ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਭੰਬਲਭੂਸਾ ਪਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲੈਣ ਦੇ ਕੀਤੇ ਦਾਅਵੇ ਮਗਰੋਂ ਗੈਂਗਸਟਰ ਨੇ ਯੂਟਿਊਬ ‘ਤੇ ਦਿੱਤੀ ਇੰਟਰਵਿਊ ਵਿਚ ਦਾਅਵਾ ਕਰ ਦਿੱਤਾ ਕਿ ਉਹ ਨਾ ਕਿਸੇ ਦੀ ਕਸਟਡੀ ਵਿਚ ਹੈ ਤੇ ਨਾ ਹੀ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਗੈਂਗਸਟਰ ਨੇ ਇਹ ਦਾਅਵਾ ਯੂਟਿਊਬ ਦੇ ਪੱਤਰਕਾਰ ਕੋਲ ਕੀਤਾ ਹੈ। ਬਰਾੜ ਕਥਿਤ ਵੀਡੀਓ ਵਿਚ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਉਸ ਨੂੰ ਹਿਰਾਸਤ ਵਿਚ ਲਏ ਜਾਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸਰਾਸਰ ਗਲਤ ਹੈ। ਗੈਂਗਸਟਰ ਨੇ ਕਿਹਾ ਕਿ ਉਹ ਤਾਂ ਅਮਰੀਕਾ ਵਿਚ ਵੀ ਨਹੀਂ ਹੈ। ਬਰਾੜ ਦਾ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਨਮੋਸ਼ੀ ਹੈ, ਕਿਉਂਕਿ ਉੁਨ੍ਹਾਂ ਗੁਜਰਾਤ ਵਿਚ ਮੀਡੀਆ ਦੇ ਰੂਬਰੂ ਹੁੰਦਿਆਂ ਉਪਰੋਕਤ ਦਾਅਵਾ ਕੀਤਾ ਸੀ। ਮੁੱਖ ਮੰਤਰੀ ਦੀ ਮੀਡੀਆ ਟੀਮ, ਜਿਸ ਵਿਚ ਪੰਜਾਬ ਦੇ ਕੁਝ ਆਈ.ਏ.ਐੱਸ. ਅਧਿਕਾਰੀ ਵੀ ਸ਼ਾਮਲ ਸਨ, ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਅਹਿਮ ਪ੍ਰੈੱਸ ਕਾਨਫਰੰਸ ਲਈ ਤਿਆਰ ਰਹਿਣ ਜਿਸ ਵਿਚ ਮੁੱਖ ਮੰਤਰੀ ਮਾਨ ਤਫ਼ਸੀਲ ਵਿਚ ਦੱਸਣਗੇ ਕਿ ਬਰਾੜ ਨੂੰ ਹਿਰਾਸਤ ਵਿਚ ਕਿਵੇਂ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦਾ ਉਪਰੋਕਤ ਦਾਅਵਾ ਮੂਸੇਵਾਲਾ ਕੇਸ ਵਿਚ ਪੰਜਾਬ ਪੁਲਿਸ ਲਈ ਇਕ ਹੋਰ ਝਟਕਾ ਹੈ ਕਿਉਂਕਿ ਜਦੋਂ ਕਿਸੇ ਲੋੜੀਂਦੇ ਭਾਰਤੀ ਅਪਰਾਧੀ ਨੂੰ ਵਿਦੇਸ਼ ਵਿਚ ਕਾਬੂ ਕੀਤਾ ਜਾਂਦਾ ਹੈ ਤਾਂ ਅਜਿਹੇ ਕੇਸਾਂ ਨਾਲ ਭਾਰਤ ਸਰਕਾਰ ਤੇ ਕੇਂਦਰੀ ਏਜੰਸੀਆਂ ਸਿੱਝਦੀਆਂ ਹਨ। ਇਸ ਤੋਂ ਪਹਿਲਾਂ ਦਿੱਲੀ ਵਿਸ਼ੇਸ਼ ਸੈੱਲ ਦੀ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਬਹੁਤੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਮਾਨ ਨੇ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿੱਚ ਲੈਣ ਬਾਰੇ ਝੂਠ ਬੋਲਿਆ ਹੈ।