ਸਾਡੇ ਚੇਤਿਆਂ ’ਚ ਵਸਦਾ ਵਾਰਿਸ ਸ਼ਾਹ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਮਹੀਨੇ ਦੇ ਅੰਤਲੇ ਦਿਨਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿਚ ਹੋਰਨਾਂ ਗੱਲਾਂ ਤੋਂ ਬਿਨਾਂ ਵਾਰਿਸ ਸ਼ਾਹ ਦੇ ਹੇਠ ਲਿਖੇ ਬੋਲ ਵੀ ਖੂਬ ਗੂੰਜੇ:

ਬਖਸ਼ ਇਹ ਗੁਨਾਹ ਤੂੰ ਭਾਬੀਆਂ ਨੂੰ
ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ
ਅਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਮਰਨ ਤੇ ਪੈਂਦੀਆਂ ਭੱਜ ਬਾਹੀਂ
ਬਿਨਾ ਭਾਈਆਂ ਪਰੇ ਪਰਿਵਾਰ ਨਾਹੀਂ
ਲੱਖ ਓਟ ਹੈ ਕੋਲ ਵਸੰਦਿਆਂ ਦੀ
ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਂਵਦੇ ਭਾਈ ਉਸਾਰਦੇ ਨੇ
ਭਾਈਆਂ ਬਾਝ ਬਾਹਾਂ, ਬੇਲੀ, ਯਾਰ ਨਾਹੀਂ
ਅਸਲ ਵਿਚ ਅੱਜ-ਕੱਲ੍ਹ ਓਧਰਲੇ ਤੇ ਏਧਰਲੇ ਪੰਜਾਬ ਵਿਚ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਸਮਾਗਮ ਰੰਗ ਬੰਨ੍ਹ ਰਹੇ ਹਨ। ਕਿਧਰੇ ਸਨ ਸੰਤਾਲੀ ਦੀ ਵੰਡ ਸਮੇਂ ਨੂੰਹਾਂ ਧੀਆਂ ਦੀ ਬੇਪਤੀ ਨਾਲ ਜੁੜੇ ਅੰਮ੍ਰਿਤਾ ਪ੍ਰੀਤਮ ਦੇ ਹੇਠ ਲਿਖੇ ਬੋਲ ਚੇਤੇ ਕੀਤੇ ਜਾ ਰਹੇ ਹਨ:
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬ ਏ ਇਸ਼ਕ ਦਾ ਕੋਈ ਅਗਲਾ ਵਰਕ ਫੋਲ
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦਮੰਦਾਂ ਦਿਆ ਦਰਦੀਆ ਤੂੰ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਅਤੇ ਕਿਧਰੇ ਪੰਜਾਬ ਦੇ ਕਾਲੇ ਦਿਨਾਂ ਵਿਚ ਖਾਲਿਸਤਾਨੀ ਅਤਿਵਾਦੀਆਂ ਦੀ ਹੈਂਕੜ ਨਾਲ ਜੁੜੇ ਸੁਰਜੀਤ ਪਾਤਰ ਦੇ ਹੇਠ ਲਿਖੇ ਬੋਲ ਦੁਹਰਾਏ ਜਾ ਰਹੇ ਹਨ:
ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ
ਉਹ ਜ਼ਖਮ ਪੁਰਾਣੇ ਭੁੱਲ ਹੀ ਗਏ
ਨਵਿਆਂ ਦੀ ਹੋਈ ਤਿਆਰੀ ਹੈ।
ਵਾਰਿਸ ਸ਼ਾਹ ਦੇ ਇਹੋ ਜਿਹੇ ਬੋਲੇ ਦੇਸ ਵਿਦੇਸ਼ ਵਸਦੇ ਪੰਜਾਬੀਆਂ ਦੇ ਤਨ ਮਨ ਵਿਚ ਵਸੇ ਹੋਏ ਹਨ। ਉਨ੍ਹਾਂ ਵਿਚਲੀ ਜੀਵਨ ਸ਼ੈਲੀ ਤੇ ਜੀਵਨ ਦੇ ਸੱਚ ਨੂੰ ਮੁੜ ਮੁੜ ਯਾਦ ਕੀਤਾ ਜਾਂਦਾ ਹੈ:
1. ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
2. ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ
ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ
3. ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ
ਉਸਦੀ ਹੀਰ ਦੇ ਕਿੱਸੇ ਵਿਚ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਸੱਚ ਏਨੀ ਖ਼ੂਬਸੂਰਤੀ ਨਾਲ ਪਰੋਇਆ ਮਿਲਦਾ ਹੈ ਕਿ ਅਸੀਂ ਆਪਣੇ ਦਿਲ ਨੂੰ ਧਰਵਾਸ ਦੇਣ ਲਈ ਇਸਨੂੰ ਹਰ ਦਮ ਚੇਤੇ ਰੱਖਦੇ ਹਾਂ। ਜਿਸ ਤਰ੍ਹਾਂ
ਅੱਖੀਂ ਵੇਖਿਆਂ ਬਾਝ ਪ੍ਰੀਤ ਨਾਹੀਂ
ਜਿਵੇਂ ਬਿਨਾ ਯਕੀਨ ਇਤਬਾਰ ਨਾਹੀਂ
ਬਾਝੋਂ ਦੁੱਖ ਦੇ ਸੁੱਖ ਨਸੀਬ ਨਾਹੀਂ
ਲਗਨ ਬਾਝ ਖੁਆਰ ਸੰਸਾਰ ਨਾਹੀਂ
ਬਾਝੋਂ ਹਿਜਰ ਦੇ ਜ਼ੌਕ ਨੇ ਸ਼ੌਕ ਨਾਹੀਂ
ਬਾਝੋਂ ਵਸਲ ਦੇ ਮੌਜ ਬਹਾਰ ਨਾਹੀਂ
ਕੋਈ ਉਹਦੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਉਹ ਆਪਣੇ ਮਨ ਦੇ ਕੌੜੇ ਸੱਚ ਨੂੰ ਉਜਾਗਰ ਕਰਨ ਲੱਗਿਆਂ ਵੀ ਨਹੀਂ ਝਿਜਕਦਾ:
ਵਾਰਿਸ ਰੰਨ, ਫਕੀਰ, ਤਲਵਾਰ, ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।
ਔਰਤ ਬਾਰੇ ਇਹ ਬੋਲ ਉਸਨੂੰ ਭਾਗਪਰੀ ਦੇ ਵਰਤ ਵਰਤਾਰੇ ਦੀ ਦੇਣ ਸਨ ਜਾਂ ਕਿਸੇ ਹੋਰ ਦੀ। ਮੀਆਂ ਵਾਰਿਸ ਸ਼ਾਹ ਇਨ੍ਹਾਂ ਉੱਤੇ ਵੀ ਉਸੇ ਤਰ੍ਹਾਂ ਪਹਿਰਾ ਦਿੰਦਾ ਹੈ ਜਿਵੇਂ ਹੋਰਨਾਂ ਉੱਤੇ। ਇੱਕ ਥਾਂ ਉਹ ਆਪਣੀ ਸਮੁੱਚੀ ਸ਼ਾਇਰੀ ਨੂੰ ਕੁਰਾਨ ਮਜੀਦ ਦੀ ਅਰਥਾਵਲੀ ਕਹਿੰਦਾ ਹੈ:
ਇਹ ਕੁਰਾਨ ਮਜੀਦ ਦੇ ਮਾਇਨੇ ਨੇ
ਜਿਹੜੇ ਸ਼ਿਅਰ ਮੀਆਂ ਵਾਰਿਸ ਸ਼ਾਹ ਦੇ ਨੇ
ਮੀਆਂ ਵਾਰਿਸ ਸ਼ਾਹ ਦੀ ਸ਼ਾਇਰੀ ਨੂੰ ਸੌਖੇ ਸ਼ਬਦਾਂ ਵਿਚ ਸਮਝਾਉਣ ਤੇ ਇਸਦੀ ਉੱਤਮਤਾਈ ਵਰਸਾਉਣ ਲਈ ਮੈਂ ਪਾਕਿਸਤਾਨ ਦੇ ਉਸ ਸ਼ਾਇਰ ਨੂੰ ਅੰਤਿਕਾ ਵਿਚ ਪੇਸ਼ ਕਰਨਾ ਚਾਹਾਂਗਾ ਜਿਸਨੇ ਮੈਨੂੰ ਧਰਮ ਦਾ ਬਾਪ ਬਣ ਰੱਖਿਆ ਹੈ। ਉਸਦਾ ਨਾਂ ਅਮਾਨਤ ਅਲੀ ਹੈ ਤੇ ਉਸਨੇ ਆਪਣਾ ਤਖ਼ੱਲਸ ਮੁਸਾਫਿਰ ਰੱਖਿਆ ਹੋਇਆ ਹੈ। ਗੁਰਮੁਖ ਸਿੰਘ ਮੁਸਾਫਰ ਵਾਲਾ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਾਰਿਸ ਓਧਰਲੇ ਪੰਜਾਬ ਦੇ ਚੇਤਿਆਂ ਵਿਚ ਵੀ ਸਾਡੇ ਜਿੰਨਾ ਹੀ ਵਸਦਾ ਹੈ।

ਅੰਤਿਕਾ
ਅਮਾਨਤ ਅਲੀ ਮੁਸਾਫਰ ਗਿੱਲ ਲਾਹੌਰ
ਵਾਰਿਸ ਸ਼ਾਹ ਤੇ ਮਾਣ ਪੰਜਾਬ ਕਰਦਾ
ਜੀਨੂੰ ਰੰਗ ਪੰਜਾਬੀ ਨੂੰ ਲਾਇਆ ਏ
ਹਰਫ਼ ਲੱਭ ਕੇ ਲਾਲ ਜਵਾਹਰ ਹੀਰੇ
ਸਾਡੇ ਸਿਰ ਦਾ ਤਾਜ ਬਣਾਇਆ ਏ
ਏਦਵਾ ਜਨਮ ਜੰਡਿਆਲ ਤੇ ਵਿਚ ਹੋਇਆ
ਗੁਲ ਸ਼ੇਰ ਮੁਹੰਮਦ ਦਾ ਜਾਇਆ ਏ
ਖ਼ਾਤਰ ਇਲਮ ਦੀ ਜਾ ਕਸੂਰ ਬੈਠਾ
ਹੱਕ ਸੱਚ ਦਾ ਸਬਕ ਪਕਾਇਆ ਏ
ਮੁਰਸ਼ਦ ਪਾਕਿ ਦੀ ਤਲਸ਼ ਬੇਦਾਰ ਕੀਤਾ
ਪਾਕਪਟਨ ਜਾ ਪੈਰ ਟਿਕਾਇਆ ਏ
ਕੀਤੀ ਸ਼ਾਹ ਮਖ਼ਦੂਮ ਦੀ ਬੈਤ ਸਈਅਦ
ਮਲਿਕਾ ਹਾਂਸ ਦਾ ਤਖ਼ਤ ਸਜਾਇਆ ਏ
ਸੁੱਤਾ ਹੋਇਆ ਸੀ ਨਾਲ ਆਰਾਮ ਵਾਰਿਸ
ਭਾਗਪਰੀ ਨੇ ਆਣ ਜਗਾਇਆ ਏ
ਉਨੂੰ ਇਸ਼ਕ ਦਾ ਭੂਤ ਸਵਾਰ ਹੋਇਆ
ਸਈਯਦ ਆਪਣਾ ਫ਼ਰਜ਼ ਨਿਭਾਇਆ ਏ
ਗਿਣ ਗਿਣ ਕੇ ਪੰੁਨ ਤੇ ਪਾਪ ਦੱਸੇ
ਬਾਲਾਂ ਵਾਂਗ ਜਹਾਨ ਸਮਝਾਇਆ ਏ
ਉਦ੍ਹੇ ਬੋਲ ਮਿਠਾਸ ਨਾਲ ਭਰੇ ਸਾਰੇ
ਸੁੱਚਾ ਸਾਫ਼ ਅੰਦਾਜ਼ ਅਪਣਾਇਆ ਏ
ਕਿਤੇ ਪਿੰਡਾਂ ਦੇ ਰਸਮ ਰਿਵਾਜ ਦੱਸੇ
ਨਾਲੇ ਰੱਬ ਦਾ ਹੁਕਮ ਸੁਣਾਇਆ ਏ
ਵਾਰਿਸ ਸ਼ਾਹ ਹਕੀਕਤਾਂ ਦੱਸੀਆਂ ਨੇ
ਹਰ ਨਫ਼ਸ ਨੂੰ ਹਸਰ ਪੁਚਾਇਆ ਏ
ਸਾਡਾ ਸੱਭਿਆਚਾਰ ਸਭ ਚਾਕ ਕੀਤਾ
ਮੁੱਲਾਂ ਕਾਜ਼ੀਆਂ ਕਹਿਰ ਕਮਾਇਆ ਏ
ਰੂਹ ਹੀਰ ਤੇ ਹੈ ਕਲਬੂਤ ਰਾਂਝਾ
ਸੱਚੇ ਇਸ਼ਕ ਦੇ ਵੱਲ ਪਰਤ ਆਇਆ ਏ
ਰਾਂਝਾ ਹੱਕ ਦੀ ਖਾਤਰ ਖੁਆਰ ਹੋਇਆ
ਜਾਨ ਦੇਣ ਤੋਂ ਨਾ ਘਬਰਾਇਆ ਏ
ਮੰਜ਼ਿਲ ਮਿਲੇ ਦਾ ਘਰਾਂ ਵਿੱਚ ਬੈਠਿਆਂ ਨੂੰ
ਵਾਰਿਸ ਸ਼ਾਹ ਨੇ ਸੱਚ ਫਰਮਾਇਆ ਏ
ਕਿੱਸੇ ਹੀਰ ਦੀ ਵਿੱਚ ਮੁਸਾਫਰਾਂ ਓਏ
ਸਾਡਾ ਸਾਰਾ ਸਮਾਜ ਸਮਾਇਆ ਏ।