ਡ੍ਰੀਮ ਲੈਂਡ

ਬਲਦੇਵ ਸਿੰਘ ਗਰੇਵਾਲ
ਫੋਨ: + 1-212-645-2395
ਪਰਵਾਸ ਮੁੱਢ-ਕਦੀਮ ਤੋਂ ਹੀ ਮਨੁੱਖ ਨਾਲ ਜੁੜਿਆ ਰਿਹਾ ਹੈ। ਪਰਵਾਸੀ ਬੰਦਾ ਜਿੱਥੇ ਵੀ ਆਪਣਾ ਟਿਕਾਣਾ ਕਰਦਾ ਹੈ, ਆਪਣੇ ਪਿਛੋਕੜ ਨਾਲ ਜੁੜਿਆ ਤੰਦ-ਤਾਣਾ ਨਾਲ ਹੀ ਲੈ ਕੇ ਜਾਂਦਾ ਹੈ; ਯਾਦਾਂ ਦੀ ਪੋਟਲੀ ਤਾਂ ਸਦਾ ਉਸ ਦੇ ਅੰਗ-ਸੰਗ ਰਹਿੰਦੀ ਹੈ। ਉਂਝ, ਅਮਰੀਕਾ ਵੱਸਦੇ ਲਿਖਾਰੀ ਬਲਦੇਵ ਸਿੰਘ ਗਰੇਵਾਲਨੇ ਪਰਵਾਸੀ ਹੋਏ ਬੰਦੇ ਅਤੇ ਉਸ ਦੇ ਪਿਛੋਕੜ ਤੇ ਯਾਦਾਂ ਦੀ ਜੋ ਬਾਤ ਇਸ ਕਹਾਣੀ ਵਿਚ ਪਾਈ ਹੈ, ਉਹ ਬਹੁਤ ਨਿਰਾਲੀ ਹੈ। ਇਸ ਕਹਾਣੀ ਵਿਚ ਮਨੁੱਖੀ ਸੁਭਾਅ ਦੀਆਂ ਬਹੁਤ ਸਾਰੀਆਂ ਪਰਤਾਂ ਬੜੀ ਸੂਖਮਤਾ ਨਾਲ ਨਮੂਦਾਰ ਹੋਈਆਂਹਨ।

ਅਸੀਂ ਤਿੰਨੋਂ ਕਾਰ ਵਿਚ ਬੈਠਕੇ ਉੱਥੋਂ ਤੁਰਨ ਹੀ ਲੱਗੇ ਸੀ ਕਿ ਦੇਖਿਆ ਉਹੋ ਸੋਹਣੀ ਕੁੜੀ ਸਾਡੀ ਵੱਲ ਭੱਜੀ ਆ ਰਹੀ ਹੈ। ਬਾਂਹ ਉੱਚੀ ਕਰਕੇ ਸਾਨੂੰ ਰੁਕਣ ਦਾ ਇਸ਼ਾਰਾ ਵੀ ਕਰ ਰਹੀ ਹੈ।
ਅਸੀਂ ਰੁਕ ਜਾਂਦੇ ਹਾਂ। ਉਸ ਨੂੰ ਉਡੀਕਣ ਲੱਗ ਜਾਂਦੇ ਹਾਂ।
ਅੱਜ ਸਾਡਾ ਲਗਭਗ ਪੂਰਾ ਦਿਨ ਇਸੇ ਮਾਰਕਿਟ ਵਿਚ ਬੀਤਿਆ ਹੈ…।
ਸਵੇਰੇਲੌਂਗ ਆਈਲੈਂਡ ਵਿਚ, ਮੇਰੀ ਨੇਬਰਹੁਡ ਵਿਚ ਰਹਿੰਦੇ ਮੇਰੇ ਮਿੱਤਰ ਨਵਤੇਜ ਸਿੰਘ ਦਾ ਫੋਨ ਆਇਆ ਸੀ। ਉਸ ਦੇ ਮਰਸੀਡੀਜ ਐੱਸ.ਯੂ.ਵੀ. ਦਾ, ਬੈਕ ਕਰਦਿਆਂ, ਐਕਸੀਡੈਂਟ ਹੋ ਗਿਆ ਸੀ। ਉਸ ਦੀ ਰੀਅਰ ਵਿੰਡਸਕਰੀਨ ਟੁੱਟ ਗਈ ਸੀ ਤੇ ਪਿਛਲੇ ਹਿੱਸੇ ਵਿਚ ਡੈਂਟ ਪੈ ਗਏ ਸਨ। ਉਸ ਨੇ ਫੋਨ ਉਪਰ ਕੁਈਨਜ਼ ਵਿਚ ਕਿਸੇ ਮਕੈਨਿਕ ਪਾਸੋਂਐਸਟੀਮੇਟ ਲਿਆ ਸੀ। ਉਸ ਨੇ ਦੋ ਹਜ਼ਾਰ ਡਾਲਰ ਵਿਚ ਕਾਰ ਠੀਕ ਕਰ ਦੇਣ ਦਾ ਐਸਟੀਮੇਟ ਦਿੱਤਾ ਸੀ। ਇਸ ਲਈ ਮੇਰਾ ਦੋਸਤ ਮੈਨੂੰ ਪੁੱਛ ਰਿਹਾ ਸੀ, ਕੀ ਮੈਂ ਉਸਦੇ ਨਾਲ ਕੁਈਨਜ਼ ਚੱਲਣਾ ਚਾਹਾਂਗਾ।
ਅਸੀਂ ਲਗਭਗ ਰਿਟਾਇਰਡ ਹਾਂ, ਪੁੱਤਰਾਂ ਨੇ ਸਾਡੇ ਕੰਮ ਕਾਰ ਸੰਭਾਲ ਲਏ ਹਨ।ਕੋਵਿਡ ਐਪੀਡੈਮਿਕ ਕਾਰਨ ਅਸੀਂ ਘਰਾਂ ਅੰਦਰ ਹੀ ਡੇੜ੍ਹ ਸਾਲ ਤੋਂ ਸੀਮਤ ਰਹੇ ਹਾਂ। ਹੁਣ ਜਦ ਕੋਵਿਡ ਥੋੜ੍ਹਾ ਘਟਿਆ ਹੈ, ਅਸੀਂ ਦੋਸਤ ਮਿੱਤਰ ਮਿਲਣ ਅਤੇ ਘੁੰਮਣ ਫਿਰਨ ਦੇ ਬਹਾਨੇ ਢੂੰਡਦੇ ਰਹਿੰਦੇ ਹਾਂ।ਆਨੀ-ਬਹਾਨੀ ਇਕੱਠੇ ਹੁੰਦੇ ਹਾਂ, ਗੱਪਾਂ ਮਾਰਦੇ ਹਾਂ। ਹੱਸਦੇ ਹਾਂ। ਮਨੋਰੰਜਨ ਕਰਦੇ ਹਾਂ।ਸੋ, ਮੈਂ ਨਵਤੇਜ ਨੂੰ ਯੈੱਸ ਕਰ ਦਿੱਤੀ। ਰਾਹ ਵਿਚ ਨਾਲ ਦੀ ਕਾਊਂਟੀ ਵਿਚ ਰਹਿੰਦੇ, ਆਪਣੇ ਇਕ ਹੋਰ ਦੋਸਤ ਐੱਸ.ਪੀ. ਨੂੰ ਵੀ ਨਾਲ ਲੈ ਲਿਆ।
ਉਂਝ ਤਾਂ ਇਸ ਦੇਸ਼ ਵਿਚ ਆ ਕੇ ਵਧੇਰੇ ਪਰਵਾਸੀ ਮੁੱਢੋਂ ਸੁੱਢੋਂ ਜ਼ਿੰਦਗੀ ਸ਼਼ੁਰੂ ਕਰਦੇ ਹਨ ਪਰ ਇੰਡੀਆ ਦੇ ਪਹਿਲੇ ਪ੍ਰੋਫੈਸ਼ਨ ਜਾਂ ਰੁਤਬੇ ਉਹਨਾਂ ਦੇ ਨਾਲ ਹੀ ਏਥੇ ਆ ਜਾਂਦੇ ਹਨ। ਇੱਥੇ ਯੋਗਤਾ ਅਨੁਸਾਰ ਨਹੀਂ ਸਗੋਂ ਜੋ ਵੀ ਕੰਮ ਮਿਲਦਾ ਹੈ, ਉਹੋ ਸ਼ੁਰੂ ਕਰ ਲੈਂਦੇ ਹਨ। ਨਵਤੇਜ ਇੰਡੀਆ ਵਿਚ ਮਾਸਟਰ ਸੀ, ਇੱਥੇ ਉਹ ਕੰਸਟ੍ਰਕਸ਼ਨ ਦਾ ਵੱਡਾ ਕੰਟਰੈਕਟਰ ਹੈ ਪਰ ਇੱਥੇ ਵੀ ਉਹ ਮਾਸਟਰ ਹੀ ਅਖਵਾਉਂਦਾ ਹੈ। ਮੈਂ ਉੱਥੇ ਫੌਜ ਵਿਚ ਸੀ, ਇੱਥੇ ਰੀਅਲ ਅਸਟੇਟ ਕਰਦਾ ਹਾਂ ਪਰ ਸਭ ਫੌਜੀ ਹੀ ਆਖਦੇ ਹਨ। ਗੁਲਜ਼ਾਰ ਸਿੰਘ ਉੱਥੇੇ ਪੰਜਾਬ ਪੁਲਿਸ ਵਿਚੋਂ ਐੱਸ.ਪੀ. ਰਿਟਾਇਰ ਹੋਇਆ ਸੀ, ਉਸ ਦੇ ਪੁੱਤਰਾਂ ਨੇ ਉਸ ਨੂੰ ਸਪਾਂਸਰ ਕਰ ਕੇ ਇੱਥੇ ਬੁਲਾ ਲਿਆ ਸੀ।ਉਹ ਇੱਥੇ ਵੀ ਸਾਡਾ ਐੱਸ.ਪੀ. ਹੀ ਹੈ।
ਕੁਈਨਜ਼ ਨੂੰ ਆਉਂਦਿਆਂ ਐੱਸ.ਪੀ. ਨੇ ਸੁਝਾਅ ਦਿੱਤਾ ਕਿ ਪਹਿਲਾਂ ਇਸ ਮਾਰਕਿਟ ਵਿਚ ਪਤਾ ਕਰ ਲਿਆ ਜਾਵੇ। ਮੈਂ ਤਾਂ ਉਸ ਦੇ ਸੁਝਾਅ ਦਾ ਮਜ਼ਾਕ ਉਡਾਇਆ ਸੀ, ਕਿਹਾ ਸੀ- ਪੁਲਸੀਏ ਨੂੰ ਇੱਥੇ ਵੀ ਚੋਰ ਬਾਜ਼ਾਰ ਹੀ ਪਸੰਦ ਆਇਆ ਹੈ। ਕਿਉਂਕਿ ਕਈ ਲੋਕ ਇਸ ਮਾਰਕਿਟ ਨੂੰ ਇੰਡੀਆ ਦੇ ਚੋਰ ਬਾਜ਼ਾਰਾਂ ਵਰਗਾ ਹੀ ਸਮਝਦੇ ਹਨ ਪਰ ਮਾਸਟਰ ਨੂੰ ਐੱਸ.ਪੀ. ਦਾ ਸੁਝਾਅ ਚੰਗਾ ਲੱਗਿਆ ਸੀ। ਉਸ ਕੋਲ਼ ਕਾਰ ਦਾ ਫੁੱਲ ਇੰਸ਼ੋਰੈਂਸ ਨਹੀਂ, ਇਸ ਲਈ ਕਾਰ ਰਿਪੇਅਰ ਦਾ ਪੂਰਾ ਬਿੱਲ ਉਹਨੂੰ ਪੱਲਿਉਂ ਦੇਣਾ ਪੈਣਾ ਸੀ। ਇਸ ਮਾਰਕਿਟ ਵਿਚ ਕੰਮ ਸਸਤਾ ਹੋ ਸਕਦਾ ਸੀ, ਇਸ ਲਈ ਇੱਥੇ ਆਉਣ ਦਾ ਫ਼ੈਸਲਾ ਹੋ ਗਿਆ ਸੀ।
ਇਸ ਮਾਰਕਿਟ ਵਿਚ ਮੈਂ ਪਹਿਲਾਂ ਕਦੇ ਨਹੀਂ ਸੀ ਆਇਆ। ਇੰਝ ਲੱਗਦਾ ਸੀ, ਇਸ ਨੂੰ ਮਾਰਕਿਟ ਕਹਿਣਾ ਇਸ ਸ਼ਬਦ ਦੀ ਹੇਠੀ ਕਰਨਾ ਹੈ। ਟੁੱਟੀ-ਭੱਜੀ ਸੜਕ। ਪੰਜਾਬ ਦੇ ਕੱਚੇ ਰਾਹਾਂ ਤੋਂ ਵੀ ਗਈ ਗੁਜ਼ਰੀ। ਦੋਹੀਂ ਪਾਸੀਂ ਸਟੋਰ। ਸਟੋਰ ਘੱਟ, ਟੀਨ ਦੇ ਖੋਖੇ ਵੱਧ ਲੱਗਦੇ ਸਨ। ਹਰ ਪਾਸੇ ਕਾਰਾਂ ਦੇ ਪੁਰਜ਼ੇ ਤੇ ਡੁੱਲ੍ਹੇ ਤੇਲ ਦੇ ਦਾਗ਼। ਤੇਲ ਅਤੇ ਕਾਲਖ ਰੰਗੇਕੱਪੜਿਆਂ ਵਿਚ ਕੰਮ ਕਰਦੇ ਮਕੈਨਿਕ। ਕੜਕਦੀ ਧੁੱਪ ਵਿਚ ਰੇੜ੍ਹੀਆਂ ਵਿਚ ਕਾਰਾਂ ਦਾ ਭਾਰੀ ਭਰਕਮ ਪਾਰਟ ਧੱਕਦੇ ਪਸੀਨੋ-ਪਸੀਨੀ ਹੋਏ ਮਜ਼ਦੂਰ…।
ਕੋਈ 30 ਸਾਲ ਪਹਿਲਾਂ ਜਦ ਮੈਂ ਫਲੱਸ਼ਿੰਗ (ਕੁਈਨਜ਼) ਇਲਾਕੇ ਵਿਚ ਰਹਿੰਦਾ ਸੀ, ਉਦੋਂ ਮੈਂ ਰੋਜ਼7 ਨੰਬਰ ਸਬਵੇ ਟਰੇਨ ਰਾਹੀਂ ਇੱਥੋਂ ਦੀ ਬਰੌਂਕਸ ਜਾਇਆ ਕਰਦਾ ਸੀ।ਉਦੋਂ ਫਲੱਸ਼ਿੰਗ ਨੂੰ ਬਾਕੀ ਕੁਈਨਜ਼ ਤੋਂ ਵੱਖ ਕਰਦਾ ਰਿਵਰ ਕਾਫੀ ਸੁੱਕ ਚੁੱਕਾ ਸੀ। ਸੋ, ਇੱਥੇਵੈੱਟ ਲੈਂਡ ਹੀ ਹੁੰਦੀ ਸੀ। ਦਿੱਭ ਉੱਗੀ ਹੁੰਦੀ ਸੀ। ਕਿਧਰੇ ਛਪੜੀਆਂ ਵਿਚ ਤਰੱਕਿਆ ਪਾਣੀ ਖਲੋਤਾ ਹੁੰਦਾ ਸੀ।ਸਿਰਫ਼ ਇਕ ਪਾਸੇ ‘ਜੰਕ ਯਾਰਡ’ ਹੁੰਦਾ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਟੁੱਟੀਆਂ ਭੱਜੀਆਂ ਕਾਰਾਂਪ੍ਰੈੱਸ ਕਰ ਕੇ ਉਪਰ ਦੇ ਉਪਰ ਰੱਖੀਆਂ ਹੁੰਦੀਆਂ ਸਨ। ਕਾਰਾਂ ਦੇ ਪਾਰਟ ਚਿਣ ਕੇ ਰੱਖੇ ਹੁੰਦੇ ਸਨ।
ਇਸ ਤੋਂ ਕਾਫੀ ਹਟਵਾਂ ਰੂਜ਼ਵੈਲਟ ਐਵਿਨਿਊ ‘ਤੇ ਸ਼ੀਆ ਸਟੇਡੀਅਮ ਹੁੰਦਾ ਸੀ।
ਸ਼ੀਆ ਸਟੇਡੀਅਮ ਦੀ ਥਾਂ ਹੁਣ ਸਿਟੀ ਫੀਲਡ ਸਟੇਡੀਅਮ ਉੱਸਰ ਚੁੱਕਾ ਹੈ। ਵੈੱਟ ਲੈਂਡ ਵਾਲੀ ਥਾਂ ਇਹ ਉਬੜ-ਖਾਬੜ ਮਾਰਕਿਟ ਹੋਂਦ ਵਿਚ ਆ ਗਈ ਹੈ ਪਰ ਨਿਊਯਾਰਕ ਦੇ ਮੈਪ ‘ਤੇ ਅਜੇ ਵੀ ਇਸ ਮਾਰਕਿਟ ਦੀ ਕੋਈ ਹੋਂਦ ਨਹੀਂ ਸਗੋਂ ਅਜੇ ਵੀ ਵੈੱਟ ਲੈਂਡ ਹੀ ਹੈ।
ਅਸੀਂ ਬਾਰਾਂ ਕੁ ਵਜੇ ਇੱਥੇ ਪੁੱਜ ਗਏ ਸੀ। ਇਕ ਦੋ ਦੁਕਾਨਾਂ ਤੋਂ ਪੁੱਛਿਆ। ਇਕ ਦੁਕਾਨ ਵਾਲਾ ਸੱਤ ਸੌ ਡਾਲਰਾਂ ਵਿਚ ਪੂਰਾ ਕੰਮ ਕਰਨ ਲਈ ਮੰਨ ਗਿਆ। ਉਸ ਨੂੰ ਕਾਰ ਦੇ ਕੇ ਅਸੀਂ ਆਰਾਮ ਕਰਨ ਲਈ ਕੋਈ ਥਾਂ ਢੂੰਡਣ ਲੱਗ ਪਏ ਪਰ ਪੂਰੀ ਮਾਰਕਿਟ ਵਿਚ ਸਾਨੂੰ ਕੋਈ ਠੰਢੀ ਥਾਂ ਆਰਾਮ ਕਰਨ ਲਈ ਨਾ ਲੱਭ ਸਕੀ। ਗਰਮੀ ਵੀ ਅੱਤ ਦੀ ਸੀ। ਸਵੇਰੇ ਹੀ ਟੈਂਪਰੇਚਰ 92 ਡਿਗਰੀ ਨੂੰ ਟੱਪ ਗਿਆ ਸੀ। ਇਹ ਮਾਰਕਿਟ ਭੱਠੀ ਬਣੀ ਹੋਈ ਸੀ। ਅਸੀਂ ਘੁੰਮ ਫਿਰ ਕੇ ਦੇਖਿਆ, ਕੋਈ ਦੁਕਾਨ ਏਅਰਕੰਡੀਸ਼ਨਡ ਹੋਣ ਦੀ ਤਾਂ ਗੱਲ ਹੀ ਛੱਡੋ, ਕਿਸੇ ਵਿਚ ਬੈਠਣ ਲਈ ਕੁਰਸੀ ਤਕ ਨਹੀਂ ਸੀ। ਦੂਰ ਤਕ ਕਿਧਰੇ ਕੋਈ ਦਰਖ਼ਤ ਵੀ ਨਹੀਂ ਸੀ ਜਿਸ ਦੀ ਛਾਵੇਂ ਖੜ੍ਹ ਸਕੀਏ।
ਮਕੈਨਿਕ ਨੇ ਪੰਜ ਵਜੇ ਤਕ ਕਾਰ ਠੀਕ ਕਰਨ ਦਾ ਭਰੋਸਾ ਦਿੱਤਾ ਸੀ। ਇਸ ਲਈ ਪੰਜ ਘੰਟੇ ਇਸੇ ਭੱਠੀ ਵਰਗੇ ਬਾਜ਼ਾਰ ਵਿਚ ਗੁਜ਼ਾਰਨ ਦੀ ਸਾਡੀ ਮਜਬੂਰੀ ਬਣ ਗਈ ਸੀ। ਇਕ ਤਾਂ ਮਾਸਟਰ ਦਾ ਖਿਆਲ ਸੀ ਕਿ ਕਾਰ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਦੂਜਾ ਕੋਈ ਵੀ ਮਾਰਕਿਟ ਇੱਥੋਂ ਘੱਟੋ-ਘੱਟ ਤਿੰਨ ਚਾਰ ਮੀਲ ਦੂਰ ਸੀ। ਏਨੀ ਗਰਮੀ ਵਿਚ ਏਨਾ ਤੁਰਨ ਦੀ ਸਾਡੇ ਵਿਚ ਹਿੰਮਤ ਵੀ ਹੈ ਨਹੀਂ ਸੀ। ਜਦ ਇਹ ਮਾਰਕਿਟ ਨਕਸ਼ੇ ਵਿਚ ਹੀ ਨਹੀਂ, ਊਬਰ ਸਰਵਿਸ ਇੱਥੇ ਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਅਸੀਂ ਕੜਕਦੀ ਧੁੱਪ ਵਿਚ ਸੜਦੇ ਭੁੱਜਦੇ, ਇੱਥੇ ਹੀ ਕੋਈ ਰੈਸਟੋਰੈਂਟ ਢੂੰਡਣ ਲੱਗੇ। ਇਕ ‘ਡੇਲੀ’ ਦਾ ਸਾਈਨ ਦਿਸਿਆ, ਤੁਰਦੇ ਤੁਰਦੇ ਆਸ ਨਾਲ ਉੱਥੇ ਪੁੱਜੇ ਤਾਂ ਉਹ ਸਾਲਾਂ ਦੀ ਬੰਦ ਪਈ ਜਾਪੀ। ਸਾਡੇ ਲਈ ਇਕ ਇਕ ਮਿੰਟ ਕੱਟਣਾ ਔਖਾ ਹੋ ਰਿਹਾ ਸੀ। ਅਖੀਰ ਘੁੰਮਦੇ ਫਿਰਦਿਆਂ ਇਕ ਦੁਕਾਨ ਦਾ ਤਿੰਨ ਕੁ ਫੁੱਟ ਚੌੜਾ ਪਰਛਾਵਾਂ ਦਿਸਿਆ, ਅਸੀਂ ਉੱਥੇ ਹੀ ਜਾ ਖੜ੍ਹੇ ਹੋਏ।
ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਕਿਸੇ ਰੇਗਿਸਤਾਨ ਵਿਚ ਭਟਕ ਰਹੇੇ ਹਾਂ ਤੇ ਕਿਸੇ ਸੁੱਕੀ ਸੜੀ ਕਿੱਕਰ ਦੀ ਤਿੱਤਰ ਖੰਭੀ ਛਾਂ ਹੇਠ ਆ ਖਲੋਤੇ ਹਾਂ। ਪਸੀਨੇ ਨਾਲ ਭਿੱਜ ਗਏ ਸੀ। ਬੁਲ੍ਹਾਂ ਉਪਰ ਪਿਆਸ ਨਾਲ ਸਿਕੜੀ ਜੰਮਣ ਲੱਗ ਪਈ ਸੀ। ਮੈਂ ਦੋਹਾਂ ਦੋਸਤਾਂ ਨੂੰ ਕੋਸ ਰਿਹਾ ਸੀ। ਐੱਸ.ਪੀ. ਨੂੰ ਇੱਥੋਂ ਦਾ ਸੁਝਾਅ ਦੇਣ ਲਈ ਅਤੇ ਮਾਸਟਰ ਨੂੰ ਬੱਚਤ ਦਾ ਲਾਲਚ ਕਰਨ ਲਈ ਪਰ ਹੁਣ ਗਰਮੀ ਬਰਦਾਸ਼ਤ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ।
ਐੱਸ.ਪੀ. ਕਹਿਣ ਲੱਗਾ- ਫੌਜੀਆ, ਕਿਉਂ ਮਰਦਾ ਜਾਨਾਂ, ਵਾਢੀਆਂ ਦਾ ਚੇਤਾ ਭੁੱਲ ਗਿਆ? ਜੇਠ ਹਾੜ੍ਹ ਦੀਆਂ ਤਪਦੀਆਂ ਧੁੱਪਾਂ ਵਿਚ ਕਣਕਾਂ ਵੱਢਦੇ ਹੁੰਦੇ ਸੀ। ਸਾਰਾ ਸਾਰਾ ਦਿਨ ਪਿੱਠ ਲੂਹ ਹੋ ਜਾਂਦੀ ਸੀ।
ਵਾਢੀਆਂ ਚੇਤੇ ਆਉਣ ਨਾਲ ਗਰਮੀ ਸਹਿਣ ਦੀ ਸ਼ਕਤੀ ਜਿਹੀ ਆ ਗਈ। ਵਾਢੀਆਂ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ।
ਮਾਸਟਰ ਨੇ ਐੱਸ.ਪੀ. ਨੂੰ ਟਿੱਚਰ ਕੀਤੀ- ਤੇਰੇ ਵਰਗੇ ਭੁੱਖੜ ਕਣਕਾਂ ਮੂਹਰੇ ਜਾਲ਼ ਵੀ ਲਗਾ ਲੈਂਦੇ ਸੀ, ਤਿੱਤਰ ਬਟੇਰ ਫੜਨ ਲਈ।
-ਏਹਦੇ ਵਿਚ ਮਾੜੀ ਗੱਲ ਕੀ ਸੀ? ਨਾਲ਼ੇ ਦੇਵੀ ਦੇ ਦਰਸ਼ਨ, ਨਾਲ਼ੇ ਮੁੰਜ ਬਗੜ। ਬੰਦ ਕਮਰਿਆਂ ਵਿਚ ਨਿਆਣੇ ਪੜ੍ਹਾਉਣ ਵਾਲੇ ਮਾਸਟਰਾਂ ਨੂੰ ਏਹਨਾਂ ਗੱਲਾਂ ਦਾ ਕੀ ਪਤਾ। ਐੱਸ.ਪੀ. ਨੇ ਜਵਾਬ ਦਿੰਦਿਆਂ ਮਾਸਟਰ ਦੇ ਗਿੱਟਿਆਂ ‘ਚ ਵੀ ਲਾ ਦਿੱਤੀ।
ਐੱਸ.ਪੀ. ਤੇ ਮਾਸਟਰ ਦੀ ਨੋਕ ਝੋਕ ਵਿਚ ਮੈਂ ਸ਼ਾਮਲ ਹੋਣ ਹੀ ਲੱਗਾ ਸੀ ਕਿ ਦੇਖਿਆ, ਇਕ ਕੁੜੀ ਬਕਸਾ ਨੁਮਾ ਰੇੜ੍ਹੀ ਧੱਕਦੀ ਆ ਰਹੀ ਹੈ। ਅਸੀਂ ਉਸ ਵੱਲ ਦੇਖਣ ਲੱਗ ਪਏ।
ਵੀਹ-ਬਾਈ ਸਾਲਾਂ ਦੀ ਭਰ ਜਵਾਨ ਸਪੈਨਿਸ਼ ਕੁੜੀ। ਗੋਰਾ ਦਗ ਦਗ ਕਰਦਾ ਰੰਗ। ਪੰਜਾਬਣਾਂ ਵਰਗੇ ਤਿੱਖੇ ਨੈਣ ਨਕਸ਼। ਗੁਦਗੁਦਾ ਭਰਵਾਂ ਸਰੀਰ। ਧੁੱਪ ਨਾਲ਼ ਮੂੰਹ ਲਾਲ ਸੂਹਾ। ਅਸੀਂ ਉਸ ਵੱਲ ਦੇਖਦੇ ਹੀ ਰਹਿ ਗਏ। ਮਿੰਟ ਦੀ ਮਿੰਟ ਸਾਨੂੰ ਗਰਮੀ ਭੁੱਲ ਗਈ। ਕੋਲ਼ ਆਈ ਤਾਂ ਪਤਾ ਲੱਗਾ, ਉਹ ਆਈਸ ਕਰੀਮ ਵੇਚ ਰਹੀ ਸੀ।
ਅਸੀਂ ਉਸ ਕੋਲ਼ੋਂ ਆਈਸ ਕਰੀਮ ਲੈ ਕੇ ਚੂਸਣ ਲੱਗ ਪਏ। ਆਈਸ ਕਰੀਮ ਕਾਹਦੀ, ਨਿਰਾ ਮਿੱਠਾ ਪਾਣੀ ਹੀ ਜਮਾਇਆ ਹੋਇਆ ਸੀ ਪਰ ਉਸ ਵੇਲ਼ੇ ਉਹ ਆਈਸ ਕਰੀਮ ਵੀ ਸਾਡੇ ਲਈ ਨਿਆਮਤ ਹੋ ਨਿਬੜੀ। ਪਿਆਸ ਬੁਝਾਉਣ ਲਈ ਕੁਝ ਤਾਂ ਮਿਲਿਆ ਸੀ।
ਉਹ ਕੁੜੀ ਪੈਸੇ ਲੈ ਕੇ ਰੇੜ੍ਹੀ ਧੱਕਦੀ ਅੱਗੇ ਤੁਰ ਗਈ। ਐੱਸ.ਪੀ. ਉਸ ਨੂੰ ਜਾਂਦੀ ਨੂੰ ਲਗਾਤਾਰ ਦੇਖੀ ਗਿਆ। ਕਹਿਣ ਲੱਗਾ- ਮਾਸਟਰ, ਇਹ ਕੁੜੀ ਦਿਹਾੜੀ ਦੇ ਕਿੰਨੇ ਕੁ ਬਣਾ ਲੈਂਦੀ ਹਊ?
-ਬਣਾ ਲੈਂਦੀ ਹਊ ਪੰਜਾਹ ਸੱਠ ਡਾਲਰ। ਮਾਸਟਰ ਨੇ ਕਿਹਾ।
-ਸਿਰਫ਼! ਇਹਨੂੰ ਕਹਿ ਮੇਰੇ ਨਾਲ ਇਕ ਘੰਟੇ ਲਈ ਮੋਟਲ ਵਿਚ ਚੱਲੇ, ਸੌ ਡਾਲਰ ਦਊਂ। ਐੱਸ.ਪੀ. ਨੇ ਭੁੱਖੀਆਂ ਨਜ਼ਰਾਂ ਨਾਲ ਕੁੜੀ ਵੱਲ ਦੇਖਦਿਆਂ ਕਿਹਾ।
-ਸ਼ਰਮ ਕਰ, ਐੱਸ.ਪੀ.। ਆਪਣੀ ਧੌਲ਼ੀ ਦਾਹੜੀ ਦੀ ਹੀ ਸ਼ਰਮ ਕਰ। ਮਾਸਟਰ ਨੇ ਚੋਟ ਮਾਰੀ।
-ਯਾਰ, ਏਹਦਾ ਹੱਕ ਐ। ਵਿਚਾਰਾ ਛੜਾ ਜੂ ਹੋਇਆ। ਮੈਂ ਸੁਆਦ ਲੈਂਦਿਆਂ ਕਿਹਾ।
ਕੋਵਿਡ ਮਹਾਮਾਰੀ ਦੇ ਪਹਿਲੇ ਹੱਲੇ ਹੀ ਐੱਸ.ਪੀ. ਦੀ ਪਤਨੀ ਉਸ ਦਾ ਸ਼ਿਕਾਰ ਹੋ ਗਈ ਸੀ। ਉਦੋਂ ਅਸੀਂ ਆਪਣੇ ਦੋਸਤ ਦੇ ਗ਼ਮ ਵਿਚ ਵੀ ਸ਼ਾਮਿਲ ਨਹੀਂ ਸੀ ਹੋ ਸਕੇ। ਵਿਚਾਰੀ ਦਾ ਕਿਰਿਆ ਕਰਮ ਵੀ ‘ਆਨ ਲਾਈਨ ਲਾਈਵ’ ਦੇਖਿਆ ਸੀ। ਹੁਣ ਸਮੇਂ ਨਾਲ ਜ਼ਖ਼ਮ ਭਰ ਚੁੱਕੇ ਹਨ। ਹੁਣ ਐੱਸ.ਪੀ. ਸਾਡੇ ਮਜ਼ਾਕ ਲਈ ਛੜਾ ਹੋ ਗਿਆ ਹੈ।
ਜਦ ਤਕ ਉਹ ਕੁੜੀ ਦਿਸਦੀ ਰਹੀ, ਐੱਸ.ਪੀ. ਉਸ ਨੂੰ ਲਗਾਤਾਰ ਦੇਖੀ ਗਿਆ। ਜਦ ਅੱਖਾਂ ਤੋਂ ਉਹਲੇ ਹੋ ਗਈ, ਸੁਆਦ ਲੈ ਲੈ ਆਈਸ ਕਰੀਮ ਚੂਸਣ ਲੱਗ ਪਿਆ।
-ਐੱਸ.ਪੀ, ਆਈਸ ਕਰੀਮ ਈ ਚੂਸਦਾਂ ਕਿ…।ਮਾਸਟਰ ਨੇ ਉਸ ਵੱਲ ਦੇਖਦਿਆਂ, ਫਿਰ ਟਕੋਰ ਮਾਰੀ।
-ਮਾਸਟਰ, ਜੇ ਤੁਸੀਂ ਲੋਕ ਕਲਾਸਾਂ ਵਿਚ ਨਿਆਣੇ ਦੇਖ ਕੇ ਉਹਨਾਂ ਦੀਆਂ ਮਾਵਾਂ ਦੀ ਕਲਪਨਾ ਕਰਦੇ ਰਹਿੰਦੇ ਹੋ ਤਾਂ ਮੈਨੂੰ ਕਲਪਨਾ ਦੰਦੀਆਂ ਵੱਢਦੀ ਆ?ਐੱਸ.ਪੀ. ਨੇ ਜਵਾਬੀ ਹਮਲਾ ਕਰ ਦਿੱਤਾ।
ਇਸ ਚੁੰਝ ਚਰਚਾ ਵਿਚ ਸਾਨੂੰ ਗਰਮੀ ਭੁੱਲੀ ਰਹੀ। ਜਦ ਤਕ ਆਈਸ ਕਰੀਮ ਮੁੱਕੀ, ਸਾਡੇ ਸਿਰਾਂ ਤੋਂ ਛਾਂ ਵੀ ਜਾਂਦੀ ਲੱਗੀ। ਅਸੀਂ ਫੇਰ ਉੱਥੋਂ ਤੁਰ ਪਏ, ਕੋਈ ਹੋਰ ਟਿਕਾਣਾ ਢੂੰਡਣ। ਇੱਧਰ ਉਧਰ ਫਿਰਦਿਆਂ ਢਾਈ ਤਿੰਨ ਘੰਟੇ ਬੀਤ ਗਏ ਸਨ। ਅਸੀਂ ਕਾਰ ਵਾਲੀ ਦੁਕਾਨ ‘ਤੇ ਗਏ। ਮਕੈਨਿਕ ਨੇ ਅਜੇ ਕਾਰ ਉਪਰ ਕੰਮ ਵੀ ਸ਼ੁਰੂ ਨਹੀਂ ਸੀ ਕੀਤਾ।ਅਸੀਂ ਥੋੜ੍ਹਾ ਤਲ਼ਖ ਹੋਏ। ਦੁਕਾਨਦਾਰ ਨੇ ਇਕ ਮਕੈਨਿਕ ਕਾਰ ‘ਤੇ ਲਗਾ ਦਿੱਤਾ। ਅਸੀਂ ਫਿਰ ਉੱਥੋਂ ਤੁਰ ਪਏ।
ਹੁਣ ਭੁੱਖ ਵੀ ਆਪਣਾ ਕਮਾਲ ਦਿਖਾਉਣ ਲੱਗ ਪਈ ਪਰ ਖਾਣਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਸੀ।
ਐੱਸ.ਪੀ. ਕਹਿਣ ਲੱਗਾ- ਯਾਰ, ਇਹਨਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ? ਏਥੇ ਇਕ ਵੀ ਰੈਸਟੋਰੈਂਟ ਨਹੀਂ ਨੇੜੇ-ਤੇੜੇ।
ਮੈਨੂੰ ਯਾਦ ਆਇਆ, ਜਦ ਮੈਂ ਅਮਰੀਕਾ ਨਵਾਂ ਨਵਾਂ ਆਇਆ ਸੀ, ਇਕ ਫੁੱਲ ਸਰਵਿਸ ਗੈਸ ਸਟੇਸ਼ਨ ‘ਤੇ ਕੰਮ ਕਰਨ ਲੱਗਾ ਸੀ। ਅਸੀਂ ਉਦੋਂ ਅਪਾਰਟਮੈਂਟ ਵਿਚ ਪੰਜ ਜਣੇ ਰਹਿੰਦੇ ਸੀ। ਅਸੀਂ ਸਾਰੇ ਹੀ ਕੱਚੇ ਸੀ। ਅਸੀਂ ਰਾਤ ਦੀ ਰੋਟੀ ਬਣਾਉਂਦੇ ਹੋਏ, ਅਗਲੇ ਦਿਨ ਦੁਪਹਿਰ ਲਈ ਵੀ ਰੋਟੀ ਬਣਾ ਲੈਂਦੇ ਸੀ ਤੇ ਕੰਮ ‘ਤੇ ਨਾਲ ਲੈ ਆਉਂਦੇ ਸੀ। ਕਦੇ ਮੁੱਲ ਲੈ ਕੇ ਖਾਣਾ ਨਹੀਂ ਸੀ ਖਾਧਾ। ਉਦੋਂ ਪੀਜ਼ੇ ਦੀ ਇਕ ਸਲਾਈਸ ਲੈਣ ਲਈ ਵੀ ਡਾਲਰ ਖਰਚਣ ਦੀ ਹਿੰਮਤ ਨਹੀਂ ਸੀ ਪੈਂਦੀ। ਡਾਲਰ ਨੂੰ ਇੰਡੀਅਨ ਰੁਪਈਆਂ ਨਾਲ ਗੁਣਾਂ ਕਰਕੇ ਦੇਖਦੇ ਸੀ ਅਤੇ ਏਨੀ ਰਕਮ ਖਰਚਣ ਤੋਂ ਡਰ ਜਾਂਦੇ ਸੀ। ਇਕ ਦਿਨ ਮੈਂ ਰੋਟੀ ਨਾਲ ਨਾ ਲਿਆ ਸਕਿਆ, ਦੁਪਿਹਰ ਨੂੰ ਜਦ ਉਸ ਪਾਸੇ ਫੂਡ ਟਰੱਕ ਆਇਆ, ਮੈਂ ਵੀ ਭੱਜ ਕੇ ਸੈਂਡਵਿਚ ਲੈਣ ਗਿਆ। ਮੈਨੂੰ ਦੇਖ ਕੇ ਆਲ਼ੇ ਦੁਆਲ਼ੇ ਦੇ ਸਟੋਰਾਂ ਵਾਲਿਆ ਨੇ ਰੌਲ਼ਾ ਪਾ ਦਿੱਤਾ- ਓ ਗੁੱਡ ਨਿਊਜ਼, ਟੂਡੇ ਸਿੰਘ ਇਜ਼ ਹੈਵਿੰਗ ਲੰਚ!
ਮੈਂ ਸ਼ਰਮਿੰਦਾ ਜਿਹਾ ਹੋ ਕੇ ਸੈਂਡਵਿਚ ਲੈ ਕੇ ਮੁੜ ਆਇਆ ਸੀ।
ਇਹ ਗੱਲ ਯਾਦ ਆਉਂਦਿਆਂ ਹੀ ਮਂੈ ਇਹਨਾਂ ਦੁਕਾਨਾਂ ਦੇ ਮਜ਼ਦੂਰਾਂ ਅਤੇ ਮਕੈਨਕਾਂ ਨੂੰ ਆਪਣੇ ਵਰਗੇ ਸਮਝਣ ਲੱਗ ਪਿਆ। ਇਹ ਲੋਕ ਵੀ ਸਾਡੇ ਵਾਂਗ ਹੀ ਅਜੇ ਨਵੇਂ ਹੋਣਗੇ…। ਡਾਲਰ ਖਰਚਣ ਤੋਂ ਡਰਦੇ ਹੋਣਗੇ। ਮੈਂ ਇਹਨਾਂ ਨਾਲ ਆਪਣਾ ਨਾਤਾ ਜਿਹਾ ਮਹਿਸੂਸ ਕਰਨ ਲੱਗ ਪਿਆ।
ਅਮਰੀਕਾ ਨੂੰ ਪਰਵਾਸੀਆਂ ਦਾ ਦੇਸ਼ ਕਿਹਾ ਜਾਂਦਾ ਹੈ। ਦੁਨੀਆ ਭਰ ਤੋਂ ਲੋਕ ਔਖੇ ਹਾਲੀਂ ਇੱਥੇ ਆਉਂਦੇ ਹਨ। ਮਿਹਨਤ ਕਰਦੇ ਹਨ, ਸਫਲ ਹੁੰਦੇ ਹਨ। ਫਿਰ ਉਨ੍ਹਾਂ ਦੀ ਥਾਂ ਨਵੇਂ ਪਰਵਾਸੀ ਆ ਜਾਂਦੇ ਹਨ,ਮਿਹਨਤ ਕਰਦੇ ਆਪ ਖੁਸ਼ਹਾਲ ਹੁੰਦੇ ਹਨ।ਦੇਸ ਵੀ ਖੁਸ਼ਹਾਲ ਹੁੰਦਾ ਚਲਾ ਜਾਂਦਾ ਹੈ।
ਮੈਂ ਸੋਚਦਾ ਹਾਂ, ਜਦ ਮੈਂ ਅਮਰੀਕਾ ਆਇਆ ਸੀ, ਲੌਂਗ ਆਈਲੈਂਡ ਦਾ ਸੁਪਨਾ ਲੈਣਾ ਵੀ ਔਖੀ ਗੱਲ ਲੱਗਦੀ ਸੀ। ਅੱਜ ਮੈਂ ਉਸੇ ਲੌਂਗ ਆਈਲੈਂਡ ਵਿਚ ਰਹਿੰਦਾ ਹਾਂ। ਕੱਲ੍ਹ ਨੂੰ ਇਹ ਸਭ ਲੋਕ ਵੀ ਕਿਤੇ ਦਾ ਕਿਤੇ ਪੁੱਜਜਾਣਗੇ…।
ਗਰਮੀ ਨਾਲ ਸਾਡੀਆਂ ਪਿੱਠਾਂ ਸੜਨ ਲੱਗ ਪਈਆਂ ਹਨ ਪਰ ਕਿਧਰੇ ਕੋਈ ਛਾਂ ਨਹੀਂ। ਬੈਠਣ ਨੂੰ ਕੋਈ ਥਾਂ ਨਹੀਂ। ਦੁਕਾਨਾਂ ਵਿਚ ਮਕੈਨਿਕ, ਮਜ਼ਦੂਰ ਸਭ ਆਪਣੇ ਕੰਮਾਂ ਵਿਚ ਮਸਰੂਫ ਹਨ। ਪਸੀਨਾ ਵਹਿ ਰਿਹਾ ਹੈਪਰ ਉਹਨਾਂ ਲਈ ਕੋਈ ਗਰਮੀ ਨਹੀਂ। ਕੁਝ ਮਜ਼ਦੂਰ ਨੰਗੇ ਪਿੰਡੇ ਟਰਾਲੀਆਂ ਉੱਪਰ ਭਾਰੇ-ਭਾਰੇ ਕਾਰਾਂ ਦੇ ਪਾਰਟ ਧੱਕਦੇ ਜਾ ਰਹੇ ਹਨ।ਇਕ ਮਾੜਚੂ ਜਿਹਾ ਭਾਰ ਧੱਕਦਾ ਜਾ ਰਿਹਾ ਹੈ।
ਸਾਨੂੰ ਉਹ ਕੁੜੀ ਫਿਰ ਨਜ਼ਰ ਆ ਗਈ। ਅਸੀਂ ਉਸ ਕੋਲ਼ ਗਏ।ਫਿਰ ਆਈਸ ਕਰੀਮ ਲਈ। ਸੋੋਚਿਆ, ਘੜੀ ਪਲ ਤਾਂ ਠੰਢਕ ਮਹਿਸੂਸ ਹੋਵੇਗੀ।
ਤੁਰੇ ਜਾਂਦਿਆਂ ਸੜਕ ਦੇ ਇਕ ਕਿਨਾਰੇਵੱਡੀਆਂ ਵੱਡੀਆਂ ਸੀਮੈਂਟ ਤੇ ਕੰਕ੍ਰੀਟ ਦੀਆਂ ਸਲੈਬਾਂ ਖਲੋਤੀਆਂ ਦਿਸ ਪਈਆਂ। ਅਸੀਂ ਉਨ੍ਹਾਂ ਉਪਰ ਬੈਠ ਕੇ ਥੋੜ੍ਹਾ ਆਰਾਮ ਮਹਿਸੂਸ ਕੀਤਾ। ਲੱਤਾਂ ਨੂੰ ਚੰਗਾ ਚੰਗਾ ਲੱਗਾ।
ਮੈਂ ਕਿਹਾ- ਯਾਰ, ਇਹਨਾਂ ਲੋਕਾਂ ਨੇ ਤਾਂ ‘ਵੈੱਟ ਲੈਂਡ’ ਨੂੰ ‘ਸਵੈੱਟ ਲੈਂਡ’ ਬਣਾ ਰੱਖਿਆ।
ਮਾਸਟਰ ਕਹਿਣ ਲੱਗਾ- ਹਾਂ ਯਾਰ, ਇਹ ਲੋਕ ਧੰਨ ਦੇ ਹਨ। ਏਨੀ ਗਰਮੀ ਵਿਚ ਵੀ ਆਪਣੇ ਕੰਮਾਂ ਵਿਚ ਰੁਝੇਹੋਏ ਹਨ।
ਐੱਸ.ਪੀ. ਨੇ ਜੁਆਬ ਦਿੱਤਾ- ਜਦੋਂ ਸਾਉਣ ਭਾਦੋਂ ਦੀਆਂ ਕੜਕਦੀਆਂ ਹੁੰਮਸ ਭਰੀਆਂ ਧੁੱਪਾਂ ਵਿਚ ਜੱਟ ਮੱਕੀ ਦੀ ਗੁਡਾਈ ਕਰਦੇ ਹਨ ਤਾਂ ਉਹ ਧੰਨ ਦੇ ਨਹੀਂ ਸੀ ਹੁੰਦੇ?
ਮੈਨੂੰ ਯਾਦ ਆਇਆ, ਮੈਂ ਗੈਸ ਸਟੇਸ਼ਨ ਉੱਤੇ 12 ਘੰਟੇ ਦੀ ਡਿਊਟੀ ਦਿਆ ਕਰਦਾ ਸੀ। ਸਰਦੀਆਂ ਨੂੰ ਚੁਫੇਰੇ ਬਰਫ਼ਾਂ ਦੇ ਦੈੜ ਲੱਗੇ ਹੋਏ ਸਨ।ਮੈਂ ਸਵੇਰ ਦਾ ਗੈਸ ਪੰਪ ਕਰਨ ਲੱਗਾ ਹੋਇਆ ਸੀ। ਨੋਜ਼ਲਾਂ ਬਰਫ਼ ਵਰਗੀਆਂ ਠੰਢੀਆਂ ਸਨ। ਫੜਦਿਆਂ ਹੱਥ ਠੰਢ ਨਾਲ ਦੁਖਣ ਲੱਗ ਜਾਂਦੇ ਸੀ। ਦਸਤਾਨੇ ਪਹਿਨ ਕੇ ਪੈਸੇ ਗਿਣਨੇ ਔਖੇ ਸਨ। ਇਸ ਲਈ ਜਦ ਵੀ ਵਿਹਲ ਮਿਲਦੀ ਸੀ, ਜੇਬਾਂ ਵਿਚ ਹੱਥ ਪਾ ਕੇ ਨਿੱਘੇ ਕਰ ਲੈਂਦਾ ਸੀ। ਸ਼ਾਮ ਨੂੰ ਹਵਾ ਤੇਜ਼ ਹੋ ਗਈ ਅਤੇ ਬੂੰਦਾ-ਬਾਂਦੀ ਸ਼ੁ਼ੁਰੂ ਹੋ ਗਈ। ਟੈਂਪਰੇਚਰਮਾਈਨਸ ਬਾਈ ਤਕ ਚਲਾ ਗਿਆ। ਉਧਰ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇਹੋ ਜਿਹੇ ਭੈੜੇ ਮੌਸਮ ਵਿਚ ਲੋਕ ‘ਸੈਲਫ ਸਰਵਿਸ’ ਦੀ ਬਜਾਇ ‘ਫੁੱਲ ਸਰਵਿਸ ਗੈਸ ਸਟੇਸ਼ਨ’ ਤੋਂ ਹੀ ਗੈਸ ਲੈਣ ਭੱਜ ਪੈਂਦੇ ਹਨ। ਗੈਸ ਵੀ ਸਿਰਫ ਡਾਲਰ ਦੋ ਡਾਲਰ ਦੀ ਹੀ ਖਰੀਦਦੇ ਹਨ। ਮੈਂ ਨੱਸ ਨੱਸ ਕੰਮ ਕਰਦਾ ਰਿਹਾ। ਅਚਾਨਕ ਮੇਰੇ ਹੱਥ ਮੁੜਨੋਂ ਹਟ ਗਏ। ਨੋਜ਼ਲ ਫੜੀ ਹੀ ਨਾ ਜਾਵੇ। ਉਂਗਲ਼ਾਂ ਮੁੜ ਹੀ ਨਹੀਂ ਸੀ ਰਹੀਆਂ। ਮੈਂ ਘਬਰਾ ਗਿਆ। ਕੰਮ ਵਿਚੇ ਛੱਡ ਕੇ ਅੰਦਰ ਨੂੰ ਭੱਜਾ।ਦਫਤਰ ਵਿਚ ਮਘਦੇ ਹੀਟਰ ਉਪਰ ਹੀ ਹੱਥ ਰੱਖ ਦਿੱਤੇ। ਕਿੰਨੇ ਹੀ ਮਿੰਟਾਂ ਤਕ ਗਰਮੀ ਮਹਿਸੂਸ ਹੀ ਨਾ ਹੋਈ। ਬਾਹਰ ਕਾਰਾਂ ਵਾਲੇ ਹਾਰਨ ਮਾਰੀ ਜਾਣ। ਜਦੋਂ ਹੱਥ ਥੋੜ੍ਹੇ ਨਿੱਘੇ ਹੋਏ, ਮੈਂ ਫਿਰ ਜਾ ਕੇ ਗੈਸ ਪੰਪ ਕਰਨ ਲੱਗ ਪਿਆ ਸੀ।
ਮਾਸਟਰ ਦੀ ਗੱਲ ਮੈਨੂੰ ਬੀਤੇ ਵਿਚ ਲੈ ਗਈ ਸੀ, ਮੇਰੇ ਮੂੰਹੋਂ ਨਿਕਲਿਆ- ਮਾਸਟਰ, ਮਜਬੂਰੀ ਸਭ ਕੁਝ ਬਰਦਾਸ਼ਤ ਕਰਨ ਦੀ ਹਿੰਮਤ ਦੇ ਦਿੰਦੀ ਹੈ।
-ਫੌਜੀਆ, ਬੰਦ ਕਮਰਿਆਂ ਵਿਚ ਨਿਆਣੇ ਪੜ੍ਹਾਉਣ ਵਾਲ਼ੇ ਮਾਸਟਰ ਇਹਨਾਂ ਗੱਲਾਂ ਬਾਰੇ ਕੀ ਜਾਨਣ?ਐੱਸ.ਪੀ. ਨੇ ਫਿਰ ਮਾਸਟਰ ਨੂੰ ਧਰ ਲਿਆ।
-ਓਏ ਵੱਡਿਆ ਐੱਸ.ਪੀ., ਮੈਂ ਸਿੱਧਾ ਕੰਸਟ੍ਰਕਸ਼ਨ ਕੰਟਰੈਕਟਰ ਨਹੀਂ ਸੀ ਬਣ ਗਿਆ! ਨਿਊਯਾਰਕ ਦੀਆਂ ਸੜਕਾਂ ਉਪਰ ਸੀਮੈਂਟ ਰੇਤ ਦੀਆਂ ਘਾਣੀਆਂ ਕਰਦਾ ਰਿਹਾਂ। ਸਕਾਫਲਾਂ ਉਪਰ ਟੰਗ ਹੁੰਦਾ ਰਿਆਂ। ਤੇਰੇ ਵਾਂਗ ਮੈਂ ਕੋਈ ਪੁੱਤਰਾਂ ਦਾ ਬੁਲਾਇਆ ਇੱਥੇ ਨਹੀਂ ਆਇਆ ਤੇ ਮੁਫ਼ਤ ਦੀ ਪੈਨਸ਼ਨ ਨਹੀਂ ਕੁੱਟਦਾ। ਮਾਸਟਰ ਨੇ ਵੀ ਜਵਾਬੀ ਹਮਲਾ ਕਰ ਦਿੱਤਾ।
ਮੈਂ ਗੱਲ ਦਾ ਰੁਖ਼ ਬਦਲਣ ਲਈ ਕਿਹਾ- ਊਂ ਯਾਰ, ਇਸ ਦੇਸ਼ ਵਿਚ ਮਿਹਨਤ ਦਾ ਮੁੱਲ ਐ। ਮਿਹਨਤ ਨਾਲ ਇਨਸਾਨ ਅੱਗੇ ਵਧ ਸਕਦਾ। ਇੰਡੀਆ ਵਿਚ ਤਾਂ ਮਜ਼ਦੂਰ, ਸਾਰੀ ਉਮਰ ਹੀ ਮਜ਼ਦੂਰ ਰਹਿੰਦਾ…।
-ਤਾਂ ਹੀ ਤਾਂ ਸਾਰੀ ਦੁਨੀਆ ਏਥੇ ਨੂੰ ਭੱਜਦੀ ਐ। ਐੱਸ.ਪੀ. ਨੇ ਕਿਹਾ।
-ਜਿਹੜੇ ਆਪ ਨਹੀਂ ਭੱਜਦੇ, ਉਹਨਾਂ ਨੂੰ ਪੁੱਤ ਬੁਲਾ ਲੈਂਦੇ ਆ। ਮਾਸਟਰ ਨੇ ਫਿਰ ਉਸ ਦੇ ਗਿੱਟਿਆਂ ‘ਤੇ ਲਗਾ ਦਿੱਤੀ।
ਮੈਂ ਆਪਣੀ ਗੱਲ ਜਾਰੀ ਰੱਖੀ- ਅੱਜ ਇਹਨਾਂ ਨੇ ‘ਵੈੱਟ ਲੈਂਡ’ ਨੂੰ ‘ਸਵੈੱਟ ਲੈਂਡ’ ਬਣਾਇਆ, ਕੱਲ੍ਹ ਨੂੰ ‘ਡ੍ਰੀਮ ਲੈਂਡ’ ਵੀ ਬਣਾ ਦੇਣਗੇ। ਅਜੇ ਇਹ ਬਾਜ਼ਾਰ ਨਿਊਯਾਰਕ ਦੇ ਨਕਸ਼ੇ ‘ਤੇ ਵੀ ਨਹੀਂ, ਕੱਲ੍ਹ ਨੂੰ ਸਿਟੀ ਪ੍ਰਸ਼ਾਸਨ ਨੂੰ ਹੋਸ਼ ਆ ਈ ਜਾਣੀ ਆ। ਇਹ ਏਰੀਆ ਵੀ ਕਿਸੇ ਡਿਵੈਲਪਮੈਂਟ ਪਲੈਨ ਹੇਠ ਆ ਏ ਜਾਣਾ। ਏਥੇ ਵੀ ਵਧੀਆ ਸਟੋਰ ਤੇ ਵਰਕਸ਼ਾਪਾਂ ਉਸਰ ਜਾਣੀਆਂ।
ਮਾਸਟਰ ਨੇ ਮੇਰੀ ਹਾਂ ਵਿਚ ਹਾਂ ਮਿਲਾ ਦਿੱਤੀ- ਏਹਨਾਂ ਮਕੈਨਿਕਾਂ ਅਤੇ ਮਜ਼ਦੂਰਾਂ ਨੇ ਉਹਨਾਂ ਸਟੋਰਾਂ ਵਰਕਸ਼ਾਪਾਂ ਦੇ ਮਾਲਕ ਹੋਣੈ।
-ਹਾਂ, ਤੇ ਸਰਕਾਰ ਨੂੰ ਮਿਲੀਅਨ ਡਾਲਰ ਪ੍ਰੋਪਰਟੀ ਟੈਕਸ, ਸੇਲ ਟੈਕਸ ਤੇ ਆਮਦਨ ਟੈਕਸ ਆਉਣਾ ਸ਼ੁਰੂ ਹੋ ਜਾਣੈ।ਬਿਜਲੀ, ਫੋਨ ਵਰਗੀਆਂ ਸਹੂਲਤਾਂ ਦੇ ਬਿੱਲ ਵੱਖਰੇ…। ਮੈਂ ਕਿਹਾ।
ਐੱਸ.ਪੀ ਨੇ ਜਵਾਬ ਦਿੱਤਾ- ਫਿਰ ਏਥੇ ਵੀ ਸੱਤ ਸੌ ਦਾ ਕੰਮ, ਦੋ ਹਜ਼ਾਰ ਵਿਚ ਹੋਣ ਲੱਗ ਪੈਣਾ।
ਸਲੈਬਾਂ ਉਪਰ ਬੈਠਿਆਂ ਸਾਡੀਆਂ ਲੱਤਾਂ ਅੱਕਲਕਾਨ ਮਹਿਸੂਸ ਕਰਨ ਲੱਗ ਪਈਆਂ। ਸਾਡੇ ਪੈਰ ਧਰਤੀ ਉਪਰ ਨਹੀਂ ਸੀ ਲੱਗ ਰਹੇ। ਲਟਕਦੀਆਂ ਲੱਤਾਂ ਔਖ ਮਹਿਸੂਸ ਕਰਨ ਲੱਗ ਪਈਆਂ। ਅਸੀਂ ਉਠ ਕੇ ਖੜ੍ਹੇ ਹੋ ਗਏ। ਇੰਝ ਹੀ ਇਧਰ ਉਧਰ ਭਟਕਦਿਆਂ, ਸਾਢੇ ਪੰਜ ਵੱਜ ਗਏ। ਭੁੱਖ ਵੀ ਲੱਗ ਕੇ ਮਰ ਗਈ ਸੀ। ਅਸੀਂ ਕਾਰ ਦੇਖਣ ਇਕ ਵਾਰ ਫਿਰ ਉਸ ਦੁਕਾਨ ‘ਤੇ ਗਏ। ਮਕੈਨਿਕ ਡੈਂਟ ਕੱਢ ਕੇ ਪ੍ਰਾਈਮਰ ਮਾਰ ਰਿਹਾ ਸੀ। ਅਜੇ ਘੱਟੋ-ਘੱਟ ਇਕ ਘੰਟਾ ਹੋਰ ਲੱਗ ਜਾਣਾ ਸੀ।
ਅਸੀਂ ਦੁਕਾਨ ਵਿਚੋਂ ਨਿਕਲੇ ਤਾਂ ਉਹ ਸੋਹਣੀ ਕੁੜੀ ਫਿਰ ਦਿਸ ਪਈ। ਅਸੀਂ ਉਸ ਕੋਲ਼ ਚਲੇ ਗਏ। ਦੇਖਿਆ, ਉਹ ਕੋਕ ਵੀ ਵੇਚ ਰਹੀ ਸੀ। ਅਸੀਂ ਕੋਕ ਦੀਆਂ ਬੋਤਲਾਂ ਲੈ ਕੇ ਫਿਰ ਸੜਕੇ ਸੜਕ ਤੁਰ ਪਏ।
ਹੁਣ ਐੱਸ.ਪੀ. ਨੇ ਉਸ ਕੁੜੀ ਵੱਲ ਪਹਿਲਾਂ ਵਾਂਗ ਲਲਚਾਈਆਂ ਨਜ਼ਰਾਂ ਨਾਲ ਨਹੀਂ ਸੀ ਦੇਖਿਆ। ਕਹਿਣ ਲੱਗਾ- ਫੌਜੀ, ਯਾਦ ਐ ਜਦ ਵਾਢੀ ਕਰਦੇ ਹੁੰਦੇ ਸੀ ਤਾਂ ਪਿੰਡ ਦਾ ਝਿਊਰ ਵਹਿੰਗੀ ਉਪਰ ਘੜੇ ਲੱਦੀ ਖੇਤ ਖੇਤ ਪਾਣੀ ਪਿਆਉਂਦਾ ਹੁੰਦਾ ਸੀ?
-ਹਾਂ ਯਾਰ, ਇਹ ਕੁੜੀ ਤਾਂ ਉਹੋ ਹੀ ਕੰਮ ਕਰ ਰਹੀ ਹੈ। ਮੈਂ ਕਿਹਾ।
-ਬੜੀ ਮਿਹਨਤੀ ਕੁੜੀ ਐ। ਐੱਸ.ਪੀ. ਦੀ ਹੁਣ ਉਸ ਕੁੜੀ ਬਾਰੇ ਰਾਇ ਬਦਲ ਚੁੱਕੀ ਸੀ।
ਮਾਸਟਰ ਦਾ ਕਹਿਣਾ ਸੀ ਕਿ ਜਦ ਕਦੀ ਇੱਥੇ ਆਧੁਨਿਕ ਬਾਜ਼ਾਰ ਬਣੇਗਾ, ਇਸ ਕੁੜੀ ਦਾ ਏਥੇ ਰੈਸਟੋਰੈਂਟ ਹੋਵੇਗਾ।
-ਇਸ ਦਾ ਮਤਲਬ ਹੈ ਕਿ ਸਾਡੇ ਐੱਸ.ਪੀ. ਦੀ ਰੀਝ ਕਦੇ ਪੂਰੀ ਨਹੀਂ ਹੋਣੀ? ਮੈਂ ਫਿਰ ਗੱਲ ਮਜ਼ਾਕ ਕਰਨ ਲਈ ਕਹੀ।
-ਛੱਡ ਯਾਰ, ਸਾਨੂੰ ਇਹਨਾਂ ਮਿਹਨਤੀ ਲੋਕਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਐੱਸ.ਪੀ. ਗੰਭੀਰ ਸੀ।
-ਜੋ ਅਸੀਂ ਕੱਲ੍ਹ ਸਾਂ, ਇਹ ਅੱਜ ਨੇ। ਮੈਨੂੰ ਤਾਂ ਇਹ ਆਪਣੇ ਲਗਦੇ ਨੇ। ਮੈਂ ਵੀ ਸੰਜੀਦਾ ਹੁੰਦਿਆਂ ਕਿਹਾ।
-ਹੁਣ ਸਵਾਲ ਇਹ ਐ ਕਿ ਇਕ ਘੰਟਾ ਹੋਰ ਕਿੱਦਾਂ ਕੱਟਣਾ? ਐੱਸ.ਪੀ. ਥਕਾਵਟ ਮਹਿਸੂਸ ਕਰਦਾ ਬੋਲਿਆ।
-ਪੂਰੇ ਬਾਜ਼ਾਰ ਦਾ ਇਕ ਚੱਕਰ ਫਿਰ ਕੱਢਦੇ ਆਂ। ਇਹਨਾਂ ਲੋਕਾਂ ਨੂੰ ਦੇਖਦੇ ਹਾਂ। ਆਪਣਾ ਕੱਲ੍ਹ ਯਾਦ ਕਰਦੇ ਹਾਂ। ਮੈਂ ਕਿਹਾ।
ਮਾਸਟਰ ਵੀ ਮੇਰੇ ਨਾਲ ਸਹਿਮਤ ਹੋ ਗਿਆ। ਕੋਕ ਨਾਲ ਢਿੱਡਾਂ ਨੂੰ ਕਾਫੀ ਆਸਰਾ ਹੋ ਗਿਆ ਸੀ। ਗਰਮੀ ਦਾ ਡੰਗ ਵੀ ਖੁੰਢਾ ਹੋ ਗਿਆ ਜਾਪਦਾ ਸੀ।
ਟੀਨ ਦੀਆਂ ਦੁਕਾਨਾਂ ਵਿਚ ਸਭ ਲੋਕ ਮਸਰੂਫ ਸਨ। ਉਹਨਾਂ ਲਈ ਗਰਮੀ ਸਰਦੀ ਦੇ ਕੋਈ ਅਰਥ ਨਹੀਂ ਸਨ। ਮੈਂ ਸੋਚਦਾ ਹਾਂ, ਉਹ ਵੀ ਸਾਡੇ ਲੋਕਾਂ ਵਾਂਗ ਖਾਲੀ ਜੇਬਾਂ ਨਾਲ ਇੱਥੇ ਪੁੱਜੇ ਹੋਣਗੇ। ਉਹਨਾਂ ਕੋਲ਼ ਵੀ ਮਿਹਨਤ ਦਾ ਇਕੋ-ਇਕ ਸਰਮਾਇਆ ਹੋਵੇਗਾ।
ਗੇੜਾ ਕੱਢ ਕੇ ਅਸੀਂ ਸੱਤ ਕੁ ਵਜੇ ਫਿਰ ਉਸ ਦੁਕਾਨ ‘ਤੇ ਆਏ। ਕਾਰ ‘ਤੇ ਪਾਲਿਸ਼ ਕੀਤਾ ਜਾ ਚੁੱਕਾ ਸੀ। ਐਕਸੀਡੈਂਟ ਦੇ ਪੂਰੇ ਚਿੰਨ੍ਹ ਮਿਟ ਚੁੱਕੇ ਸਨ। ਮਾਸਟਰ ਖੁਸ਼ ਹੋ ਗਿਆ।
ਮਕੈਨਿਕ ਦਾ ਕਹਿਣਾ ਸੀ, ਅਜੇ ਪਾਲਿਸ਼ ਨੂੰ ਅੱਧਾ ਘੰਟਾ ਹੋਰ ਸੁੱਕ ਲੈਣ ਦਿੱਤਾ ਜਾਵੇ।
ਹੁਣ ਇਹ ਅੱਧਾ ਘੰਟਾ ਹੋਰ, ਸਾਡੇ ਸਿਰਾਂ ਵਿਚ ਬਦਾਣ ਵਾਂਗ ਵੱਜਾ। ਸਰੀਰਾਂ ‘ਚੋਂ ਸੱਤਿਆ ਲਗਭਗ ਮੁੱਕ ਚੁੱਕੀ ਸੀ।
ਪਰ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਚਾਰਾ ਵੀ ਕੀ ਸੀ? ਔਖੇ ਸੌਖੇ ਸਰੀਰਾਂ ਨੂੰ ਤਿਆਰ ਕੀਤਾ ਤੇ ਇਕ ਪਾਸੇ ਨੂੰ ਹੋ ਤੁਰ ਪਏ। ਗਨੀਮਤ ਇਹ ਸੀ ਕਿ ਗਰਮੀ ਘਟ ਚੁੱਕੀ ਸੀ ਤੇ ਸਮੁੰਦਰ ਵੱਲੋਂ ਠੰਢੀ ਹਵਾ ਆਉਣ ਲੱਗ ਪਈ ਸੀ। ਬਹੁਤੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਮਾਸਟਰ ਹੁਣ ਸਭ ਤੋਂ ਅੱਗੇ ਚੱਲ ਰਿਹਾ ਸੀ।
ਐੱਸ.ਪੀ. ਕਹਿਣ ਲੱਗਾ- ਹੁਣ ਦੇਖ ਕਿੱਦਾਂ ਬਗਲੇ ਵਾਂਗ ਲੱਤਾਂ ਟਿਕਾ ਟਿਕਾ ਕੇ ਤੁਰਦਾ। ਤੇਰਾਂ ਸੌ ਡਾਲਰ ਜੂ ਬਚ ਗਿਆ।
-ਪੂਰਾ ਤਾਂ ਘਰ ਨਹੀਂ ਜਾਣ ਦਿੰਦੇ। ਸਿੰਗਲ ਮਾਲਟ ਤੇ ਮੱਛੀ ਤੋਂ ਘੱਟ ਇਹਦੀ ਜਾਨ ਨਹੀਂ ਛੱਡਦੇ ਅੱਜ। ਮੈਂ ਕਿਹਾ।
ਸਾਡੀਆਂ ਜੀਭਾਂ ‘ਤੇ ਸਕਾਚ ਤੇ ਮੱਛੀ ਦਾ ਸੁਆਦ ਤੈਰ ਗਿਆ।
ਫਰਲਾਂਗ ਕੁ ਚੱਲੇ ਹੋਵਾਂਗੇ ਕਿ ਸੜਕ ਦੇ ਇਕ ਪਾਸੇ ਪੰਜ ਛੇ ਮੁੰਡੇ ਹੱਥਾਂ ਵਿਚ ਬੀਅਰ ਦੀਆਂ ਬੋਤਲਾਂ ਫੜੀ ਪੀਂਦੇ ਨਜ਼ਰ ਆਏ। ਬੀਅਰ ਦੇਖ ਕੇ ਸਾਡੀ ਪਿਆਸ ਇੰਝ ਜਾਗ ਪਈ ਜਿਵੇਂ ਵਾਢੀਆਂ ਕਰਦਿਆਂ ਦੁਪਹਿਰੇ ਲੱਸੀ ਦੇਖਕੇ ਕਾਹਲ਼ੇ ਪੈ ਜਾਈਦਾ ਸੀ। ਅਸੀਂ ਉਹਨਾਂ ਮੁੰਡਿਆਂ ਵੱਲ ਤੁਰ ਪਏ।
ਕੋਲ਼ ਪੁੱਜੇ ਤਾਂ ਇਕ ਮੁੰਡਾ ਰੌਲ਼ਾ ਪਾਉਣ ਲੱਗ ਪਿਆ- ਤਾਲਿਬਾਨ ਆਰ ਕਮਿੰਗ…।
ਤਿੰਨ ਦਾੜ੍ਹੀਆਂ ਤੇ ਦਸਤਾਰਾਂ ਵਾਲੇ ਸਰਦਾਰਾਂ ਨੂੰ ਉਹਨੀਂ ਤਾਲਿਬਾਨ ਸਮਝ ਲਿਆ ਸੀ।
ਜਿਸ ਦਿਨ ਤੋਂ ਅਫਗ਼ਾਨਿਸਤਾਨ ਉਪਰ ਤਾਲਿਬਾਨ ਦਾ ਕਬਜ਼ਾ ਹੋਇਆ ਹੈ, ਅਮਰੀਕਾ ਵਿਚ ਉਹਨਾਂ ਦਾ ਹੀ ਚਰਚਾ ਹੈ। ਟੀ.ਵੀ., ਰੇਡੀਓ ਤੇ ਅਖਬਾਰਾਂ, ਸਭ ਉਹਨਾਂ ਦੀਆਂ ਖਬਰਾਂ ਨੂੰ ਤਰਜੀਹ ਦੇ ਰਹੇ ਹਨ।
ਸਾਨੂੰ ਤਾਲਿਬਾਨ ਕਹੇ ਜਾਣ ‘ਤੇ ਸਾਵਧਾਨ ਹੋਣਾ ਚਾਹੀਦਾ ਸੀ ਪਰ ਅਸੀਂ ਤਿੰਨੋਂ ਹੱਸ ਪਏ ਅਤੇ ਉਹਨਾਂ ਵੱਲ ਤੁਰੀ ਗਏ। ਕੋਲ਼ ਜਾ ਕੇ ਅਸੀਂ ਕਿਹਾ ਕਿ ਅਸੀਂ ਇੰਡੀਅਨ ਸਿੱਖ ਹਾਂ, ਤਾਲਿਬਾਨ ਨਹੀਂ।
-ਓ ਯੂ ਆਰ ਸਿੰਘ। ਇਕ ਕਾਲ਼ਾ ਮੁੰਡਾ ਖੁਸ਼ ਹੋ ਕੇ ਬੋਲਿਆ। ਉਹ ਕਿਸੇ ਸਿੰਘ ਦੇ ਸਟੋਰ ‘ਤੇ ਕੰਮ ਕਰ ਚੁੱਕਾ ਸੀ।
ਛੇਤੀ ਹੀ ਅਸੀਂ ਉਹਨਾਂ ਨਾਲ ਘੁਲ਼ ਮਿਲ਼ ਗਏ। ਅਸੀਂ ਪੁੱਛਿਆ ਕਿ ਸਾਨੂੰ ਬੀਅਰਾਂ ਕਿੱਥੋਂ ਮਿਲ ਸਕਦੀਆਂ ਹਨ?
ਇਕ ਸਪੈਨਿਸ਼ ਮੁੰਡਾ ਆਪਣੇ ਲਈ ਰੱਖੀਆਂ ਬੀਅਰ ਦੀਆਂ ਤਿੰਨ ਬੰਦ ਬੋਤਲਾਂ ਸਾਨੂੰ ਪੇਸ਼ ਕਰਨ ਲੱਗ ਪਿਆ।ਅਸੀਂ ਲੈਣ ਤੋਂ ਧੰਨਵਾਦ ਸਹਿਤ ਨਾਂਹ ਕਰ ਦਿੱਤੀ ਤੇ ਦੁਬਾਰਾ ਕਿਹਾ ਕਿ ਅਸੀਂ ਬੀਅਰ ਖਰੀਦਣੀ ਚਾਹੁੰਦੇ ਹਾਂ।
ਉਹਨਾਂ ‘ਚੋਂ ਇਕ ਮੁੰਡਾ ਸਾਨੂੰ ਇੰਤਜ਼ਾਰ ਕਰਨ ਦਾ ਕਹਿ ਕੇ ਇਕ ਪਾਸੇ ਨੂੰ ਭੱਜ ਗਿਆ। ਕੁਝ ਦੇਰ ਬਾਅਦ ਜਦ ਪਰਤਿਆ ਤਾਂ ਉਸ ਦੇ ਮਗਰ ਉਹੋ ਸੋਹਣੀ ਕੁੜੀ ਆਪਣੀ ਰੇੜ੍ਹੀ ਧੱਕਦੀ ਆ ਰਹੀ ਸੀ।
ਹੁਣ ਉਹ ਕੁੜੀ ਬੀਅਰਾਂ ਵੇਚ ਰਹੀ ਸੀ। ਮਕੈਨਿਕ, ਮਜ਼ਦੂਰ ਵਿਹਲੇ ਹੋ ਚੁੱਕੇ ਸਨ। ਹੁਣ ਉਹਨਾਂ ਨੂੰ ਬੀਅਰ ਦੀ ਲੋੜ ਸੀ।
ਅਸੀਂ ਉਸ ਪਾਸੋਂ ਤਿੰਨ ਬੀਅਰਾਂ ਲਈਆਂ। ਐੱਸ.ਪੀ. ਨੇ ਫਟਾਫਟ ਸੌ ਡਾਲਰ ਦਾ ਨੋਟ ਉਸ ਨੂੰ ਫੜਾ ਦਿੱਤਾ। ਕੁੜੀ ਉਹਨਾਂ ਮੁੰਡਿਆਂ ਨਾਲ ਗੱਲੀਂ ਪਈ ਹੋਈ ਸੀ। ਉਸ ਨੇ ਅਜੇ ਨੋਟ ਵੱਲ ਧਿਆਨ ਵੀ ਨਹੀਂ ਸੀ ਦਿੱਤਾ ਕਿ ਅਸੀਂ ਉੱਥੋਂ ਤੁਰ ਪਏ।
ਅਸੀਂ ਉਸ ਮਿਹਨਤੀ ਕੁੜੀ ਦੀ ਸਮਝ ਤੇ ਮਿਹਨਤ ਦੀਆਂ ਗੱਲਾਂ ਕਰਦੇ ਕਾਰ ਵੱਲ ਤੁਰ ਪਏ।
ਕਾਰ ਤਿਆਰ ਸੀ। ਮਾਸਟਰ ਨੇ ਖੁਸ਼ੀ ਖੁਸ਼ੀ ਸੱਤ ਸੌ ਡਾਲਰ ਦੁਕਾਨਦਾਰ ਨੂੰ ਦਿੱਤੇ ਅਤੇ ਮਕੈਨਿਕ ਨੂੰ ਪੰਜਾਹ ਡਾਲਰ ਟਿੱਪ ਦਿੱਤੀ ਤੇ ਚਾਬੀਆਂ ਲੈ ਕੇ ਕਾਰ ਕੋਲ ਆ ਕੇ ਵਿਚ ਬੈਠਣ ਹੀ ਲੱਗੇ ਸੀ।
-ਸਿੰਘ…ਸਿੰਘ…।
ਉੱਚੀ ਉੱਚੀ ਆਵਾਜ਼ਾਂ ਦਿੰਦੀ ਉਹੋ ਸੋਹਣੀ ਕੁੜੀ ਸਾਡੀ ਵੱਲ ਭੱਜੀ ਆ ਰਹੀ ਸੀ। ਬਾਂਹ ਚੁੱਕ ਚੁੱਕ ਕੇ ਸਾਨੂੰ ਰੁਕਣ ਦਾ ਇਸ਼ਾਰਾ ਵੀ ਕਰ ਰਹੀ ਸੀ।
ਅਸੀਂ ਰੁਕ ਗਏ। ਕੁੜੀ ਹਫਦੀ ਸਾਡੇ ਕੋਲ਼ ਆਈ। ਐੱਸ.ਪੀ. ਨੂੰ ਪੈਸੇ ਫੜਾਉਂਦੀ ਕਹਿਣ ਲੱਗੀ- ਸਿੰਘ, ਯੂਅਰ ਚੇਂਜ।
ਐੱਸ.ਪੀ. ਨੇ ਪੈਸੇ ਫੜਨ ਲਈ ਕਿੰਨੀ ਦੇਰ ਹੱਥ ਅੱਗੇ ਨਾ ਵਧਾਇਆ।
ਕੁੜੀ ਨੇ ਲਗਾਤਾਰ ਹੱਥ ਅੱਗੇ ਕਰੀ ਰੱਖਿਆ ਤੇ ਪੈਸੇ ਵਾਪਸ ਕਰਨ ਲਈ ਵਾਰ ਵਾਰ ਜ਼ੋਰ ਦੇ ਰਹੀ ਸੀ।
ਐੱਸ.ਪੀ. ਨੇ ਹੱਥ ਅੱਗੇ ਕੀਤਾ, ਸਾਨੂੰ ਲੱਗਾ, ਪੈਸੇ ਫੜਨ ਲੱਗਾ ਹੈ ਪਰ ਉਸ ਦਾ ਹੱਥ ਉਪਰ ਹੀ ਹੁੰਦਾ ਗਿਆ ਤੇ ਉਸ ਨੇ ਕੁੜੀ ਦੇ ਸਿਰ ਉਪਰ ਹੱਥ ਰੱਖ ਦਿੱਤਾ। ਏਨਾ ਹੀ ਕਿਹਾ- ਕੀਪ ਦ ਚੇਂਜ, ਯੰਗ ਲੇਡੀ।
ਕੁੜੀ ਹੱਕੀ ਬੱਕੀ ਜਿਹੀ ਉਸ ਵੱਲ ਦੇਖ ਰਹੀ ਸੀ।
ਮਾਸਟਰ ਨੇ ਵੀ ਹੱਥ ਹਿਲਾ ਕੇ ਉਸ ਨੂੰ ਅਲਵਿਦਾ ਆਖੀ ਤੇ ‘ਕੀਪ ਦ ਚੇਂਜ’ ਆਖ ਕੇ ਗੱਡੀ ਵਿਚ ਬੈਠ ਗਿਆ। ਅਸੀਂ ਵੀ ਉਸ ਨੂੰ ‘ਬਾਈ, ਬਾਈ’ ਕਰਦੇ ਕਾਰ ਵਿਚ ਬੈਠ ਗਏ। ਕੁੜੀ ਸਾਡੀ ਵੱਲ ਹੈਰਾਨ ਜਿਹੀ ਹੋਈ ਦੇਖੀ ਜਾ ਰਹੀ ਸੀ।
ਮਾਸਟਰ ਨੇ ਕਾਰ ਤੋਰ ਲਈ। ਅਸੀਂ ਦੇਖਦੇ ਰਹੇ, ਉਹ ਕੁੜੀ ਉਸੇ ਥਾਂ ਖੜ੍ਹੀ ਸਾਨੂੰ ਬਾਹਾਂ ਹਿਲਾ ਕੇ ਅਲਵਿਦਾ ਆਖ ਰਹੀ ਸੀ।
ਤੇ ਸਾਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਆਪਣੇ ਹੀ ਲੋਕਾਂ ਨੂੰ ਮਿਲ ਕੇ ਜਾ ਰਹੇ ਹਾਂ…। ਆਪਣੇ ਹੀ ਪਿੰਡ ਦੀ ਫੇਰੀ ਮਾਰ ਕੇ ਮੁੜ ਰਹੇ ਹਾਂ।