ਸਰਮਾਏ ਦਾ ਸਾਮਰਾਜ, ਸਾਂਝੀਵਾਲਤਾ ਅਤੇ ਸਮਾਜਿਕ ਤੇ ਆਰਥਿਕ ਬਰਾਬਰੀ

ਗੁਰਬਚਨ ਸਿੰਘ
ਫੋਨ: +91-98156-98451
ਪਿਛਲੇ ਅੰਕ ਵਿਚ ਉਘੇ ਲਿਖਾਰੀ ਸਵਰਾਜਬੀਰ ਦਾ ਲੇਖ ‘ਸਰਮਾਏ ਦਾ ਸਾਮਰਾਜ’ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਅੱਜ ਦੇ ਹਾਲਾਤ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ। ਜਲੰਧਰ ਵੱਸਦੇ ਵਿਦਵਾਨ ਗੁਰਬਚਨ ਸਿੰਘ ਨੇ ਉਨ੍ਹਾਂ ਦੀਆਂ ਟਿੱਪਣੀਆਂ ਉਤੇ ਕੁਝ ਟਿੱਪਣੀਆਂ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਨ੍ਹਾਂ ਮਸਲਿਆਂ ਬਾਰੇ ਸਭ ਰਾਵਾਂ ਬਾਰੇ ਵਿਚਾਰਾਂ ਹੋ ਸਕਣ।

ਸਵਰਾਜਬੀਰ ਨੇ ‘ਸਰਮਾਏ ਦਾ ਸਾਮਰਾਜ` (ਅੰਕ 49, 3 ਦਸੰਬਰ 2022) ਵਿਚ ਮੌਜੂਦਾ ਸੰਸਾਰ ਹਕੀਕਤ ਬਾਰੇ ਟਿਪਣੀ ਕਰਦਿਆਂ ਲਿਖਿਆ ਹੈ, “ਵਿਸ਼ਵੀਕਰਨ ਨੇ ਸਰਮਾਏ ਦਾ ਅਜਿਹਾ ਸਾਮਰਾਜ ਪੈਦਾ ਕੀਤਾ ਹੈ ਕਿ ਮਨੁਖਤਾ ਦੀ ਸਾਰੀ ਕਿਰਤ ਤੇ ਸਿਰਜਣ ਸ਼ਕਤੀ ਇਸ ਦੇ ਅਧੀਨ ਹੋ ਗਈ ਹੈ।” ਤੇ “ਜਿਵੇਂ ਬਸਤੀਵਾਦੀ ਸਮਿਆਂ ਦੌਰਾਨ ਬਸਤੀਵਾਦ ਨੇ ਗੁਲਾਮ ਹੋਏ ਦੇਸਾਂ ਦੇ ਲੋਕਾਂ ਤੋਂ ਮਨੁਖਤਾ ਖੋਹ ਲਈ ਸੀ, ਉਸੇ ਤਰ੍ਹਾਂ ਸਰਮਾਏ ਦਾ ਮੌਜੂਦਾ ਸਾਮਰਾਜ ਸਾਰੀ ਦੁਨੀਆ ਦੇ ਲੋਕਾਂ ਨੂੰ ਮਨੁਖਤਾ ਤੋਂ ਵਿਛੁੰਨਿਆ ਕਰਨ ਦੇ ਰਾਹੇ ਪਿਆ ਹੋਇਆ ਹੈ।” ਬੇਸ਼ਕ “ਬਸਤੀਵਾਦ ਦੌਰਾਨ ਗੁਲਾਮ ਹੋਏ ਦੇਸਾਂ ਦੇ ਲੋਕਾਂ ਕੋਲ ਆਪਣੀ ਗੁਲਾਮੀ ਦਾ ਜੂਲਾ ਲਾਹ ਦੇਣ ਤੇ ਆਪਣੀ ਮਨੁਖਤਾ ਨੂੰ ਪੁਨਰ-ਸਿਰਜਣ ਦਾ ਸੁਪਨਾ ਸੀ ਪਰ ਸਰਮਾਏ ਦੇ ਅਜੋਕੇ ਸਾਮਰਾਜ ਨੇ ਮਨੁਖ ਨੂੰ ਧੁਰ ਅੰਦਰੋਂ ਤੋੜ ਕੇ ਅੰਤਾਂ ਦਾ ਇਕਲਾ ਕਰ ਦਿਤਾ ਹੈ। ਘਰ-ਪਰਿਵਾਰ, ਯਾਰੀਆਂ-ਦੋਸਤੀਆਂ, ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨਾਲ ਮਨੁਖ ਦਾ ਮੋਹ, ਭਾਈਚਾਰਕ ਸਾਂਝਾਂ, ਇਨ੍ਹਾਂ ਚੀਜ਼ਾਂ ਦੇ ਕੋਈ ਅਰਥ ਨਹੀਂ ਰਹੇ।”
ਦਰਅਸਲ ਸਾਮਰਾਜ ਕੋਈ ਦੇਸ ਕਬੀਲਾ ਜਾਂ ਜਨਸਮੂਹ ਨਹੀਂ ਬਲਕਿ ਕੁਦਰਤੀ ਹਕੀਕਤ ਤੋਂ ਟੁਟਿਆ ਹੋਇਆ, ਮੁਨਾਫੇ (ਸਰਮਾਏ) ਦੀ ਹਾਬੜੀ ਭੁਖ ਦਾ ਮਰੀਜ਼ ਇਕ ਮਨੋਰੋਗੀ ਮਾਨਵ ਰੂਪੀ ਦੈਂਤ ਹੈ, ਜਿਹੜਾ ਮਨੁਖ ਜਾਤੀ ਦੇ ਹਜ਼ਾਰਾਂ ਸਾਲਾਂ ਵਿਚ ਵਿਕਸਿਤ ਹੋਏ ਮਨੁਖੀ, ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਅਤੇ ਮਨੁਖੀ ਕਦਰਾਂ-ਕੀਮਤਾਂ ਨੂੰ ਕੁਚਲਦਾ ਜਾ ਰਿਹਾ ਹੈ। ਅੰਤਹੀਣ ਲਾਲਚ, ਸਿਰਵਢ ਮੁਕਾਬਲਾ, ਭ੍ਰਿਸ਼ਟਾਚਾਰ, ਕਮੀਨਗੀ, ਈਰਖਾ ਅਤੇ ਅਨਾਰਕੀ ਇਸ ਜੰਗਲ ਰਾਜ ਦੇ ਵਜੂਦ ਸਮੋਈਆਂ ਅਲਾਮਤਾਂ ਹਨ। ਚੌਗਿਰਦੇ ਦੀ ਤਬਾਹੀ, ਕੁਦਰਤੀ ਸੋਮਿਆਂ ਦਾ ਉਜਾੜਾ, ਹਵਾ ਪਾਣੀ ਮਿਟੀ ਵਿਚ ਘੁਲੀਆਂ ਜ਼ਹਿਰਾਂ, ਸਰਕਾਰੀ ਦਹਿਸ਼ਤਗਰਦੀ, ਵਡੀ ਪਧਰ ਉਤੇ ਫੈਲੀ ਬੇਰੁਜ਼ਗਾਰੀ, ਅਰਥਚਾਰੇ ਦਾ ਸੰਕਟ ਤੇ ਅਨੇਕ ਹੋਰਨਾਂ ਭਿਆਨਕ ਰੋਗਾਂ ਦਾ ਇਹ ਜਨਕ ਹੈ। ਸਾਮਰਾਜੀ ਪੈਸਾ-ਸਭਿਆਚਾਰ ਨੇ ਅੱਜ ਮਨੁਖ ਨੂੰ ਸਾਮਰਾਜੀ ਪੈਦਾਵਾਰੀ ਮਸ਼ੀਨ ਦਾ ਮਹਿਜ ਇਕ ਪੁਰਜਾ ਬਣਾ ਦਿਤਾ ਹੈ।
ਅਜੋਕਾ ਸਾਮਰਾਜੀ ਰਾਜ ਪ੍ਰਬੰਧ ਪਰਜੀਵੀ ਮਧਵਰਗ, ਜਿਸ ਨੂੰ ਅੰਗਰੇਜੀ ਭਾਸ਼ਾ ਵਿਚ ਇਲੀਟ ਵਰਗ ਕਿਹਾ ਜਾਂਦਾ ਹੈ, ਦੀ ਹੋਂਦ ਉਤੇ ਟਿਕਿਆ ਹੋਇਆ ਹੈ। ਮਹਿੰਗੀਆਂ ਤੇ ਸਰਕਾਰੀ ਸਹੂਲਤਾਂ ਮਾਣਨ ਦੀ ਲਾਲਸਾ, ਕੀਮਤੀ ਸ਼ਰਾਬ ਦੀ ਲਲ੍ਹਕ ਅਤੇ ਮਾਨਸਿਕ ਕਲਪਨਾ ਵਿਚ ਵਧ ਤੋਂ ਵਧ ਔਰਤਾਂ ਭੋਗਣ ਦੀ ਹਵਸ ਨੇ ਇਸ ਵਰਗ ਕੋਲੋਂ ਸਮਾਜੀ ਚੇਤਨਾ ਅਤੇ ਮਨੁਖੀ ਕਦਰਾਂ ਕੀਮਤਾਂ ਵੀ ਖੋਹ ਲਈਆਂ ਹਨ। ਇਹ ਵਰਗ ਅਤਿ ਦਾ ਲਾਲਚੀ, ਕਮੀਨਾ, ਈਰਖਾਲੂ ਤੇ ਭ੍ਰਿਸ਼ਟੀ ਮਾਨਸਿਕਤਾ ਦਾ ਮਾਲਕ ਹੈ। ਅਜਿਹੇ ਲੋਕਾਂ ਦੇ ਮਨਾਂ ਵਿਚ ਨੌਕਰੀ ਖੁਸਣ ਦਾ ਡਰ ਤੇ ਇਕਲਾਪੇ ਦੀ ਭਾਵਨਾ ਏਨੀ ਕੁ ਘਰ ਕਰ ਗਈ ਹੈ ਕਿ ਉਹ ਮਨੁਖੀ ਜ਼ਿੰਦਗੀ ਵਿਚਲੇ ਅਸਲੀ ਸੁਖਾਂ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਕਰ ਸਕਦੇ। ਅਜਿਹਾ ਵਰਗ ਹੀ ਸਰਕਾਰੀ ਜਬਰ ਨੂੰ ਜਾਇਜ ਠਹਿਰਾਉਣ ਲਈ ਪਹਿਲਾਂ ਇਸ ਦਾ ਬਿਰਤਾਂਤ ਘੜਦਾ ਹੈ ਤੇ ਫਿਰ ਸਰਕਾਰੀ ਜਬਰ ਦਾ ਸੰਦ ਬਣ ਕੇ ਆਮ ਲੋਕਾਂ ਨੂੰ ਦਹਿਸ਼ਤਜਦਾ ਕਰਦਾ ਹੈ। ਮਾਨਸਿਕ ਭੋਗਾਂ ਦੀ ਨਿਰੋਲ ਕਲਪਨਾ ਵਿਚ ਜੀਅ ਰਹੇ ਇਸ ਇਲੀਟ ਵਰਗ ਨੂੰ ਅਸਲੀਅਤ ਤੋਂ ਏਨਾ ਕੁ ਦੂਰ ਧਕ ਦਿਤਾ ਗਿਆ ਹੈ ਕਿ ਹੁਣ ਉਹ ਇਸ ਕਲਪਨਾ ਨੂੰ ਹੀ ਸਚ ਸਮਝੀ ਬੈਠਾ ਹੈ। ਇਸੇ ਵਰਗ ਕਰ ਕੇ ‘ਹਰ ਦੇਸ ਵਿਚ ਰਿਆਸਤ/ਸਟੇਟ ਜਿਆਦਾ ਮਜਬੂਤ ਤੇ ਦਮਨਕਾਰੀ ਹੋਈ ਹੈ।`
ਸਵਰਾਜਬੀਰ ਨੇ ਇਹ ਵੀ ਲਿਖਿਆ ਹੈ ਕਿ “ਉਨ੍ਹਾਂ ਸਮਿਆਂ ਵਿਚ ਇਹ ਸੋਚ ਵੀ ਉਭਰੀ ਕਿ ਸਨਅਤਾਂ ਵਿਚ ਕੰਮ ਕਰ ਰਹੀ ਮਜਦੂਰ ਜਮਾਤ ਮਨੁਖਤਾ ਨੂੰ ਸਰਮਾਏਦਾਰੀ ਨਿਜਾਮਾਂ ਤੋਂ ਆਜਾਦ ਕਰਵਾ ਲਵੇਗੀ। ਰੂਸ, ਚੀਨ ਤੇ ਹੋਰ ਦੇਸਾਂ ਵਿਚ ਹੋਏ ਇਨਕਲਾਬਾਂ ਨਾਲ ਇਹ ਸੁਪਨਾ ਪੂਰਾ ਹੁੰਦਾ ਵੀ ਦਿਸਿਆ ਪਰ ਸਰਮਾਏ ਦਾ ਸਾਮਰਾਜ ਏਨੀ ਤੇਜੀ ਨਾਲ ਵਧਿਆ ਕਿ ਇਨ੍ਹਾਂ ਦੇਸਾਂ ਵਿਚ ਪੈਦਾ ਹੋਈ ਸਾਂਝੀਵਾਲਤਾ ਅਤੇ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸੁਪਨੇ ਖੇਰੂੰ ਖੇਰੂੰ ਹੋ ਗਏ।”
ਅੱਜ ਮਨੁਖਤਾ ‘ਆਲਮੀ ਕਮਿਊਨਿਸਟ ਲਹਿਰ` ਕੋਲੋ ਇਸ ਸੁਆਲ ਦਾ ਜੁਆਬ ਮੰਗਦੀ ਹੈ ਕਿ ‘ਮਜਦੂਰ ਜਮਾਤ ਮਨੁਖਤਾ ਨੂੰ ਸਰਮਾਏਦਾਰੀ ਨਿਜਾਮਾਂ ਤੋਂ ਆਜਾਦ` ਕਿਉਂ ਨਹੀਂ ਕਰਵਾ ਸਕੀ ਅਤੇ ‘ਰੂਸ, ਚੀਨ ਤੇ ਹੋਰਨਾਂ ਦੇਸਾਂ ਵਿਚ ਹੋਏ ਇਨਕਲਾਬ`, ਮਾਰਕਸ ਦੇ ਕਿਆਸੇ ਸਾਂਝੀਵਾਲਤਾ ਅਤੇ ਸਮਾਜਿਕ ਤੇ ਆਰਥਿਕ ਬਰਾਬਰੀ` ਦੇ ਸੁਪਨੇ ਪੂਰੇ ਕਿਉਂ ਨਹੀਂ ਕਰ ਸਕੇ?
ਕਾਰਲ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਹੀ ਸਾਨੂੰ ਇਹ ਦਸਦੀ ਹੈ ਕਿ ਕਿਸੇ ਵੀ ਵਰਤਾਰੇ ਦੇ ਵਿਕਾਸ ਤੇ ਵਿਨਾਸ਼ ਦੇ ਕਾਰਨ ਉਸ ਦੇ ਅੰਦਰ ਹੀ ਮੌਜੂਦ ਹੁੰਦੇ ਹਨ। ਇਥੇ ਸਿਰਫ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਲੈਨਿਨ ਨੇ 1917 ਤੋਂ ਬਾਅਦ ਰੂਸੀ ਇਨਕਲਾਬ ਨੂੰ ਅਗੇ ਵਧਾਉਂਦਿਆ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਦੇੇ ਬਹੁਤ ਸਾਰੇ ਅਹਿਮ ਪਖਾਂ ਨੂੰ ਅਣਗੌਲਿਆ ਕਰ ਦਿਤਾ। ਉਸ ਨੇ ਮਨੁਖ ਦੇ ਪਦਾਰਥਕ ਵਿਕਾਸ ਉਤੇ ਜੋਰ ਦੇਂਦਿਆ ਉਸ ਦੇ ਸਮਾਜੀ ਅਤੇ ਆਤਮਿਕ ਵਿਕਾਸ ਨੂੰ ਕੋਈ ਅਹਿਮੀਅਤ ਨਾ ਦਿਤੀ। ਸਿਟਾ ਇਹ ਨਿਕਲਿਆ ਕਿ ਸਰਬਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਸਮਾਜਵਾਦੀ (ਕਮਿਊਨਿਸਟ) ਮਨੁਖ ਸਿਰਜਿਆ ਹੀ ਨਾ ਜਾ ਸਕਿਆ। ਲੈਨਿਨ ਦੀ ਘੜੀ ਨਵੀਂ ਆਰਥਿਕ ਨੀਤੀ ਨੇ ਮਨੁਖ ਦੀਆਂ ਸੀਮਤ ਬੁਨਿਆਦੀ ਲੋੜਾਂ ਦੀ ਪੈਦਾਵਾਰ ਉਤੇ ਜੋਰ ਦੇਣ ਦੀ ਥਾਂ ਸਰਮਾਏਦਾਰਾਂ ਵਾਂਗ ਮਨੁਖ ਦੀਆਂ ਖਪਤਕਾਰੀ ਵਸਤੂਆਂ ਦੀ ਪੈਦਾਵਾਰ ਉਤੇ ਜੋਰ ਦਿਤਾ। ਇਹੀ ਕਾਰਨ ਸੀ ਕਿ ਮੁਖ ਜੋਰ ਖੇਤੀਬਾੜੀ ਉਤੇ ਦੇਣ ਦੀ ਬਜਾਇ ਸਾਰਾ ਜੋਰ ਦੇਸ ਦੇ ਸਨਅਤੀਕਰਨ ਉਤੇ ਲਾ ਦਿਤਾ ਗਿਆ ਅਤੇ ਕਿਸਾਨੀ ਨੂੰ ਹਮੇਸ਼ਾਂ ਲਈ ਨੌਕਰਸ਼ਾਹੀ ਦਾ ਗੁਲਾਮ ਬਣਾ ਦਿਤਾ ਗਿਆ।
ਦਰਅਸਲ ਲੈਨਿਨ ਨੇ ਕਮਿਊਨਿਜਮ ਨੂੰ ਨਾਸਤਿਕਤਾ ਨਾਲ ਬੰਨ ਕੇ ਮਾਰਕਸ ਵਲੋਂ ਵਿਕਸਿਤ ਕੀਤੇੇ ਕੁਦਰਤ ਤੇ ਮਨੁਖ ਦੇ ਆਪਸੀ ਬੁਨਿਆਦੀ ਰਿਸ਼ਤੇ ਨੂੰ ਹੀ ਮਨੁਖ ਦੀ ਚੇਤਨਾ ਵਿਚੋਂ ਮਨਫੀ ਕਰ ਦਿਤਾ। ਜਦੋਂ ਕਿ ਮਾਰਕਸ ਦਾ ਕਥਨ ਹੈ, “ਕੁਦਰਤ ਮਨੁਖ ਦਾ ਅਜੀਵ ਸਰੀਰ ਹੀ ਨਹੀਂ ਸਗੋਂ ਮਨੁਖ ਕੁਦਰਤ ਉਤੇ ਜਿਉਂਦਾ ਹੈ। ਕੁਦਰਤ ਉਸ ਦੇ ਸਰੀਰ ਦੇ ਅੰਦਰ ਹੈ। ਆਪਣੇ ਜਿਉਂਦੇ ਰਹਿਣ ਲਈ ਮਨੁਖ ਲਗਾਤਾਰ ਕੁਦਰਤ ਉਤੇ ਨਿਰਭਰ ਰਹਿੰਦਾ ਹੈ। ਮਨੁਖ ਦੀ ਸਰੀਰਕ ਤੇ ਆਤਮਿਕ ਜ਼ਿੰਦਗੀ ਦਾ ਕੁਦਰਤ ਨਾਲ ਸਿਧਾ ਰਿਸ਼ਤਾ ਹੈ, ਦਾ ਭਾਵਅਰਥ ਵੀ ਇਹੀ ਹੈ ਕਿ ਕੁਦਰਤ ਦਾ ਖੁਦ ਨਾਲ ਰਿਸ਼ਤਾ ਹੈ। ਕਿਉਂਕਿ ਮਨੁਖ ਵੀ ਕੁਦਰਤ ਦਾ ਹੀ ਇਕ ਅਟੁਟ ਅੰਗ ਹੈ।”
ਲੈਨਿਨ ਅਨੁਸਾਰ, “ਕਮਿਊਨਿਸਟਾਂ ਦੇ ਸਮੁਚੇ ਸੰਸਾਰ ਦ੍ਰਿਸ਼ਟੀਕੋਣ ਦਾ ਆਧਾਰ ਵਿਗਿਆਨਕ ਸਮਾਜਵਾਦ ਭਾਵ ਮਾਰਕਸਵਾਦ ਹੈ। ਮਾਰਕਸਵਾਦ ਦਾ ਫਲਸਫਈ ਆਧਾਰ, ਜਿਵੇਂ ਕਿ ਮਾਰਕਸ ਅਤੇ ਏਂਗਲਜ ਨੇ ਵਾਰ ਵਾਰ ਐਲਾਨ ਕੀਤਾ ਹੈ, ਦਵੰਦਵਾਦੀ ਭੌਤਿਕਵਾਦ ਹੈ, ਜੋ ਕਤਈ ਤੌਰ ਉਤੇ ਨਾਸਤਿਕਵਾਦੀ ਤੇ ਸਮੁਚੇ ਧਰਮ ਦਾ ਕਟੜ ਵਿਰੋਧੀ ਹੈ।”… “ਧਰਮ ਲੋਕਾਂ ਲਈ ਅਫੀਮ ਹੈ, ਮਾਰਕਸ ਦਾ ਇਹ ਕਥਨ ਧਰਮ ਸੰਬੰਧੀ ਸਮੁਚੇ ਮਾਰਕਸਵਾਦੀ ਨਜ਼ਰੀਏ ਦਾ ਨੀਂਹ ਪਥਰ ਹੈ।”… “ਮਾਰਕਸਵਾਦ ਭੌਤਿਕਵਾਦ ਹੈ, ਇਸ ਲਈ ਇਹ ਧਰਮ ਦਾ ਓਡਾ ਹੀ ਬੇਕਿਰਕ ਦੁਸ਼ਮਣ ਹੈ, ਜਿਡਾ ਅਠਾਰਵੀਂ ਸਦੀ ਦੇ ਬੁਧੀਜੀਵੀਆਂ ਜਾਂ ਫਿਊਰਬਾਖ ਦਾ ਭੌਤਿਕਵਾਦ ਸੀ। ਇਹ ਸ਼ੰਕਾ ਰਹਿਤ ਹੈ। ਸਗੋਂ ਮਾਰਕਸ ਤੇ ਏਂਗਲਜ ਦਾ ਵਿਰੋਧਵਿਕਾਸੀ ਭੌਤਿਕਵਾਦ ਬੁਧੀਜੀਵੀਆਂ ਤੇ ਫਿਊਰਬਾਖ ਦੇ ਭੌਤਿਕਵਾਦ ਤੋਂ ਵੀ ਅਗਾਂਹ ਜਾਂਦਾ ਹੈ। ਕਿਉਂਕਿ ਇਹ ਭੌਤਿਕਵਾਦੀ ਫਿਲਾਸਫੀ ਨੂੰ ਇਤਿਹਾਸ ਦੇ ਖੇਤਰ ਵਿਚ ਤੇ ਸਮਾਜੀ ਵਿਗਿਆਨਾਂ ਦੇ ਖੇਤਰ ਵਿਚ ਲਾਗੂ ਕਰਦਾ ਹੈ। ਸਾਨੂੰ ਧਰਮ ਵਿਰੁਧ ਲੜਨਾ ਚਾਹੀਦਾ ਹੈ, ਇਹ ਸਾਰੇ ਭੌਤਿਕਵਾਦ ਦਾ ਤੇ ਇਸਦੇ ਸਿਟੇ ਵਜੋਂ ਮਾਰਕਸਵਾਦ ਦਾ ੳ ਅ ਹੈ। ਪਰ ਮਾਰਕਸਵਾਦ ਇਕ ਅਜਿਹਾ ਭੌਤਿਕਵਾਦ ਨਹੀਂ, ਜਿਹੜਾ ੳ ਅ ਉਤੇ ਠਹਿਰ ਜਾਂਦਾ ਹੈ ਸਗੋਂ ਮਾਰਕਸਵਾਦ ਇਸ ਤੋਂ ਵੀ ਅਗਾਂਹ ਜਾਂਦਾ ਹੈ।”
ਕਾਰਲ ਮਾਰਕਸ ਧਰਮ ਨੂੰ ਲੋਕਾਂ ਦੀ ਅਫੀਮ (ਸਰਮਾਏਦਾਰੀ ਪ੍ਰਬੰਧ ਤੋਂ ਪੀੜਤ ਮਨੁਖ ਵਲੋਂ ਆਪਣੀ ਪੀੜ ਘਟਾਉਣ ਲਈ ਵਰਤੀ ਜਾਂਦੀ ਇਕ ਦਵਾਈ) ਮੰਨਦਾ ਹੈ, ਜਦੋਂਕਿ ਲੈਨਿਨ ਧਰਮ ਨੂੰ ਲੋਕਾਂ ਲਈ ਅਫੀਮ (ਪੀੜਤ ਮਨੁਖ ਦੀ ਚੇਤਨਾ ਨੂੰ ਸਿਥਲ ਕਰਨ ਲਈ ਇਕ ਨਸ਼ਾ) ਮੰਨਦਾ ਹੈ। ਮਾਰਕਸ ਇਕ ਕਮਿਊਨਿਸਟ ਸਿਧਾਂਤਕਾਰ ਦੇ ਤੌਰ ਉਤੇ ਨਾਸਤਿਕਤਾ ਦਾ ਵਿਰੋਧ ਕਰਦਾ ਹੈ ਜਦੋਂ ਕਿ ਲੈਨਿਨ ਨਾਸਤਿਕਤਾ ਨੂੰ ਆਪਣੇ ਭੌਤਿਕਵਾਦ ਦਾ ਮੂਲ ਆਧਾਰ ਬਣਾ ਧਰਦਾ ਹੈ।
ਕਾਰਲ ਮਾਰਕਸ ਅਨੁਸਾਰ, “ਕਮਿਊਨਿਜ਼ਮ ਦੀ ਸ਼ੁਰੂਆਤ (ਓਵਨ ਤੋਂ) ਨਾਸਤਿਕਤਾ ਨਾਲ ਹੁੰਦੀ ਹੈ ਪਰ ਨਾਸਤਿਕਤਾ ਪਹਿਲੀ ਨਜ਼ਰੇ ਹੀ ਕਮਿਊਨਿਜ਼ਮ ਤੋਂ ਦੂਰ ਹੈ।”… “ਮਨੁਖ ਤੇ ਕੁਦਰਤ ਦੇ ਕਲਪਿਤ ਰਿਸ਼ਤੇ ਦੀ ਹੋਂਦ ਤੋਂ ਇਨਕਾਰੀ ਹੋਣ ਵਜੋਂ ਨਾਸਤਿਕਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਨਾਸਤਿਕਤਾ ਰਬ ਤੋਂ ਇਨਕਾਰੀ ਹੋਣਾ ਹੈ ਅਤੇ ਇਹ ਮਨੁਖੀ ਹੋਂਦ ਦੀ ਧਾਰਨਾ ਰਬ ਤੋਂ ਇਨਕਾਰੀ ਹੋਣ ਵਜੋਂ ਬਣਾਉਣਾ ਹੈ। ਪਰ ਸਮਾਜਵਾਦ ਨੂੰ ਸਮਾਜਵਾਦ ਦੇ ਤੌਰ ਉਤੇ ਹੁਣ ਅਜਿਹੀ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ। ਇਹ ਮਨੁਖ ਦੀ ਸਿਧਾਂਤਕ ਅਤੇ ਅਮਲੀ (ਇੰਦ੍ਰਿਆਵੀ) ਅਨੁਭਵੀ ਚੇਤਨਾ ਅਤੇ ਕੁਦਰਤ ਦੀ ਇਸਦੇ ਤਤ ਵਜੋਂ ਹੋਂਦ ਤੋਂ ਆਰੰਭ ਕਰਦਾ ਹੈ।”
ਮਾਰਕਸ ਨਾਸਤਿਕਤਾ ਨੂੰ ਕਮਿਊਨਿਜ਼ਮ ਤੋਂ ਦੂਰ ਦਸਦਾ ਹੈ। ਉਸ ਨੇ ਆਪਣੀਆ ਲਿਖਤਾਂ ਵਿਚ ਅਨੇਕ ਵਾਰ ਦੁਹਰਾਇਆ ਹੈ ਕਿ ‘ਧਾਰਮਿਕਤਾ ਦਾ ਭੇਦ ਇਨਸਾਨੀਅਤ ਦਾ ਜਜ਼ਬਾ ਭਾਵ ਪਰਉਪਕਾਰ ਦੀ ਭਾਵਨਾ ਹੈ।` ਮਾਰਕਸ ਦੀ ਸਮਝ ਅਨੁਸਾਰ ਧਰਮ ਓਨਾ ਚਿਰ ਖਤਮ ਨਹੀਂ ਹੋ ਸਕਦਾ, ਜਿੰਨਾ ਚਿਰ ਮਨੁਖ ਆਪਣੀ ਚੇਤਨਾ ਅੰਦਰ ਕੁਦਰਤ ਤੇ ਆਪਣੇ ਨਾਲਦਿਆਂ ਮਨੁਖਾਂ ਨਾਲ ਆਪਣੇ ਅਟੁਟ ਅਨੁਭਵੀ ਰਿਸ਼ਤੇ ਬਾਰੇ ਸਪਸ਼ਟ ਨਹੀਂ ਹੋ ਜਾਂਦਾ। ਜਦੋਂ ਕਿ ਲੈਨਿਨ ਐਨ ਮੁਢ ਤੋਂ ਹੀ ਕੁਦਰਤ ਤੇ ਮਨੁਖ ਦੇ ਰਿਸ਼ਤੇ ਨੂੰ ਆਪਣੀ ਸੋਚ ਵਿਚ ਸਪਸ਼ਟ ਕੀਤਿਆਂ ਬਗੈਰ ਬਲਕਿ ਇਸ ਰਿਸ਼ਤੇ ਨੂੰ ਉਲਝਾ ਕੇ ਧਰਮ ਦਾ ਖਾਤਮਾ ਕਰਨਾ ਲੋਚਦਾ ਹੈ।
ਆਲਮੀ ਕਮਿਊਨਿਸਟ ਲਹਿਰ ਦਾ ਆਗੂ ਹੋਣ ਕਰ ਕੇ ਲੈਨਿਨ ਨੇ ਸਮੁਚੀ ਆਲਮੀ ਕਮਿਊਨਿਸਟ ਲਹਿਰ ਨੂੰ ਹੀ ਧਰਮਾਂ ਬਾਰੇ ਮਾਰਕਸੀ ਸਮਝ ਤੋਂ ਪਰਾਂ ਗਲਤ ਦਿਸ਼ਾ ਵਲ ਤਿਲਕਾ ਦਿਤਾ। ਕੁਦਰਤ ਤੇ ਮਨੁਖ ਦਾ ਆਪਸੀ ਅਨੁਭਵੀ ਰਿਸ਼ਤਾ ਸਪਸ਼ਟ ਕੀਤੇ ਬਗੈਰ ਜਦੋਂ ਧਰਮ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਮਨੁਖ ਦਾ ਆਤਮਿਕ ਵਿਕਾਸ, ਜਿਸ ਦਾ ਮੂਲ ਆਧਾਰ ਮਨੁਖ ਤੇ ਕੁਦਰਤ ਦੇ ਆਪਸੀ ਰਿਸ਼ਤੇ ਦਾ ਇੰਦ੍ਰਿਆਵੀ ਅਨੁਭਵ ਹੈ, ਉਹ ਅਣਗੌਲਿਆ ਹੋ ਜਾਂਦਾ ਹੈ। ਇਹੀ ਕੁਝ ਆਲਮੀ ਕਮਿਊਨਿਸਟ ਲਹਿਰ ਨਾਲ ਵਾਪਰਿਆ ਹੈ।
ਰੂਹਾਨੀਅਤ ਹੋਰ ਕੁਝ ਨਹੀਂ ਸਗੋਂ ਮਨੁਖ ਦਾ ਕੁਦਰਤ ਦੀ ਅਨੰਤਤਾ, ਬੇਅੰਤਤਾ, ਵੰਨਸੁਵੰਨਤਾ ਅਤੇ ਆਪਣੀਆਂ ਸੀਮਤ ਲੋੜਾਂ ਬਾਰੇ ਹੋਇਆ ਸੁਚੇਤ ਜਜ਼ਬਾਤੀ ਅਨੁਭਵ ਹੈ। ਇਹ ਅਨੁਭਵ ਹੀ ਮਨੁਖ ਦੇ ਮਨ ਅੰਦਰ ਆਪਣੇ ਨਾਲਦਿਆਂ ਮਨੁਖਾਂ ਬਾਰੇ ਸਮਾਜੀ ਰਿਸ਼ਤੇ ਦਾ ਅਹਿਸਾਸ ਪੈਦਾ ਕਰਦਾ ਹੈ ਅਤੇ ਮਨੁਖ ਦੇ ਮਨ ਵਿਚ ਸਰਬਤ ਦੇ ਭਲੇ ਦੀ ਚੇਤਨਾ ਪੈਦਾ ਹੁੰਦੀ ਹੈ।
ਸਟਾਲਿਨ ਦੀ ਇਕ ਅਹਿਮ ਲਿਖਤ, ‘ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਅਰਥਚਾਰੇ ਦੀਆਂ ਸਮਸਿਆਵਾਂ` ਦੀ ਪੜਚੋਲ ਕਰਦਿਆਂ ਮਾਓ-ਜੇ-ਤੁੰਗ ਨੇ ਲਿਖਿਆ ਹੈ, “ਇਸ ਲਿਖਤ ਦਾ ਮੂਲ ਪਾਠ ਹਰ ਕਦਮ ਉਤੇ ਨਿਜੀ ਪਦਾਰਥਕ ਹਿਤਾਂ ਦੀ ਗੱਲ ਕਰਦਾ ਹੈ, ਜਿਵੇਂ ਕਿ ਲੋਕਾਂ ਨੂੰ ਖੁਸ਼ਹਾਲ ਭਵਿਖ ਦੇ ਝਾਂਸੇ ਵਿਚ ਲਿਆਉਣ ਲਈ ਇਹੀ ਇਕ ਦਿਲ ਟੁੰਬਵਾਂ ਸਾਧਨ ਹੋਵੇ। ਇਹ ਚੋਖੀ ਗਿਣਤੀ ਦੇ ਰੂਸੀ ਕਿਰਤੀਆਂ ਤੇ ਆਗੂ ਸ਼ਖਸੀਅਤਾਂ ਦੀ ਆਤਮਿਕ ਹਾਲਤ ਦਾ ਪ੍ਰਗਟਾਵਾ ਅਤੇ ਰਾਜਸੀ ਵਿਚਾਰਧਾਰਕ ਕੰਮ ਉਤੇ ਜ਼ੋਰ ਦੇਣ ਵਿਚ ਰਹੀ ਅਸਫਲਤਾ ਹੈ। ਇਨ੍ਹਾਂ ਹਾਲਤਾਂ ਵਿਚ ਪਦਾਰਥਕ ਪ੍ਰੇਰਕਾਂ ਉਤੇ ਭਰੋਸਾ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। …ਹਰ ਇਕ ਤੋਂ ਉਸ ਦੀ ਯੋਗਤਾ ਅਨੁਸਾਰ, ਹਰ ਇਕ ਨੂੰ ਉਸ ਦੀ ਕਿਰਤ ਅਨੁਸਾਰ ਨਾਅਰੇ ਦੇ ਪਹਿਲੇ ਪਖ ਦਾ ਅਰਥ ਹੈ ਪੈਦਾਵਾਰ ਨੂੰ ਵਧਾਉਣ ਲਈ ਵਧ ਤੋਂ ਵਧ ਕੋਸ਼ਿਸ਼ਾਂ ਕਰਨੀਆਂ ਪਰ ਨਾਅਰੇ ਦੇ ਦੋਵੇਂ ਪਖਾਂ ਨੂੰ ਵਖ ਕਿਉਂ ਕੀਤਾ ਜਾਵੇ ਅਤੇ ਹਮੇਸ਼ਾ ਇਕ ਪਾਸੜ ਤੌਰ ਉਤੇ ਪਦਾਰਥਕ ਪ੍ਰੇਰਨਾਵਾਂ ਬਾਰੇ ਹੀ ਕਿਉਂ ਕਿਹਾ ਜਾਵੇ? ਇਸ ਕਿਸਮ ਦਾ ਪ੍ਰਚਾਰ ਸਰਮਾਏਦਾਰੀ ਨੂੰ ਅਜਿਤ ਬਣਾ ਦੇਵੇਗਾ।”
ਅਤੇ ਹਕੀਕਤ ਵਿਚ ਇਹੀ ਕੁਝ ਵਾਪਰਿਆ ਹੈ। ਪਦਾਰਥਕ ਸਹੂਲਤਾਂ ਦੇਣ ਦੇ ਮਸਲੇ ਵਿਚ ਸਮਾਜਵਾਦੀ ਮੁਲਕ ਸਰਮਾਏਦਾਰ ਮੁਲਕਾਂ ਦਾ ਮੁਕਾਬਲਾ ਕਰਨ ਵਿਚ ਨਾਕਾਮ ਰਹੇ ਅਤੇ ਇਉਂ ਸਮਾਜੀ ਤੇ ਆਤਮਿਕ ਵਿਕਾਸ ਦੀ ਅਣਹੋਂਦ ਕਾਰਨ ਸਮਾਜਵਾਦੀ ਸਮਾਜਾਂ ਦੇ ਬਹੁਗਿਣਤੀ ਲੋਕ ਪਦਾਰਥਕ ਸਹੂਲਤਾਂ ਦੇ ਲੋਭ ਅਧੀਨ ਬਿਨਾਂ ਕਿਸੇ ਹੀਲਹੁਜਤ ਸਰਮਾਏਦਾਰੀ ਰਾਹ ਉਤੇ ਚਲ ਪਏ। ਬੇਸ਼ਕ ਇਸੇ ਸਟਾਲਿਨਵਾਦ ਦੀ ਲਾਗ ਚੀਨੀ ਕਮਿਊਨਿਸਟ ਪਾਰਟੀ ਨੂੰ ਵੀ ਚਿੰਬੜੀ ਰਹੀ। ਮਾਓ-ਜੇ-ਤੁੰਗ ਨੇ ‘ਮਹਾਨ ਕਿਰਤੀ ਸਭਿਆਚਾਰਕ ਇਨਕਲਾਬ` ਰਾਹੀਂ ਇਸ ਮਰਜ਼ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਬੜੀ ਦੇਰ ਹੋ ਚੁਕੀ ਸੀ। ਇਸੇ ਕਾਰਨ ਕਮਿਊਨਿਸਟ ਲਹਿਰ ਮਾਰਕਸ-ਏਂਗਲਜ਼ ਦੇ ਕਿਆਸੇ, ਕੁਦਰਤ ਨਾਲ ਇਕਸੁਰ ਮਨੁਖ ਪਖੀ ਵਿਕਾਸ ਦਾ ਮਾਡਲ ਨਾ ਸਿਰਜ ਸਕੀ, ਜਿਸ ਦਾ ਖਮਿਆਜਾ ਅੱਜ ਸਮੁਚੀ ਮਨੁਖਤਾ ਨੂੰ ਭੁਗਤਣਾ ਪੈ ਰਿਹਾ ਹੈ।
ਦਰਅਸਲ ਸਾਮਰਾਜੀ ਤਰਜ ਦੀ ਬੇਲੋੜੀ ਖਪਤਕਾਰੀ ਦਾ ਸ਼ਿਕਾਰ ਹੋਈ ਸੋਵੀਅਤ ਯੂਨੀਅਨ ਦੀ ਨੌਕਰਸ਼ਾਹੀ ਆਤਮਿਕ ਕੰਗਾਲੀ ਦਾ ਸ਼ਿਕਾਰ ਹੋ ਕੇ ਆਪਣੇ ਲੋਕਾਂ ਤੋਂ ਟੁਟਦੀ ਗਈ। ਉਸ ਦੇ ਮਨ ਵਿਚ ਪਛਮੀ ਪੂੰਜੀਵਾਦ ਦਾ ਪ੍ਰਭਾਵ ਵਧਦਾ ਗਿਆ। ਜਦੋਂ ਗੋਰਬਾਚੋਵ ਰਾਜਸਤਾ ਵਿਚ ਆਇਆ ਉਦੋਂ ਸੋਵੀਅਤ ਯੂਨੀਅਨ ਦਾ ਅਰਥਚਾਰਾ ਭਾਰੀ ਖੜੋਤ ਦਾ ਸ਼ਿਕਾਰ ਸੀ ਅਤੇ ਲੋਕ ਆਤਮਿਕ ਕੰਗਾਲੀ ਦੀ ਦਲਦਲ ਵਿਚ ਧਸੇ ਹੋਏ ਘੋਰ ਨਿਰਾਸ਼ਾ ਵਿਚ ਜੀਅ ਰਹੇ ਸਨ। ਇਸ ਹਾਲਤ ਵਿਚ ਗੋਰਬਾਚੋਵ ਪਛਮੀ ਉਦਾਰਵਾਦ ਤੇ ਪੈਦਾਵਾਰ ਵਿਚ ਹੋਈ ਤਕਨੀਕੀ ਚਕਾਚੌਂਧ ਦਾ ਪੈਰੋਕਾਰ ਬਣ ਗਿਆ। ਪੂਤਿਨ ਨੇ ਗੋਰਬਾਚੋਵ ਦੀਆਂ ਗਲਤੀਆਂ ਤੋਂ ਸਬਕ ਸਿਖ ਕੇ ਰੂਸ ਨੂੰ ਫਿਰ ਤੋਂ ਆਪਣੇ ਪੈਰਾਂ ਸਿਰ ਖੜਾ ਕੀਤਾ। ਰੂਸੀ ਨੌਕਰਸ਼ਾਹੀ ਤੇ ਲੋਕਾਂ ਦੀ ਆਤਮਿਕ ਕੰਗਾਲੀ ਨਾਲ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਪੂਤਿਨ ਨੇ ਸਨਾਤਨੀ ਇਸਾਈਅਤ ਦਾ ਖੂਬ ਪ੍ਰਚਾਰ ਕਰਵਾਇਆ ਪਰ ਪਛਮੀ ਸਾਮਰਾਜੀ ਅਰਥਚਾਰੇ ਦਾ ਮੁਕਾਬਲਾ ਕਰਨ ਲਈ ਉਸ ਨੇ ਸਰਕਾਰੀ ਸਹਾਇਤਾ ਨਾਲ ਰੂਸੀ ਸਰਮਾਏ ਨੂੰ ਸਾਮਰਾਜੀ ਤਰਜ ਉਤੇ ਕੇਂਦਰਿਤ ਹੋਣ ਦਿਤਾ। ਤੇਲ ਤੇ ਗੈਸ ਦੇ ਮੁਨਾਫਿਆਂ ਨਾਲ ਮਿਲੇ ਬੇਹਿਸਾਬੇ ਪੈਸੇ ਨੂੰ ਉਸ ਨੇ ਰੂਸ ਦੀ ਫੌਜੀ ਸ਼ਕਤੀ ਨੂੰ ਦੁਬਾਰਾ ਕਾਇਮ ਕਰਨ ਲਈ ਵਰਤਿਆ। ਜਿਸ ਸਦਕਾ ਅੱਜ ਉਹ ਚੀਨ ਨਾਲ ਮਿਲ ਕੇ ਯੂਕਰੇਨ ਵਿਚ ਪੂਰੇ ਪਛਮ ਨਾਲ ਲੜ ਰਿਹਾ ਹੈ।
ਬੇਸ਼ਕ ਯੂਕਰੇਨ ਤੇ ਰੂਸ ਵਿਚ ਕੌਮੀ ਜਜ਼ਬੇ ਅਧੀਨ ਲੜੀ ਜਾ ਰਹੀ ਜੰਗ ਨੇ ਇਕ ਗਲ ਸਪਸ਼ਟ ਕਰ ਦਿਤੀ ਹੈ ਕਿ ਕੌਮਵਾਦ ਦਾ ਸੰਕਲਪ ਮਨੁਖ ਜਾਤੀ ਲਈ ਤਬਾਹੀ ਤੇ ਸੰਤਾਪ ਦਾ ਕਾਰਨ ਬਣਿਆ ਹੋਇਆ ਹੈ। ਯੂਰਪ ਅੰਦਰ ਸਰਮਾਏਦਾਰੀ ਨੇੇ ਹੀ ਕੌਮੀ ਰਾਜ ਦੇ ਸੰਕਲਪ ਨੂੰ ਫੈਲਾਇਆ ਤੇ ਹੋਰ ਮਜਬੂਤ ਕੀਤਾ ਹੈ। ਅਸਲ ਵਿਚ ਕੌਮੀ ਰਾਜ ਦਾ ਸੰਕਲਪ ਮਨੁਖ ਜਾਤੀ ਨੂੰ ਜੋੜਨ ਦੀ ਬਜਾਏ ਤੋੜਨ ਦਾ ਸਬਬ ਬਣਿਆ ਹੋਇਆ ਹੈ। ਰੂਸ ਅੰਦਰ ਆਏ ਕਮਿਊਨਿਸਟ ਇਨਕਲਾਬ ਨੇ ਅਡ ਅਡ ਕੌਮਾਂ ਨੂੰ ਸਰਬਵਿਆਪੀ ਕੁਦਰਤੀ ਫਿਲਾਸਫੀ ਦੇ ਆਧਾਰ ਉਤੇ ਜੋੜਨ ਦੀ ਬਜਾਏ ਕੌਮੀ ਰਾਜਾਂ ਦੇ ਸੰਕਲਪ ਨੂੰ ਨੇਮਬਧ ਕਰਕੇ ਲੋਕਾਂ ਨੂੰ ਕੌਮਾਂ ਦੇ ਘੇਰੇ ਵਿਚ ਵੰਡ ਦਿਤਾ। ਜਿਸ ਦਾ ਖਮਿਆਜ਼ਾ ਹੁਣ ਰੂਸ ਤੇ ਯੂਕਰੇਨ ਦੀ ਜੰਗ ਵਿਚ ਦੋਵੇਂ ਸਭਿਆਚਾਰਾਂ ਦੇ ਲੋਕ ਭੁਗਤ ਰਹੇ ਹਨ। ਪੂਤਿਨ ਦਾ ਇਹ ਕਹਿਣਾ ਕੁਝ ਹਦ ਤਕ ਠੀਕ ਹੈ ਕਿ ਅਸੀਂ ਲੈਨਿਨ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ।