ਅਕਾਲੀ ਦਲ ਉਤੇ ਬਾਦਲਾਂ ਦੀ ਜਕੜ ਜਿਉਂ ਦੀ ਤਿਉਂ

ਚੰਡੀਗੜ੍ਹ: ਜਥੇਬੰਦਕ ਢਾਂਚੇ ਦੇ ਪੁਨਰਗਠਨ ਦੌਰਾਨ ਹੋਈਆਂ ਨਿਯੁਕਤੀਆਂ ਨੇ ਸਾਫ ਕਰ ਦਿੱਤਾ ਹੈ ਕਿ ਭਵਿੱਖ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਉਤੇ ਬਾਦਲ ਪਰਿਵਾਰ ਦੀ ਜਕੜ ਢਿੱਲੀ ਪੈਣ ਦੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਹੈ। ਪਾਰਟੀ ਵੱਲੋਂ ਕੋਰ ਕਮੇਟੀ ਅਤੇ ਸਲਾਹਕਾਰ ਬੋਰਡ ਵਿਚ ਕੀਤੀਆਂ ਨਿਯੁਕਤੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਬਾਗੀ ਸੁਰਾਂ ਅਲਾਪਣ ਵਾਲਿਆਂ ਲਈ ਕੋਈ ਥਾਂ ਨਹੀਂ।

ਯਾਦ ਰਹੇ ਕਿ ਪਾਰਟੀ ਅੰਦਰ ਲੀਡਰਸ਼ਿਪ ਤਬਦੀਲੀ ਦੀ ਲਗਾਤਾਰ ਉਠ ਰਹੀ ਮੰਗ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਜੁਲਾਈ ਮਹੀਨੇ ਦੌਰਾਨ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਸੀ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣਾਈ ਤੱਥ ਖੋਜ ਕਮੇਟੀ ਵੱਲੋਂ ਦਿੱਤੀ ਰਿਪੋਰਟ ਅਮਲ ਵਿਚ ਲਿਆਂਦੀ ਜਾਵੇਗੀ। ਇਸ ਰਿਪੋਰਟ ਵਿਚ ਸਭ ਤੋਂ ਵੱਡਾ ਮੁੱਦਾ ਲੀਡਰਸ਼ਿਪ ਤਬਦੀਲੀ ਦਾ ਸੀ ਤੇ ਉਸ ਸਮੇਂ ਸਭ ਤੋਂ ਵੱਧ ਉਂਗਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਉਠੀ ਸੀ ਪਰ ਇਸ ਤਬਦੀਲੀ ਨੂੰ ਹੇਠਲੇ ਪੱਧਰ ਤੱਕ ਹੀ ਸੀਮਤ ਕਰ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਾਅਵਿਆਂ ਦੇ ਉਲਟ ਕੋਰ ਕਮੇਟੀ ਅਤੇ ਸਲਾਹਕਾਰ ਬੋਰਡ ਵਿਚ ਕੀਤੀਆਂ ਨਿਯੁਕਤੀਆਂ ‘ਚੋਂ ਵੱਡੀ ਤਬਦੀਲੀ ਨਜ਼ਰ ਨਹੀਂ ਆਈ ਹੈ। ਅਸਲ ਵਿਚ, ਤਾਜ਼ਾ ਨਿਯੁਕਤੀਆਂ ਨੇ ਜਥੇਬੰਦਕ ਤਬਦੀਲੀਆਂ ਦੇ ਕੀਤੇ ਦਾਅਵਿਆਂ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ। ਸਿਆਸੀ ਮਾਹਰ ਦੱਸਦੇ ਹਨ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦੀ ਹਿੱਲੀ ਕੁਰਸੀ ਨੂੰ ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਤਬਦੀਲੀਆਂ ਆਸਰੇ ਹੋਰ ਪੱਕੀ ਕਰ ਲਿਆ ਹੈ। ਪਾਰਟੀ ਵੱਲੋਂ ਕੀਤੀਆਂ ਗਈਆਂ ਤਾਜ਼ਾ ਨਿਯੁਕਤੀਆਂ ਵਿਚ ਬਾਦਲਾਂ ਦੇ ਵਫ਼ਾਦਾਰਾਂ ਨੂੰ ਤਰਜੀਹ ਦਿੱਤੀ ਗਈ ਹੈ।
ਪਾਰਟੀ ਪ੍ਰਧਾਨ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਣ ਵਾਲਿਆਂ ਨੂੰ ਇਨ੍ਹਾਂ ਕਮੇਟੀਆਂ ਵਿਚ ਨੇੜੇ ਵੀ ਨਹੀਂ ਲੱਗਣ ਦਿੱਤਾ ਗਿਆ। ਇਨ੍ਹਾਂ ਵਿਚ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਗਮੀਤ ਸਿੰਘ ਬਰਾੜ ਦੇ ਨਾਮ ਪ੍ਰਮੁੱਖ ਹਨ। ਰਵੀਕਰਨ ਸਿੰਘ ਕਾਹਲੋਂ ਅਤੇ ਹਰਚਰਨ ਸਿੰਘ ਬੈਂਸ ਨੂੰ ਵੀ ਕੋਈ ਥਾਂ ਨਹੀਂ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਮਾ ਸਮਾਂ ਕਰੀਬੀ ਰਹੇ ਹਰਚਰਨ ਸਿੰਘ ਬੈਂਸ ਨੂੰ ਵੀ ਇਨ੍ਹਾਂ ਦੋਹਾਂ ਕਮੇਟੀਆਂ ਵਿਚ ਕੋਈ ਥਾਂ ਨਹੀਂ ਦਿੱਤੀ ਗਈ। ਬੈਂਸ ਵੱਲੋਂ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਪੋਸਟਾਂ ਰਾਹੀਂ ‘ਗੁਲਾਮੀ‘ ਨੂੰ ਅਲਵਿਦਾ ਕਹਿਣ ਸਬੰਧੀ ਕੀਤੇ ਖੁਲਾਸਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਬੰਦ ਕਮਰਾ ਮੁਲਾਕਾਤ ਵੀ ਕੀਤੀ ਸੀ।
ਨਵੀਆਂ ਨਿਯੁਕਤੀਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਥਾਪ ਦਿੱਤਾ ਗਿਆ ਹੈ। ਤਾਜ਼ਾ ਨਿਯੁਕਤੀਆਂ ‘ਚ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਦੀ ਮੋਹਰ ਦਿਖਾਈ ਦੇ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਦਾਅਵਿਆਂ ਦੇ ਉਲਟ ਕੋਰ ਕਮੇਟੀ ਅਤੇ ਸਲਾਹਕਾਰ ਬੋਰਡ ਵਿਚ ਕੀਤੀਆਂ ਨਿਯੁਕਤੀਆਂ ‘ਚੋਂ ਵੱਡੀ ਤਬਦੀਲੀ ਨਜ਼ਰ ਨਹੀਂ ਆਈ ਹੈ। ਚੇਤੇ ਰਹੇ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਨਮੋਸ਼ੀ ਵਾਲੀਆਂ ਹਾਰਾਂ ਪਿੱਛੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉਤੇ ਲਗਾਤਾਰ ਉਂਗਲਾਂ ਉਠ ਰਹੀਆਂ ਹਨ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਵਿਚ ਕਈ ਵੱਡੇ ਟਕਸਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਗਏ। ਅਜੇ ਪਿਛਲੇ ਹਫਤੇ ਹੀ ਪਾਰਟੀ ਦੀ ਟਕਸਾਲੀ ਆਗੂ ਜਗੀਰ ਕੌਰ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਜਿਹੀ ਹੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ‘ਬਾਗੀ` ਆਗੂ ਜਗਮੀਤ ਸਿੰਘ ਬਰਾੜ ਉਤੇ ਕਰਨ ਦੀ ਤਿਆਰੀ ਹੈ। ਬਰਾੜ ਵੱਲੋਂ ਅਕਾਲੀ ਦਲਾਂ ਦੇ ਏਕੇ ਲਈ ਬਣਾਈ ਤਾਲਮੇਲ ਕਮੇਟੀ ਦੇ ਵਿਸਥਾਰ ਤੋਂ ਅਗਲੇ ਹੀ ਦਿਨ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਹਾਲਾਂਕਿ ਬਰਾੜ ਵੱਲੋਂ ਤਾਲਮੇਲ ਕਮੇਟੀ ਵਿਚ ਸ਼ਾਮਲ ਕੀਤੇ ਤਿੰਨ ਸੀਨੀਅਰ ਅਕਾਲੀ ਆਗੂਆਂ ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ ਤੇ ਅਰਵਿੰਦਰਪਾਲ ਸਿੰਘ ਪੱਖੋਕੇ ਇਸ ਤੋਂ ਕਿਨਾਰਾ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਸੀਨੀਅਰ ਆਗੂ ਪਾਰਟੀ ਵਿਚ ਉਪਰਲੇ ਪੱਧਰ ਦੀ ਲੀਡਰਸ਼ਿਪ (ਸਣੇ ਪ੍ਰਧਾਨ) ਦੀ ਤਬਦੀਲੀ ਦੇ ਹਾਮੀ ਹਨ ਪਰ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨ ਤੋਂ ਝਿਜਕਦੇ ਹਨ। ਇਸ ਦਾ ਕਾਰਨ ਅਜਿਹੀ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਪਿਛਲੇ ਸਮੇਂ ਵਿਚ ਹੋਏ ‘ਹਸ਼ਰ` ਨੂੰ ਵੀ ਮੰਨਿਆ ਜਾ ਰਿਹਾ ਹੈ। ਪਾਰਟੀ ਵਿਚ ਝੂੰਦਾਂ ਕਮੇਟੀ ਦੀਆਂ ਸਿਫਾਰਸ਼ ਨੂੰ ਲਾਗੂ ਕਰਨ ਅਤੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਦਾਅਵੇ ਭਾਵੇਂ ਕੀਤੇ ਜਾ ਰਹੇ ਹਨ ਪਰ ਤਾਜ਼ਾ ਨਿਯੁਕਤੀਆਂ `ਚ ਬਾਦਲਾਂ ਦੇ ਵਫ਼ਾਦਾਰਾਂ ਨੂੰ ਤਰਜੀਹ ਕੁਝ ਹੋਰ ਹੀ ਇਸ਼ਾਰਾ ਕਰਦੀ ਹੈ।