ਕਲਕੱਤਾ ਵਿਖੇ ਨਾਨਕਪੰਥੀਆਂ ਦਾ ਰਾਜਦੂਤ ਜਗਮੋਹਨ ਗਿੱਲ

ਗੁਲਜ਼ਾਰ ਸਿੰਘ ਸੰਧੂ
ਮੇਰੀ ਛੇ ਦਹਾਕੇ ਪੁਰਾਣੀ ਬੰਗਾਲੀ ਕੁਲੀਗ ਸ਼ੁਕਲਾ ਹਜ਼ਰਾ ਅੱਜ-ਕੱਲ੍ਹ ਦਿੱਲੀ ਛੱਡ ਕੇ ਕਲੱਕਤਾ ਜਾ ਵੱਸੀ ਹੈ। ਉਹਦੇ ਨਾਲ ਸਮੇਂ ਸਮੇਂ ਗੱਲਬਾਤ ਹੰੁਦੀ ਰਹਿੰਦੀ ਹੈ। ਪਿਛਲੇ ਦਿਨਾਂ ਵਿਚ ਉਸਨੇ ਕਿਸੇ ਅੰਗਰੇਜ਼ੀ ਅਖ਼ਬਾਰ ਦੀ ਉਹ ਕਾਤਰ ਭੇਜੀ ਜਿਸ ਵਿਚ ਜਗਮੋਹਨ ਸਿੰਘ ਗਿੱਲ ਨਾਂ ਦੇ ਸਿੱਖ ਨਾਨਕਪੰਥੀ ਦੀ ਜੀਵਨ ਜਾਚ ਤੇ ਜੀਵਨ ਸ਼ੈਲੀ ਦਾ ਵੇਰਵਾ ਹੈ।

ਜਗਮੋਹਨ ਦਾ ਪਿਤਾ ਕਰਤਾਰ ਸਿੰਘ ਗਿੱਲ ਸੌ ਸਾਲ ਪਹਿਲਾਂ ਕਲੱਕਤਾ ਦੇ ਦਮਦਮ ਹਵਾਈ ਅੱਡੇ ਉੱਤੇ ਟੈਕਸੀ ਚਲਾਉਂਦਾ ਸੀ। ਉਸਨੂੰ ਬੰਗਾਲੀਆਂ ਨੇ ਏਨਾ ਮਾਣ ਸਤਿਕਾਰ ਦਿੱਤਾ ਕਿ ਉਸਨੇ ਦਮਦਮ ਵਿਖੇ ਆਪਣਾ ਟਿਕਾਣਾ ਬਣਾ ਲਿਆ ਤੇ ਉਥੋਂ ਦਾ ਵਸਨੀਕ ਹੋ ਗਿਆ। ਉਸਦੇ ਬੱਚਿਆਂ ਨੇ ਮੁਢਲੀ ਵਿਦਿਆ ਸਥਾਨਕ ਸਕੂਲ ਤੋਂ ਪੜ੍ਹ ਕੇ ਉਚੇਰੀ ਵਿਦਿਆ ਜੈਪੁਰੀਆ ਕਾਲਜ ਤੋਂ ਪ੍ਰਾਪਤ ਕੀਤੀ। ਜਗਮੋਹਨ ਉਨ੍ਹਾਂ ਵਿਚੋਂ ਇਕ ਸੀ। ਉਹ ਇਤਿਹਾਸ ਦੇ ਵਿਸ਼ੇ ਵਿਚ ਆਪਣੇ ਜਮਾਤੀਆਂ ਜਿੰਨਾ ਹੁਸ਼ਿਆਰ ਨਹੀਂ ਸੀ। ਪਰ ਉਸਦੇ ਅਨਪੜ੍ਹ ਪਿਤਾ ਕਰਤਾਰ ਸਿੰਘ ਟੈਕਸੀ ਡਰਾਈਵਰ ਦੀ ਇਤਿਹਾਸਕ ਪਹੰੁਚ ਨੇ ਉਸਨੂੰ ਏਨਾ ਪ੍ਰਭਾਵਿਤ ਕੀਤਾ ਕਿ ਉਹ ਵੱਡਾ ਹੋ ਕੇ ਦੂਰ ਦੁਰੇਡੀਆਂ ਥਾਵਾਂ ਉੱਤੇ ਵੱਸੇ ਸਿੱਖਾਂ ਬਾਰੇ ਪੜ੍ਹਨ ਲਿਖਣ ਵਿਚ ਰੁੱਝ ਗਿਆ। ਉਸਨੇ ਪਿਛਲੇ ਦਸ ਸਾਲਾਂ ਵਿਚ ਬਹੁਤ ਸਫਰ ਕੀਤਾ ਹੈ। ਉਸਦਾ ਸੂਟਕੇਸ ਸਦਾ ਤਿਆਰ ਹੰੁਦਾ ਹੈ ਕਿਉਂਕਿ ਪਤਾ ਨਹੀਂ ਉਸਨੇ ਕਿਹੜੇ ਵੇਲੇ ਕਿਸ ਪਾਸੇ ਨੂੰ ਚਾਲੇ ਪਾ ਦੇਣੇ ਹੰੁਦੇ ਹਨ। ਉਸਦੀ ਕੋਈ ਔਲਾਦ ਨਹੀਂ ਤੇ ਉਹ ਸੂਟਕੇਸ ਨੂੰ ਆਪਣਾ ਬੱਚਾ ਕਹਿੰਦਾ ਹੈ।
ਉਸਨੂੰ ਬੰਗਾਲੀ ਭਾਸ਼ਾ ਉੱਤੇ ਏਨੀ ਕਮਾਂਡ ਹੈ ਕਿ ਉਸਦਾ ਉਚਾਰਣ ਉਥੋਂ ਦੇ ਬੰਗਾਲੀਆਂ ਨਾਲੋਂ ਵੀ ਚੰਗਾ ਹੈ। ਇਹ ਗੱਲ ਮੈਂ ਨਹੀਂ ਕਹਿ ਰਿਹਾ। ਚੰਦਰਮਾ ਭੱਟਾਚਾਰੀਆਂ ਦੀ þਹੈ ਜਿਹੜਾ ਸ਼ੁਕਲਾ ਵਲੋਂ ਭੇਜੀ ਕਾਤਰ ਦਾ ਲੇਖਕ ਹੈ। ਉਸਨੂੰ ਉਰਦੂ, ਹਿੰਦੀ ਤੇ ਪੰਜਾਬੀ ਹੀ ਨਹੀਂ ਭਾਰਤ ਦੀਆਂ ਹੋਰ ਬੋਲੀਆਂ ਦਾ ਵੀ ਗਿਆਨ ਹੈ ਤੇ ਹਰ ਥਾਂ ਜਿੱਥੇ ਕਿਧਰੇ ਵੀ ਸਿੱਖ ਵਸੇ ਹੋਏ ਹਨ ਉਥੇ ਵਿਚਰਦਾ ਹੈ। ਖਾਸ ਕਰਕੇ ਭਾਰਤ ਦੇ ਪੂਰਬੀ ਰਾਜਾਂ ਵਿਚ। ਉਸਦਾ ਮੰਨਣਾ ਹੈ ਕਿ ਬੰਗਾਲ ਵਿਚ ਸਿੱਖ ਸੌ ਸਾਲ ਪਹਿਲਾਂ ਟਰਾਂਸਪੋਰਟ ਦੇ ਕਾਰੋਬਾਰ ਸਮੇਂ ਹੀ ਨਹੀਂ ਪਹੰੁਚੇ। ਸਨਿਆਸੀ ਸੰਪ੍ਰਦਾਇ ਤੋਂ ਪ੍ਰੇਰਿਤ ਹੋ ਕੇ ਬਹੁਤ ਪਹਿਲਾਂ ਆਉਣੇ ਸ਼ੁਰੂ ਹੋ ਗਏ ਸਨ। ਉਸਨੇ ਇਹ ਗੱਲ ਪੁਸਤਕਾਂ ਵਿਚ ਨਹੀਂ ਪੜ੍ਹੀ ਆਪਣੇ ਪਿਤਾ ਕਰਤਾਰ ਸਿੰਘ ਤੋਂ ਗ੍ਰਹਿਣ ਕੀਤੀ ਹੈ ਤੇ ਉਸਦੇ ਸਫਰਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਉਹ ਦੂਰ ਦੁਰਾਡੇ ਪਿੰਡਾਂ ਵਿਚ ਨਾਨਕਪੰਥੀਆਂ ਵਲੋਂ ਰੁਮਾਲਿਆਂ ਵਿਚ ਸੰਭਾਲ ਕੇ ਰੱਖੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਚਸ਼ਮਦੀਦ ਗਵਾਹ ਹੈ। ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਰਾਜਗੀਰ ਤੇ ਨਾਲੰਦਾ ਨੇੜੇ ਇਕ ਧਾਨੀਆ ਪਹਾੜੀ ਨਾਂ ਦੇ ਸਥਾਨ ’ਤੇ ਪਹੰੁਚ ਕੇ ਉਹਨੂੰ ਪਤਾ ਲੱਗਿਆ ਕਿ ਖੁਦੀਰਾਮ ਬੋਸ ਤੇ ਪ੍ਰਫੁੱਲ ਚੱਕੀ ਵਲੋਂ ਇੱਕ ਡਗਲਸ ਕਿੰਗਜ਼ਫੋਰਡ ਨਾਂ ਦੇ ਅੰਗਰੇਜ਼ ਜੱਜ ਦੀ ਹੱਤਿਆ ਲਈ ਜਿਹੜੇ ਬੰਬ ਤਿਆਰ ਕੀਤੇ ਸਨ ਉਨ੍ਹਾਂ ਦੀ ਤਿਆਰੀ ਤੇ ਅਜ਼ਮਾਇਸ਼ ਵਿਚ ਏਥੋਂ ਦੇ ਕ੍ਰਾਂਤੀਕਾਰੀਆਂ ਦਾ ਹੱਥ ਸੀ। ਇਹ ਵੀ ਕਿ ਏਸ ਸਥਾਨ ਉੱਤੇ ਗੁਰਦੁਆਰਾ ਸਾਹਿਬ ਬਣਾਉਣ ਵਾਲਾ ਵੀ ਪਟਨਾ ਨਿਵਾਸੀ ਕਿਦਾਰਨਾਥ ਬੈਨਰਜੀ ਨਾਂ ਦਾ ਵਕੀਲ ਸੀ। ਉਹ ਵੀ ਨਾਨਕਪੰਥੀ ਸਨਿਆਸੀ ਧਾਰਨਾ ਤੋਂ ਪ੍ਰੇਰਿਤ ਸੀ।
ਜਗਮੋਹਨ ਸਿੰਘ ਗਿੱਲ ਕੋਲ ਸੁਤੰਤਰਤਾ ਸੰਗ੍ਰਾਮ ਸਮੇਂ ਨਾਨਕਪੰਥੀਆਂ ਦੇ ਯੋਗਦਾਨ ਦੇ ਬੜੇ ਕਿੱਸੇ ਹਨ। ਉਸਦੇ ਪਿਤਾ ਨੂੰ ਸਥਾਨਕ ਵਸੋਂ ਦੀਆਂ ਭਾਵਨਾਵਾਂ ਤੇ ਸਥਾਨਕ ਇਤਿਹਾਸ ਦਾ ਡੂੰਘਾ ਗਿਆਨ ਸੀ ਜਿਹੜਾ ਉਸ ਦੀਆਂ ਆਪਣੀਆਂ ਰਗਾਂ ਵਿਚ ਵੀ ਕਾਇਮ ਹੈ। ਉਸਦੇ ਕਥਨ ਅਨੁਸਾਰ ਬੰਗਾਲ ਵਿਚ ਰਹਿ ਰਹੇ ਸਿੱਖ ਉਨ੍ਹਾਂ ਸਿਪਾਹੀਆਂ ਦੀ ਔਲਾਦ ਹਨ ਜਿਹੜੇ ਸੌ ਸਾਲ ਪਹਿਲਾਂ ਗੋਰੀ ਸਰਕਾਰ ਨੇ ਬਰਤਾਨਵੀ ਇੰਡੀਅਨ ਆਰਮੀ ਲਈ ਭਰਤੀ ਕੀਤੇ ਸਨ। ਉਦੋਂ ਇਨ੍ਹਾਂ ਸਿੱਖਾਂ ਦੀ ਗਿਣਤੀ 20,000 ਤੋਂ ਵੱਧ ਨਹੀਂ ਹੋਣੀ ਪਰ ਉਨ੍ਹਾਂ ਨੇ ਬੰਗਾਲੀ ਰਹਿਤ ਮਰਯਾਦਾ ਤੇ ਆਰਥਿਕਤਾ ਦੇ ਵਿਕਾਸ ਵਿਚ ਅਜਿਹਾ ਪ੍ਰਭਾਵ ਛੱਡਿਆ ਕਿ ਚੰਦਰਮਾ ਭੱਟਾਚਾਰੀਆ ਵਰਗੇ ਪੱਤਰਕਾਰ ਅੱਜ ਵੀ ਇਸਦਾ ਗੁਣਗਾਇਨ ਕਰਦੇ ਹਨ।
ਜਗਮੋਹਨ ਸਿੰਘ ਸਿੱਖ ਸੰਗਤਾਂ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸਾਂਝ ਦਾ ਜ਼ਿਕਰ ਵੀ ਬੜੇ ਮਾਣ ਨਾਲ ਕਰਦਾ ਹੈ। ਨੇਤਾ ਜੀ ਰਾਸਬਿਹਾਰੀ ਵਾਲੇ ਗੁਰਦੁਆਰਾ ਸਾਹਿਬ ਵਿਚ ਹੀ ਨਤਮਸਤਕ ਨਹੀਂ ਸੀ ਹੰੁਦਾ ਰਿਹਾ ਇਸ ਤੋਂ ਪਹਿਲਾਂ ਭਾਈਆ ਮੰਗਲ ਬਾਲਚੱਕ ਵਲੋਂ ਆਪਣੀ ਗਰਾਜ ਵਿਚ ਸਥਾਪਤ ਆਰਜ਼ੀ ਗੁਰਦੁਆਰੇ ਵਿਚ ਵੀ ਨਤਮਸਤਕ ਹੰੁਦਾ ਰਿਹਾ ਹੈ। ਇਹ ਵਾਲੀ ਗਦਰਾਜ ਕਲੱਕਤਾ ਦੇ ਬਾਕੂਲ ਬਹਗਨ ਮਾਰਗ ਉੱਤੇ ਪੈਂਦੀ ਸੀ। ਜਗਮੋਹਨ ਸਿੰਘ ਗਿੱਲ ਦੀ ਖੋਜ ਇਹ ਵੀ ਦਸਦੀ ਕਿ ਜਦੋਂ 1941 ਵਿਚ ਸੁਭਾਸ਼ ਚੰਦਰ ਬੋਸ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ ਤਾਂ ਕਲਕੱਤਾ ਤੋਂ 1931 ਵਿਚ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ਕੱਢਣ ਵਾਲੇ ਨਿਰੰਜਣ ਸਿੰਘ ਤਾਲਿਬ ਨੂੰ ਗੋਰੀ ਸਰਕਾਰ ਨੇ ਕਈ ਦਿਨ ਜੇਲ੍ਹ ਵਿਚ ਤਸੀਹੇ ਦਿੱਤੇ ਸਨ; ਇਹ ਸਮਝ ਕੇ ਕਿ ਤਾਲਬ ਨੂੰ ਨੇਤਾ ਜੀ ਦੇ ਟਿਕਾਣਿਆਂ ਦੀ ਖ਼ਬਰ ਹੋਵੇਗੀ। ਨੇਤਾ ਜੀ ਦੇ ਫਰਾਰ ਹੋਣ ਤੋਂ ਪਿੱਛੋਂ ਫਾਰਵਰਡ ਬਲਾਕ ਦਾ ਪ੍ਰਧਾਨ ਸਰਦੂਲ ਸਿੰਘ ਕਵੀਸ਼ਰ ਨਾਂ ਦੇ ਸਿੱਖ ਨੂੰ ਚੁਣਿਆ ਗਿਆ ਸੀ। ਏਥੇ ਹੀ ਬਸ ਨਹੀਂ ਨੇਤਾ ਜੀ ਦੀ ਅਫਗਾਨਿਸਤਾਨ ਤੇ ਰੂਸ ਵਿਚ ਸਹਾਇਤਾ ਕਰਨ ਵਾਲੇ ਵੀ ਬਾਲ ਸੇਵਕ ਸਿੱਖ ਹੀ ਸਨ। ਇਹ ਗੱਲ ਤਾਂ ਜੱਗ ਜ਼ਾਹਿਰ ਹੈ ਕਿ ਇੰਡੀਅਨ ਨੈਸ਼ਨਲ ਆਰਮੀ (9ਂ1) ਦੀ ਸਥਾਪਨਾ ਕਰਨ ਵਾਲਾ ਵੀ ਸਿੱਖ ਯੋਧਾ ਜਨਰਲ ਮੋਹਨ ਸਿੰਘ ਸੀ। ਜਗਮੋਹਨ ਸਿੰਘ ਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ।
ਇਹ ਗੱਲ ਵੱਖਰੀ ਹੈ ਕਿ ਸਮੇਂ ਨਾਲ ਆਈ ਐਨ ਏ ਦੀ ਕਮਾਂਡ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਹੱਥ ਆ ਗਈ ਸੀ।
ਜਗਮੋਹਨ ਸਿੰਘ ਗਿੱਲ ਦੀ ਧਾਰਨਾ ਇਹ ਵੀ ਹੈ ਕਿ ਸਿੱਖੀ ਸਿਧਾਂਤ ਮੂਲ ਰੂਪ ਵਿਚ ਸਮਾਜਵਾਦ ਨੂੰ ਪਰਨਾਇਆ ਹੋਇਆ ਹੈ। ਥੋੜ੍ਹਾ ਬਹੁਤ ਅੰਤਰ ਕੇਵਲ ਰੱਬ ਦੀ ਹੋਂਦ ਤੇ ਅਣਹੋਂਦ ਤੱਕ ਹੀ ਸੀਮਤ ਹੈ। ਉਸਦੇ ਦੱਸਣ ਅਨੁਸਾਰ ਉਸਦੀ ਜਵਾਨੀ ਤੋਂ ਪਹਿਲਾਂ ਇੱਕ ਵਾਰੀ ਕਮਿਊਨਿਸਟ ਨੇਤਾ ਇੰਦਰਜੀਤ ਗੁਪਤਾ ਨੇ ਇਕ ਮੀਟਿੰਗ ਉਸਦੇ ਪਿਤਾ ਕਰਤਾਰ ਸਿੰਘ ਦੇ ਘਰ ਸੱਦੀ ਸੀ।
ਜਗਮੋਹਨ ਸਿੰਘ ਗਿੱਲ ਦੀ ਏਸ ਕਾਰਗੁਜ਼ਾਰੀ ਸਦਕਾ ਉਹ ਦਮਦਮ ਦੇ ਗੁਰਦੁਆਰਾ ਸਾਹਿਬ ਤੇ ਸਥਾਨਕ ਪੰਜਾਬੀ ਸਾਹਿਤ ਸਭਾ ਦਾ ਜਨਰਲ ਸਕੱਤਰ ਹੈ। ਉਸਦੀ 20 ਵਰ੍ਹਿਆਂ ਦੀ ਯਾਤਰਾ ਨੇ ਉਸਨੂੰ ਸਿੱਖਾਂ ਵੱਲੋਂ ਦੂਰ ਦੁਰਾਡੇ ਪੂਰਬੀ ਸਥਾਨਾਂ ਉੱਤੇ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ ਹੈ। ਉਸਨੂੰ ਇਹ ਜਾਣ ਕੇ ਵੀ ਹੈþਰਾਨੀ ਹੋਈ ਕਿ ਪੱਛਮੀ ਬੰਗਾਲ ਦੇ ਕੰਨਟਾਈ ਵਿਦਿਆਲੇ ਤੋਂ ਬੀਏ ਦੀ ਡਿਗਰੀ ਪ੍ਰਾਪਤ ਕਰਨ ਵਾਲਾ ਪ੍ਰਥਮ ਵਿਦਿਆਰਥੀ ਵੀ ਪਰਾਨ ਸਿੰਘ ਨਾਂ ਦਾ ਸਿੱਖ ਸੀ।
ਜਗਮੋਹਨ ਦੀ ਧਾਰਨਾ ਅਨੁਸਾਰ ਦੂਰ ਦੁਰਾਡੀਆਂ ਥਾਵਾਂ ਵਿਚ ਵਸੇ ਸਿੱਖ ਨਾਨਕਪੰਥੀ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਥੋੜ੍ਹੀ ਵਖਰੀ ਪਹੰੁਚ ਨੂੰ ਪਰਨਾਏ ਹੋਏ ਹਨ। ਇਹ ਪਹੰੁਚ ਸਮਾਜਵਾਦੀ ਵੀ ਹੈ ਤੇ ਕ੍ਰਾਂਤੀਕਾਰੀ ਵੀ।
ਜਾਂਦੇ ਜਾਂਦੇ ਇਹ ਵੀ ਦੱਸਦਿਆਂ ਕਿ ਜਗਮੋਹਨ ਮੇਰੇ ਨਾਲੋਂ ਬਹੁਤ ਛੋਟਾ ਹੈ। ਉਸਦੇ ਕਥਨ ਅਨੁਸਾਰ ਉਸਦਾ ਖੋਜ ਕਾਰਜ ਦਸ ਵਰ੍ਹੇ ਹੋਰ ਮੰਗਦਾ ਹੈ। ਪਰ ਮੈਂ ਚਾਹਾਂਗਾ ਕਿ ਉਹ ਆਪਣੀ ਹੁਣ ਤੱਕ ਦੀ ਖੋਜ ਨੂੰ ਛਪਵਾ ਦੇਵੇ ਤੇ ਬਾਕੀ ਦੀ ਦੂਜੀ ਜਿਲਦ ਵਿਚ ਛਪ ਸਕਦੀ ਹੈ। 89 ਵਰ੍ਹਿਆਂ ਨੂੰ ਢੁਕੇ ਵਿਅਕਤੀ ਤੋਂ 56 ਵਰ੍ਹਿਆਂ ਦੇ ਜਗਮੋਹਨ ਨੂੰ ਇਹ ਸੁਝਾਅ ਦਿੱਤੇ ਬਿਨਾ ਰਿਹਾ ਨਹੀਂ ਜਾਂਦਾ। ਫੈਸਲਾ ਉਸਨੇ ਕਰਨਾ ਹੈ।
ਅੰਤਿਕਾ
ਤਾਰਾ ਸਿੰਘ ਕਾਮਲ
ਰਾਤ ਫੇਰ ਤੁਸੀਂ ਸੁਪਨੇ ਆਏ,
ਆ ਕੇ ਬਹਿ ਗਏ ਕੋਲ
ਰਾਤ ਫੇਰ ਚੰਨ ਅਰਸ਼ੋਂ ਲੱਥਾ,
ਜਿਮੀਂ ਦੀ ਭਰ ਗਿਆ ਝੋਲ
ਹੋਂਠ ਮੇਰੇ ਚੰੁਮਣ ਪਰਛਾਵੇਂ,
ਸੁਹਲ ਬੁਲ੍ਹੀਆਂ ਖੋਲ੍ਹ
ਬੋਟ ਵਾਂਗ ਚਿਚਲਾਵਣ ਤੜਫਣ,
ਪਰ ਨਾ ਸੱਕਣ ਤੋਲ।