ਮੇਰੇ ਨਾਲ ਸਾਂਝੇ ਨੋਬੇਲ ਇਨਾਮ ਵਾਲ਼ੀ ਅਜੀਤ ਕੌਰ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ। ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਵਾਰਤਕ ਪੁਸਤਕਾਂ ਦਾ ਢੇਰ ਲਾ ਰਹੇ ਹਨ। ਪੁਸਤਕਾਂ ਦਾ ਇਹ ਅਜਿਹਾ ਢੇਰ ਹੈ ਜਿਸ ਅੰਦਰ ਰਚਨਾਵਾਂ ਹੀਰੇ-ਮੋਤੀਆਂ ਵਾਂਗ ਪਰੋਈਆਂ ਮਿਲਦੀਆਂ ਹਨ। ਫਲਸਰੂਪ, ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਜ਼ਿਹਨ ਅੰਦਰ ਸਹਿਜੇ ਹੀ ਲਹਿ-ਲਹਿ ਜਾਂਦੀਆਂ ਹਨ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਔਰਤ ਲਿਖਾਰੀਆਂ ਦੀ ਲੜੀ ‘ਕਲਮਾਂ ਵਾਲੀਆਂ’ ਨਾਂ ਹੇਠ ਭੇਜੀ ਹੈ, ਜਿਸ ਵਿਚ ਸਾਹਿਤ ਦੇ ਨਾਲ-ਨਾਲ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਗੱਲਾਂ-ਬਾਤਾਂ ਬਹੁਤ ਸਲੀਕੇ ਨਾਲ ਕੀਤੀਆਂ ਗਈਆਂ ਹਨ। ਇਹ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲੜੀ ਦੇ ਚੌਥੇ ਪੂਰ ਵਿਚ ਉੱਘੀ ਲੇਖਿਕਾ ਅਜੀਤ ਕੌਰ ਬਾਰੇ ਗੱਲਾਂ ਹਨ।

ਅਜੀਤ ਕੌਰ ਪੰਜਾਬੀ ਸਾਹਿਤਕ-ਸਭਿਆਚਾਰਕ ਖੇਤਰ ਵਿਚ ਕਈ ਕੁਝ ਰਹੀ ਹੈ। ‘ਹੈ’ ਦੀ ਥਾਂ ‘ਰਹੀ ਹੈ’ ਇਸ ਕਰਕੇ ਲਿਖਣਾ ਪੈ ਰਿਹਾ ਹੈ ਕਿਉਂਕਿ ਹੁਣ ਉਹ ਬੜੇ ਚਿਰ ਤੋਂ ਕਿਸੇ ਸਾਹਿਤਕ ਸਭਾ-ਸਮਾਗਮ ਵਿਚ ਨਹੀਂ ਆਈ। ਪਹਿਲਾਂ ਉਹਨੇ ਜਾਣ-ਬੁੱਝ ਕੇ, ਆਪਣੇ ਆਪ ਨੂੰ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਤੋਂ ਉੱਚੀ ਹੋ ਗਈ ਸਮਝ ਕੇ ਆਉਣਾ ਬੰਦ ਕਰ ਦਿੱਤਾ। ਫੇਰ ਉਹ ਬੁੱਢੀ, ਮੇਰਾ ਮਤਲਬ ਹੈ ਬਜ਼ੁਰਗ ਹੋ ਗਈ। ਇਸ ਇਕੱਲੀ ਗੱਲ ਕਾਰਨ ਦਿੱਲੀ ਦੇ ਪੰਜਾਬੀ ਸਾਹਿਤਕ ਇਕੱਠ ਬੇਰੌਣਕੇ ਹੋ ਗਏ। ਉਹਦੇ ਆਉਣ ਤੋਂ ਪਹਿਲਾਂ ਹਾਲ ਤਾਂ ਭਾਵੇਂ ਭਰਿਆ ਹੋਇਆ ਹੁੰਦਾ ਪਰ ਸਾਹਿਤਕ ਮੇਲਾ ਉਹਦੇ ਆਉਣ ਨਾਲ ਹੀ ਭਰਦਾ।
ਸਾਹਿਤਕ ਇਕੱਠਾਂ ਵਿਚ ਉਹਦੀ ਹਾਜ਼ਰੀ ਰੌਣਕੀਲੀ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਜਦੋਂ ਉਹ ਬੋਲਦੀ, ਨਤੀਜੇ ਦੀ ਪਰਵਾਹ ਕੀਤੇ ਬਿਨਾਂ ਅਜਿਹਾ ਕੁਝ ਬੇਝਿਜਕ ਬੋਲ ਦਿੰਦੀ ਜੋ ਉਹਨੂੰ ਠੀਕ ਲਗਦਾ। ਪ੍ਰਬੰਧਕਾਂ ਤੇ ਸਰੋਤਿਆਂ ਵਿਚੋਂ ਕੌਣ ਰਾਜ਼ੀ ਰਹਿੰਦਾ ਹੈ ਤੇ ਕੌਣ ਗੁੱਸੇ ਹੁੰਦਾ ਹੈ, ਇਹ ਉਹ ਜਾਣਨ।
ਇਕ ਵਾਰ ਉਹਨੂੰ ਚੰਡੀਗੜ੍ਹ ਇਕ ਸਮਾਗਮ ਵਿਚ ਬੋਲਣ ਲਈ ਬੁਲਾਇਆ ਗਿਆ। ਜਦੋਂ ਉਹਨੇ ਕੇ.ਪੀ.ਐਸ. ਗਿੱਲ ਨੂੰ ਪ੍ਰਧਾਨਗੀ ਦੀ ਕੁਰਸੀ ਉੱਤੇ ਬੈਠਾ ਦੇਖਿਆ, ਉਹ ਪਰੇਸ਼ਾਨ ਹੋ ਗਈ। ਗਿੱਲ ਦਾ ਓਦੋਂ ਪੂਰਾ ਜਲੌਅ ਸੀ। ਸਰਕਾਰ ਅਤੇ ਬਹੁਤੇ ਮੀਡੀਆ ਨੇ ‘ਸੁਪਰਕੌਪ…ਸੁਪਰਕੌਪ…’ ਕਰ ਕੇ ਉਹਨੂੰ ਸਿਰ ਉੱਤੇ ਚੁੱਕਿਆ ਤੇ ਚੰਭਲਾਇਆ ਹੋਇਆ ਸੀ। ਅਜੀਤ ਕੌਰ ਖੜ੍ਹੀ ਹੋਈ ਤੇ ਬੋਲੀ, “ਜਿਸ ਆਦਮੀ ਦੇ ਹੱਥ ਬੇਦੋਸਿਆਂ ਦੇ ਲਹੂ ਨਾਲ ਰੰਗੇ ਹੋਏ ਨੇ, ਮੈਂ ਉਹਦੀ ਪ੍ਰਧਾਨਗੀ ਵਿਚ ਨਹੀਂ ਬੋਲ ਸਕਦੀ!” ਤੇ ਉਹ ਸਮਾਗਮ ਵਿਚੋਂ ਬਾਹਰ ਆ ਗਈ।
ਉਹ ਉਨ੍ਹਾਂ ਲੇਖਕਾਂ ਵਿਚੋਂ ਹੈ ਜਿਹੜੇ ਆਪਣੀਆਂ ਆਰੰਭਕ ਰਚਨਾਵਾਂ ਵਿਚ ਹੀ ਆਪਣੀ ਕਲਾ-ਕੌਸ਼ਲਤਾ ਨੂੰ ਪ੍ਰ਼ਕਾਸ਼ਮਾਨ ਕਰ ਕੇ ਪੱਕੇ ਪੈਰੀਂ ਹੋਏ ਅਤੇ ਫੇਰ ਸਾਹਿਤ-ਮਾਰਗ ਉਤੇ ਸਾਬਤਕਦਮੀ ਨਾਲ ਅੱਗੇ ਵਧਦੇ ਰਹੇ। ਉਹਨੇ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ, ਸਵੈਜੀਵਨੀ ਵੀ ਤੇ ਕਲਮੀ ਚਿਤਰ ਵੀ ਅਤੇ ਸਮਕਾਲੀ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਲੇਖਾਂ ਰਾਹੀਂ ਵੀ ਪ੍ਰਗਟਾਏ। ਪੰਜਾਬੀ ਸਾਹਿਤ ਦਾ ਕੋਈ ਜ਼ਬਾਨੀ ਜਾਂ ਕਲਮੀ ਮੁਲੰਕਣ ਹੋਵੇ ਅਤੇ ਅਜੀਤ ਕੌਰ ਦਾ ਨਾਂ ਨਾ ਆਵੇ, ਇਹ ਸੰਭਵ ਨਹੀਂ। ਜਦੋਂ ਅਜੇ ਉਹ ਘਰੋਂ ਬਾਹਰ ਨਿੱਕਲਦੀ ਹੁੰਦੀ ਸੀ, ਉਹ ਪੰਜਾਬੀ ਸਾਹਿਤਕਾਰਾਂ ਦੇ ਕਿਸੇ ਇਕੱਠ ਵਿਚ ਆਈ ਹੋਵੇ ਅਤੇ ਉਹਦੀ ਰੌਣਕੀਲੀ ਹਾਜ਼ਰੀ ਮਹਿਸੂਸ ਨਾ ਹੋਈ ਹੋਵੇ, ਇਹ ਵੀ ਸੰਭਵ ਨਹੀਂ ਸੀ।
ਅਜੀਤ ਕੌਰ ਨੇ ਆਪਣਾ ਸਾਹਿਤਕ ਸਫ਼ਰ, ਬਹੁਤੀਆਂ ਪੰਜਾਬੀ ਲੇਖਿਕਾਵਾਂ ਵਾਂਗ, ਤਰਕ-ਮੁਕਤ ਨਾਰੀਵਾਦੀ ਨਜ਼ਰੀਏ ਨਾਲ ਕੀਤਾ। ਰਚਨਾ ਤੋਂ ਇਲਾਵਾ ਬਹਿਸ-ਮੁਬਾਹਸਿਆਂ ਵਿਚ ਵੀ ਉਹ ਨਾਰੀ ਦੇ ਅਧਿਕਾਰਾਂ ਲਈ ਪੂਰੇ ਜਲੌਅ ਨਾਲ ਸ਼ਬਦੀ ਭਗੌਤੀ ਧੂਹ ਲੈਂਦੀ ਸੀ। ਬਹੁਤ ਸਾਲ ਪਹਿਲਾਂ ਮੈਂ ਇਕ ਸਭਾ ਵਿਚ ਆਪਣੀ ਕਹਾਣੀ ‘ਮੈਂ ਗਜ਼ਨਵੀ ਨਹੀਂ’ ਪੜ੍ਹੀ। ਅਜੀਤ ਕੌਰ ਵੀ ਹਾਜ਼ਰ ਸੀ। ਕਹਾਣੀ ਦੀ ਮੂਲ ਭਾਵਨਾ, ਜੋ ਸਾਧਾਰਨ ਪਾਠਕ ਲਈ ਵੀ ਸਪੱਸ਼ਟ ਤੇ ਉਜਾਗਰ ਸੀ ਅਤੇ ਜਿਸ ਦਾ ਨਾਰੀ-ਵਿਰੋਧ ਜਾਂ ਨਾਰੀ-ਨਿੰਦਿਆ ਨਾਲ ਕੋਈ ਵੀ ਲੈਗਾ-ਦੇਗਾ ਨਹੀਂ ਸੀ, ਨੂੰ ਲਾਂਭੇ ਧਕਦਿਆਂ ਉਹ ਕਰੋਧਿਤ ਹੋ ਕੇ ਬੋਲੀ, “ਅੱਛਾ, ਜਿੰਨਾ ਚਿਰ ਔਰਤ ਸੁਹਣੀ ਹੈ, ਤੁਸੀਂ ਉਹਦੇ ਪਿੱਛੇ-ਪਿੱਛੇ ਫਿਰੋਂਗੇ, ਤੇ ਜਿਉਂ ਹੀ ਸੁੰਦਰਤਾ ਮਾਂਦ ਪੈ ਗਈ, ਤੁਹਾਡੀ ਮਿਲਣ ਦੀ ਚਾਹ ਵੀ ਨਹੀਂ ਰਹਿੰਦੀ।” ਤੇ ਫੇਰ ਉਹਨੇ ਨੱਕ ਸਕੋੜਿਆ, “ਖ਼ੁਦਗ਼ਰਜ਼ ਮਰਦ-ਜਾਤ।”
ਇਹ ਗੱਲ ਪੰਜਾਬੀ ਕਹਾਣੀ ਲਈ ਸ਼ੁਭ ਰਹੀ ਕਿ ਛੇਤੀ ਹੀ ਅਜੀਤ ਕੌਰ ਇਸ ਕਥਿਤ ਨਾਰੀਵਾਦੀ ਨਜ਼ਰੀਏ ਤੋਂ ਮਾਨਵਵਾਦੀ ਨਜ਼ਰੀਏ ਉਤੇ ਪੁੱਜ ਗਈ ਜਿਸ ਅਨੁਸਾਰ ਸਮੁੱਚੀ ਮਾਨਵ-ਜਾਤੀ ਦਾ ਕਲਿਆਣ ਹੀ ਨਾਰੀ ਅਤੇ ਪੁਰਸ਼ ਦੇ ਸੰਤੁਲਿਤ ਕਲਿਆਣ ਦੀ ਜ਼ਾਮਨੀ ਹੋ ਸਕਦਾ ਹੈ। ਤਰਕਹੀਣ ਨਾਰੀਵਾਦ ਤਿਆਗਣ ਮਗਰੋਂ ਸਾਹਿਤਕਾਰ ਵਜੋਂ ਅਜੀਤ ਕੌਰ ਦਾ ਅਰਥ ਹੋ ਗਿਆ ਜਜ਼ਬਿਆਂ ਦੀ ਸ਼ਿੱਦਤ, ਭਾਵਨਾਵਾਂ ਦਾ ਤੀਬਰ ਵੇਗ। ਉਹ ਆਪਣੀ ਕਹਾਣੀ ਲਈ ਕਿਸੇ ਵਿਸ਼ੇ ਨੂੰ ਤਦ ਹੀ ਸਵੀਕਾਰ ਕਰਦੀ ਜਦੋਂ ਉਹਨੂੰ ਆਪਣੇ ਦਿਲ ਦੀ ਧੁਰ ਗਹਿਰਾਈ ਤੱਕ ਮਹਿਸੂਸ ਕਰ ਸਕੇ। ਉਸ ਵਿਸ਼ੇ ਦੇ ਗਲਪੀ ਵਿਕਾਸ ਦੌਰਾਨ ਆਉਣ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਘਟਨਾਵਾਂ ਦੌਰਾਨ ਪਾਤਰਾਂ ਵਿਚਕਾਰ ਕਾਇਮ ਹੋਣ ਵਾਲੇ ਰਿਸ਼ਤਿਆਂ-ਉਹ ਰਿਸ਼ਤੇ ਪਿਆਰ ਦੇ ਹੋਣ ਜਾਂ ਨਫ਼ਰਤ ਦੇ, ਖ਼ੌਫ਼ ਦੇ ਹੋਣ ਜਾਂ ਮਮਤਾ ਦੇ-ਦੀ ਜਜ਼ਬਾਤੀ ਸ਼ਿੱਦਤ ਨੂੰ ਆਪਣੇ ਮਨ ਉਤੇ ਬਿਨਾਂ ਕਿਸੇ ਰੱਖ-ਰਖਾ ਦੇ ਹੰਢਾਉਂਦੀ।
ਇਕ ਕਹਾਣੀਕਾਰ ਵਜੋਂ ਉਹਦੀ ਸਫਲਤਾ ਇਸ ਗੱਲ ਵਿਚ ਵੀ ਹੈ ਕਿ ਜਜ਼ਬਿਆਂ ਨੂੰ ਉਹ ਜਿਸ ਸ਼ਿੱਦਤ ਨਾਲ ਆਪ ਮਹਿਸੂਸ ਕਰਦੀ ਸੀ, ਉਸੇ ਸ਼ਿੱਦਤ ਨਾਲ ਪਾਠਕਾਂ ਤੱਕ ਪੁੱਜਦੇ ਵੀ ਕਰ ਦਿੰਦੀ ਸੀ। ਇਹਦਾ ਆਧਾਰ ਉਹਦੀ ਭਾਸ਼ਾਈ ਸੂਝ ਸੀ ਜਿਸ ਸਦਕਾ ਉਹਨੂੰ ਆਪਣੀਆਂ ਭਾਵਨਾਵਾਂ ਦੇ ਮੇਚ ਦੇ ਸ਼ਬਦ ਲੱਭਣ ਵਿਚ ਕਦੀ ਕੋਈ ਔਖ ਜਾਂ ਤੋਟ ਨਹੀਂ ਸੀ ਆਉਂਦੀ। ਉਹਦੀ ਕਲਮ ਦੀ ਨੋਕ ਵਿਚੋਂ ਸ਼ਬਦ ਉਸੇ ਤੀਬਰ ਵੇਗ ਨਾਲ ਨਿਕਲਦੇ ਜਿਸ ਤੀਬਰ ਵੇਗ ਨਾਲ ਰਚਨਾ ਦੇ ਕਰਤਾਰੀ ਕਰਮ ਵਿਚ ਪਏ ਹੋਏ ਉਹਦੇ ਮਨ ਅੰਦਰ ਜਜ਼ਬੇ ਠਾਠਾਂ ਮਾਰਦੇ।
ਇਕ ਹੋਰ ਕਲਾ, ਜਿਸ ਵਿਚ ਉਹ ਨਿਪੁੰਨ ਹੈ, ਉਹ ਹੈ ਅਪਣੱਤ ਦਿਖਾਉਣ-ਜਤਾਉਣ ਦੀ ਕਲਾ। ਉਹ ਦਿਲ ਦੇ ਕਾਂਸੀ-ਕਟੋਰੇ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੇ ਮੋਹ ਵਾਲੀ ਖੂਬਸੂਰਤ ਇਨਸਾਨ ਬਣ ਕੇ ਸਾਹਮਣੇ ਆਉਂਦੀ ਹੈ। ਉਹ ਗੱਲਬਾਤ ਵਿਚ ਨੇੜਤਾ ਦੇ ਅਜਿਹੇ ਸ਼ਬਦ ਵਰਤਦੀ ਹੈ ਕਿ ਸੁਣਨ ਵਾਲਾ ਮਗਰੋਂ ਇਸ ਦੁਬਿਧਾ ਵਿਚ ਪਿਆ ਸੋਚਦਾ ਹੀ ਰਹਿ ਜਾਂਦਾ ਹੈ ਕਿ ਉਹਨੇ ਬੋਲਦਿਆਂ ਸੱਚਮੁੱਚ ਅਜਿਹਾ ਕਿਹਾ ਸੀ ਕਿ ਉਹਦੇ ਆਪਣੇ ਹੀ ਕੰਨ ਵੱਜੇ ਸਨ।
ਬਹੁਤ ਪੁਰਾਣੀ ਗੱਲ ਹੈ, ਕੋਈ ਚਾਰ ਦਹਾਕੇ ਪਹਿਲਾਂ ਦੀ। ਸਵਰਗੀ ਹਰਪਾਲਜੀਤ ਪਾਲੀ ਦੀ ਚਿੱਠੀ ਆਈ। ਉਹਨੇ ਦੱਸਿਆ ਕਿ ਉਹ ਪੰਜਾਬੀ ਦੀਆਂ ‘ਲੁੱਚੀਆਂ ਕਹਾਣੀਆਂ’ ਦਾ ਸੰਗ੍ਰਹਿ ਤਿਆਰ ਕਰ ਰਿਹਾ ਹੈ ਅਤੇ ਉਹਨੇ ਮੇਰੀ ਕਹਾਣੀ ‘ਵੱਤਰ’ ਸ਼ਾਮਲ ਕਰਨ ਦੀ ਆਗਿਆ ਮੰਗੀ। ਉਹਦੀ ਵਿਉਂਤ ਨਾਲ ਹੀ ਮੇਰੀ ਮੁਕੰਮਲ ਅਸਹਿਮਤੀ ਸੀ ਅਤੇ ਇਹ ਗੱਲ ਮੈਂ ਉਹਨੂੰ ਲਿਖੀ ਭੇਜੀ। ਮੈਂ ਉਹਨੂੰ ਇਹ ਵੀ ਲਿਖ ਭੇਜਿਆ ਕਿ ‘ਵੱਤਰ’ ਨੂੰ ਜਾਂ ਆਪਣੀ ਹੋਰ ਕਿਸੇ ਵੀ ਕਹਾਣੀ ਨੂੰ ਮੈਂ ‘ਲੁੱਚੀ ਕਹਾਣੀ’ ਨਾ ਸਮਝਦਾ ਹਾਂ ਅਤੇ ਨਾ ਕਹਾਉਣਾ ਹੀ ਚਾਹੁੰਦਾ ਹਾਂ ਕਿਉਂਕਿ ਮੈਂ ਇਸਤਰੀ-ਪੁਰਸ਼ ਸੰਬੰਧਾਂ ਬਾਰੇ ਕੋਈ ਕਹਾਣੀ ਵੀ ਕਦੇ ਲੁੱਚਾ ਬਣ ਕੇ ਨਹੀਂ ਲਿਖੀ। ਪਰ ਉਹ ਬਜ਼ਿੱਦ ਰਿਹਾ ਕਿ ਮੈਂ ਉਹਦੀ ਯੋਜਨਾ ਦੇ ਠੀਕ-ਬੇਠੀਕ ਹੋਣ ਦੀ ਗੱਲ ਨਾ ਕਰਾਂ ਅਤੇ ‘ਵੱਤਰ’ ਦੀ ਆਗਿਆ ਜ਼ਰੂਰ ਭੇਜਾਂ। ਮੈਂ ਆਗਿਆ ਭੇਜ ਦਿੱਤੀ।
ਫੇਰ ਉਹ ਇਕ-ਦੋ ਹੋਰ ਲੇਖਕਾਂ ਦੇ ਉੱਤਰ ਪ੍ਰਾਪਤ ਨਾ ਹੋਣ ਕਾਰਨ ਉਨ੍ਹਾਂ ਤੋਂ ਆਗਿਆ ਦਿਵਾਉਣ ਲਈ ਕਹਿਣ ਲੱਗ ਪਿਆ। ਉਹ ਹਰ ਚਿੱਠੀ ਵਿਚ ਲਿਖਦਾ ਕਿ ਪ੍ਰਕਾਸ਼ਕ ਬਹੁਤ ਕਾਹਲੀ ਕਰ ਰਿਹਾ ਹੈ। ਆਗਿਆ ਨਾ ਦੇਣ ਵਾਲੇ ਇਨ੍ਹਾਂ ਲੇਖਕਾਂ ਵਿਚ ਅਜੀਤ ਕੌਰ ਵੀ ਸ਼ਾਮਲ ਸੀ। ਉਹਨੇ ਉਹਦੀ ਕਹਾਣੀ ‘ਪੰਜ ਰੁਪਏ ਵਾਲਾ ਕੰਮ’ ਚੁਣੀ ਸੀ। ਮੈਂ ਅਜੀਤ ਕੌਰ ਨੂੰ ਫ਼ੋਨ ਕੀਤਾ। ਇਹ ਸਤਿਯੁਗ ਦਾ ਸਮਾਂ ਸੀ ਅਤੇ ਓਦੋਂ ਉਹ ਆਪ ਫ਼ੋਨ ਚੁਕਦੀ ਹੁੰਦੀ ਸੀ। ਮੈਂ ਕਿਹਾ, “ਤੁਹਾਨੂੰ ਹਰਪਾਲਜੀਤ ਪਾਲੀ ਨਾਂ ਦੇ ਮੁੰਡੇ ਨੇ ਦੋ-ਤਿੰਨ ਚਿੱਠੀਆਂ ਲਿਖੀਆਂ ਨੇ, ਤੁਸੀਂ ਕਹਾਣੀ ਛਾਪਣ ਦੀ ਆਗਿਆ ਦੇ ਦੇਣੀ ਸੀ।”
ਉਹਨੇ ਜਵਾਬ ਦਿੱਤਾ, “ਚਿੱਠੀਆਂ ਤੋਂ ਮੈਨੂੰ ਉਹ ਕੋਈ ਝੱਲਾ ਜਿਹਾ ਲੱਗਿਆ।”
ਮੈਂ ਹੈਰਾਨ ਹੋਇਆ, ਇਹ ਉਹਦੀਆਂ ਕਹਾਣੀ ਛਾਪਣ ਦੀ ਆਗਿਆ ਮੰਗਣ ਵਰਗੀਆਂ ਸਾਧਾਰਨ ਚਿੱਠੀਆਂ ਤੋਂ ਹੀ ਏਨਾ ਸਹੀ ਨਤੀਜਾ ਕਿਵੇਂ ਕੱਢ ਗਈ! ਤੇ ਫੇਰ ਕਹਿਣ ਲੱਗੀ, “ਜੇ ਉਹਨੇ ਤੇਰੇ ਤੱਕ ਪਹੁੰਚ ਕੀਤੀ ਹੈ, ਤੂੰ ਤਾਂ ਹੋਇਆ ਮੇਰਾ ਪਿਆਰਾ ਦੋਸਤ, ਮੇਰੇ ਵੱਲੋਂ ਆਪੇ ‘ਹਾਂ’ ਕਰ ਦੇਣੀ ਸੀ।”
ਪਿਆਰਾ ਦੋਸਤ? ਉਹ ਵੀ ਕਿਸੇ ਨੂੰ ਉਹਦੀ ਕਹਾਣੀ ਲਈ ‘ਹਾਂ’ ਜਾਂ ‘ਨਾਂਹ’ ਕਰਨ ਦੇ ਅਖ਼ਤਿਆਰ ਵਾਲ਼ਾ? ਮੈਨੂੰ ਸਮਝ ਨਾ ਆਵੇ ਕਿ ਮੈਂ ਹੈਰਾਨ ਹੋਵਾਂ ਜਾਂ ਖ਼ੁਸ਼ ਹੋਵਾਂ। ਮਗਰੋਂ ਦੇਖਣ-ਸੁਣਨ ਵਿਚ ਆਇਆ ਕਿ ਉਹ ਅਜਿਹੇ ਮੌਕਿਆਂ ਉਤੇ ਸ਼ਬਦ ‘ਦੋਸਤ’ ਹੀ ਨਹੀਂ, ‘ਯਾਰ’ ਵੀ ਸਹਿਜੇ ਹੀ ਵਰਤ ਲੈਂਦੀ ਸੀ।
(ਇਹ ਇਕ ਵੱਖਰੀ ਅਤੇ ਦਿਲਚਸਪ ਕਹਾਣੀ ਹੈ ਕਿ ਇਸ ਪਿੱਛੋਂ ਪਾਲੀ ਕਹਿਣ ਲੱਗ ਪਿਆ, ਹੁਣ ਮੈਂ ਉਹਨੂੰ ਪ੍ਰਕਾਸ਼ਕ ਵੀ ਲੱਭ ਕੇ ਦਿਆਂ ਤਾਂ ਜੋ ਉਹਦੀ ‘ਏਨੀ ਮਿਹਨਤ’ ਬੇਕਾਰ ਨਾ ਜਾਵੇ। ਮੈਂ ਉਹਦੇ ਕਾਹਲੇ ਪ੍ਰਕਾਸ਼ਕ ਦੇ ਹਵਾਲੇ ਨਾਲ ਸਪੱਸ਼ਟ ਅਸਮਰੱਥਾ ਦੱਸ ਦਿੱਤੀ। ਉਹ ਕਹਿੰਦਾ, ਕਾਹਲ਼ੇ ਪ੍ਰਕਾਸ਼ਕ ਦੀ ਗੱਲ ਤਾਂ ਮੈਂ ਕਹਾਣੀਆਂ ਛੇਤੀ ਮੰਗਵਾਉਣ ਲਈ ਆਖਦਾ ਸੀ। ਆਖ਼ਰ ਪੂਰਾ ਇਕ ਦਹਾਕਾ ਲੰਘਣ ਮਗਰੋਂ, 1991 ਵਿਚ, ਉਹ ਇਹ ਪੁਸਤਕ ‘ਪੰਜਾਬੀ ਦੀਆਂ ਬੇਬਾਕ ਕਹਾਣੀਆਂ’ ਦੇ ਨਾਂ ਹੇਠ ਪ੍ਰਕਾਸ਼ਿਤ ਕਰਵਾਉਣ ਵਿਚ ਸਫਲ ਹੋ ਹੀ ਗਿਆ।)
ਭਾਵੇਂ ਸਾਹਿਤਕ ਸੰਗਠਨਾਂ ਨਾਲ ਅਜੀਤ ਕੌਰ ਦੀ ਸਾਂਝ ਪੁਰਾਣੀ ਸੀ, ਪਰ ਉਹਦੀ ਜਥੇਬੰਦਕ ਸਮਰੱਥਾ ਉਸ ਸਮੇਂ ਸਾਹਮਣੇ ਆਈ ਜਦੋਂ ਦਸੰਬਰ 1987 ਵਿਚ ਉਹਨੇ ਦਿੱਲੀ ਵਿਚ ਪੰਜਾਬੀ ਕਹਾਣੀ-ਦਰਬਾਰ ਕਰਵਾਇਆ। ਉਹ ਕਹਿੰਦੀ, “ਕਵੀ ਦਰਬਾਰ ਤਾਂ ਸਦਾ ਤੋਂ ਹੁੰਦੇ ਆਏ। ਖਾਸ ਕਰ ਕੇ ਜਦੋਂ ਦੇ ਆਜ਼ਾਦੀ ਦਿਹਾੜੇ ਤੇ ਰੀਪਬਲਿਕ ਦਿਨ ਨਾਲ਼ ਜੋੜੇ ਗਏ ਇਹ ਕਵੀ ਦਰਬਾਰ, ਓਦੋਂ ਦੀ ਤਾਂ ਤੁਕਾਂ ਜੋੜਨ ਵਾਲ਼ਿਆਂ ਦੀ ਮੌਜ ਹੀ ਹੋ ਗਈ।…ਪਰ ਕਹਾਣੀ ਦਰਬਾਰ? ਕਹਾਣੀ ਵੀ ਕੋਈ ਸੁਣਾਉਣ ਦੀ ਚੀਜ਼ ਐ? ਕਹਾਣੀ ਸਿਰਫ਼ ਇੱਕੋ ਬੰਦਾ ਸੁਣਾ ਸਕਦਾ ਏ, ਤੇ ਉਹ ਐ ਦੇਵਿੰਦਰ ਸਤਿਆਰਥੀ।” ਤਾਂ ਵੀ ਉਹਦੇ ਇਸ ਕਾਰਨਾਮੇ ਦੇ ਤਿੰਨ ਸੈਸ਼ਨਾਂ ਵਿਚ ਭਾਰਤੀ ਪੰਜਾਬੀ ਕਹਾਣੀਕਾਰਾਂ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਤਾਂ ਸ਼ਾਮਲ ਹੋਏ ਹੀ, ਚੌਥਾ ਸੈਸ਼ਨ ਉਰਦੂ ਅਤੇ ਹਿੰਦੀ ਕਹਾਣੀ ਦੇ ਲੇਖੇ ਵੀ ਲਾਇਆ ਗਿਆ।
ਇਧਰਲੀ ਪੰਜਾਬੀ ਕਹਾਣੀ ਬਾਰੇ ਡਾ. ਰਘਬੀਰ ਸਿੰਘ ਨੇ ਤੇ ਲਹਿੰਦੇ ਪੰਜਾਬ ਦੀ ਕਹਾਣੀ ਬਾਰੇ ਸਿਬਤੁਲ ਹਸਨ ਜ਼ੈਗ਼ਮ ਨੇ ਵਿਚਾਰ ਸਾਂਝੇ ਕੀਤੇ। ਹਿੰਦੀ ਕਹਾਣੀ ਦੀ ਪਛਾਣ ਕਮਲੇਸ਼ਵਰ ਨੇ ਕਰਵਾਈ ਤੇ ਉਰਦੂ ਕਹਾਣੀ ਦੀ ਗੋਪੀ ਚੰਦ ਨਾਰੰਗ ਨੇ। ਇਧਰਲੇ ਪੰਜਾਬੀ ਕਹਾਣੀਕਾਰ ਤਾਂ ਵਹੀਰਾਂ ਘੱਤ ਕੇ ਆਏ ਹੀ, ਪਾਕਿਸਤਾਨ ਤੋਂ ਸਿਬਤੁਲ ਹਸਨ ਜ਼ੈਗ਼ਮ ਤੋਂ ਇਲਾਵਾ ਫ਼ਖ਼ਰ ਜ਼ਮਾਨ, ਅਫ਼ਜ਼ਲ ਅਹਿਸਨ ਰੰਧਾਵਾ ਤੇ ਮੁਹੰਮਦ ਮਨਸ਼ਾ ਯਾਦ ਵੀ ਆਏ।
ਮਗਰੋਂ ਅਜੀਤ ਕੌਰ ਨੇ ਕਹਾਣੀ-ਦਰਬਾਰ ਬਾਰੇ ਲਿਖਦਿਆਂ ਕਿਹਾ, “ਮੇਲਾ, ਹਜ਼ੂਰ, ਮੇਲਾ! ਮੇਲੇ ਜਿਹਾ ਮੇਲਾ!” ਰੌਣਕਾਂ ਵੱਲ ਦੇਖਦਿਆਂ ਠੀਕ ਹੀ ਇਹ ਮੇਲਾ ਸੀ। “ਓਹੀ ਤ੍ਰਵੈਣੀ ਹਾਲ ਜਿਸਦੀਆਂ ਖ਼ਾਲੀ ਕੁਰਸੀਆਂ ਹਰ ਫ਼ੰਕਸ਼ਨ ਵੇਲ਼ੇ ਉਬਾਸੀਆਂ ਲੈਂਦੀਆਂ ਦਿੱਸਿਆ ਕਰਦੀਆਂ ਸਨ, ਭਰ ਕੇ ਛੁਲ੍ਹਕ ਰਿਹਾ ਸੀ। ਲੋਕ ਕਾਲੀਨਾਂ ’ਤੇ ਵੀ ਬੈਠੇ ਸਨ, ਭੁੰਜੇ ਵੀ, ਪੌੜੀਆਂ ਵਿਚ ਵੀ, ਤੇ ਕੰਧਾਂ ਨਾਲ਼ ਲੱਗ ਕੇ ਖੜੋਤੇ ਵੀ ਹੋਏ ਸਨ।…ਕਹਾਣੀਕਾਰ! ਕਹਾਣੀਆਂ! ਗੱਪਾਂ! ਕੋਸੀਆਂ, ਰੇਸ਼ਮੀ ਧੁੱਪਾਂ ਵਿਚ ਹਮ-ਨਿਵਾਲਾ ਹੋ ਰਹੇ ਦੋਸਤ! ਤੇ ਸ਼ਾਮੀਂ ਹਮ-ਪਿਆਲਾ (ਕਾਫ਼ੀ ਦਾ!) ਹਾਂ, ਮਗਰੋਂ ਪ੍ਰਾਈਵੇਟ ਮਹਿਫ਼ਲਾਂ ਵੀ ਹੋਈਆਂ, ਅੱਧੀ ਅੱਧੀ ਰਾਤ ਤੱਕ! ਤੇ ਪਿਆਲਿਆਂ ਦੀ ਲਾਜ ਰੱਖੀ ਗਈ! ਤੇ ਰਾਤੀ ਮਹਿਫ਼ਲਾਂ ਦਾ ਨਿੱਘ! ਦੋਸਤਾਂ ਦੀਆਂ ਮਿਲਣੀਆਂ। ਸਾਹਿਤਕ ਤੇ ਸਮਾਜਕ ਤੇ ਰਾਜਨੀਤਕ ਤੇ ਜ਼ਾਤੀ ਖ਼ਿਆਲਾਂ ਦੇ ਮੁਕਤ ਵਟਾਂਦਰੇ!” ਇਹ ਗੱਲ ਵੱਖਰੀ ਹੈ ਕਿ ਪਿਆਲਿਆਂ ਦੀ ਲਾਜ ਰੱਖਣ ਦੇ ਇਸ ਚੱਕਰ ਨੇ ਤੇ ਰਾਤੀ ਮਹਿਫ਼ਲਾਂ ਦੇ ਨਿੱਘ ਨੇ ਪੁਆੜੇ ਵੀ ਬੜੇ ਪਾਏ!
ਮਗਰੋਂ ਉਥੇ ਪੜ੍ਹੀਆਂ ਗਈਆਂ ਵਿਚੋਂ ਉਹਨੇ ਬਾਈ ਕਹਾਣੀਆਂ ਚੁਣੀਆਂ ਤੇ ਪੁਸਤਕ ‘ਕਹਾਣੀ ਦਰਬਾਰ’ ਛਪਵਾਈ। ਉਹਦੇ ਮੂਹਰੇ ਆਪ ‘ਕਿੱਸਾ ਕਹਾਣੀ ਦਰਬਾਰ ਦਾ’ ਲਿਖਿਆ ਤੇ ਕਰਤਾਰ ਸਿੰਘ ਦੁੱਗਲ ਤੋਂ ‘ਅਜੋਕੀ ਪੰਜਾਬੀ ਕਹਾਣੀ’ ਲੇਖ ਲਿਖਵਾਇਆ। ਇਸ ਸਾਰੇ ਰਾਮ-ਰੌਲ਼ੇ ਦਾ ਸਿੱਟਾ ਇਹ ਨਿਕਲਿਆ ਕਿ ਅਜੀਤ ਕੌਰ ਪੰਜਾਬੀ ਕਹਾਣੀ ਦੇ ਦਿੱਲੀ ਮੰਡਲ ਦੀ ਮਹਾਂਮੰਡਲੇਸ਼ਵਰ, ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਮਹੰਤ ਬਣ ਗਈ।
ਇਸ ਕਹਾਣੀ-ਦਰਬਾਰ ਸਮੇਂ ਉਹ ਜਿਹੜਾ ਕਥਾਤਮਕ ਮਾਹੌਲ ਸਿਰਜਣ ਦੇ ਸਮਰੱਥ ਹੋਈ, ਉਹ ਲਾਸਾਨੀ ਸੀ। ਕਿਸੇ ਇਕ ਵਿਧਾ ਨਾਲ ਸੰਬੰਧਿਤ ਏਨਾ ਸਫਲ ਦਰਬਾਰ ਪੰਜਾਬੀ ਵਿਚ ਘੱਟ ਹੀ ਦੇਖਣ ਵਿਚ ਆਇਆ ਹੈ। ਕਹਾਣੀ-ਦਰਬਾਰ ਵਾਲੇ ਹਾਲ ਤੋਂ ਬਾਹਰ ਵੀ ਅਜਿਹਾ ਸੁਖਾਵਾਂ ਮਾਹੌਲ ਬਣਿਆ ਰਿਹਾ ਕਿ ਲੇਖਕ ਇਕ ਦੂਜੇ ਨੂੰ ਚਿਰਾਂ ਵਿਛੁੰਨਿਆਂ ਵਾਂਗ ਧਾਹ ਗਲਵੱਕੜੀਆਂ ਪਾ-ਪਾ ਮਿਲੇ। ਬਿਚਾਰੇ ਸਾਡੇ ਬਠਿੰਡੇ-ਬਰਨਾਲੇ ਦੇ ਲੇਖਕ ਹੈਰਾਨ ਹੋ ਕੇ ਪੁੱਛਣ, “ਤੁਸੀਂ ਦਿੱਲੀ ਵਾਲੇ ਲੇਖਕ-ਲੇਖਿਕਾਵਾਂ ਇਕ ਦੂਜੇ ਨੂੰ ਇਉਂ ਹੀ ਮਿਲਦੇ ਹੋ?” ਸਾਡੀ ਹਾਂ ਸੁਣ ਕੇ ਉਹ ਹਉਕਾ ਲੈਣ, “ਤਦੇ ਹੀ ਤਾਂ ਐਨਾ ਵਧੀਆ ਲਿਖ ਲੈਂਦੇ ਹੋ!”
ਫੇਰ ਯੁੱਗ ਬਦਲ ਗਿਆ। ਅਜੀਤ ਕੌਰ ਨਾਲ ਫ਼ੋਨ ਰਾਹੀਂ ਗੱਲ ਕਰਨੀ ਵੀ ਸੰਭਵ ਨਾ ਰਹੀ। ਉਹਨੇ ਫ਼ੋਨ ਆਪ ਚੁੱਕਣਾ ਬੰਦ ਕਰ ਦਿੱਤਾ ਅਤੇ ਚਿੜੀ ਚੂਕਣ ਤੋਂ ਲੈ ਕੇ ਤਾਰਿਆਂ ਦੀ ਛਾਂ ਤੱਕ ਪਤਾ ਨਹੀਂ ਕਿਹੜੇ ਰਾਹਾਂ ਦੀ ਪਾਂਧੀ ਬਣ ਕੇ ਜਾਂ ਕਿਨ੍ਹਾਂ ਸੁਭਾਗਿਆਂ ਦੀ ਮਹਿਮਾਨ ਬਣ ਕੇ ‘ਘਰੋਂ ਬਾਹਰ’ ਰਹਿਣ ਲੱਗੀ। ਪਹਿਲਾਂ ਦੋ ਵਾਰ ਇਸ ਅਨੁਭਵ ਵਿਚੋਂ ਲੰਘਿਆ ਹੋਣ ਦੇ ਬਾਵਜੂਦ ਤੀਜੀ ਵਾਰ ਫੇਰ ਲੰਘਣਾ ਪਿਆ।
ਇਕ ਪੁਸਤਕ ਦੇ ਸੰਪਾਦਨ ਲਈ ਜਸਬੀਰ ਭੁੱਲਰ ਨੇ ਦਿੱਲੀ ਤੋਂ ਅਜੀਤ ਕੌਰ ਬਾਰੇ ਲੇਖ ਲਿਖ ਸਕਣ ਵਾਲਿਆਂ ਦੇ ਨਾਂ ਪੁੱਛੇ ਤਾਂ ਇਕ-ਦੋ ਨਾਂ ਦੱਸਣ ਮਗਰੋਂ ਮੈਂ ਸੁਝਾਅ ਦਿੱਤਾ, “ਚੰਗਾ ਹੋਵੇ, ਆਪਾਂ ਅਜੀਤ ਕੌਰ ਤੋਂ ਹੀ ਪੁੱਛ ਲਈਏ, ਪਰ ਜੇ ਉਹਨੂੰ ਫ਼ੋਨ ਹੋ ਸਕਿਆ, ਤਦ।”
ਜਸਬੀਰ ਨੇ ਇਹ ਕੰਮ ਮੈਨੂੰ ਸੌਂਪ ਦਿੱਤਾ। ਮੈਂ ਅਗਲੇ ਦਿਨ ਨੌਂ ਕੁ ਵਜੇ ਫ਼ੋਨ ਕੀਤਾ। ਅਗੋਂ ਇਕ ਮਰਦਾਵੀਂ ਆਵਾਜ਼ ਨੇ ਮੇਰਾ ਅੱਗਾ-ਪਿੱਛਾ ਪੁੱਛ ਕੇ ਕਿਹਾ, “ਉਹ ਤਾਂ ਘਰੋਂ ਚਲੇ ਗਏ ਨੇ।” ਮੇਰੀ “ਕਦੋਂ ਆਉਣਗੇ” ਦੀ ਪੁੱਛ ਦੇ ਜਵਾਬ ਵਿਚ ਉਹੋ ਆਵਾਜ਼ ਬੋਲੀ, “ਇਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ।” ਸ਼ਾਮ ਨੂੰ ਸੱਤ ਕੁ ਵਜੇ ਫ਼ੋਨ ਕੀਤਾ ਤਾਂ ਉਸੇ ਆਵਾਜ਼ ਨੇ ਦੱਸਿਆ, “ਉਹ ਤਾਂ ਅਜੇ ਆਏ ਨਹੀਂ।” ਅਗਲੇ ਦਿਨ ਮੈਂ ਇਹੋ ਕਰਮ ਸਵੇਰੇ ਨੌਂ ਵਜੇ ਦੀ ਥਾਂ ਸੱਤ ਬਜੇ ਅਤੇ ਸ਼ਾਮ ਨੂੰ ਸੱਤ ਬਜੇ ਦੀ ਥਾਂ ਨੌਂ ਵਜੇ ਦੁਹਰਾਇਆ ਤਾਂ ਵੀ ਉਹ ਸਵੇਰੇ ਜਾ ਚੁੱਕੀ ਸੀ ਅਤੇ ਸ਼ਾਮੀਂ ਆਈ ਨਹੀਂ ਸੀ। ਪਹਿਲਾਂ ਮੈਂ ਸੋਚਿਆ, ਇਹ ਫ਼ੋਨ ਨਾਲ ਜੋੜੀ ਹੋਈ ਮਸ਼ੀਨ ਹੈ। ਪਰ ਫੇਰ ਖ਼ਿਆਲ ਆਇਆ ਕਿ ਇਹ ਮਸ਼ੀਨ ਤਾਂ ਭਰਿਆ ਹੋਇਆ ਇਕੋ ਜਵਾਬ ਦੇਣ ਦੀ ਥਾਂ ਹਰ ਪੁੱਛ ਦਾ ਢੁੱਕਵਾਂ ਜਵਾਬ ਦਿੰਦੀ ਹੈ। ਹੈਰਾਨੀ ਹੋਈ ਕਿ ਅਜੀਤ ਕੌਰ ਨੇ ਅਜਿਹੀ ਵਧੀਆ ਮਨੁੱਖੀ ਮਸ਼ੀਨ ਕਿਥੋਂ ਲੱਭ ਲਿਆਂਦੀ!
ਜੇ ਕੋਈ ਗ਼ਲਤੀ ਨਾਲ ਇਹ ਸੋਚ ਲਵੇ ਕਿ ਚਲੋ, ਫੋਨ ਨਹੀਂ ਮਿਲਦਾ ਤਾਂ ਜਾ ਕੇ ਹੀ ਮਿਲ ਆਉਂਦੇ ਹਾਂ, ਉਹਨੂੰ ਬੂਹੇ ਉਤੇ ਦਰਬਾਨ ਖੜ੍ਹਾ ਮਿਲਦਾ ਹੈ। ਉਹ ਰਜਿਸਟਰ ਕੱਢ ਕੇ “ਆਪ ਕਾ ਨਾਮ, ਬਾਪ ਕਾ ਨਾਮ” ਪੁਛਦਿਆਂ ਬੋਲਦਾ ਹੈ ਕਿ ਮਿਲਣ ਦੀ ਆਗਿਆ ਵਾਲਿਆਂ ਦੀ ਅਜੀਤ ਕੌਰ ਜੀ ਦੀ ਅੱਜ ਦੀ ਸੂਚੀ ਵਿਚ ਅਜਿਹਾ ਕੋਈ ਨਾਂ ਦਰਜ ਨਹੀਂ। ਤੁਸੀਂ ਵਾਪਸ ਹੋ ਕੇ ਖਿਝਦੇ, ਖਪਦੇ ਅਤੇ ਹੈਰਾਨ-ਪਰੇਸ਼ਾਨ ਤੇ ਪਸ਼ੇਮਾਨ ਹੰੁਦੇ ਹੋ ਕਿ ਆਪਣੀ ਅਜੀਤ ਕੌਰ ਨੂੰ ਆਖ਼ਰ ਇਹ ਹੋ ਕੀ ਗਿਆ ਹੈ! ਫੋਨ ਉੱਤੇ ਉਹ ਮਿਲਦੀ ਨਹੀਂ ਕਿ ਬੰਦਾ ਦਰਬਾਨ ਦੇ ਰਜਿਸਟਰ ਵਿਚ ਨਾਂ ਲਿਖਵਾ ਦੇਣ ਦੀ ਬੇਨਤੀ ਕਰ ਸਕੇ। ਉਹਦੇ ਨਾਂ ਲਿਖਵਾਏ ਬਿਨਾਂ ਦਰਬਾਨ ਅੰਦਰ ਨਹੀਂ ਵੜਨ ਦਿੰਦਾ। ਸਮੱਸਿਆ ਉਹੋ ਪੁਰਾਣੀ ਖੜ੍ਹੀ ਹੋ ਜਾਂਦੀ: ਚਿੜੀ ਬਿਚਾਰੀ ਕੀ ਕਰੇ! ਪਰ ਜਦੋਂ ਅਗਲੀ ਵਾਰ ਕਿਸੇ ਸਾਹਿਤਕ ਇਕੱਠ ਵਿਚ ਮੇਲ ਹੋ ਜਾਂਦਾ, ਉਹ ਮੁਸਕਰਾਹਟ ਬਖੇਰਦੀ ਹੋਈ ਬਾਂਹਾਂ ਫੈਲਾ ਕੇ ਹਾਲ ਪੁਛਦਿਆਂ ਜਦੋਂ ਤੁਹਾਨੂੰ ਵੱਖੀ ਨਾਲ ਲਾਉਂਦੀ, ਉਹਦਾ ਮਨੁੱਖੀ ਮਸ਼ੀਨ ਵਾਲਾ ਫ਼ੋਨ ਅਤੇ ਬੰਦ ਮੁੱਠੀ ਵਰਗੇ ਮੂੰਹ ਵਾਲਾ ਦਰਬਾਨ ਤੁਹਾਡੇ ਚੇਤੇ ਵਿਚੋਂ ਧੋਤੇ ਜਾਂਦੇ ਅਤੇ ਬਾਕੀ ਬਚਦੀ ਆਪਣੀ ਉਹੋ ਪਹਿਲਾਂ ਵਾਲੀ ਅਜੀਤ ਕੌਰ।
ਹੌਲ਼ੀ-ਹੌਲ਼ੀ ਸਾਹਿਤਕ ਮੇਲਿਆਂ ਵਿਚ ਉਹਦੀ ਸ਼ਮੂਲੀਅਤ ਘਟਣ ਲੱਗ ਪਈ। ਭਾਵੇਂ ਉਹਦੇ ਪ੍ਰਸੰਗ ਵਿਚ ਸ਼ਬਦ ‘ਬਜ਼ੁਰਗ’ ਵਰਤਣਾ ਅਜੀਬ ਲਗਦਾ ਹੈ ਪਰ ਹੋਰ ਕੋਈ ਅਜਿਹਾ ਸ਼ਬਦ ਵੀ ਤਾਂ ਨਹੀਂ ਜੋ ਮੇਰੀ ਗੱਲ ਪਾਠਕ ਤੱਕ ਪੁਜਦੀ ਕਰ ਸਕੇ। ਉਂਜ ਇਸ ਸ਼ਮੂਲੀਅਤ ਘਟਣ ਦਾ ਉਹਦੀ ਅੱਜ ਵਾਲੀ ਬਜ਼ੁਰਗੀ ਨਾਲ ਕੋਈ ਸੰਬੰਧ ਨਹੀਂ। ਉਹਦਾ ਆਉਣਾ ਪਹਿਲਾਂ ਘਟਿਆ, ਬਜ਼ੁਰਗੀ ਮਗਰੋਂ ਆਈ। ਇਸ ਵਰਤਾਰੇ ਦਾ ਕਾਰਨ ਉਹਦਾ ਆਪਣਾ ਡੇਰਾ, ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ, ਸਥਾਪਤ ਕਰ ਲੈਣਾ ਸੀ। ਸਥਾਪਕ ਵੀ ਉਹ, ਸੰਚਾਲਕ ਵੀ ਉਹ ਤੇ ਮਾਲਕ ਵੀ ਉਹ।
ਦਿੱਲੀ ਵਿਚ ਪੰਜਾਬੀ ਭਵਨ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਜਿਹੀਆਂ ਸੰਗਠਨ-ਆਧਾਰਿਤ ਬਹੁ-ਕਰੋੜੀ ਸੰਸਥਾਵਾਂ ਤਾਂ ਹਨ, ਪਰ ਹੋਰ ਕਿਸੇ ਇਕ ਵੀ ਪੰਜਾਬੀ ਲੇਖਕ ਨੇ, ਵੱਡੇ ਤੋਂ ਵੱਡੇ ਲੇਖਕ ਨੇ ਵੀ, ਆਪਣੀ ਹਿੰਮਤ ਨਾਲ ਦਿੱਲੀ ਦੇ ਇਕ ਸਭ ਤੋਂ ਮਹਿੰਗੇ ਇਲਾਕੇ ਵਿਚ ਏਨੀ ਰਸ਼ਕਯੋਗ ਬਹੁਮੰਜ਼ਲੀ ਇਮਾਰਤ ਵਾਲੀ ਨਿੱਜੀ ਸੰਸਥਾ ਉਸਾਰਨ ਦੀ ਨਾ ਲਗਨ ਦਿਖਾਈ, ਨਾ ਯੋਗਤਾ ਤੇ ਨਾ ਹੁਸ਼ਿਆਰੀ। ਉਹਨੇ ਆਪਣੀਆਂ ਸਾਹਿਤਕ-ਸਭਿਆਚਾਰਕ ਸਰਗਰਮੀਆਂ ਤਾਂ ਅਕੈਡਮੀ ਤੱਕ ਸੀਮਤ ਕਰ ਹੀ ਲਈਆਂ, ਆਪਣਾ ਨਿਵਾਸ ਵੀ ਉਥੇ ਹੀ ਕਰ ਲਿਆ। ਉੁਹਨੇ ਬਾਹਰ ਆਉਣਾ ਛੱਡ ਦਿੱਤਾ। ਆਪਣੀ ਅਕੈਡਮੀ ਬਣਾ ਲੈਣ ਮਗਰੋਂ ਉਹਨੂੰ ਸਾਹਿਤਕ ਇਕੱਠਾਂ ਵਿਚ ਜਾਣ ਦੀ ਲੋੜ ਹੀ ਨਾ ਰਹਿ ਗਈ। ਹੌਲ਼ੀ-ਹੌਲ਼ੀ ਉਹਦੀ ਆਪਣੀ ਅਕਾਦਮੀ ਵਿਚ ਨਿਰੰਤਰ ਅਜਿਹੀਆਂ ਸਾਹਿਤਕ ਸਭਾਵਾਂ ਹੋਣ ਲੱਗੀਆਂ ਜਿਨ੍ਹਾਂ ਵਿਚ ਭਾਰਤ ਦੀਆਂ ਹੋਰ ਭਾਸ਼ਾਵਾਂ ਦੇ ਵੱਡੇ ਲੇਖਕ ਵੀ ਖ਼ੁਸ਼ੀ-ਖ਼ੁਸ਼ੀ ਸ਼ਾਮਲ ਹੁੰਦੇ। ਮਾੜੀ ਗੱਲ ਇਹ ਕਿ ਲੇਖਕਾਂ ਦੀ ਸ਼ਮੂਲੀਅਤ ਵਾਲੀ ਅਜਿਹੀ ਸਭਾ ਵਾਲੇ ਦਿਨ ਵੀ ਉਹਦੇ ਗੇਟ ਉੱਤੇ ਖੜ੍ਹਾ ਦਰਬਾਨ ਕਾਰਡ ਦੇਖ ਕੇ ਹੀ ਅੰਦਰ ਜਾਣ ਦਿੰਦਾ।
ਕਾਰਡ ਦੀ ਹਾਲਤ ਇਹ ਸੀ ਕਿ ਰਾਸ਼ਟਰਪਤੀ ਭਵਨ ਦੇ ਕਿਸੇ ਭੋਜ ਦਾ ਕਾਰਡ ਹਾਸਲ ਕਰਨਾ ਉਹਦੀ ਸਭਾ ਦਾ ਕਾਰਡ ਹਾਸਲ ਕਰਨ ਨਾਲੋਂ ਸ਼ਾਇਦ ਸੌਖਾ ਹੋਵੇ। ਉਹ ਪੰਜਾਬੀ ਦੇ ਇਕ-ਦੋ ਨਵੇਂ ਲੇਖਕ ਬੁਲਾਉਂਦੀ ਤੇ ਮੇਰੇ ਵਰਗੇ, ਕਦੀ ਨਾ ਕਦੀ ਉਹਦੇ ਮੋਹ ਦੇ ਪਾਤਰ ਰਹੇ ਬਾਕੀ ਸਭ ਲੇਖਕ ਝਾਕਦੇ ਹੀ ਰਹਿ ਜਾਂਦੇ। ਜਦੋਂ ਅੰਗਰੇਜ਼ੀ ਵਿਚ ਕਵਿਤਾਵਾਂ ਲਿਖਣ ਵਾਲੇ ਸਵਰਗੀ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵਰਗੇ ਲੇਖਕ ਆ ਜਾਂਦੇ ਹੋਣ, ਉਹਨੂੰ ਮ੍ਹਾਤੜਾਂ-ਧਮ੍ਹਾਤੜਾਂ ਦੀ ਹਾਜ਼ਰੀ ਦੀ ਲੋੜ ਵੀ ਕੀ ਸੀ! ਕੁਝ ਸਮਾਂ ਮਗਰੋਂ ਆਪਣੀਆਂ ਸੰਗਠਨਾਤਮਕ ਕਾਰਜ-ਵਿਧੀਆਂ ਨੂੰ ਭਾਰਤੀ ਭਾਸ਼ਾਵਾਂ ਤੋਂ ਵੀ ਬਾਹਰ ਪਸਾਰ ਦੇਣ ਲਈ ਉਹਨੇ ਆਪਣੀ ਅਕਾਦਮੀ ਦੇ ਇਕ ਅੰਗ ਵਜੋਂ ‘ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ’ ਨਾਂ ਦੀ ਸੰਸਥਾ ਬਣਾ ਲਈ ਅਤੇ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵਜ਼, ਨਿਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ਦੇ ਰਾਜਨੀਤਕ ਸੰਗਠਨ ‘ਦਿ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰਿਜਨਲ ਕੋਆਪਰੇਸ਼ਨ’ (ਸੰਖੇਪ ਵਿਚ ਸਾਰਕ) ਦਾ ਸਾਹਿਤਕ-ਸਭਿਆਚਾਰਕ ਪੱਖ ਸੰਭਾਲ ਲਿਆ।
ਵੱਖ-ਵੱਖ ਸਾਰਕ ਦੇਸਾਂ ਵਿਚ ਜੋੜਮੇਲੇ ਕੀਤੇ ਜਾਣ ਲੱਗੇ। ਪਰ ਪੰਜਾਬੀ ਲੇਖਕਾਂ ਵਾਸਤੇ ਇਹਦਾ ਸੱਦਾ ਵੀ ਇਕ-ਦੋ ਨਵੇਂ ਲੇਖਕਾਂ ਤੱਕ ਸੀਮਤ ਹੋ ਗਿਆ। ਉਹਦੀ ਫ਼ਾਊਂਡੇਸ਼ਨ ਦਾ ਉਦੇਸ਼ “ਇਸ ਖੇਤਰ ਵਿਚ ਅਮਨ-ਚੈਨ ਲਈ ਸਾਰਕ ਦੇ ਝੰਡੇ ਹੇਠ ਸਾਰਕ ਦੇਸਾਂ ਦੇ ਸਾਹਿਤਕ ਤੇ ਸਭਿਆਚਾਰਕ ਮੇਲਜੋਲ ਰਾਹੀਂ ਲੋਕਾਂ ਵਿਚਕਾਰ ਸੰਪਰਕ ਤੇ ਗੱਲਬਾਤ ਨਾਲ਼ ਰਿਸ਼ਤਿਆਂ ਨੂੰ ਉਜਾਗਰ ਕਰਨਾ, ਵਧਾਉਣਾ ਤੇ ਮਜ਼ਬੂਤ ਕਰਨਾ” ਐਲਾਨਿਆ ਗਿਆ। ਛੇਤੀ ਹੀ ਸਾਰਕ ਸੈਕਰੇਟੇਰੀਏਟ ਨੇ ਫਾਊਂਡੇਸ਼ਨ ਦਾ ਮਹੱਤਵ ਪਛਾਣਦਿਆਂ ਇਹਨੂੰ ਅਪਣਾ ਲਿਆ। ਹੁਣ ਤੱਕ ਅਜੀਤ ਕੌਰ ਨੇ ਸਾਰਕ ਦੇਸਾਂ ਵਿਚ ਤੀਹ ਤੋਂ ਵੱਧ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ, ਬੁੱਧਮੱਤ ਤੇ ਸੂਫ਼ੀਵਾਦ ਦੀਆਂ ਕਾਨਫ਼ਰੰਸਾਂ ਅਤੇ ਲੋਕਧਾਰਾ ਦੇ ਮੇਲੇ ਸਫਲਤਾ ਨਾਲ਼ ਕੀਤੇ ਹਨ।
ਗੱਲ ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ ਦੀ ਹੋਵੇ ਜਾਂ ਉਹਦੀ ਸਰਬੋ-ਸਰਬਾ ਅਜੀਤ ਕੌਰ ਦੀ, ਅਰਪਨਾ ਕੌਰ ਦਾ ਜ਼ਿਕਰ ਨਾ ਹੋਵੇ, ਇਹ ਉਚਿਤ ਨਹੀਂ। ਇਸ ਕੋਮਲਭਾਵੀ ਚਿਤਰਕਾਰ ਦੀ ਕਰਮਭੂਮੀ ਅਤੇ ਰੰਗਸ਼ਾਲਾ ਇਹੋ ਅਕਾਦਮੀ ਹੈ। ਇਥੇ ਉਹ ਆਪਣਾ ਰੰਗਾਂ ਦਾ ਸੰਸਾਰ ਸਿਰਜਦੀ ਵੀ ਹੈ ਅਤੇ ਪ੍ਰਦਰਸ਼ਿਤ ਵੀ ਕਰਦੀ ਹੈ। ਅੱਜ ਉਹਦਾ ਨਾਂ ਉਨ੍ਹਾਂ ਚਿਤਰਕਾਰਾਂ ਵਿਚ ਸ਼ਾਮਲ ਹੈ ਜੋ ਆਪਣੀ ਵੱਖਰੀ ਪਛਾਨਣਯੋਗ ਸ਼ੈਲੀ ਵਿਕਸਿਤ ਕਰ ਸਕੇ ਹਨ।
ਪੰਜਾਬੀ ਪਿਛੋਕੇ ਨੇ ਬਹੁਤ ਸਾਰੇ ਚਿਤਰਕਾਰਾਂ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਕੌਮੀ-ਕੌਮਾਂਤਰੀ ਨਾਂ ਵੀ ਕਮਾਇਆ ਹੈ। ਪਰ ਅਰਪਨਾ ਕੌਰ ਦੀ ਵਿਸ਼ੇਸ਼ਤਾ ਉਨ੍ਹਾਂ ਵਿਚੋਂ ਇਕ ਹੋਣ ਵਿਚ ਹੈ ਜਿਨ੍ਹਾਂ ਨੇ ਆਪਣੀ ਕਲਪਨਾ ਅਤੇ ਪ੍ਰਤਿਭਾ ਦੇ ਰੰਗਾਂ ਨੂੰ ਪੰਜਾਬੀ ਇਤਿਹਾਸ, ਮਿਥਿਹਾਸ ਅਤੇ ਸਭਿਆਚਾਰ ਦੇ ਤਰਲ ਵਿਚ ਘੋਲਿਆ ਹੈ। ਚੁਰਾਸੀ ਦਾ ਸਿੱਖ-ਵਿਰੋਧੀ ਉਪੱਦਰ ਹੋਵੇ ਜਾਂ ਸੋਹਣੀ-ਮਹੀਂਵਾਲ ਵਰਗੇ ਲੋਕ-ਚੇਤਨਾ ਦੇ ਨਾਇਕ-ਨਾਇਕਾਵਾਂ ਹੋਣ, ਪੰਜਾਬੀ ਜੀਵਨ ਵਿਚ ਖੁਸ਼ੀਆਂ-ਗ਼ਮੀਆਂ ਤੇ ਤੋਟਾਂ-ਪ੍ਰਾਪਤੀਆਂ ਹੋਣ ਜਾਂ ਇਸ ਜੀਵਨ ਦਾ ਇਕ ਮੁੱਖ-ਆਧਾਰ ਬਾਬਾ ਨਾਨਕ ਹੋਵੇ, ਅਰਪਨਾ ਕੌਰ ਦੀ ਤੂਲਿਕਾ ਨੇ ਕਮਾਲ ਕਰ ਦਿਖਾਇਆ ਹੈ। ਉਹ ਪੰਜਾਬੀ ਸਭਿਆਚਾਰ ਨੂੰ ਅਜੀਤ ਕੌਰ ਦੀ ਇਕ ਮਹੱਤਵਪੂਰਨ ਦੇਣ ਹੈ।
ਮਸਲਾ ਦਿੱਲੀ ਦੇ ਖਾਸ ਇਲਾਕੇ ਵਿਚ ਆਪਣੀ ਨਿੱਜੀ ਅਕਾਦਮੀ ਕਾਇਮ ਕਰਨ ਜਿਹੇ ਵੱਡੇ ਉਦੇਸ਼ ਦਾ ਹੋਵੇ ਜਾਂ ਕਿਸੇ ਸੰਗ੍ਰਹਿ ਵਿਚ ਸੰਪਾਦਕ ਦੇ ਬਣਾਏ ਨੇਮਾਂ ਨੂੰ ਤੋੜ ਕੇ ਆਪਣੀ ਮਨ-ਮਰਜ਼ੀ ਦੀ ਕਹਾਣੀ ਸ਼ਾਮਲ ਕਰਵਾਉਣ ਜਿਹੇ ਛੋਟੇ ਕੰਮ ਦਾ, ਉਹਦੀ ਚਤੁਰਈ ਦਾ ਕੋਈ ਜਵਾਬ ਨਹੀਂ। ਇਹ ਕਹਾਣੀ ਵਾਲ਼ੇ ਮਾਮਲੇ ਦਾ ਇਕ ਵਧੀਆ ਕਿੱਸਾ ਗੁਲਜ਼ਾਰ ਸਿੰਘ ਸੰਧੂ ਸੁਣਾਉਂਦਾ ਹੈ।
ਸਾਹਿਤ ਅਕਾਦਮੀ ਨੇ ਵੀਹਵੀਂ ਸਦੀ ਦੀਆਂ ਪੰਜਾਬੀ ਕਹਾਣੀਆਂ ਦੀ ਕਿਤਾਬ ਛਾਪਣ ਦਾ ਫ਼ੈਸਲਾ ਕੀਤਾ ਤਾਂ ਕਹਾਣੀਆਂ ਦੀ ਚੋਣ ਤੇ ਸੰਪਾਦਨ ਦਾ ਕੰਮ ਰਘਬੀਰ ਸਿੰਘ ਨੂੰ ਸੌਂਪਿਆ ਗਿਆ। ਉਹਨੇ ਵੱਧ ਤੋਂ ਵੱਧ ਕਹਾਣੀਕਾਰ ਸ਼ਾਮਲ ਕਰਨ ਖ਼ਾਤਰ ਛੋਟੀਆਂ ਕਹਾਣੀਆਂ ਚੁਣੀਆਂ ਤੇ ਮੰਗੀਆਂ। ਵਰਿਆਮ ਸਿੰਘ ਸੰਧੂ ਤੇ ਗੁਲਜ਼ਾਰ ਸਿੰਘ ਸੰਧੂ ਆਪਣੀਆਂ ਚਰਚਿਤ ਲੰਮੀਆਂ ਕਹਾਣੀਆਂ ਸ਼ਾਮਲ ਕਰਾਉਣਾ ਚਾਹੁੰਦੇ ਸਨ, ਪਰ ਰਘਬੀਰ ਸਿੰਘ ਕਿਤਾਬ ਦਾ ਸੰਤੁਲਨ ਵਿਗਾੜਨਾ ਨਹੀਂ ਸੀ ਚਾਹੁੰਦਾ ਤੇ ਇਸ ਕਰਕੇ ਸਹਿਮਤ ਨਾ ਹੋਇਆ। ਸਭ ਦੀ ਪ੍ਰਵਾਨਗੀ ਆ ਗਈ ਪਰ ਅਜੀਤ ਕੌਰ ਚੁੱਪ ਰਹੀ। ਉਸ ਨੇ ਅਕਾਦਮੀ ਵਿਚ ਏਨੀ ਕੁ ਗੰਢ-ਤੁੱਪ ਕੀਤੀ ਹੋਈ ਸੀ ਕਿ ਪੁਸਤਕ ਉਸ ਦੀ ਕਹਾਣੀ ਤੋਂ ਬਿਨਾਂ ਨਹੀਂ ਸੀ ਛਪ ਸਕਦੀ। ਉਹ ਆਪਣਾ ਰੰਗ ਦਾ ਪੱਤਾ ਲੁਕੋ ਕੇ ਮੁਸਕਰਾਈ ਜਾ ਰਹੀ ਸੀ।
ਤੇ ਫੇਰ ਇਕ ਦਿਨ ਅਜੀਤ ਕੌਰ ਪਸੀਜ ਗਈ। ਉਹਨੇ ਰਘਬੀਰ ਸਿਂੰਘ ਨੂੰ ਲਿਖਿਆ ਕਿ ਉਹ ‘ਆਰਸੀ’ ਵਿਚੋਂ ‘ਕਸਾਈਵਾੜਾ’ ਨਾਂ ਦੀ ਕਹਾਣੀ ਲੈ ਲਵੇ। ਰਘਬੀਰ ਸਿੰਘ ਖ਼ੁਸ਼ ਹੋ ਗਿਆ। ਪਰ ਜਦੋਂ ਅਜੀਤ ਕੌਰ ਦੀ ਕਹਾਣੀ ਦੇਖੀ, ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸ ਦਾ ਆਕਾਰ ਚੰਗੇ ਖਾਸੇ ਨਾਵਲੈੱਟ ਜਿੱਡਾ ਸੀ। ਉਸ ਦੇ ਤੀਹ ਕਾਂਡ ਸਨ ਤੇ ਆਕਾਰ ਹੋਰਾਂ ਦੀਆਂ ਕਹਾਣੀਆਂ ਨਾਲੋਂ ਦਸ-ਬਾਰਾਂ ਗੁਣਾ ਵੱਡਾ! ਜੇ ਰਘਬੀਰ ਸਿੰਘ ਛਾਪਦਾ ਸੀ ਤਾਂ ਆਪਣੇ ਮਿੱਤਰ ਕਹਾਣੀਕਾਰਾਂ ਤੋਂ ਹਾਰਦਾ ਸੀ , ਜੇ ਨਹੀਂ ਸੀ ਛਾਪਦਾ ਤਾਂ ਸਾਹਿਤ ਅਕਾਦਮੀ ਦੇ ਕਰਤਿਆਂ-ਧਰਤਿਆਂ ਤੋਂ। ਅਜੀਤ ਕੌਰ ਚੁੱਪ ਸੀ। ਟੈਲੀਫੋਨ ਕਰੋ ਤਾਂ ‘ਅਜੀਤ ਜੀ ਘਰ ਨਹੀਂ’… ‘ਹਾਲੀਂ ਤਾਂ ਸੌਂ ਰਹੇ ਨੇ’…ਜਾਂ ਇਸ ਤਰ੍ਹਾਂ ਦਾ ਕੋਈ ਹੋਰ ਉੱਤਰ ਮਿਲਦਾ ਸੀ। ਆਖ਼ਰ ‘ਵੀਹਵੀਂ ਸਦੀ ਦੀ ਪੰਜਾਬੀ ਕਹਾਣੀ’ ਛਪ ਕੇ ਆ ਗਈ। ਹੋਰਾਂ ਦੀਆਂ ਕਹਾਣੀਆਂ 5-6 ਪੰਨੇ ਦੀਆਂ ਸਨ ਤੇ ਅਜੀਤ ਕੌਰ ਦੀ ਪੂਰੇ ਸੱਠ ਪੰਨੇ ਦੀ!
ਅਜੀਤ ਕੌਰ ਦੀਆਂ ਗਲਪੀ ਖਾਸੀਅਤਾਂ ਦੇ ਦਰਸ਼ਨ ਕਰਨੇ ਹੋਣ ਤਾਂ ਉਹਦੀ ਕਹਾਣੀ ‘ਨਾ ਮਾਰੋ’ ਇਕ ਵਧੀਆ ਮਿਸਾਲ ਹੈ। ਪਿਛੇ ਜਿਹੇ ਦੇ ਸਾਲਾਂ ਦੇ ਪੰਜਾਬ ਦੇ ਸੰਤਾਪ ਬਾਰੇ ਪੰਜਾਬੀ ਵਿਚ ਕਈ ਸੌ ਕਹਾਣੀਆਂ ਲਿਖੀਆਂ ਗਈਆਂ ਹਨ। ਨਾ ਇਹ ਕੋਈ ਅਤਿਕਥਨੀ ਹੈ ਅਤੇ ਨਾ ਹੀ ਇਹ ਕਹਿੰਦਿਆਂ ਕੋਈ ਝਿਜਕ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਵਿਚੋਂ ਬਹੁਤੀਆਂ ਕਹਾਣੀਆਂ ਸਤਹੀ ਹਨ ਜੋ ਕਥਿਤ ਹਿੰਦੂ-ਸਿੱਖ ਏਕਤਾ ਦਾ ਜਾਂ ਅਪ੍ਰਸੰਗਕ ਨਾਅਰੇਬਾਜ਼ ਦੇਸ਼ਭਗਤੀ ਦਾ ਵਿਖਾਲਾ ਪਾਉਂਦੀਆਂ ਹਨ। ਪਰ ਕੁਛ ਰਚਨਾਵਾਂ ਸਾਹਿਤਕ ਉੱਤਮਤਾ ਵੀ ਪ੍ਰਾਪਤ ਕਰ ਸਕੀਆਂ ਹਨ। ‘ਨਾ ਮਾਰੋ’ ਉਨ੍ਹਾਂ ਰਚਨਾਵਾਂ ਵਿਚੋਂ ਇਕ ਹੈ। ਜਦੋਂ ਮੈਂ ਅਣਖੀ ਦੇ ਤ੍ਰੈਮਾਸਕ ‘ਕਹਾਣੀ ਪੰਜਾਬ’ ਵਿਚ ਕਹਾਣੀਆਂ ਦੀ ਪਾਠਕੀ ਪੜ੍ਹਤ ਸ਼ੁਰੂ ਕੀਤੀ, ਅਜੀਤ ਕੌਰ ਦੀ ਇਹੋ ਕਹਾਣੀ ਚੁਣਨੀ ਠੀਕ ਸਮਝੀ।
ਇਹ ਕਹਾਣੀ ਇਕ ਚਿਰਜੀਵੀ ਰਚਨਾ ਹੈ ਜੋ ਮੌਤ ਦੇ ਵਿਰੁੱਧ ਅਤੇ ਜ਼ਿੰਦਗੀ ਦੇ ਪੱਖ ਵਿਚ ਫ਼ਤਵਾ ਹੈ। ਇਹ ਹਰ ਕਿਸਮ ਦੀਆਂ ਸਮਾਜਕ ਵੰਡੀਆਂ, ਉਹ ਧਰਮ-ਆਧਾਰਿਤ ਹੋਣ, ਜਾਤਪਾਤ-ਆਧਾਰਿਤ ਜਾਂ ਜਮਾਤ-ਆਧਾਰਿਤ, ਦੇ ਵਿਰੁੱਧ ਅਤੇ ਨਿਰੋਲ ਮਾਨਵਵਾਦ ਦੇ ਪੱਖ ਵਿਚ ਜ਼ੋਰਦਾਰ ਆਵਾਜ਼ ਹੋ ਨਿੱਬੜੀ ਹੈ। ਇਸ ਨੂੰ ਸਮਝਦਿਆਂ-ਸਮਝਾਉਂਦਿਆਂ ਬੜੀ ਤਸੱਲੀ ਮਹਿਸੂਸ ਹੋਈ। ਜਦੋਂ ਕਹਾਣੀ ਕਿਸੇ ਜੀਵਤ ਲੇਖਕ ਦੀ ਹੁੰਦੀ, ਮੈਂ ਉਸ ਨੂੰ ਆਪਣੀ ਪਾਠਕੀ ਪੜ੍ਹਤ ਬਾਰੇ ਵਿਚਾਰ ਜ਼ਰੂਰ ਪੁਛਦਾ। ਵਡਿਆਈ ਤਾਂ ਹਰ ਕਿਸੇ ਨੇ ਕੀਤੀ ਪਰ ਮੋਟੀ ਕਲਮ ਨਾਲ ਵੱਡੇ ਅੱਖਰਾਂ ਵਿਚ ਲਿਖੀ ਹੋਈ ਅਜੀਤ ਕੌਰ ਦੀ 27 ਦਸੰਬਰ 1997 ਦੀ ਚਿੱਠੀ ਮੇਰੇ ਲਈ ਵਿਸ਼ੇਸ਼ ਪੁਰਸਕਾਰ ਸੀ: “ਭੁੱਲਰ ਜੀ, ਮਿਲ ਗਈ ‘ਕਥਾ ਪੰਜਾਬ’। ਕਲ੍ਹ ਹੀ। ਰਾਤੀਂ ਪੜ੍ਹਿਆ ਤੁਹਾਡਾ ਆਰਟੀਕਲ। ਕਮਾਲ ਕਰ ਦਿੱਤੀ ਏ ਤੁਸਾਂ ਤੇ! ਕਿੱਥੇ ਨੇ ਤੁਹਾਡੇ ਹੱਥ? ਜ਼ਰਾ ਵਿਖਾਓ ਤਾਂ! ਇੱਕ ਬੋਸਾ ਦਿੱਤਾ ਜਾਵੇ! ਪਿਆਰ ਨਾਲ, ਅਜੀਤ”
ਦਿੱਲੀ ਦੀ ਪੰਜਾਬੀ ਅਕਾਦਮੀ ਗਾਇਕੀ, ਨਾਟਕ ਤੇ ਹੋਰ ਸਭਿਆਚਾਰਕ ਸਮਾਗਮ ਕਰਵਾਉਂਦੀ ਰਹਿੰਦੀ ਹੈ। ਦੋ-ਤਿੰਨ ਸਾਲ ਪਹਿਲਾਂ ਤਿੰਨ-ਦਿਨਾ ‘ਪੰਜਾਬੀ ਵਿਰਾਸਤੀ ਮੇਲਾ’ ਕਰਵਾਇਆ ਤਾਂ ਸਕੱਤਰ ਗੁਰਭੇਜ ਸਿੰਘ ਨੇ ਪਹਿਲੀ ਵਾਰ ਸਭਿਆਚਾਰ ਦੇ ਨਾਲ ਸਾਹਿਤ ਵੀ ਜੋੜ ਲਿਆ। ਪਹਿਲੇ ਦਿਨ ਕਹਾਣੀਕਾਰਾਂ ਨੂੰ, ਦੂਜੇ ਦਿਨ ਕਵੀਆਂ ਨੂੰ ਤੇ ਤੀਜੇ ਦਿਨ ਮੰਚ-ਕਲਾਕਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ ਜਾਣਾ ਸੀ। ਹਰ ਵਿਧਾ ਦੇ ਸਭਨਾਂ ਪੀੜ੍ਹੀਆਂ ਦੇ ਪ੍ਰਤੀਨਿਧ ਬੁਲਾਏ ਗਏ ਸਨ। ਕਹਾਣੀਕਾਰਾਂ ਵਿਚ ਅਜੀਤ ਕੌਰ ਦਾ ਨਾਂ ਸਭ ਤੋਂ ਪਹਿਲਾਂ ਸੀ। ਹੋਣਾ ਹੀ ਚਾਹੀਦਾ ਸੀ। ਪੰਜਾਬੀ ਦੇ ਜੀਵਤ ਕਹਾਣੀਕਾਰਾਂ ਵਿਚੋਂ ਉਹ ਉਮਰ ਦੇ ਪੱਖੋਂ ਤਾਂ ਵੱਡੀ ਹੈ ਹੀ, ਕਹਾਣੀ ਦੀ ਗੁਣਤਾ ਦੇ ਪੱਖੋਂ ਵੀ ਵੱਡੀ ਹੈ।
ਪਰ ਅਜੀਤ ਕੌਰ ਤਾਂ ਢਾਈ-ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਸਭਾਵਾਂ-ਸਮਾਗਮਾਂ ਵਿਚ ਆਉਂਦੀ ਹੀ ਨਹੀਂ। ਤੇ ਜੇ ਮਿਲਣ ਜਾਓ, ਬੰਦ ਗੇਟ ਅੱਗੇ ਕੱਚਾ ਜਿਹਾ ਹੋ ਕੇ ਖਲੋਤਿਆਂ ਮੋਹਨ ਭੰਡਾਰੀ ਦੀ ਚੜ੍ਹਦੀ ਉਮਰੇ ਲਿਖੀ ਹੋਈ ਇਕ ਕਵਿਤਾ ਚੇਤੇ ਆ ਜਾਂਦੀ ਹੈ:
ਭਾਲ਼ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ!
ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ!
ਪੰਜਾਬੀ ਅਕਾਦਮੀ ਦਿੱਲੀ ਦਾ ਖ਼ੂਬਸੂਰਤ ਕਾਰਡ ਦੋ-ਤਿੰਨ ਵਾਰ ਪੜ੍ਹ ਕੇ ਤੇ ਉਲਟ-ਪਲਟ ਕੇ ਵੀ ਇਹ ਸਮਝ ਨਹੀਂ ਸੀ ਆ ਰਹੀ ਕਿ ਪ੍ਰਬੰਧਕਾਂ ਨੇ ਉਹਦਾ ਨਾਂ ਸਮਾਗਮ ਨੂੰ ਖਿੱਚ ਪਾਉਣ ਵਾਲ਼ਾ ਬਣਾਉਣ ਲਈ ਕੁਝ ਮਨਮੋਹਕ ਨਾਂ ਐਵੇਂ ਹੀ ਪਾ ਦੇਣ ਦੀ ਪ੍ਰੰਪਰਾ ਪਾਲ਼ਦਿਆਂ ਲਿਖ ਛੱਡਿਆ ਹੈ ਜਾਂ ਉਹ ਸੱਚਮੁੱਚ ਆਵੇਗੀ! ਮੈਂ ਗੁਰਭੇਜ ਸਿੰਘ ਨੂੰ ਫੋਨ ਕੀਤਾ, “ਤੁਸੀਂ ਅਜੀਤ ਕੌਰ ਦਾ ਨਾਂ ਕਿਉਂ ਲਿਖ ਛੱਡਿਆ ਹੈ, ਉਹਨੇ ਤਾਂ ਪੰਜਾਬੀ ਦੇ ਸਾਹਿਤਕ ਸਮਾਗਮਾਂ ਵਿਚ ਆਉਣਾ ਚਿਰੋਕਣਾ ਛੱਡਿਆ ਹੋਇਆ ਹੈ?”
ਉਹਨੇ ਮਾਣ ਨਾਲ਼ ਆਖਿਆ, “ਮੈਂ ਉਨ੍ਹਾਂ ਨੂੰ ਮਨਾ ਲਿਆ ਹੈ।”
ਮੈਂ ਹੈਰਾਨ ਹੋਇਆ, “ਤੁਸੀਂ ਇਹ ਕ੍ਰਿਸਮਾ ਕਿਵੇਂ ਕਰ ਦਿਖਾਇਆ?”
ਉਹਨੇ ਦੱਸਿਆ, “ਮੈਂ ਕਿਹਾ, ਤੁਸੀਂ ਕੋਈ ਭਾਸ਼ਨ ਨਾ ਦੇਣਾ, ਕਹਾਣੀ ਬਾਰੇ ਵੀ ਕੁਛ ਨਾ ਕਹਿਣਾ, ਬੱਸ ਸਾਨੂੰ ਤੇ ਪੰਜਾਬੀ ਅਕਾਦਮੀ ਨੂੰ ਅਸੀਸ ਦੇ ਜਾਉ, ਭਾਵੇਂ ਦੋ ਮਿੰਟਾਂ ਵਾਸਤੇ ਹੀ ਆ ਜਾਉ।”
ਮੈਨੂੰ ਅਜੀਤ ਕੌਰ ਦੀਆਂ ਸਭ ਸਰਗਰਮੀਆਂ ਕਿਸੇ ਵੀ ਕਿੰਤੂ-ਪ੍ਰੰਤੂ ਤੋਂ ਬਿਨਾਂ ਪਰਵਾਨ ਸਨ ਪਰ ਸੋਚ ਵਿਚ ਸਿਲਤ ਰੜਕਦੀ ਕਿ ਪੰਜਾਬੀ ਸਾਹਿਤ ਦੀ ਜਿਸ ਪੌੜੀ ਰਾਹੀਂ ਉਹ ਸਾਰਕ ਦੀ ਛੱਤ ਉੱਤੇ ਚੜ੍ਹੀ ਸੀ, ਛੱਤ ਤੋਂ ਉਸ ਪੌੜੀ ਨੂੰ ਪੈਰ ਨਾਲ਼ ਧੱਕ ਕੇ ਪਰੇ ਕਰ ਦੇਣ ਦਾ ਕੀ ਮਤਲਬ ਹੋਇਆ! ਮਨ ਖਿਝਦਾ, ਜਦੋਂ ਕਿਤੇ ਸਬੱਬੀਂ ਮਿਲ ਗਈ, ਪੁੱਛਾਂਗੇ ਜ਼ਰੂਰ! ਮੈਂ ਕਿਸ਼ੋਰ ਕੁਮਾਰ ਤਾਂ ਨਹੀਂ ਸੀ, ਤਾਂ ਵੀ 1962 ਦੀ ਫ਼ਿਲਮ ‘ਰੰਗੋਲੀ’ ਲਈ ਸ਼ੈਲੇਂਦਰ ਦੇ ਸ਼ਬਦਾਂ ਨੂੰ ਦਿੱਤੇ ਉਹਦੇ ਬੋਲ ਜ਼ਬਾਨ ਉੱਤੇ ਆ ਜਾਂਦੇ, “ਛੋਟੀ ਸੀ ਯੇ ਦੁਨੀਆ/ ਪਹਿਚਾਨੇ ਰਾਸਤੇ ਹੈਂ/ ਤੁਮ ਕਭੀ ਤੋ ਮਿਲੋਗੇ/ ਕਹੀਂ ਤੋ ਮਿਲੋਗੇ/ ਤੋ ਪੂਛੇਂਗੇ ਹਾਲ!” ਇਹ ਗੀਤ ਜਿਥੇ ਇਕ ਪਾਸੇ ਮਿਲਣ ਦੀ ਸੰਭਾਵਨਾ ਜੀਵਤ ਰਖਦਾ ਸੀ, ਨਾਲ਼ ਹੀ ‘ਤੋ ਪੂਛੇਂਗੇ ਹਾਲ’ ਦੇ ਪੰਜਾਬੀ ਵਿਚ ਦੋ ਮਤਲਬ ਨਿੱਕਲਦੇ ਸਨ। ਇਕ ਤਾਂ ਸਾਧਾਰਨ ਹਾਲ-ਚਾਲ ਪੁੱਛਣਾ ਤੇ ਦੂਜੇ ਰੋਸ ਤੇ ਰੋਹ ਦਾ ਦੋ-ਦੋ ਹੱਥ ਕਰਨ ਵਾਲ਼ਾ ਪਰਗਟਾਵਾ, “ਮੈਂ ਪੁੱਛੂੰ ਉਹਦਾ ਹਾਲ!” ਬੱਸ ਮੁਲਾਕਾਤ ਦਾ ਸਬੱਬ ਬਣੇ ਸਹੀ! ਅੱਜ ਪੰਜਾਬੀ ਅਕਾਦਮੀ ਦਿੱਲੀ ਨੇ ਉਹ ਸਬੱਬ ਬਣਾ ਦਿੱਤਾ ਸੀ।
ਪਤਾ ਲਗਿਆ, ਉਹ ਘਰੋਂ ਚੱਲ ਪਈ ਹੈ। ਸਲਾਹ ਬਣੀ ਕਿ ਜਦੋਂ ਆਈ, ਸਵਾਗਤ ਹੋ ਜਾਵੇਗਾ, ਪ੍ਰੋਗਰਾਮ ਸ਼ੁਰੂ ਕਰ ਲਿਆ ਜਾਵੇ। ਕੁਝ ਚਿਰ ਮਗਰੋਂ ਗੁਰਭੇਜ ਸਿੰਘ ਨੇ ਮੇਰੇ ਕੰਨ ਵਿਚ ਕਿਹਾ, “ਉਹ ਆ ਗਏ ਨੇ, ਮੈਂ ਜਾ ਕੇ ਲੈ ਆਵਾਂ।”
ਮੈਨੂੰ ਪਤਾ ਸੀ ਕਿ ਮੰਚ ਉੱਤੇ ਉਹਦੇ ਆਉਂਦਿਆਂ ਹੀ ਸਭ ਕਹਾਣੀਕਾਰਾਂ ਨੇ ਭੱਜ ਕੇ ਉਹਦੇ ਦੁਆਲੇ ਜਾ ਹੋਣਾ ਹੈ। ਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈ। ਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ਮੈਂ ਕਹਿਣਾ ਸੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇਕ ਪਾਸੇ ਹੋ ਜਾਉ, ਹੁਣ ਮੈਨੂੰ ਇਨ੍ਹਾਂ ਨਾਲ਼ ਦੋ-ਦੋ ਹੱਥ ਕਰ ਲੈਣ ਦਿਉ!”
ਕਨਾਟ ਪਲੇਸ ਦੇ ਵਿਚਕਾਰਲੇ ਘਾਹੀ ਮੈਦਾਨ ਦੀ ਹਰਿਆਲੀ ਪੂਰੀ ਟਹਿਕੀ ਹੋਈ ਸੀ, ਸਿਆਲੂ ਧੁੱਪ ਪੂਰੀ ਖਿੜੀ ਹੋਈ ਸੀ ਅਤੇ ਗਹਿਮਾ-ਗਹਿਮੀ, ਤੋਰਾ-ਫੇਰਾ ਤੇ ਰੌਣਕਾਂ ਸਚੁਮੱਚ ਹੀ ਮੇਲੇ ਵਾਲ਼ੀਆਂ ਸਨ। ਇਸੇ ਤਰ੍ਹਾਂ ਟਹਿਕੀ ਤੇ ਖਿੜੀ ਹੋਈ ਅਜੀਤ ਕੌਰ ਮੰਚ ਉੱਤੇ ਆਈ, ਚਿਹਰਾ ਬਜ਼ੁਰਗਾਨਾ ਪਰ ਮੁਸਕਰਾਹਟ ਉਹੋ ਸਦੀਵੀ। ਕਹਾਣੀਕਾਰਾਂ ਨੇ ਉਹਦੇ ਦੁਆਲੇ, ਮੇਰੇ ਸੋਚੇ ਵਾਂਗ ਹੀ, ਝੁਰਮਟ ਜਾ ਪਾਇਆ। ਫੇਰ ਮੈਂ ਆਪਣੇ ਮੂਹਰੇ ਖੜ੍ਹੇ ਦੋ ਮੁੰਡਿਆਂ ਨੂੰ ਮੋਢਿਆਂ ਤੋਂ ਫੜ ਕੇ ਪਾਸੇ ਕਰਦਿਆਂ ਆਪਣੇ ਸੋਚੇ ਹੋਏ ਰੋਸ ਨੂੰ ਜ਼ਬਾਨ ਦਿੱਤੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇਕ ਪਾਸੇ ਹੋ ਜਾਉ!” ਜਿਉਂ ਹੀ ਮੈਂ ਸਾਹਮਣੇ ਹੋਇਆ, ਉਹਦੀ ਮੁਸਕਰਾਹਟ ਹੋਰ ਵੀ ਚਾਨਣੀ ਹੋ ਗਈ ਤੇ ਸੋਚੇ ਹੋਏ “ਹੁਣ ਮੈਨੂੰ ਇਨ੍ਹਾਂ ਨਾਲ਼ ਦੋ-ਦੋ ਹੱਥ ਕਰ ਲੈਣ ਦਿਉ” ਦੀ ਥਾਂ ਮੇਰੇ ਮੂੰਹੋਂ ਨਿਕਲਿਆ, “ਹੁਣ ਮੈਨੂੰ ਇਨ੍ਹਾਂ ਦੇ ਗੋਡੀਂ ਹੱਥ ਲਾ ਲੈਣ ਦਿਉ!”
ਉਹਨੇ ਮੇਰੇ ਝੁਕੇ ਹੋਏ ਹੱਥ ਆਪਣੇ ਹੱਥਾਂ ਵਿਚ ਬੋਚ ਕੇ ਚੁੰਮ ਲਏ। ਫੇਰ ਵੀ ਮੈਂ ਏਨਾ ਕੁ ਮਿਹਣਾ ਤਾਂ ਮਾਰ ਹੀ ਦਿੱਤਾ, “ਮੈਂ ਗੁਰਬਚਨ ਸਿੰਘ ਭੁੱਲਰ!” ਉਹ ਹੱਸੀ, “ਤੈਨੂੰ ਕੌਣ ਨਾ ਪਛਾਣੇ! ਪੰਜਾਹ ਸਾਲ ਪਹਿਲਾਂ ਵੀ ਤੂੰ ਇਹੋ ਜਿਹਾ ਸੀ, ਅੱਜ ਵੀ ਉਹੋ ਜਿਹਾ ਹੈਂ ਤੇ ਪੰਜਾਹ ਸਾਲਾਂ ਨੂੰ ਵੀ ਇਹੋ ਜਿਹਾ ਹੀ ਰਹੇਂਗਾ!”
ਮੈਂ ਕੋਲ ਖਲੋਤੇ ਗੁਰਭੇਜ ਸਿੰਘ ਵੱਲ ਜੇਤੂ ਮੁਸਕਰਾਹਟ ਸੁੱਟੀ। ਮੇਰਾ ਭਾਵ ਸੀ, ਅਜੀਤ ਕੌਰ ਦੀ ਜਿਹੜੀ ਅਸੀਸ ਉਹਨੇ ਪੰਜਾਬੀ ਅਕਾਦਮੀ ਲਈ ਲੈਣ ਵਾਸਤੇ ਏਨਾ ਤਰੱਦਦ ਕੀਤਾ ਹੈ, ਉਸ ਨਾਲੋਂ ਵੀ ਵੱਡੀ ਅਸੀਸ ਉਹਨੇ ਮੈਨੂੰ ਅਣਮੰਗੀ ਹੀ ਦੇ ਦਿੱਤੀ ਹੈ।
ਅਜੀਤ ਕੌਰ ਨੂੰ ਇਹ ਜੁਗਤ ਵੀ ਖ਼ੂਬ ਆਉਂਦੀ ਹੈ ਕਿ ਜਦੋਂ ਕੋਈ ਉਹਦੀ ਗੱਲ ਨਾ ਮੰਨੇ ਜਾਂ ਕਿਸੇ ਪੱਖੋਂ ਰੁਅਬ ਦਿਖਾਉਣ ਦੀ ਜੁਰੱਅਤ ਕਰਨ ਦੀ ਕੋਸ਼ਿਸ਼ ਕਰੇ, ਕਿਸੇ ਮੁੱਦੇ ਨੂੰ ਮਸਲਾ ਕਿਵੇਂ ਬਣਾਉਣਾ ਹੈ, ਰੌਲਾ ਕਿਵੇਂ ਪਾਉਣਾ ਹੈ ਤੇ ਅਖ਼ਬਾਰਾਂ ਵਿਚ ਆਪਣੀ ਜੈ-ਜੈ ਕਿਵੇਂ ਕਰਵਾਉਣੀ ਹੈ। ਫੇਰ ਅਜਿਹੇ ਵੇਲ਼ੇ ਉਹ ਆਪਣੇ ਮਾਇਕ ਨੁਕਸਾਨ ਦੀ ਵੀ ਪਰਵਾਹ ਨਹੀਂ ਕਰਦੀਖ਼ਸਮਾਂ ਨੂੰ ਖਾਣ ਪੈਸੇ!
ਇਕ ਘਟਨਾ ਸੁਣੋ। ਪੰਜਾਬੀ ਯੂਨੀਵਰਸਿਟੀ ਵਿਚ 1 ਦਸੰਬਰ 2004 ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ ਸ਼ੁਰੂ ਹੋਣੀ ਸੀ। ਉਹਦਾ ਮੁੱਖ ਪ੍ਰੋਗਰਾਮ ਸਾਹਿਤਕ ਹੋਣ ਦੀ ਥਾਂ ਰਾਜਨੀਤਕ ਸੀ। ਕਿੱਸਾ ਇਹ ਸੀ ਕਿ ਓਦੋਂ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਲਾਹੌਰ ਗਿਆ ਤਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਪਿਆਰ-ਨਿਸ਼ਾਨੀ ਵਜੋਂ ਅਰਬੀ ਘੋੜਾ ਭੇਟ ਕੀਤਾ। ਹੁਣ ਇਸ ਕਾਨਫ਼ਰੰਸ ਵਿਚ ਅਮਰਿੰਦਰ ਸਿੰਘ ਨੇ ਪਰਵੇਜ਼ ਇਲਾਹੀ ਨੂੰ ਟਰੈਕਟਰ ਭੇਟ ਕਰਨਾ ਸੀ।
ਸਾਹਿਤ ਵਿਚ ਆ ਵੜੇ ਹਕੂਮਤੀ ਘੋੜੇ ਤੇ ਟਰੈਕਟਰ ਦੇ ਨਾਲ ਹੀ ਇਕ ਘਚੋਲ਼ਾ ਹੋਰ ਪੈ ਗਿਆ। ਨੀਲੀ-ਚਿੱਟੀ, ਹਰ ਰੰਗ ਦੀ ਸਰਕਾਰ ਅਧੀਨ ਨੰਗ-ਭੁੱਖ ਨਾਲ ਘੁਲ਼ਦੇ ਰਹਿੰਦੇ ਭਾਸ਼ਾ ਵਿਭਾਗ ਵਾਲ਼ਿਆਂ ਕੋਲ ਸਾਲਾਨਾ ਸਾਹਿਤਕ ਇਨਾਮ ਦੇਣ ਲਈ ਆਪ ਅਡੰਬਰ ਰਚਣ ਦੀ ਸਮਰੱਥਾ ਨਹੀਂ ਸੀ। ਉਨ੍ਹਾਂ ਬਿਚਾਰਿਆਂ ਨੇ ਸਵਾਲੀ ਬਣ ਕੇ ਯੂਨੀਵਰਸਿਟੀ ਵਾਲ਼ਿਆਂ ਤੋਂ ਸਮੇਂ ਦੀ ਭਿੱਖਿਆ ਮੰਗੀ ਤਾਂ ਦਾਨ ਵਿਚ ਢਾਈ ਘੰਟੇ ਮਿਲ ਗਏ। ਇਨਾਮੀਆਂ ਵਿਚ ਅਜੀਤ ਕੌਰ ਵੀ ਸੀ। ਉਹਦਾ ਪਾਰਾ ਭਾਸ਼ਾ ਵਿਭਾਗ ਦੇ ਕਲਰਕੀ ਰਵਈਏ ਨੇ ਚਾਰ ਦਿਨ ਪਹਿਲਾਂ ਹੀ ਚੜ੍ਹਾ ਦਿੱਤਾ ਪਰ ਉਹਨੇ ਅਖ਼ਬਾਰਾਂ ਵਾਲ਼ਿਆਂ ਨਾਲ ਸੰਪਰਕ ਆਰਾਮ ਨਾਲ ਚਾਰ ਦਿਨ ਲੰਘਾ ਕੇ 30 ਨਵੰਬਰ ਨੂੰ ਕੀਤਾ ਤਾਂ ਜੋ ਉਧਰ ਕਾਨਫ਼ਰੰਸ ਦਾ ਉਦਘਾਟਨ ਹੋ ਰਿਹਾ ਹੋਵੇ ਤੇ ਉਧਰ ਅਜੀਤ ਕੌਰ ਦੇ ਬਿਆਨੀ ਹਮਲੇ ਵਾਲ਼ੇ ਅਖ਼ਬਾਰ ਲੋਕਾਂ ਦੇ ਹੱਥਾਂ ਵਿਚ ਘੁੰਮ ਰਹੇ ਹੋਣ।
(ਚੱਲਦਾ)