ਨਾਵਲ ‘ਸਿੰਘਾਸਣ` ਨੂੰ ਡੀ-ਕੋਡ ਕਰਦਿਆਂ…

ਸੁਰਿੰਦਰ ਸੋਹਲ
ਕੋਈ 12-13 ਸਾਲ ਪਹਿਲਾਂ ਜਦੋਂ ‘ਸਿੰਘਾਸਣ` ਨਾਵਲ ਦੀ ਰੂਪ-ਰੇਖਾ ਮੇਰੇ ਮਨ ਅੰਦਰ ਬਣਨ ਲੱਗੀ ਤਾਂ ਮੈਨੂੰ ਇਹ ਉਮੀਦ ਹੀ ਨਹੀਂ ਸੀ ਕਿ ਕਦੇ ਇਸ ਨਾਵਲ ਨੂੰ ਡੀ-ਕੋਡ ਕਰਨ ਵਾਸਤੇ ਵੀ ਮੈਨੂੰ ਲਿਖਣਾ ਪਵੇਗਾ। ਨਾਵਲ ਲਿਖਣ ਨੂੰ 10 ਤੋਂ ਵੱਧ ਸਾਲ ਲੱਗੇ। ਇਸ ਦਾ ਪਹਿਲਾ ਵਰਸ਼ਨ 50 ਕੁ ਸਫ਼ਿਆਂ ਦਾ ਸੀ ਤੇ ਇਸ ਦੀ ਕਹਾਣੀ ਇਕਹਿਰੀ ਸੀ। ਜਿਵੇਂ-ਜਿਵੇਂ ਇਸ ਨੂੰ ਦੁਬਾਰੇ ਤੋਂ ਦੁਬਾਰੇ ਲਿਖਿਆ ਗਿਆ ਤਾਂ ਇਸ ਅੰਦਰ ਹਵਾਲੇ ਚਿੰਨ੍ਹਾਂ, ਪ੍ਰਤੀਕਾਂ, ਇਸ਼ਾਰਿਆਂ ਦੇ ਰੂਪ ਵਿਚ ਸਮਾਉਂਦੇ ਗਏ। ਇਸ ਨਾਵਲ ਦਾ ਇਕ-ਇਕ ਕਾਂਡ 10-10, 12-12 ਵਾਰ ਲਿਖਿਆ ਸੋਧਿਆ ਗਿਆ। ਇਕ-ਇਕ ਵਾਕ ਨੂੰ ਏਨੀ ਬਾਰੀਕੀ ਨਾਲ਼ ਕਾਂਟਿਆ-ਛਾਂਟਿਆ ਗਿਆ ਕਿ ਇਕ ਪੈਰ੍ਹਾ ਜਾਂ ਵਾਕ ਤਾਂ ਕੀ ਲਫ਼ਜ਼ ਵੀ ਫ਼ਾਲਤੂ ਨਾ ਰਹਿ ਜਾਵੇ।

ਇਸ ਨਾਵਲ ਦਾ ਖਰੜਾ ਪ੍ਰੋ. ਨਿਰੰਜਨ ਸਿੰਘ ਢੇਸੀ (ਮਰਹੂਮ), ਰਵਿੰਦਰ ਸਹਿਰਾਅ (ਪੈਨਸਲਵੇਨੀਆ), ਬਲਜੀਤ ਸਿੰਘ (ਨਿਊਯਾਰਕ), ਕੁਲਦੀਪ ਸਿੰਘ ਢਿੱਲੋਂ (ਨਿਊਯਾਰਕ), ਤਨਦੀਪ ਤਮੰਨਾ (ਕੈਨੇਡਾ), ਉਂਕਾਰਪ੍ਰੀਤ (ਕੈਨੇਡਾ), ਕਮਲ ਦੁਸਾਂਝ (ਭਾਰਤ), ਸੁਰਜੀਤ ਸਾਜਨ (ਭਾਰਤ), ਵਿਪਨ ਗਿੱਲ (ਭਾਰਤ), ਸੁਖਜੀਤ ਚਾਹਲ (ਭਾਰਤ), ਸੁਖਵਿੰਦਰ ਖੱਟੜਾ (ਭਾਰਤ), ਇੰਦਰਜੀਤ ਸਿੰਘ ਉਮਰਾਪੁਰੀ (ਨਿਊਜਰਸੀ), ਅਮਰੀਕ ਸਿੰਘ (ਨਿਊਜਰਸੀ), ਰਾਜਿੰਦਰ ਬਿਮਲ (ਭਾਰਤ) ਅਤੇ ਪਤਨੀ ਅਮਨ ਸੋਹਲ ਨੇ ਪੜ੍ਹਿਆ ਤੇ ਬਹੁਤ ਹੀ ਅਣਮੁੱਲੇ ਤੇ ਉਸਾਰੂ ਸੁਝਾਅ ਦਿੱਤੇ।
‘ਸਿੰਘਾਸਣ` ਪਹਿਲੀ ਵਾਰ 2019 `ਚ ਛਪਿਆ ਤੇ ਫਿਰ 2022 ਵਿਚ। ਜਾਵੇਦ ਬੂਟੇ ਹੋਰਾਂ ਇਸ ਦਾ ਸ਼ਾਹਮੁਖੀ ਲਿੱਪੀਅੰਤਰ ਕੀਤਾ, ਜੋ ਇਨ੍ਹੀਂ ਦਿਨੀਂ ਲਾਹੌਰ ਵਿਚ ਛਪਿਆ ਹੈ। ਇਸ ਨਾਵਲ ਬਾਰੇ ਇਕ ਖ਼ੁਸ਼ਖ਼ਬਰੀ ਹੋਰ ਵੀ ਹੈ ਜੋ ਮੌਕਾ ਆਉਣ `ਤੇ ਸਾਂਝੀ ਕੀਤੀ ਜਾਵੇਗੀ।
ਕੈਨੇਡਾ ਵਸਦੀ ਪੰਜਾਬੀ ਦੀ ਸਬੁੱਧ ਕਵਿੱਤਰੀ ਤਨਦੀਪ ਤਮੰਨਾ ਨੇ ‘ਸਿੰਘਾਸਣ` ਬਾਰੇ ਬਹੁਤ ਗਹਿਰਾਈ `ਚ ਜਾ ਕੇ ਲੇਖ ਲਿਖਿਆ ਸੀ। ਸੁਰਜੀਤ ਸਾਜਨ ਨੇ ਵੀ ਇਸ ਨਾਵਲ ਦੀਆਂ ਪਰਤਾਂ ਖੋਲ੍ਹਦਾ ਲੇਖ ਲਿਖਿਆ। ਰੂਪ ਦਬੁਰਜੀ ਨੇ ਇਸ ਨਾਵਲ ਬਾਰੇ ਖ਼ੂਬ ਚਰਚਾ ਕੀਤੀ।
ਮੈਂ ਸ਼ਾਇਦ ਇਸ ਨਾਵਲ ਬਾਰੇ ਨਾ ਹੀ ਲਿਖਦਾ। ਜਦੋਂ ਪੰਜਾਬੀ ਦੇ ਅਗਾਂਹਵਧੂ ਸ਼ਾਇਰ ਤੇ ਸੂਝਵਾਨ ਕੁਲਵਿੰਦਰ ਖਹਿਰਾ ਨੇ ਇਹ ਨਾਵਲ ਪੜ੍ਹਿਆ ਤਾਂ ਸਾਡੀ ਲੰਮੀ ਗੱਲ-ਬਾਤ ਹੋਈ। ਉਸ ਦਾ ਸੁਝਾਅ ਸੀ ਕਿ ਇਸ ਨਾਵਲ ਵਿਚ ਏਨੇ ਮਹੀਨ ਇਸ਼ਾਰੇ ਹਨ, ਜਿਨ੍ਹਾਂ ਬਾਰੇ ਨਾਵਲ ਦਾ ਲੇਖਕ ਹੀ ਚਾਨਣਾ ਪਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਨਾਵਲ ਨੂੰ ਡੀ-ਕੋਡ ਕਰਦਾ ਇਹ ਲੇਖ ਲਿਖਣ ਲਈ ਮੈਨੂੰ ਕੁਲਵਿੰਦਰ ਖਹਿਰਾ ਨੇ ਹੀ ਪ੍ਰੇਰਣਾ ਦਿੱਤੀ।
ਇਸ ਨਾਵਲ ਨੂੰ ਭਾਵੇਂ ਸਮਝਿਆ ਤਾਂ ਪੜ੍ਹ ਕੇ ਹੀ ਜਾ ਸਕਦਾ ਹੈ ਪਰ ਕੁਝ ਮੋਟੇ-ਮੋਟੇ ਚਿੰਨ੍ਹਾਂ, ਪ੍ਰਤੀਕਾਂ ਅਤੇ ਇਸ਼ਾਰਿਆਂ ਨੂੰ ਏਥੇ ਡੀ-ਕੋਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਈ ਦੂਜਾ ਪਾਠਕ ਇਨ੍ਹਾਂ ਚਿੰਨ੍ਹਾਂ, ਪ੍ਰਤੀਕਾਂ, ਇਸ਼ਾਰਿਆਂ ਦੀ ਵਿਆਖਿਆ ਆਪਣੀ ਸਮਰੱਥਾ ਤੇ ਸੂਝ ਮੁਤਾਬਿਕ ਵੱਖਰੇ ਜ਼ਾਵੀਏ ਤੋਂ ਵੀ ਕਰ ਸਕਦਾ ਹੈ।
ਰੰਗ-
ਸੱਪ ਸੁਨਹਿਰੀ ਹੈ। ‘ਸੁਨਹਿਰੀ` ਯੁੱਗ ਲਿਆਉਣ ਜਾਂ ਸੰਭਾਲਣ ਵਾਲਿਆਂ ਦਾ ਚਿੰਨ੍ਹ।
ਸਿੰਘਾਸਣ ਲਾਲ ਪੱਥਰਾਂ ਦਾ ਹੈ। ‘ਲਾਲ` ਰੰਗ ਸਮਾਜਵਾਦੀ ਕਦਰਾਂ ਕੀਮਤਾਂ ਦਾ ਲਖਾਇਕ ਹੈ।
ਬੁੱਢਾ ਲੂੰਬੜ ਲਾਲ ਸਿੰਘਾਸਣ `ਤੇ ਨਹੀਂ ‘ਚਿੱਟੇ` ਪੱਥਰਾਂ ਦੇ ਸਿੰਘਾਸਣ `ਤੇ ਬੈਠਣਾ ਚਾਹੁੰਦਾ ਹੈ, ਜਿਸ `ਤੇ ਕੰਵਲ ਦੇ ਫੁੱਲ ਬਣੇ ਹੋਏ ਹੋਣ। ‘ਚਿੱਟਾ` ਰੰਗ ਵਾਈਟ ਹਾਊਸ। ਕੰਵਲ ਦਾ ਫੁੁੱਲ ਕਿਸੇ ਪਾਰਟੀ ਦਾ ਚੋਣ-ਨਿਸ਼ਾਨ ਅਤੇ ਉਸ ਦੀ ਫ਼ਾਸ਼ੀਵਾਦੀ ਸੋਚ ਦਾ ਪ੍ਰਤੀਕ ਵੀ ਹੋ ਸਕਦਾ ਹੈ।
ਬੀਨ-
ਬੀਨ ਸਾਰੀਆਂ ਕਲਾਵਾਂ (ਲਲਿਤ ਜਾਂ ਕੋਮਲ ਕਲਾ ਤੇ ਉਪਯੋਗੀ ਕਲਾ) ਦਾ ਚਿੰਨ੍ਹ ਹੈ। ਸਰਕਾਰਾਂ ਕੋਮਲ-ਕਲਾਵਾਂ ਤੇ ਉਪਯੋਗੀ ਕਲਾਵਾਂ ਤੱਕ ਨੂੰ ਵੀ ਆਪਣੇ ਮੁਫ਼ਾਦ ਲਈ ਵਰਤ ਲੈਂਦੀਆਂ ਹਨ। ਬੀਨ ਵੀ ਹਥਿਆਰ ਵਜੋਂ ਵਰਤੀ ਜਾਂਦੀ ਹੈ। ਇੰਝ ਹੀ ਰਿੱਛ ਵਲੋਂ ਘੜੇ ਗਏ ਭਾਂਡਿਆਂ ਨੂੰ ਵੀ ਹਥਿਆਰਾਂ ਵਾਂਗ ਵਰਤਿਆ ਜਾਂਦਾ ਹੈ।
ਲੂੰਬੜ ਜਿੰਨੀਆਂ ਜੜੀਆਂ-ਬੂਟੀਆਂ ਬਾਰੇ ਜਾਣਦਾ ਹੈ, ਚੰਗੇ ਪਾਸੇ ਤੁਰੇ ਤਾਂ ਸਮਾਜ ਦਾ ਭਲਾ ਹੋ ਸਕਦਾ ਹੈ, ਪਰ ਉਹ ਆਪਣੇ ਇਸ ਹੁਨਰ ਨੂੰ ਸਿਰਫ਼ ਆਪਣੀ ਕੁਟਲ-ਨੀਤੀ ਤਹਿਤ ਹੀ ਵਰਤਦਾ ਹੈ।
ਲੂੰਬੜ ਦਾ ਇਹ ਕਹਿਣਾ ਕਿ ਵਣ-ਮਾਨਸ ਹੁਣ ਵਣ ਮਾਨਸ ਨਹੀਂ ਰਿਹਾ। ਉਸ ਨੇ ਬੋਲੀ ਬਦਲ ਲਈ ਹੈ। ਏਥੇ ਸਿਆਸਤ ਵਲੋਂ ‘ਬੋਲੀ` ਤੱਕ ਨੂੰ ਆਪਣੇ ਮੁਫ਼ਾਦ ਲਈ ਵਰਤਣ ਵੱਲ ਇਸ਼ਾਰਾ ਹੈ।
ਨਾਵਲ ਉਸ ਸਥਾਪਤੀ ਦੇ ਹੱਕ `ਚ ਭੁਗਤਦਾ ਹੈ, ਜਿਹੜੀ ਹਰ ਇਕ ਨੂੰ ਸਾਮਾਨ ਦੇਖਦੀ ਹੈ। ਉਨ੍ਹਾਂ ਸ਼ਰਾਰਤੀ ਤੇ ਘਟੀਆ ਅਨਸਰਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਹੜੇ ਚੰਗੀਆਂ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰਨਾ ਚਾਹੁੰਦੇ ਹਨ।
ਗਿਰਗਿਟ ਰੰਗ ਬਦਲਦਾ ਹੈ। ‘ਡਬਲ ਕਰਾਸ` ਕਰਦਾ ਹੈ। ਅਖ਼ੀਰ `ਤੇ ਉਸਦੀ ਜ਼ਮੀਰ ਜਾਗ ਪੈਂਦੀ ਹੈ ਅਤੇ ਮੱਕਾਰ ਪ੍ਰਾਣੀ ਸਿੰਘਾਸਣ `ਤੇ ਕਾਬਜ਼ ਨਹੀਂ ਹੋ ਸਕਦੇ। ਨਿੱਜੀ ਹਿੱਤਾਂ ਨੂੰ ਤਿਆਗ ਕੇ ਜ਼ਮੀਰ ਦੀ ਆਵਾਜ਼ ਸੁਣ ਵੱਲ ਸੰਕੇਤ ਹੈ।
ਜੁਗਨੂੰ ਚੇਤਨਾ ਦੇ ਪ੍ਰਤੀਕ ਹਨ।
ਜਦੋਂ ਖ਼ਰਗੋਸ਼ ਕਹਿੰਦਾ ਹੈ ਕਿ ਇਹ ਦਵਾਈ ਬਣਾਉਣ ਦੀ ਤਾਂ ਜੰਗਲ ਵਿਚ ਮਨਾਹੀ ਹੈ ਤਾਂ ਇਸ਼ਾਰਾ ਨਿਊਕਲੀਅਰ ਬੰਬਾਂ ਵੱਲ ਹੈ, ਜਿਨ੍ਹਾਂ ਨੂੰ ਬਣਾਉਣ `ਤੇ ਹਰ ਮੁਲਕ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ।
ਸਕੰਕ ਹਾਸ਼ੀਏ `ਤੇ ਧੱਕੇ ਗਏ ਲੋਕਾਂ ਦਾ ਚਿੰਨ੍ਹ ਹੈ। ਉਸ ਦਾ ਮੁਸ਼ਕ ਗ਼ਰੀਬੀ ਵੱਲ ਇਸ਼ਾਰਾ ਹੈ। ਲੂੰਬੜ ਉਸਨੂੰ ਚੰਦਨ ਦਾ ਹਾਰ ਦਿੰਦਾ ਹੈ। ਕੁੱਤੇ ਨੂੰ ਚੰਦਨ ਦੀ ਲੱਕੜੀ ਦਾ ਟੁਕੜਾ। ਜਿਵੇਂ ਸਰਕਾਰਾਂ ਗ਼ਰੀਬਾਂ ਨੂੰ ਨਿੱਕੀਆਂ-ਨਿੱਕੀਆਂ ਸਹੂਲਤਾਂ ਦੇ ਕੇ ਵੋਟਾਂ ਬਟੋਰਦੀਆਂ ਹਨ।
ਪਿਆਸੇ ਕਾਂ ਦਾ ‘ਘੜਾ` ਸੂਝ ਦਾ, ਕਬੂਤਰਾਂ ਦਾ ਜਾਲ਼ ਉਡਾਅ ਕੇ ਲੈ ਆਉਣਾ ਹਿੰਮਤ ਦਾ ਚਿੰਨ੍ਹ ਹੈ ਪਰ ਬਾਰਾਂਸਿੰਙੇ ਦੇ ਝਾੜੀ ਵਿਚ ਫਸੇ ਸਿੰਙ ਹੰਕਾਰ ਦਾ ਪ੍ਰਤੀਕ ਹਨ। ਸਿਆਣੇ ਕਾਂ (ਪਿਆਸੇ ਕਾਂ) ਦੀ ਮੌਤ ਤੋਂ ਬਾਅਦ ਚੌਰਸਤੇ ਵਿਚ ਘੜਾ ਰੱਖਣ ਦੀ ਤਜਵੀਜ਼ ਹੈ ਤਾਂ ਕਿ ਆਉਣ ਵਾਲ਼ੀਆਂ ਨਸਲਾਂ ਘੜੇ ਤੋਂ ਸੇਧ ਲੈ ਸਕਣ। ਇਕ ਚੌਰਸਤੇ ਵਿਚ ਜਾਲ਼ ਟੰਗਣ ਦੀ ਗੱਲ ਵੀ ਛਿੜਦੀ ਹੈ ਪਰ ਲੂੰਬੜ ਹੰਕਾਰੀ ਬਾਰਾਂ ਸਿੰਙੇ ਦੇ ਸਿੰਙ ਵੀ ਯਾਦਗਾਰ ਵਜੋਂ ਲਾਉਣਾ ਚਾਹੁੰਦਾ ਹੈ ਤੇ ਤਰਕ ਦਿੰਦਾ ਹੈ ਕਿ ਉਹ ‘ਮਹਾਨ ਆਤਮਾ` ਦੇ ਸਿੰਙ ਹਨ, ਜਿਸ ਨੇ ਆਪ ਬਦਨਾਮੀ ਖੱਟ ਕੇ ਹੰਕਾਰ ਨਾ ਕਰ ਦਾ ਸੰਦੇਸ਼ ਦਿੱਤਾ। ਵਰਲਡ ਟਰੇਡ ਸੈਂਟਰ ਦੀ ਤਬਾਹੀ ਤੋਂ ਬਾਅਦ ਫ਼ਰੀਡਮ ਟਾਵਰ ਬਣਨ ਵੇਲ਼ੇ ਓਥੇ ਮਸਜਿਦ ਬਣਾਉਣ ਬਾਰੇ ਚਰਚਾ, ਅਜਾਇਬ ਘਰਾਂ ਵਿਚ, ਪਾਰਲੀਮੈਂਟ ਵਿਚ ਕਿਸ ਦੀ ਫੋਟੋ ਲੱਗਣ ਹੈ, ਕਿਸ ਰੂਮ ਵਿਚ ਲੱਗਣੀ ਹੈ `ਤੇ ਛਿੜਦੀ ਬਹਿਸ ਦੇ ਝਲਕਾਰੇ ਉਪਰੋਕਤ ਕਾਂਡ ਵਿੱਚੋਂ ਭਲੀ-ਭਾਂਤੀ ਦਿਖਾਈ ਦਿੰਦੇ ਹਨ। (ਇਸ ਵਾਰਤਾ ਨੂੰ ਪੂਰਾ ਨਾਵਲ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ)
ਲੂੰਬੜ ਦੀ ਆਪਣੀ ਪਤਨੀ ਨਾਲ ਬੇਰੁਖੀ ਉਨ੍ਹਾਂ ਦੋਗਲੇ ਲੋਕਾਂ ਵੱਲ ਇਸ਼ਾਰਾ ਹੈ ਜੋ ਸੱਚ-ਸੁੱਚ ਜਾਂ ਸਮਾਜ-ਸੇਵਾ ਦਾ ਲਬਾਦਾ ਤਾਂ ਪਾਈ ਫਿਰਦੇ ਹਨ ਪਰ ਅੰਦਰੋਂ ਬੇਹੱਦ ਖੋਖਲੇ ਹੁੰਦੇ ਹਨ।
ਲੂੰਬੜ ਸਿਆਣਾ (ਚਾਲ-ਬਾਜ਼) ਹੈ। ਹਰ ਗੱਲ ਦਾ ਉਸ ਕੋਲ ਤੋੜ ਹੈ। ਉਹ ਭਵਿੱਖ ਦੇਖਣ ਦਾ ਦਾਅਵਾ ਕਰਦਾ ਹੈ। ਵੈਦਗੀ ਜਾਣਦਾ ਹੈ। ਸੰਗੀਤ ਬਾਰੇ ਗਿਆਨ ਰੱਖਦਾ ਹੈ। ਇਸ਼ਾਰਾ ਇਹ ਹੈ ਕਿ ਅਖੌਤੀ ਸਿਆਣੇ ਸੱਤਾਂ ਪੱਤਣਾਂ ਦੇ ਤਾਰੂ ਸਮਾਜ ਲਈ ਜ਼ਿਆਦਾ ਖ਼ਤਰਨਾਕ ਹੁੰਦੇ ਨੇ।
ਲੂੰਬੜ ਨੇ ਜਿਸ ਤੋਂ ਜਿੰਨਾ ਕੰਮ ਲੈਣਾ ਹੈ ਓਨਾ ਹੀ ਵੱਡਾ ਲਾਲਚ ਦਿੰਦਾ ਹੈ। ਗਿਰਗਿਟ ਨੂੰ ਮੁੱਖ ਜਾਸੂਸ ਬਣਾਉਣ ਦਾ ਲਾਲਚ। ਮਗਰਮੱਛ ਨੂੰ ਆਜ਼ਾਦੀ ਦਾ ਲਾਲਚ ਕਿ ਸਮੁੰਦਰੀ ਖੇਤਰ ਵਿਚ ਮਗਰਮੱਛ ਨੂੰ ਆਜ਼ਾਦ ਰਾਜ ਦਿਵਾਵੇਗਾ।
‘ਜੰਗਲ਼ ਖ਼ਤਰੇ `ਚ ਹੈ` ਸਿੱਧਾ ਇਸ਼ਾਰਾ ‘ਪੰਥ ਖ਼ਤਰੇ `ਚ ਹੈ`, ‘ਦੇਸ਼ ਦੀ ਏਕਤਾ ਤੇ ਅਖੰਡਤਾ ਖ਼ਤਰੇ `ਚ ਹੈ` ਵੱਲ ਹੈ।
ਜਾਲ ਨੂੰ ਆਸਮਾਨੀ ਰੰਗ ਦਾ ਰੰਗ ਕੇ ਬਾਜ ਫੜਨਾ ਓਵੇਂ ਹੀ ਹੈ ਜਿਵੇਂ ਓਸਾਮਾ ਫੜਨ ਗਏ ਜਹਾਜ਼ ਰੇਡਾਰ ਵਿਚ ਨਹੀਂ ਸਨ ਆਏ।
ਗਧੇ ਨੂੰ ਰਾਜਾ ਥਾਪਣ ਦਾ ਲੂੰਬੜ ਦਾ ਵਿਚਾਰ ਲੋਕ-ਤੰਤਰੀ ਪ੍ਰਣਾਲੀ `ਤੇ ਵਿਅੰਗ ਹੈ।
ਭੂਰੀ ਬਿੱਲੀ ਨੂੰ ਮਾਰ ਕੇ ਰੁੱਖ ਹੇਠ ਦੱਬ ਦੇਣ ਦਾ ਇਸ਼ਾਰਾ ਢੌਂਗੀ ਸਾਧੂ, ਫ਼ਕੀਰ, ਬਾਬਿਆਂ ਵੱਲੋਂ ਮਾਸੂਮਾਂ ਤੇ ਮਜ਼ਲੂਮਾਂ ਨੂੰ ਮਾਰ ਕੇ ਰੁੱਖਾਂ ਹੇਠ ਦੱਬਣ ਵੱਲ ਇਸ਼ਾਰਾ ਕਿਹਾ ਜਾ ਸਕਦਾ ਹੈ।
ਛੋਟਾ ਲੂੰਬੜ ਛੋਟੇ ਬੁਸ਼ ਅਤੇ ਬੁੱਢਾ ਲੂੰਬੜ ਵੱਡੇ ਬੁਸ਼ ਵੱਲ ਇਸ਼ਾਰਾ ਵੀ ਹੈ।
ਕਬੂਤਰ ਅਮਨ ਦਾ ਪ੍ਰਤੀਕ ਹੈ। ਪਰ ਲੂੰਬੜ ਉਸਨੂੰ ਵੀ ਆਪਣੇ ਮੁਫ਼ਾਦ ਲਈ ਝੂਠ ਬੋਲਣ ਲਾ ਲੈਂਦਾ ਹੈ ਜਦੋਂ ਉਹ ਆ ਕੇ ਝੂਠ ਹੀ ਕਹਿੰਦਾ ਹੈ ਕਿ ਉਹ ਦੇਖ ਕੇ ਆਇਆ ਹੈ ਮਨੁੱਖ ਵੱਡੀ ਸਾਰੀ ਕਿਸ਼ਤੀ ਬਣਾ ਰਿਹਾ ਹੈ ਜੰਗਲ `ਤੇ ਹਮਲਾ ਕਰਨ ਵਾਸਤੇ।
ਅੰਤ ਵਿਚ ਸਾਰਿਆਂ ਦਾ ਇਕੱਠੇ ਹੋ ਕੇ ਲੂੰਬੜ ਤੇ ਬੁੱਢੇ ਲੂੰਬੜ ਨੂੰ ਫੜਨਾ ਇਹ ਇਸ਼ਾਰਾ ਕਰਦਾ ਹੈ ਕਿ ਇਕੱਠ ਨਾਲ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜਿਆ ਜਾ ਸਕਦਾ ਹੈ। ਲੂੰਬੜ ਦਾ ਫੜਿਆ ਜਾਣਾ ਇਹ ਵੀ ਦਰਸਾਉਂਦਾ ਹੈ ਕਿ ਬਹੁਤੇ ਚਲਾਕ ਲੋਕ ਆਪਣੇ ਜਾਲ ਵਿਚ ਹੀ ਫਸ ਜਾਂਦੇ ਹਨ।
ਨਾਵਲ ਪੜ੍ਹਦਿਆਂ ਇਸ ਤਰ੍ਹਾਂ ਦੇ ਇਸ਼ਾਰੇ ਇਕ-ਇਕ ਵਾਕ ਵਿਚ ਸਮੋਏ ਮਿਲ਼ ਜਾਣਗੇ।
ਪੋਸਟ ਸਕ੍ਰਿਪਟ (ਪ੍ਰਕਾਸ਼ਕੀ ਟਿੱਪਣੀ):
ਸੁਰਿੰਦਰ ਸੋਹਲ ਦਾ ਜਨਮ ਪਿੰਡ ਸੰਗਲ ਸੋਹਲ, ਜ਼ਿਲ੍ਹਾ ਜਲੰਧਰ `ਚ ਸ. ਜਗੀਰ ਸਿੰਘ ਤੇ ਬੀਬੀ ਪ੍ਰੀਤਮ ਕੌਰ ਦੇ ਘਰ ਹੋਇਆ। ਉਸ ਨੇ ਮੁਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀਂ ਗੌਰਮਿੰਟ ਹਾਈ ਸਕੂਲ ਮੰਡ ਤੋਂ ਅਤੇ ਪ੍ਰੈੱਪ ਤੇ ਬੀ. ਏ. (ਭਾਗ ਪਹਿਲਾ) ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਬੀ. ਏ. (ਭਾਗ ਦੂਜਾ) ਪ੍ਰਾਈਵੇਟ ਪਾਸ ਕਰ ਕੇ ਬੀ. ਏ. (ਫ਼ਾਈਨਲ) ਕਰਨ ਵਾਸਤੇ ਖ਼ਾਲਸਾ ਕਾਲਜ ਜਲੰਧਰ `ਚ ਦਾਖ਼ਲਾ ਲੈ ਲਿਆ। ਐੱਮ. ਏ. (ਪੰਜਾਬੀ) ਡੀ.ਏ.ਵੀ. ਕਾਲਜ ਜਲੰਧਰ ਤੋਂ ਕਰਨ ਉਪਰੰਤ ‘ਦੇਵਿੰਦਰ ਜੋਸ਼ ਦੀ ਗ਼ਜ਼ਲ-ਸੰਵੇਦਨਾ` ਵਿਸ਼ੇ `ਤੇ ਐੱਮ. ਫਿਲ. ਦੀ ਡਿਗਰੀ ਰਿਜਨਲ ਸੈਂਟਰ ਜਲੰਧਰ ਤੋਂ ਪ੍ਰਾਪਤ ਕੀਤੀ। ਅਕਾਲੀ ਪਤ੍ਰਿਕਾ ਤੇ ਜੱਗਬਾਣੀ `ਚ ਕੁਝ ਦੇਰ ਨੌਕਰੀ ਕਰਨ ਤੋਂ ਬਾਅਦ ਜਨਤਾ ਕਾਲਜ ਕਰਤਾਰਪੁਰ ਤੇ ਡੀ.ਏ.ਵੀ. ਕਾਲਜ ਜਲੰਧਰ ਵਿਚ ਲੈਕਚਰਾਰ ਵਜੋਂ ਸੇਵਾ ਨਿਭਾਈ। 1997 ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਵਸਦਾ ਸੁਰਿੰਦਰ ਸੋਹਲ ਲਗਾਤਾਰ ਸਾਹਿਤ-ਅਧਿਐਨ ਤੇ ਸਾਹਿਤ-ਸਿਰਜਣਾ ਨਾਲ਼ ਜੁੜਿਆ ਹੋਇਆ ਹੈ।
ਸਸਪੈਂਸ ਤੇ ਰੌਚਕਤਾ ਨਾਲ਼ ਭਰਪੂਰ ‘ਸਿੰਘਾਸਣ` ਉਸਦਾ ਪਹਿਲਾ ਤੇ ਨਿਵੇਕਲੀ ਕਿਸਮ ਦਾ ਨਾਵਲ ਹੈ। ਸਿੰਘਾਸਣ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਨੀਤੀ ਸਾਮ (ਪਿਆਰ ਨਾਲ਼ ਜਾਂ ਫੋਕੀ ਵਡਿਆਈ ਕਰ ਕੇ), ਦਾਮ (ਲਾਲਚ ਦੇ ਕੇ), ਦੰਡ (ਡਰਾਵਾ ਦੇ ਕੇ ਜਾਂ ਮਾਰ ਕੁਟਾਈ ਕਰ ਕੇ) ਅਤੇ ਭੇਦ (ਫੁੱਟ ਪੁਆ ਕੇ) ਦੀ ਬੇਹੱਦ ਸਰਲ ਤੇ ਸੌਖੇ ਤਰੀਕੇ ਨਾਲ਼ ਵਿਆਖਿਆ ਕੀਤੀ ਗਈ ਹੈ। ਇਸੇ ਕਰਕੇ ਹਰ ਪੱਧਰ ਤੇ ਹਰ ਉਮਰ ਦਾ ਪਾਠਕ ਆਪਣੀ-ਆਪਣੀ ਸਮਰੱਥਾ ਮੁਤਾਬਿਕ ਇਸ ਦਾ ਆਨੰਦ ਮਾਣ ਸਕਦਾ ਹੈ।
ਨਾਵਲ ਦੇ ਪਾਤਰ ਜਾਨਵਰ-ਪੰਛੀ ਹਨ ਤੇ ਘਟਨਾ-ਸਥਾਨ ਜੰਗਲ਼ ਪਰ ਇਸ ਦਾ ਵਿਸ਼ਾ ਸੰਸਾਰ-ਪੱਧਰ ਦੀ ਸਿਆਸਤ ਤੱਕ ਫੈਲਿਆ ਹੋਇਆ ਹੈ। ਕਮਾਲ ਦੀ ਗੱਲ ਇਹ ਹੈ ਕਿ ਸਿਆਸਤ ਵਰਗੇ ਗੰਭੀਰ ਤੇ ਖ਼ੁਸ਼ਕ ਵਿਸ਼ੇ `ਤੇ ਉਸਰੇ ਨਾਵਲ ਦੀ ਕਹਾਣੀ ਕਿਤੇ ਵੀ ਬੋਝਲ ਨਹੀਂ ਹੁੰਦੀ।
ਕਲਾਤਮਕ ਪੱਖ ਤੋਂ ਇਸ ਨਾਵਲ ਦੀ ਇਹ ਵੀ ਪ੍ਰਾਪਤੀ ਹੈ ਕਿ ਕਹਾਣੀ ਸੁਣਾਈ ਨਹੀਂ ਗਈ, ਫ਼ਿਲਮ ਵਾਂਗ ਦਿਖਾਈ ਗਈ ਹੈ। ਕਹਾਣੀ ਦੀ ਲਪੇਟ ਵਿਚ ਆਇਆ ਪਾਠਕ ਨਾਵਲ ਸ਼ੁਰੂ ਕਰਨ ਮਗਰੋਂ ਖ਼ਤਮ ਕਰ ਕੇ ਹੀ ਸਾਹ ਲੈਂਦਾ ਹੈ।