ਲੇਖਕ: ਡਾ. ਪ੍ਰਕਾਸ਼ ਸਿੰਘ ਜੰਮੂ ਅਤੇ ਡਾ. ਸੁਖਦੇਵ ਸਿੰਘ ਝੰਡ
ਹਜ਼ਰਤ ਖ਼ਵਾਜਾ ਫ਼ਰੀਦਉਦੀਨ ਮਸੂਦ ਗੰਜਸ਼ਕਰ ਨੂੰ ਕਈ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਜਿਵੇਂ ਫ਼ਰੀਦਉਦੀਨ ਗੰਜਸ਼ਕਰ, ਫ਼ਰੀਦ ਅਲਦੀਨ ਮਸੂਦ ਗੰਜ-ਏ-ਸ਼ੱਕਰ, ਬਾਬਾ ਫ਼ਰੀਦਉਦੀਨ ਗੰਜਸ਼ੱਕਰ, ਬਾਬਾ ਫ਼ਰੀਦ, ਵਗ਼ੈਰਾ। ਇਸ ਲੇਖ ਵਿਚ ਇਨ੍ਹਾਂ ਨਾਵਾਂ ਵਿਚੋਂ ਆਖ਼ਰੀ ਦੋ ਨਾਵਾਂ ਜਾਂ ਕੇਵਲ ਫ਼ਰੀਦ ਦੀ ਹੀ ਵਰਤੋਂ ਕੀਤੀ ਗਈ ਹੈ, ਕਿਉਂਕਿ ਪੰਜਾਬੀ ਵਿਚ ਮੁੱਖ ਰੂਪ ਵਿਚ ਇਹ ਹੀ ਪ੍ਰਚੱਲਤ ਹੈ।
ਬਾਬਾ ਫ਼ਰੀਦ ਪੰਜਾਬ ਦੀ ਅਤੀ ਸਤਿਕਾਰਿਤ ਹਸਤੀ ਹੈ। ਉਹ ਪੰਜਾਬੀ ਵਿਚ ਕਵਿਤਾ ਲਿਖਣ ਵਾਲਾ ਪਹਿਲਾ ਵਿਅਕਤੀ ਹੈ। ਉਸ ਵੇਲੇ ਪੰਜਾਬ ਵਿਚ ਬੋਲੀ ਤਾਂ ਭਾਵੇਂ ਪੰਜਾਬੀ ਹੀ ਜਾਂਦੀ ਸੀ ਪਰ ਇਸ ਨੂੰ ਲਿਖਣ ਲਈ ਗੁਰਮੁਖੀ ਲਿਪੀ ਦਾ ਅਜੇ ਵਿਕਾਸ ਨਹੀਂ ਸੀ ਹੋਇਆ। ਇਸ ਲਈ ਬਾਬਾ ਫ਼ਰੀਦ ਨੇ ਆਪਣੀ ਕਵਿਤਾ ਫ਼ਾਰਸੀ/ਉਰਦੂ ਅੱਖਰਾਂ ਵਿਚ ਲਿਖੀ। ਉਹ ਇਸਲਾਮ ਦੀ ਮੁੱਖ-ਧਾਰਾ ਵਿਚ ਵਿਕਸਤ ਸੂਫ਼ੀ ਸੰਪਰਦਾਵਾਂ ਵਿਚੋਂ ਇਕ, ‘ਚਿਸ਼ਤੀ’ ਦੇ ਬਾਨੀਆਂ ਵਿਚੋਂ ਸੀ। ਉਸ ਦੇ ਪੈਰੋਕਾਰਾਂ ਦੀ ਲੜੀ ਗੁਰੂ ਅਰਜਨ ਦੇਵ ਦੇ ਸਮੇਂ ਵੀ ਮੌਜੂਦ ਸੀ ਜੋ ਸਾਰੇ ਫ਼ਰੀਦ ਦੇ ਨਾਂ ਨਾਲ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਇਕ ਫ਼ਰੀਦ ਸਾਨੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਵੀ ਸੀ।
ਬਾਬਾ ਫ਼ਰੀਦ ਸੂਫ਼ੀਆਂ ਦੀਆਂ ਕੁੱਝ ਪ੍ਰੰਪਰਾਵਾਂ, ਜਿਵੇਂ ਉਹ ਵਿਆਹ ਨਹੀਂ ਕਰਾਉਂਦੇ, ਤੋਂ ਵੱਖਰਾ ਸੀ ਅਤੇ ਗ੍ਰਹਿਸਤੀ ਜੀਵਨ ਦਾ ਵਿਸ਼ਵਾਸੀ ਅਤੇ ਅਭਿਆਸੀ ਸੀ। ਉਸ ਦੀ ਕਵਿਤਾ/ਬਾਣੀ ਪੰਜਾਬੀ ਜੀਵਨ ਅਤੇ ਇਸਲਾਮੀ ਧਾਰਮਿਕ ਸੋਚ ਵਿਚ ਇਕ ਵਾਰਤਾਲਾਪ ਹੈ। ਸ਼ਾਇਦ ਏਸੇ ਕਰਕੇ ਉਸ ਦੇ 112 ਸਲੋਕ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਗਏ ਹਨ। ਕੁੱਝ ਵਿਦਵਾਨਾਂ ਨੇ ਇਨ੍ਹਾਂ ਸਲੋਕਾਂ ਦੀ ਗਿਣਤੀ 132 ਲਿਖੀ ਹੈ ਅਤੇ ਅਜਿਹਾ ਕਰਦਿਆਂ ਉਨ੍ਹਾਂ ਗੁਰੂ ਅਰਜਨ ਦੇਵ ਜੀ ਦੇ ਸੰਪਾਦਕੀ ਸਲੋਕ ਵੀ ਇਨ੍ਹਾਂ ਵਿਚ ਸ਼ਾਮਲ ਕਰ ਲਏ ਹਨ। ਬਾਬਾ ਫ਼ਰੀਦ ਫ਼ਾਰਸੀ, ਅਰਬੀ, ਪੰਜਾਬੀ ਤੇ ਪਸ਼ਤੋ ਦਾ ਵਿਦਵਾਨ ਸੀ ਅਤੇ ਕਈ ਧਾਰਮਿਕ ਸੋਚ-ਪ੍ਰਣਾਲੀਆਂ ਦਾ ਉੱਚ-ਪੱਧਰੀ ਗਿਆਤਾ ਵੀ ਸੀ। ਇਸ ਪ੍ਰਸੰਗ ਵਿਚ ਮਨੁੱਖੀ ਜੀਵਨ ਲਈ ਉਚਿਤ ਰਾਹਾਂ ਅਤੇ ਕਦਰਾਂ-ਕੀਮਤਾਂ ਦਾ ਖੋਜੀ ਵੀ ਸੀ। ਸ਼ਾ਼ਇਦ ਉਹ ਇਸਲਾਮ ਦੀ ਕੱਟੜਤਾ, ਜਿਵੇਂ ਸ਼ਰਾਬ ਅਤੇ ਸੰਗੀਤ ਦੀ ਸਖ਼ਤ ਮਨਾਹੀ ਤੋਂ ਸੰਤੁਸ਼ਟ ਨਹੀਂ ਸੀ ਅਤੇ ਪੰਜਾਬ ਦੇ ਮੁਸਲਮਾਨਾਂ ਲਈ ਕੁੱਝ ਵੱਖਰੇ ਰਾਹ ਦੀ ਭਾਲ ਵਿਚ ਸੀ। ਪੰਜਾਬ ਦੇ ਹਰ ਧਰਮ ਨਾਲ ਸਬੰਧਿਤ ਲੋਕ ਉਸ ਦਾ ਸਤਿਕਾਰ ਕਰਦੇ ਹਨ। ਪੰਜਾਬੀ ਸਾਹਿਤ ਅਤੇ ਧਰਮ ਨਾਲ ਸਬੰਧਤ ਵਿਦਵਾਨਾਂ ਨੇ ਬਾਬਾ ਫ਼ਰੀਦ ਬਾਰੇ ਬਹੁਤ ਕੁੱਝ ਲਿਖਿਆ ਹੈ ਪਰ ਉਹ ਮੁੱਖ ਰੂਪ ਵਿਚ ਉਸ ਦੀ ਬਾਣੀ ਅਤੇ ਉਸ ਦੇ ਵਿਚਾਰਾਂ ਬਾਰੇ ਹੀ ਹੈ। ਉਸ ਦੇ ਜੀਵਨ ਅਤੇ ਸਮਾਜਿਕ ਪਿਛੋਕੜ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਨ੍ਹਾਂ ਲਿਖਤਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਬਾਬਾ ਫ਼ਰੀਦ ਕੌਣ ਸੀ ਅਤੇ ਉਸ ਦਾ ਪਿਛੋਕੜ ਕੀ ਸੀ?
ਬਾਬਾ ਫ਼ਰੀਦ ਕੌਣ ਸੀ?
ਇਸ ਕੌਣ ਦੇ ਸੁਆਲ ਦਾ ਜੁਆਬ ਬੜਾ ਮੁਸ਼ਕਿਲ ਹੈ। ਹਿੰਦੋਸਤਾਨ ਵਿਚ ਇਸਲਾਮ ਦੇ ਆਉਣ ਤੋਂ ਪਹਿਲਾਂ ਇਹ ਮੁਕਾਬਲਤਨ ਆਸਾਨ ਸੀ। ਜ਼ਾਤ ਪੁੱਛਣ ਨਾਲ ਆਦਮੀ ਦੀ ਸਮਾਜਿਕ ਸਥਿਤੀ ਦਾ ਪਤਾ ਲੱਗ ਜਾਂਦਾ ਸੀ। ਪਰ ਇਸਲਾਮ ਦੇ ਆਉਣ ਨਾਲ ਅਰਬ ਦੇਸ਼ਾਂ ਇਰਾਨ, ਅਫ਼ਗਾਨਿਸਤਾਨ ਅਤੇ ਹੋਰ ਕੇਂਦਰੀ ਏਸਿ਼ਆਈ ਮੁਲਕਾਂ ਵਿਚੋਂ ਵੱਖ-ਵੱਖ ਕਬੀਲਿਆਂ, ਰੰਗਾਂ, ਧਰਮਾਂ, ਸੰਪਰਦਾਵਾਂ, ਇਲਾਕਿਆਂ ਅਤੇ ਥਾਵਾਂ ਤੋਂ ਆ ਕੇ ਇੱਥੇ, ਖ਼ਾਸ ਕਰਕੇ ਪੰਜਾਬ ਵਿਚ ਵੱਸਣ ਵਾਲੇ ਲੋਕਾਂ ਦੀਆਂ ਧਾੜਾਂ ਨਾਲ ਇੱਥੋਂ ਦੀ ਸਮਾਜਿਕ ਬਣਤਰ ਵਿਚ ਕਈ ਬੁਨਿਆਦੀ ਤਬਦੀਲੀਆਂ ਆਈਆਂ, ਜਿਨ੍ਹਾਂ ਨਾਲ ਵੱਖ-ਵੱਖ ਕੌਮੀਅਤਾਂ ਦੀ ਨਵੀਂ ‘ਖਿਚੜੀ’ ਪੱਕਣੀ ਸ਼ੁਰੂ ਹੋ ਗਈ, ਜਿਸ ਵਿਚ ਲੋਕਾਂ ਨੂੰ ਆਪਣੀ ਸਮਾਜਿਕ ਪਛਾਣ ਮੁੜ ਪਰਿਭਾਸਿ਼ਤ ਕਰਨੀ ਪਈ। ਇਸ ਦਾ ਅੰਦਾਜ਼ਾ ਬਾਬਾ ਬੁੱਲ੍ਹੇ ਸ਼ਾਹ ਦੀ ਪ੍ਰੇਸ਼ਾਨੀ ਤੋਂ ਲਾਇਆ ਜਾ ਸਕਦਾ ਹੈ ਜਿਸ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਉਹ ਆਪਣੇ ਆਪ ਨੂੰ ਇਨ੍ਹਾਂ ਸਥਾਨਕ ਅਤੇ ਬਾਹਰੋਂ ਆਈਆਂ ਸਮਾਜਿਕ ਕਿਸਮਾਂ ਵਿਚੋਂ ਕਿਸ ਨਾਲ ਸਬੰਧਤ ਸਮਝੇ। ਇਸ ਲਈ ਆਖ਼ਰ ਉਸ ਨੇ “ਅੱਵਲ ਆਖ਼ਰ ਆਪ ਨੂੰ ਜਾਣਾ, ਦੂਜਾ ਨਾ ਕੋਈ ਹੋਰ ਪਛਾਣਾ” ਦਾ ਫ਼ੈਸਲਾ ਕਰ ਕੇ ਇਸ ਉਲਝਣ ਤੋਂ ਜਾਨ ਛੁਡਾਈ।
ਇੱਕ ਹਿੰਦੂ ਧਰਮ ਤੋਂ ਬਿਨਾਂ ਭਾਰਤ ਵਿਚਲੇ ਸਾਰੇ ਧਰਮਾਂ ਦੁਆਰਾ ਜਾਤ-ਪ੍ਰਣਾਲੀ ਦੇ ਕੀਤੇ ਗਏ ਖੰਡਨ ਦੇ ਬਾਵਜੂਦ, ਇਨ੍ਹਾਂ ਵਿਚੋਂ ਜਾਤ ਦੇ ਵਖਰੇਵੇਂ ਖ਼ਤਮ ਨਹੀਂ ਹੋਏ। ਵਿਅਕਤੀ ਦੀ ਜਾਤ ਦਾ ਪ੍ਰਸ਼ਨ ਹਰ ਧਰਮ ਵਿਚ ਕਾਇਮ ਰਿਹਾ ਹੈ। ਇਸ ਲਈ ਇਸ ਲੇਖ ਵਿਚ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਬਾਬਾ ਫ਼ਰੀਦ ਦੇ ਵਡੇਰੇ ਕਦੋਂ, ਕਿਉਂ ਤੇ ਕਿੱਥੋਂ ਆ ਕੇ ਪੰਜਾਬ ਵਿਚ ਵੱਸੇ। ‘ਕੋਹਤੇਵਾਲ’ ਨਾਲ ਬਾਬਾ ਫ਼ਰੀਦ ਦਾ ਕੀ ਸਬੰਧ ਸੀ, ਉਸ ਦੀ ਬੰਸਾਵਲੀ ਕੀ ਸੀ, ਉਸ ਦੀ ਧਾਰਮਿਕ ਪਛਾਣ ਕੀ ਸੀ, ਉਸ ਦਾ ਪਰਿਵਾਰਕ ਅਤੇ ਨਿੱਜੀ ਜੀਵਨ ਕੀ ਸੀ ਅਤੇ ਉਸ ਦਾ ਮੂਲ ਪੰਜਾਬ ਦੀ ਕਿਸ ਜਾਤ ਨਾਲ ਸਬੰਧਤ ਪ੍ਰਤੀਤ ਹੁੰਦਾ ਹੈ। ਇਸ ਲੇਖ ਵਿਚ ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਦੀ ਕੋਸਿ਼ਸ਼ ਕੀਤੀ ਗਈ ਹੈ।
ਜਾਣਕਾਰੀ ਦੇ ਸਰੋਤ
ਇਸ ਲੇਖ ਵਿਚ ਪੇਸ਼ ਕੀਤੇ ਗਏ ਤੱਥ ਹੇਠ ਲਿਖੇ ਸਰੋਤਾਂ ਵਿਚੋਂ ਪ੍ਰਾਪਤ ਕੀਤੇ ਗਏ ਹਨ: ਵਿਕੀਪੀਡੀਆ ਵਿਚ ਰਹਿਮਤ ਅੱਲਾ ਅਲਾਹੀ ਦਾ ਲੇਖ ‘ਫ਼ਰੀਦੳੱੁਦੀਨ ਗੰਜਸੱ਼ਕਰ’, ਫ਼ਰੀ ਪ੍ਰੈੱਸ ਵਿਚ ਮੀਰਾ ਐੱਸ. ਸਸ਼ੀਤਾਲ ਦਾ ਆਰਟੀਕਲ ‘ਬਾਬਾ ਫ਼ਰੀਦਉੱਦੀਨ ਗੰਜਸ਼ੱਕਰ’, ਵਿਕੀਪੀਡੀਆ ਡਾਟ ਆਰਗ ਵਿਚ ‘ਫ਼ਰੀਦਉੱਦੀਨ ਗੰਜਸ਼ੱਕਰ’, ਸੂਫ਼ੀ ਵਿੱਕੀ ਵਿਚੋਂ ‘ਫ਼ਰੀਦਉੱਦੀਨ ਗੰਜਸ਼ੱਕਰ, ਵਿਕੀਪੀਡੀਆ ਵਿਚ ਹਜ਼ਰਤ ਸੱਈਅਦ ਬਾਬਾ ਫ਼ਰੀਦ ਉੱਦੀਨ ਮਸੂਦ ਗੰਜਸ਼ੱਕਰ, ਵਿੱਕੀਪੀਡੀਆ ਵਿਚ ਸਿੱਖ ਹਿਸਟਰੀ ਡਾਟ ਕਾਮ ਵਿਚ ਸੰਦੀਪ ਸਿੰਘ ਬਾਜਵਾ ਦਾ ਲੇਖ ‘ਬਾਬਾ ਸ਼ੇਖ਼ ਫ਼ਰੀਦ ਸ਼ੱਕਰਗੰਜ, ਵਿਕੀਪੀਡੀਆ ਡਾਟ ਆਰਗ ਵਿਚ ਸ਼ੇਖ਼ ਉਲਆਲਮ ਕੁੱਤਬੇ ਅਕਬਰ ਦਾ ‘ਸ਼ੇਖ ਮਸੂਦ ਗੰਜਸ਼ੱਕਰ’, ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਵਿਚ ਗੁਰਬਚਨ ਸਿੰਘ ਤਾਲਿਬ ਦਾ ਲੇਖ ‘ਸ਼ੇਖ ਫ਼ਰੀਦ, ਐੱਸ.ਐੱਸ. ਅਮੋਲ ਦੀ ਪੁਸਤਕ ‘ਸ਼ੇਖ ਫ਼ਰੀਦ: ਜੀਵਨ ਅਤੇ ਰਚਨਾ’ (ਪਟਿਆਲਾ, 2002), ਪਰਕਾਸ਼ ਸਿੰਘ ਜੰਮੂ ਦੀ ਪੁਸਤਕ ‘ਕੰਬੋਜਾਂ ਦਾ ਇਤਿਹਾਸ’ (ਪਟਿਆਲਾ, 2013), ਕਿਰਪਾਲ ਸਿੰਘ ਦਰਦੀ ਦੀ ਪੁਸਤਕ ‘ਕੰਬੋਜ ਯੁੱਗਾਂ ਦੇ ਆਰ ਪਾਰ’ (ਜਲੰਧਰ, 2005) ਅਤੇ ਮੁਹੰਮਦ ਯੂਨਸ ਦੀ ਪੁਸਤਕ ‘ਤਾਰੀਖ਼ ਕੌਮ ਕੰਮੋਅ’ (ਲਾਹੌਰ, 1996).
ਬਾਬਾ ਫ਼ਰੀਦ ਦਾ ਪਿਛੋਕੜ
ਬਾਬਾ ਫ਼ਰੀਦ ਦੇ ਵਡੇਰੇ ਅਫ਼ਗਾਨਿਸਤਾਨ ਤੋਂ ਆ ਕੇ ਕੋਹਤੇਵਾਲ ਵਿਚ ਵੱਸੇ ਸਨ। ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਦੀਆਂ ਵੀਹ ਪੀੜ੍ਹੀਆਂ ਦੀ ਰਿਹਾਇਸ਼ ਦਾ ਪਤਾ ਅਫ਼ਗਾਨਿਸਤਾਨ ਤੋਂ ਲੱਗਦਾ ਹੈ ਅਤੇ ਇੱਥੇ ਉਨ੍ਹਾਂ ਦੀ ਬੰਸਾਵਲੀ ਵੀ ਮਿਲਦੀ ਹੈ, ਜੋ ‘ਸੂਫ਼ੀ ਵਿੱਕੀ’ ਵਿਚਲੇ ਵਰਣਨ ਅਨੁਸਾਰ ਇਸ ਤਰ੍ਹਾਂ ਹੈ: 1. ਅਮੀਰ-ਉਲ-ਮੋਮਨੀਨ ਹਜ਼ਰਤ ਉਮਰ ਫ਼ਾਰੂਕ, 2. ਹਜ਼ਰਤ ਅਬਦੁੱਲਾ, 3. ਹਜ਼ਰਤ ਨਾਸੀਰ/ਮਨਸੂਰ ਸੁਲਮਾਨ, 4. ਹਜ਼ਰਤ ਸੁਲੇਮਾਨ, 5. ਹਜ਼ਰਤ ਅਧਾਮ, 6. ਹਜ਼ਰਤ ਇਬਰਾਹੀਮ ਬਲਖ਼ ਵਾਲੇ, 7. ਹਜ਼ਰਤ ਇਸ਼ਾਕ, 8. ਹਜ਼ਰਤ ਵਾਇਜ਼-ਉਲ-ਅਸਰਾਰ ਅਬਦੁੱਲਾ, 9. ਹਜ਼ਰਤ ਮਸੂਦ, 10. ਹਜ਼ਰਤ ਸੁਲੇਮਾਨ, 11. ਹਜ਼ਰਤ ਜਾਮਾਨਸ਼ਾਹ, 12. ਹਜ਼ਰਤ ਰਾਸੀਮਾਨ, 13. ਹਜ਼ਰਤ ਨਸੀਰ-ਉਦੀਨ, 14. ਸ਼ੇਖ਼ ਫ਼ਾਰੂਖ਼ ਸ਼ਾਹ ਕਾਬਲੀ, 15. ਹਜ਼ਰਤ ਸੁ਼ਹਾਬਉਦੀਨ, 16. ਹਜ਼ਰਤ ਮੁਹੰਮਦ ਸ਼ਾਹ, 17. ਹਜ਼ਰਤ ਯੁਸਫ਼, 18. ਸ਼ੇਖ਼ ਅਹਿਮਦ ਸ਼ਹੀਦ, 19. ਹਜ਼ਰਤ ਸ਼ੁਆਇਬ, 20. ਹਜ਼ਰਤ ਜਮਾਲ ਉਦੀਨ ਸੁਲੇਮਾਨ ਅਤੇ 21. ਖ਼ਵਾਜਾ ਫ਼ਰੀਦਉਦੀਨ ਮਸੂਦ ਗੰਜਸ਼ੱਕਰ। ਮੈਮਨ ਅਨੁਸਾਰ ਫ਼ਰੀਦ ਦੇ ਦੋ ਬੱਚੇ ਆਪਣੀ ਬੰਸਾਵਲੀ ਖ਼ਲੀਫ਼ਾ ਉਮਰ ਇਬਨ ਅਲ ਖ਼ਤਾਰ ਤੋਂ ਉਲੀਕਦੇ ਹਨ ਅਜਿਹਾ ਇਸਲਾਮਿਕ ਪੁਰਖਿਆਂ ਨਾਲ ਸਬੰਧ ਜੋੜਨ ਦਾ ਇੱਕ ਸੁਭਾਵਿਕ ਤਰੀਕਾ ਹੈ। ਮੀਰਾ ਸਸ਼ੀਤਾਲ ਮੁਤਾਬਕ ਉਹ ਫ਼ਰਗਨਾ ਸਥਿਤ ਆਊਤ ਅਤੇ ਕੂਫ਼ਾ ਤੋਂ ਆਏ ਸਨ। ਇੱਥੇ ਸ਼ਬਦ ‘ਕੂਫ਼ਾ’ ਕੰਬੋਜਾਂ ਦੇ ਚੀਨੀ ਉਚਾਰਨ ‘ਕਾਉਫ਼ੂ’ ਦਾ ਬਦਲਿਆ ਹੋਇਆ ਰੂਪ ਹੈ। ਜੇਕਰ ਇੱਕ ਪੀੜ੍ਹੀ ਦਾ ਸਮਾਂ 20 ਸਾਲ ਮੰਨ ਲਿਆ ਜਾਏ ਤਾਂ ਉਹ ਅਫ਼ਗਾਨਿਸਤਾਨ ਵਿਚ (20*20) 400 ਸਾਲ ਪਹਿਲਾਂ, ਭਾਵ ਅੱਠਵੀਂ ਸਦੀ ਵਿਚ ਆ ਕੇ ਵੱਸੇ ਹੋਣਗੇ।
ਜਮਾਲੀ ਦੇ ਸੀਰੀਅਲ ‘ਆਫ਼ਰੀਨ’ ਦੇ ਆਧਾਰ `ਤੇ ਸ.ਸ. ਅਮੋਲ ਲਿਖਦਾ ਹੈ ਕਿ ਫ਼ਰੀਦ ਦਾ ਦਾਦਾ ਕਾਜ਼ੀ ਸ਼ੁਆਇਬ ਸੁਲਤਾਨ ਮਹਿਮੂਦ ਗਜ਼ਨਵੀ ਦਾ ਭਣੇਵਾਂ ਸੀ ਅਤੇ ਗਜ਼ਨੀ ਉਸ ਸਮੇਂ ਕਾਬਲ ਦੇ ਅਧੀਨ ਸੀ। ਉਹ ਇਹ ਵੀ ਕਹਿੰਦਾ ਹੈ ਕਿ ਕਾਬਲ ਦਾ ਬਾਦਸ਼ਾਹ ਫ਼ਾਰੂਖ਼ ਸਾਂਹ ਕਾਬਲੀ ਫ਼ਰੀਦ ਦੇ ਪੜਦਾਦੇ ਦਾ ਬਾਪ ਸੀ। ਪਰ ਇਹ ਗੱਲ ਠੀਕ ਨਹੀਂ ਲੱਗਦੀ, ਕਿਉਂਕਿ ਉਪਰੋਕਤ ਬੰਸਾਵਲੀ ਵਿਚ ਫ਼ਾਰੂਖ਼ ਸ਼ਾਹ ਫ਼ਰੀਦ ਤੋਂ ਸੱਤ ਪੀੜ੍ਹੀਆਂ ਉੱਪਰ ਸਥਿਤ ਹੈ, ਜਿਸ ਤੋਂ ਇਨ੍ਹਾਂ ਦੀ ਵੰਸ਼ਕ ਲੀਹ ਦਾ ਤਾਂ ਪਤਾ ਲੱਗਦਾ ਹੈ ਪਰ ਫ਼ਰੀਦ ਦੇ ਬਾਬੇ ਸ਼ੁਆਇਬ ਅਤੇ ਕਾਬਲੀ ਵਿਚਲਾ ਖੱਪਾ ਕੁੱਝ ਵਧੇਰੇ ਹੈ। ਪਰ ਇਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਫ਼ਰੀਦ ਦੇ ਵਡੇਰੇ ਅਫ਼ਗਾਨਿਸਤਾਨ ਦੇ ਹੁਕਮਰਾਨ ਵਰਗ ਨਾਲ ਸਬੰਧਤ ਸਨ ਅਤੇ ਸ਼ੁਆਇਬ ਉਸ ਪ੍ਰਬੰਧ ਵਿਚ ਇੱਕ ਕਾਜ਼ੀ, ਜੱਜ ਸੀ।
ਕਾਬਲ ਛੱਡ ਕੇ ਪੰਜਾਬ ਆਉਣ ਦੇ ਕਾਰਨ: ਬਾਬਾ ਫ਼ਰੀਦ ਦੇ ਵਡੇਰਿਆਂ ਦੇ ਕਾਬਲ ਛੱਡ ਕੇ ਪੰਜਾਬ ਵਿਚ ਕੋਹਤੇਵਾਲ ਆਉਣ ਦੇ ਕਾਰਨਾਂ ਅਤੇ ਇਸ ਦੇ ਸਮੇਂ ਬਾਰੇ ਇੱਕ ਤੋਂ ਵਧੇਰੇ ਮੱਤ ਨਜ਼ਰਗੋਚਰੇ ਹੋਏ ਹਨ। (ਅਮੋਲ, 2002-51) ਮੁਤਾਬਕ ਚੰਗੇਜ਼ ਖ਼ਾਨ ਦੇ ਪੋਤੇ ਹਲਾਕੂ ਦੁਆਰਾ ਹਮਲੇ ਦੌਰਾਨ ਹੋਏ ਜ਼ੁਲਮਾਂ ਕਾਰਨ, ਜਿਸ ਵਿਚ ਕਈ ਰਾਜਕੁਮਾਰ ਅਤੇ ਵਿਦਵਾਨ ਮਾਰੇ ਗਏ, ਫ਼ਰੀਦ ਦਾ ਦਾਦਾ ਕਾਜ਼ੀ ਸ਼ੁਆਇਬ ਆਪਣੇ ਪਰਿਵਾਰ, ਤਿੰਨ ਪੁੱਤਰਾਂ ਅਤੇ ਅਹਿਲਕਾਰਾਂ ਨੂੰ ਲੈ ਕੇ 1125 ਈ. ਵਿਚ ਲਾਹੌਰ ਆ ਗਿਆ। ਉਹ ਕੁੱਝ ਚਿਰ ਉੱਥੇ ਰਿਹਾ ਪਰ ਹਾਲਾਤ ਨੂੰ ਉਚਿਤ ਨਾ ਸਮਝਦੇ ਹੋਏ ਕਸੂਰ ਚਲਾ ਗਿਆ ਜੋ ਉਸ ਸਮੇਂ ਇਸਲਾਮੀ ਸੱਤਾ ਅਤੇ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਇੱਥੋਂ ਦੇ ਨਵਾਬ ਨੇ ਸ਼ੁਆਇਬ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਉੱਚ-ਅਧਿਕਾਰੀਆਂ ਨੂੰ ਉਸ ਨੂੰ ਕਿਸੇ ਯੋਗ ਪਦਵੀ `ਤੇ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਜਿਸ ਦੇ ਸਿੱਟੇ ਵਜੋਂ ਕਾਜ਼ੀ ਸ਼ੁਆਇਬ ਨੂੰ ਆਪਣੀ ਮਨਮਰਜ਼ੀ ਦੀ ਥਾਂ ਉੱਤੇ ਪਦਵੀ ਧਾਰਨ ਦੀ ਮਨਜ਼ੂਰੀ ਆ ਗਈ ਅਤੇ ਉਸ ਨੇ ਇਹ ਪਦਵੀ ਸੰਭਾਲ ਲਈ। ਇਹ ਕਥਨ ਠੀਕ ਹੀ ਲੱਗਦਾ ਹੈ, ਸਿਵਾਏ ਇਸ ਗੱਲ ਦੇ ਕਿ ਉਹ ਹਲਾਕੂ ਦੇ ਜ਼ੁਲਮਾਂ ਤੋਂ ਬਚਣ ਲਈ ਕਾਬਲ ਛੱਡ ਕੇ ਆਇਆ ਸੀ, ਕਿਉਂਕਿ ਹਲਾਕੂ ਤਾਂ ਜੰਮਿਆ ਹੀ 1218 ਈ. ਵਿਚ ਸੀ ਅਤੇ ਚੰਗੇਜ਼ ਖ਼ਾਨ ਨੇ ਵੀ ਅਫ਼ਗਾਨਿਸਤਾਨ ਉੱਤੇ ਪਹਿਲਾ ਹਮਲਾ 1221 ਵਿਚ ਕੀਤਾ ਸੀ।
ਦੂਜੀ ਧਾਰਨਾ ਮੁਤਾਬਕ ਫ਼ਰੀਦ ਦੇ ਵਡੇਰੇ ਇੱਥੇ ਗੌਰੀਆਂ ਅਤੇ ਗ਼ਜ਼ਨਵੀਆਂ ਵਿਚ ਲੜਾਈਆਂ ਕਾਰਨ ਹੋਈਆਂ ਗੜਬੜਾਂ ਦੇ ਕਾਰਨ ਆਏ ਜੋ 548 ਤੋਂ 580 ਹਿਜਰੀ ਦੌਰਾਨ ਚੱਲਦੀਆਂ ਰਹੀਆਂ। ਨਿਜ਼ਾਮੀ (ਅਮੋਲ (2002, 51) ਮੁਤਾਬਕ ਪਹਿਲਾਂ ਫ਼ਰੀਦ ਦਾ ਬਾਪ ਜਮਾਲਉਦੀਨ ਸੁਲੇਮਾਨ ਸ਼ਹਾਬਉਦੀਨ ਗੌਰੀ ਨਾਲ 1157 ਈ. ਵਿਚ ਕਾਬਲ ਤੋਂ ਮੁਲਤਾਨ ਆਇਆ ਸੀ। ਸ਼ਹਾਬਉਦੀਨ ਕਿਉਂਕਿ ਲੜਾਈ ਵਿਚ ਮਾਰਿਆ ਗਿਆ ਸੀ, ਜਿਸ ਦਾ ਬਦਲਾ ਕੁਤਬਉਦੀਨ ਐਬਕ ਨੇ ਲਿਆ। ਇਸ ਲਈ ਹੋ ਸਕਦਾ ਹੈ ਕਿ ਜਮਾਲਉਦੀਨ ਉਸ ਤੋਂ ਪਿੱਛੋਂ ਇੱਥੇ ਹੀ ਰਹਿ ਗਿਆ ਹੋਵੇ ਅਤੇ ਮੁਲਤਾਨ ਛੱਡ ਕੇ ਕੁਹਤੇਵਾਲ ਰਹਿਣ ਲੱਗ ਪਿਆ ਹੋਵੇ। ਇਹ ਧਾਰਨਾ ਹਕੀਕਤ ਦੇ ਵਧੇਰੇ ਨੇੜੇ ਲੱਗਦੀ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਭਾਵੇਂ ਫ਼ਰੀਦ ਦਾ ਬਾਪ ਕਾਬਲ ਤੋਂ ਆ ਕੇ ਕੋਹਤੇਵਾਲ ਵੱਸਿਆ ਜਾਂ ਉਸ ਦਾ ਦਾਦਾ, ਫ਼ਰੀਦ ਦੇ ਵੱਡ-ਵਡੇਰੇ ਕਾਬਲ ਛੱਡ ਕੇ ਕੋਹਤੇਵਾਲ ਆ ਕੇ ਵੱਸੇ ਸਨ।
ਬਾਬਾ ਫ਼ਰੀਦ ਦਾ ਪਰਿਵਾਰ: ਕੋਹਤੇਵਾਲ ਵਿਚ ਸ਼ੇਖ਼ ਸ਼ੁਆਇਬ ਨੇ ਇਕ ਮਦਰੱਸਾ ਖੋਲ੍ਹਿਆ ਅਤੇ ਮਸੀਤ ਵੀ ਬਣਵਾਈ। ਉਸ ਦੇ ਤਿੰਨ ਪੁੱਤਰ ਸਨ ਅਤੇ ਉਸ ਦੀ ਮੌਤ ਤੋਂ ਪਿੱਛੋਂ ਉਸ ਦੇ ਪੁੱਤਰ ਜਮਾਲਉਦੀਨ ਸੁਲੇਮਾਨ ਨੇ ਕੰਮ ਸੰਭਾਲਿਆ। ਜਮਾਲਉਦੀਨ ਦਾ ਵਿਆਹ ਮਰੀਅਮ ਬੀਬੀ ਉਰਫ਼ ਕੁਰਸਮ ਬੀਬੀ ਨਾਲ ਹੋਇਆ ਜੋ ਚਿਸ਼ਤੀ ਸੰਪਰਦਾ ਦੇ ਬਾਨੀਆਂ ਵਿਚੋਂ ਇੱਕ, ਸ਼ੇਖ਼ ਵਜੀਹਉਦੀਨ ਖੋਜੇਂਦੀ ਦੀ ਧੀ ਸੀ। ਮੌਲਾਣਾ ਖੋਜੇਂਦੀ ਦਾ ਪਰਿਵਾਰ ਵੀ ਕਾਬਲ ਤੋਂ ਪਰਵਾਸ ਕਰ ਕੇ ਆਇਆ ਸੀ ਅਤੇ ਮੁਲਤਾਨ ਲਾਗੇ ਕੋਟ ਕਰੋੜ ਵਿਚ ਆ ਕੇ ਵੱਸਿਆ ਸੀ। ਬਾਅਦ ਵਿਚ ਇਹ ਵੀ ਕੋਹਤੇਵਾਲ ਆ ਕੇ ਵੱਸ ਗਏ ਜਿੱਥੇ ਮੌਲਾਣਾ ਦੀ ਮੌਤ ਹੋ ਗਈ। ਖੋਜੇਂਦੀ ਨੂੰ ਵੀ ਕਾਬਲ ਦੇ ਬਾਦਸ਼ਾਹ ਫ਼ਾਰੂਖ਼ਸ਼ਾਹ ਦੇ ਸਬੰਧੀ ਦੱਸਿਆ ਗਿਆ ਹੈ। ਬਾਜਵਾ ਬੀਬੀ ਕੁਰਸਮ ਨੂੰ ਅਲੀ ਦੇ ਉੱਤਰ-ਅਧਿਕਾਰੀਆਂ ਵਿਚੋਂ ਇੱਕ, ਮੁਹੰਮਦ ਅਬਦੁੱਲਾ ਦੀ ਲੀਹ ਵਿਚੋਂ ਦੱਸਦਾ ਹੈ। ਪਰ ਇਸ ਗੱਲ ਵਿਚ ਮਿਥਿਹਾਸਕ ਹੋਣ ਦੀ ਸੰਭਾਵਨਾ ਕਾਫ਼ੀ ਹੈ।
ਜਮਾਲਉਦੀਨ ਦੇ ਤਿੰਨ ਪੁੱਤਰ ਅਤੇ ਇੱਕ ਧੀ ਸਨ। ਪੁੱਤਰਾਂ ਦੇ ਨਾਂ ਸਨ: ਖ਼ਵਾਜਾ ਅਜ਼ੀਜ਼ਉਦੀਨ ਮਹਿਮੂਦ, ਫ਼ਰੀਦਉਦੀਨ ਮਸੂਦ ਅਤੇ ਖ਼ਵਾਜਾ ਨਸੀਬਉਦੀਨ ਮਹਿਮੂਦ ਮੁਤਵੱਕਲ। ਉਸ ਦੀ ਧੀ ਦਾ ਨਾਂ ਜਮੀਲਾ ਖ਼ਾਤੂਨ ਸੀ। ਸ਼ੇਖ਼ ਫ਼ਰੀਦ ਦਾ ਜਨਮ ਕੋਹਤੇਵਾਲ ਵਿਚ ਹੀ ਹੋਇਆ ਪਰ ਉਸ ਦੇ ਜਨਮ ਦੇ ਸਾਲ ਬਾਰੇ ਮੱਤ ਵੱਖ-ਵੱਖ ਹਨ। ਬਹੁਤਿਆਂ ਦੀ ਰਾਇ ਅਨੁਸਾਰ ਉਹ 1173 ਈ. ਮੁਤਾਬਿਕ 584 ਹਿਜਰੀ ਨੂੰ ਪੈਦਾ ਹੋਇਆ, ਜਦਕਿ ਹੋਰ ਵਿਦਵਾਨਾਂ ਨੇ 569 ਹਿਜਰੀ, 4 ਅਪ੍ਰੈਲ 1179 ਜਾਂ 1188 ਈ. ਵਿਚ ਹੋਇਆ ਲਿਖਿਆ ਹੈ।
ਬਾਬਾ ਫ਼ਰੀਦ ਦੇ ਚਾਰ ਵਿਆਹ: ਫ਼ਰੀਦ ਗ੍ਰਹਿਸਥ ਜੀਵਨ ਵਿਚ ਵਿਸ਼ਵਾਸ ਰੱਖਦਾ ਸੀ। ਇਸ ਸਬੰਧ ਵਿਚ ਉਸ ਦੇ ਚਾਰ ਵਿਆਹਾਂ ਦਾ ਵਰਣਨ ਮਿਲਦਾ ਹੈ, ਜਿਨ੍ਹਾਂ ਵਿਚੋਂ ਦਰਜਨ ਤੋਂ ਵੱਧ ਬੱਚਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਫ਼ਰੀਦ ਦਾ ਪਹਿਲਾ ਵਿਆਹ 621 ਹਿਜਰੀ ਵਿਚ ਬੀਬੀ ਨਜੀਬ-ਉਨ-ਨਿਸਾ ਨਾਲ ਫ਼ਰੀਦ ਦੀ ਮਾਂ ਦੀ ਮਰਜ਼ੀ ਨਾਲ ਹੋਇਆ ਜਿਸ ਦੇ ਮਾਪੇ ਮੁਲਤਾਨ ਦੇ ਵਾਸੀ ਸਨ। ਫ਼ਰੀਦ ਦੀ ਹਾਂਸੀ ਅਤੇ ਕੋਹਤੇਵਾਲ ਵਿਚ ਰਿਹਾਇਸ਼ ਦੌਰਾਨ ਇਹ ਉਸ ਦੇ ਨਾਲ ਰਹਿੰਦੀ ਸੀ। ਉਸ ਵਿਚੋਂ ਤਿੰਨ ਧੀਆਂ ਅਤੇ ਚਾਰ ਪੁੱਤਰ ਪੈਦਾ ਹੋਏ। ਧੀਆਂ ਦੇ ਨਾਂ ਸਨ: ਖ਼ਦੀਜਾ ਉਰਫ਼ ਸ਼ਰੀਫ਼-ਉਨ-ਨਿਸਾ ਜੋ ਵਿਆਹ ਦੇ ਪਹਿਲੇ ਦਿਨ ਹੀ ਮਰ ਹਈ, ਜਦਕਿ ਬਾਕੀ ਦੀਆਂ ਦੋ, ਅਸਗਾਰੀ ਅਤੇ ਬਸ਼ਾਰੀ ਬਚਪਨ ਵਿਚ ਹੀ ਚੱਲ ਵੱਸੀਆਂ। ਉਸ ਦੇ ਚਾਰ ਪੁੱਤਰਾਂ ਵਿਚੋਂ ਤਿੰਨ, ਮੁਹੰਮਦ ਨਾਇਮਉਦੀਨ, ਮੁਹੰਮਦ ਸੁਲਤਾਨਉਦੀਨ ਅਤੇ ਫ਼ਰੀਦ ਬਖ਼ਸ਼ ਬਚਪਨ ਵਿਚ ਹੀ ਚੱਲ ਵੱਸੇ, ਜਦਕਿ ਚੌਥਾ ਅਜੀਜ਼ਉਦੀਨ ਅਲਾਉਦੀਨ ਸਾਬਰੀ ਨਾਲ ਲੜਾਈ ਵਿਚ ਮਾਰਿਆ ਗਿਆ। ਫ਼ਰੀਦ ਦਾ ਦੂਜਾ ਵਿਆਹ 634 ਹਿਜਰੀ ਵਿਚ ਹਜੀਰਾ ਖ਼ਾਤੂਨ ਉਰਫ਼ ਖ਼ਾਤੂਨ ਬੇਗਮ ਨਾਲ ਹੋਇਆ, ਜਿਸ ਵਿਚੋਂ ਦਸ ਬੱਚੇ ਪੈਦਾ ਹੋਏ। ਪੁੱਤਰਾਂ ਦੇ ਨਾਂ ਸਨ: ਸ਼ਹਾਬਉਦੀਨ ਗੰਜ-ਏ-ਇਲਾਮ, ਨਿਜ਼ਾਮਉਦੀਨ ਸ਼ਹੀਦ ਜੋ ਖਿਲਜੀ ਕਾਲ ਵਿਚ ਰੰਥਨਬੋਰ ਦੀ ਲੜਾਈ ਵਿਚ ਮਾਰਿਆ ਗਿਆ, ਬਦਰਉਦੀਨ ਜੋ ਸਭ ਤੋਂ ਵੱਡਾ ਸੀ, ਮੁਹੰਮਦ ਯਾਕੂਬ ਜੋ ਅਬਦਾਲਾਂ (ਕੰਬੋਆਂ ਦਾ ਇੱਕ ਗੋਤ) ਨਾਲ ਅਮਰੋਹੇ ਚਲਾ ਗਿਆ, ਅਤੇ ਸ਼ੇਖ਼ ਅਬਦੁੱਲਾ ਬੀਆਬਾਨੀ ਜੋ ਮੰਗੋਲਾਂ ਨਾਲ ਲੜਾਈ ਵਿਚ ਮਾਰਿਆ ਗਿਆ ਅਤੇ ਪਾਕਪਟਨ ਵਿਚ ਦਫ਼ਨਾਇਆ ਗਿਆ। ਉਸ ਦੀਆਂ ਧੀਆਂ ਦੇ ਨਾਂ ਸਨ: ਫ਼ਾਤਮਾ, ਸ਼ਰੀਫ਼ਾ, ਮਸਤੂਰਾ, ਹਾਜਰਾ ਅਤੇ ਜੈਨਬ ਜਿਨ੍ਹਾਂ ਵਿਚੋਂ ਚਾਰ ਬਚਪਨ ਵਿਚ ਹੀ ਮਰ ਗਈਆਂ।
ਫ਼ਰੀਦ ਦੀ ਤੀਜੀ ਸ਼ਾਦੀ ਉਸ ਦੇ ਇੱਕ ਮਰਹੂਮ ਚੇਲੇ ਦੀ ਵਿਧਵਾ, ਬੀਬੀ ਉਮੇ ਕਲਸੂਮ ਨਾਲ 639 ਵਿਚ ਹੋਈ। ਉਸ ਵਿਚੋਂ ਇੱਕ ਪੁੱਤਰ ਸੀ ਜਿਸ ਨੂੰ ਫ਼ਰੀਦ ਨੇ ਆਪਣੇ ਬੱਚਿਆਂ ਵਾਂਗ ਪਾਲਿਆ। ਉਸ ਦੇ ਬਾਕੀ ਬੱਚੇ ਪਹਿਲਾਂ ਹੀ ਮਰ ਚੁੱਕੇ ਸਨ। ਕੁੱਝ ਸਰੋਤਾਂ ਵਿਚ ਫ਼ਰੀਦ ਦੇ ਚੌਥੇ ਵਿਆਹ ਦੀ ਗੱਲ ਵੀ ਕੀਤੀ ਗਈ ਹੈ, ਜੋ ਹਜਾਬਰਾ ਨਾਂ ਦੀ ਔਰਤ ਨਾਲ ਹੋਇਆ ਦੱਸਿਆ ਜਾਂਦਾ ਹੈ। ਇਸ ਦੇ ਬਾਪ ਦਾ ਨਾਂ ਸੁਲਤਾਨ ਨਸੀਰਉਦੀਨ ਮੁਹੰਮਦ ਜਾਂ ਨਸੀਰਉਦੀਨ ਬਲਬਨ ਲਿਖਿਆ ਗਿਆ, ਜੋ ਠੀਕ ਨਹੀਂ ਹੋ ਸਕਦਾ। ਇੱਥੇ ਦੋ ਵਿਅਕਤੀਆਂ ਦੇ ਨਾਵਾਂ ਨੂੰ ਰਲ਼ਗੱਡ ਕਰ ਦਿੱਤਾ ਗਿਆ ਹੈ। ਬਲਬਨ ਦਾ ਠੀਕ ਨਾਂ ਗਿਆਸਉਦੀਨ ਬਲਬਨ ਸੀ ਜੋ 1200 ਈ. ਵਿਚ ਜੰਮਿਆ ਸੀ, ਗ਼ੁਲਾਮ ਵੰਸ਼ ਦਾ ਆਖ਼ਰੀ ਬਾਦਸ਼ਾਹ ਸੀ ਅਤੇ ਜਿਸ ਨੇ 1266 ਤੋਂ 1287 ਈ. ਵਿਚਕਾਰ ਰਾਜ ਕੀਤਾ ਸੀ। ਜੇਕਰ 1173 ਈ. ਨੂੰ ਫ਼ਰੀਦ ਦਾ ਜਨਮ ਸਾਲ ਮੰਨ ਲਿਆ ਜਾਵੇ ਤਾਂ 1265 ਈ. ਵਿਚ ਫ਼ਰੀਦ ਮਰ ਚੁੱਕਾ ਸੀ। ਇਸ ਲਈ ਬਾਦਸ਼ਾਹ ਬਲਬਨ ਦੀ ਧੀ ਨਾਲ ਉਸ ਦੇ ਵਿਆਹ ਦੀ ਗੱਲ ਸੰਭਵ ਨਹੀਂ ਹੈ, ਜਦਕਿ ਬਲਬਨ ਗਿਆਸਉਦੀਨ ਸੀ, ਸੁਲਤਾਨ ਮੁਹੰਮਦ ਨਸੀਰਉਦੀਨ ਕਬਾਚਾ/ਕਬਾਜਾ ਸੀ ਜੋ ਦਿੱਲੀ ਦੇ ਪਹਿਲੇ ਗ਼ੁਲਾਮ ਵੰਸ਼ੀ ਬਾਦਸ਼ਾਹ ਦਾ ਜਵਾਈ ਅਤੇ ਪ੍ਰਧਾਨ ਮੰਤਰੀ ਸੀ, ਜਿਸ ਨੇ ਕੁਤਬਉਦੀਨ ਐਬਕ ਦੀ ਮੌਤ ਉਪਰੰਤ ਆਪਣੇ ਆਪ ਨੂੰ ਸਿੰਧ ਦਾ ਬਾਦਸ਼ਾਹ ਘੋਸਿ਼ਤ ਕਰ ਦਿੱਤਾ ਅਤੇ ਆਪਣੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ ਸਨ, ਜਿਨ੍ਹਾਂ ਵਿਚ ਉਸ ਦੀ ਜਾਤ ‘ਕਬਾਜਾ’ (ਕੰਬੋਜਾ) ਲਿਖੀ ਹੋਈ ਹੈ, ਜਿਸ ਨੇ 1227 ਈ. ਵਿਚ ਮੰਗੋਲਾਂ ਨੂੰ ਮਾਰ ਭਜਾਇਆ ਸੀ ਅਤੇ ਫ਼ਰੀਦ ਦੇ ਇੱਕ ਪੁੱਤਰ ਦੀ ਮੌਤ ਵੀ ਏਸੇ ਲੜਾਈ ਵਿਚ ਹੋਈ ਸੀ, ਅਤੇ ਜਿਸ ਦੀ ਦਿੱਲੀ ਦੇ ਬਾਦਸ਼ਾਹ ਇਲਤੁਤਮਿਸ਼ ਨਾਲ ਲੜਾਈ ਦੌਰਾਨ 1228 ਈ. ਵਿਚ ਮੌਤ ਹੋ ਗਈ ਸੀ। (ਵਿਸਥਾਰ, ਜੰਮੂ, 2013, 395-397)। ਕੋਹਤੇਵਾਲ ਕਬਾਚੇ ਦੇ ਰਾਜ ਅਧੀਨ ਸੀ ਅਤੇ ਜੇਕਰ ਫ਼ਰੀਦ ਦਾ ਚੌਥਾ ਵਿਆਹ ਹਜਾਬਰਾ ਨਾਲ ਹੋਇਆ ਸੀ ਤਾਂ ਉਹ ਸਿਰਫ਼ ਨਸੀਰਉਦੀਨ ਕਬਾਚੇ ਦੀ ਧੀ ਹੀ ਹੋ ਸਕਦੀ ਹੈ।
ਵਿੱਦਿਆ ਤੇ ਯਾਤਰਾਵਾਂ: ਫ਼ਰੀਦ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਕੋਹਤੇਵਾਲ ਵਿਚ ਪ੍ਰਾਪਤ ਕੀਤੀ। ਉਸ ਨੇ ਇਸਲਾਮੀ ਰਵਾਇਤਾਂ ਨੂੰ ਸਮਝਿਆ। ਉਹ ਨਮਾਜ਼ ਪੜ੍ਹਦਾ ਸੀ ਅਤੇ 7 ਸਾਲ ਦੀ ਉਮਰ ਵਿਚ ਪਵਿੱਤਰ ਕੁਰਾਨ ਪੜ੍ਹਨ ਵਿਚ ਮਾਹਿਰ ਹੋ ਗਿਆ ਸੀ। ਇਸ ਪਿੱਛੋਂ ਉਹ ਮੁਲਤਾਨ ਚਲਾ ਗਿਆ ਜਿੱਥੇ ਉਸ ਨੇ ਮੌਲਾਣਾ ਮਿਨਰਾਜ਼ਉਦੀਨ ਕੋਲੋਂ ਹਦੀਬ, ਫਿ਼਼ਕਾਰ, ਫ਼ਲਸਫ਼ੇ ਤੇ ਤਰਕ ਦਾ ਗਿਆਨ ਪ੍ਰਾਪਤ ਕੀਤਾ ਅਤੇ ਹੋਲੀ-ਹੌਲੀ ਕੁਰਾਨ ਸ਼ਰੀਫ਼ ਸਾਰਾ ਜ਼ਬਾਨੀ ਯਾਦ ਕਰ ਲਿਆ। ਏਥੇ ਹੀ ਉਸ ਦੀ ਮੁਲਾਕਾਤ ਖ਼ਵਾਜਾ ਕੁਤਬਉਦੀਨ ਬਖ਼ਤਿਆਰ ਕਾਕੀ ਨਾਲ ਹੋਈ ਜੋ ਹਿੰਦੋਸਤਾਨ ਵਿਚ ਸੂਫ਼ੀਆਂ ਦੇ ਚਿਸ਼ਤੀ ਸਿਲਸਲੇ/ਸੰਪਰਦਾ ਦਾ ‘ਬਾਨੀ’ ਸੀ ਅਤੇ ਦਿੱਲੀ ਜਾਂਦਾ ਹੋਇਆ ਮੁਲਤਾਨ ਠਹਿਰਿਆ ਸੀ। ਫ਼ਰੀਦ ਉਸ ਨੂੰ ਗੁਰੂ ਧਾਰਨਾ ਚਾਹੁੰਦਾ ਸੀ ਅਤੇ ਕਾਕੀ ਵੀ ਉਸ ਤੋਂ ਕਾਫ਼ੀ ਪ੍ਰਭਾਵਿਤ ਹੋਇਆ, ਪਰ ਉਸ ਨੇ ਫ਼ਰੀਦ ਨੂੰ ਹੋਰ ਨਿਪੁੰਨਤਾ ਹਾਸਲ ਕਰਨ ਦੀ ਸਲਾਹ ਦਿੱਤੀ।
ਸੋਲਾਂ ਸਾਲ ਦੀ ਉਮਰ ਵਿਚ ਉਹ ਹੱਜ ਕਰਨ ਲਈ ਮੱਕੇ ਵੱਲ ਤੁਰ ਪਿਆ। 593 ਤੋਂ 611 ਹਿਜਰੀ ਦੌਰਾਨ 18 ਸਾਲ ਉਹ ਇਸਲਾਮੀ ਜਗਤ ਵਿਚ ਘੁੰਮਦਾ ਫਿਰਦਾ ਵੱਖ-ਵੱਖ ਵਿਦਵਾਨਾਂ ਨਾਲ ਵਾਰਤਾਲਾਪ ਕਰਦਾ ਇਸਲਾਮ ਅਤੇ ਦੁਨੀਆ ਨੂੰ ਸਮਝਣ ਦੇ ਕਾਰਜ ਵਿਚ ਰੁੱਝਿਆ ਰਿਹਾ। ਉਹ ਅਫ਼ਗਾਨਿਸਤਾਨ ਵਿਚ ਗਜ਼ਨੀ ਗਿਆ, ਜਿੱਥੋਂ ਉਸ ਦੇ ਵਡੇਰੇ ਆ ਕੇ ਕੋਹਤੇਵਾਲ ਵੱਸੇ ਸਨ। ਏਥੇ ਉਹ ਇਮਾਮ ਹਦਾਦੀ ਕੋਲ ਰਿਹਾ। ਉਸ ਨੇ ਬਦਖ਼ਸ਼ਾਂ ਦੇ ਮਹਾਨ ਸੂਫ਼ੀ ਵਿਦਵਾਨ ਹਜ਼ਰਤ ਧੂਲ ਨੂਨ ਅਲ ਮਿਸਰੀ ਦੇ ਉੱਤਰ-ਅਧਿਕਾਰੀ ਸ਼ੇਖ਼ ਅਬਦਲ ਵਾਹਿਦ ਬਦੱਖਸਾਨੀ ਨਾਲ ਵੀ ਮੁਲਾਕਾਤ ਕੀਤੀ। ਉਹ ਮੱਕੇ ਅਤੇ ਮਦੀਨੇ ਵੀ ਗਿਆ, ਜਿੱਥੇ ਉਹ ਹਜ਼ਰਤ ਅਬਦਲ ਵਹਾਬ ਨੂੰ ਮਿਲਿਆ ਜਿਸ ਨੇ ਉਸ ਨੂੰ ਇੱਕ ਪੱਗ ਅਤੇ ਕੁੱਝ ਤੋਹਫ਼ੇ ਦਿੱਤੇ ਅਤੇ ਕਾਦਰੀ ਤੇ ਚਿਸ਼ਤੀ ਸੰਪਰਦਾਵਾਂ ਵਿਚ ਮੁਰੀਦ ਭਰਤੀ ਕਰਨ ਦੇ ਅਧਿਕਾਰ ਵੀ ਦਿੱਤੇ। ਏਥੇ ਉਹ ਸ਼ਹਾਬਉਦੀਨ ਸੁਹਰਾਵਰਦੀ, ਜ਼ਨੈਦ ਬਗਦਾਦੀ ਅਤੇ ਸ਼ੇਖ਼ ਅਬਦਲ ਵਾਹਿਦ ਕੋਲ ਰਹਿੰਦਾ ਰਿਹਾ। ਉਹ ਜੇਰੂਸਿ਼ਲਮ ਗਿਆ ਅਤੇ ਜਿੱਥੇ ਉਸ ਸਰਾਂ ਵਿਚ ਰਿਹਾ, ਉਸ ਸਰਾਂ ਦਾ ਵਰਣਨ ਵੀ ਮਿਲਦਾ ਹੈ। ‘ਆਈਨੇ-ਅਕਬਰੀ’ ਵਿਚ ਵੀ ਫ਼ਰੀਦ ਦੇ ਬੁਖਾਰਾ, ਬਦਖ਼ਸ਼ਾਂ, ਗਜ਼ਨੀ, ਕੰਧਾਰ ਅਤੇ ਕਿਰਮਾਨ ਆਦਿ ਥਾਵਾਂ `ਤੇ ਜਾਣ ਦਾ ਵਰਣਨ ਮਿਲਦਾ ਹੈ। ਇਸ ਲੰਮੀ ਯਾਤਰਾ ਤੋਂ ਬਾਅਦ ਉਹ ਮੁਲਤਾਨ ਆਇਆ ਅਤੇ ਫਿਰ ਕੋਹਤੇਵਾਲ ਜਾ ਕੇ ਆਪਣੀ ਮਾਂ ਨੂੰ ਮਿਲਿਆ।
ਇਸ ਤੋਂ ਪਿੱਛੋਂ ਫ਼ਰੀਦ ਦਿੱਲੀ ਜਾ ਕੇ ਆਪਣੇ ਮੁਰਸ਼ਦ ਬਖ਼ਤਿਆਰ ਕਾਕੀ ਨੂੰ ਮਿਲਿਆ, ਜਿਸ ਨੇ ਉਸ ਨੂੰ ਹੋਰ ਸਿੱਖਿਆ ਹਾਸਲ ਕਰਨ, ਖ਼ਾਸ ਕਰਕੇ ਬੋਲੀ ਸੁਧਾਰਨ ਲਈ ਉਸ ਨੂੰ ਸਿਰਸੇ ਦੇ ਕਾਜ਼ੀ ਅਬਦਲ ਸ਼ਕੂਰ ਕੋਲ ਭੇਜਿਆ ਅਤੇ ਵਾਪਸੀ `ਤੇ ਹਾਂਸੀ ਵਿਚ ਕਾਜ਼ੀ ਨਿਯੁਕਤ ਕਰ ਦਿੱਤਾ। ਦਿੱਲੀ ਪਹੁੰਚਣ `ਤੇ ਕਾਕੀ ਨੇ ਉਸ ਨੂੰ ਇੱਕ ਮਜਲਿਸ ਵਿਚ ਇੱਕ ਕੁੱਲਾ ਤੇ ਪੱਗ ਦੇ ਕੇ ਚਿਸ਼ਤੀ ਸੰਪਰਦਾ ਵਿਚ ਸ਼ਾਮਲ ਕਰ ਲਿਆ ਅਤੇ ਫ਼ਰੀਦ ਗਜ਼ਨੀ ਗੇਟ ਦੇ ਨੇੜੇ ਇੱਕ ਹੁਜਰੇ/ਕੋਠੜੀ ਵਿਚ ਰਹਿਣ ਲੱਗਾ। ਏਥੇ ਇੱਕ ਦਿਨ ਸਿ਼ਲੇ ਦੌਰਾਨ, ਜਿਸ ਸਮੇਂ ਖਾਣ-ਪੀਣ `ਤੇ ਸਖ਼ਤ ਪਾਬੰਦੀਆਂ ਹੁੰਦੀਆਂ ਹਨ ਅਤੇ ਸਖ਼ਤ ਤਪੱਸਿਆ ਕਰਨੀ ਪੈਂਦੀ ਹੈ, ਖ਼ਵਾਜਾ ਬਖ਼ਤਿਆਰ ਕਾਕੀ ਅਤੇ ਅਜਮੇਰ ਦਾ ਮੋਇਨਦੀਨ ਚਿਸ਼ਤੀ ਉਸ ਨੂੰ ਮਿਲਣ ਆਏ, ਪਰ ਉਹ ਕਮਜ਼ੋਰੀ ਕਾਰਨ ਕੋਸਿ਼ਸ਼ ਕਰਨ ਦੇ ਬਾਵਜੂਦ ਵੀ ਉੱਠ ਨਾ ਸਕਿਆ। ਫਰ ਉਹ ਦੋਵੇਂ ਉਸ ਤੋਂ ਏਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ‘ਦਸਤਾਰੇ-ਖ਼ਲਾਫ਼ਤ’ ਦੇ ਕੇ ਕਾਕੀ ਦਾ ਖ਼ਲੀਫ਼ਾ ਪ੍ਰਵਾਨ ਕੀਤਾ। ਇਸ ਤੋਂ ਪਿੱਛੋਂ ਫ਼ਰੀਦ ਹਾਂਸੀ ਚਲਾ ਗਿਆ।
634 ਹਿਜਰੀ (1235 ਈ.) ਵਿਚ ਕਾਕੀ ਦੀ ਮੌਤ ਉਪਰੰਤ ਉਹ ਹਾਂਸੀ ਤੋਂ ਦਿੱਲੀ ਆ ਗਿਆ, ਜਿੱਥੇ ਕਾਜ਼ੀ ਹਮੀਦਉਦੀਨ ਨਗੌਰੀ ਨੇ ਕਾਕੀ ਦੀਆਂ ਵਸਤਾਂ ਉਸ ਨੂੰ ਦਿੱਤੀਆਂ ਅਤੇ ਕਾਕੀ ਦੀ ਇੱਛਾ ਅਨੁਸਾਰ ਦਰਵੇਸ਼ਾਂ ਦੀ ਮਜਲਿਸ ਵਿਚ ਉਸ ਨੂੰ ਸਨਮਾਨਿਤ ਅਤੇ ਪ੍ਰਵਾਨਿਤ ਕੀਤਾ ਗਿਆ, ਕਿਉਂਕਿ ਕਾਕੀ ਨੇ ਪਹਿਲਾਂ ਹੀ ਉਸ ਨੂੰ ਆਪਣਾ ਖ਼ਲੀਫ਼ਾ ਚੁਣਿਆ ਹੋਇਆ ਸੀ। ਇਸ ਮਜਲਿਸ ਵਿਚ ਦਿੱਲੀ ਦਾ ਬਾਦਸ਼ਾਹ ਇਲਤੁਤਮਿਸ਼ ਵੀ ਸ਼ਾਮਲ ਹੋਇਆ ਦੱਸਿਆ ਜਾਂਦਾ ਹੈ। ਫ਼ਰੀਦ ਦੇ ਅਜਮੇਰ ਜਾਣ ਦਾ ਵੀ ਵਰਣਨ ਮਿਲਦਾ ਹੈ, ਜਿੱਥੇ ਉਸ ਨੇ ਚਾਲੀ ਦਿਨਾਂ ਦਾ ਇੱਕ ਸਿ਼ਲਾ ਕੀਤਾ।
ਦਿੱਲੀ ਤੋਂ ਵਾਪਸੀ: ਇਉਂ ਲੱਗਦਾ ਹੈ ਕਿ ਦਿੱਲੀ ਫ਼ਰੀਦ ਨੂੰ ਮੁਆਫ਼ਕ ਨਹੀਂ ਆਈ। ਇਸ ਲਈ ਉਸ ਨੇ ਕੋਹਤੇਵਾਲ ਵੱਲ ਚਾਲੇ ਪਾ ਦਿੱਤੇ। ਰਾਹ ਵਿਚ ਉਹ ਫ਼ਰੀਦਕੋਟ ਰੁਕਿਆ ਅਤੇ ਏਥੇ ਵੀ ਚਾਲੀ ਦਿਨਾਂ ਦਾ ਸਿ਼ਲਾ ਕੀਤਾ। ਏਥੇ ਉਸ ਸਮੇਂ ਮੋਖਲ ਦਾ ਰਾਜ ਸੀ ਅਤੇ ਇਸ ਥਾਂ ਦਾ ਨਾਂ ‘ਮੋਖਲਪੁਰ’ ਸੀ। ਰਾਜੇ ਮੋਖਲ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਇਸ ਥਾਂ ਦਾ ਨਾਂ ‘ਫ਼ਰੀਦਕੋਟ’ ਰੱਖ ਦਿੱਤਾ। ਏਥੇ ਫ਼ਰੀਦ ਨੂੰ ਇੱਕ ਵੀਹ ਸਾਲਾ ਨੌਜੁਆਨ ਨਿਜ਼ਾਮਉਦੀਨ ਮਿਲਿਆ, ਜੋ ਉਸ ਦਾ ਮੁਰੀਦ ਬਣ ਗਿਆ ਅਤੇ ਬਾਅਦ ਵਿਚ ਉਸ ਦਾ ਖ਼ਲੀਫ਼ਾ ਪ੍ਰਵਾਨ ਹੋਇਆ। ਫ਼ਰੀਦਕੋਟ ਵਿਚ ਹਰ ਸਾਲ 21 ਤੋਂ 23 ਨਵੰਬਰ ਤੱਕ ਬਾਬਾ ਫ਼ਰੀਦ ਦਾ ਆਗਮਨ-ਦਿਵਸ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਬਾਬਾ ਫ਼ਰੀਦ ਦੇ ਨਾਂ `ਤੇ ਇੱਥੇ 1998 ਵਿਚ ਪੰਜਾਬ ਸਰਕਾਰ ਵੱਲੋਂ ‘ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼’ ਸਥਾਪਤ ਕੀਤੀ ਗਈ ਹੈ। ਇਕ ਅਰਬੀ ਯਾਤਰੀ ਇਬਨ ਬਤੂਤਾ ਜੋ ਇੱਥੇ 1334 ਈ. ਵਿਚ ਆਇਆ, ਨੇ ਲਿਖਿਆ ਹੈ ਕਿ ਫ਼ਰੀਦ ਹਿੰਦੋਸਤਾਨ ਦੇ ਬਾਦਸ਼ਾਹ ਦਾ ਸਲਾਹਕਾਰ ਸੀ ਜਿਸ ਨੇ ਅਯੋਧਨ ਨਾਮੀ ਪਿੰਡ ਉਸ ਨੂੰ ਦਾਨ ਕੀਤਾ ਸੀ। ਬਤੂਤਾ ਇੱਥੇ ਤੁਗ਼ਲਕ ਖ਼ਾਨਦਾਨ ਦੇ ਰਾਜ ਸਮੇਂ ਆਇਆ ਸੀ ਅਤੇ ਦਿੱਲੀ ਜਾਂਦਿਆਂ ਅਯੋਧਨ ਠਹਿਰਿਆ ਹੋਵੇਗਾ। ਹਿੰਦੋਸਤਾਨ ਦਾ ਇਹ ਬਾਦਸਾਹ ਨਜ਼ੀਰਉਦੀਨ ਕਬਾਜ਼ਾ ਹੋ ਸਕਦਾ ਹੈ ਜੋ ਬਾਬਾ ਫ਼ਰੀਦ ਦੇ ਸਮੇਂ ਸਿੰਧ ਉੱਤੇ ਰਾਜ ਕਰਦਾ ਸੀ। ਫ਼ਰੀਦ ਕੋਹਤੇਵਾਲ ਛੱਡ ਕੇ ਅਯੋਧਨ ਆ ਵੱਸਿਆ ਸੀ। ਅਯੋਧਨ ਕੋਹਤੇਵਾਲ ਦੇ ਨੇੜੇ ਹੀ ਸੀ ਅਤੇ ਇੱਥੇ ਸਤਲੁਜ ਦਰਿਆ ਉੱਪਰ ਇੱਕ ਪੱਤਣ ਵੀ ਸੀ। ਇੱਥੇ ਉਸ ਤੋਂ ਪਹਿਲਾਂਂ ‘ਢੋਟ’ ਗੋਤ ਦੇ ਰਾਜੇ ਰਾਜ ਕਰਦੇ ਸਨ। ਇਬਰਾਹੀਮ ਗਜ਼ਨੀ ਨੇ ਇਹ ਉਨ੍ਹਾਂ ਤੋਂ ਖੋਹਿਆ ਸੀ ਅਤੇ ਇਸ ਦਾ ਨਾਂ ਪਾਕਪੱਤਨ /ਪਾਕਪਟਨ ਰੱਖ ਦਿੱਤਾ ਗਿਆ ਸੀ। ਇੱਥੋਂ ਫ਼ਰੀਦ ਨੇ ਆਪਣੇ ਭਰਾ ਮੁਤਵੱਕਲ ਨੂੰ ਆਪਣੀ ਮਾਂ ਨੂੰ ਕੋਹਤੇਵਾਲ ਤੋਂ ਲਿਆਉਣ ਲਈ ਭੇਜਿਆ ਪਰ ਉਹ ਰਾਹ ਵਿਚ ਹੀ ਪ੍ਰਾਣ ਤਿਆਗ ਗਈ।
ਬਾਬਾ ਫ਼ਰੀਦ ਦਾ ਕਾਜ਼ੀ ਨਾਲ ਵਿਰੋਧ: ਅਯੋਧਨ ਦਾ ਕਾਜ਼ੀ ਜੋ ਮਸੀਤ ਦਾ ਇਮਾਮ ਵੀ ਸੀ, ਫ਼ਰੀਦ ਦਾ ਵਿਰੋਧੀ ਸੀ। ਉਹ ਸ਼ਾਇਦ ਲਈ ਕਿ ਕਾਜ਼ੀ ਇਸਲਾਮ ਦੀ ਮੁੱਖ-ਧਾਰਾ ਨਾਲ ਸਬੰਧਤ ਸੀ, ਜਦਕਿ ਫ਼ਰੀਦ ਇਸਲਾਮੀ ਮੁੱਖ-ਧਾਰਾ ਅੰਦਰ ਇੱਕ ਨਵੇਂ ਸਿਲਸਿਲੇ/ਸੰਪਰਦਾ ਦਾ ਪ੍ਰਚਾਰਕ ਸੀ। ਅਜਿਹੀ ਸਥਿਤੀ ਵਿਚ ਧਾਰਮਿਕ ਅਤੇ ਨਿੱਜੀ ਵਿਰੋਧ ਹੋਣੇ ਕੁਦਰਤੀ ਹਨ। ਕਾਜ਼ੀ ਨੇ ਪਹਿਲਾਂ ਸਰਕਾਰੀ ਸਾਧਨਾਂ ਰਾਹੀਂ ਫ਼ਰੀਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸਿ਼ਸ਼ ਕੀਤੀ, ਪਰ ਉਹ ਸਫ਼ਲ ਨਾ ਹੋ ਸਕਿਆ। ਫਿਰ ਕਿਉਂਕਿ ਇਸਲਾਮ ਵਿਚ ਸ਼ਰਾਬ ਤੇ ਸੰਗੀਤ ਵਰਜਿਤ ਹਨ, ਪਰ ਸੂਫ਼ੀਆਂ ਵਿਚ ਇਨ੍ਹਾਂ ਉੱਤੇ ਪਾਬੰਦੀ ਨਹੀਂ ਹੈ, ਇਸ ਲਈ ਉਸ ਨੇ ਸੂਫ਼ੀਆਂ ਦੀਆਂ ਕਵਾਲੀਆਂ ਅਤੇ ਸ਼ਾਖਾ ਲਾਉਣ ਲਈ ਮੁਲਤਾਨ ਦੇ ਉਲੇਮਾ ਅਤੇ ਵਿਦਵਾਨਾਂ ਤੋਂ ਫ਼ਤਵਾ ਲੁਆਉਣ ਦੀ ਕੋਸਿ਼ਸ਼ ਕੀਤੀ ਪਰ ਉਹ ਫਿਰ ਵੀ ਸਫ਼ਲ ਨਾ ਹੋਇਆ। ਇਸ ਪਿੱਛੋਂ ਉਸ ਨੇ ਇੱਕ ਕਲੰਦਰ ਨੂੰ ਖੰਜਰ ਦੇ ਕੇ ਫ਼ਰੀਦ ਨੂੰ ਮਾਰਨ ਲਈ ਭੇਜਿਆ ਪਰ ਉਸ ਵੇਲੇ ਫ਼ਰੀਦ ਦਾ ਵਿਸ਼ੇਸ਼ ਚੇਲਾ ਨਿਜ਼ਾਮਉਦੀਨ ਉਸ ਦੀ ਰਾਖੀ ਕਰ ਰਿਹਾ ਸੀ ਜਿਸ ਨੂੰ ਵੇਖ ਕੇ ਕਲੰਦਰ ਭੱਜ ਗਿਆ। ਅਖ਼ੀਰ ਵਿਚ ਕਾਜ਼ੀ ਨੇ ਪਟਵਾਰੀ ਨੂੰ ਆਪਣੇ ਨਾਲ ਗੰਢਿਆ ਅਤੇ ਜ਼ਮੀਨ ਦੀ ਮਾਲਕੀ ਦੇ ਰਿਕਾਰਡ ਵਿਚ ਹੇਰਾ-ਫੇਰੀ ਕਰਨ ਦੀ ਕੋਸਿ਼ਸ਼ ਕੀਤੀ, ਪਰ ਇਸ ਦੌਰਾਨ ਹੀ ਪਟਵਾਰੀ ਦੀ ਮੌਤ ਹੋ ਗਈ ਅਤੇ ਕਾਜ਼ੀ ਦੀ ਇਹ ਸਕੀਮ ਵੀ ਸਿਰੇ ਨਾ ਚੜ੍ਹ ਸਕੀ।
ਬਾਬਾ ਫ਼ਰੀਦ ਦੀ ਮੌਤ: ਬਾਬਾ ਫ਼ਰੀਦ ਦੀ ਮੌਤ ਦੇ ਸਾਲ ਬਾਰੇ ਵੱਖ-ਵੱਖ ਵਰਣਨ ਮਿਲਦੇ ਹਨ ਜੋ ਵੱਖ-ਵੱਖ ਸਰੋਤਾਂ ਵਿਚ 1263, ਅਕਤੂਬਰ 1265, 1266 ਅਤੇ 1268 ਈ. ਦੱਸੇ ਗਏ ਹਨ। ਇੱਕ ਵਿਦਵਾਨ ਅਨੁਸਾਰ ਬਾਬਾ ਫ਼ਰੀਦ ਦੀ ਮੌਤ 661 ਹਿਜਰੀ ਵਿਚ ਹੋਈ ਜਦੋਂ ਉਹ 92 ਸਾਲ ਦਾ ਸੀ, ਜਦਕਿ ਇੱਕ ਹੋਰ ਲੇਖਕ ਅਨੁਸਾਰ ਬਾਬਾ ਫ਼ਰੀਦ ਦੀ ਮੌਤ 86 ਸਾਲ ਦੀ ਉਮਰ ਵਿਚ ਹੋਈ। ਉਸ ਦੀ ਮੌਤ ਦਾ ਕਾਰਨ ਨਮੂਨੀਆ ਅਤੇ ਸਥਾਨ ਪਿੰਡ ਡੇਰਾ ਦੱਸਿਆ ਗਿਆ ਹੈ ਪਰ ਉਸ ਦਾ ਮਜ਼ਾਰ ਪਾਕਪਟਨ ਵਿਚ ਉਸ ਦੇ ਚੇਲੇ ਨਿਜ਼ਾਮਉਦੀਨ ਨੇ ਬਣਵਾਇਆ। ਫ਼ਰੀਦ ਦੇ ਵੰਸ਼ਜਾਂ ਨੂੰ ‘ਫ਼ਰੀਦੀ’ ਜਾਂ ਫ਼ਰੂਕੀ’ ਆਖਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕੁਝ ਉੱਤਰ ਪ੍ਰਦੇਸ਼ ਵਿਚ ਬਦਾਉਣ ਰਹਿਣ ਲੱਗੇ। ਓਸੇ ਵੰਸ਼ ਵਿਚੋਂ ਇੱਕ ਸਲੀਮ ਚਿਸ਼ਤੀ ਸੀ ਜਿਸ ਦੀ ਧੀ ਜਹਾਂਗੀਰ ਦੀ ਮਤਰੇਈ ਮਾਂ ਸੀ। ਇਹ ਲੋਕ ਸ਼ੇਖੂਪੁਰੇ ਵਿਚ ਰਹਿਣ ਲੱਗੇ।
ਸੂਫ਼ੀ ਅਤੇ ਚਿਸ਼ਤੀ: ਇਸਲਾਮ ਵਿਚ ਕਈ ਧਾਰਾਵਾਂ ਪੈਦਾ ਹੋਈਆਂ। ਇਨ੍ਹਾਂ ਵਿਚੋਂ ਇੱਕ ਨੂੰ ‘ਸੂਫ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੂਫ਼ੀਆਂ ਦੀਆਂ ਅੱਗੇ ਕਈ ਸ਼ਾਖ਼ਾਵਾਂ ਹਨ ਅਤੇ ਇਨ੍ਹਾਂ ਵਿਚੋਂ ਇੱਕ ਨੂੰ ‘ਚਿਸ਼ਤੀ’ ਆਖਿਆ ਜਾਂਦਾ ਹੈ। ਸ਼ੇਖ਼ ਫ਼ਰੀਦ ਦਿੱਲੀ, ਪੰਜਾਬ, ਹਰਿਆਣਾ ਖੇਤਰ ਵਿਚ ਇਸ ਸੋਚ-ਪ੍ਰਣਾਲੀ ਅਤੇ ਸੰਪਰਦਾ ਦੇ ਬਾਨੀਆਂ ਵਿਚੋਂ ਇਕ ਸੀ। ਸੂਫ਼ੀਆਂ ਦਾ ਵੰਸ਼-ਕਰਮ ਹਜ਼ਰਤ ਮੁਹੰਮਦ ਤੋਂ ਉਲੀਕਦਿਆਂ ਰਹਿਮਤ ਉਲਾ ਅਲਾਹਿ (ਵਿਕੀਪੀਡੀਆ) 19 ਉਤਰ-ਅਧਿਕਾਰੀਆਂ ਦੇ ਨਾਂ ਲਿਖਦਾ ਹੈ ਜਿਨ੍ਹਾਂ ਵਿਚੋਂ ਉਨੀਵਾਂ ਨਾਂ ਫ਼ਰੀਦਉਦੀਨ ਮਸੂਦ ਸ਼ੇਖ ਫ਼ਰੀਦ ਦਾ ਹੈ। ਇਸ ਸੂਚੀ ਅਨੁਸਾਰ ਚਿਸ਼ਤੀ ਸੰਪਰਦਾ ਦਸਵੇਂ, ਅਬੂਇਸ਼ਕ ਸਾਮੀ ਨਾਲ ਆਰੰਭ ਹੁੰਦੀ ਹੈ। ਇਸ ਲਈ ਇਸ ਤੋਂ ਪਹਿਲਿਆਂ ਦੇ ਨਾਂ ਨਹੀਂ ਦਿੱਤੇ ਗਏ। ਇਸ ਤੋਂ ਅੱਗੇ ਸਿਲਸਲੇਵਾਰ 11. ਅਬੂਅਹਿਮਦ ਅਬਦਾਲ (ਅਬਦਾਲ ਕੰਬੋਆਂ ਦਾ ਇੱਕ ਗੋਤ ਹੈ), 12. ਅਬੂ ਮੁਹੰਮਦ ਅਲਚਿਸ਼ਤੀ, 13. ਅਬੂ ਯੁਸਫ਼ ਨਿਸਾਰਉਦੀਨ, 14. ਕੁਤਬਉਦੀਨ ਮਸੂਦ, 15. ਹਾਜੀ ਸ਼ਰੀਫ਼ ਜਿੰਦਾਨੀ, 16. ਉਸਮਾਨ ਹਾਰੂਨੀ, 17. ਮੁਈਨਦੀਨ, 18. ਕੁੱਤਬਉਦੀਨ ਬਖ਼ਤਿਆਰ ਕਾਕੀ ਅਤੇ 19. ਫ਼ਰੀਦ ਉਦੀਨ ਮਸੂਦ ਦੇ ਨਾਂ ਆਉਂਦੇ ਹਨ। ਸ਼ੇਖ ਫ਼ਰੀਦ ਦੇ ਅੱਗੇ ਚਾਲੀ ਖ਼ਲੀਫ਼ੇ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚੋਂ ਇੱਕ ਨਿਜ਼ਾਮਉਦੀਨ ਔਲੀਆ ਸੀ। ਫ਼ਰੀਦ ਦੇ ਦਿੱਲੀ ਛੱਡ ਕੇ ਕੋਹਤੇਵਾਲ ਜਾਣ ਬਾਅਦ ਇਸ ਨੇ ਦਿੱਲੀ ਵਾਲੀ ਗੱਦੀ ਸੰਭਾਲੀ ਅਤੇ ਦਿੱਲੀ ਦਾ ਇਸਲਾਮੀ ਕੇਂਦਰ ਅਤੇ ਰੇਲਵੇ ਸਟੇਸ਼ਨ ਏਸੇ ਨਿਜ਼ਾਮਉਦੀਨ ਦੇ ਨਾਲ ਜੁੜਿਆ ਹੋਇਆ ਹੈ। ਸ਼ੇਖ਼ ਫ਼ਰੀਦ ਦੀ ਮੌਤ ਉਪਰੰਤ ਏਸੇ ਨੇ ਪਾਕਪਟਨ ਵਿਚ ਸ਼ੇਖ ਫ਼ਰੀਦ ਦਾ ਮਕਬਰਾ ਬਣਵਾਇਆ। ਪੰਜਾਬ ਵਿਚ ਉਸ ਦੇ 14 ਖ਼ਲੀਫ਼ੇ ਦੱਸੇ ਗਏ ਹਨ ਜਿਨ੍ਹਾਂ ਵਿਚੋਂ ਤਿੰਨ ਕਾਫ਼ੀ ਪ੍ਰਸਿੱਧ ਹੋਏ। ਇਨ੍ਹਾਂ ਦੇ ਨਾਂ `ਤੇ ਅੱਗੇ ਤਿੰਨ ਸਿਲਸਲੇ ਚਾਲੂ ਹੋਏ: ਦਿੱਲੀ ਵਾਲੇ ਨਿਜ਼ਾਮਉਦੀਨ ਔਲੀਆ ਦੇ ਪੈਰੋਕਾਰ ‘ਨਿਜ਼ਾਮੀਆ’, ਕਲੀਅਰੀ ਦੇ ਮਖ਼ਦੂਮ ਅਲਾਉਦੀਨ ਸਾਬਰ ਦੇ ਨਾਂ `ਤੇ ‘ਸਾਬਰੀਆ’ ਅਤੇ ਹਾਂਸੀ ਦੇ ਸ਼ੇਖ਼ ਜਮਾਲਉਦੀਨ ਦੇ ਅਨੁਆਈ ‘ਜਮਾਲੀਏ’।
ਕਾਬਲ ਤੋਂ ਕੋਹਤੇਵਾਲ ਕਿਉਂ ਆਏ, ਸ਼ੇਖ਼ ਫ਼ਰੀਦ ਦੇ ਵਡੇਰੇ?
ਸੁਆਲ ਪੈਦਾ ਹੁੰਦਾ ਹੈ ਕਿ ਸ਼ੇਖ ਫ਼ਰੀਦ ਦੇ ਵਡੇਰੇ ਅਫ਼ਗਾਨਿਸਤਾਨ, ਲਾਹੌਰ, ਕਸੂਰ ਛੱਡ ਕੇ ਕੋਹਤੇਵਾਲ ਆ ਕੇ ਕਿਉਂ ਵੱਸੇ? ਕੁੱਝ ਵਿਦਵਾਨ ਸਮਝਦੇ ਹਨ ਕਿ ਉਨ੍ਹਾਂ ਨੂੰ ਇਕਾਂਤ ਚਾਹੀਦੀ ਸੀ ਜੋ ਠੀਕ ਨਹੀਂ ਲੱਗਦਾ, ਕਿਉਂਕਿ ਇੱਕਲਵੰਜੀਆਂ ਥਾਵਾਂ ਨਾਲ ਤਾਂ ਸਾਰਾ ਪੰਜਾਬ ਭਰਿਆ ਪਿਆ ਸੀ। ਇਹ ਸਮਝਣ ਲਈ ਕੋਹਤੇਵਾਲ ਬਾਰੇ ਜਾਣਕਾਰੀ ਦੀ ਲੋੜ ਹੈ ਅਤੇ ਇਹ ਜੰਮੂ, ਦਰਦੀ ਅਤੇ ਹਸਨ ਦੀਆਂ ਪੁਸਤਕਾਂ ਵਿਚੋਂ ਮਿਲ ਜਾਂਦੀ ਹੈ। ਇਹ ਸੰਖੇਪ ਵਿਚ ਇਸ ਤਰ੍ਹਾਂ ਹੈ: ਕੋਹਤੇਵਾਲ ਜਿਸ ਨੂੰ ਕੋਠੇਵਾਲ, ਕੋਠਵਾਲ, ਖੋਟਵਾਲ, ਕਨਹੌਸੀ ਅਤੇ ਚਾਵਲੀ ਮੁਸ਼ਾਇਬ ਵੀ ਲਿਖਿਆ ਗਿਆ ਹੈ, ਪਾਕਿਸਤਾਨ ਦੇ ਵਿਹਾੜੀ ਜਿ਼ਲ੍ਹੇ ਵਿਚ ਬੂਰੇਵਾਲ ਨੇੜੇ ਸਥਿਤ ਸੀ ਜੋ ਮੁਲਤਾਨ ਤੋਂ ਲੱਗਭੱਗ 100 ਮੀਲ ਦੱਖਣ ਵਿਚ ਪੈਂਦਾ ਸੀ ਅਤੇ ਇਸ ਦੇ ਖੰਡਰ ਹੁਣ ਵੀ ਉੱਥੇ ਮਿਲਦੇ ਹਨ। ਛੇਵੀਂ, ਸੱਤਵੀਂ ਤੇ ਅੱਠਵੀਂ ਸਦੀ ਵਿਚ ਇੱਥੇ ਕੰਬੋਆਂ ਦੇ ‘ਢੋਟ ਰਾਜੇ’ ਰਾਜ ਕਰਦੇ ਸਨ। ਉਨ੍ਹਾਂ ਨੂੰ ਢੋਟ, ਢੋਟੇ, ਢੱਡੀ, ਢੱਟ, ਧੂਤ ਢੋਟੜੇ, ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਠਵੀਂ ਸਦੀ ਦੇ ਆਰੰਭ ਵਿਚ ਇੱਥੇ ਰਾਜਾ ਸੁੱਧ ਰਾਮ ਦਾ ਪੁੱਤਰ ਮਹੀਪਾਲ ਰਾਜ ਕਰਦਾ ਸੀ ਜੋ ਚੂਹਣੀਆ ਸਥਿਤ ਰਤਨਪਾਲ ਗੋਤ ਦੇ ਇੱਕ ਕੰਬੋਜ ਜਗੀਰਦਾਰ ਦੀ ਧੀ ਕੰਗਣਾ ਬ੍ਰਹਮ ਨਾਲ ਵਿਆਹਿਆ ਹੋਇਆ ਸੀ। ਇਸ ਨੂੰ ਕੰਗਣਵਾਲ ਪਿੰਡ ਜਿੱਥੇ ਬਾਅਦ ਵਿਚ ਰੇਲਵੇ ਸਟੇਸ਼ਨ ਬਣਿਆ, ਦਾਜ ਵਿਚ ਮਿਲਿਆ ਸੀ। ਇਸ ਵਿਚੋਂ ਇੱਕ ਪੁੱਤਰ ਮਹਾਚਾਵਰ ਅਤੇ ਇੱਕ ਧੀ ਪੈਦਾ ਹੋਏ। ਸਿੰਧ ਦੇ ਰਾਜੇ ਦਾਹਿਰ ਦੀ ਇੱਕ ਧੀ ਵੀ ਮਹੀਪਾਲ ਨਾਲ ਵਿਆਹੀ ਹੋਈ ਸੀ, ਜਿਸ ਵਿਚੋਂ ਗਿਆਰਾਂ ਪੁੱਤਰ ਅਤੇ ਇੱਕ ਧੀ ਪੈਦਾ ਹੋਏ। ਮਹੀਪਾਲ ਦਾ ਭਰਾ ਅੰਗਪਾਲ ਮੁਲਤਾਨ `ਤੇ ਰਾਜ ਕਰਦਾ ਸੀ। ਮਹੀਪਾਲ ਨੇ ਸਤਲੁਜ ਵਿਚੋਂ ਇੱਕ ਨਹਿਰ ਖ਼ੁਦਵਾਈ ਜਿਸ ਦੀ ਵਰਤੋਂ ਸਿੰਜਾਈ ਅਤੇ ਢੋਆ-ਢੁਆਈ ਲਈ ਕੀਤੀ ਜਾਂਦੀ ਸੀ। ਕਿਉਂਕਿ ਕਾਸਮ ਨਾਲ ਲੜਾਈ ਦੌਰਾਨ ਇਨ੍ਹਾਂ ਦੋਹਾਂ ਭਰਾਵਾਂ ਨੇ ਦਾਹਿਰ ਦੀ ਮਦਦ ਕੀਤੀ ਸੀ, ਇਸ ਲਈ ਕਾਸਮ ਦੇ ਇੱਕ ਜਰਨੈਲ ਨੇ 714 ਹਿਜਰੀ ਵਿਚ ਮਹੀਪਾਲ ਨੂੰ ਹਰਾ ਕੇ ਇਸ ਸ਼ਰਤ `ਤੇ ਉਸ ਨੂੰ ਰਾਜ ਕਰਨ ਦੀ ਆਗਿਆ ਦਿੱਤੀ ਕਿ ਉਹ ਹਰਜਾਨੇ ਵਜੋਂ ਕੁੱਝ ਤੈਅ ਕੀਤੀ ਗਈ ਰਾਸ਼ੀ ਉਸ ਨੂੰ ਦੇਵੇਗਾ ਅਤੇ ਜਦ ਤੱਕ ਉਹ ਇਸ ਦੀ ਅਦਾਇਗੀ ਨਹੀਂ ਕਰਦਾ, ਆਪਣਾ ਪੁੱਤਰ ਮਹਾਚਾਵਰ ਜ਼ਮਾਨਤ ਵਜੋਂ ਉਸ ਨੂੰ ਭੇਟ ਕਰੇਗਾ। ਕਿਉਂਕਿ ਉਸ ਦੇ ਕੋਲ ਇਸ ਰਕਮ ਦੀ ਅਦਾਇਗੀ ਨਾ ਹੋ ਸਕੀ, ਮਹਾਚਾਵਰ ਨੂੰ ਖ਼ਲੀਫ਼ੇ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਸ ਨੇ ਇਹ ਕਬੂਲ ਕਰ ਲਿਆ। ਉਸ ਦਾ ਨਾਂ ਹਜ਼ਰਤ ਦੀਵਾਨ ਚਾਵਰੀ ਮੁਸਾਇਖ਼ ਰਹਿਮਤ ਉਲਾ ਰੱਖ ਦਿੱਤਾ ਗਿਆ। ਵਾਪਸ ਆ ਕੇ ਉਸ ਨੇ ਇਸਲਾਮ ਦਾ ਪ੍ਰਚਾਰ ਆਰੰਭ ਕੀਤਾ, ਪਰ 732 ਹਿਜਰੀ ਵਿਚ ਉਸ ਨੂੰ ਮਾਰ ਦਿੱਤਾ ਗਿਆ। ਮਹਾਚਾਵਰ ਦੀ ਭੈਣ ਕੰਗਣਾ ਨੇ ਵੀ ਖਿੜਕੀ ਵਿਚੋਂ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ। ਕੋਹਤੇਵਾਲ ਦਾ ਨਾਂ ਚਾਵਲੀ ਮੁਸਾਇਖ਼਼ ਇਸ ਘਟਨਾ ਦੀ ਯਾਦ ਵਿਚ ਰੱਖਿਆ ਗਿਆ। ਫ਼ਰੀਦ ਦੇ ਵੱਡੇ ਵਡੇਰੇ ਵੀ ਸ਼ਾਇਦ ਏਸੇ ਪ੍ਰਕਿਰਿਆ ਦੌਰਾਨ ਮੁਸਲਮਾਨ ਬਣਾ ਕੇ ਅਫ਼ਗਾਨਿਸਤਾਨ ਲਿਜਾਏ ਗਏ ਜਿੱਥੋਂ ਉਹ ਪਿੱਛੋਂ ਵੀ ਆ ਕੇ ਇੱਥੇ ਵੱਸੇ। 1947 ਵਿਚ ਵੀ ਇੱਥੇ ਹਿੰਦੂ ਕੰਬੋਜ ਰਹਿੰਦੇ ਸਨ ਅਤੇ ‘ਸੂਫ਼ੀ ਵਿਕੀ’ ਅਨੁਸਾਰ ਕੋਹਤੇਵਾਲ ਕੋਲ ਪੈਂਦਾ ਪਿੰਡ ਅਯੋਧਨ ਪਾਕਪਟਨ ਕਿਸੇ ਹਿੰਦੂ ਰਾਜੇ ਕੋਲੋਂ ਸੁਲਤਾਨ ਇਬਰਾਹੀਮ ਗ਼ਜ਼ਨਵੀ ਨੇ 1079 ਈ. (473 ਹਿਜਰੀ) ਵਿਚ ਜਿੱਤਿਆ ਸੀ।
ਨਸੀਰਉਦੀਨ ਕਬਾਚਾ: ਅਬੂ ਬਕਰ ਕੂਫ਼ੀ ਨੇ ਸੱਤਵੀਂ, ਅੱਠਵੀਂ ਸਦੀ ਦੌਰਾਨ ਸਿੰਧ ਦੇ ਇਤਿਹਾਸ ਬਾਰੇ ਇੱਕ ਪੁਸਤਕ ‘ਚਚਨਾਮਾ’ ਲਿਖੀ ਜਿਸ ਵਿਚ ਕਾਸਮ ਦੇ ਹਮਲੇ ਵੇਲੇ ‘ਚੱਚ’/’ਛੱਛ’ ਗੋਤ ਦੇ ਕੰਬੋਜ ਰਾਜਿਆਂ ਅਤੇ ਉਨ੍ਹਾਂ ਦੀਆਂ ਕਾਸਮ ਨਾਲ ਹੋਈਆਂ ਲੜਾਈਆਂ ਦਾ ਵਰਨਣ ਕੀਤਾ ਗਿਆ ਹੈ। ਇਹ ਪੁਸਤਕ ਜੋ ਉਸ ਨੇ ਬਾਰ੍ਹਵੀਂ ਸਦੀ ਵਿਚ ਲਿਖੀ। ਉਹ ਹਿੰਦੋਸਤਾਨ ਦੇ ਬਾਦਸ਼ਾਹ ਕੁੱਤਬਦੀਨ ਐਬਕ ਦੇ ਵੱਡੇ ਵਜ਼ੀਰ ਨਜੀਰਉਦੀਨ ਕਬਾਚਾ ਨੂੰ ਭੇਟ ਕਰਨਾ ਚਾਹੁੰਦਾ ਸੀ ਤਾਂ ਜੋ ਸਿੰਧ ਦੀਆਂ ਲੜਾਈਆਂ ਵਿਚ ਇਨ੍ਹਾਂ ਲੇਖਕ ਅਤੇ ਕਬਾਚੇ ਦੇ ਪੁਰਖਿਆਂ ਦੁਆਰਾ ਪਾਏ ਗਏ ਯੋਗਦਾਨ, ਇਸਲਾਮ ਧਾਰਨ ਕਰਨ ਅਤੇ ਮੁਸਲਿਮ ਫ਼ੌਜਾਂ ਵਿਚ ਸ਼ਾਮਲ ਹੋ ਕੇ ਖ਼ੁਰਾਸਾਨ, ਅਫ਼ਗਾਨਿਸਤਾਨ ਅਤੇ ਅਜਾਮ ਖ਼ੇਤਰ ਵਿਚ ਪ੍ਰਾਪਤ ਕੀਤੀਆਂ ਗਈਆਂ ਜਿੱਤਾਂ ਦਾ ਚੇਤਾ ਕਰਾ ਕੇ ਕੋਈ ਜਗੀਰ ਵਗ਼ੈਰਾ ਪ੍ਰਾਪਤ ਕਰ ਸਕੇ। ਨਸੀਰਉਦੀਨ ਕਬਾਚੇ ਬਾਰੇ ਵਧੇਰੇ ਜਾਣਕਾਰੀ ਜੰਮੂ (2012, 395-7) ਵਿਚ ਮਿਲਦੀ ਹੈ। ਸੰਖੇਪ ਵਿਚ ਦੱਸਿਆ ਜਾਂਦਾ ਹੈ ਕਿ ਕਬਾਚਾ ਕੁਤੱਬਦੀਨ ਐਬਕ ਦਾ ਜਵਾਈ ਅਤੇ ਵੱਡਾ ਵਜ਼ੀਰ ਸੀ ਜਿਸ ਦੇ ਅਧਿਕਾਰ ਖ਼ੇਤਰ ਵਿਚ ਕਈ ਘੜਾਮ (ਪਟਿਆਲਾ ਤੋਂ ਲੈ ਕੇ ਸਿਰਸਾ, ਸਾਰਾ ਸਿੰਧ ਅਤੇ ਦੱਖਣੀ ਪੰਜਾਬ) ਸ਼ਾਮਲ ਸਨ। ਐਬਕ ਦੀ 1210 ਵਿਚ ਹੋਈ ਮੌਤ ਪਿੱਛੋਂ ਇਸ ਨੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਦਿੱਤਾ ਅਤੇ ਆਪਣੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ ਜਿਨ੍ਹਾਂ ਵਿਚ ਇਸ ਦਾ ਨਾਂ ਕਬਾਚਾ/ਕਬਾਜਾ/ਕਬਾਚਾਹਾ ਲਿਖਿਆ ਹੋਇਆ ਹੈ। 1227 ਈ. ਵਿਚ ਇਸ ਨੇ ਮੰਗੋਲਾਂ ਨੂੰ ਹਰਾਇਆ ਅਤੇ ਸ਼ੇਖ ਫ਼ਰੀਦ ਦਾ ਇੱਕ ਪੁੱਤਰ ਇਸ ਲੜਾਈ ਵਿਚ ਮਾਰਿਆ ਗਿਆ ਸੀ। 1228 ਵਿਚ ਇਲਤੁਤਮਿਸ਼ ਨਾਲ ਹੋਈ ਲੜਾਈ ਵਿਚ ਉਸ ਦੀ ਮੌਤ ਹੋ ਗਈ।
ਸਾਰ: 631 ਈ. ਤੋਂ ਲੈ ਕੇ 713 ਈ. ਤੱਕ ਸਿੰਧ ਉੱਪਰ 84 ਗੋਤੀ ‘ਕੰਬੋਜਾਂ’ ਦੇ ‘ਚੱਚ’ ਗੋਤ ਦੇ ਰਾਜਿਆਂ ਚੱਚ, ਉਸ ਦੇ ਭਰਾ ਚੰਦਰ ਅਤੇ ਚੱਚ ਦੇ ਪੁੱਤਰ ਦਾਹਿਰ ਨੇ ਰਾਜ ਕੀਤਾ ਜਿਸ ਦੀਆਂ ਹੱਦਾਂ ਮਕਰਾਨ ਤੋਂ ਲੈ ਕੇ ਰਾਜਸਥਾਨ, ਅਤੇ ਸਿੰਧ ਤੋਂ ਲੈ ਕੇ ਕਸ਼ਮੀਰ ਤੱਕ ਫ਼ੈਲੀਆਂ ਹੋਈਆਂ ਸਨ। ਕਾਸਮ ਦੁਆਰਾ ਹਮਲੇ ਦੌਰਾਨ ਦਾਹਿਰ ਮਾਰਿਆ ਗਿਆ। ਇਸ ਲੜਾਈ ਦਾ ਵਰਣਨ ਅਲੀ ਸੂਫ਼ੀ ਨੇ ਬਾਰ੍ਹਵੀਂ ਸਦੀ ਵਿਚ ਲਿਖੀ ਪੁਸਤਕ ‘ਚਚਨਾਮਾ’ ਵਿਚ ਕੀਤਾ ਹੈ। ਇਹ ਪੁਸਤਕ ਜੋ ਕਿਸੇ ਪੁਰਾਣੇ ਅਰਬੀ/ਫ਼ਾਰਸੀ ਖਰੜੇ `ਤੇ ਆਧਾਰਿਤ ਦੱਸੀ ਜਾਂਦੀ ਹੈ, ‘ਕੂਫ਼ੀ’ (ਕੰਬੋਜਾਂ ਦੇ ਚੀਨੀ ਰੂਪ ‘ਕਾਊਫ਼’ ਦਾ ਫ਼ਾਰਸੀ ਵਿਚ ਢਲਿਆ ਹੋਇਆ ਰੂਪ) ਪਹਿਲੇ ਭਾਰਤੀ ਮੁਸਲਿਮ ਬਾਦਸ਼ਾਹ ਕੁਤੱਬਦੀਨ ਐਬਕ ਦੇ ਵੱਡੇ ਵਜ਼ੀਰ ਨਸੀਰਉਦੀਨ ਕਬਾਚਾ ਨੂੰ ਭੇਟ ਕਰ ਕੇ ਕੋਈ ਖਿ਼ੱਲਤ ਵਗੈਰਾ ਲੈਣਾ ਚਾਹੁੰਦਾ ਸੀ। ਇਸ ਵਿਚ ਉਸ ਨੇ ਦੱਸਿਆ ਕਿ ਕਬਾਚੇ ਅਤੇ ਲੇਖਕ ਦੋਹਾਂ ਦੇ ਵਡੇਰਿਆਂ ਕਿਵੇਂ ਕਾਸਮ ਨਾਲ ਲੜਾਈ ਵਿਚ ਭਾਗ ਲਿਆ। ਹਾਰ ਜਾਣ ਉਪਰੰਤ ਉਹ ਮੁਸਲਿਮ ਬਣੇ ਅਤੇ ਇਸਲਾਮੀ ਫ਼ੌਜਾਂ ਵਿਚ ਸ਼ਾਮਲ ਹੋ ਕੇ ਖ਼ੁਰਾਸਾਨ, ਇਰਾਨ, ਅਜਾਮ ਅਤੇ ਅਫ਼ਗਾਨਿਸਤਾਨ ਖੇਤਰਾਂ ਵਿਚ ਇਸਲਾਮ ਦੇ ਵਿਸਥਾਰ ਵਿਚ ਹਿੱਸਾ ਪਾਇਆ ਸੀ। ਐਬਕ ਦੀ ਮੌਤ ਉਪਰੰਤ ਕਬਾਚਾ ਸਿੰਧ ਅਤੇ ਪੰਜਾਬ ਦਾ ਬਾਦਸ਼ਾਹ ਬਣ ਗਿਆ। ਇਸ ਨੇ ਆਪਣੇ ਨਾਂ ਦੇ ਸਿੱਕੇ ਜਾਰੀ ਕੀਤੇ ਜਿਨ੍ਹਾਂ ਤੋਂ ਉਸ ਦੇ ਕੰਬੋ ਹੋਣ ਦਾ ਪਤਾ ਲੱਗਦਾ ਹੈ। ਮੰਗੋਲਾਂ ਨਾਲ ਹੋਈ ਲੜਾਈ ਵਿਚ ਉਨ੍ਹਾਂ ਨੂੰ ਹਰਾਇਆ ਅਤੇ 1228 ਵਿਚ ਹਿੰਦੋਸਤਾਨ ਦੇ ਬਾਦਸ਼ਾਹ ਇਲਤੁਤਮਿਸ਼ ਨਾਲ ਹੋਈ ਲੜਾਈ ਵਿਚ ਮਾਰਿਆ ਗਿਆ। ਬਾਬੇ ਫ਼ਰੀਦ ਦਾ ਚੌਥਾ ਵਿਆਹ ਏਸੇ ਕਬਾਚੇ ਦੀ ਧੀ ਨਾਲ ਹੋਇਆ ਸੀ।
ਓਸੇ ਸਮੇਂ ਮੁਲਤਾਨ ਤੋਂ ਦੱਖਣ ਵੱਲ ਕੋਹਤੇਵਾਲ ਨਾਮੀ ਇੱਕ ਰਿਆਸਤ ਸੀ ਜਿਸ ਉੱਪਰ ਕੰਬੋਆਂ ਦੇ ‘ਢੋਟ’ ਗੋਤ ਨਾਲ ਸਬੰਧਤ ਰਾਜਾ ਸੁੱਧਪਾਲ ਰਾਜ ਕਰਦਾ ਸੀ ਜਿਸ ਦੀ ਇੱਕ ਪਤਨੀ ਰਾਜਾ ਦਾਇਰ ਦੀ ਧੀ ਸੀ। ਇਸ ਨੇ ਦਾਹਿਰ ਦੀ ਮਦਦ ਕੀਤੀ ਅਤੇ ਹਾਰ ਖਾਧੀ, ਪਰ ਕੋਹਤੇਵਾਲ ਉੱਤੇ ਹਿੰਦੂ ਢੋਟ ਕੰਬੋਆਂ ਦਾ ਰਾਜ ਗਿਆਰ੍ਹਵੀਂ ਸਦੀ ਦੇ ਅਖ਼ੀਰ ਤੱਕ ਚੱਲਦਾ ਰਿਹਾ। ਹਿੰਦੂ ਕੰਬੋਆਂ ਦੇ ਇਸਲਾਮ ਧਾਰਨ ਕਰਨ ਅਤੇ ਉਨ੍ਹਾਂ ਦੁਆਰਾ ਜਿੱਤੇ ਮੁਲਕਾਂ ਵਿਚ ਆਉਣ ਜਾਣ ਦੀ ਪ੍ਰਕਿਰਿਆ ਜਾਰੀ ਰਹੀ।
ਬਾਬਾ ਫ਼ਰੀਦ ਦੀ ਬੰਸਾਵਲੀ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਵਡੇਰੇ ਕੋਈ ਚਾਰ ਕੁ ਸਾਲ, ਵੀਹ ਪੀੜ੍ਹੀਆਂ, ਪਹਿਲਾਂ ਜਾ ਕੇ ਅਫ਼ਗਾਨਿਸਤਾਨ ਵਿਚ ਵੱਸੇ ਸਨ ਅਤੇ ਫ਼ਰੀਦ ਦੇ ਦਾਦੇ ਦੇ ਵੇਲੇ ਵੀ ਇਸ ਪਰਿਵਾਰ ਦੇ ਗ਼ਜ਼ਨੀ ਅਤੇ ਕਾਬਲ ਦੇ ਰਾਜਿਆਂ ਨਾਲ ਰਿਸ਼ਤੇਦਾਰੀਆਂ ਸਨ ਅਤੇ ਉਹ ਉੱਚ-ਪਦਵੀਆਂ ਉੱਤੇ ਸਥਾਪਿਤ ਸਨ। ਫ਼ਰੀਦ ਦਾ ਦਾਦਾ ਇੱਥੇ ਆਪਣੇ ਲਸ਼ਕਰ ਅਤੇ ਪਰਿਵਾਰ ਸਮੇਤ ਲਾਹੌਰ ਅਤੇ ਕਸੂਰ ਰੁਕਿਆ ਅਤੇ ਫਿਰ ਉਸ ਨੇ ਕੋਹਤੇਵਾਲ ਆ ਕੇ ਵਸੇਬਾ ਧਾਰਨ ਕੀਤਾ, ਸ਼ਾਇਦ ਇਸ ਲਈ ਕਿ ਇਹ ਉਸ ਦਾ ਜੱਦੀ ਸਥਾਨ ਸੀ ਜਿੱਥੋਂ ਉਨ੍ਹਾਂ ਦੇ ਵਡੇਰੇ ਕਦੀ ਅਫ਼ਗਾਨਿਸਤਾਨ ਵਿਚ ਜਾ ਕੇ ਵੱਸੇ ਸਨ। ਏਥੇ ਹੀ ਕਬਾਚੇ ਦੀ ਧੀ ਨਾਲ ਉਸ ਦਾ ਚੌਥਾ ਵਿਆਹ ਹੋਇਆ ਅਤੇ ਇਸ ਦੇ ਲਾਗੇ ਹੀ ਪਾਕਪਟਨ ਨਾਮੀ ਸਥਾਨ ‘ਤੇ ਕਬਾਚੇ ਨੇ ਉਸ ਨੂੰ ਜਾਗੀਰ ਦਿੱਤੀ, ਅਤੇ ਏਸੇ ਥਾਂ `ਤੇ ਉਸ ਦੀ ਮੌਤ ਹੋਈ ਅਤੇ ਉਸ ਦਾ ਮਜ਼ਾਰ ਸਥਾਪਿਤ ਹੋਇਆ।
ਸਪੱਸ਼ਟ ਹੈ ਕਿ ਸਿੰਧ ਦੇ ਚੱਚ ਰਾਜੇ, ਅਲੀ ਸੂਫ਼ੀ, ਕਬਾਚਾ, ਕੁਹਤੇਵਾਲ ਦੇ ਢੋਟ ਗੋਤ ਨਾਲ ਸਬੰਧਤ ਰਾਜੇ ਅਤੇ ਬਾਬਾ ਫ਼ਰੀਦ ਸਾਰੇ ਕੰਬੋਜ/ਕੰਬੋਅ ਕਬੀਲੇ ਨਾਲ ਸਬੰਧਤ ਸਨ।