ਨਿੱਕੇ ਨਿੱਕੇ ਕਾਰਜਾਂ ਦੇ ਵੱਡੇ ਅਰਥ

ਡਾ ਗੁਰਬਖ਼ਸ਼ ਸਿੰਘ ਭੰਡਾਲ
ਨਿੱਕੇ ਵਿਚਾਰਾਂ, ਸਰੋਕਾਰਾਂ, ਸੁਪਨਿਆਂ ਅਤੇ ਸੰਭਾਵਨਵਾਂ ਦੇ ਵਸੀਹ ਅਰਥ। ਕੁਝ ਵੀ ਨਿੱਕਾ ਨਹੀਂ। ਸਿਰਫ਼ ਸਾਡੀ ਸੋਚ ਨਿੱਕੀ। ਸਾਡੇ ਨਜ਼ਰੀਏ ਦਾ ਸੌੜਾਪਣ। ਸਾਡੀ ਦਿੱਬ-ਦ੍ਰਿਸ਼ਟੀ ਵਿਚ ਵਲਗਣਾਂ ਦਾ ਵਾਸ। ਬਹੁਤ ਵੱਡੇ ਅਰਥ ਹੁੰਦੇ ਨੇ ਨਿੱਕੇ ਨਿੱਕੇ ਦਾਇਰਿਆਂ ਵਿਚ ਸਿਮਟੇ ਸ਼ਬਦਾਂ ਦੇ, ਬੋਲਾਂ ਦੇ ਅਤੇ ਇਸ਼ਾਰਿਆਂ ਦੇ।

ਸਿਰਫ਼ ਸਾਨੂੰ ਸਮਝ ਨਹੀਂ ਆਉਂਦੀ ਜਾਂ ਅਸੀਂ ਜਾਣ-ਬੁੱਝ ਕੇ ਇਸਨੂੰ ਅਣਗੌਲਿਆ ਕਰਦੇ। ਯਾਦ ਰੱਖਣਾ! ਅਣਗੌਲੇ ਕੀਤਿਆਂ ਬਹੁਤ ਕੁਝ ਗਵਾਚ ਜਾਂਦਾ। ਨਿੱਕੇ ਨਿੱਕੇ ਹੁੰਗਾਰਿਆਂ ਨੂੰ ਅਣਗੌਲੇ ਕੀਤਿਆਂ ਰੁਕ ਜਾਂਦਾ ਹੈ ਗੁਫ਼ਤਗੂ ਦਾ ਪ੍ਰਵਾਹ। ਨਿੱਕੀਆਂ ਨਿੱਕੀਆਂ ਸੈਨਤਾਂ ਨੂੰ ਅਣਗੌਲਿਆਂ ਕਰ ਕੇ ਅਸੀਂ ਸੈਨਤਾਂ ਦੀ ਭਾਸ਼ਾ ਨੂੰ ਸਮਝਣ ਵਿਚ ਨਾਕਾਮ। ਇਸ ਵਿਚੋਂ ਪੈਦਾ ਹੋਣ ਵਾਲੇ ਉਨ੍ਹਾਂ ਕਾਰਜਾਂ, ਸੋਚਾਂ, ਜਾਂ ਭਵਿੱਖੀ ਸੰਭਾਵਨਾਵਾਂ ਤੋਂ ਵਿਰਵੇ ਹੋ ਜਾਂਦੇ ਹਾਂ ਜਿਹੜੇ ਅਸੀਂ ਸੁਪਨਈ ਤਸ਼ਬੀਹ ਰਾਹੀਂ ਕਿਆਸਦੇ ਅਤੇ ਇਸਨੂੰ ਪੂਰਾ ਕਰਨਾ ਲੋਚਦੇ ਹਾਂ। ਨਿੱਕੀਆਂ-ਨਿੱਕੀਆਂ ਤੋਤਲੀਆਂ ਗੱਲਾਂ ਭਾਵੇਂ ਅਸੀਂ ਨਹੀਂ ਸਮਝਦੇ। ਪਰ ਇਸਦੇ ਅਰਥ ਸਮਝਣੇ ਹੋਣ ਤਾਂ ਬੋਲ ਰਹੇ ਬੱਚੇ ਦੇ ਹਾਵ ਭਾਵਾਂ ਨੂੰ ਕਿਆਸਣ ਦੀ ਆਦਤ ਪਾਉਣਾ। ਮਾਂਵਾਂ ਸ਼ਾਇਦ ਸਭ ਤੋਂ ਜਿ਼ਆਦਾ ਗੁਣੀ-ਗਿਆਨੀ ਹੁੰਦੀਆਂ ਹਨ। ਤਾਂ ਹੀ ਉਹ ਬੱਚੇ ਦੇ ਹਰ ਤੋਤਲੇ ਬੋਲ ਨੂੰ ਸਮਝ ਕੇ ਉਸਦੀ ਲੋੜ ਦੀ ਪੂਰਤੀ ਲਈ ਸਭ ਤੋਂ ਪਹਿਲਾਂ ਉਚੇਚ ਕਰਦੀਆਂ। ਐਵੇਂ ਤਾਂ ਨਹੀਂ ਕਹਿੰਦੇ ਕਿ ਗੂੰਗੇ ਦੀ ਮਾਂ ਹੀ ਗੂੰਗੇ ਦੇ ਇਸ਼ਾਰਿਆਂ ਨੂੰ ਸਮਝ ਸਕਦੀ ਹੈ। ਇਹ ਤੋਤਲੇ ਬੋਲ ਹੀ ਸਮਾਂ ਆਉਣ `ਤੇ ਵਧੀਆ ਬੁਲਾਰੇ ਦੇ ਰੂਪ ਵਿਚ ਲੱਖਾਂ ਦੇ ਇਕੱਠ ਨੂੰ ਕੀਲ ਲੈਂਦੇ। ਜਨਮ-ਸਿੱਧ ਕੋਈ ਵੀ ਬੁਲਾਰਾ ਨਹੀਂ ਹੁੰਦਾ। ਇਕ ਇਕ ਬੋਲ ਜੁੜ ਕੇ ਹੀ ਲੰਮੇਰੇ ਭਾਸ਼ਣ ਬਣਦੇ ਜਾਂ ਨਾਮਵਰ ਬੁਲਾਰਿਆਂ ਵਿਚ ਸ਼ਾਮਲ ਹੁੰਦੇ।
ਨਿੱਕਾ ਜਿਹਾ ਟਟਹਿਣਾ ਕਾਲੀ ਸ਼ਾਹ ਰਾਤ ਦੀ ਵੱਖੀ ਵਿਚ ਚੀਰ ਪਾ ਦਿੰਦਾ। ਨਿੱਕੀ ਿਿਜਹੀ ਸੂਈ ਵੱਡੇ ਲੰਘਾਰ ਸਿਊਣ ਦੇ ਕਾਬਲ ਹੁੰਦੀ। ਕੋਚਰੀ ਦੀ ਹੂਕ ਟਿੱਕੀ ਰਾਤ ਦੀ ਚੁੱਪ ਨੂੰ ਤੋੜਦੀ। ਛੋਟਾ ਜਿਹਾ ਰੋਸਾ ਸੰਬੰਧਾਂ ਦੇ ਨਿੱਘ ਨੂੰ ਠਾਰ ਦਿੰਦਾ। ਇਕ ਹੀ ਨਿੱਘਾ ਬੋਲ ਰਿਸ਼ਤਿਆਂ ਵਿਚ ਪਸਰੀ ਸੁੰਨ ਨੂੰ ਪਿਘਲਾ ਦਿੰਦਾ। ਇਕ ਹੀ ਵਾਕ ਕਈ ਗ੍ਰੰਥਾਂ ਨੂੰ ਜਨਮ ਦਿੰਦਾ। ਇਕ ਹੀ ਦਬਕਾ ਕਈ ਵਾਰ ਚੀਖ਼-ਚਿਹਾੜਿਆਂ ਨੂੰ ਚੁੱਪ ਕਰਵਾ ਦਿੰਦਾ। ਨਿੱਕੀ ਜਿਹੀ ਪੁਚਕਾਰ ਬੱਚੇ ਨੂੰ ਸ਼ੇਰ ਬਣਾ ਦਿੰਦੀ ਅਤੇ ਨਿੱਕੀ ਜਿਹੀ ਹੱਲਾਸ਼ੇਰੀ ਬੱਚੇ ਨੂੰ ਸੁਪਨੇ ਲੈਣ ਦੀ ਜਾਚ ਸਿਖਾ ਦਿੰਦੀ। ਜਦ ਮਨੁੱਖੀ ਨਜ਼ਰੀਆ ਛੋਟਾ ਹੁੰਦਾ ਤਾਂ ਉਸਦੀ ਸੁਪਨਈ ਪ੍ਰਵਾਜ਼ ਬਹੁਤ ਛੋਟੀ ਹੁੰਦੀ। ਉਸਦਾ ਹੌਂਸਲਾ, ਹਿੰਮਤ ਜਾਂ ਹੱਲਾਸ਼ੇਰੀ ਨਿੱਕੀ ਹੁੰਦੀ ਤਾਂ ਕੁਝ ਵੀ ਸੰਭਵ ਨਹੀਂ। ਸਿਰਫ਼ ਨਿੱਕੇ ਨਜ਼ਰੀਏ ਨੂੰ ਵੱਡੇ ਅਰਥ ਦੇਣ ਲਈ ਸਾਨੂੰ ਵੱਡੇ ਹੋਣ ਦੀ ਜਾਚ ਹੋਣੀ ਚਾਹੀਦੀ। ਨਿੱਕੇ ਨਿੱਕੇ ਲੋਕ ਹੀ ਆਪਣੇ ਤੋਂ ਵੱਡਿਆਂ ਦੀਆਂ ਲੱਤਾਂ ਖਿੱਚ ਕੇ, ਉਨ੍ਹਾਂ ਨੂੰ ਆਪਣੇ ਬਰੋਬਰ ਕਰਨ ਦੀ ਲੋਚਾ ਪਾਲਦੇ। ਕਾਸ਼ ਕਿ ਉਹ ਖੁ਼ਦ ਵੱਡੇ ਹੋ ਕੇ ਉਨ੍ਹਾਂ ਦੇ ਹਾਣ ਦਾ ਹੋ ਜਾਣ ਤਾਂ ਦੁਨੀਆਂ ਵਿਚਲੀ ਹੀਣ-ਭਾਵਨਾ ਤੇ ਈਰਖ਼ਾ ਖਤਮ ਹੋ ਜਾਵੇਗੀ। ਇਹ ਵੀ ਸਾਡੇ ਹੀ ਸਮਿਆਂ ਦਾ ਸੱਚ ਹੈ ਕਿ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ। ਤਖ਼ਤਾਂ-ਤਾਜਾਂ `ਤੇ ਕਾਬਜ਼ ਨੇ ਛੋਟੇ ਛੋਟੇ ਲੋਕ। ਸੁੱਚੇ ਸ਼ਬਦਾਂ ਦੀ ਦਰਗਾਹ `ਤੇ ਬੈਠੇ ਨੇ ਮਹੰਤਾਂ ਵਰਗੇ ਲੋਕ ਜਿਹੜੇ ਸਿਰਫ਼ ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਨੂੰ ਗੁਮਰਾਹ ਕਰ ਕੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਕਰਦੇ। ਉਨ੍ਹਾਂ ਲਈ ਸਰਬੱਤ ਦੇ ਭਲੇ ਦੇ ਅਰਥ ਸਿਰਫ਼ ਨਿੱਜਤਾ ਵਿਚ ਲਿੱਬੜੀ ਖੁਦਦਾਰੀ ਹੁੰਦੀ। ਸਾਈਕਲ਼ ਦਾ ਨਿੱਕਾ ਜਿਹਾ ਵਾਲਵ, ਸਾਈਕਲ-ਸਫ਼ਰ ਵਿਚ ਅਹਿਮ। ਪਹਿਲਾ ਡੁੱਬਕਾ ਹੀ ਪੂਰਨਿਆਂ ਦੀ ਸ਼ੁਰੂਆਤ ਅਤੇ ਫਿਰ ਪੂਰਨਿਆਂ ਤੋਂ ਤੁਰਦਾ ਤੁਰਦਾ ਬੱਚਾ ਵੱਡਾ ਲਿਖਾਰੀ ਬਣ ਜਾਂਦਾ। ਅੱਖਰਾਂ ਦੀ ਅਰਥਕਾਰੀ ਦਾ ਸਿਰਨਾਵਾਂ ਅਤੇ ਗਿਆਨ-ਬੋਧ ਦਾ ਭੰਡਾਰ।
ਨਿੱਕੀ ਜਿਹੀ ਸ਼ੁਰੂਆਤ ਵੱਡੇ ਵੱਡੇ ਉਦਮਾਂ ਦੀ ਨੀਂਹ। ਕੁਝ ਵੀ ਇਕ ਦਿਨ ਵਿਚ ਤਿਆਰ ਨਹੀਂ ਹੁੰਦਾ ਅਤੇ ਨਾ ਹੀ ਬਣਦਾ। ਇਹ ਵੱਡੇ ਵੱਡੇ ਲੋਕ, ਖਿਡਾਰੀ, ਲੇਖਕ, ਵਿਗਿਆਨੀ, ਅਦਾਰੇ ਅਤੇ ਸ਼ਖ਼ਸੀਅਤਾਂ, ਨਿੱਕੀ ਜਿਹੀ ਸ਼ੂਰੂਆਤ ਦਾ ਸਿਖਰ। ਇਨ੍ਹਾਂ ਨਾਲ ਈਰਖਾ ਨਾ ਕਰੋ, ਸਗੋਂ ਸ਼ੁਰੂਆਤ ਕਰੋ। ਤੁਹਾਡੀ ਸ਼ੁਰੂਆਤ ਹੀ ਤੁਹਾਨੂੰ ਮੰਜ਼ਲ ਦਾ ਦਿਸਹੱਦਾ ਦਿਖਾਵੇਗੀ। ਅਕਸਰ ਲੋਕ ਕਿਸੇ ਦੀ ਪ੍ਰਾਪਤੀ ਨੂੰ ਦੇਖਦੇ। ਉਸਦੀ ਸ਼ੁਰੂਆਤ, ਸਾਲਾਂ ਦੀ ਲਗਨ, ਮਿਹਨਤ ਅਤੇ ਸਿਰੜਤਾ ਨੂੰ ਸਲਾਮ ਕਰਨਾ ਭੁੱਲ ਹੀ ਜਾਂਦੇ। ਕੁਝ ਵੀ ਰੇਡੀਮੇਡ ਨਹੀਂ ਹੁੰਦਾ। ਨਿੱਕੀ ਨਿੱਕੀ ਇੱਟ ਨੂੰ ਜੋੜ ਕੇ ਹੀ ਵੱਡੀਆਂ ਬਿਲਡਿੰਗਾਂ ਤਾਮੀਰ ਹੁੰਦੀਆਂ। ਇਕ ਇਕ ਸਫ਼ਾ ਜੁੜ ਕੇ ਕਿਤਾਬ ਦਾ ਰੂਪ ਧਾਰਦਾ ਅਤੇ ਇਕ ਇਕ ਪ੍ਰਵਚਨ ਹੀ ਹੌਲੀ ਹੌਲੀ ਸਤਸੰਗ ਦਾ ਰੂਪ ਧਾਰਨ ਕਰਦਾ। ਨਿੱਕੇ ਤੇ ਨਿੱਘੇ ਪਲ ਹੀ ਜਿ਼ੰਦਗੀ ਦੇ ਸੁਰਖ ਰੰਗਾਂ ਦੀ ਤਸਵੀਰ ਹੁੰਦੀ। ਮਸਤਕ `ਤੇ ਉਕਰੀ ਤਕਦੀਰ ਹੁੰਦੇ, ਤਲੀਆਂ `ਤੇ ਕਰਮ-ਲਕੀਰ ਹੁੰਦੇ ਅਤੇ ਇਨ੍ਹਾਂ ਪਲਾਂ ਵਿਚੋਂ ਹੀ ਜਿਊਣ-ਜੋਗੀ ਜਿ਼ੰਦਗੀ ਦਾ ਮੁਹਾਂਦਰਾ ਨਿਖਰਦਾ। ਕਦੇ ਵੀ ਆਪਣਿਆਂ ਨਾਲ ਇਨ੍ਹਾਂ ਨਿੱਕੇ ਪਲਾਂ ਦੀ ਸੰਗਤੀ ਮਾਨਣਾ ਨਾ ਵਿਸਾਰੋ। ਥੋੜ੍ਹੇ ਜਿਹੇ ਚੁਲਬੁਲੇਪਣ, ਨਿਹੋਰੇ, ਸਿ਼ਕਵੇ, ਰੋਸੇ ਅਤੇ ਅਪਣੱਤ ਵਿਚੋਂ ਸੰਬੰਧਾਂ ਵਿਚ ਪਕਿਆਈ ਅਤੇ ਤਾਜ਼ਗੀ ਪੈਦਾ ਹੁੰਦੀ ਹੈ। ਮਨ ਵਿਚ ਹੌਲੀ ਹੌਲੀ ਕਦੇ ਵੀ ਕੂੜ-ਕਬਾੜ ਦੇ ਢੇਰ ਨਾ ਲਗਾਓ ਸਗੋਂ ਮਨ ਨੂੰ ਫੁੱਲਾਂ ਵਰਗੇ ਪਲਾਂ ਤੇ ਸੁਗੰਧਮਈ ਗੁਫ਼ਤਗੂ ਨਾਲ ਮਹਿਕਾਓ। ਜਿੰ਼ਦਗੀ ਦੀ ਝੋਲੀ ਵਿਚ ਜਿ਼ੰਦਗੀ ਦੇ ਜਸ਼ਨ ਦਾ ਸ਼ਗਨ ਪਾਓ।
ਨਿੱਕੇ ਨਿੱਕੇ ਕਦਮ ਪੁੱਟਦਿਆਂ ਕਦੇ ਨਾ ਘਬਰਾਓ ਕਿਉਂਕਿ ਇਹ ਹੀ ਉਚੇਰੀਆਂ ਮੰਜ਼ਲਾਂ ਦੀ ਪੈੜ ਬਣਦੇ। ਪੈਰ ਪੁੱਟੋਗੇ ਤਾਂ ਹੀ ਪੈਰਾਂ ਵਿਚ ਸਫ਼ਰ ਉਗੇਗਾ ਤੇ ਇਸ ਸਫ਼ਰ ਨੂੰ ਸਿਰਨਾਵਾਂ ਮਿਲੇਗਾ। ਤੁਸੀਂ ਨਵੀਆਂ ਪੈੜਾਂ ਦਾ ਨਾਮ ਬਣ ਕੇ ਸਮਾਜ ਨੂੰ ਨਵੇਂ ਦਿਸਹੱਦਿਆਂ ਦੀ ਦੱਸ ਪਾਵੋਗੇ। ਸਿਰਫ਼ ਉਹੀ ਲੋਕ ਹੀ ਲੋਕ-ਚੇਤਿਆਂ ਵਿਚ ਜਿਉਂਦੇ ਜੋ ਵੱਖਰੇ ਰਾਹਾਂ ਦੀ ਸਿਰਜਣਾ ਕਰਦੇ ਅਤੇ ਅਲੋਕਾਰੀ-ਅਰਥਾਂ ਨਾਲ ਜੀਵਨ ਨੂੰ ਪਰਿਭਾਸ਼ਤ ਕਰਦੇ।
ਨਿੱਕੇ ਨਿੱਕੇ ਚਾਅ ਹੀ ਜਿੰ਼ਦਗੀ ਦਾ ਹੁਸਨ ਤੇ ਹੁਲਾਸ ਅਤੇ ਆਸ ਤੇ ਧਰਵਾਸ ਹੁੰਦੇ। ਚਾਵਾਂ ਨੂੰ ਕਦੇ ਵੀ ਮੁਰਝਾਉਣ ਨਾ ਦਿਓ। ਸਗੋਂ ਇਨ੍ਹਾਂ ਚਾਵਾਂ ਨੂੰ ਦੁਸ਼ਵਾਰੀਆਂ ਅਤੇ ਦੁੱਖਾਂ ਦੀਆਂ ਲੂਆਂ ਤੋ ਬਚਾਓ ਕਿਉਂਕਿ ਚਾਅ ਜਿਉਂਦੇ ਰਹਿਣ ਤਾਂ ਤੱਤੀਆਂ ਲੂਆਂ ਵਿਚ ਵੀ ਬੰਦੇ ਜਿਊਂਦਾ। ਓਬੜ-ਖੋਭੜ ਰਾਹਾਂ `ਤੇ ਤੁਰਦਿਆਂ ਵੀ ਮਿੱਥੇ ਮਕਸਦ ਨੂੰ ਪੂਰਾ ਕਰਦਾ। ਮਿੱਧੇ ਹੋਏ ਚਾਅ ਸਿਰਫ਼ ਵਿਰਲਾਪ ਤੇ ਵਿਯੋਗ ਹੀ ਸਾਡੀ ਝੋਲੀ ਪਾਉਂਦੇ ਅਤੇ ਸਾਡੇ ਨੈਣਾਂ ਦੇ ਨਾਂ ਖਾਰਾਪਣ ਲਾਉਂਦੇ। ਨਿੱਕੀਆਂ ਨਿੱਕੀਆਂ ਗੱਲਾਂ ਹੀ ਲੰਮੀ ਚੌੜੀ ਗੁਫ਼ਤਗੂ ਦਾ ਆਧਾਰ। ਮਿੱਤਰ-ਢਾਣੀ ਵਿਚ ਨਾ ਖਤਮ ਹੋਣ ਵਾਲੀ ਰਾਮ-ਕਹਾਣੀ। ਕਦੇ ਸਿੱਧ-ਗੋਸ਼ਟਿ ਬਣਦੀਆਂ। ਕਦੇ ਭਰਮ-ਭੁਲੇਖਿਆਂ ਨੂੰ ਦੂਰ ਕਰਦੀਆਂ। ਕਦੇ ਹਾਕ ਦਾ ਹੁੰਗਾਰਾ ਬਣਦੀਆਂ। ਕਦੇ ਅੰਦਰ ਬੈਠੀ ਚੁੱਪ ਨੂੰ ਤੋੜ, ਕੁਦਰਤ ਦਾ ਰਾਗ ਬਣਦੀਆਂ। ਟੁੱਟ ਰਹੇ ਰਿਸ਼ਤਿਆਂ ਨੂੰ ਜੋੜਦੀਆਂ ਵੀ ਅਤੇ ਸਬੰਧਾਂ ਵਿਚ ਪਸਰੀ ਚੁੱਪ ਨੂੰ ਬੋਲਾਂ ਦਾ ਵਰਦਾਨ ਦਿੰਦੀਆਂ। ਨਿੱਕੇ ਨਿੱਕੇ ਸ਼ਬਦਾਂ ਵਿਚ ਜਦ ਵੱਡੇ ਅਰਥਾਂ ਦੇ ਦੀਵੇ ਜਗਦੇ ਤਾਂ ਆਲਾ-ਦੁਆਲਾ ਰੋਸ਼ਨ ਹੁੰਦਾ, ਵਰਕਿਆਂ `ਤੇ ਰੌਸ਼ਨੀ ਫੈਲਦੀ, ਪਾਠਕ ਦੇ ਦੀਦਿਆਂ ਵਿਚ ਸੂਰਜਾਂ ਦੀ ਲੋਅ ਪੈਦਾ ਹੁੰਦੀ। ਉਹ ਜਿ਼ੰਦਗੀ ਨੂੰ ਵੱਖਰੇ ਦ੍ਰਿਸ਼ਟੀਕੋਣ ਨਾਲ ਦੇਖਣ, ਸਮਝਣ ਅਤੇ ਸਮਝਾਉਣ ਦਾ ਕਰਮ-ਨਾਮਾ ਬਣ ਜਾਂਦੇ। ਅਜੇਹੇ ਲੋਕ ਕਰਮਯੋਗੀ ਬਣ ਕੇ ਸਮਾਜ ਅਤੇ ਸੰਸਾਰ ਨੂੰ ਨਵੇਂ ਅਰਥ ਦੇ, ਇਸ ਦੀਆਂ ਨਵੀਨਤਮ ਸੰਭਾਵਨਾਵਾਂ ਅਤੇ ਸਮਰੱਥਾਵਾਂ ਦੇ ਤਰਜ਼ਮਾਨ ਬਣ ਜਾਂਦੇ। ਨਵੀਂ ਸੋਚ ਦਾ ਪੈਗਾਮ, ਨਵੇਂ ਅੰਜ਼ਾਮ ਅਤੇ ਅਜ਼ਲੀ ਪ੍ਰਮਾਣ।
ਨਿੱਕੇ ਨਿੱਕੇ ਘਰ ਹੀ ਬੱਚਿਆਂ ਨੂੰ ਆਪਣੀ ਗੋਦ ਵਿਚ ਖਿਡਾ, ਉਨ੍ਹਾਂ ਨੂੰ ਅੰਬਰ ਜੇਡ ਬਣਾਉਂਦੇ। ਨਿੱਕੇ ਨਿੱਕੇ ਘਰਾਂ ਵਿਚ ਰਹਿਣ ਵਾਲੇ ਵੱਡੇ ਲੋਕ, ਵੱਡੇ ਘਰਾਂ ਵਿਚ ਰਹਿਣ ਵਾਲੇ ਬੌਣੇ ਲੋਕਾਂ ਨਾਲੋਂ ਬਹੁਤ ਵੱਡੇ, ਸੱਚੇ ਅਤੇ ਜੀਵਨ ਦੀਆਂ ਨਰੋਈਆਂ ਪ੍ਰਾਪਤੀਆਂ ਦਾ ਨਾਜ਼ ਹੁੰਦੇ।
ਨਿੱਕੇ ਨਿੱਕੇ ਹੁਲਾਰੇ ਹੀ ਚਾਵਾਂ ਦੀ ਪੀਂਘ ਨਾਲ ਬਿਰਖ ਦੀ ਸਿਖਰ ਨੂੰ ਛੂਹ, ਅੰਬਰ ਤੀਕ ਚੜ੍ਹਾਉਂਦੇ। ਨਵੇਂ ਦਿਸਹੱਦਿਆਂ ਦਾ ਸਿਰਨਾਵਾਂ ਦੇ, ਨਵੀਂ ਉਡਾਣ ਭਰਨ ਲਈ ਉਤਸ਼ਾਹਤ ਕਰਦੇ। ਨਿੱਕੇ ਨਿੱਕੇ ਦ੍ਰਿਸ਼ ਵੱਡੀ ਕੈਨਵੈਸ `ਤੇ ਜ਼ਹੀਨ ਚਿੱਤਰਕਾਰੀ ਦਾ ਸੰਸਾਰ ਚਿੱਤਰਦੇ। ਇਨ੍ਹਾਂ ਦੇ ਡੂੰਘੇ ਅਰਥਾਂ ਵਿਚ ਜੀਵਨ ਦੀ ਹਰ ਦਾਤ, ਸੁਗਾਤ ਅਤੇ ਉਗਦੀ ਪ੍ਰਭਾਤ ਵੀ ਹੁੰਦੀ। ਕਦੇ ਕਦਾਈਂ ਤਾਂ ਕਾਲਖਾਂ ਭਰੀ ਰਾਤ ਵਿਚ ਚਾਨਣ ਦੀ ਬਰਾਤ ਹੁੰਦੀ।
ਨਿੱਕੀਆ ਨਿੱਕੀਆਂ ਕਣੀਆਂ ਹੀ ਬਾਰਸ਼ ਦਾ ਰੂਪ ਧਾਰ, ਸੁੱਕੀਆਂ ਨਦੀਆਂ, ਬਰੇਤਾ ਬਣੇ ਦਰਿਆਵਾਂ ਨੂੰ ਫਿਰ ਤੋਂ ਮੁੱਢਲੇ ਸਰੂਪ ਵਿਚ ਪਰਤਣ ਦਾ ਸੁਨੇਹਾ ਹੁੰਦੀਆਂ। ਇਹ ਦਰਿਆ ਸਮੁੰਦਰ ਵਿਚ ਮਿਲ ਕੇ ਸਮੁੰਦਰ ਹੋ ਜਾਂਦੇ। ਕੇਹਾ ਸੁਹਾਵਣਾ ਸਫ਼ਰ ਹੈ ਕਣੀਆਂ ਤੋਂ ਸਮੁੰਦਰ ਤੀਕ ਦਾ। ਕਦੇ ਮਨ ਵਿਚ ਕਣੀ ਤੋਂ ਸਮੁੰਦਰ ਬਣਨ ਦੀ ਚਾਹਨਾ ਮਨ ਵਿਚ ਪੈਦਾ ਹੋ ਜਾਵੇ ਤਾਂ ਸਮੁੰਦਰ ਬਣਨ ਲੱਗਿਆਂ ਦੇਰ ਨਹੀਂ ਲੱਗਦੀ। ਇਸ ਸਫ਼ਰ `ਤੇ ਤੁਰੋ ਤਾਂ ਸਹੀ ਤੁਸੀਂ ਵੀ ਸਮੁੰਦਰ ਬਣ ਜਾਵੋਗੇ। ਨਿੱਕੇ ਨਿੱਕੇ ਕਣ ਹੀ ਤ੍ਰੇਲ-ਮੋਤੀਆਂ ਦੀ ਮਾਲਾ ਬਣਦੇ। ਤ੍ਰੇਲ-ਤੁਪਕਿਆਂ ਵਿਚੋਂ ਡਲਕਦੀ ਰੌਸ਼ਨੀ ਸਤਰੰਗੀ ਬਣਦੀ। ਨਿੱਕੇ ਨਿੱਕੇ ਦੀਵੇ ਜਗ ਕੇ ਦੀਵਿਆਂ ਦੀ ਡਾਰ ਬਣਦੇ। ਨਿੱਕੀ ਜਿਹੀ ਮੋਮਬੱਤੀ ਦਾ ਜੇਰਾ ਦੇਖੋ ਕਿ ਉਹ ਹਨੇਰੇ ਵਿਚ ਜਗਣ ਦਾ ਹਰ ਹੀਲਾ ਕਰਦੀ ਭਾਵੇਂ ਕਿ ਵਗਦੀ ਹਵਾ ਉਸਨੂੰ ਬੁਝਾਉਣ ਦੀ ਪੂਰੀ ਵਾਹ ਲਾਉਂਦੀ। ਬੁੱਝ ਕੇ ਵੀ ਆਪਣੀ ਮੋਮ ਬੰਨੇਰੇ `ਤੇ ਪਿਘਲਾ, ਆਖਰੀ ਸਫ਼ਰ `ਤੇ ਤੁਰ ਜਾਂਦੀ ਅਤੇ ਅਚੇਤ ਸੁਨੇਹੇ ਦੇ ਜਾਂਦੀ ਕਿ ਇਹ ਮੋਮ ਫਿਰ ਮੱਮਬਤੀ ਬਣ ਕੇ ਹਨੇਰੇ ਨਾਲ ਆਢਾ ਲਾਵੇ।
ਨਿੱਕੇ ਨਿੱਕੇ ਲਾਡ-ਦੁਲਾਰ ਬੱਚਿਆਂ ਨੂੰ ਬਚਪਨੇ ਦੇ ਸੁਖਨਵਾਰ ਅਤੇ ਬੇਫਿਕਰੇ ਪਲਾਂ ਦਾ ਅਕਹਿ ਅਨੰਦ ਮਾਨਣ ਲਈ ਉਤਸ਼ਾਹਿਤ ਕਰਦੇ। ਬੱਚਿਆਂ ਦਾ ਬਚਪਨਾ ਜਿਉਂਦਾ ਰਹਿੰਦਾ ਅਤੇ ਇਸ ਬਚਪਨੇ ਨੂੰ ਵਡੇਰੇ ਵੀ ਪੂਰਨ ਦਿਲਦਾਰੀ ਨਾਲ ਮਾਣਦੇ।
ਨਿੱਕੇ ਨਿੱਕੇ ਆਸਰੇ ਹੀ ਹਿਚਕੋਲੇ ਖਾਂਦੀ ਬੇੜੀ ਨੂੰ ਕੰਢੇ ਲਾ ਸਕਦੇ। ਡਿੱਗ ਰਹੀ ਛੱਤ ਨੂੰ ਡਿੱਗਣ ਤੋਂ ਬਚਾਉਣ ਵਾਲੀ ਥੰਮੀ ਹੀ ਕਈ ਵਾਰ ਸਿਰ ਦੀ ਛੱਤ ਬਣ ਜਾਂਦੀ। ਨਿੱਕੇ ਨਿੱਕੇ ਉਦਮ ਹੀ ਵੱਡੀਆਂ ਪੁਲਾਂਘਾਂ ਪੁੱਟਣ ਦੀ ਸ਼ੁਰੂਆਤ ਹੁੰਦੇ। ਅਕਸਰ ਲੋਕ ਸਲਾਹਾਂ ਬਹੁਤ ਬਣਾਉਂਦੇ, ਦਿਨੇ ਸੁਪਨੇ ਲੈਂਦੇ। ਪਰ ਛੋਟੀ ਜਿਹੀ ਕੋਸਿ਼ਸ਼, ਨਵੀਂ ਸ਼ੁਰੂਆਤ ਦਾ ਮੂਲ-ਮੰਤਰ ਹੁੰਦੀ ਜਿਸ ਵਿਚੋਂ ਬਹੁਤ ਸਾਰੀਆਂ ਸੰਭਾਨਾਵਾਂ ਉਜਾਗਰ ਹੁੰਦੀਆਂ। ਨਿੱਕੀਆਂ ਨਿੱਕੀਆਂ ਉਦਾਸੀਆਂ ਹੀ ਫਿਰ ਬਾਬਾ ਨਾਨਕ ਦੀਆਂ ਚਾਰ-ਉਦਾਸੀਆਂ ਬਣ ਕੇ ਨਾਨਕ ਨਾਮ ਦਾ ਨਾਦ ਬਣਦੀਆਂ। ਨਾਨਕ ਦੇ ਸੰਦੇਸ਼ ਨੂੰ ਚਾਰ ਦਿਸ਼ਾਵਾਂ ਵਿਚ ਫੈਲਾ, ਨਵੀਂ ਸੋਚ, ਨਵੇਂ ਫ਼ਲਸਫ਼ੇ ਅਤੇ ਨਵੇਂ ਸੂਰਜ ਦੇ ਆਗਮਨ ਦਾ ਐਲਾਨ-ਨਾਮਾ ਹੁੰਦੀਆਂ। ਉਦਾਸੀ ਨੂੰ ਕਦੇ ਵੀ ਨਾ ਨਕਾਰੋ ਕਿਉਂਕਿ ਉਦਾਸੀ ਵਿਚੋਂ ਹੀ ਆਸਾਂ ਅਤੇ ਉਮੀਦਾਂ ਨੇ ਨਵੀਆਂ ਪੇਸ਼ਗੋਈਆਂ ਕਰਨੀਆਂ ਹੁੰਦੀਆਂ। ਨਿੱਕੇ ਨਿੱਕੇ ਉਲਾਹਮੇ ਜਾਂ ਸਿ਼ਕਵੇ ਕਰੋ ਪਰ ਇਨ੍ਹਾਂ ਨੂੰ ਕਦੇ ਵੀ ਵੱਡੀ ਤਰੇੜ ਬਣਨ ਦਾ ਮੌਕਾ ਨਾ ਦਿਓ। ਨਾ ਹੀ ਅਜੇਹਾ ਹੋਵੇ ਕਿ ਉਮਰਾਂ ਤੋਂ ਵੱਡੀ ਦੂਰੀ ਪਾ ਲੈਣਾ ਜਿਸਨੂੰ ਨਾ-ਪੂਰਨ ਦਾ ਹਿਰਖ਼, ਸਾਰੀ ਉਮਰ ਹੀ ਤੁੁਹਾਡੇ ਸਾਹਾਂ ਦਾ ਝੋਰਾ ਬਣਿਆ ਰਹੇ। ਵੈਸੇ ਸਿ਼ਕਵੇ ਅਸੀਂ ਆਪਣਿਆਂ ਨਾਲ ਹੀ ਕਰਦੇ ਹਾਂ। ਗੈਰਾਂ ਨਾਲ ਕਿਸਨੇ ਸਿ਼ਖਵੇ ਕਰਨੇ ਜਾਂ ਉਲਾਹਮੇ ਦੇਣੇ? ਨਿੱਕੇ ਨਿੱਕੇ ਰੋਸੇ ਹੀ ਕਈ ਵਾਰ ਸਾਡੇ ਤਲੀ `ਤੇ ਆਪਣਿਆਂ ਦੀਆਂ ਕਬਰਾਂ ਵੀ ਖੁਣ ਜਾਂਦੇ ਅਤੇ ਇਹ ਕਬਰਾਂ ਫਿਰ ਸਾਰੀ ਉਮਰ ਸਾਨੂੰ ਸੋਗ ਹੀ ਅਰਪ ਕਰਦੀਆਂ। ਸਾਡੇ ਆਲੇ-ਦੁਆਲੇ ਵਿਚ ਫੈਲੀਆਂ ਇਹ ਨਿੱਕੀਆਂ-ਨਿੱਕੀਆਂ ਕਹਾਣੀਆ ਹੀ ਹੁੰਦੀਆਂ ਜੋ ਲੰਮੀਆਂ ਕਹਾਣੀਆਂ, ਵੱਡੇ ਬਿਰਤਾਂਤ, ਨਾਵਲ ਅਤੇ ਮਿਥਿਹਾਸਕ ਜਾਂ ਇਤਿਹਾਸਕ ਵਿਸਥਾਰ ਬਣ ਜਾਂਦੀਆਂ। ਇਨ੍ਹਾਂ ਵਿਚੋਂ ਬੀਤੇ ਹੋਏ ਨੂੰ ਪੜ੍ਹ, ਸਮਝ ਅਤੇ ਸਮਝਾ ਕੇ ਅਸੀਂ ਵਰਤਮਾਨ ਜਾਂ ਭਵਿੱਖ ਨੂੰ ਸੁਚਾਰੂ ਸੇਧ ਦੇ ਸਕਦੇ ਹਾਂ।
ਨਿੱਕੀਆਂ ਨਿੱਕੀਆਂ ਕਰੂੰਬਲਾਂ ਹੀ ਪੱਤਿਆਂ `ਤੇ ਟਾਹਣੀਆਂ ਨੂੰ ਜਨਮ ਦਿੰਦਿਆਂ, ਬਿਰਖ ਦਾ ਹਰਿਆਵਲਾ ਬਾਣਾ ਬਣਦੀਆਂ। ਹਵਾ ਰੁਮਕਦੀ ਤਾਂ ਪੱਤਿਆਂ ਵਿਚ ਪੈਦਾ ਹੋਈ ਸੰਗੀਤਕ ਫਿਜ਼ਾ ਚੌਗਿਰਦੇ ਨੂੰ ਨੱਚਣ ਲਾਉਂਦੀ ਅਤੇ ਬਿਰਖ਼ ਨੂੰ ਝੂਲਣ ਲਾਉਂਦੀ। ਪੱਤਿਆਂ ਦੀ ਰਹਿਬਰੀ ਵਿਚ ਰਹਿੰਦੇ ਪਰਿੰਦਿਆਂ ਅਤੇ ਬੋਟਾਂ ਨੂੰ ਨਵੀਂ ਪ੍ਰਵਾਜ਼ ਭਰਨ ਅਤੇ ਹਰ ਪਲ ਨੂੰ ਮਾਨਣ ਦਾ ਸਬੱਬ ਮਿਲਦਾ। ਇਹ ਪੱਤਿਆਂ ਦਾ ਝੁਰਮਟ ਕਦੇ ਤਿੱਖੜ-ਦੁਪਿਹਰਾਂ ਵਿਚ ਛਾਵਾਂ ਦਿੰਦਾ, ਕਦੇ ਬਾਰਸ਼ ਤੋਂ ਓਟ ਅਤੇ ਕਦੇ ਬਿਰਖ ਦੇ ਗਲ ਲੱਗ ਕੇ ਰੋਣਾ ਵੀ ਮਨੁੱਖ ਲਈ ਰਾਹਤ ਦਾ ਸਬੱਬ ਬਣਦਾ। ਨਿੱਕੇ ਨਿੱਕੇ ਬੀਜ ਹੀ ਹੁੰਦੇ ਜੋ ਪੁੰਗਰਦੇ, ਮੌਲ਼ ਕੇ ਫਸਲਾਂ ਦਾ ਰੂਪ ਧਾਰਦੇ। ਨਿੱਕੇ ਨਿੱਕੇ ਕਿਆਰੇ ਖੇਤ ਬਣਦੇ, ਨਿੱਕੀਆਂ ਕਿਆਰੀਆਂ ਵਿਚ ਵਗਦਾ ਪਾਣੀ ਹੀ ਧਰਤੀ ਨੂੰ ਖੁਸ਼ਹਾਲੀ ਅਰਪਦਾ। ਧਰਤੀ ਨੂੰ ਆਪਣੇ ਵਿਚ ਲੁਕਾਉਂਦੇ ਅਤੇ ਖਾਲੀ ਭੜੋਲਿਆਂ ਨੂੰ ਭਰਦੇ। ਜੱਟ ਦੇ ਮੁੱਖ ਦਾ ਨੂਰ ਬਣਦੇ। ਕਿੰਨਾ ਲੰਮੇਰਾ ਅਤੇ ਸੁਖਨਵਰ ਸਫ਼ਰ ਹੈ ਨਿੱਕੇ ਜਿਹੇ ਬੀਜ ਤੋਂ ਬੋਹਲ ਤੀਕ ਦਾ। ਇਸਦੀ ਹਾਸਲਤਾ ਹੀ ਮਨੁੱਖਤਾ ਲਈ ਸਦੀਵੀ ਜਿਊਣ ਦਾ ਮੂਲ-ਸਰੋਤ।
ਨਿੱਕੇ ਨਿੱਕੇ ਅਦਬੀ ਉਦਮ ਹੀ ਹੌਲੀ-ਹੌਲੀ ਸਾਹਿਤ ਸਿਰਜਣਾ ਦਾ ਸਿਰਨਾਵਾਂ ਬਣ, ਨਵੇਂ ਮਰਹੱਲਿਆਂ, ਨਵੇਂ ਸਰੋਕਾਰਾਂ ਅਤੇ ਨਵੇਂ ਮੁਹਾਵਰੇ ਰਾਹੀਂ ਨਵੀਆਂ ਸਿਨਫ਼ਾਂ ਨੂੰ ਮਾਂ-ਬੋਲੀ ਦੇ ਨਾਮ ਕਰਦੇ। ਇਸ ਦੇ ਰੁਤਬੇ ਅਤੇ ਬੁਲੰਦਗੀ ਨੂੰ ਨਵੀਂ ਪਛਾਣ ਦਿੰਦੇ। ਨਿੱਕੀਆਂ ਨਿੱਕੀਆਂ ਕਵਿਤਾਵਾਂ ਹੀ ਲੰਮੀ ਨਜ਼ਮ ਦਾ ਆਧਾਰ ਬਣ, ਬਹੁਭਾਂਤੀ ਅਰਥਾਂ ਦੀ ਬਿਆਨਕਾਰੀ ਹੁੰਦੀਆਂ। ਨਿੱਕੇ ਨਿੱਕੇ ਪਬ ਹੀ ਵੱਡੇ ਹੋ, ਨਵੀਆਂ ਰਾਹਾਂ ਦੀ ਨਿਸ਼ਾਨਦੇਹੀ ਕਰਦੇ, ਹਵਾ ਨੂੰ ਗੰਢਾਂ ਵੀ ਦਿੰਦੇ ਅਤੇ ਔਝੜ ਰਾਹਾਂ ਦੀ ਮੀਨਾਕਾਰੀ ਆਪਣੇ ਪੱਬਾਂ `ਤੇ ਕਰਦੇ। ਨੰਗੇ ਪੈਰਾਂ ਨਾਲ ਉਕਰੇ ਸਫ਼ਰ ਨਵੀਆਂ ਕੀਰਤੀਆਂ ਦਾ ਸ਼ਰਫ਼ ਹੁੰਦੇ। ਨਿੱਕੇ ਨਿੱਕੇ ਹੱਥ ਜਦ ਆਪਣੇ ਹੱਥਾਂ ਵਿਚ ਕਲਮ ਫੜਦੇ ਤਾਂ ਆਪਣੀਆਂ ਕਰਮ-ਰੇਖਾਵਾਂ ਖੁਦ ਉਕਰਨ ਦੇ ਕਾਬਲ ਹੁੰਦੇ ਅਤੇ ਹਸਤ-ਰੇਖਾਵਾਂ ਇਨ੍ਹਾਂ ਦੀਆਂ ਬਾਂਦੀ ਹੋ ਜਾਂਦੀਆਂ।
ਨਿੱਕੇ ਨਿੱਕੇ ਸਤਿਕਾਰ ਹੀ ਮਨੁੱਖੀ ਮਾਨਸਿਕਤਾ ਵਿਚ ਅਦਬ ਦਾ ਰੰਗ ਤੇ ਰੂਹ ਦਾ ਚਾਅ ਹੁੰਦੇ ਜਿਸ ਨਾਲ ਮਨ ਦੀ ਸੂਹੀ ਭਾਅ, ਚੌਗਿਰਦੇ ਨੂੰ ਆਪਣੇ ਰੰਗ ਵਿਚ ਰੰਗ, ਇਸਨੂੰ ਸਰਘੀ ਦਾ ਨਾਮ ਦੇ ਜਾਂਦੀ। ਨਿੱਕੀ ਨਿੱਕੀ ਅਪਣੱਤ ਹੀ ਰੂਹਾਂ ਦੀ ਸਾਂਝ। ਰੂਹਾਂ ਦੇ ਰਿਸ਼ਤੇ ਪੈਦਾ ਹੁੰਦੇ। ਫਿਰ ਰੂਹ ਤੋਂ ਰੂਹ ਤੀਕ ਦੀ ਜਾਚਨਾ-ਯਾਤਰਾ ਜਿ਼ੰਦਗੀ ਨੂੰ ਨਵੇਂ ਅਰਥ ਦੇ ਜਾਂਦੀ ਅਤੇ ਜਿ਼ੰਦਗੀ ਦੇ ਹਰ ਪਲ ਨੂੰ ਮਾਨਣ ਦਾ ਸ਼ੌਕ ਮਨ ਵਿਚ ਅੰਗੜਾਈਆਂ ਭਰਦਾ। ਕਦੇ ਵੀ ਕਿਸੇ ਚੀਜ਼, ਵਸਤ, ਉਦਮ, ਵਿਚਾਰ, ਵਰਤਾਰੇ ਜਾਂ ਵਿਹਾਰ ਨੂੰ ਨਿੱਕਾ ਨਾ ਸਮਝੋ। ਨਿੱਕੀ ਸਾਡੀ ਸੋਚ ਹੁੰਦੀ ਜਿਹੜੀ ਸਾਡੇ ਬੌਣੇਪਣ ਦਾ ਅਹਿਸਾਸ ਸਾਨੂੰ ਕਰਵਾ ਜਾਂਦੀ। ਵਸੀਹ ਸੋਚ ਵਾਲੇ ਲੋਕਾਂ ਦੀ ਨਜ਼ਰ ਅਤੇ ਨਜ਼ਰੀਆ ਬਹੁਤ ਵਿਸ਼ਾਲ ਹੁੰਦਾ। ਉਨ੍ਹਾਂ ਲਈ ਅੰਬਰ ਵੀ ਆਪਣਾ, ਧਰਤੀ ਵੀ ਉਨ੍ਹਾਂ ਦੀ। ਉਨ੍ਹਾਂ ਦੇ ਵਿਹੜੇ ਵਿਚ ਤਾਰਿਆਂ ਦੀ ਆਰਤੀ ਹੁੰਦੀ। ਰੌਸ਼ਨੀ ਵਿਚ ਉਹ ਖੁ਼ਦ ਵੀ ਨਹਾਉਂਦੇ ਅਤੇ ਹੋਰਨਾਂ ਨੂੰ ਇਸ ਵਿਚ ਇਸ਼ਨਾਨ ਕਰਨ ਲਈ ਪ੍ਰੇਰਿਤ ਕਰਦੇ। ਇਨ੍ਹਾਂ ਨਿੱਕੇ ਨਿੱਕੇ ਜਾਪਦੇ ਸ਼ਬਦਾਂ ਵਿਚੋਂ ਵੱਡੇ ਅਰਥਾਂ ਦੀ ਸੁਪਨਗੋਈ ਕਰਨੀ ਅਤੇ ਆਪਣੇ ਖੁਆਬਾਂ ਨੂੰ ਇਨ੍ਹਾਂ ਦਾ ਹਾਣੀ ਬਣਾਉਣਾ, ਕੁਝ ਕੁ ਵਿਰਲਿਆਂ ਦਾ ਕਰਮ-ਧਰਮ। ਤੁਸੀਂ ਹੀ ਤਾਂ ਹੋ ਜਿਹੜੇ ਇਸ ਕਰਮ-ਧਰਮ ਦਾ ਯੋਗ ਕਮਾਉਣ ਦੇ ਯੋਗ ਹੋ।