ਫਿਲਮਸਾਜ਼ ਗੁਰਿੰਦਰ ਚੱਢਾ ਹੁਣ ‘ਰਾਜਕੁਮਾਰੀ’ ਬਣੇਗੀ

ਫਿਲਮ ‘ਬੈਂਡ ਇੱਟ ਲਾਈਕ ਬੈਕਹੈਮ` ਦੀ ਨਿਰਮਾਤਾ ਗੁਰਿੰਦਰ ਚੱਢਾ ‘ਡਿਜ਼ਨੀ` ਲਈ ਭਾਰਤੀ ਰਾਜਕੁਮਾਰੀ ਬਾਰੇ ਬਣਨ ਵਾਲੀ ਫਿਲਮ ਦਾ ਨਿਰਦੇਸ਼ਨ ਕਰੇਗੀ। ਐਂਟਰਟੇਨਮੈਂਟ ਨਿਊਜ਼ ਆਊਟਲੈੱਟ ‘ਡੈਡਲਾਈਨ` ਅਨੁਸਾਰ ਫਿਲਮ ਨਿਰਮਾਤਾ ਗੁਰਿੰਦਰ ਚੱਢਾ, ਪਾਲ ਮਾਇਦਾ ਨਾਲ ਰਲ ਕੇ ਇਸ ਫਿਲਮ ਦੀ ਕਹਾਣੀ ਵੀ ਲਿਖੇਗੀ।

ਸਾਲ 2017 ਵਿਚ ਚੱਢਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਵਾਇਸਰਾਏ`ਜ਼ ਹਾਊਸ` ਵਿਚ ਪਾਲ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ। ਫਿਲਮ ‘ਭਾਅਜੀ ਔਨ ਬੀਚ` ਅਤੇ ‘ਬਰਾਈਡ ਐਂਡ ਪਰੈਜੂਡਿਸ` ਲਈ ਜਾਣੀ ਜਾਂਦੀ ਫਿਲਮ ਨਿਰਮਾਤਾ ਇਸ ਫਿਲਮ ਨੂੰ ‘ਲਿੰਡੀ ਗੋਲਡਸਟੀਨ` ਪ੍ਰੋਡਕਸ਼ਨ ਬੈਨਰ ਨਾਲ ਰਲ ਕੇ ਪ੍ਰੋਡਿਊਸ ਕਰੇਗੀ। ਇਹ ਪ੍ਰਾਜੈਕਟ ‘ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰ ਪ੍ਰੋਡਕਸ਼ਨ` ਦੇ ਪ੍ਰਧਾਨ ਸੀਨ ਬੇਲੀ ਦੀ ਨਿਗਰਾਨੀ ਹੇਠ ਤਿਆਰ ਹੋਵੇਗਾ।
ਯਾਦ ਰਹੇ ਕਿ ਗੁਰਿੰਦਰ ਚੱਢਾ ਦੀ ਸਭ ਤੋਂ ਵੱਧ ਚਰਚਾ ਫਿਲਮ ‘ਬੈਂਡ ਇੱਟ ਲਾਈਕ ਬੈਕਹੈਮ’ ਨਾਲ ਹੋਈ ਸੀ। ਇਸ ਫਿਲਮ ਤੋਂ ਬਾਅਦ ਗੁਰਿੰਦਰ ਚੱਢਾ ਦਾ ਨਾਂ ਸੰਸਾਰ ਦੇ ਸਿਰਕੱਢ ਫਿਲਮਸਾਜ਼ਾਂ ਵਿਚ ਹੋਣ ਲੱਗ ਪਿਆ ਸੀ। ਇਹ ਫਿਲਮ ਭਾਰਤੀ ਮੂਲ ਦੀ ਇਕ ਕੁੜੀ ਦੀ ਕਹਾਣੀ ਹੈ ਜੋ ਘਰੇ ਵੀ ਵਿਤਕਰੇ ਦੀ ਸ਼ਿਕਾਰ ਅਤੇ ਬਾਹਰ ਵੀ ਉਸ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।