ਪਟਿਆਲਾ: ਪਟਿਆਲਾ ਜੇਲ੍ਹ ‘ਚ ਸੜਕੀ ਝਗੜੇ ਦੇ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਿਰਧਾਰਤ ਸਮੇਂ ਤੋਂ ਪਹਿਲਾਂ ਰਿਹਾਅ ਹੋ ਸਕਦੇ ਹਨ। ਕੇਂਦਰ ਸਰਕਾਰ ਦੀ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦੇ ਜਸ਼ਨਾਂ ਤਹਿਤ ਕੈਦੀਆਂ ਦੀ ਰਿਹਾਈ ਲਈ ਬਣਾਈ ਨੀਤੀ ਦੇ ਤਹਿਤ ਉਨ੍ਹਾਂ ਨੂੰ ਇਹ ਲਾਭ ਉਸ ਨੂੰ ਮਿਲ ਸਕਦਾ ਹੈ।
ਇਸ ਦੇ ਪਹਿਲੇ ਪੜਾਅ ‘ਚ ਕਈ ਕੈਦੀਆਂ ਨੂੰ 15 ਅਗਸਤ ਮੌਕੇ ਰਿਹਾਅ ਕੀਤਾ ਜਾ ਚੁੱਕਾ ਹੈ, ਜਦੋਂਕਿ ਹੁਣ ਦੂਜੇ ਪੜਾਅ ‘ਚ 26 ਜਨਵਰੀ 2023 ਨੂੰ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਨ੍ਹਾਂ ‘ਚ ਨਵਜੋਤ ਸਿੱਧੂ ਦੇ ਸ਼ੁਮਾਰ ਹੋਣ ਦੀ ਪੂਰੀ ਸੰਭਾਵਨਾ ਹੈ। ਸਿੱਧੂ ਵੱਲੋਂ 25 ਜਨਵਰੀ 2023 ਤੱਕ 250 ਦਿਨਾਂ ਦੀ ਕੈਦ ਕੱਟ ਲਈ ਜਾਵੇਗੀ, ਜਦੋਂਕਿ ਰਿਹਾਈ ਲਈ ਲੋੜੀਂਦੀ 66 ਫੀਸਦੀ ਕੈਦ ਕੱਟਣ ਲਈ ਦਿਨਾਂ ਦੀ ਗਿਣਤੀ 241 ਬਣਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਉਕਤ ਯੋਜਨਾ ਅਧੀਨ ਕੈਦੀਆਂ ਦੀ ਅਗਾਊਂ ਰਿਹਾਈ ਸਬੰਧੀ ਵੱਖ-ਵੱਖ ਕਾਲਮ ਸ਼ਾਮਲ ਹਨ, ਜਿਵੇਂ ਕਿ ਕੁੱਲ ਕੈਦ ‘ਚੋਂ 50 ਫੀਸਦੀ ਸਜਾ ਕੱਟਣ ਵਾਲੀਆਂ 50 ਸਾਲਾ ਮਹਿਲਾਵਾਂ ਅਤੇ 60 ਸਾਲਾ ਪੁਰਸ਼ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਅੱਧੀ ਸਜ਼ਾ ਕੱਟਣ ਵਾਲਾ ਜੇਕਰ ਕੋਈ ਵਿਅਕਤੀ ਸੱਤਰ ਫੀਸਦੀ ਅਪਾਹਜ ਹੈ ਤਾਂ ਉਸ ਨੂੰ ਵੀ ਰਿਹਾਈ ਮਿਲੇਗੀ। ਇਸੇ ਤਰ੍ਹਾਂ ਕਈ ਹੋਰ ਮੱਦਾਂ ਵੀ ਰੱਖੀਆਂ ਗਈਆਂ ਹਨ।
ਇਸੇ ਨੀਤੀ ‘ਚ ਇਕ ਮੱਦ ਅਜਿਹੀ ਵੀ ਹੈ, ਜਿਸ ਵਿਚ ਅਦਾਲਤ ਵੱਲੋਂ ਸੁਣਾਈ ਗਈ ਕੁੱਲ ਕੈਦ ਦਾ 66 ਫੀਸਦੀ ਹਿੱਸਾ ਕੱਟਣ ਵਾਲੇ ਕੈਦੀਆਂ ਨੂੰ ਵੀ ਰਿਹਾਈ ਦਾ ਲਾਭ ਮਿਲੇਗਾ। ਇਸ ਵਿਚ ਉਮਰ ਹੱਦ ਦੀ ਕੋਈ ਬੰਦਿਸ਼ ਨਹੀਂ ਹੈ। ਇਸ ਵਿਚ ਕਤਲ, ਜਬਰ-ਜਨਾਹ, ਲੁੱਟ-ਖੋਹ, ਡਕੈਤੀ ਅਤੇ ਪੋਕਸੋ ਐਕਟ ਆਦਿ ਤਰ੍ਹਾਂ ਦੇ ਕਰਾਈਮ ਦੇ ਅਧੀਨ ਆਉਂਦੇ ਕੈਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ ਇਸ ਨੀਤੀ ਵਿਚ ਕੈਦੀਆਂ ਦੇ ਚੰਗੇ ਆਚਰਣ ਅਤੇ ਚੰਗਾ ਕੰਮ ਕਰਨ ਬਦਲੇ ਸਮੂਹ ਜੇਲ੍ਹਾਂ ਦੇ ਸੁਪਰਡੈਂਟਾਂ ਵੱਲੋਂ ਮਹੀਨੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਮੁਆਫੀ ਇਸ ਤੋਂ ਵੱਖਰੀ ਹੈ ਕਿਉਂਕਿ ਜੇਲ੍ਹ ਨਿਯਮਾਂ ਮੁਤਾਬਕ ਹਰੇਕ ਸੁਪਰਡੈਂਟ ਕੋਲ ਕੈਦੀ ਨੂੰ ਇਕ ਮਹੀਨੇ ‘ਚ ਕੰਮ ਦੇ ਹਿਸਾਬ ਨਾਲ 4-5 ਦਿਨਾਂ ਦੀ ਮੁਆਫੀ ਦੇਣ ਦੇ ਅਧਿਕਾਰ ਵੀ ਹਨ। ਇਸ ਤਰ੍ਹਾਂ ਜੇਕਰ ਜੇਲ੍ਹ ਸੁਪਰਡੈਂਟ ਵੱਲੋਂ ਹਰ ਮਹੀਨੇ ਸਿੱਧੂ ਨੂੰ ਚਾਰ ਦਿਨਾਂ ਦੀ ਮੁਆਫੀ ਵੀ ਦਿੱਤੀ ਗਈ ਹੋਈ ਤਾਂ ਵੀ ਇਹ ਤਕਰੀਬਨ ਤੀਹ ਦਿਨ ਬਣ ਜਾਣਗੇ।