ਗੁਰਬਚਨ ਸਿੰਘ ਭੁੱਲਰ
ਸੰਪਰਕ: +91-80763-63058
ਅਜੀਤ ਕੌਰ ਦਾ ਦੱਸਣਾ ਸੀ ਕਿ ਪਹਿਲਾਂ ਕੋਈ ਸਹਿਮਤੀ ਲਏ ਬਿਨਾਂ, ਕੋਈ ਸੂਚਨਾ ਜਾਂ ਇਤਲਾਹ ਦਿੱਤੇ ਬਿਨਾਂ, ਕੋਈ ਲਿਖਤੀ ਚਿੱਠੀ ਪਾਏ ਬਿਨਾਂ 26 ਨਵੰਬਰ ਨੂੰ ਸ਼ਾਮ 6 ਵੱਜ ਕੇ 25 ਮਿੰਟ ਉੱਤੇ ਭਾਸ਼ਾ ਵਿਭਾਗ ਤੋਂ ਫੋਨ ਆਇਆ, “ਤੁਸੀਂ 3 ਤਾਰੀਖ਼ ਨੂੰ ਸਾਢੇ ਤਿੰਨ ਵਜੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਵਿਚ ਪਹੁੰਚ ਜਾਣਾ।”
ਅਜੀਤ ਕੌਰ ਨੇ ਪੁੱਛਿਆ, “ਕੌਣ? ਡਾਇਰੈਕਟਰ ਸਾਹਿਬ ਬੋਲ ਰਹੇ ਹੋ?”
ਉੱਤਰ ਮਿਲਿਆ, “ਨਹੀਂ, ਮੈਂ ਉਨ੍ਹਾਂ ਦਾ ਪੀ. ਏ. ਬੋਲ ਰਿਹਾ ਹਾਂ।”
“ਮੈਂ ਉਨ੍ਹਾਂ ਨਾਲ ਗੱਲ ਕਰ ਸਕਦੀ ਹਾਂ? ਘਰ ਦਾ ਨੰਬਰ ਹੈ?”
ਕਲਰਕੀ ਜਵਾਬ, “ਨਹੀਂ ਜੀ, ਉਹ ਨਹੀਂ ਪਸੰਦ ਕਰਦੇ ਘਰ ਗੱਲ ਕਰਨੀ।”
ਭਾਵੇਂ ਫੋਨ ਦਿੱਲੀ ਉਸੇ ਨੂੰ ਕੀਤਾ ਗਿਆ ਸੀ ਤੇ ਭਾਸ਼ਾ ਵਿਭਾਗੀ ਬਾਬੂ ਜਾਣਦਾ ਸੀ ਕਿ ਉਹ ਅਜੀਤ ਕੌਰ ਨਾਲ ਗੱਲ ਕਰ ਰਿਹਾ ਹੈ ਤਾਂ ਵੀ ਇਹਨੇ ਆਪਣੇ ਸਾਹਿਤਕ ਰੁਤਬੇ ਤੇ ਉਹਦੀ ਕਲਰਕੀ ਔਕਾਤ ਦੀ ਸੋਝੀ ਕਰਵਾਉਣ ਵਾਸਤੇ ਕਿਹਾ, “ਮੈਂ ਅਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ, ਕਹਾਣੀਆਂ ਵਾਲ਼ੀ ਅਜੀਤ ਕੌਰ!”
ਜਵਾਬ ਦੋ-ਹਰਫ਼ੀ ਸੀ, “ਹਾਂ, ਬੋਲੋ।”
“ਮੈਨੂੰ ਅੱਜ ਤੱਕ ਕੋਈ ਚਿੱਠੀ ਨਹੀਂ ਆਈ, ਕੋਈ ਇਤਲਾਹ ਨਹੀਂ।”
“ਅਸੀਂ ਕਿਸੇ ਨੂੰ ਚਿੱਠੀ ਨਹੀਂ ਲਿਖੀ। ਮੈਂ ਹੀ ਟੈਲੀਫੋਨ ਕਰ ਰਿਹਾ ਹਾਂ ਸਭ ਨੂੰ।”
ਅਜੀਤ ਕੌਰ ਨੂੰ ਹਰ ਕਿਸੇ ਵਿਚ ਸ਼ਾਮਲ “ਕਿਸੇ” ਕਹਿਣਾ! ਤੋਬਾ! ਤੋਬਾ! ਪਰ ਉਹ ਗੁੱਸਾ ਦਬਾ ਕੇ ਬੋਲੀ, “ਮੈਂ ਆਵਾਂਗੀ। ਮੈਨੂੰ ਪੰਜ ਮਿੰਟ ਬੋਲਣ ਲਈ ਚਾਹੀਦੇ ਹਨ।”
ਉੱਤਰ ਦਫ਼ਤਰੀ ਸੀ, “ਜੀ ਬੜੀ ਮੁਸ਼ਕਿਲ ਨਾਲ ਅਸੀਂ ਢਾਈ ਘੰਟੇ ਕਾਨਫ਼ਰੰਸ ਵਿਚੋਂ ਲਏ ਹਨ।”
“ਕਿਹੜੀ ਕਾਨਫ਼ਰੰਸ?…ਢਾਈ ਘੰਟਿਆਂ ਵਿਚੋਂ ਸਿਰਫ਼ ਪੰਜ ਮਿੰਟ!”
“ਨਹੀਂ! ਸੀ. ਐਮ. ਸਾਹਿਬ ਨੇ ਬੋਲਣਾ ਹੈ, ਡਾਇਰੈਕਟਰ ਸਾਹਿਬ ਨੇ ਬੋਲਣਾ ਹੈ, ਲਹਿੰਦੇ ਪੰਜਾਬ ਦੇ ਸੀ. ਐਮ. ਸਾਹਿਬ ਨੇ ਬੋਲਣਾ ਹੈ। ਹਰ ਲੇਖਕ ਵਾਸਤੇ ਡੇਢ ਤੋਂ ਦੋ ਮਿੰਟ ਹਨ ਕਿਉਂਕਿ 55 ਲੇਖਕ ਹਨ।…ਸਟੇਜ ਉੱਤੇ ਚੜ੍ਹਨਾ, ਲਫ਼ਾਫ਼ਾ ਫੜਨਾ, ਸਟੇਜ ਤੋਂ ਉੱਤਰਨਾ, ਦੋ-ਢਾਈ ਮਿੰਟ ਲੱਗ ਜਾਂਦੇ ਹਨ।”
ਅਜੀਤ ਕੌਰ ਨੇ ਵਿਅੰਗ ਕੀਤਾ, “ਜਿਵੇਂ ਸਕੂਲ ਦੇ ਬੱਚੇ ਲਾਈਨ ਬਣਾ ਕੇ ਇਨਾਮ ਲੈਂਦੇ ਹਨ?”
“ਜੋ ਮਰਜ਼ੀ ਸਮਝ ਲਓ।”
“ਲੇਖਕ ਨੂੰ ਜੇ ਬੋਲਣ ਨਹੀਂ ਦਿਉਗੇ ਤਾਂ ਉਹ ਏਨੀ ਦੂਰੋਂ ਕਿਉਂ ਆਏਗਾ? ਲਫ਼ਾਫ਼ਾ ਫੜਨ? ਲ਼ਫ਼ਾਫ਼ਾ ਡਾਕ ਵਿਚ ਵੀ ਆ ਸਕਦਾ ਹੈ।”
ਬਾਬੂ ਖਿਝ ਕੇ ਬੋਲਿਆ, “ਰਾਸ਼ਟਰਪਤੀ ਭਵਨ ਵਿਚ ਜਿਸ ਵੇਲ਼ੇ ਇਨਾਮ ਦਿੱਤੇ ਜਾਂਦੇ ਹਨ, ਉਸ ਵੇਲ਼ੇ ਕੋਈ ਨਹੀਂ ਬੋਲਦਾ?”
ਅਜੀਤ ਕੌਰ ਨੇ ਮਿਹਣਾ ਮਾਰਿਆ, “ਓ! ਤਾਂ ਪੰਜਾਬ ਦਾ ਭਾਸ਼ਾ ਵਿਭਾਗ ਆਪਣੇ ਆਪ ਨੂੰ ਰਾਸ਼ਟਰਪਤੀ ਭਵਨ ਸਮਝ ਰਿਹਾ ਹੈ! ਇਸੇ ਕਰਕੇ ਕਿਸੇ ਨੂੰ ਪਦਮ ਭੂਸ਼ਨ, ਕਿਸੇ ਨੂੰ ਪਦਮਸ਼੍ਰੀ ਵੰਡੇ ਜਾ ਰਹੇ ਹਨ!”
“ਮੈਂ ਜੀ ਹੋਰ ਵੀ ਕੰਮ ਕਰਨੇ ਹਨ।” ਤੇ ਉਹਨੇ ਫੋਨ ਕੱਟ ਦਿੱਤਾ।
ਕੋਈ ਅਜੀਤ ਕੌਰ ਦਾ ਫੋਨ ਗੱਲਬਾਤ ਦੇ ਵਿਚਾਲਿਉਂ ਕੱਟ ਦੇਵੇ, ਇਹ ਮਜਾਲ! ਉਹਨੇ ਮਨ ਹੀ ਮਨ ਕਿਹਾ, ਬੱਚੂ ਜੀ, ਹੁਣ ਵਾਰੀ ਮੇਰੀ ਹੈ! ਉਹ ਤਿੰਨ ਦਿਨ ਚੁੱਪ ਰਹੀ ਤੇ ਚੌਥੇ ਦਿਨ 30 ਨਵੰਬਰ ਨੂੰ ਪੱਤਰਕਾਰ ਬੁਲਾ ਲਏ। ਅਗਲੇ ਦਿਨ ‘ਪੰਜਾਬੀ ਟ੍ਰਿਬਿਊਨ’ ਦੇ ਮੁੱਖ ਪੰਨੇ ਉੱਤੇ ਦੋ-ਰੰਗੀ ਸੁਰਖੀ ਸੀ, “ਅਜੀਤ ਕੌਰ ਵੱਲੋਂ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਬਾਈਕਾਟ! ਭਾਸ਼ਾ ਵਿਭਾਗ ਦਾ ਇਨਾਮ ਵੀ ਠੁਕਰਾਇਆ!”
ਉਧਰ ਕਾਨਫ਼ਰੰਸ ਦਾ ਉਦਘਾਟਨ ਹੋ ਰਿਹਾ ਸੀ, ਇਧਰ ਲੇਖਕ ਇਕ ਦੂਜੇ ਨੂੰ ਅਖ਼ਬਾਰ ਪੜ੍ਹਾ ਰਹੇ ਸਨ। ਬਿਆਨ ਵਿਚ ਉਹਨੇ ਕਿਹਾ ਹੋਇਆ ਸੀ, “ਇਹ ਕਾਨਫ਼ਰੰਸ ਇਕ ਵੱਡਾ ਤਮਾਸ਼ਾ ਹੈ ਜੋ ਦੋਵਾਂ ਪੰਜਾਬਾਂ ਦੇ ਹਾਕਮਾਂ ਦੀ ਸਰਪ੍ਰਸਤੀ ਵਿਚ ਹੋ ਰਿਹਾ ਹੈ ਤੇ ਜਿਸ ਵਿਚ ਲੇਖਕਾਂ ਦਾ ਕੋਈ ਬਹੁਤਾ ਰੋਲ ਨਹੀਂ।…ਇਹ ਘੋੜ-ਦੌੜ ਪੰਜਾਬੀ ਯੂਨੀਵਰਸਿਟੀ ਵਿਚ ਕਿਉਂ ਹੋ ਰਹੀ ਹੈ? ਇਹ ਮਹਾਰਾਜੇ ਦੇ ਮਹਿਲ ਵਿਚ ਹੁੰਦੀ ਜਾਂ ਕਿਲਾ ਰਾਇਪੁਰ ਵਿਚ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ। ਮੇਰੀ ਮਾਂ-ਬੋਲੀ ਨਾਲ ਖਿਲਵਾੜ ਕਰਨ ਵਾਲ਼ੀ ਪੰਜਾਬੀ ਯੂਨੀਵਰਸਿਟੀ, ਜਿਸ ਨੂੰ ਹੁਣ ਤੱਕ ਮੈਨੂੰ ਬੁਲਾਉਣਾ ਵੀ ਕਦੇ ਯਾਦ ਨਹੀਂ ਆਇਆ, ਵਿਚ ਕਰ ਕੇ ਪੰਜਾਬੀ ਲੇਖਕਾਂ ਦੇ ਅੱਖੀਂ ਘੱਟਾ ਕਿਉਂ ਪਾਇਆ ਜਾ ਰਿਹਾ ਹੈ!”
ਇਕ ਲੱਖ ਰੁਪਏ ਦਾ ਇਨਾਮ ਠੁਕਰਾਉਂਦਿਆਂ ਉਹਨੇ ਕਿਹਾ, “ਭਾਸ਼ਾ ਵਿਭਾਗ ਦੀ ਮਾਨਸਿਕਤਾ ਦੇਖੋ। ਆਪਣੇ ਸਮਾਗਮ ਲਈ ਬਿਗਾਨੀ ਕਾਨਫ਼ਰੰਸ ਦਾ ਲਾਹਾ ਲੈ ਲਵੋ ਜਿਥੇ ਮੁਫ਼ਤ ਦਾ ਭਰਿਆ-ਭਰਾਇਆ ਹਾਲ ਮਿਲ ਜਾਵੇ, ਚਲੋ ਇਹ ਫਾਹਾ ਵੀ ਵੱਢੋ! ਬੇਕਦਰੀ ਵਾਲ਼ੇ ਇਸ ਸਨਮਾਨ ਨਾਲ ਮੈਨੂੰ ਖਰੀਦਿਆ ਨਹੀਂ ਜਾ ਸਕਦਾ।” ਉਹਨੇ ਆਪਣੀ ਸਾਰਕ ਸੰਸਥਾ ਵੱਲ ਇਸ਼ਾਰਾ ਕੀਤਾ, “ਅਜੀਤ ਕੌਰ ਤਾਂ ਢਾਈ-ਢਾਈ ਲੱਖ ਰੁਪਏ ਦੇ ਐਵਾਰਡ ਖ਼ੁਦ ਦਿੰਦੀ ਹੈ!”
ਉਹਨੇ ਇਹ ਵੀ ਇਤਰਾਜ਼ ਜਤਾਇਆ ਕਿ “ਇਕ ਤਾਂ ਮੈਨੂੰ ਇਹ ਸਨਮਾਨ ਬਹੁਤ ਦੇਰ ਨਾਲ ਦਿੱਤਾ ਜਾ ਰਿਹਾ ਹੈ ਤੇ ਫੇਰ ਉਹ ਵੀ 52 ਛੋਟਿਆਂ ਵਿਚੋਂ ਇਕ ਬਣਾ ਕੇ ਦਿੱਤਾ ਜਾ ਰਿਹਾ ਹੈ। ਮੈਂ ਇਸ ਤੋਂ ਵੱਡੇ ਸਨਮਾਨ ਦੀ ਹੱਕਦਾਰ ਹਾਂ। ਮੈਂ 52 ਵਾਲ਼ੀ ਕੈਟਾਗਰੀ ਵਿਚ ਨਹੀਂ ਹਾਂ। ਮਸਲਾ ਪੈਸੇ ਦਾ ਜਾਂ 25 ਹਜ਼ਾਰ ਰੁਪਏ ਦੇ ਫ਼ਰਕ ਦਾ ਨਹੀਂ, ਇਹ ਤਮੀਜ਼ ਤੇ ਮਾਣ-ਸਨਮਾਨ ਦਾ ਸੁਆਲ ਹੈ।”
ਅੰਤ ਵਿਚ ਉਹਨੇ ਪੰਜਾਬ ਦੇ ਹਾਕਮਾਂ ਨੂੰ ਕਿਹਾ, “ਆਪਣੇ ਕਠਪੁਤਲੀ ਭਾਸ਼ਾ ਵਿਭਾਗ ਵੱਲੋਂ ਦਿੱਤਾ ਜਾਣ ਵਾਲ਼ਾ ਇਹ ਇਕ ਲੱਖ ਰੁਪਏ ਦਾ ਐਵਾਰਡ ਲਾਲ ਸਿੰਘ ਦਿਲ ਨੂੰ ਦੇ ਦਿਉ ਜੋ ਏਨਾ ਚੰਗਾ ਕਵੀ ਹੁੰਦਿਆਂ ਰੋਜ਼ੀ-ਰੋਟੀ ਲਈ ਢਾਬਾ ਚਲਾਉਂਦਾ ਹੈ।” ਉਹਨੇ ਇਹ ਵੀ ਸਪੱਸ਼ਟ ਕੀਤਾ ਕਿ “ਐਵਰਡ ਦੀ ਇਹ ਰਕਮ ਕਿਸੇ ਬਾਊ ਦੇ ਬੋਝੇ ਵਿਚ ਨਾ ਜਾਵੇ, ਨਾ ਇਸ ਨਾਲ ਕਿਸੇ ਅਰਬੀ ਘੋੜੇ ਵਾਸਤੇ ਦਾਣਾ ਖਰੀਦਿਆ ਜਾਵੇ ਤੇ ਨਾ ਕਿਸੇ ਟਰੈਕਟਰ ਵਿਚ ਡੀਜ਼ਲ ਹੀ ਪੁਆਇਆ ਜਾਵੇ!”
ਜੇ ਉਹਨੂੰ ਬੋਲਣ ਲਈ ਪੰਜ ਮਿੰਟ ਮਿਲ ਜਾਂਦੇ ਤਾਂ ਉਹਨੇ ਕੀ ਬੋਲਣਾ ਸੀ, ਇਹ ਤਾਂ ਰੱਬ ਜਾਣੇ, ਪਰ ਹੁਣ ਉਹਨੇ ਆਖਿਆ, “ਜੇ ਮੈਨੂੰ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਬਾਇੱਜ਼ਤ ਮਾਣ-ਸਤਿਕਾਰ ਨਾਲ ਬੁਲਾਇਆ ਜਾਂਦਾ ਤੇ ਬੋਲਣ ਦਾ ਸਮਾਂ ਦਿੱਤਾ ਜਾਂਦਾ, ਮੈਂ ਤਾਂ ਇਹੋ ਕਹਿਣਾ ਸੀ, ਇਸ ਇਕ ਲੱਖ ਵਿਚ ਮੈਂ ਇਕ ਲੱਖ ਕੋਲ਼ੋਂ ਪਾ ਕੇ ਭਾਪਾ ਪ੍ਰੀਤਮ ਸਿੰਘ ਨੂੰ ਕਹਾਂਗੀ ਕਿ ਜਿਨ੍ਹਾਂ ਪਿੰਡਾਂ ਵਿਚ ਐਕਟਿਵ ਲਾਇਬਰੇਰੀਆਂ ਹਨ, ਉਹ ਇਸ ਦੋ ਲੱਖ ਰੁਪਏ ਦੀਆਂ ਕਿਤਾਬਾਂ ਉਨ੍ਹਾਂ ਨੂੰ ਭੇਜ ਦੇਣ।”
ਗੱਲ ਸਿਰਫ਼ ਪੰਜਾਬ ਸਰਕਾਰ, ਭਾਸ਼ਾ ਵਿਭਾਗ ਤੇ ਇਨਾਮ ਦੀ ਹੀ ਨਹੀਂ, ਉਹਨੂੰ ਕਿਤੇ ਵੀ ਆਪਣੇ ਨਾਲ ਕੁਝ ਗ਼ਲਤ ਹੋਇਆ ਲੱਗੇ, ਕੋਈ ਨਾਇਨਸਾਫ਼ੀ ਹੋਈ ਮਹਿਸੂਸ ਹੋਵੇ, ਉਹ ਪੂਰੇ ਜਾਹੋ-ਜਲਾਲ ਵਿਚ ਆ ਜਾਂਦੀ ਹੈ। ਉਹ ਮੁੱਦੇ ਨੂੰ ਮੁਕੱਦਮਾ ਬਣਾ ਲੈਂਦੀ ਹੈ ਤੇ ਅਦਾਲਤ ਵਾਂਗ ਲੜਦੀ ਹੈ। ਜਸਬੀਰ ਭੁੱਲਰ ਦਾ ਅੰਮ੍ਰਿਤਾ ਜੀ ਨੂੰ ਯਾਦ ਕਰਦਿਆਂ ਇਕ ਲੇਖ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ। ਉਸ ਵਿਚ ਇਮਰੋਜ਼ ਦਾ ਇਹ ਗਿਲਾ ਵੀ ਸ਼ਾਮਲ ਸੀ ਕਿ ਅੰਮ੍ਰਿਤਾ ਦੇ ਚਲਾਣੇ ਸਮੇਂ, ਏਨੀ ਨੇੜਲੀ ਹੋਣ ਦੇ ਬਾਵਜੂਦ, ਅਜੀਤ ਕੌਰ ਰਸਮੀ ਅਫ਼ਸੋਸ ਕਰਨ ਵੀ ਨਹੀਂ ਸੀ ਆਈ। ਇਹ ਪੜ੍ਹ ਕੇ ਹੈਰਾਨੀ ਮੈਨੂੰ ਵੀ ਹੋਈ ਸੀ ਕਿਉਂਕਿ ਮੇਰੀ ਜਾਣਕਾਰੀ ਅਨੁਸਾਰ ਉਹ ਤੇ ਅਰਪਨਾ ਤਾਂ ਅੰਮ੍ਰਿਤਾ ਦੇ ਚਲਾਣੇ ਬਾਰੇ ਸੁਣਦਿਆਂ ਹੀ ਪਹੁੰਚ ਗਈਆਂ ਸਨ। ਸਗੋਂ ਮੈਨੂੰ ਦੱਸਣ ਵਾਲੇ ਨੇ ਦੱਸਿਆ ਸੀ ਕਿ ਕਿਸੇ ਨੂੰ ਵੀ ਖ਼ਬਰ ਕੀਤੇ ਬਿਨਾਂ ਉਨ੍ਹਾਂ ਨੂੰ ਆਈਆਂ ਦੇਖ ਕੇ ਹੈਰਾਨ ਹੋਏ ਇਮਰੋਜ਼ ਨੂੰ ਰੇਣੁਕਾ ਨੇ ਦੱਸਿਆ ਸੀ ਕਿ ਅੰਮ੍ਰਿਤਾ ਜੀ ਦੀਆਂ ਬਹੁਤ ਨੇੜਲੀਆਂ ਹੋਣ ਕਰਕੇ ਉਨ੍ਹਾਂ ਨੂੰ ਖ਼ਬਰ ਉਹਨੇ ਦਿੱਤੀ ਸੀ।
ਅਜੀਤ ਕੌਰ ਨੇ ਅਖ਼ਬਾਰ ਪਰੇ ਰੱਖਿਆ ਤੇ ਜਸਬੀਰ ਨੂੰ ਫੋਨ ਖੜਕਾਇਆ, “ਤੂੰ ਇਹ ਗ਼ਲਤ ਗੱਲ ਕਿਉਂ ਲਿਖੀ ਹੈ?”
ਉਹਨੇ ਜਵਾਬ ਦਿੱਤਾ, “ਮੈਂ ਤਾਂ ਉਹੋ ਹੀ ਲਿਖਿਆ ਹੈ ਜੋ ਮੈਨੂੰ ਇਮਰੋਜ਼ ਨੇ ਦੱਸਿਆ।”
ਅਜੀਤ ਕੌਰ ਲਈ ਇਮਰੋਜ਼ ਨੂੰ ਕੁਝ ਪੁੱਛਣ-ਦੱਸਣ ਦੀ ਤਾਂ ਸ਼ਾਇਦ ਹੁਣ ਕੋਈ ਲੋੜ ਹੀ ਨਹੀਂ ਸੀ ਰਹਿ ਗਈ। ਉਹਨੇ ‘ਪੰਜਾਬੀ ਟ੍ਰਿਬਿਊਨ’ ਵਿਚ ਪੂਰਾ-ਸੂਰਾ ਲੇਖ ਛਪਵਾ ਕੇ ਆਪਣਾ ਪੱਖ ਦੱਸਣਾ ਠੀਕ ਸਮਝਿਆ। ਲੇਖ ਵਿਚ ਉਹਨੇ ਛੋਟੀ ਤੋਂ ਛੋਟੀ ਗੱਲ ਇਮਰੋਜ਼ ਨੂੰ ਚੇਤੇ ਕਰਵਾਈ ਤੇ ਪਾਠਕਾਂ ਨੂੰ ਦੱਸੀ:
“ਯਕੀਨ ਹੀ ਨਹੀਂ ਆਇਆ ਕਿ ਇਮਰੋਜ਼ ਮੇਰੇ ਬਾਰੇ ਇਹ ਸਭ ਕਹਿ ਸਕਦਾ ਏ। ਨਿਰੋਲ ਝੂਠ ਤੇ ਕੁਫ਼ਰ! ਹੋਰ ਤਾਂ ਚਲੋ ਕੋਈ ਸਭ ਕੁਝ ਭੁੱਲ ਸਕਦਾ ਏ ਪਰ ਉਹ ਘੜੀ ਕੋਈ ਕਦੇ ਨਹੀਂ ਭੁੱਲ ਸਕਦਾ ਜਦੋਂ ਅੰਮ੍ਰਿਤਾ ਜੀ ਦੀ ਦੇਹ ਨੂੰ ਉਹ ਛੋਟੇ ਬੱਚੇ ਵਾਂਗੂੰ ਕੁੱਛੜ ਚੁੱਕ ਕੇ ਪੌੜੀਆਂ ਤੋਂ ਥੱਲੇ ਉੱਤਰ ਰਿਹਾ ਹੋਵੇ ਤੇ ਉਹਦੇ ਨਾਲ ਉੱਤਰ ਰਹੀਆਂ ਹੋਣ ਸਿਰਫ਼ ਅਜੀਤ ਕੌਰ, ਅਜੀਤ ਦੀ ਬੇਟੀ ਅਰਪਨਾ, ਭਾਪਾ ਪ੍ਰੀਤਮ ਸਿੰਘ ਦੀ ਬੇਰੀ ਰੇਣੁਕਾ ਤੇ ਅਮੀਆ ਕੁੰਵਰ। ਤੇ ਪਿੱਛੇ-ਪਿੱਛੇ ਸ਼ੈਲੀ, ਅੰਮ੍ਰਿਤਾ ਜੀ ਦਾ ਬੇਟਾ ਜਿਹੜਾ ਉਸੇ ਸਵੇਰ ਦਿੱਲੀ ਆਇਆ ਸੀ, ਬੰਬਈਓਂ, ਕਿਉਂਕਿ ਅਗਲੇ ਦਿਨ ਦੀਵਾਲੀ ਸੀ। ਤੇ ਅਲਕਾ, ਅੰਮ੍ਰਿਤਾ ਜੀ ਦੀ ਨੂੰਹ, ਜਿਸ ਨੇ ਕਈ ਵਰ੍ਹੇ ਉਨ੍ਹਾਂ ਦੀ ਇਮਰੋਜ਼ ਦੇ ਨਾਲ ਰਲ਼ ਕੇ ਸੇਵਾ ਕੀਤੀ। ਆਪਣੇ ਟੱਬਰ ਤੋਂ ਦੂਰ, ਬੱਚਿਆਂ ਤੋਂ ਦੂਰ, ਅੰਮ੍ਰਿਤਾ ਨੂੰ ਮਾਂ ਨਾਲੋਂ ਵਧ ਕੇ ਪਿਆਰ ਕਰਨ ਵਾਲ਼ੀ ਅਲਕਾ! ਤੇ ਅਮੀਆ ਕੁੰਵਰ, ਪੰਜਾਬੀ ਦੀ ਸ਼ਾਇਰਾ ਤੇ ਅੰਮ੍ਰਿਤਾ ਜੀ ਦੀ ਟਰਾਂਸਲੇਟਰ। ਹੇਠਾਂ ਆ ਕੇ ਉਨ੍ਹਾਂ ਦੇ ਨਿੱਕੜੇ ਜਿਹੇ, ਸੁੰਗੜੇ ਹੋਏ ਸਰੀਰ ਨੂੰ ਫੱਟੇ ਨਾਲ ਬੰਨ੍ਹਣ ਵੇਲ਼ੇ ਚੰਨ ਵੀ ਪਹੁੰਚ ਗਿਆ ਹੋਇਆ ਸੀ।
“ਬੱਸ, ਛੇ-ਸੱਤ ਬੰਦਿਆਂ ਦਾ ਇਹ ਗੁੰਮਸੁੰਮ ਜਿਹਾ ਕਾਫ਼ਲਾ ਅੰਮ੍ਰਿਤਾ ਜੀ ਨੂੰ ਲੈ ਕੇ ਸ਼ਮਸ਼ਾਨ ਪਹੁੰਚ ਗਿਆ। ਥੜ੍ਹੇ ’ਤੇ ਅੰਮ੍ਰਿਤਾ ਜੀ ਨੂੰ ਰੱਖ ਕੇ ਓਥੋਂ ਦੇ ਪੰਡਤ ਨੇ ਇਮਰੋਜ਼ ਤੇ ਸ਼ੈਲੀ ਵੱਲ ਤੱਕਿਆ, ਦੱਸੋ ਕੀ ਰੀਤ-ਰਿਵਾਜ ਕਰਨਾ ਏ? ਕੋਈ ਰੀਤ-ਰਿਵਾਜ ਨਹੀਂ ਸੀ ਕਰਨਾ। ਸੋ ਪੰਡਤ ਨੇ ਹੀ ਗੁਣਗੁਣਾ ਕੇ ਇਕ-ਅੱਧ ਮੰਤਰ ਪੜ੍ਹ ਦਿੱਤਾ। ਓਨੇ ਚਿਰ ਵਿਚ ਲੱਕੜਾਂ ਚਿਣ ਕੇ ਚਿਤਾ ਬਣਾ ਦਿੱਤੀ ਗਈ। ਅੰਮ੍ਰਿਤਾ ਜੀ ਨੂੰ ਉਨ੍ਹਾਂ ਦੀ ਆਖ਼ਰੀ ਆਰਾਮਗਾਹ ਵਿਚ ਲਿਟਾ ਦਿੱਤਾ ਗਿਆ ਤੇ ਮੈਂ ਇਮਰੋਜ਼ ਨੂੰ ਜੱਫੀ ਪਾ ਕੇ ਭੁੱਬੀਂ ਰੋ ਪਈ।…ਇਹ ਸਾਰਾ ਕੁਝ ਤਾਂ ਨਹੀਂ ਭੁੱਲ ਸਕਦਾ ਕੋਈ!”
ਇਹ ਠੀਕ ਹੈ ਕਿ ਕਈ ਸਾਲ ਪਹਿਲਾਂ, ਨਿੱਕੀ-ਮੋਟੀ ਗੱਲ ਉੱਤੇ ਕੱਟੀ ਕਰਨ ਦੀ ਆਪਣੀ ਆਦਤ ਅਨੁਸਾਰ, ਅੰਮ੍ਰਿਤਾ ਨੇ ਅਜੀਤ ਕੌਰ ਨਾਲੋਂ ਵਿੱਥ ਪਾ ਲਈ ਸੀ ਪਰ ਅਜੀਤ ਕੌਰ ਬਚਪਨ ਤੋਂ ਬਣੇ ਸੰਬੰਧਾਂ ਨੂੰ ਯਾਦ ਰਖਦਿਆਂ ਪਹਿਲਾਂ ਵਾਂਗ ਹੀ ਸੁਹਿਰਦ ਰਹੀ ਸੀ।
ਅਜੀਤ ਕੌਰ ਦੇ ਨਾਨਾ ਈਸ਼ਰ ਸਿੰਘ ਲੰਮਾ ਸਮਾਂ ਗੁੱਜਰਾਂਵਾਲ਼ੇ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਤੇ ਅੰਮ੍ਰਿਤਾ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਵੀ ਉਨ੍ਹਾਂ ਦੇ ਨਾਲ ਹੀ ਕੰਮ ਕਰਦੇ ਸਨ। ਹਿਤਕਾਰੀ ਜੀ ਦਾ ਵਿਆਹ ਵੀ ਈਸ਼ਰ ਸਿੰਘ ਜੀ ਦੀ ਹਵੇਲੀ ਵਿਚ ਹੀ ਹੋਇਆ ਸੀ। ਅਜੀਤ ਕੌਰ ਦੇ ਪਿਤਾ ਲਾਹੌਰ ਦੇ ਪ੍ਰਮੁੱਖ ਹੋਮਿਉਪੈਥਿਕ ਡਾਕਟਰ ਸਨ ਤੇ ਅੰਮ੍ਰਿਤਾ ਦੇ ਪੇਕਾ-ਸਹੁਰਾ ਪਰਿਵਾਰ ਉਨ੍ਹਾਂ ਤੋਂ ਹੀ ਇਲਾਜ ਕਰਵਾਉਂਦੇ ਸਨ। ਹਿਤਕਾਰੀ ਜੀ ਨੇ ਹੀ ਘਰ ਪੜ੍ਹਾ ਕੇ ਅਜੀਤ ਕੌਰ ਨੂੰ ਬੁੱਧੀਮਾਨੀ ਪਾਸ ਕਰਵਾਈ ਸੀ ਤੇ ਉਹਨੀਂ ਦਿਨੀਂ ਛਪੀ ਲਾਲ ਜਿਲਦ ਉੱਤੇ ਸੁਨਹਿਰੀ ਅੱਖਰਾਂ ਵਿਚ ‘ਅੰਮ੍ਰਿਤ ਲਹਿਰਾਂ’ ਤੇ ‘ਅੰਮ੍ਰਿਤ ਕੌਰ’ ਲਿਖੇ ਵਾਲ਼ੀ ਅੰਮ੍ਰਿਤਾ ਦੀ ਪਲੇਠੀ ਪੁਸਤਕ ਵੀ ਹੱਥੀਂ ਕੁਝ ਲਿਖ ਕੇ ਸੌਗਾਤ ਵਜੋਂ ਦਿੱਤੀ ਸੀ, ਜਿਸ ਨੂੰ ਅਜੀਤ ਕੌਰ ਆਪਣੀ ਪਹਿਲੀ ਬਾਦਸ਼ਾਹਤ ਆਖਦੀ ਹੈ।
ਅਜੀਤ ਕੌਰ ਆਪਣੀ ਅੰਮ੍ਰਿਤਾ-ਭਗਤੀ ਦੀਆਂ ਦਿਲਚਸਪ ਗੱਲਾਂ ਦਸਦੀ ਹੈ। ਉਹ ਤੇ ਅੰਮ੍ਰਿਤਾ, ਦੋਵੇਂ ਪਟੇਲ ਨਗਰ ਰਹਿੰਦੀਆਂ ਸਨ। ਅਜੀਤ ਕੌਰ ਦਾ ਸਕੂਲ ਉਹਦੇ ਆਪਣੇ ਘਰੋਂ ਡੇਢ, ਪੌਣੇ ਦੋ ਮੀਲ ਸੀ। ਉਹ ਕਹਿੰਦੀ ਹੈ, “ਅੰਮ੍ਰਿਤਾ ਜੀ ਦੇ ਮੂੰਹੋਂ ਨਿੱਕਲੀ ਹਰ ਗੱਲ ਮੇਰੇ ਵਾਸਤੇ ਹਰਫ਼ੇ-ਆਖ਼ਿਰ ਸੀ। ਮੁਰਸ਼ਿਦ ਦਾ ਹੁਕਮ! ਉਨ੍ਹਾਂ ਨੇ ਕਿਹਾ, ਤੂੰ ਰੋਜ਼ ਮੇੇਰੇ ਘਰੋਂ ਮੇਰੀ ਬੇਟੀ ਨੂੰ ਸਕੂਲ ਲੈ ਜਾਇਆ ਕਰ ਤੇ ਆਉਂਦੀ ਵਾਰੀ ਛੱਡ ਜਾਇਆ ਕਰ। ਉਨ੍ਹਾਂ ਦੇ ਘਰ ਹੋ ਕੇ ਮੇਰਾ ਰਾਹ ਘੱਟੋ-ਘੱਟ ਤਿੰਨ ਮੀਲ ਹੋ ਗਿਆ। ਪਰ ਅੰਮ੍ਰਿਤਾ ਜੀ ਦਾ ਹੁਕਮ ਸੀ, ਉਜਰ ਦੀ ਕੀ, ਸੋਚ ਦੀ ਵੀ ਗੁੰਜਾਇਸ਼ ਨਹੀਂ ਸੀ! ਚਾਰ ਸਾਲ ਮੈਂ ਉਨ੍ਹਾਂ ਦੀ ਬੇਟੀ ਕੰਦਲਾ ਨੂੰ ਰੋਜ਼ ਸਵੇਰੇ, ਤੜਕਸਾਰ ਉਨ੍ਹਾਂ ਦੇ ਘਰੋਂ ਸਕੂਲ ਲੈ ਕੇ ਜਾਂਦੀ ਤੇ ਆਉਂਦੀ ਵਾਰੀ ਉਹਨੂੰ ਘਰ ਛਡਦੀ।”
ਅੱਗੇ ਚੱਲ ਕੇ ਉਹ ਹਫ਼ਤੇ ਵਿਚ ਇਕ ਵਾਰ ਜ਼ਰੂਰ ਮਿਲਦੀਆਂ ਰਹੀਆਂ। ਅਜੀਤ ਕੌਰ ਕਹਿੰਦੀ ਹੈ, “ਜੇ ਕਦੇ ਖੁੰਝ ਜਾਂਦੀ, ਤਾਂ ਤੜਕੇ ਉਨ੍ਹਾਂ ਦਾ ਫੋਨ ਆਉਂਦਾ, ‘ਏ ਕੁੜੀ, ਕੀ ਹੋ ਗਿਆ? ਆਈ ਨਹੀਂ? ਅਸੀਂ ਦੋਵੇਂ ਆ ਰਹੇ ਹਾਂ ਤੇਰੇ ਨਾਲ ਚਾਹ ਪੀਣ।’ ਤੇ ਅਸੀਂ ਮੇਰੇ ਨੀਤੀ ਬਾਗ਼ ਵਾਲ਼ੇ ਘਰ ਦੀ ਬਾਲਕਨੀ ਵਿਚ ਬੈਠ ਕੇ ਚਾਹ ਪੀਂਦੇ।…ਹੁਕਮ ਮੰਨਣ ਦਾ ਆਲਮ ਇਹ ਕਿ ਅੰਮ੍ਰਿਤਾ ਜੀ ਨੇ ਕਿਹਾ, ‘ਪ੍ਰਭਜੋਤ ਨਾਲ ਗੱਲ ਨਹੀਂ ਕਰਨੀ।’ ਕੋਈ ਸੁਆਲ-ਜੁਆਬ ਨਹੀਂ। ਨਹੀਂ ਕਰਨੀ ਤੇ ਬੱਸ ਨਹੀਂ ਕਰਨੀ!”
‘ਆਰਸੀ’ ਵਿਚ ਛਪੇ ਤੇ ਕੰਦਲਾ ਨੂੰ ਗੋਦ ਲਈ ਧੀ ਲਿਖਣ ਕਾਰਨ ਅੰਮ੍ਰਿਤਾ ਨੂੰ ਬੁਰੇ ਲੱਗੇ “ਦੁੱਗਲ ਸਾਹਿਬ ਦੇ ਬੜੇ ਪਿਆਰ ਤੇ ਅਦਬ ਨਾਲ ਲਿਖੇ ਹੋਏ” ਲੇਖ ਬਾਰੇ ਉਹਨੇ ਅਜੀਤ ਕੌਰ ਨੂੰ ਆਦੇਸ਼ ਦਿੱਤਾ, “ਤੂੰ ਐਂਜ ਕਰ, ਦੁੱਗਲ ਦੇ ਖ਼ਿਲਾਫ਼ ਸਾਰੇ ਪੰਜਾਬੀ ਲੇਖਕਾਂ ਕੋਲੋਂ ਇਤਰਾਜ਼ ਦੇ ਖ਼ਤ ਲਿਖਵਾ ਤੇ ਭਾਪਾ ਪ੍ਰੀਤਮ ਸਿੰਘ ਨੂੰ ਕਹਿ, ‘ਆਰਸੀ’ ਵਿਚ ਛਾਪਣ।” ਅੱਗੇ ਅਜੀਤ ਕੌਰ ਤੋਂ ਹੀ ਸੁਣ ਲਵੋ, “ਤੇ ਬੀਬੀ ਅਜੀਤ ਕੌਰ ਹੁਕਮ ਦੀ ਬਾਂਦੀ, ਸਭ ਨੂੰ ਚਿੱਠੀਆਂ ਲਿਖ ਰਹੀ ਸੀ। ਜੁਆਬ ਆ ਗਏ। ਭਾਪਾ ਪ੍ਰੀਤਮ ਸਿੰਘ ਨੂੰ ਦਿੱਤੇ। ਉਹ ਚੁੱਪ! ਸ਼ਰੀਫ਼ ਆਦਮੀ ਫਸ ਗਏ। ਇਕ ਪਾਸੇ ਅਜੀਤ ਕੌਰ, ਦੂਜੇ ਪਾਸੇ ਦੁੱਗਲ ਸਾਹਿਬ ਤੇ ਸਭ ਤੋਂ ਉੱਤੇ ਮਲਿਕਾ-ਏ-ਆਲੀਆ ਅੰਮ੍ਰਿਤਾ ਜੀ!
“ਸਾਰੀਆਂ ਚਿੱਠੀਆਂ ਲੈ ਕੇ ਖ਼ੁਸ਼ਵੰਤ ਕੋਲ ਪਹੁੰਚ ਗਈ। ਖ਼ੁਸ਼ਵੰਤ ਨੇ ਪਹਿਲਾਂ ਤਾਂ ਮੈਨੂੰ ਨਰਮ-ਗਰਮ ਗਾਲ਼ਾਂ ਕੱਢੀਆਂ, ‘ਬੇਵਕੂਫ਼ ਔਰਤ! ਜਦੋਂ ਅੰਮ੍ਰਿਤਾ ਨੂੰ ਪਤਾ ਏ ਕਿ ਉਹਦਾ ਇਤਰਾਜ਼ ਗ਼ਲਤ ਏ ਤੇ ਕੰਦਲਾ ਨੂੰ ਚਿਰੋਕਣਾ ਪਤਾ ਹੈ ਕਿ ਕੁੱਛੜ ਲਈ ਹੋਈ ਧੀ ਏ, ਫੇਰ ਹੁਣ ਇਹ ਮੁਸੀਬਤ ਕੀ ਏ?’ ਸੋ ਖ਼ੁਸ਼ਵੰਤ ਨੇ ਭਾਪਾ ਜੀ ਨੂੰ ਸਲਾਹ ਦਿੱਤੀ ਕਿ ਸਾਰੀਆਂ ਚਿੱਠੀਆਂ ਛਾਪਣ ਦੀ ਕੋਈ ਲੋੜ ਨਹੀਂ, ਤੁਸੀਂ ਆਪਣੇ ਵੱਲੋਂ ਇਕ ਮਾਫ਼ੀਨਾਮਾ ਮੋਟੇ ਅੱਖਰਾਂ ਵਿਚ ਛਾਪ ਦਿਉ।…ਦੁੱਗਲ ਸਾਹਿਬ ਨੇ ਮੇਰੇ ਨਾਲ ਚਿਰੋਕਣਾ ਚਿਰ ਬੋਲ-ਚਾਲ ਬੰਦ ਰੱਖੀ।”
ਤੇ ਫੇਰ ਚੱਲ ਪਿਆ ਕ੍ਰਿਸ਼ਣਾ ਸੋਬਤੀ ਤੇ ਅੰਮ੍ਰਿਤਾ ਦਾ ਮੁਕੱਦਮਾ। ਉਸ ਦਾ ਪੂਰਾ ਹਾਲ ਤਾਂ ਮੈਂ ਇਸੇ ਪੁਸਤਕ ਵਿਚ ਛਪੇ ਕ੍ਰਿਸ਼ਣਾ ਸੋਬਤੀ ਦੇ ਸ਼ਬਦ-ਚਿੱਤਰ ਵਿਚ ਦਿੱਤਾ ਹੋਇਆ ਹੈ, ਪਰ ਅਜੀਤ ਕੌਰ ਕੁਝ ਦਿਲਚਸਪ ਗੱਲਾਂ ਮੇਰੇ ਵਾਲ਼ੇ ‘ਪੂਰੇ ਹਾਲ’ ਤੋਂ ਵਧੀਕ ਦਸਦੀ ਹੈ। ਉਹਦੇ ਅਨੁਸਾਰ ਅੰਮ੍ਰਿਤਾ ਦੀ ਉਹ ਪੁਸਤਕ ਸਟਾਰ ਬੁੱਕਸ ਵਾਲਿਆਂ ਨੇ ਛਾਪੀ ਤੇ ਆਪਣੇ ‘ਹਾਊਸ ਜਰਨਲ’ ਵਿਚ ਇਸ਼ਤਿਹਾਰ ਦਿੱਤਾ, ‘ਜ਼ਿੰਦਗੀਨਾਮਾ’ ਅਬ ਹਿੰਦੀ ਔਰ ਉਰਦੂ ਮੇਂ! ਤੇ ਹੇਠਾਂ ਬਰੀਕ ਜਿਹਾ ‘ਲੇਖਿਕਾ ਅੰਮ੍ਰਿਤਾ ਪ੍ਰੀਤਮ’। ਕ੍ਰਿਸ਼ਣਾ ਉਹਨੀਂ ਦਿਨੀਂ ਭਾਰਤ ਭਵਨ ਭੋਪਾਲ ਵਿਚ ਛੇ ਮਹੀਨਿਆਂ ਵਾਸਤੇ ਰਾਈਟਰ-ਇਨ-ਰੈਜ਼ੀਡੈਂਸ ਸੀ। ਕਿਸੇ ਨੇ ਉਹਨੂੰ ਇਸ਼ਤਿਹਾਰ ਦੀ ਕਤਰਨ ਉਥੇ ਭੇਜ ਦਿੱਤੀ। ਕ੍ਰਿਸ਼ਣਾ ਦਾ ਜਿਹੋ ਜਿਹਾ ਸੁਭਾਅ ਸੀ, ਬੈਗ ਚੁੱਕਿਆ ਤੇ ਦਿੱਲੀ ਆ ਪਹੁੰਚੀ।
ਅਜੀਤ ਕੌਰ ਦਾ ਕਹਿਣਾ ਹੈ ਕਿ ਕ੍ਰਿਸ਼ਣਾ ਪਿਆਰ ਵਿਚ ਪੰਜਾਬੀ ਬੋਲਦੀ ਸੀ ਤੇ ਗੁੱਸੇ ਵਿਚ ਹਿੰਦੋਸਤਾਨੀ। ਉਹਦਾ ਫੋਨ ਆਇਆ, “ਯੇ ਦੇਖੋ ਯੇ ਤੁਮਹਾਰੀ ਪੰਜਾਬੀ ਵਾਲ਼ੀ ਨੇ ਕਿਆ ਕੀਆ, ਜਿਸੇ ਤੁਮ ਦਿਲ ਮੇਂ ਉਠਾਏ ਘੂਮਤੀ ਹੋ!”
ਅਜੀਤ ਕੌਰ ਨੇ ਆਖਿਆ, “ਜ਼ਰੂਰ ਕਿਧਰੇ ਕੋਈ ਗ਼ਲਤੀ ਏ। ਮੈਂ ਅੰਮ੍ਰਿਤਾ ਜੀ ਕੋਲੋਂ ਪੁਛਦੀ ਹਾਂ।”
ਜੇ ਕ੍ਰਿਸ਼ਣਾ ‘ਜ਼ਿੰਦਗੀਨਾਮਾ’ ਦੀਆਂ ਧੁੰਮਾਂ ਸਦਕਾ ਬਾਗੋ-ਬਾਗ ਸੀ ਤਾਂ ਅੰਮ੍ਰਿਤਾ ਗਿਆਨਪੀਠ, ਉਸਤਤੀ ਲੇਖਾਂ ਤੇ ਇੰਟਰਵਿਊਆਂ ਦੇ ਘੋੜੇ ਉੱਤੇ ਸਵਾਰ ਸੀ। ਉਹਨੇ ਕੋਈ ਪੱਲਾ ਨਾ ਫੜਾਇਆ। ਸਟਾਰ ਬੁੱਕਸ ਵਾਲ਼ਾ ਅਮਰ ਨਾਥ ਅਜੀਤ ਕੌਰ ਦਾ ਦੋਸਤ ਸੀ। ਫੋਨ ਕੀਤਾ ਤਾਂ ਉਹਨੇ ਜਵਾਬ ਦਿੱਤਾ, “ਤੁਹਾਨੂੰ ਤਾਂ ਪਤਾ ਹੀ ਏ ਕਿ ਅੰਮ੍ਰਿਤਾ ਜੀ ਦੇ ਸਾਰੇ ਇਸ਼ਤਿਹਾਰ ਤੇ ਉਨ੍ਹਾਂ ਦੀਆਂ ਕਿਤਾਬਾਂ ਦੇ ਸਾਰੇ ਕਵਰ ਸਿਰਫ਼ ਇਮਰੋਜ਼ ਹੀ ਡੀਜ਼ਾਈਨ ਕਰਦੇ ਨੇ। ਜੋ ਉਨ੍ਹਾਂ ਬਣਾਇਆ, ਓਹੀ ਅਸੀਂ ਛਾਪ ਦਿੱਤਾ।”
ਇਸ ਪਿੱਛੋਂ ਅਜੀਤ ਕੌਰ ਨੇ ਦੋਵਾਂ ਨੂੰ ਖਾਣੇ ’ਤੇ ਇਕੱਠੀਆਂ ਕਰਨ ਦੀ ਜੁਗਤ ਸੋਚੀ। ਗੱਲ ਨਿਬੇੜਨ ਦੇ ਇਰਾਦੇ ਨਾਲ ਉਹਨੇ ਪ੍ਰਕਾਸ਼ਕ ਅਮਰ ਨਾਥ ਨੂੰ ਵੀ ਬੁਲਾ ਲਿਆ ਤੇ ਲੇਖਕਾਂ ਦੇ ਲੇਖਕ ਖ਼ੁਸ਼ਵੰਤ ਸਿੰਘ ਨੂੰ ਵੀ। ਕ੍ਰਿਸ਼ਣਾ ਤੇ ਅਮਰ ਨਾਥ ਝੱਟ ਕਿਸੇ ਵੀ ਦਿਨ ਆਉਣ ਲਈ ਸਹਿਮਤ ਹੋ ਗਏ, ਖ਼ੁਸ਼ਵੰਤ ਨੇ ਵੀ ਆਪਣੀ ਡਾਇਰੀ ਫਰੋਲ-ਫਰਾਲ ਕੇ ਆਖ਼ਰ “ਪਰਸੋਂ ਠੀਕ ਏ, ਸੱਤ ਵਜੇ” ਦੱਸ ਦਿੱਤਾ। ਸਾਰੇ ਮੋਰਚੇ ਫ਼ਤਿਹ ਕਰ ਕੇ ਜਦੋਂ ਉਹਨੇ ਅੰਮ੍ਰਿਤ ਨੂੰ ਫੋਨ ਕੀਤਾ, ਜਵਾਬ ਮਿਲਿਆ, “ਕਿਉਂ? ਤੂੰ ਕੋਈ ਕਚਹਿਰੀ ਲਾਈ ਹੋਈ ਏ? ਮੈਂ ਕਿਉਂ ਆਵਾਂ?”
ਅਜੀਤ ਕੌਰ ਦਾ ਕਹਿਣਾ ਹੈ, “ਜ਼ਿੰਦਗੀ ਵਿਚ ਪਹਿਲੀ ਵਾਰੀ ਉਨ੍ਹਾਂ ਨੇ ਮੇਰੇ ਘਰ ਆਉਣ ਤੋਂ ਨਾਂਹ ਕਰ ਦਿੱਤੀ ਸੀ। ਸੋ ਡਿਨਰ ਕੈਂਸਲ ਹੋ ਗਿਆ। ਮੈਂ ਹੀ ਕਰ ਦਿੱਤਾ।…ਕੋਈ ਪੰਦਰਾਂ ਦਿਨਾਂ ਮਗਰੋਂ ਅੰਮ੍ਰਿਤਾ ਜੀ ਦਾ ਫੋਨ ਆਇਆ, ‘ਏ ਕੁੜੀ, ਤੂੰ ਓਸ ਦਿਨ ਡਿਨਰ ਦਾ ਕਹਿ ਰਹੀ ਸੀ ਨਾ, ਠੀਕ ਏ, ਕਰ ਲੈ, ਮੈਂ ਆ ਜਾਵਾਂਗੀ।’ ਖ਼ੁਸ਼-ਖ਼ੁਸ਼ ਫੋਨ ਕੀਤਾ ਕ੍ਰਿਸ਼ਣਾ ਨੂੰ। ਉਹ ਬੋਲੀ, ‘ਅੱਛਾ, ਉਹ ਲੀਗਲ ਨੋਟਿਸ ਮਿਲ ਗਿਆ ਲਗਦਾ ਏ ਉਹਨੂੰ! ਉਹਨੂੰ ਕਹਿ ਦੇ ਕਿ ਹੁਣ ਮੇਰੇ ਸੋਲਿਸਟਰ ਨਾਲ ਡਿਨਰ ਕਰੇ!’ ਮੇਰਾ ਸਾਹ ਉਤਲਾ ਉੱਤੇ ਤੇ ਹੇਠਲਾ ਹੇਠਾਂ! ਅਗਲੇ ਦਿਨ ਅੰਮ੍ਰਿਤਾ ਜੀ ਨੇ ਫੇਰ ਫੋਨ ਕਰ ਕੇ ਪੁੱਛਿਆ, ਕਦੋਂ ਏ ਡਿਨਰ? ਮੈਂ ਕਿਹਾ, ਜੀ, ਹੁਣ ਉਹ ਨਹੀਂ ਮੰਨਦੀ। ਬੱਸ ਓਸ ਘੜੀ ਤੋਂ ਅੰਮ੍ਰਿਤਾ ਜੀ ਦੀ ਨਾਰਾਜ਼ਗੀ ਸ਼ੁਰੂ ਹੋਈ। ਉਨ੍ਹਾਂ ਨੂੰ ਲੱਗਾ, ਮੈਂ ਕੋਈ ਬੇਵਫ਼ਾਈ ਕਰ ਰਹੀ ਸੀ ਉਨ੍ਹਾਂ ਨਾਲ। ‘ਤੇਰੀ ਤੇ ਸਹੇਲੀ ਏ, ਕਿਉਂ ਨਹੀਂ ਤੂੰ ਮਨਾ ਸਕਦੀ ਉਹਨੂੰ!’… ਕੌਣ ਕਿਸ ਨੂੰ ਮਨਾ ਸਕਦਾ ਏ?”
ਕੁਝ ਸਮੇਂ ਮਗਰੋਂ ਸਵੀਡਨ ਦੇ ਸਰਕਾਰੀ ਮਿਊਜ਼ੀਅਮ ਨੇ ਅਰਪਨਾ ਨੂੰ ਨੁਮਾਇਸ਼ ਲਾਉਣ ਲਈ ਬੁਲਾਇਆ। ਦੋਵੇਂ ਮਾਂ-ਧੀ ਅੰਮ੍ਰਿਤਾ ਜੀ ਤੋਂ ਅਸ਼ੀਰਵਾਦ ਲੈਣ ਪਹੁੰਚ ਗਈਆਂ। ਅਜੀਤ ਕੌਰ ਦਸਦੀ ਹੈ, “ਪੈਰਾਂ ਵਿਚ ਬਹਿ ਕੇ ਸਮਝਾਇਆ। ਅਰਪਨਾ ਦੇ ਸਿਰ ’ਤੇ ਹੱਥ ਰੱਖ ਕੇ ਮੈਂ ਕਿਹਾ, ਅੰਮ੍ਰਿਤਾ ਜੀ, ਤੁਹਾਡੇ ਨਾਲੋਂ ਨੇੜੇ ਸਾਡੇ ਲਈ ਕੋਈ ਵੀ ਨਹੀਂ। ਇਹ ਪਹਿਲੀ ਤੇ ਆਖ਼ਰੀ ਵਾਰੀ ਸੀ ਕਿ ਮੈਂ ਅਰਪਨਾ ਦੇ ਸਿਰ ’ਤੇ ਹੱਥ ਰੱਖ ਕੇ ਕਿਸੇ ਨੂੰ ਵੀ, ਕਦੇ ਵੀ ਕੁਝ ਕਿਹਾ ਸੀ। ਪਰ ਅੰਮ੍ਰਿਤਾ ਜੀ ਚੁੱਪ ਬੈਠੇ ਰਹੇ। ਬਰਫ਼ ਦੀ ਸਿੱਲ ਵਾਂਗ! ਮੈਂ ਖੜੋ ਗਈ, ‘ਠੀਕ ਏ ਅੰਮ੍ਰਿਤਾ ਜੀ, ਸਾਰੀ ਜ਼ਿੰਦਗੀ ਤੁਹਾਡੇ ਇਸ਼ਾਰੇ ’ਤੇ ਤੁਰਨ ਮਗਰੋਂ ਵੀ, ਅਜੇ ਵੀ ਜੇ ਕਿਸੇ ਯਕੀਨ ਦੀ ਘਾਟ ਏ ਤਾਂ ਮੇਰੀ ਕਿਸਮਤ ਦਾ ਹੀ ਫੇਰ ਏ। ਜਦੋਂ ਤੁਹਾਨੂੰ ਯਕੀਨ ਆ ਜਾਵੇ ਜਾਂ ਕਦੇ ਮੇਰੀ ਲੋੜ ਹੋਵੇ ਤਾਂ ਬੁਲਾ ਲੈਣਾ। ਦੌੜ ਕੇ ਆ ਜਾਵਾਂਗੀ।’ ਉਸ ਤੋਂ ਮਗਰੋਂ ਉਨ੍ਹਾਂ ਨੇ ਨਾ ਕਦੇ ਬੁਲਾਇਆ, ਨਾ ਮੈਂ ਗਈ।…ਫੇਰ ਇਕ ਦਿਨ ਉਹ ਤੁਰ ਗਏ। ਅਸੀਂ ਖ਼ੁਦ ਉਨ੍ਹਾਂ ਨੂੰ ਤੋਰ ਕੇ ਆਏ!”
‘ਰਾਸ਼ਟਰਕਵੀ ਕੁਵੇਂਪੂ ਪ੍ਰਤਿਸ਼ਠਾਨ’ ਕਰਨਾਟਕ ਨੇ ਦਸੰਬਰ 2019 ਦੇ ਸ਼ੁਰੂ ਦੇ ਦਿਨਾਂ ਵਿਚ ਫੋਨ ਕਰ ਕੇ ਦੱਸਿਆ ਕਿ ਜਿਉਰੀ ਨੇ ਸਰਬਸੰਮਤੀ ਨਾਲ ਇਸ ਸਾਲ ਦਾ ਪੰਜ-ਲੱਖੀ ਕੁਵੇਂਪੂ ਪੁਰਸਕਾਰ ਮੈਨੂੰ ਅਤੇ ਅਜੀਤ ਕੌਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਕੁਵੇਂਪੂ ਕੱਨੜ ਸਾਹਿਤ ਦੇ ਬਹੁਤ ਵੱਡੇ ਨਾਂ ਹਨ। ਉਨ੍ਹਾਂ ਨੂੰ ਰਾਸ਼ਟਰਕਵੀ ਕਹੇ ਜਾਣ ਸਦਕਾ ਸਾਧਾਰਨ ਪਾਠਕ ਨੂੰ ਉਨ੍ਹਾਂ ਦੇ ਕੇਵਲ ਕਵੀ ਹੋਣ ਦਾ ਭੁਲੇਖਾ ਪੈ ਸਕਦਾ ਹੈ। ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਗਿਣਤੀ ਤਾਂ 31 ਹੈ ਹੀ, ਕਵਿਤਾ ਤੋਂ ਇਲਾਵਾ ਉਨ੍ਹਾਂ ਦੀਆਂ ਰਚਨਾਵਾਂ ਵਿਚ 12 ਨਾਟ-ਪੁਸਤਕਾਂ, 2 ਨਾਵਲ, 3 ਕਹਾਣੀ-ਸੰਗ੍ਰਹਿ, 7 ਪੁਸਤਕਾਂ ਬਾਲਾਂ ਲਈ, 19 ਆਲੋਚਨਾ ਪੁਸਤਕਾਂ, ਨਿਬੰਧ-ਸੰਗ੍ਰਹਿ ਤੇ ਭਾਸ਼ਨ-ਸੰਗ੍ਰਹਿ, 2 ਜੀਵਨੀਆਂ, 1 ਸਵੈਜੀਵਨੀ, 3 ਅਨੁਵਾਦ ਅਤੇ 4 ਪੁਸਤਕਾਂ ਅੰਗਰੇਜ਼ੀ ਵਿਚ ਸ਼ਾਮਲ ਹਨ।
ਲੇਖਕ ਵਜੋਂ ਉਨ੍ਹਾਂ ਨੂੰ ਮਿਲੇ ਸਨਮਾਨਾਂ ਦੀ ਕੋਈ ਗਿਣਤੀ ਨਹੀਂ। ਸਾਹਿਤ ਅਕਾਦਮੀ ਪੁਰਸਕਾਰ, ਗਿਆਨਪੀਠ ਪੁਰਸਕਾਰ ਤੇ ਪੰਪਾ ਪੁਰਸਕਾਰ ਸਮੇਤ ਉਨ੍ਹਾਂ ਨੂੰ ਅਨੇਕ ਸਾਹਿਤਕ ਪੁਰਸਕਾਰ ਭੇਟ ਹੋਏ। 1979 ਵਿਚ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ ਫ਼ੈਲੋਸ਼ਿਪ ਦਿੱਤੀ। ਅੱਠ ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਡੀ. ਲਿਟ. ਦੀ ਡਿਗਰੀ ਦਿੱਤੀ। ਭਾਰਤ ਸਰਕਾਰ ਨੇ 1958 ਵਿਚ ਪਦਮਭੂਸ਼ਨ ਅਤੇ 1988 ਵਿਚ ਪਦਮਵਿਭੂਸ਼ਨ ਨਾਲ ਨਿਵਾਜਿਆ। ਕਰਨਾਟਕ ਸਰਕਾਰ ਨੇ 1964 ਵਿਚ ਰਾਸ਼ਟਰਕਵੀ ਦਾ ਸਨਮਾਨ ਅਤੇ 1992 ਵਿਚ ਰਾਜ ਦਾ ਸਭ ਤੋਂ ਵੱਡਾ ਸਨਮਾਨ, ਕਰਨਾਟਕ ਰਤਨ ਦਿੱਤਾ। 1980ਵਿਆਂ ਵਿਚ ਪਹਿਲੀ ਵਾਰ, ਤੇ ਸ਼ਾਇਦ ਇਕੋ ਵਾਰ, ਨੋਬਲ ਇਨਾਮ ਚੋਣ ਕਮੇਟੀ ਨੇ ਭਾਰਤੀ ਸਾਹਿਤ ਅਕਾਦਮੀ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਸਾਹਿਤ ਦੇ ਇਨਾਮ ਵਾਸਤੇ ਵਿਚਾਰਨ ਲਈ ਉਹ ਕਿਸ ਭਾਰਤੀ ਨਾਂ ਦਾ ਸੁਝਾਅ ਦੇਣਗੇ। ਉਸ ਸਮੇਂ ਕੁਵੇਂਪੂ ਦਾ ਨਾਂ ਭੇਜਣਾ ਹੀ ਵਾਜਬ ਤੇ ਠੀਕ ਸਮਝਿਆ ਗਿਆ ਸੀ।
ਉਨ੍ਹਾਂ ਦੀ ਯਾਦ ਵਿਚ ਦਿੱਤਾ ਜਾਂਦਾ ‘ਕੁਵੇਂਪੂ ਰਾਸ਼ਟਰੀਆ ਪੁਰਸਕਾਰ’ ਹਰ ਸਾਲ ਕਿਸੇ ਇਕ ਭਾਰਤੀ ਭਾਸ਼ਾ ਦੇ ਸ੍ਰੇਸ਼ਟ ਸਾਹਿਤਕਾਰ ਨੂੰ ਭੇਟ ਕੀਤਾ ਜਾਂਦਾ ਹੈ। ਪੁਰਸਕਾਰ ਦੇ ਪ੍ਰਾਪਤ-ਕਰਤਾ ਦੀ ਚੋਣ ਨਾਮੀ ਲੇਖਕਾਂ ਦੀ ਜਿਉਰੀ ਕਰਦੀ ਹੈ। ਪੁਰਸਕਾਰ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਜਾਤਪਾਤ, ਧਰਮ, ਭਾਸ਼ਾ, ਉਮਰ ਅਤੇ ਇਸਤਰੀ-ਪੁਰਸ਼ ਦਾ ਕੋਈ ਵੀ ਫ਼ਰਕ ਕੀਤੇ ਬਿਨਾਂ ਦਿੱਤਾ ਜਾਂਦਾ ਹੈ। ਹੁਣ ਤੱਕ ਇਹ ਗੌਰਵਸ਼ਾਲੀ ਪੁਰਸਕਾਰ ਦੇ ਪ੍ਰਾਪਤ-ਕਰਤਾ ਮਾਣਯੋਗ ਲੇਖਕ ਹਨ: ਸਾਲ 2013 ਲਈ ਕੇ. ਸੱਚਿਦਾਨੰਦਨ (ਮਲਿਆਲਮ), 2014 ਲਈ ਨਾਮਵਰ ਸਿੰਘ (ਹਿੰਦੀ), 2015 ਲਈ ਸ਼ਿਆਮ ਮਨੋਹਰ (ਮਰਾਠੀ), 2016 ਲਈ ਦੇਵਨੁਰੁ ਮਹਾਦੇਵ (ਕੱਨੜ), 2017 ਲਈ ਨੀਲਮਨੀ ਫੁਕਨ ਅਤੇ ਹੋਮਨ ਬੋਰਗ੍ਹਾਇਨ (ਅਸਾਮੀ), 2018 ਲਈ ਜੀਲਾਨੀ ਬਾਨੋ ਅਤੇ ਰਤਨ ਸਿੰਘ (ਉਰਦੂ)। 2019 ਲਈ ਜਿਉਰੀ ਨੇ ਸਰਬਸੰਮਤੀ ਨਾਲ ਮੇਰੀ ਤੇ ਅਜੀਤ ਕੌਰ ਦੀ ਚੋਣ ਕੀਤੀ।
ਇਸ ਖ਼ਬਰ ਨਾਲ ਪੰਜਾਬੀ ਦੀਆਂ ਮੁਖੀ ਸਾਹਿਤ ਸਭਾਵਾਂ, ਅਕਾਦਮੀਆਂ, ਵਿਭਾਗਾਂ, ਆਲੋਚਕਾਂ, ਆਦਿ ਵਿਚ ਅਜਿਹੀ ਸੁੰਨ ਵਰਤੀ ਕਿ ਹੰਗਲ ਦਾ ‘ਸ਼ੁਅਲੇ’ ਫ਼ਿਲਮ ਵਾਲਾ ਸਵਾਲ ਦੁਹਰਾਉਣ ਨੂੰ ਦਿਲ ਕਰਦਾ ਸੀ, “ਯਿਹ ਇਤਨਾ ਸੱਨਾਟਾ ਕਿਉਂ ਹੈ ਭਾਈ!” ਪਰ ਸੋਕੇ ਵਿਚ ਵੀ ਕੋਈ ਬੂਟਾ ਹਰਾ ਰਹਿ ਹੀ ਜਾਂਦਾ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ, ਡਾ. ਮਹਿੰਦਰ ਸਿੰਘ ਜੀ ਦਾ ਫੋਨ ਆਇਆ। ਉਨ੍ਹਾਂ ਨੇ ਵਧਾਈ ਦੇ ਕੇ ਕਿਹਾ ਕਿ ਸਦਨ ਅਮਕੀ ਤਾਰੀਖ਼ ਨੂੰ ਤੁਹਾਨੂੰ ਤੇ ਅਜੀਤ ਕੌਰ ਜੀ ਨੂੰ ਪੰਜਾਬੀ ਲਈ ਇਹ ਸ਼ੋਭਾ ਖੱਟਣ ਸਦਕਾ ਸਨਮਾਨਣਾ ਚਾਹੁੰਦਾ ਹੈ। ਤੇ ਉਸ ਦਿਨ ਭਰਪੂਰ ਇਕੱਠ ਵਿਚ ਬੀਬੀ ਗੁਰਸ਼ਰਨ ਕੌਰ (ਸ਼੍ਰੀਮਤੀ ਡਾ. ਮਨਮੋਹਨ ਸਿੰਘ) ਨੇ ਸਦਨ ਵੱਲੋਂ ਸਾਨੂੰ ਸ਼ਾਲਾਂ ਭੇਟ ਕੀਤੀਆਂ। ਇਸ ਸਨਮਾਨ ਨਾਲ ਮੈਂ ਸੱਚੇ ਅਰਥਾਂ ਵਿਚ ਸਨਮਾਨਿਆ ਗਿਆ ਮਹਿਸੂਸ ਕੀਤਾ!
ਉਹਨੀਂ ਦਿਨੀਂ ਮੈਂ, ਸੁਭਾਵਿਕ ਸੀ, ਅਜੀਤ ਕੌਰ ਨਾਲ ਕਰਨਾਟਕ ਜਾਣ ਬਾਰੇ ਸਲਾਹ ਕਰਨੀ ਚਾਹੁੰਦਾ ਸੀ ਪਰ ਰੁਕਾਵਟ ਸੰਪਰਕ ਦੀ ਸੀ। ਭਾਈ ਵੀਰ ਸਿੰਘ ਸਾਹਿਤ ਸਦਨ ਵਿਚ ਮਿਲੇ ਤਾਂ ਉਹਨੇ ਦੱਸਿਆ ਕਿ ਆਯੂ ਤੇ ਸਿਹਤ ਕਾਰਨ ਉਹਦਾ ਜਾਣਾ ਅਸੰਭਵ ਹੈ। ਮੈਂ ਅਰਪਨਾ ਕੌਰ ਨੂੰ ਕਿਹਾ ਕਿ ਇਹਨਾਂ ਦੇ ਨਾਂ ਦਾ ਸਨਮਾਨ ਲੈਣ ਲਈ ਉਹ ਚਲੀ ਚੱਲੇ, ਪਰ ਉਹਨੇ ਮਜਬੂਰੀ ਦੱਸੀ ਕਿ ਉਹ ਸਾਂਭ-ਸੰਭਾਲ ਦੇ ਪੱਖੋਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ। 29 ਦਸੰਬਰ 2019 ਨੂੰ ਮੇਰੇ ਸਨਮਾਨ ਮਗਰੋਂ ਟਰੱਸਟ ਦੇ ਪ੍ਰਧਾਨ ਨੇ ਮੈਥੋਂ ਦਿੱਲੀ ਦੇ ਠੀਕ ਮੌਸਮ ਬਾਰੇ ਤੇ ਦਿੱਲੀ ਵਿਚ ਸਮਾਗਮ ਕਰਨ ਲਈ ਕਰਨੇ ਪੈਣੇ ਕੰਮਾਂ ਬਾਰੇ ਪੁੱਛਿਆ। ਆਖ਼ਰ ਫ਼ੈਸਲਾ ਹੋਇਆ ਕਿ ਟਰੱਸਟ ਵੱਲੋਂ 3-4 ਸੱਜਨ ਸਰਦੀ ਮੱਠੀ ਪਈ ਤੋਂ 16 ਮਾਰਚ ਨੂੰ ਦਿੱਲੀ ਆ ਕੇ ਅਜੀਤ ਕੌਰ ਦਾ ਸਨਮਾਨ-ਸਮਾਗਮ ਕਰਨਗੇ।
ਮੈਂ ਆਪਣੇ ਧੰਨਵਾਦੀ ਭਾਸ਼ਨ ਵਿਚ ਕੁਵੇਂਪੂ ਦੀਆਂ ਕਵਿਤਾਵਾਂ ਨੂੰ ਪੰਜਾਬੀ ਕਵਿਤਾ ਵਿਚ ਅਨੁਵਾਦ ਕੇ ਪੁਸਤਕ ਛਪਵਾਉਣ ਦੀ ਗੱਲ ਕਰ ਆਇਆ ਸੀ। ਮੈਂ ਸੋਚਿਆ, ਪੁਸਤਕ ਦੀ ਮੁੱਖ-ਦਿਖਾਈ ਵੀ ਉਸੇ ਸਮਾਗਮ ਵਿਚ ਹੋ ਜਾਵੇ ਤਾਂ ਠੀਕ ਰਹੇ। ਦਿਨ-ਰਾਤ ਲੱਗ ਕੇ ਮੈਂ ਪੁਸਤਕ ‘ਅੰਬਰ ਦੀ ਬੁੱਕਲ’ ਨਾਂ ਨਾਲ ਪ੍ਰਕਾਸ਼ਿਤ ਕਰਵਾ ਲਈ। ਇਕ ਚੰਗੀ ਗੱਲ ਹੋਰ ਹੋ ਗਈ। ਪੰਜਾਬ ਆਰਟ ਕੌਂਸਲ ਨੇ ‘ਪੰਜਾਬ ਗੌਰਵ’ ਪੁਸਕਾਰ ਦੇਣੇ ਐਲਾਨੇ ਤਾਂ ਪਰਾਪਤ-ਕਰਤਿਆਂ ਵਿਚ ਮੈਂ ਤੇ ਅਜੀਤ ਕੌਰ, ਦੋਵੇਂ ਸ਼ਾਮਲ ਸੀ। ਉਹ 2 ਫ਼ਰਵਰੀ 2020 ਨੂੰ ਚੰਡੀਗੜ੍ਹ ਵੀ ਨਾ ਜਾ ਸਕੀ ਤੇ ਉਹਦਾ ਇਕ ਲੱਖ ਰੁਪਏ ਦਾ ਚੈੱਕ, ਫੁਲਕਾਰੀ ਤੇ ਮਾਣ-ਪੱਤਰ ਮੈਨੂੰ ਸੌਂਪ ਦਿੱਤੇ ਗਏ। ਮੈਨੂੰ ਤਸੱਲੀ ਰਹੀ ਕਿ ਉਹਦੇ ਘਰ ਜਾ ਕੇ ਫੜਾ ਆਉਣ ਦੀ ਥਾਂ ਇਹ ਸਨਮਾਨ ਵੀ 16 ਮਾਰਚ ਵਾਲ਼ੇ ਸਮਾਗਮ ਵਿਚ ਹੀ ਕੁਝ ਮਿੰਟ ਲੈ ਕੇ ਸੰਖੇਪ ਜਾਣਕਾਰੀ ਦਿੰਦਿਆਂ ਭੇਟ ਕੀਤਾ ਜਾ ਸਕੇਗਾ। ਅਜੀਤ ਕੌਰ ਨੂੰ ਇਹ ਦਸਦਿਆਂ ਮੈਂ ਇਹ ਵੀ ਲਿਖਿਆ ਕਿ ਕੁਵੇਂਪੂ ਸਨਮਾਨ ਤੇ ‘ਪੰਜਾਬ ਗੌਰਵ’ ਤੋਂ ਪਿੱਛੋਂ ਹੁਣ ਆਪਾਂ ਨੂੰ ਇਕ ਹੋਰ ਸਨਮਾਨ ਸਾਂਝਾ ਮਿਲਣਾ ਬਾਕੀ ਰਹਿ ਗਿਆ ਹੈ, ਨੋਬਲ ਇਨਾਮ!
ਤੇ ਫੇਰ ਕੋਰੋਨਾ ਜੀ ਲੰਮੇ, ਸਗੋਂ ਅਣਮਿਥੇ ਸਮੇਂ ਦੇ ਮਹਿਮਾਨ ਬਣ ਕੇ ਆ ਗਏ। ਨਤੀਜੇ ਵਜੋਂ 16 ਮਾਰਚ ਵਾਲ਼ੇ ਸਮਾਗਮ ਦੀ ਕੋਈ ਸੰਭਾਵਨਾ ਨਾ ਰਹਿ ਗਈ। ਦੂਰ ਤੱਕ ਦਾ ਭਵਿੱਖ ਵੀ ਬੇਯਕੀਨਾ ਹੋ ਗਿਆ। ਅਜੀਤ ਕੌਰ ਨੇ ਕਰਨਾਟਕ ਵਾਲ਼ੇ ਪੈਸੇ ਅਨਸਮਾਗਮੇ ਹੀ ਮੰਗਵਾ ਲਏ। ਮੇਰੀ ਅਨੁਵਾਦਿਤ ਪੁਸਤਕ ਲਈ ਟਰੱਸਟ ਵਾਲ਼ਿਆਂ ਆਖਿਆ, ਕੋਰੋਨਾ ਦੇ ਵਿਦਾਅ ਹੁੰਦਿਆਂ ਹੀ ਤੁਹਾਨੂੰ ਕਰਨਾਟਕ ਬੁਲਾ ਕੇ ਉਚੇਚੇ ਸਮਾਗਮ ਵਿਚ ਉਹ ਪੂਰੀ ਸਜ-ਧਜ ਨਾਲ ਪਾਠਕ-ਭੇਟ ਕਰਾਂਗੇ। ਤੇ ਬਾਕੀ ਰਹਿ ਗਿਆ ਮੇਰੇ ਕੋਲ ਪਿਆ ਅਜੀਤ ਕੌਰ ਦਾ ‘ਪੰਜਾਬ ਗੌਰਵ’। ਹੁਣ ਉਹ ਸਾਡੇ ਚੰਗੇ-ਵਾਹਵਾ ਸੰਪਰਕ ਦਾ ਵਸੀਲਾ ਬਣ ਗਿਆ। ਮੇਲਾਂ ਆਉਣ-ਜਾਣ ਲੱਗੀਆਂ। ਕਦੀ-ਕਦੀ ਫੋਨ ਵੀ ਆ ਜਾਂਦਾ। ਸਾਨੂੰ ਦੋਵਾਂ ਨੂੰ ਡਰ ਸੀ, ਜੇ ਚੈੱਕ ਦੇ ਤਿੰਨ ਮਹੀਨੇ ਲੰਘ ਗਏ, ਦੁਬਾਰਾ ਮੰਗਵਾਉਣ-ਭੇਜਣ ਦਾ ਝੰਜਟ ਹੋਣਾ ਹੈ। ਆਖ਼ਰ ਅਜੀਤ ਕੌਰ ਨੇ ਆਪਣੇ ਬੈਂਕ-ਲੇਖੇ ਦਾ ਵੇਰਵਾ ਭੇਜਿਆ ਤੇ ਮੈਂ ਉਸ ਬੈਂਕ ਦੀ ਆਪਣੇ ਘਰ ਦੇ ਨੇੜਲੀ ਸ਼ਾਖ਼ ਦਾ ਪਤਾ ਕਰ ਕੇ ਚੈੱਕ ਉਥੇ ਪੁਆ ਦਿੱਤਾ। ਅਜੀਤ ਕੌਰ ਦੀ ਗਦਗਦ ਮੇਲ ਵੀ ਆ ਗਈ।
ਮੇਰੇ ਕੋਲ ਰਹਿ ਗਏ ਮਾਣ-ਪੱਤਰ ਤੇ ਫੁਲਕਾਰੀ। ਮਾਣ-ਪੱਤਰ ਵਿਚ ਉਹਨੂੰ ਕੋਈ ਖਾਸ ਦਿਲਚਸਪੀ ਨਹੀਂ ਸੀ ਦਿਸਦੀ। “ਚੱਲ ਫੇਰ ਕਦੇ ਦੇਖੀ ਜਾਊ। ਪਰ ਮੇਰੀ ਫੁਲਕਾਰੀ ਜ਼ਰੂਰ ਮੈਨੂੰ ਮਿਲ ਜਾਵੇ।” ਕੁਝ ਹਫ਼ਤਿਆਂ ਮਗਰੋਂ ਸਰਕਾਰ ਨੇ ਕੋਰੀਅਰ ਖੋਲ੍ਹ ਦਿੱਤੇ। ਪਰ ਕੋਰੀਅਰ ਵਾਲ਼ੇ ਦੁਕਾਨਾਂ ਖੋਲ੍ਹ ਕੇ ਕੀ ਕਰਦੇ, ਚੰਦਰੇ ਸਮਿਆਂ ਵਿਚ ਕੀਹਨੇ ਕੀਹਨੂੰ ਕਾਹਦਾ ਕੋਰੀਅਰ ਕਰਾਉਣਾ ਸੀ! ਤਾਂ ਵੀ ਮੈਂ ਸੋਚ ਰਿਹਾ ਸੀ ਕਿ ਜੇ ਨੇੜੇ-ਤੇੜੇ ਕਿਸੇ ਕੋਰੀਅਰ ਵਾਲੇ ਨੇ ਦੁਕਾਨ ਖੋਲ੍ਹ ਕੇ ਗਾਹਕ ਉਡੀਕਣ ਦੀ ਹਿੰਮਤ ਕਰ ਲਈ ਹੋਵੇ ਤਾਂ ਮੈਂ ਫੁਲਕਾਰੀ ਭੇਜ ਹੀ ਦੇਵਾਂ। ਏਨੇ ਨੂੰ 16 ਜੂਨ ਨੂੰ ਮੇਲ ਆਈ, “ਮੇਰੇ ਪਿਆਰੇ ਗੁਰਬਚਨ ਜੀ, ਏਨੀ ਲੰਮੀ ਚੁੱਪ ਕਿਉਂ? ਮੈਨੂੰ ਬਹੁਤ ਚਿੰਤਾ ਹੈ।” ਅੱਗੇ ਕੋਰੋਨਾ ਬਾਰੇ ਤੇ ਮਾਹੌਲ ਬਾਰੇ ਗੱਲਾਂ ਲਿਖ ਕੇ, ਫੁਲਕਾਰੀ ਦਾ ਕੋਈ ਸਿੱਧਾ ਜ਼ਿਕਰ ਕੀਤੇ ਬਿਨਾਂ, ਅੰਤ ਇਉਂ ਕੀਤਾ ਸੀ, “ਇਹ ਕੋਰੋਨਾ ਦੀ ਹਨੇਰੀ ਲੰਘ ਜਾਣ ਦੀ ਉਡੀਕ ਹੈ ਤਾਂ ਜੋ ਆਪਾਂ ਫੇਰ ਨਿੱਘੀਆਂ ਗਲਵੱਕੜੀਆਂ ਪਾ ਕੇ ਮਿਲ ਸਕੀਏ!”
ਮੈਂ 18 ਜੂਨ ਨੂੰ ਹੋਰ ਗੱਲਾਂ ਦੇ ਜਵਾਬ ਤੋਂ ਇਲਾਵਾ ਲਿਖਿਆ, “ਮੈਂ ਤੁਹਾਨੂੰ ਫੁਲਕਾਰੀ ਭੇਜਣੀ ਹੈ। ਉਮੀਦ ਹੈ, ਛੇਤੀ ਹੀ ਕੋਰੀਅਰ ਕਰਵਾ ਕੇ ਤੁਹਾਨੂੰ ਮੇਲ ਰਾਹੀਂ ਸੂਚਿਤ ਕਰਨ ਦੇ ਯੋਗ ਹੋ ਜਾਵਾਂਗਾ।” ਜਵਾਬ ਆਇਆ, “ਬਹੁਤ ਪਿਆਰੇ ਗੁਰਬਚਨ ਜੀ, ਬਹੁਤ ਬਹੁਤ ਧੰਨਵਾਦ! ਤੁਸੀਂ ਬਹੁਤ ਲਾਡਲੇ ਦੋਸਤ ਹੋ।” ਆਖ਼ਰ 6 ਜੁਲਾਈ ਨੂੰ ਮੈਂ ਕੋਰੀਅਰ ਕਰਵਾਉਣ ਵਿਚ ਸਫਲ ਹੋ ਗਿਆ। ਉਸ ਵਿਚ ਪਾਈ ਚਿੱਠੀ ਵਿਚ ਵੀ ਮੈਂ ਪਹੁੰਚ ਭੇਜਣ ਦੀ ਤਾਕੀਦ ਕੀਤੀ ਤੇ ਮੇਲ ਰਾਹੀਂ ਸੂਚਿਤ ਕਰ ਕੇ ਵੀ ਉੱਤਰ ਦੇਣ ਲਈ ਕਿਹਾ। ਮੈਂ ਰਸੀਦ ਦੀ ਤਸਵੀਰ ਵੀ ਭੇਜ ਦਿੱਤੀ ਤਾਂ ਜੋ ਕੋਰੀਅਰ ਦੀ ਪੈੜ ਕੱਢੀ ਜਾ ਸਕੇ ਤੇ ਨੇੜੇ ਦੇ ਉਨ੍ਹਾਂ ਦੇ ਦਫ਼ਤਰੋਂ ਵੀ ਪੁੱਛਿਆ ਜਾ ਸਕੇ।
ਮੇਰੀ ਚਿੰਤਾ ਸੱਚੀ ਸੀ। ਰਾਹ ਵਿਚ ਕੋਈ ਫੁਲਕਾਰੀ ਕੱਢ ਕੇ ਪਾਟਿਆ ਹੋਇਆ ਤੌਲੀਆ ਵੀ ਪਾ ਸਕਦਾ ਸੀ। ਕੋਰੀਅਰਾਂ ਵਿਚ ਅਜਿਹਾ ਵਾਪਰਨਾ ਕੋਈ ਅਨਹੋਣੀ ਨਹੀਂ। ਜਵਾਬ ਉਡੀਕ ਕੇ ਮੈਂ 11 ਜੁਲਾਈ ਨੂੰ ਮੇਲ ਕੀਤੀ, “ਬੀਬੀ ਜੀ, ਕੀ 6 ਤਾਰੀਖ਼ ਦਾ ਕਰਵਾਇਆ ਕੋਰੀਅਰ ਅਜੇ ਵੀ ਨਹੀਂ ਮਿਲਿਆ?”
ਹੁਣ ਤਾਂ ਦਿਨਾਂ ਦੀ ਥਾਂ ਹਫ਼ਤੇ-ਮਹੀਨੇ ਬੀਤਦੇ ਜਾਂਦੇ ਹਨ। ਜਵਾਬ ਦੀ ਉਡੀਕ ਹੈ ਤੇ ਇਹ ਉਡੀਕ ਹੁਣ ਉਡੀਕ ਹੀ ਰਹੇਗੀ ਕਿਉਂਕਿ ਅਜੀਤ ਕੌਰ ਨਾਲ ਵਾਹ ਪਏ ਤੋਂ ਹੀ ਪਤਾ ਲਗਦਾ ਹੈ ਕਿ ਅਤਿ-ਭਾਵੁਕ ਸ਼ਬਦਾਂ ਨੂੰ ਪੂਰੀ ਤਰ੍ਹਾਂ ਭਾਵੁਕਤਾ-ਮੁਕਤ ਰਹਿ ਕੇ ਲਿਖਣਾ-ਵਰਤਣਾ ਉਹਦੇ ਵਾਸਤੇ ਸਾਧਾਰਨ ਗੱਲ ਹੈ! ਬੇ-ਆਪਣਿਆਂ ਨੂੰ ਵੀ ਅਪਣੱਤ ਦਿਖਾਉਣ ਦੀ ਅਤੇ ਦੂਰੀਆਂ ਸਿਰਜ ਕੇ ਨੇੜਤਾ ਜਤਾਉਣ ਦੀ ਇਹ ਕਲਾ ਸ਼ਾਇਦ ਕੇਵਲ ਉਸ ਨੂੰ ਹੀ ਆਉਂਦੀ ਹੈ। ਆਪਣੀ ਰਚਨਾ ਵਿਚ ਸ਼ਬਦਾਂ ਦੀ ਵਰਤੋਂ ਦੀ ਕਲਾ ਦਾ ਕਮਾਲ ਤਾਂ ਉਹਨੂੰ ਹਾਸਲ ਹੈ ਹੀ, ਉਹ ਸਾਧਾਰਨ ਵਰਤੋਂ-ਵਿਹਾਰ ਵਿਚ ਵੀ ਘੋਰ ਜਜ਼ਬਾਤੀ ਸ਼ਬਦਾਂ ਨੂੰ ਜਜ਼ਬਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਕੇ ਤੇ ਉਨ੍ਹਾਂ ਦਾ ਕੋਈ ਜਜ਼ਬਾਤੀ ਪ੍ਰਭਾਵ ਮਹਿਸੂਸ ਕੀਤੇ ਬਿਨਾਂ ਵਰਤਣ ਦੇ ਸਮਰੱਥ ਹੈ। ਅਗਲਾ ਪਿਆਰਾ, ਲਾਡਲਾ, ਦੋਸਤ, ਯਾਰ, ਆਦਿ ਸੁਣ ਕੇ ਧੰਨ ਹੁੰਦਾ ਰਹਿੰਦਾ ਹੈ, ਉਹ ਅਗਲੇ ਦਾ ਅਰਥ-ਵਿਹੂਣੇ ਸ਼ਬਦ ਸੁਣ ਕੇ ਧੰਨ ਹੋਣਾ ਦੇਖ ਪ੍ਰਸੰਨ ਹੁੰਦੀ ਰਹਿੰਦੀ ਹੈ!
ਸਮਾਪਤ