ਸੋਵੀਅਤ ਯੂਨੀਅਨ ਵਿਚ ਧਾਰਮਿਕ ਆਜ਼ਾਦੀ

ਮਾਨਵ
ਫੋਨ: +91-98888-08188
ਸਮਾਜਵਾਦ ਖਿਲਾਫ ਪ੍ਰਚਾਰ ਕਰਨ ਵਾਲੇ ਅਕਸਰ ਇਹ ਕਹਿੰਦੇ ਰਹੇ ਹਨ ਕਿ ਸੋਵੀਅਤ ਯੂਨੀਅਨ ਵਿਚ ਧਾਰਮਿਕ ਲੋਕਾਂ ਨੂੰ ਦਬਾਇਆ ਜਾਂਦਾ ਸੀ, ਉਹਨਾਂ ਨੂੰ ਧਾਰਮਿਕ ਪਛਾਣ ਰੱਖਣ ਜਾਂ ਆਪਣੀਆਂ ਧਾਰਮਿਕ ਰਸਮਾਂ ਨਿਭਾਉਣ ਤੋਂ ਰੋਕਿਆ ਜਾਂਦਾ ਸੀ ਪਰ ਹਕੀਕਤ ਕੁਝ ਹੋਰ ਹੋਰ ਹੈ। ਇਸ ਲੇਖ ਵਿਚ ਨੌਜਵਾਨ ਚਿੰਤਕ ਮਾਨਵ ਨੇ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਦੌਰ ਵਿਚ ਧਰਮ ਪ੍ਰਤੀ ਸੋਵੀਅਤ ਹਕੂਮਤ ਦੀ ਨੀਤੀ, ਸੋਵੀਅਤ ਯੂਨੀਅਨ ਵਿਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਹੈਸੀਅਤ ਤੇ ਸੋਵੀਅਤ ਹਕੂਮਤ ਨਾਲ਼ ਉਹਨਾਂ ਦੇ ਸਬੰਧਾਂ ‘ਤੇ ਵਿਚਾਰ ਕੀਤੀ ਹੈ।

ਇਨਕਲਾਬ ਤੋਂ ਪਹਿਲਾਂ ਦੇ ਰੂਸ ਵਿਚ ਧਾਰਮਿਕ ਬੰਦਸ਼ਾਂ
ਸੋਵੀਅਤ ਯੂਨੀਅਨ ਵਿਚ ਧਰਮ ਦੀ ਸਥਿਤੀ ਬਾਰੇ ਗੱਲ ਕਰਨ ਤੋਂ ਪਹਿਲਾਂ ਇਨਕਲਾਬ ਤੋਂ ਪਹਿਲਾਂ ਦੇ ਜ਼ਾਰਸ਼ਾਹੀ ਰੂਸ ਵਿਚ ਧਰਮ ਨੂੰ ਮੰਨਣ ਵਾਲ਼ੇ ਲੋਕਾਂ ਦੀ ਹੈਸੀਅਤ ਜਾਨਣੀ ਜ਼ਰੂਰੀ ਹੈ। ਜ਼ਾਰਸ਼ਾਹੀ ਰੂਸ ਵਿਚ ਯੂਨਾਨੀ ਰੂੜ੍ਹੀਵਾਦੀ ਗਿਰਜਾ ਰੂਸ ਦਾ ਸਰਕਾਰੀ ਗਿਰਜਾ ਸੀ ਤੇ ਇਸੇ ਅਧਾਰ ‘ਤੇ ਬਾਕੀ ਫ਼ਿਰਕਿਆਂ ‘ਤੇ ਹਾਵੀ ਸੀ। ਇਸ ਗਿਰਜੇ ਨੂੰ ਜ਼ਾਰਸ਼ਾਹੀ ਵੱਲੋਂ ਰਿਆਇਤਾਂ, ਸਬਸਿਡੀਆਂ ਦਿੱਤੀਆਂ ਜਾਂਦੀਆਂ ਸਨ ਜਿਹੜੀਆਂ ਗੈਰ-ਮਸੀਹੀ ਧਰਮਾਂ ਜਿਵੇਂ ਮੁਸਲਮਾਨ, ਯਹੂਦੀ ਤੇ ਬੋਧੀ ਜਾਂ ਇਥੋਂ ਤੱਕ ਇਸਾਈਆਂ ਦੇ ਹੀ ਹੋਰ ਫ਼ਿਰਕਿਆਂ ਜਿਵੇਂ ਰੋਮਨ ਕੈਥੋਲਿਕਾਂ ਨੂੰ ਨਹੀਂ ਮਿਲ਼ਦੀਆਂ ਸਨ। ਬਾਕੀ ਧਾਰਮਿਕ ਫ਼ਿਰਕੇ ਜਾਂ ਤਾਂ ਦਬਾਏ ਹੋਏ ਸਨ ਤੇ ਜਾਂ ਉਹਨਾਂ ਨੂੰ ਮਹਿਜ਼ ਬਰਦਾਸ਼ਤ ਕੀਤਾ ਜਾਂਦਾ ਸੀ। ਘੱਟਗਿਣਤੀ ਧਰਮਾਂ ਨਾਲ਼, ਖਾਸਕਰ ਰੂਸੀ ਵਸੇਬ ਵਾਲ਼ੇ ਖਿੱਤੇ ਵਿਚ ਯਹੂਦੀਆਂ ਨਾਲ਼ ਤੇ ਕੇਂਦਰੀ ਏਸ਼ੀਆ ਦੇ ਇਲਾਕਿਆਂ ਵਿਚ ਵਸਣ ਵਾਲ਼ੇ ਮੁਸਲਮਾਨਾਂ ਨਾਲ਼ ਧਾਰਮਿਕ ਵਿਤਕਰਾ ਕੀਤਾ ਜਾਂਦਾ ਸੀ। ਜ਼ਾਰਸ਼ਾਹੀ ਦੌਰ ਵਿਚ ਯੂਨਾਨੀ ਰੂੜ੍ਹੀਵਾਦੀ ਗਿਰਜੇ ਦੇ ਪਾਦਰੀ ਯਹੂਦੀਆਂ ਖਿਲਾਫ ਧਾਰਮਿਕ ਹਿੰਸਾ ਭੜਕਾਉਣ ਵਿਚ ਸਰਕਾਰ ਦੀ ਮਦਦ ਕਰਦੇ ਰਹਿੰਦੇ ਸਨ ਤੇ ਯਹੂਦੀਆਂ ਖਿਲਾਫ ਬਾਕੀ ਅਬਾਦੀ ਨੂੰ ਉਕਸਾਉਂਦੇ ਰਹਿੰਦੇ ਸਨ। 1905 ਵਿਚ ਹੀ ਪੂਰੇ ਰੂਸ ਵਿਚ ਯਹੂਦੀਆਂ ਖਿਲਾਫ ਕਰੀਬ ਸੌ ਤੋਂ ਉੱਪਰ ਅਜਿਹੇ ਕਤਲੇਆਮ ਰਚਾਏ ਗਏ ਜਿਹਨਾਂ ਵਿਚ 3500 ਲੋਕਾਂ ਦੀ ਮੌਤ ਤੇ 10000 ਜ਼ਖਮੀ ਹੋਏ ਸਨ।
ਇਨਕਲਾਬ ਤੋਂ ਪਹਿਲਾਂ ਜ਼ਾਰਸ਼ਾਹੀ ਰੂਸ ਵਿਚ ਲੋਕਾਂ ਨੂੰ ਆਪਣੀ ਮਰਜ਼ੀ ਨਾਲ਼ ਧਰਮ ਚੁਣਨ ਦਾ ਹੱਕ ਨਹੀਂ ਸੀ ਤੇ ਧਰਮ ਤਬਦੀਲੀ ਵਿਚ ਵੀ ਕਈ ਰੁਕਾਵਟਾਂ ਡਾਹੀਆਂ ਜਾਂਦੀਆਂ ਸਨ ਜਦਕਿ ਯੂਨਾਨੀ ਰੂੜ੍ਹੀਵਾਦੀ ਫਿਰਕੇ ਵਿਚ ਤਬਦੀਲ ਹੋਣ ਵਾਲ਼ਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਂਦੀ ਸੀ। ਨਾਸਤਿਕ ਹੋਣ ਨੂੰ ਭਾਰੀ ਜੁਰਮ ਐਲਾਨਿਆ ਗਿਆ ਸੀ, ਗਿਰਜੇ ਦੀਆਂ ਧਾਰਮਿਕ ਰਸਮਾਂ ਬਗੈਰ ਵਿਆਹ ਨੇਪਰੇ ਚੜ੍ਹਿਆ ਨਹੀਂ ਸੀ ਸਮਝਿਆ ਜਾਂਦਾ ਤੇ ਅਜਿਹੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝੇ ਕਰ ਦਿੱਤਾ ਜਾਂਦਾ ਸੀ। ਗਿਰਜਾ ਰੂਸ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਜਿਸ ਕੋਲ਼ ਬਹੁਤ ਵਸੀਹ ਪੈਮਾਨੇ ‘ਤੇ ਜ਼ਮੀਨ-ਜਾਇਦਾਦ ਦੀ ਮਾਲਕੀ ਸੀ। ਇਸ ਕਾਰਨ ਗਿਰਜਾ ਸਿੱਧੇ ਤੌਰ ‘ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ ‘ਤੇ ਨਿਰਭਰ ਸੀ। ਜ਼ਾਰ ਵੀ ਗਿਰਜੇ ਨੂੰ ਆਪਣੀ ਹਕੂਮਤ ਲਈ ਵਰਤਦਾ ਸੀ ਤੇ ਪਾਦਰੀਆਂ ਨੂੰ ਪੁਲਿਸ ਜਿਹੇ ਹੱਕ ਮਿਲੇ ਹੋਏ ਸਨ। ਇਹਨਾਂ ਪਾਦਰੀਆਂ ਨੂੰ ਹਦਾਇਤ ਸੀ ਕਿ ਆਪਣੇ ਇਲਾਕੇ ਵਿਚ ਕਿਸੇ ਕਿਸਮ ਦੀ ਜ਼ਾਰਸ਼ਾਹੀ ਵਿਰੋਧੀ ਸਰਗਰਮੀ ਦਾ ਪਤਾ ਲੱਗੇ ਤਾਂ ਉਸ ਨੂੰ ਪ੍ਰਸ਼ਾਸਨ ਕੋਲ਼ ਸਾਂਝਾ ਕਰੇ।
ਕਹਿਣ ਦਾ ਭਾਵ, ਜ਼ਾਰਸ਼ਾਹੀ ਰੂਸ ਵਿਚ ਧਾਰਮਿਕ ਆਜ਼ਾਦੀ ਦਾ ਕੋਈ ਨਾਂ-ਥੇਹ ਨਹੀਂ ਸੀ। ਇਸੇ ਲਈ ਜ਼ਾਰਸ਼ਾਹੀ ਖਿਲਾਫ ਸਰਗਰਮ ਇਨਕਲਾਬੀ ਤਾਕਤਾਂ ਲਈ ਧਾਰਮਿਕ ਆਜ਼ਾਦੀ ਦਾ ਸਵਾਲ ਬਹੁਤ ਅਹਿਮ ਸਵਾਲ ਸੀ। ਸਾਰੀਆਂ ਹੀ ਜਮਹੂਰੀ ਤੇ ਇਨਕਲਾਬੀ ਤਾਕਤਾਂ ਇਹ ਮੰਗ ਉਠਾਉਂਦੀਆਂ ਸਨ ਕਿ ਸਾਰੇ ਲੋਕਾਂ ਨੂੰ ਧਰਮ ਤੇ ਜ਼ਮੀਰ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਗਿਰਜੇ ਨੂੰ ਸੱਤਾ ਨਾਲ਼ੋਂ ਅੱਡ ਤੇ ਸਕੂਲੀ ਸਿੱਖਿਆ ਨੂੰ ਗਿਰਜੇ ਨਾਲ਼ੋਂ ਅੱਡ ਕੀਤਾ ਜਾਣਾ ਚਾਹੀਦਾ ਹੈ। 1883 ਵਿਚ ਕਾਇਮ ‘ਕਿਰਤ ਮੁਕਤੀ’ ਗਰੁੱਪ ਨੇ ਵੀ ਧਾਰਮਿਕ ਬਰਾਬਰੀ ਤੇ ਜ਼ਮੀਰ ਦੀ ਆਜ਼ਾਦੀ ਦੀ ਮੰਗ ਰੱਖੀ। 1903 ਵਿਚ ਰੂਸ ਦੀ ਸਮਾਜਿਕ ਜਮਹੂਰੀ ਪਾਰਟੀ ਵੱਲ਼ੋਂ ਪੇਸ਼ ਪ੍ਰੋਗਰਾਮ, ਜਿਹੜਾ ਆਗੂ ਲੈਨਿਨ ਨੇ ਤਿਆਰ ਕੀਤਾ ਸੀ, ਉਸ ਵਿਚ ਵੀ ਨਸਲ, ਕੌਮ ਤੇ ਧਰਮ ਦੇ ਵਿਤਕਰੇ ਖਿਲਾਫ ਬੋਲਦਿਆਂ ਸਾਰੇ ਲੋਕਾਂ ਦੀ ਬਰਾਬਰੀ ਦੀ ਮੰਗ ਰੱਖੀ ਗਈ ਸੀ। ਇਸੇ ਪ੍ਰੋਗਰਾਮ ਵਿਚ ਗਿਰਜੇ ਨੂੰ ਸੱਤਾ ਤੋਂ ਅੱਡ ਕਰਨ ਤੇ ਸਕੂਲਾਂ ਨੂੰ ਗਿਰਜੇ ਤੋਂ ਅਲਹਿਦਾ ਕਰਨ ਦੀ ਮਦ ਵੀ ਦਰਜ ਸੀ।
1917 ਦੇ ਸਮਾਜਵਾਦੀ ਇਨਕਲਾਬ ਤੋਂ ਬਾਅਦ ਧਾਰਮਿਕ ਬੰਦਸ਼ਾਂ ਦਾ ਹੋਇਆ ਖਾਤਮਾ
1917 ਦੇ ਮਹਾਨ ਸਮਾਜਵਾਦੀ ਇਨਕਲਾਬ ਨੇ ਸੱਤਾ ਤੇ ਗਿਰਜੇ ਦੇ ਪੁਰਾਣੇ ਸਬੰਧਾਂ ਦਾ ਖਾਤਮਾ ਕਰ ਦਿੱਤਾ। ਧਾਰਮਿਕ ਆਜ਼ਾਦੀਆਂ ਬਾਰੇ ਸੋਵੀਅਤ ਸੱਤਾ ਦੇ ਰੁਖ ਨੂੰ ਉਸ ਫਰਮਾਨ ਨੇ ਸਪੱਸ਼ਟ ਕਰ ਦਿੱਤਾ ਜਿਹੜਾ 5 ਫ਼ਰਵਰੀ 1918 ਨੂੰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦਸਤਾਵੇਜ਼ ਵਿਚ ਐਲਾਨ ਕੀਤਾ ਗਿਆ:
1) ਗਿਰਜੇ ਨੂੰ ਸੱਤਾ ਨਾਲ਼ੋਂ ਅੱਡ ਕੀਤਾ ਜਾਂਦਾ ਹੈ।
2) ਜਮਹੂਰੀ ਰਾਜ ਦੀ ਸਰਜ਼ਮੀਨ ‘ਤੇ ਅਜਿਹੇ ਕਿਸੇ ਵੀ ਕਾਨੂੰਨ ਜਾਂ ਹੁਕਮਨਾਮੇ ਨੂੰ ਜਾਰੀ ਕਰਨ ਦੀ ਮਨਾਹੀ ਹੈ ਜਿਹੜੇ ਲੋਕਾਂ ਦੀ ਜ਼ਮੀਰ ਦੀ ਆਜ਼ਾਦੀ ਵਿਚ ਰੁਕਾਵਟ ਬਣਨ ਜਾਂ ਲੋਕਾਂ ਨੂੰ ਧਰਮ ਦੀ ਬੁਨਿਆਦ ‘ਤੇ ਕੋਈ ਸਹੂਲਤਾਂ ਜਾਂ ਫਾਇਦੇ ਦੇਣ।
3) ਹਰ ਬਾਸ਼ਿੰਦਾ ਆਪਣੀ ਮਰਜ਼ੀ ਮੁਤਾਬਕ ਕੋਈ ਧਾਰਮਿਕ ਅਕੀਦਾ ਚੁਣ ਸਕਦਾ ਹੈ ਜਾਂ ਚਾਹੇ ਤਾਂ ਕਿਸੇ ਵੀ ਧਾਰਮਿਕ ਅਕੀਦੇ ਨੂੰ ਤਰਕ ਕਰ ਸਕਦਾ ਹੈ ਤੇ ਇਸ ਆਧਾਰ ‘ਤੇ ਕਿਸੇ ਵੀ ਬਾਸ਼ਿੰਦੇ ਦੇ ਹੱਕਾਂ ‘ਤੇ ਲਗਦੀ ਰੋਕ ਨੂੰ ਵੀ ਖਤਮ ਕੀਤਾ ਜਾਂਦਾ ਹੈ।
4) ਰਾਜਕੀ ਜਾਂ ਅਰਧ-ਸਰਕਾਰੀ ਪ੍ਰੋਗਰਾਮਾਂ ਵਿਚ ਕਿਸੇ ਕਿਸਮ ਦੀਆਂ ਧਾਰਮਿਕ ਰਸਮਾਂ ਨਹੀਂ ਨਿਭਾਈਆਂ ਜਾਣਗੀਆਂ।
5) ਧਾਰਮਿਕ ਰਸਮਾਂ ਦੀ ਆਜ਼ਾਦੀ ਉਸ ਹੱਦ ਤੱਕ ਦਿੱਤੀ ਜਾਂਦੀ ਹੈ ਜਿਸ ਹੱਦ ਤੱਕ ਕਿ ਇਹ ਆਮ ਅਮਨ ਨੂੰ ਭੰਗ ਨਾ ਕਰੇ ਤੇ ਸੋਵੀਅਤ ਬਾਸ਼ਿੰਦਿਆਂ ਦੇ ਹੱਕਾਂ ਵਿਚ ਮੁਦਾਖਲਤ ਨਾ ਦੇਵੇ।
6) ਨਾਗਰਿਕ ਫਰਜ਼ਾਂ ਤੋਂ ਜੀਅ ਚੁਰਾਉਣ ਲਈ ਕੋਈ ਵੀ ਆਪਣੇ ਧਾਰਮਿਕ ਅਕੀਦੇ ਨੂੰ ਬਹਾਨਾ ਨਹੀਂ ਬਣਾ ਸਕਦਾ। ਸਿਰਫ਼ ਲੋਕ ਅਦਾਲਤ ਦੇ ਫੈਸਲੇ ਰਾਹੀਂ ਹੀ ਇਸ ਕਾਇਦੇ ਤੋਂ ਛੋਟ ਮਿਲ਼ ਸਕਦੀ ਹੈ ਬਸ਼ਰਤੇ ਕਿ ਇੱਕ ਨਾਗਰਿਕ ਫਰਜ਼ ਦੀ ਥਾਂ ਦੂਸਰੇ ਫਰਜ਼ ਅਦਾ ਕੀਤੇ ਜਾਣ।
7) ਧਾਰਮਿਕ ਹਲਫ਼ਾਂ ਨੂੰ ਖਤਮ ਕੀਤਾ ਜਾਂਦਾ ਹੈ। ਜ਼ਰੂਰੀ ਮੌਕਿਆਂ ‘ਤੇ ਸਿਰਫ਼ ਰਸਮੀ ਅਹਿਦ ਕੀਤੇ ਜਾਇਆ ਕਰਨਗੇ।
8) ਸਾਰੀਆਂ ਨਾਗਰਿਕ ਕਾਰਵਾਈਆਂ, ਵਿਆਹ ਤੇ ਜਨਮ ਮਾਮਲਿਆਂ ਦੇ ਵਿਭਾਗ ਦੇ ਅਹੁਦੇਦਾਰ ਨਾਗਰਿਕ ਅਧਿਕਾਰੀ ਅੰਜਾਮ ਦਿਆ ਕਰਨਗੇ।
9) ਸਕੂਲ ਨੂੰ ਗਿਰਜੇ ਨਾਲ਼ੋਂ ਅੱਡ ਕੀਤਾ ਜਾਂਦਾ ਹੈ। ਸਾਰੇ ਸਰਕਾਰੀ ਤੇ ਪਬਲਿਕ ਸਕੂਲਾਂ ਵਿਚ ਤੇ ਨਾਲ਼ ਹੀ ਉਹਨਾਂ ਨਿੱਜੀ ਸਕੂਲਾਂ ਵਿਚ ਜਿੱਥੇ ਆਮ ਵਿਸ਼ਿਆਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਉਥੇ ਧਰਮ ਦੀ ਪੜ੍ਹਾਈ ਦੀ ਮਨਾਹੀ ਕੀਤੀ ਜਾਂਦੀ ਹੈ। ਨਾਗਰਿਕ ਨਿੱਜੀ ਤੌਰ ‘ਤੇ ਧਾਰਮਿਕ ਵਿਸ਼ਿਆਂ ਨੂੰ ਪੜ੍ਹ ਤੇ ਪੜ੍ਹਾ ਸਕਦੇ ਹਨ।
10) ਗਿਰਜੇ ਤੇ ਧਾਰਮਿਕ ਸਭਾਵਾਂ ਨੂੰ ਜਾਇਦਾਦ ਦੀ ਮਾਲਕੀ ਦਾ ਕੋਈ ਹੱਕ ਨਹੀਂ ਹੈ। ਉਹਨਾਂ ਦੇ ਹੱਕ ਇੱਕ ਕਾਨੂੰਨੀ ਬਾਸ਼ਿੰਦੇ ਦੇ ਹੱਕ ਨਹੀਂ ਹਨ।
11) ਰੂਸ ਵਿਚ ਗਿਰਜੇ ਤੇ ਧਾਰਮਿਕ ਸੰਸਥਾਵਾਂ ਦੀ ਮਾਲਕੀ ਅਧੀਨ ਸਾਰੀ ਜਾਇਦਾਦ ਹੁਣ ਤੋਂ ਲੋਕਾਂ ਦੀ ਜਾਇਦਾਦ ਹੋਵੇਗੀ। ਧਾਰਮਿਕ ਸੰਸਥਾਵਾਂ ਕੇਂਦਰੀ ਤੇ ਸਥਾਨਕ ਸੋਵੀਅਤ ਪ੍ਰਸ਼ਾਸਨ ਨਾਲ਼ ਖਾਸ ਪ੍ਰਬੰਧ ਰਾਹੀਂ ਧਾਰਮਿਕ ਸੇਵਾਵਾਂ ਲਈ ਲੋੜੀਂਦੀ ਇਮਾਰਤ ਤੇ ਹੋਰ ਚੀਜ਼ਾਂ ਦੀ ਵਰਤੋਂ ਮੁਫ਼ਤ ਵਿਚ ਕਰ ਸਕਦੇ ਹਨ।
ਇਸ ਫਰਮਾਨ ਨੇ ਸੋਵੀਅਤ ਯੂਨੀਅਨ ਦੇ ਹਰ ਬਾਸ਼ਿੰਦੇ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦਾ ਤੇ ਧਾਰਮਿਕ ਜਾਂ ਧਰਮ ਖਿਲਾਫ ਬਾਦਲੀਲ ਪ੍ਰਚਾਰ ਕਰਨ ਦਾ ਹੱਕ ਵੀ ਦਿੱਤਾ। ਫ਼ਰਵਰੀ 1918 ਦੇ ਫਰਮਾਨ ਨੇ ਧਰਮ ਸਬੰਧੀ ਜੋ ਨੀਤੀ ਪੇਸ਼ ਕੀਤੀ ਉਸੇ ਨੂੰ 1936 ਦੇ ਸੋਵੀਅਤ ਸੰਵਿਧਾਨ ਵਿਚ ਵੀ ਦਰਜ ਕਰ ਲਿਆ ਗਿਆ।
ਸੱਤਾ ਨਾਲ਼ੋਂ ਗਿਰਜੇ ਨੂੰ ਅੱਡ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਬਤੌਰ ਨਾਗਰਿਕ ਧਾਰਮਿਕ ਰਹਿਨੁਮਾਵਾਂ ਜਾਂ ਪਾਦਰੀਆਂ ਦੇ ਹੱਕਾਂ ‘ਤੇ ਕੋਈ ਡਾਕਾ ਮਾਰਿਆ ਗਿਆ ਸੀ। ਸਗੋਂ ਉਹਨਾਂ ਨੂੰ ਆਮ ਸ਼ਹਿਰੀਆਂ ਵਾਂਗੂੰ ਹੀ ਹੱਕ ਹਾਸਲ ਸਨ। ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਾ ਸਿਰਫ਼ ਉਹ ਬਾਕੀ ਨਾਗਰਿਕਾਂ ਵਾਂਗ ਹੀ ਵਿਚਰਦੇ ਸਨ ਸਗੋਂ ਸੋਵੀਅਤ ਸਰਕਾਰ ਦੇ ਕਈ ਜਨਤਕ ਪ੍ਰੋਗਰਾਮਾਂ ਵਿਚ ਬਤੌਰ ਨਾਗਰਿਕ ਹਿੱਸਾ ਲੈਂਦੇ ਸਨ। ਜਿਵੇਂ 1950 ਵਿਚ ਹੋਈ ਅਮਨ ਕਾਨਫਰੰਸ ਵਿਚ ਸੋਵੀਅਤ ਯੂਨੀਅਨ ਦੇ ਵੱਖ-ਵੱਖ ਧਾਰਮਿਕ ਫ਼ਿਰਕਿਆਂ ਦੇ ਰਹਿਨੁਮਾਵਾਂ ਨੇ ਇਸ ਵਿਚ ਆਪੋ-ਆਪਣੇ ਸੁਨੇਹੇ ਪੜ੍ਹੇ। ਅਕਤੂਬਰ ਇਨਕਲਾਬ ਤੋਂ ਬਾਅਦ ਆਏ ਇਸ ਬਦਲਾਅ ਬਾਰੇ ਖੁਦ ਇਹਨਾਂ ਧਾਰਮਿਕ ਰਹਿਨੁਮਾਵਾਂ ਦੇ ਵਿਚਾਰ ਕੀ ਸਨ?
‘ਇਵੈਂਜਲੀਕਲ ਇਸਾਈ ਬੈਪਟਿਸਮ’ ਦੀ ਕੁੱਲ ਯੂਨੀਅਨ ਕੌਂਸਲ ਦੇ ਸਦਰ ਯ. ਅਜ਼ਦੇਕੋਫ਼ ਲਿਖਦੇ ਹਨ: “ਸਾਡੇ ਖੁਦਾਪ੍ਰਸਤ ਲੋਕਾਂ ਲਈ ਅਕਤੂਬਰ ਇਨਕਲਾਬ ਦੀ ਅਹਿਮੀਅਤ ਇਹ ਹੈ ਕਿ ਇਸ ਨੇ ਸਾਰੀਆਂ ਮਜ਼ਹਬੀ ਸੰਸਥਾਵਾਂ ਨੂੰ ਆਜ਼ਾਦ ਕੀਤਾ ਹੈ। ਇਸ ਨੇ ਕਾਨੂੰਨ ਦੀ ਨਜ਼ਰ ਵਿਚ ਸਭ ਧਾਰਮਿਕ ਫ਼ਿਰਕਿਆਂ ਨੂੰ ਬਰਾਬਰ ਕਰ ਦਿੱਤਾ ਹੈ… ਸਾਨੂੰ ਉਹ ਸਾਰੇ ਹੱਕ ਮਿਲ਼ੇ ਹਨ ਜੋ ਇਬਾਦਤ ਕਰਨ ਤੇ ਸਮਾਜਕ ਤੌਰ ‘ਤੇ ਵਿਚਰਨ ਲਈ ਲਾਜ਼ਮੀ ਹਨ।”
ਜੁਲਾਈ 1951 ਵਿਚ ਅਖ਼ਬਾਰੀ ਨੁਮਾਇੰਦਿਆਂ ਨੂੰ ਬਿਆਨ ਦਿੰਦੇ ਹੋਏ ਕੋਹੇਕਾਫ ਦੇ ਮੁਸਲਮਾਨਾਂ ਦੀ ਧਾਰਮਿਕ ਮਜਲਿਸ ਦੇ ਸਦਰ ਸ਼ੇਖ ਉਲ-ਇਸਲਾਮ ਅਲੀਜ਼ਾਦ ਨੇ ਕਿਹਾ, “ਇਨਕਲਾਬ ਤੋਂ ਪਹਿਲਾਂ ਸਾਡੇ ਮੁਲਕ ਦੇ ਮੁਸਲਮਾਨ ਧਾਰਮਿਕ ਜ਼ੋਰ-ਜ਼ਬਰਦਸਤੀ ਦਾ ਸ਼ਿਕਾਰ ਸਨ। ਹੁਣ ਸੋਵੀਅਤ ਯੂਨੀਅਨ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਹਾਸਲ ਹੈ। ਸਤਾਲਿਨ ਸੰਵਿਧਾਨ ਧਰਮ ਦੀ ਮੁਕੰਮਲ ਆਜ਼ਾਦੀ ਦੀ ਜ਼ਮਾਨਤ ਕਰਦਾ ਹੈ। ਕੋਹੇਕਾਫ ਤੇ ਕੇਂਦਰੀ ਏਸ਼ੀਆ ਦੀਆਂ ਮਸੀਤਾਂ ਵਿਚ ਆਜ਼ਾਦਾਨਾ ਨਮਾਜ਼ਾਂ ਹੁੰਦੀਆਂ ਹਨ ਤੇ ਮੁਸਲਮਾਨਾਂ ਦੀਆਂ ਧਾਰਮਿਕ ਮਜਲਿਸਾਂ ਬਿਨਾਂ ਰੋਕ-ਟੋਕ ਆਪਣੇ ਫਰਜ਼ ਅਦਾ ਕਰਦੀਆਂ ਹਨ।”
ਇਸੇ ਤਰ੍ਹਾਂ ਕੇਂਦਰੀ ਏਸ਼ੀਆ ਤੇ ਕਜ਼ਾਖਸਤਾਨ ਦੇ ਮੁਸਲਿਮ ਮਜ਼ਹਬੀ ਬੋਰਡ ਦੇ ਨੁਮਾਇੰਦੇ ਕਾਜੀ ਏ। ਕੋਲੋਨੋਫ ਨੇ ਜ਼ੋਰ ਦੇ ਕੇ ਕਿਹਾ, “ਮੁਸਲਮਾਨ ਸੋਵੀਅਤ ਯੂਨੀਅਨ ਦੇ ਨਵੇਂ ਕਾਨੂੰਨ ਦਾ ਸਵਾਗਤ ਕਰਦੇ ਹਨ ਕਿਉਂਕਿ ਇਸਦੀ ਇੱਕ-ਇੱਕ ਸਤਰ ਸਪੱਸ਼ਟ ਤੌਰ ‘ਤੇ ਇਨਸਾਨਾਂ ਲਈ ਫਿਕਰਮੰਦੀ ਨਾਲ਼ ਲਬਰੇਜ਼ ਹੈ। ਅਸੀਂ ਇਸਦੇ ਦੂਰਅੰਦੇਸ਼ ਸੁਨੇਹੇ ਤੇ ਡੂੰਘੀ ਇਨਸਾਨ ਦੋਸਤੀ ਨਾਲ਼ ਸੰਤੁਸ਼ਟ ਹਾਂ।”
ਸਤੰਬਰ 1923, ਭਾਵ ਸਮਾਜਵਾਦੀ ਦੌਰ ਦੇ ਬਹੁਤ ਸ਼ੁਰੂ ਵਿਚ ਹੀ ਰੂਸ ਦੇ ਮੁਸਲਿਮ ਬੋਰਡ ਨੇ ਆਪਣੇ ਫ਼ਤਵੇ ਵਿਚ ਅਕਤੂਬਰ ਇਨਕਲਾਬ ਨੂੰ ਸਲਾਹੁੰਦਿਆਂ ਇਸ ਨਾਲ਼ ਡਟਣ ਦਾ ਐਲਾਨ ਕੀਤਾ ਤੇ ਫਿਰ ਅਕਤੂਬਰ 1926 ਵਿਚ ਮੁਸਲਿਮ ਧਾਰਮਿਕ ਉਲਮਾਵਾਂ ਦੀ ਕੁੱਲ ਰੂਸ ਕਾਂਗਰਸ ਨੇ ਵੀ ਸੋਵੀਅਤ ਹਕੂਮਤ ਦਾ ਸ਼ੁਕਰਾਨਾ ਕਰਦਿਆਂ ਇਸ ਨਾਲ਼ ਖੜ੍ਹਨ ਦਾ ਐਲਾਨ ਕੀਤਾ।
ਕੇਂਦਰੀ ਏਸ਼ੀਆ ਦੇ ਕੌਮੀ ਗਣਰਾਜਾਂ ਵਿਚ ਸੈਂਕੜੇ ਮਸੀਤਾਂ ਉਸੇ ਤਰ੍ਹਾਂ ਕਾਇਮ ਰੱਖੀਆਂ ਗਈਆਂ ਜਿਵੇਂ ਪਹਿਲਾਂ ਸਨ ਤੇ ਇਹਨਾਂ ਨੂੰ ਆਪਣਾ ਧਾਰਮਿਕ ਸਾਹਿਤ ਛਾਪਣ ਦਾ ਵੀ ਹੱਕ ਮਿਲ਼ਿਆ ਹੋਇਆ ਸੀ। ਮੁਸਲਮਾਨਾਂ ਦੇ ਚਾਰ ਮਜ਼ਹਬੀ ਬੋਰਡ ਇਹਨਾਂ ਮਸੀਤਾਂ ਦੇ ਮਾਮਲਿਆਂ ਦਾ ਪ੍ਰਬੰਧਨ ਕਰਦੇ ਸਨ।
ਧਾਰਮਿਕ ਕੁਲੀਨਾਂ ਵੱਲੋਂ ਧਰਮ ਬਾਰੇ ਸੋਵੀਅਤ ਨੀਤੀ ਦਾ ਵਿਰੋਧ ਤੇ ਇਹਨਾਂ ਦੀ ਹਾਰ
ਧਰਮ ਨੂੰ ਰਾਜ ਨਾਲ਼ੋਂ ਅਲੱਗ ਕੀਤੇ ਜਾਣ ਦੀ ਸੋਵੀਅਤ ਨੀਤੀ ਨੂੰ ਆਮ ਧਾਰਮਿਕ ਲੋਕਾਂ ਤੇ ਪਾਦਰੀਆਂ, ਮੌਲਵੀਆਂ ਦੇ ਇੱਕ ਹਿੱਸੇ ਨੇ ਤਾਂ ਜਾਇਜ਼ ਹੀ ਮੰਨਿਆ ਕਿਉਂਕਿ ਇਸ ਨੀਤੀ ਨੇ ਧਾਰਮਿਕ ਮਾਮਲਿਆਂ ਵਿਚ ਰਾਜ ਦੇ ਦਖਲ ਨੂੰ ਖਤਮ ਕਰਕੇ ਆਮ ਲੋਕਾਂ ਵਿਚ ਪੈਦਾ ਹੋਣ ਵਾਲ਼ੇ ਫਿਰਕੂ ਟਕਰਾਅ ਦੀ ਜ਼ਮੀਨ ਖਤਮ ਕਰ ਦਿੱਤੀ। ਪਰ ਇਸ ਦੇ ਬਾਵਜੂਦ ਪਾਦਰੀਆਂ ਦਾ ਉੱਪਰਲਾ ਹਿੱਸਾ ਅਜਿਹਾ ਵੀ ਸੀ ਜਿਸ ਨੇ ਇਸ ਸੋਵੀਅਤ ਨੀਤੀ ਦਾ ਵਿਰੋਧ ਕੀਤਾ ਕਿਉਂਕਿ ਇਸ ਨੀਤੀ ਕਰਕੇ ਉਹਨਾਂ ਨੂੰ ਜ਼ਾਰਸ਼ਾਹੀ ਸਮੇਂ ਵਿਚ ਹਾਸਲ ਉਚੇਚੀਆਂ ਸਹੂਲਤਾਂ ਖੋਹ ਲਈਆਂ ਗਈਆਂ ਸਨ; ਗਿਰਜੇ ਕੋਲ਼ੋਂ ਲੱਖਾਂ ਏਕੜ ਜ਼ਮੀਨ ਦੀ ਮਾਲਕੀ ਖੋਹਕੇ ਸਰਕਾਰ ਨੇ ਆਪਣੇ ਇਖਤਿਆਰ ਵਿਚ ਲੈ ਲਈ ਸੀ। ਇਸ ਕਰਕੇ ਸੁਭਾਵਿਕ ਹੀ ਸੀ ਕਿ ਇਸ ਤਬਕੇ ਨੇ ਸੋਵੀਅਤ ਨੀਤੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਆਮ ਲੋਕਾਂ ਨੂੰ ਵੀ ਇਸ ਲਈ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। ਧਰਮ ਦੇ ਪਰਦੇ ਹੇਠ ਅਸਲ ਵਿਚ ਇਹ ਤਬਕਾ ਪੁਰਾਣੇ ਜ਼ਾਰਸ਼ਾਹੀ ਦੌਰ ਨੂੰ ਫਿਰ ਬਹਾਲ ਕਰਨਾ ਚਾਹੁੰਦਾ ਸੀ। ਇਸੇ ਲਈ ਮਜ਼ਬੂਰ ਹੋ ਕੇ ਸੋਵੀਅਤ ਸਰਕਾਰ ਨੇ ਇਸ ਜ਼ਾਰਸ਼ਾਹੀ ਪ੍ਰਸਤ, ਉਲਟ-ਇਨਕਲਾਬੀਆਂ ਦੇ ਤਬਕੇ ਖਿਲਾਫ ਸਖਤੀ ਵਰਤੀ ਜਿਸ ਦਾ ਹੋ-ਹੱਲਾ ਪੱਛਮ ਦੇ ਸਾਮਰਾਜੀਆਂ ਵੱਲੋਂ ਅੱਜ ਤੱਕ ਪਾਇਆ ਜਾਂਦਾ ਹੈ।
ਅਸਲੀਅਤ ਇਹ ਹੈ ਕਿ ਖੁਦ ਗਿਰਜੇ ਦਾ ਚੰਗਾ-ਖਾਸਾ ਹਿੱਸਾ ਸੋਵੀਅਤ ਨੀਤੀ ਦੇ ਪੱਖ ਵਿਚ ਸੀ। 1942 ਵਿਚ ਮਾਸਕੋ ਤੋਂ ਕਿਤਾਬ ‘ਸੋਵੀਅਤ ਯੂਨੀਅਨ ਵਿਚ ਧਰਮ ਸਬੰਧੀ ਸੱਚੀਆਂ ਗੱਲਾਂ’ ਪ੍ਰਕਾਸ਼ਿਤ ਹੋਈ ਜਿਸ ਦੇ ਲੇਖਕ ਪਾਦਰੀ ਅਸਕੋਫ਼ ਸਰਗੀਅਸ ਨੇ ਲਿਖਿਆ, “ਅਕਤੂਬਰ ਇਨਕਲਾਬ ਮਗਰੋਂ ਰੂਸ ਵਿਚ ਕਈ ਪਾਦਰੀਆਂ ‘ਤੇ ਮੁਕੱਦਮੇ ਚਲਾਏ ਗਏ। ਗਿਰਜੇ ਦੇ ਨੁਮਾਇੰਦਿਆਂ ‘ਤੇ ਇਹ ਮੁਕੱਦਮੇ ਕਿਉਂ ਚਲਾਏ ਗਏ? ਇਸ ਲਈ ਕਿਉਂਕਿ ਉਹਨਾਂ ਨੇ ਗਿਰਜੇ ਦੀ ਪੋਸ਼ਾਕ ਤੇ ਗਿਰਜੇ ਦੇ ਨਾਮ ਨੂੰ ਆਪਣੀਆਂ ਸੋਵੀਅਤ ਦੁਸ਼ਮਣ ਸਰਗਰਮੀਆਂ ਲੁਕਾਉਣ ਲਈ ਵਰਤਿਆ। ਇਹ ਸਿਆਸੀ ਮੁਕੱਦਮੇ ਸਨ ਜਿਹਨਾਂ ਦਾ ਧਰਮ ਨਾਲ਼, ਗਿਰਜੇ ਦੀ ਜ਼ਿੰਦਗੀ ਨਾਲ਼ ਜਾਂ ਵਿਅਕਤੀਗਤ ਤੌਰ ‘ਤੇ ਗਿਰਜੇ ਦੇ ਕੰਮ ਨਾਲ਼ ਕੋਈ ਸਬੰਧ ਨਹੀਂ ਸੀ।”
ਘਰੇਲੂ ਜੰਗ ਵਿਚ ਉਲਟ-ਇਨਕਲਾਬੀ ਦੁਸ਼ਮਣਾਂ ਦੀ ਹਾਰ, ਸਮਾਜਵਾਦੀ ਉਸਾਰੀ ਦੀ ਕਾਮਯਾਬੀ ਤੇ ਆਮ ਲੋਕਾਂ ਦੀ ਨਵੀਂ ਸੋਵੀਅਤ ਸੱਤਾ ਨਾਲ਼ ਡੂੰਘੀ ਹਮਦਰਦੀ ਕਾਰਨ ਉਹਨਾਂ ਡਾਵਾਂਡੋਲ ਧਾਰਮਿਕ ਲੋਕਾਂ ਤੇ ਪਾਦਰੀਆਂ ਨੂੰ ਵੀ ਯਕੀਨ ਹੋ ਗਿਆ ਕਿ ਹਕੂਮਤ ਦੇ ਫੈਸਲਿਆਂ ਨੂੰ ਸੋਵੀਅਤ ਲੋਕਾਂ ਦੀ ਦਿਲੀ ਪ੍ਰਵਾਨਗੀ ਹੈ ਤੇ ਜੇਕਰ ਉਹਨਾਂ ਨੇ ਇਸ ਹਕੂਮਤ ਖਿਲਾਫ ਜੱਦੋ-ਜਹਿਦ ਕੀਤੀ ਤਾਂ ਉਹ ਲੋਕਾਂ ਵਿਚੋਂ ਨਿੱਖੜ ਜਾਣਗੇ। ਇਸੇ ਲਈ ਸੋਵੀਅਤ ਯੂਨੀਅਨ ਦੀ ਸਭ ਤੋਂ ਵੱਡੀ ਧਾਰਮਿਕ ਜਮਾਤ ਰੂਸੀ ਰੂੜ੍ਹੀਵਾਦੀ ਗਿਰਜੇ ਨੇ ਜੁਲਾਈ 1928 ਨੂੰ ਸੋਵੀਅਤ ਯੂਨੀਅਨ ਦੀ ਘਰੇਲੂ ਤੇ ਵਿਦੇਸ਼ ਨੀਤੀ ਦੀ ਹਮਾਇਤ ਵਿਚ ਐਲਾਨਨਾਮਾ ਜਾਰੀ ਕਰ ਦਿੱਤਾ।
ਸੋਵੀਅਤ ਯੂਨੀਅਨ ਦੀ ਰਾਜਸੱਤਾ ਨਾਲ਼ ਇਸ ਨਵੀਂ ਸਹਿਮਤੀ ਦਾ ਸਭ ਤੋਂ ਵੱਡਾ ਸਬੂਤ ਸੀ ਹਿਟਲਰੀ ਹਮਲੇ ਵੇਲ਼ੇ ਇਹਨਾਂ ਧਾਰਮਿਕ ਸੰਸਥਾਵਾਂ ਦਾ ਰੁਖ। ਹਿਟਲਰ ਨੂੰ ਆਸ ਸੀ ਕਿ ਉਸ ਨੂੰ ਸੋਵੀਅਤ ਯੂਨੀਅਨ ਖਿਲਾਫ ਐਥੋਂ ਦੇ ਵੱਖ-ਵੱਖ ਧਾਰਮਿਕ ਫ਼ਿਰਕਿਆਂ ਦੀ ਹਮਾਇਤ ਮਿਲ਼ੇਗੀ ਪਰ ਉਸਦੇ ਅੰਦਾਜ਼ੇ ਪੂਰੀ ਤਰ੍ਹਾਂ ਝੂਠੇ ਪੈ ਗਏ ਕਿਉਂਕਿ ਸੋਵੀਅਤ ਯੂਨੀਅਨ ਦੀਆਂ ਧਾਰਮਿਕ ਸੰਸਥਾਵਾਂ ਨੇ ਇਹ ਗੱਲ ਚੰਗੀ ਤਰ੍ਹਾਂ ਜਾਣ ਲਈ ਸੀ ਕਿ ਜੇ ਹਿਟਲਰ ਦਾ ਕਬਜ਼ਾ ਸੋਵੀਅਤ ਧਰਤੀ ‘ਤੇ ਹੋ ਗਿਆ ਤਾਂ ਉਸ ਨੇ ਧਾਰਮਿਕ ਫ਼ਿਰਕਿਆਂ ਵੱਲੋਂ ਮਾਣੀਆਂ ਜਾ ਰਹੀਆਂ ਆਜ਼ਾਦੀਆਂ ਨੂੰ ਮਧੋਲ਼ ਸੁੱਟਣਾ ਹੈ ਤੇ ਕਈ ਫ਼ਿਰਕਿਆਂ ਦੇ ਕਤਲੇਆਮ ਰਚਾਉਣੇ ਹਨ। ਤੇ ਇਸ ਦਾ ਸਬੂਤ ਜਲਦ ਹੀ ਹਿਟਲਰੀ ਫੌਜਾਂ ਨੇ ਦੇ ਵੀ ਦਿੱਤਾ। ਇਹਨਾਂ ਫੌਜਾਂ ਨੇ ਗਿਰਜਿਆਂ ਨੂੰ ਲੁੱਟਿਆ ਤੇ ਆਪਣੇ ਕਬਜ਼ੇ ਹੇਠਲੇ ਇਲਾਕੇ ਵਿਚ ਅਜਿਹੇ ਅਨੇਕਾਂ ਪਾਦਰੀਆਂ ਦੇ ਕਤਲ ਵੀ ਕੀਤੇ ਜਿਹਨਾਂ ਹਿਟਲਰ ਦਾ ਹੁਕਮ ਮੰਨਣੋਂ ਇਨਕਾਰ ਕਰ ਦਿੱਤਾ ਸੀ। ਨਾਜ਼ੀ ਦਰਿੰਦਿਆਂ ਨੇ ਯੁਕਰੇਨ ਦੇ ਕੀਵ ਸ਼ਹਿਰ ਦੇ ਮਸ਼ਹੂਰ ‘ਪੀਚਰਸਕ ਲਾਵਰਾ’, ਇਸ ਦੇ ਅਜਾਇਬ ਘਰ, ਇਤਿਹਾਸਕ ਦਸਤਾਵੇਜ਼ ਤੇ ਹੋਰ ਕੀਮਤੀ ਸਮਾਨ ਲੁੱਟ ਲਿਆ; ਇਸ ਤਰ੍ਹਾਂ (ਮਾਸਕੋ ਨੇੜੇ) ਵਿਚ ਮੌਜੂਦ ਇਤਿਹਾਸਕ ‘ਨਵੇਂ ਯੇਰੁਸ਼ਲਮ ਮੱਠ’ ਨੂੰ ਖੰਡਰ ਕਰ ਦਿੱਤਾ ਤੇ ਇਸੇ ਤਰ੍ਹਾਂ ਹੋਰ ਅਨੇਕਾਂ ਸ਼ਹਿਰਾਂ ਵਿਚ ਤਬਾਹੀ ਮਚਾਈ। ਇਸੇ ਫਾਸ਼ੀਵਾਦੀ ਵਹਿਸ਼ਤ ਖਿਲਾਫ ਸੰਘਰਸ਼ ਵਿਚ ਸੋਵੀਅਤ ਯੂਨੀਅਨ ਦੀਆਂ ਤਮਾਮ ਧਾਰਮਿਕ ਜਥੇਬੰਦੀਆਂ ਤੇ ਨੁਮਾਇੰਦਿਆਂ ਵੱਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਯਤਨ ਕੀਤੇ ਗਏ, ਮੋਰਚਿਆਂ ‘ਤੇ ਜਾਣ ਦੀਆਂ ਅਪੀਲਾਂ ਕੀਤੀਆਂ ਗਈਆਂ ਤੇ ਜ਼ਰੂਰੀ ਰਸਦ ਇਕੱਠੀ ਕਰਕੇ ਲਾਲ ਫੌਜ ਨੂੰ ਭੇਜੀ ਗਈ। ਜੰਗ ਤੋਂ ਬਾਅਦ ਹੋਈ ਅਮਨ ਕਾਨਫਰੰਸ ਵਿਚ ਵੀ ਇਹਨਾਂ ਸੰਸਥਾਵਾਂ ਨੇ ਬਣਦਾ ਹਿੱਸਾ ਲਿਆ।
ਇਸੇ ਤਰ੍ਹਾਂ ਮੁਸਲਿਮ ਇਲਾਕਿਆਂ ਵਿਚ ਜਿੱਥੇ ਇੱਕ ਪਾਸੇ ਮੌਲਵੀਆਂ ਦੇ ਵੱਡੇ ਹਿੱਸੇ ਨੇ ਸੋਵੀਅਤ ਯੂਨੀਅਨ ਦੀ ਇਨਸਾਨ ਤਰੱਕੀ ਦੇ ਸੁਨੇਹੇ ਨੂੰ ਸਹੀ ਮੰਨਦਿਆਂ ਇਸ ਦਾ ਸਾਥ ਦਿੱਤਾ ਓਥੇ ਹੀ ਇਸਦੇ ਆਹਲਾ ਹਿੱਸੇ ਨੇ ਇਨਕਲਾਬ ਵਿਰੋਧੀ ‘ਬਿਸਮਾਚੀ’ ਲਹਿਰ ਦਾ ਵੀ ਸਾਥ ਦਿੱਤਾ। ‘ਬਿਸਮਾਚੀ’ ਲਹਿਰ ਇਸ ਖਿੱਤੇ ਵਿਚ ਗੱਦਿਓਂ ਲਾਹੇ ਜਗੀਰਦਾਰਾਂ, ਪੁਰਾਣੇ ਆਮੀਰਾਂ-ਬੇਗਾਂ ਜਿਹੇ ਸ਼ਾਹਾਂ ਤੇ ਨਵੇਂ ਉੱਭਰਦੇ ਸਰਮਾਏਦਾਰਾ ਤਬਕੇ ਦੀ ਲਹਿਰ ਸੀ। ਕਿਉਂਕਿ ਇਸ ਉੱਪਰਲੀ ਜਮਾਤ ਦੀਆਂ ਜ਼ਮੀਨਾਂ ਤੇ ਹੋਰ ਵਾਧੂ ਸਹੂਲਤਾਂ ਸੋਵੀਅਤ ਇਨਕਲਾਬ ਨੇ ਖੋਹਕੇ ਆਮ ਲੋਕਾਂ ਵਿਚ ਵੰਡ ਦਿੱਤੀਆਂ ਸਨ ਇਸ ਕਰਕੇ ਇਹ ਇਨਕਲਾਬ ਦੇ ਦੁਸ਼ਮਣ ਬਣ ਗਏ ਤੇ ਇਸ ਮਕਸਦ ਲਈ ਇਹਨਾਂ ਧਰਮ ਦਾ ਵੀ ਸਹਾਰਾ ਲਿਆ ਤੇ ਮੌਲਵੀਆਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ਼ ਜੋੜਿਆ। ਇਹਨਾਂ ਬਿਸਮਾਚੀਆਂ ਨੇ ਖੁਦ ਨੂੰ ‘ਇਸਲਾਮੀ ਫੋਜ’ ਅਤੇ ‘ਤੁਰਕਿਸਤਾਨ ਦੇ ਕੌਮੀ ਮੁਜਾਹਿਦ’ ਵਜੋਂ ਐਲਾਨਦਿਆਂ ਤਰੱਕੀਪਸੰਦ ਕਾਰਕੁਨਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਤੇ ਸੋਵੀਅਤ ਯੋਜਨਾਵਾਂ ਨੂੰ ਭੰਗ ਕਰਨ ਲਈ ਭੰਨਤੋੜ ਦੀਆਂ ਕਾਰਵਾਈਆਂ ਆਰੰਭ ਦਿੱਤੀਆਂ ਪਰ ਬਿਸਮਾਚੀਆਂ ਦੀਆਂ ਇਹਨਾਂ ਇਨਕਲਾਬ ਵਿਰੋਧੀ ਕਾਰਵਾਈਆਂ ਖਿਲਾਫ ਪਿੰਡ-ਸ਼ਹਿਰ ਦੇ ਕਿਰਤੀ ਮੁਸਲਮਾਨਾਂ ਨੇ ਹੀ ਅਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਲੋਕ ਜਮਹੂਰੀਅਤ ਬੁਖਾਰਾ ਦੇ ਉਲਮਾ ਵੱਲੋਂ 1926 ਵਿਚ ਕੁਰਆਨ ਦੇ ਹਵਾਲੇ ਨਾਲ਼ ਬਿਸਮਾਚੀ ਦਹਿਸ਼ਤਗਰਦੀ ਦੀ ਨਿੰਦਾ ਕੀਤੀ ਗਈ ਤੇ ਇਸੇ ਨਾਲ਼ ਕਿਰਗਿਜ਼ ਦੇ ਉਲਮਾ ਨੇ ਵੀ ਇਹਨਾਂ ਖਿਲਾਫ ਫਤਵਾ ਦੇ ਦਿੱਤਾ।
ਸੋਵੀਅਤ ਹਕੂਮਤ ਤੇ ਕੇਂਦਰੀ ਏਸ਼ੀਆ ਦੇ ਆਮ ਮੁਸਲਮਾਨਾਂ ਦੇ ਸਬੰਧਾਂ ਵਿਚ ਵੱਡਾ ਮੀਲ ਪੱਥਰ ਸੀ ਇਸ ਖਿੱਤੇ ਅੰਦਰ ਕੌਮੀ ਗਣਰਾਜਾਂ ਦੀ ਉਸਾਰੀ। ਸੋਵੀਅਤ ਹਕੂਮਤ ਨੇ 1920’ਵਿਆਂ ਵਿਚ ਉਜ਼ਬੇਕ, ਤਾਜਿਕ, ਤੁਰਕਮਾਨ, ਕਜ਼ਾਕ ਤੇ ਕਿਰਗਿਜ਼ ਜਿਹੇ ਕੌਮੀ ਗਣਰਾਜ ਬਣਾਏ ਜਿਸ ਮਗਰੋਂ ਇਸ ਖਿੱਤੇ ਦੇ ਮੁਕਾਮੀ ਸੱਭਿਆਚਾਰ ਤੇ ਭਾਸ਼ਾਵਾਂ ਦੀ ਤਰੱਕੀ ਨੂੰ ਜ਼ੋਰਦਾਰ ਹੁਲਾਰਾ ਮਿਲ਼ਿਆ। ਇਸ ਦੇ ਨਾਲ਼ ਹੀ ਖੇਤੀ ਤੇ ਸਨਅਤ ਦੀ ਤਰੱਕੀ ਲਈ ਸੋਵੀਅਤ ਹਕੂਮਤ ਵੱਲੋਂ ਚੁੱਕੇ ਕਦਮਾਂ ਨੇ ਇਸ ਖਿੱਤੇ ਨੂੰ ਆਰਥਿਕ-ਸਮਾਜਿਕ ਪਛੜੇਵੇਂ ਦੀ ਹਾਲਤ ਵਿਚੋਂ ਕੱਢਕੇ ਖੁਸ਼ਹਾਲੀ ਦੇ ਰਾਹ ਪਾਇਆ। ਸੋਵੀਅਤ ਸਰਕਾਰ ਦੇ ਇਹਨਾਂ ਕਦਮਾਂ ਨੇ ਹੀ ਖਿੱਤੇ ਦੇ ਸਭ ਮਿਹਨਤਕਸ਼ ਮੁਸਲਮਾਨਾਂ ਨੂੰ ਯਕੀਨ ਦੁਆ ਦਿੱਤਾ ਕਿ ਸੋਵੀਅਤ ਹਕੂਮਤ ਹੀ ਉਹਨਾਂ ਦੀ ਅਸਲ ਖੁਸ਼ਹਾਲੀ ਦੀ ਜ਼ਾਮਨ ਹੈ। ਲੋਕਾਂ ਵੱਲੋਂ ਸੋਵੀਅਤ ਹਕੂਮਤ ਦੇ ਪੱਖ ਵਿਚ ਖੜ੍ਹਨ ਕਾਰਨ ਨਾ ਸਿਰਫ਼ ਉਲਟ-ਇਨਕਲਾਬੀ ਬਿਸਮਾਚੀ ਲਹਿਰ ਦੇ ਪੈਰ ਪੂਰੀ ਤਰ੍ਹਾਂ ਉੱਖੜ ਗਏ ਸਗੋਂ ਡਾਵਾਂਡੋਲ ਮਜ਼ਹਬੀ ਤਬਕੇ ਵੀ ਸੋਵੀਅਤ ਹਕੂਮਤ ਦੇ ਨਾਲ਼ ਹੋ ਗਏ।
ਸੋਵੀਅਤ ਹਕੂਮਤ ਨਾਲ਼ ਆਮ ਮੁਸਲਮਾਨਾਂ ਦੀ ਨਵੀਂ ਬੁਣੀ ਇਹ ਹਮਦਰਦੀ ਉਦੋਂ ਹੋਰ ਪੱਕੀ ਹੋ ਗਈ ਜਦੋਂ ਹਿਟਲਰੀ ਫੌਜਾਂ ਨੇ ਸੋਵੀਅਤ ਯੂਨੀਅਨ ‘ਤੇ ਹਮਲਾ ਕੀਤਾ। ਕੇਂਦਰੀ ਏਸ਼ੀਆ ਦੇ ਇਸ ਖਿੱਤੇ ਵਿਚੋਂ ਵੀ ਧਾਰਮਿਕ, ਗੈਰ-ਧਾਰਮਿਕ ਲੱਖਾਂ ਹੀ ਨੌਜਵਾਨਾਂ ਨੇ ਲਾਲ ਫੌਜ ਦਾ ਹਿੱਸਾ ਬਣਕੇ ਸੋਵੀਅਤ ਭੂਮੀ ਦੀ ਰਾਖੀ ਲਈ ਜਾਨਾਂ ਵਾਰੀਆਂ ਤੇ ਇਸ ਵਿਚ ਧਾਰਮਿਕ ਉਲਮਾਵਾਂ ਨੇ ਵੀ ਲੋਕਾਂ ਨੂੰ ਸੋਵੀਅਤ ਯੂਨੀਅਨ ਨਾਲ਼ ਖੜ੍ਹਨ ਦੀਆਂ ਅਪੀਲਾਂ ਜਾਰੀ ਕੀਤੀਆਂ। 1942 ਵਿਚ ਊਫਾ ਸ਼ਹਿਰ ਵਿਚ ਮੁਸਲਿਮ ਮਜ਼ਹਬੀ ਹਲਕਿਆਂ ਦੇ ਨੁਮਾਇੰਦਿਆਂ ਦੀ ਕਾਂਗਰਸ ਹੋਈ ਜਿਸ ਵਿਚ ਸੋਵੀਅਤ ਭੂਮੀ ਦੇ ਸਾਰੇ ਮੁਸਲਮਾਨਾਂ ਦੇ ਨਾਂ ਅਪੀਲ ਜਾਰੀ ਕਰਦਿਆਂ ਫਾਸ਼ੀਵਾਦੀ ਕਾਤਲਾਂ ਖਿਲਾਫ ਡਟਣ ਤੇ ਜੰਗੀ ਮੋਰਚੇ ਲਈ ਵੱਡੇ ਪੱਧਰ ‘ਤੇ ਪੈਸੇ, ਅਨਾਜ ਤੇ ਹੋਰ ਲੋੜੀਂਦੀਆਂ ਵਸਤਾਂ ਜੁਟਾਉਣ ਦੀ ਅਪੀਲ ਕੀਤੀ ਗਈ ਜਿਸ ਨੂੰ ਭਰਵਾਂ ਹੁੰਗਾਰਾ ਮਿਲ਼ਿਆ।
ਕਈ ਵਿਰੋਧੀਆਂ ਵੱਲੋਂ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਸੋਵੀਅਤ ਦੌਰ ਵਿਚ ਧਾਰਮਿਕ ਸਥਾਨਾਂ ਨੂੰ ਢਾਹਿਆ-ਨੁਕਸਾਨਿਆ ਗਿਆ। ਅਸੀਂ ਵੇਖ ਸਕਦੇ ਹਾਂ ਕਿ ਅਜਿਹੀਆਂ ਘਟੀਆ ਕਰਤੂਤਾਂ ਹਿਟਲਰੀ ਫੌਜਾਂ ਦਾ ਕਾਰਾ ਸਨ, ਸਮਾਜਵਾਦੀ ਰਾਜਸੱਤਾ ਨੇ ਤਾਂ ਸਗੋਂ ਜੰਗ ਵਿਚ ਨੁਕਸਾਨੀਆਂ ਗਈਆਂ ਧਾਰਮਿਕ ਇਮਾਰਤਾਂ ਨੂੰ ਮੁੜ ਉਸਾਰਿਆ। ਹਾਂ ਮੁਲਕ ਭਰ ਵਿਚ ਅਨੇਕਾਂ ਗਿਰਜੇ, ਮਸੀਤਾਂ ਨੂੰ ਭਾਈਚਾਰਕ ਕੇਂਦਰਾਂ, ਹਸਪਤਾਲਾਂ ਵਿਚ ਤਬਦੀਲ ਜਰੂਰ ਕੀਤਾ ਗਿਆ ਕਿਉਂਕਿ ਨਵੀਂ ਪੀੜ੍ਹੀ ਦੀ ਧਰਮ ਵਿਚ ਦਿਲਚਸਪੀ ਘਟਣ ਨਾਲ਼ ਇਹਨਾਂ ਸਥਾਨਾਂ ‘ਤੇ ਜਾਣ ਵਾਲ਼ਾ ਕੋਈ ਬਚਿਆ ਹੀ ਨਹੀਂ ਸੀ। ਇਸ ਲਈ ਪੁਰਾਣੀਆਂ, ਅਣਵਰਤੀਆਂ ਪਈਆਂ ਧਾਰਮਿਕ ਇਮਾਰਤਾਂ ਨੂੰ ਸਮਾਜਿਕ ਬਿਹਤਰੀ ਦੇ ਕਿਸੇ ਕੰਮ ਵਿਚ ਵਰਤ ਲਿਆ ਗਿਆ ਸੀ।
ਸੋਵੀਅਤ ਯੂਨੀਅਨ ਵਿਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਗੈਰ-ਮੁਲਕੀ ਵਫ਼ਦਾਂ ਦੇ ਤਜਰਬੇ
ਸਮਾਜਵਾਦੀ ਦੌਰ ਵਿਚ ਸੋਵੀਅਤ ਯੂਨੀਅਨ ਅੰਦਰ ਕਈ ਧਾਰਮਿਕ ਤੇ ਗੈਰ-ਧਾਰਮਿਕ ਵਫ਼ਦ ਲਗਾਤਾਰ ਦੌਰੇ ‘ਤੇ ਆਉਂਦੇ ਰਹੇ ਤੇ ਆਪਣੇ ਤਜਰਬੇ ਜ਼ਬਾਨੀ ਬਿਆਨਾਂ ਜਾਂ ਅਖ਼ਬਾਰੀ ਲਿਖਤਾਂ ਵਿਚ ਪੇਸ਼ ਕਰਦੇ ਰਹੇ। ਇਹਨਾਂ ਸਭਨਾਂ ਨੇ ਹੀ ਸੋਵੀਅਤ ਯੂਨੀਅਨ ਵਿਚ ਧਾਰਮਿਕ ਆਜ਼ਾਦੀ ਨੂੰ ਸਰਾਹਿਆ। ਅਜਿਹਾ ਹੀ ਇੱਕ ਬਰਤਾਨਵੀ ਮਜ਼ਦੂਰਾਂ ਦਾ ਵਫ਼ਦ ਮਈ 1951 ਵਿਚ ਸੋਵੀਅਤ ਯੂਨੀਅਨ ਵਿਚ ਆਇਆ ਸੀ ਤੇ ਇਸਨੇ ਆਪਣੀ ਲੰਡਨ ਤੋਂ ਪ੍ਰਕਾਸ਼ਿਤ ਰਿਪੋਰਟ ਵਿਚ ਇਹ ਤਜ਼ਰਬੇ ਦਰਜ ਕੀਤੇ: “ਇਥੇ ਧਰਮ ਆਜ਼ਾਦ ਹੈ ਤੇ ਧਰਮ ਨੂੰ ਮੰਨਣ ਵਾਲ਼ਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। ਧਰਮ ਤੋਂ ਮੁਨਕਰ ਲੋਕਾਂ ਨੂੰ ਵੀ ਆਜ਼ਾਦੀ ਹੈ। ਆਰਥੋਡਾਕਸ, ਪਰੋਟੈਸਟੈਂਟ ਤੇ ਕੈਥੋਲਿਕ ਗਿਰਜਿਆਂ ਵਿਚ ਸਾਨੂੰ ਕੁਝ ਬੱਚੇ ਦਿਖਾਈ ਦਿੱਤੇ। ਸਤਾਲਿਨਗਰਾਦ ਵਿਚ ਜਿਹੜੇ ਗਿਰਜੇ ਤਬਾਹ ਹੋ ਗਏ ਸਨ ਉਹਨਾਂ ਨੂੰ ਮੁੜ ਉਸਾਰਿਆ ਗਿਆ ਹੈ।”
ਇਸੇ ਰਿਪੋਰਟ ਵਿਚ ਇਸ ਵਫ਼ਦ ਦੇ ਇੱਕ ਮੈਂਬਰ ਜੌਨ ਵਿਲਸਨ ਲਿਖਦੇ ਹਨ, “ਮੈਂ ਬੈਪਟਿਸਟ ਗਿਰਜੇ ਵਿਚ ਗਿਆ ਜਿੱਥੇ ਮੇਰੀ ਜਾਣ-ਪਛਾਣ ਇੱਕ ਪਾਦਰੀ, ਇੱਕ ਸਕੱਤਰ ਤੇ ਦੋ ਬਜ਼ੁਰਗਾਂ ਨਾਲ਼ ਕਰਾਈ ਗਈ। ਗਿਰਜੇ ਦੇ ਤੋਸ਼ੇਖਾਨੇ ਵਿਚ ਧਰਮ ਨਾਲ਼ ਸਬੰਧਿਤ ਕਿਤਾਬਾਂ ਬਹੁਤ ਵੱਡੀ ਗਿਣਤੀ ਵਿਚ ਮੌਜੂਦ ਹਨ। ਕੰਧਾਂ ‘ਤੇ ਬਹੁਤ ਸਾਰੇ ਚੌਖਟੇ ਹਨ ਜਿਹਨਾਂ ਵਿਚ ਬਾਈਬਲ ਦੇ ਉਹ ਹਿੱਸੇ ਲਿਖੇ ਹੋਏ ਹਨ ਜਿਹਨਾਂ ਨੂੰ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਹਾਂ। ਪਾਦਰੀ ਨੇ ਦੱਸਿਆ ਕਿ ਹਕੂਮਤ ਵੱਲੋਂ ਕੋਈ ਦਖਲ ਨਹੀਂ ਹੁੰਦਾ ਤੇ ਬਾਈਬਲ ਦੀ ਸਿੱਖਿਆ-ਦਿੱਖਿਆ ਦੀ ਸਾਨੂੰ ਪੂਰੀ ਖੁੱਲ੍ਹ ਹੈ। ਉਹਨਾਂ ਨੇ ਮੈਨੂੰ ਅੰਗਰੇਜ਼ੀ ਤੇ ਰੂਸੀ ਜ਼ੁਬਾਨਾਂ ਵਿਚ ਬਾਈਬਲ ਦੇ ਤਸਦੀਕਸ਼ੁਦਾ ਤਰਜੁਮੇ ਵਿਖਾਏ ਤੇ ਦੱਸਿਆ ਕਿ ਇਹ ਨੁਸਖੇ ਲੈਨਿਨਗਰਾਦ ਦੇ ਸੋਵੀਅਤ ਪ੍ਰਕਾਸ਼ਨ ਘਰ ਵਿਚੋਂ ਖਰੀਦੇ ਜਾ ਸਕਦੇ ਹਨ। ਮੈਂ ਉਹਨਾਂ ਨੂੰ ਪੁੱਛਿਆ ਕਿ ਰੂਸ ਵਿਚ ਕਿੰਨੇ ਕੁ ਬੈਪਟਿਸਟ ਹਨ ਤਾਂ ਉਹਨਾਂ ਦੱਸਿਆ ਕਿ ਤਕਰੀਬਨ ਪੰਜ ਲੱਖ। ਗਿਰਜੇ ਵੀ ਕਾਫੀ ਸਾਰੇ ਹਨ। ਮੈਨੂੰ ਇਹ ਜਾਣਕੇ ਖੁਸ਼ੀ ਹੋਈ ਕਿ ਬਰਤਾਨੀਆ ਦੀ ਬੈਪਟਿਸਟ ਯੂਨੀਅਨ ਨਾਲ਼ ਵੀ ਉਹਨਾਂ ਦਾ ਚਿੱਠੀ-ਪੱਤਰ ਹੁੰਦਾ ਰਹਿੰਦਾ ਹੈ।”
ਇਸੇ ਤਰ੍ਹਾਂ ਜੁਲਾਈ 1951 ਵਿਚ ਸੋਵੀਅਤ ਯੂਨੀਅਨ ਆਏ ਅਮਰੀਕੀ ਮਜ਼ਦੂਰ ਸਭਾ ਦੇ ਵਫ਼ਦ ਨੇ ਲਿਖਿਆ, “ਸੋਵੀਅਤ ਯੂਨੀਅਨ ਵਿਚ ਅਸੀਂ ਮੁਕੰਮਲ ਧਾਰਮਿਕ ਆਜ਼ਾਦੀ ਵੇਖੀ। ਯੂਨਾਨੀ ਆਰਥੋਡਾਕਸ, ਰੋਮਨ ਕੈਥੋਲਿਕ ਤੇ ਦੂਜੇ ਗਿਰਜਿਆਂ ਤੋਂ ਇਲਾਵਾ ਯਹੂਦੀ ਇਬਾਦਤਖਾਨੇ ਵੀ ਆਜ਼ਾਦਾਨਾ ਖੁੱਲ੍ਹੇ ਹੋਏ ਹਨ। ਸਾਨੂੰ ਪਤਾ ਲੱਗਿਆ ਕਿ ਬਿਰੋਬੀਜ਼ਾਨ ਯਹੂਦੀ ਖੁਦਮੁਖਤਿਆਰ ਇਲਾਕੇ ਵਿਚ ਯਹੂਦੀ ਸੱਭਿਆਚਾਰ ਤੇ ਧਰਮ ਦੀ ਸਭ ਤੋਂ ਵੱਧ ਤਰੱਕੀ ਹੋਈ ਹੈ। ਓਥੇ ਯਹੂਦੀਆਂ ਦੇ ਆਪਣੇ ਅਖਬਾਰ ਤੇ ਸਕੂਲ ਹਨ ਜਿੱਥੇ ਬੱਚਿਆਂ ਨੂੰ ਯਹੂਦੀ ਭਾਸ਼ਾ ਸਿਖਾਈ ਜਾਂਦੀ ਹੈ।”
ਨਿਚੋੜ ਵਜੋਂ
ਧਰਮ ਪ੍ਰਤੀ ਸਮਾਜਵਾਦੀ ਨੀਤੀ ਨੇ ਸੋਵੀਅਤ ਯੂਨੀਅਨ ਵਿਚ ਧਰਮ ਨੂੰ ਰਾਜ ਨਾਲ਼ੋਂ ਅਲਹਿਦਾ ਕਰਕੇ, ਕਾਨੂੰਨ ਅੱਗੇ ਸਭ ਧਾਰਮਿਕ/ਗੈਰ-ਧਾਰਮਿਕ ਲੋਕਾਂ ਦੀ ਬਰਾਬਰੀ ਦਾ ਐਲਾਨ ਕਰਕੇ ਲੋਕਾਂ ਦਰਮਿਆਨ ਹੋਣ ਵਾਲ਼ੇ ਫਿਰਕੂ ਝਗੜਿਆਂ ਦਾ ਖਾਤਮਾ ਕੀਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕੀਤੀ। ਇਸ ਲਈ ਸਮਾਜਵਾਦੀ ਸੋਵੀਅਤ ਯੂਨੀਅਨ ਖਿਲਾਫ ਝੂਠਾ ਪ੍ਰਚਾਰ ਕਰਕੇ ਵੱਖ-ਵੱਖ ਧਰਮਾਂ ਦੇ ਫਿਰਕਾਪ੍ਰਸਤ ਤੇ ਸਰਮਾਏਦਾਰਾ ਹਾਕਮ ਕਿਰਤੀ ਲੋਕਾਂ ਕੋਲ਼ੋਂ ਸਮਾਜਵਾਦੀ ਮਾਡਲ ਦੀ ਸੱਚਾਈ ਲੁਕੋਣਾ ਚਾਹੁੰਦੇ ਹਨ। ਇਹ ਹਾਕਮ ਚਾਹੁੰਦੇ ਹਨ ਕਿ ਕਿਰਤੀ ਲੋਕ ਧਾਰਮਿਕ ਬੁਨਿਆਦਾਂ ‘ਤੇ ਇੱਕ-ਦੂਜੇ ਨਾਲ਼ ਉਲਝਦੇ ਰਹਿਣ ਤੇ ਇਹਨਾਂ ਹਾਕਮਾਂ ਦਾ ਲੋਟੂ ਰਾਜ ਇਸੇ ਤਰ੍ਹਾਂ ਚਲਦਾ ਰਹੇ। ਅਜਿਹੇ ਸਮੇਂ ਵਿਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਦੁਨੀਆ ਦੇ ਇਸ ਪਹਿਲੇ ਸਮਾਜਵਾਦੀ ਰਾਜ ਦੀ ਧਰਮ ਪ੍ਰਤੀ ਨੀਤੀ ਨੂੰ ਸਮਝੀਏ ਤੇ ਸਾਡੇ ਆਪਣੇ ਸਮਾਜ ਵਿਚ ਇਸ ਮਸਲੇ ‘ਤੇ ਖੜ੍ਹੇ ਕੀਤੇ ਜਾਂਦੇ ਟਕਰਾਅ ਦਾ ਜਮਹੂਰੀ ਨਜ਼ਰੀਏ ਤੋਂ ਹੱਲ ਪੇਸ਼ ਕਰੀਏ।