਕਿ ਮੈਂ ਦੇਸ਼ਭਗਤ ਨਹੀਂ ਹਾਂ। ਮੇਰਾ ਮੰਨਣਾ ਹੈ ਕਿ ਮੈਂ ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਭਾਰਤ ਨੂੰ ਜ਼ਿਆਦਾ ਪਿਆਰ ਕਰਦੀ ਹਾਂ। ਮੈਂ ਆਪਣੇ ਮੁਲਕ ਨੂੰ ਪਿਆਰ ਕਰਦੀ ਹਾਂ, ਇਸੇ ਲਈ ਮੈਂ ਸਾਰਾ ਕੁਝ ਖ਼ਤਰੇ ‘ਚ ਪਾ ਕੇ ਇੱਥੇ ਆਪਣੀ ਗੱਲ ਕਹਿ ਰਹੀ ਹਾਂ, ਕਿਉਂਕਿ ਇਹ ਸੰਭਵ ਹੈ ਕਿ ਇਹ ਭਾਰਤ ਤੋਂ ਬਾਹਰ ਮੇਰੀ ਆਖ਼ਰੀ ਯਾਤਰਾ ਹੋਵੇ। ਇਕ ਹਫ਼ਤੇ ‘ਚ ਮੈਨੂੰ ਆਪਣੀ ਹੋਣੀ ਦਾ ਪਤਾ ਲੱਗ ਜਾਵੇਗਾ, ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਗ਼ੈਰ-ਜ਼ਮਾਨਤੀ ਤਾਂ ਨਹੀਂ ਕੱਢੇ ਮਤਲਬ ਹੈ ਕਿ ਇਸ ਤੋਂ ਬਾਅਦ ਮੈਂ ਭਾਰਤ ਤੋਂ ਬਾਹਰ ਨਹੀਂ ਜਾ ਸਕਦੀ। ਮੈਂ ਤੁਹਾਨੂੰ ਸੰਖੇਪ ‘ਚ ਭਾਰਤ ਦੀ ਕਹਾਣੀ ਦੱਸਣ ਲਈ ਇਹ ਮੌਕਾ ਵਰਤ ਰਹੀ ਹਾਂ, ਮੇਰਾ ਮਤਲਬ ਹੈ ਕਿ ਇਹ ਵੱਡੀ ਕਹਾਣੀ ਹੈ। ਸੰਖੇਪ ਵਿਚ, ਇਸ ਲਈ ਜਦੋਂ ਮੈਂ ਇੱਥੋਂ ਵਿਦਾ ਹੋ ਜਾਵਾਂਗੀ… (ਵਿਰਾਮ)… ਤਾਂ ਮੈਂ ਜਾਣਦੀ ਹਾਂ ਕਿ ਤੁਹਾਡੇ ਵਿਚੋਂ ਕੁਝ ਇਹ ਕਹਾਣੀ ਸੁਣਾਉਣਗੇ ਜੋ ਦੁਨੀਆ ਨੂੰ ਤੁਰੰਤ ਸੁਣਾਉਣ ਦੀ ਲੋੜ ਹੈ। ਇਹ ਸਿਰਫ਼ ਮੁਸਲਿਮ ਘੱਟ-ਗਿਣਤੀ ਉੱਪਰ ਜ਼ੁਲਮਾਂ ਦੀ ਕਹਾਣੀ ਨਹੀਂ ਹੈ, ਇਹ ਭਾਰਤ ਦੀ ਕਹਾਣੀ ਹੈ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜੋ ਫਾਸ਼ੀਵਾਦ ਦਾ ਰਾਜ ਬਣਦਾ ਜਾ ਰਿਹਾ ਹੈ। ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਸ਼ਖ਼ਸ ਹੈ, ਬਦਕਿਸਮਤੀ ਨਾਲ ਅਤੇ ਖੁਸ਼ਕਿਸਮਤੀ ਨਾਲ ਜਿਸ ਨੂੰ ਮੈਂ ਆਪਣੀ ਛਾਣਬੀਣ ਰਾਹੀਂ, ਉਸ ਦੀਆਂ ਫ਼ੋਨ ਕਾਲਾਂ ਦਾ ਰਿਕਾਰਡ ਛਪਵਾ ਕੇ 2010 ‘ਚ ਜੇਲ੍ਹ ਦੀਆਂ ਸੀਖ਼ਾਂ ਪਿੱਛੇ ਬੰਦ ਕਰਵਾਇਆ ਸੀ। ਮੈਂ 25 ਕੁ ਸਾਲ ਦੀ ਸੀ ਅਤੇ ਫਿਰ ਮੈਂ ਆਪਣੇ ਸਰੀਰ ‘ਤੇ 8 ਖੁਫ਼ੀਆ ਕੈਮਰੇ ਲਗਾ ਕੇ ਅਮਰੀਕਨ ਫਿਲਮ ਇੰਸਟੀਚਿਊਟ ਕੰਜ਼ਰਵੇਟਰੀ ਲਈ ਕਰਨ ਵਾਲੀ ਇਕ ਹਿੰਦੂ ਰਾਸ਼ਟਰਵਾਦੀ ਕੁੜੀ ਬਣ ਕੇ ਖੋਜ ‘ਚ ਜੁਟ ਗਈ। ਮੈਂ ਭੇਸ ਵਟਾਇਆ ਹੋਇਆ ਸੀ ਅਤੇ ਮੈਂ ਖ਼ੁਦ ਮੋਦੀ ਸਮੇਤ ਉਸ ਦੀ ਸਰਕਾਰ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਮਿਲੀ, ਤੇ ਉਸ ਜਾਂਚ ਦੀ ਹੱਤਿਆ ਕਰ ਦਿੱਤੀ ਗਈ… ਭਾਰਤ ਦੇ ਲੱਗਭੱਗ ਹਰ ਪ੍ਰਕਾਸ਼ਕ ਅਤੇ ਸੰਪਾਦਕ ਨੂੰ ਮਿਲਣ ਤੋਂ ਬਾਅਦ (ਲੰਮਾ ਵਿਰਾਮ)… ਜਿਨ੍ਹਾਂ ਨੇ ਕਿਹਾ- ਰਾਣਾ, “ਇਹ ਲੀਹ ਤੋਂ ਹਟਵਾਂ ਕੰਮ ਹੈ। ਇਹ ਵਾਟਰਗੇਟ ਸਕੈਂਡਲ ਵਰਗਾ ਹੈ।” ਮੈਂ ਕਿਹਾ, “ਠੀਕ ਹੈ! ਤੁਹਾਨੂੰ ਇਸ ਨੂੰ ਛਾਪਣਾ ਚਾਹੀਦਾ ਹੈ।” “ਅਸੀਂ ਛਾਪ ਸਕਦੇ ਹਾਂ ਪਰ ਤੂੰ ਜਾਣਦੀ ਏਂ, ਇਹ ਚੀਜ਼ਾਂ ਕਿੰਨੀਆਂ ਮੁਸ਼ਕਿਲ ਹਨ।”
ਤੇ ਮੈਂ ਇਹ ਗੱਲ ਸਮਝਦੀ ਹਾਂ। ਭਾਰਤ ਵਿਚ ਹੁਣ ਸਾਡੇ ਕੋਲ ਸੁਤੰਤਰ ਪ੍ਰੈੱਸ ਨਹੀਂ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਿਛਲੇ 8 ਸਾਲਾਂ ਵਿਚ ਇਕ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ। ਭਾਰਤ ਦੇ ਗ੍ਰਹਿ ਮੰਤਰੀ ਜੋ ਸਭ ਤੋਂ ਤਾਕਤਵਰ ਹੈ, ਨੇ ਹਾਲ ਹੀ ਵਿਚ ਕਿਹਾ ਹੈ ਕਿ 2002 ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਨਾਲ ਮੋਦੀ ਨੇ ਦੇਸ਼ ਵਿਰੋਧੀਆਂ ਨੂੰ ਸਬਕ ਸਿਖਾਇਆ ਸੀ! ਕੀ ਦੁਨੀਆ ਨੂੰ ਨਾਰਾਜ਼ਗੀ ਜ਼ਾਹਿਰ ਨਹੀਂ ਕਰਨੀ ਚਾਹੀਦੀ? ਮੈਂ ਹਮੇਸ਼ਾ ਇਹ ਸੋਚ ਕੇ ਹੈਰਾਨ ਹੁੰਦੀ ਹਾਂ ਕਿ ਨਾਰਾਜ਼ਗੀ ਜ਼ਾਹਿਰ ਕਰਨ ਲਈ ਦੁਨੀਆ ਕੀ ਉਡੀਕ ਰਹੀ ਹੈ। ਜਦੋਂ ਮੈਂ ਅਮਰੀਕਾ ਆਉਂਦੀ ਹਾਂ, ਜਦੋਂ ਮੈਂ ਦੁਨੀਆ ਘੁੰਮ ਰਹੀ ਹਾਂ ਤਾਂ ਦੁਨੀਆ ਉਸ ਨੂੰ ਸਮਝਣ ਲਈ ਕੀ ਉਡੀਕ ਰਹੀ ਹੋਵੇਗੀ ਜਿਸ ਨੂੰ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਗਾਂਧੀ ਦਾ ਮੁਲਕ ਸਮਝਦੇ ਹਾਂ। ਪਰ ਇਸ ਸਮੇਂ ਤਾਂ ਉਸ ਦੇ ਕਾਤਲ, ਗਾਂਧੀ ਦੇ ਕਾਤਲ ਨੂੰ ਪੂਜਿਆ ਜਾ ਰਿਹਾ ਹੈ! ਲੋਕ ਉਸ ਦਾ ਬੁੱਤ ਲਗਾਉਣਾ ਚਾਹੁੰਦੇ ਹਨ। ਸਾਡੇ ਉੱਥੇ ਐਸਾ ਪ੍ਰਧਾਨ ਮੰਤਰੀ ਹੈ ਜੋ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਦਾ ਰਹਿੰਦਾ ਹੈ। ਇੱਥੇ ਤੁਸੀਂ ਸਾਰੇ ਗਊ ਮਾਸ ਖਾਂਦੇ ਹੋ… (ਦਰਸ਼ਕਾਂ ਨੂੰ ਸੰਬੋਧਤ ਹੁੰਦੇ ਹੋਏ), ਤਲਿਆ ਹੋਇਆ ਗਊ ਮਾਸ! ਭਾਰਤ ਵਿਚ ਤੁਹਾਨੂੰ ਗਊ ਮਾਸ ਖਾਣ ‘ਤੇ ਮਾਰਿਆ ਜਾ ਸਕਦਾ ਹੈ, ਖ਼ਾਸਕਰ ਜੇਕਰ ਤੁਸੀਂ ਮੁਸਲਮਾਨ ਹੋ। ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਦੌਰਾਨ ਕਥਿਤ ਤੌਰ ‘ਤੇ ਗਊ ਮਾਸ ਖਾਣ ਕਾਰਨ ਕਿੰਨੀ ਗਿਣਤੀ ‘ਚ ਮੁਸਲਮਾਨਾਂ ਨੂੰ ਮਾਰਿਆ ਗਿਆ ਹੈ! ਤੇ ਇਹ ਸਿਰਫ਼ ਉਨ੍ਹਾਂ ‘ਚੋਂ ਇਕ ਚੀਜ਼ ਹੈ ਜੋ ਭਾਰਤ ਦੀ ਮੁਸਲਿਮ ਘੱਟ-ਗਿਣਤੀ ਉੱਪਰ ਥੋਪੀਆਂ ਗਈਆਂ ਹਨ।
ਮੇਰੇ ਉੱਪਰ ਐਨਾ ਹਮਲਾ ਕਿਉਂ ਕੀਤਾ ਗਿਆ ਹੈ? ਕਿਉਂਕਿ ਬਦਕਿਸਮਤੀ ਨਾਲ ਤੇ ਖੁਸ਼ਕਿਸਮਤੀ ਨਾਲ, ਮੈਂ ਵੀ ਮੁਸਲਮਾਨ ਹਾਂ ਅਤੇ ਔਰਤ ਹਾਂ। ਮੈਂ ਬੋਲਣ ਦੀ ਹਿੰਮਤ ਕਿਵੇਂ ਕੀਤੀ? ਮੈਂ ਉਸ ਮੁਲਕ ਵਿਚ ਬੋਲਣ ਦੀ ਹਿੰਮਤ ਕਿਵੇਂ ਕਰਦੀ ਹਾਂ ਜਿੱਥੇ ਮੈਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਹੈ? ਮੈਂ ਐਸੇ ਮੁਲਕ ਵਿਚ ਬੋਲਣ ਦੀ ਹਿੰਮਤ ਕਿਵੇਂ ਕਰਦੀ ਹਾਂ ਜਦੋਂ ਮੈਂ ਮੁਲਕ ਦੀ ਦੂਜੇ ਦਰਜੇ ਦੀ ਨਾਗਰਿਕ ਹਾਂ? ਸੋ, ਮੈਂ ਇੱਥੇ ਅਮਰੀਕਾ ਵਿਚ ਹਾਂ, ਇਹ ਪੁਰਸਕਾਰ ਪ੍ਰਾਪਤ ਕਰ ਰਹੀ ਹਾਂ, ਅਜਿਹੇ ਸਮਿਆਂ ‘ਚ ਵਿਚ ਘੱਟ ਇਕੱਲੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਦੋਂ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਹਾਂ। ਇਸ ਸਾਲ ਜਦੋਂ ਸਰਕਾਰ ਨੇ ਮੇਰੇ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਤਾਂ ਭਾਰਤੀ ਮੀਡੀਆ ਨੇ ਮੈਨੂੰ ਸਿਰਫ਼ ਕਹਾਣੀ ਦੇ ਤੌਰ ‘ਤੇ ਪੇਸ਼ ਕੀਤਾ, ਜਦੋਂ ਮੇਰੀ ਪੂਰੀ ਜ਼ਿੰਦਗੀ ਅਤੇ ਮੇਰੇ ਪੂਰੇ ਪਰਿਵਾਰ ਨੂੰ ਅਸੁਰੱਖਿਅਤ ਬਣਾ ਕੇ ਸਾਰਿਆਂ ਅੱਗੇ ਸੁੱਟ ਦਿੱਤਾ ਗਿਆ। ਮੇਰੇ ਘਰ ਦੇ ਐਨ ਸਾਹਮਣੇ ਟੈਲੀਵਿਜ਼ਨ ਕੈਮਰੇ ਫਿੱਟ ਕੀਤੇ ਹੋਏ ਸਨ ਜੋ ਕਹਿ ਰਹੇ ਸਨ, “ਅਸੀਂ ਰਾਣਾ ਅਯੂਬ ਦੇ ਘਰ ਦੇ ਪਹਿਲੇ ਦ੍ਰਿਸ਼ ਲੈ ਰਹੇ ਹਾਂ”। ਮੇਰੀ ਕੋਈ ਨਿੱਜੀ ਜ਼ਿੰਦਗੀ ਨਹੀਂ ਹੈ!
ਜਦੋਂ ਮੈਂ ਸੈਰ ਕਰਨ ਜਾਂਦੀ ਹਾਂ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ… ਮੇਰੇ ਗੁਆਂਢੀ ਮੇਰੇ ਵੱਲ ਦੇਖਦੇ ਹਨ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਮੇਰੇ ਬਾਰੇ ਅੰਦਾਜ਼ੇ ਲਗਾ ਰਹੇ ਹਨ? ਤੇ ਇਹ ਮੈਂ ਹਰ ਵਕਤ ਮਹਿਸੂਸ ਕਰਦੀ ਹਾਂ। ਮੇਰੇ ਦੋਵਾਂ ਭਰਾਵਾਂ ਦੀ ਨੌਕਰੀ ਮੇਰੇ ਪੱਤਰਕਾਰ ਬਣਨ ਕਰ ਕੇ ਚਲੀ ਗਈ। ਮੇਰੇ ਦੋਵੇਂ ਭਰਾ ਜੋ ਪ੍ਰਕਾਸ਼ਕ ਸਨ, ਹੁਣ ਦਫ਼ਤਰ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਮੇਰੇ ਭਰਾ ਹਨ। ਤੇ ਇਹ ਤੁਹਾਨੂੰ ਸਿਰਫ਼ ਸੰਖੇਪ ‘ਚ ਦੱਸਣ ਲਈ ਹੈ ਕਿ ਇਸ ਸਮੇਂ ਭਾਰਤ ਵਿਚ ਮੇਰੇ ਨਾਲ ਕੀ ਹੋ ਰਿਹਾ ਹੈ। ਜਦੋਂ ਸਰਕਾਰ ਨੇ, ਮੋਦੀ ਸਰਕਾਰ ਦੇ ਮੰਤਰੀਆਂ ਨੇ ਇਕ ਅਸ਼ਲੀਲ ਵੀਡੀਓ ‘ਚ ਮੇਰੀ ਤਸਵੀਰ ਲਗਾ ਕੇ ਬਣਾਈ ਜਾਅਲੀ ਵੀਡੀਓ ਦੇ ਸਕਰੀਨਸ਼ਾਟ ਪੂਰੇ ਮੁਲਕ ‘ਚ ਫੈਲਾਏ ਤਾਂ ਲੋਕ ਸੋਸ਼ਲ ਮੀਡੀਆ ‘ਤੇ ਪਾਏ ਮੇਰੇ ਫੋਨ ਨੰਬਰ, ਮੇਰੇ ਸਿਰਨਾਵੇਂ ਉੱਪਰ ਮੈਨੂੰ ਉਹ ਸਕਰੀਨਸ਼ਾਟ ਭੇਜ ਰਹੇ ਹਨ। ਮੋਦੀ ਦੀ ਪਾਰਟੀ ਦੇ ਬੁਲਾਰੇ ਨੇ ਟਵੀਟ ਕਰ ਕੇ ਕਿਹਾ ਕਿ ਮੁਹਤਰਮਾ ਜੀ ਇਹ ਤਾਂ ਦੱਸ ਦੇ, ਬਰਲਿਨ ‘ਚ ਬੈਠੇ ਤੇਰੇ ਅੱਬਾ ਜਾਨ ਕਿੰਨੀਆਂ ਕੋਠੇ ਵਾਲੀਆਂ ਨਾਲ ਰੰਗਰਲੀਆਂ ਮਨਾ ਰਹੇ ਹਨ, ਜਦੋਂ ਕਿ ਮੇਰੇ ਅੱਬਾ ਕਦੇ ਮੁਲਕ ਤੋਂ ਬਾਹਰ ਗਏ ਹੀ ਨਹੀਂ। ਇਹ ਉਸ ਦੀ ਬਹੁਤ ਹੀ ਨਿੱਕੀ ਜਿਹੀ ਝਲਕ ਹੈ ਜਿਸ ਦਾ ਮੈਨੂੰ ਨਿੱਤ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਮੇਰੀ ਕਿਤਾਬ ‘ਗੁਜਰਾਤ ਫਾਈਲਾਂ’ ਛਪੀ ਜੋ ਗੁਪਤ ਖੋਜ ਮਿਸ਼ਨ ‘ਤੇ ਆਧਾਰਿਤ ਨਵੇਂ ਖ਼ੁਲਾਸੇ ਕਰਦੀ ਹੈ, ਤਾਂ ਮੇਰੀ ਸਹਿਕਰਮੀ ਗੌਰੀ ਲੰਕੇਸ਼ ਮੇਰੀ ਕਿਤਾਬ ਦਾ ਖੇਤਰੀ ਭਾਸ਼ਾ ਵਿਚ ਅਨੁਵਾਦ ਕਰਨਾ ਚਾਹੁੰਦੀ ਸੀ। ਉਸ ਨੇ ਕਿਹਾ, “ਰਾਣਾ, ਇਸ ਕਿਤਾਬ ਦਾ ਅਨੁਵਾਦ ਕਰੀਏ, ਇਸ ਕਿਤਾਬ ਨੂੰ ਬਾਹਰ ਲੈ ਕੇ ਜਾਈਏ।” ਤੇ ਮੈਂ ਕਿਹਾ, “ਕੀ ਤੁਹਾਨੂੰ ਯਕੀਨ ਹੈ?” ਤੇ ਉਸ ਨੇ ਕਿਹਾ, “ਹਾਂ!” ਤੇ ਉਦੋਂ ਭਾਰਤ ਸਰਕਾਰ ਮੈਨੂੰ ਬੇਥਾਹ ਨਫ਼ਰਤ ਪਰੋਸ ਰਹੀ ਸੀ। ਉਸ ਨੇ ਮੈਨੂੰ ਫੋਨ ਕਰਕੇ ਪੁੱਛਿਆ, “ਤੂੰ ਠੀਕ ਏਂ?” ਮੈਂ ਕਿਹਾ, “ਹਾਂ ਮੈਂ ਠੀਕ ਹਾਂ।” ਉਸ ਨੇ ਕਿਹਾ, “ਇਹ ਬੇਵਕੂਫ਼ ਲੋਕ ਨੇ, ਇਹ ਕਾਗਜ਼ੀ ਸ਼ੇਰ ਹਨ। ਪਰੇਸ਼ਾਨ ਨਾ ਹੋਵੀਂ।” ਅਗਲੇ ਦਿਨ ਉਸ ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ। (ਵਿਰਾਮ)… ਤੁਸੀਂ ਇਹ ਕਹਾਣੀਆਂ ਨਹੀਂ ਜਾਣਦੇ ਅਤੇ ਉਹ ਕਾਤਲ ਅਜੇ ਵੀ ਬਾਹਰ ਹਨ। ਮੈਂ ਭਾਰਤ ਬਾਰੇ ਹੋਰ ਗੱਲਬਾਤ ਕਰ ਸਕਦੀ ਹਾਂ ਪਰ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਸੰਪਾਦਕਾਂ ਨਾਲ ਭਰੇ ਕਮਰੇ ਵਿਚ ਬੈਠੀ ਹਾਂ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਭਾਰਤ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਪੂਰਾ ਤਾਣ ਜ਼ਰੂਰ ਲਗਾਓਗੇ। ਮੈਂ ਸੱਚਮੁੱਚ ਵਿਸ਼ਵਾਸ ਕਰਦੀ ਹਾਂ ਅਤੇ ਮੈਨੂੰ ਤੁਹਾਡੇ ‘ਚ ਸੱਚਮੁੱਚੀਂ ਭਰੋਸਾ ਹੈ।… ਪਿਛਲੇ ਦੋ ਮਹੀਨੇ ਥਕਾ ਦੇਣ ਵਾਲੇ ਰਹੇ ਹਨ ਅਤੇ ਮੈਂ ਦਰਅਸਲ ਵਿਸ਼ਵਾਸ ਉੱਠ ਜਾਣ ਦੇ ਕੰਢੇ ‘ਤੇ ਪਹੁੰਚ ਚੁੱਕੀ ਹਾਂ ਕਿ ਦੁਨੀਆ ਭਾਰਤ ਬਾਰੇ ਕੀ ਕਰ ਸਕਦੀ ਹੈ ਪਰ ਅਸੀਂ ਇੱਥੇ ਪੱਤਰਕਾਰ ਬੈਠੇ ਹਾਂ ਜੋ ਸਿਰਦਰਦੀ ਪੈਦਾ ਕਰਨ ਵਾਲੇ ਸਮਝੇ ਜਾਂਦੇ ਹਾਂ… ਜਿਵੇਂ ਮੇਰਾ ਮੰਨਣਾ ਹੈ, ਮੈਂ ਬਹੁਤ ਸਾਰੇ ਲੋਕਾਂ ਲਈ ਸਿਰਦਰਦੀ ਹਾਂ। ਜਦੋਂ ਮੈਂ ਇੱਥੇ ਆਪਣਾ ਭਾਸ਼ਣ ਦੇਣ ਲਈ ਆ ਰਹੀ ਸੀ ਤਾਂ ਮੇਰੀ ਅੰਮੀ ਨੇ ਪਤੈ ਮੈਨੂੰ ਕੀ ਕਿਹਾ, “ਥੋੜ੍ਹਾ ਸੋਚ-ਸਮਝ ਕੇ ਬੋਲਣ ਦੀ ਕੋਸ਼ਿਸ਼ ਕਰੀਂ। ਜੋ ਮੂੰਹ ਆਉਂਦਾ, ਉਹ ਸਾਰਾ ਕੁਝ ਨਾ ਬੋਲਦੀ ਰਹੀਂ।” (ਦਰਸ਼ਕ ਹੱਸਦੇ ਹਨ)…।
ਬਦਕਿਸਮਤੀ ਨਾਲ ਮੈਂ ਇਸ ਤਰ੍ਹਾਂ ਦੀ ਹਾਂ ਅਤੇ ਇਸੇ ਕਰ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਬਹੁਤ ਸਾਰੀਆਂ ਅਧਿਕਾਰਤ ਮੀਟਿੰਗਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਮੈਨੂੰ ਇੱਥੇ ਸੱਦਣ ਲਈ ਤੁਹਾਡਾ ਧੰਨਵਾਦ, ਮੈਨੂੰ ਆਪਣੇ ਦਿਲ ਦੀਆਂ ਗੱਲਾਂ ਕਰਨ ਦੇਣ ਲਈ ਤੁਹਾਡਾ ਧੰਨਵਾਦ, ਮੇਰਾ ਇਕਲਾਪੇ ਅਤੇ ਅਲੱਗ-ਥਲੱਗ ਹੋਣ ਦਾ ਅਹਿਸਾਸ ਘਟਾਉਣ ਲਈ ਤੁਹਾਡਾ ਧੰਨਵਾਦ ਜਿੱਥੇ ਇਕ ਸਮਾਂ ਅਜਿਹਾ ਸੀ ਕਿ ਜਦੋਂ ਮੈਂ ਮੁਲਕ ਵਿਚ ਵਾਪਸ ਜਾਂਦੀ ਸੀ ਜਿੱਥੇ ਮੇਰੇ ਦੋਸਤ ਜੋ ਪਹਿਲਾਂ ਮੈਨੂੰ ਕੌਫ਼ੀ ਦੀ ਸ਼ਾਪ ‘ਚ ਕੌਫ਼ੀ ਪੀਣ ਲਈ ਬੁਲਾਉਂਦੇ ਸਨ, ਹੁਣ ਮੈਨੂੰ ਘਰ ‘ਚ ਬੁਲਾਉਂਦੇ ਹਨ। ਉਹ ਕਹਿੰਦੇ ਹਨ, “ਘਰ ਆ ਜਾ।” ਮੈਨੂੰ ਪਤਾ ਹੈ ਕਿ ਉਹ ਅਜਿਹਾ ਕਿਉਂ ਕਰਦੇ ਹਨ। ਉਹ ਮੇਰੇ ਨਾਲ ਜਨਤਕ ਤੌਰ ‘ਤੇ ਨਜ਼ਰ ਨਹੀਂ ਆਉਣਾ ਚਾਹੁੰਦੇ। ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਇਹ ਕਿੰਨੀ ਅਲੱਗ-ਥਲੱਗ ਹੋਣ ਵਾਲੀ ਹਾਲਤ ਹੈ… ਆਪਣੇ ਹੀ ਮੁਲਕ ਵਿਚ ਮੁਜਰਿਮ ਵਾਂਗ ਰਹਿਣਾ – ਇਕ ਅਜਿਹਾ ਮੁਲਕ ਜੋ ਨਿੱਤ ਮੈਨੂੰ ਦੇਸ਼ਪ੍ਰੇਮ ਦਾ ਇਮਤਿਹਾਨ ਦੇਣ ਲਈ ਕਹਿੰਦਾ ਰਹਿੰਦਾ ਹੈ। ਕਾਸ਼! ਮੈਂ ਆਪਣਾ ਦਿਲ ਪਾੜ ਕੇ ਦਿਖਾ ਸਕਦੀ। ਸੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੀ ਕਹਾਣੀ ਸੁਣਨ ਲਈ ਮੈਂ ਸੱਚਮੁੱਚੀਂ ਤੁਹਾਡੀ ਤਾਰੀਫ਼ ਕਰਦੀ ਹਾਂ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਇਹ ਪੰਜ ਮਿੰਟ… (ਮੁਸਕਰਾਉਂਦੇ ਹੋਏ)… ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਧੰਨਵਾਦ!