ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ

ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਵਿਵਾਦ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ, ਜਦੋਂਕਿ ਪ੍ਰਬੰਧਕੀ ਬੋਰਡ ਦੇ ਤਿੰਨ ਮੈਂਬਰਾਂ ਨੂੰ ਤਨਖ਼ਾਹ ਲਾਈ ਗਈ ਹੈ। ਇਨ੍ਹਾਂ ਤੋਂ ਇਲਾਵਾ ਬੋਰਡ ਦੇ ਇਕ ਮੈਂਬਰ ਨੂੰ ਉਥੋਂ ਦੇ ਪੰਜ ਪਿਆਰਿਆਂ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਲਈ ਆਦੇਸ਼ ਦਿੱਤੇ ਗਏ ਹਨ।

ਇਸ ਸਬੰਧੀ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਤਲਬ ਕੀਤੇ ਗਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਤਿੰਨ ਮੈਂਬਰਾਂ ਮਹਿੰਦਰ ਸਿੰਘ, ਰਾਜਾ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤੇ ਦੋ ਸਾਬਕਾ ਜਥੇਦਾਰਾਂ ਦੀਆਂ ਸੇਵਾਵਾਂ ਬਹਾਲ ਕਰਨ ਦੇ ਦੋਸ਼ ਹੇਠ ਧਾਰਮਿਕ ਸਜ਼ਾ ਸੁਣਾਈ ਹੈ। ਇੱਕ ਹੋਰ ਮੈਂਬਰ ਹਰਬੰਸ ਸਿੰਘ ਨੂੰ ਉਥੋਂ ਦੇ ਪੰਜ ਪਿਆਰਿਆਂ ਵੱਲੋਂ ਲਾਈ ਗਈ ਤਨਖ਼ਾਹ ਨੂੰ ਹੀ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਕੈਂਪਸ ਖ਼ਾਲੀ ਕਰਨ ਦੇ ਦਿੱਤੇ ਗਏ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਸਨ। ਉਨ੍ਹਾਂ ਨੇ ਇਸ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਇਨ੍ਹਾਂ ਤੋਂ ਇਲਾਵਾ ਤਖ਼ਤ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਬਾਣੀਆਂ ਦਾ ਪਾਠ ਜ਼ਬਾਨੀ ਸੁਣਨ ਵਾਸਤੇ ਉਥੋਂ ਦੇ ਪੰਜ ਪਿਆਰਿਆਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਜਥੇਦਾਰ ਭਾਈ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਉਨ੍ਹਾਂ ਖ਼ਿਲਾਫ਼ ਆਈ ਸ਼ਿਕਾਇਤ ਸਬੰਧੀ ਪੜਤਾਲੀਆ ਕਮੇਟੀ ਨੂੰ ਆਪਣੀ ਜਾਂਚ ਜਾਰੀ ਰੱਖਣ ਤੇ ਇਸ ਦੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਭੇਜਣ ਦੇ ਆਦੇਸ਼ ਦਿੱਤੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਵਧੇਰੇ ਮੁਲਾਜ਼ਮ ਤੰਬਾਕੂ ਆਦਿ ਨਸ਼ਿਆਂ ਦਾ ਸੇਵਨ ਕਰਦੇ ਹਨ। ਉਨ੍ਹਾਂ ਪ੍ਰਬੰਧਕੀ ਕਮੇਟੀ ਨੂੰ ਮੁਲਾਜ਼ਮਾਂ ਦੇ ਨਸ਼ਿਆਂ ਸਬੰਧੀ ਟੈਸਟ ਕਰਵਾਉਣ ਤੇ ਦੋਸ਼ੀ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਸਬੰਧੀ ਆਦੇਸ਼ ਦਿੱਤੇ। ਉਨ੍ਹਾਂ ਤਖ਼ਤ ਸਾਹਿਬ ਦੇ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੀਆਂ ਸੇਵਾਵਾਂ ਵੀ ਤੁਰਤ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਬੰਧਕੀ ਕਮੇਟੀ ਦੇ ਚੱਲ ਰਹੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਉਪਰੰਤ 15 ਜਨਵਰੀ ਤੋਂ ਪਹਿਲਾਂ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਾਜ਼ਮੀ ਤੌਰ ਤੇ ਕਰਵਾਈ ਜਾਵੇ ਪਰ ਉਦੋਂ ਤਕ ਪੁਰਾਣੀ ਕਮੇਟੀ ਹੀ ਕੰਮ ਕਰਦੀ ਰਹੇਗੀ।