ਧਰਮ ਯੁੱਧ ਜਾਰੀ ਹੈ

ਦਲਬੀਰ ਚੇਤਨ
ਮਰਹੂਮ ਕਹਾਣੀਕਾਰ ਦਲਬੀਰ ਚੇਤਨ ਨੇ ਪੰਜਾਬੀ ਸਾਹਿਤ ਜਗਤ ਨੂੰ ਬੜੀਆਂ ਕਣਦਾਰ ਕਹਾਣੀ ਦਿੱਤੀਆਂ ਹਨ। ਉਹਦੀਆਂ ਕਹਾਣੀਆਂ ਦੇ ਪਾਤਰ ਜਾਪਦਾ ਹੈ, ਤੁਹਾਡੇ ਅੰਦਰ ਘਰ ਪਾ ਕੇ ਬੈਠ ਗਏ ਹਨ। ਇਹ ਪਾਤਰ ਅਸਲ ਵਿਚ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਟਕਰਾਉਂਦੇ ਆਪਣੀ ਹਾਜ਼ਰੀ ਲੁਆਉਂਦੇ ਹਨ। ‘ਧਰਮ ਯੁੱਧ ਜਾਰੀ ਹੈ’ ਕਹਾਣੀ ਵਿਚ ਲੇਖਕ ਨੇ ਧਰਮ ਨੂੰ ਆਧਾਰ ਬਣਾ ਕੇ ਪਈਆਂ ਵੰਡੀਆਂ ਅਤੇ ਸਮੁੱਚੀ ਲੋਕਾਈ ਦੇ ਦਰਦ ਦੀ ਗੱਲ ਸੁਣਾਈ ਹੈ।
ਦੋਹਾਂ ਲਾਸ਼ਾਂ ਦਾ ਸਸਕਾਰ ਹੋ ਚੁੱਕਾ ਹੈ, ਪਰ ਦੋਹਾਂ ਲਾਸ਼ਾਂ ਦੇ ਲੋਥੜੇ ਅਜੇ ਵੀ ਜ਼ਮੀਨ ਵਿਚੋਂ ਨਿਕਲ ਰਹੇ ਹਨ।

ਜਿਊੂਂਦੇ ਜੀਅ ਉਹ ਦੋਵੇਂ ਹੀ ਪੰਜਾਬੀ ਸਨ, ਪਰ ਉਨ੍ਹਾਂ ਦੇ ਧਰਮ ਵੱਖਰੇ ਵੱਖਰੇ ਸਨ। ਮਰ ਕੇ ਵੀ ਉੁਹ ਦੋਵੇਂ ਪੰਜਾਬੀ ਹੀ ਰਹੇ, ਪਰ ਵੱਖਰੇ ਵੱਖਰੇ ਧਰਮਾਂ ਦੀ ਪਛਾਣ ਨਹੀਂ ਸੀ ਰਹਿ ਸਕੀ।
ਪੰਜਾਬੀ ਹੋਣ ਦੀ ਤਸਦੀਕ ਮਾਵਾਂ ਦਿਆਂ ਵੈਣਾਂ ਤੋਂ ਵੀ ਹੋ ਜਾਂਦੀ ਸੀ ਪਰ ਵੱਖਰੇ ਧਰਮਾਂ ਦੀ ਤਸਦੀਕ ਲਾਸ਼ਾਂ ਦੀ ਸ਼ਨਾਖ਼ਤ ਤੋਂ ਨਹੀਂ ਸੀ ਹੋ ਸਕੀ।
ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਜਦੋਂ ਇਹ ਪਛਾਣ ਬੜੀ ਪ੍ਰਤੱਖ ਹੋ ਕੇ ਇਕ ਦੂਜੇ ਦੇ ਗਲ ਵੱਢ ਰਹੀ ਸੀ, ਉੁਦੋਂ ਵੀ ਇਨ੍ਹਾਂ ਦੋ ਮਰਨ ਵਾਲਿਆਂ ਦੀਆਂ ਮਾਵਾਂ, ਇਕ ਦੂਜੇ ਦੇ ਗਲ ਲੱਗ ਕੇ ਰੋਂਦੀਆਂ, ਆਪਣੇ ਦੁੱਖ ਨੂੰ ਵੰਡ-ਵੰਡਾ ਰਹੀਆਂ ਸਨ। ਦੋਵੇਂ ਵੱਖਰੇ-ਵੱਖਰੇ ਥਾਵਾਂ ‘ਤੇ ਜੰਮੇ ਪਲੇ, ਵੱਖਰੇ-ਵੱਖਰੇ ਥਾਵਾਂ ‘ਤੇ ਪੜ੍ਹੇ ਤੇ ਵੱਡੇ ਹੋਏ ਪਰ ਮਰਨ-ਭੋਂ ਦੋਵਾਂ ਨੇ ਸਾਂਝੀ ਚੁਣ ਲਈ।
ਜਿਸ ਬੰਬਰ ਹਵਾਈ ਜਹਾਜ਼ ਦਾ ਭਿਆਨਕ ਹਾਦਸਾ ਕੱਲ੍ਹ ਹੋਇਆ ਸੀ, ਉੁਸੇ ਹੀ ਜਹਾਜ਼ ‘ਚ ਮਨਜੀਤ ਸਿੰਘ ਸੇਖੋਂ ਪਾਇਲਟ ਸੀ ਤੇ ਕਮਲੇਸ਼ ਸ਼ਰਮਾ ਨੇਵੀਗੇਟਰ। ਉੁਹ ਦੋਵੇਂ, ਕਿਸੇ ਮਿਥੇ ਟਾਰਗਟ ਨੂੰ ਉੁਡਾ ਦੇਣ ਦੀ ‘ਡੱਮੀ ਐਕਸਰਸਾਈਜ਼’ ਕਰ ਰਹੇ ਸਨ। ਬਹੁਤ ਹੀ ਉੁਚਾਈ ਤੋਂ, ਉਨ੍ਹਾਂ ਨੇ ਉੁਸ ਟਾਰਗਟ ਉੁੱਤੇ ਝਪਕਣਾ ਸੀ ਤੇ ਆਪਣੀ ਕਰਾਮਾਤ ਵਖਾ ਕੇ ਫੇਰ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲੈਣਾ ਸੀ।
ਉਨ੍ਹਾਂ ਟਾਰਗਟ ਨੂੰ ‘ਜੈਰੋਗਨ ਸਾਈਟ’ ਦੀ ਸੇਧ ‘ਚ ਲੈ ਕੇ ਡਾਈਵ ਮਾਰੀ ਪਰ ਉੁਸੇ ਹੀ ਚਮਤਕਾਰੀ ਨਾਲ ਉੁਹ ਜਹਾਜ਼ ਨੂੰ ਮੁੜ ਆਕਾਸ਼ ਵੱਲ ਨਾ ਮੋੜ ਸਕੇ। ਬਹੁਤ ਹੀ ਤੇਜ਼ ਰਫਤਾਰ ਨਾਲ ਧਰਤੀ ਵੱਲ ਨੂੰ ਝਪਟਦਾ ਜਹਾਜ਼, ਨੱਕ ਪਰਨੇ ਧਰਤੀ ਵਿਚ ਆ ਧੁੱਸਿਆ। ਇਕ ਜ਼ੋਰਦਾਰ ਧਮਾਕਾ ਹੋਇਆ ਤੇ ਧਰਤੀ ਵਿਚ ਜਿਵੇਂ ਹੋਰ ਵੀ ਡੂੰਘਾ ਪਾੜ ਪੈ ਗਿਆ। ਜ਼ਮੀਨ ਨਾਲ ਟਕਰਾਉਂਦਿਆਂ ਹੀ ਜਹਾਜ਼ ਦੇ ਹਲਕੇ ਹਿੱਸੇ, ਟੁਕੜੇ ਹਵਾ ਵਿਚ ਉੁੱਡੇ ਤੇ ਫੇਰ ਦੂਰ ਦੂਰ ਤਕ ਧਰਤੀ ਉੁੱਤੇ ਖਿਲਰ ਗਏ।
ਹਾਦਸਾ ਹਵਾਈ ਅੱਡੇ ਤੋਂ ਬਹੁਤੀ ਦੂਰ ਨਹੀਂ ਸੀ ਵਾਪਰਿਆ, ਇਸ ਲਈ ਮੈਡੀਕਲ ਟੀਮ ਤੇ ‘ਸਾਲਵੇਜਿੰਗ ਪਾਰਟੀ’ ਛੇਤੀ ਹੀ ਮੌਕੇ ਉੁੱਤੇ ਪਹੁੰਚ ਗਈਆਂ। ਜੋ ਕੁਝ ਹੋ ਚੁੱਕਾ ਸੀ, ਉੁਸ ਨੂੰ ਵੇਖਦਿਆਂ ਮੈਡੀਕਲ ਟੀਮ ਦੀ ਤਾਂ ਲੋੜ ਹੀ ਨਹੀਂ ਸੀ ਰਹੀ। ‘ਟੋਲਪੋਰਸ਼ਨ’ ਨੂੰ ਛੱਡ ਕੇ ਬਾਕੀ ਸਾਰਾ ਜਹਾਜ਼ ਹੀ ਧਰਤੀ ਵਿਚ ਧੁੱਸਿਆ ਪਿਆ ਸੀ। ਜਹਾਜ਼ ਦੇ ਪੁਰਜ਼ਿਆਂ ਨੂੰ ਇਕੱਠਾ ਕਰਨਾ ਸਿਰਫ਼ ‘ਸਾਲਵੇਜਿੰਗ ਪਾਰਟੀ’ ਦਾ ਕੰਮ ਸੀ।
‘ਸਾਲਵੇਜਿੰਗ ਪਾਰਟੀ’ ਨੇ ਇਨ੍ਹਾਂ ਟੁਕੜਿਆਂ ਨੂੰ ਇਕੱਠਾ ਕੀਤਾ। ਹਾਦਸੇ ਵਾਲੀ ਥਾਂ ਉੁੱਤੇ ਡੂੰਘੀ ਖੁਦਾਈ ਕਰਕੇ ਜਿੰਨੇ ਵੀ ਹਿੱਸੇ ਪੁਰਜ਼ੇ ਨਿਕਲ ਸਕਦੇ ਸਨ, ਕੱਢੇ। ਬਹੁਤ ਕੁਝ ਸੜ ਚੁੱਕਾ ਸੀ, ਪਿਘਲ ਚੁੱਕਾ ਸੀ, ਬੇਪਛਾਣਾ ਹੋ ਚੁੱਕਾ ਸੀ। ਸਭ ਤੋਂ ਅਗਲੇ ਹਿੱਸੇ ‘ਚ ਹੋਣ ਕਰਕੇ ਦੋਵਾਂ ਲਾਸ਼ਾਂ ਦਾ ਤਾਂ ਜਿਵੇਂ ਬਚਿਆ ਹੀ ਕੁਝ ਨਹੀਂ ਸੀ। ਸੜਿਆ, ਅੱਧ ਸੜਿਆ ਮਾਸ, ਨਿੱਕੇ ਨਿੱਕੇ ਲੋਥੜਿਆਂ ਵਿਚ ਮਿੱਟੀ ਨਾਲ ਇਕਮਿਕ ਹੋ ਗਿਆ ਜਾਪਦਾ ਸੀ।
ਹਾਦਸੇ ਦੀਆਂ ਤਾਰਾਂ ਮਿਲਣ ‘ਤੇ, ਵਾਰਸ ਲੰਮਾ ਪੈਂਡਾ ਤਹਿ ਕਰਕੇ ਵੀ ਪਹੁੰਚ ਚੁੱਕੇ ਸਨ ਪਰ ਸਭ ਯਤਨਾਂ ਦੇ ਬਾਵਜੂਦ ਸਾਲਵੇਜਿੰਗ ਪਾਰਟੀ ਲਾਸ਼ਾਂ ਤਕ ਨਹੀਂ ਸੀ ਪਹੁੰਚ ਸਕਦੀ। ਸਸਕਾਰ ਦਾ ਮਿਥਿਆ ਸਮਾਂ ਲਾਗੇ ਆ ਰਿਹਾ ਸੀ ਪਰ ਅਜੇ ਤਕ ਉੁਨ੍ਹਾਂ ਨੂੰ ਕੁਝ ਕੁ ਕਿੱਲੋ ਬੋਟੀਆਂ ਹੀ ਮਿਲ ਸਕੀਆਂ ਸਨ। ਮਿਲੇ ਲੋਥੜਿਆਂ ਦੀ ਪਛਾਣ ਬਾਰੇ ਵੀ ਦਾਅਵੇ ਨਾਲ ਕੁਝ ਨਹੀਂ ਸੀ ਕਿਹਾ ਜਾ ਸਕਦਾ। ਪਾਇਲਟ ਦੀ ਸੀਟ, ਨੇਵੀਗੇਟਰ ਤੋਂ ਪਹਿਲਾਂ ਕਰਕੇ, ਹੋ ਸਕਦਾ ਸੀ ਕਿ ਇਹ ਸਾਰਾ ਮਾਸ ਸਿਰਫ਼ ਉੁਸੇ ਦੀ ਹੀ ਲਾਸ਼ ਦਾ ਹੋਵੇ।
ਵੇਲਾ ਇਹੋ ਜਿਹੀਆਂ ਗਿਣਤੀਆਂ-ਮਿਣਤੀਆਂ ਵਿਚ ਪੈਣ ਦਾ ਨਹੀਂ ਸੀ ਵੇਲਾ ਸੀ ਆਖ਼ਰੀ ਰਸਮ ਨੂੰ ਸਮੇਂ ਸਿਰ ਅਤੇ ਸਹੀ ਸਲਾਮਤ ਪੂਰਾ ਕਰਨ ਦਾ। ਸਟੇਸ਼ਨ ਕਮਾਂਡਰ ਨੇ ਸੋਚ ਵਿਚਾਰ ਕੇ, ਲਾਸ਼ ਦੇ ਮਿਲੇ ਲੋਥੜਿਆਂ ਨੂੰ ਦੋਂਹ ਹਿੱਸਿਆਂ ਵਿਚ ਵੰਡਣ ਦਾ ਹੁਕਮ ਦੇ ਦਿੱਤਾ।
ਪੰਸੇਰੀ ਭਰ ਲੋਥੜਿਆਂ ਨੂੰ ਦੋਂਹ ਥਾਈਂ ਵੰਡ ਕੇ, ਆਦਮ ਕੱਦ ਬਕਸਿਆਂ ਵਿਚ ਬੰਦ ਕਰ ਦਿੱਤਾ ਗਿਆ। ਇਕੋ ਹੀ ਲਾਸ਼ ਦੇ ਲੋਥੜਿਆਂ ਦੀ ਵੰਡ ਵੰਡਾਈ ਵਿਚ ਇਕ ਬਕਸਾ ਫਲਾਈਟ ਲੈਫਟੀਨੈਂਟ ਮਨਜੀਤ ਸਿੰਘ ਸੇਖੋਂ ਤੇ ਦੂਸਰਾ ਫਲਾਇੰਗ ਅਫਸਰ ਕਮਲੇਸ਼ ਸ਼ਰਮਾ ਦਾ ਬਣ ਗਿਆ। ਹੁਣ ਦੋਹਾਂ ਬਕਸਿਆਂ ਨੇ ਦੋ ਧਰਮਾਂ ਦੀਆਂ ਰਸਮਾਂ ਦੇ ਹਵਾਲੇ ਹੋ ਜਾਣਾ ਸੀ।
ਵੇਦਾਂ ‘ਚੋਂ ਮੰਤਰ ਉੁਚਾਰੇ ਗਏ। ਗੁਟਕੇ ਤੋਂ ਜਪੁਜੀ ਸਾਹਿਬ ਪੜ੍ਹਿਆ ਗਿਆ। ਪੰਡਤ ਨੇ ਉੁੱਚੀ ਉੁੱਚੀ ਸ਼ਲੋਕਾਂ ਦਾ ਉਚਾਰਨ ਕੀਤਾ। ਭਾਈ ਨੇ ਅਰਦਾਸ ਦੀ ਰਸਮ ਪੂਰੀ ਕੀਤੀ ਤੇ ਤਿਆਰ ਕੀਤੀਆਂ ਦੋ ਚਿਤਾਵਾਂ ਉੁੱਤੇ ਬਕਸਿਆਂ ਨੂੰ ਚਿਣ ਦਿੱਤਾ ਗਿਆ।
ਚਿਖਾ ਨੂੰ ਅੱਗ ਲਾਈ ਗਈ ਤਾਂ ਜਾਪਿਆ ਜਿਵੇਂ ਦੋ ਵਿਅਕਤੀ ਹੀ ਨਹੀਂ ਮਰੇ, ਸਗੋਂ ਉਨ੍ਹਾਂ ਨਾਲ ਜੁੜਿਆ ਹੋਰ ਵੀ ਬੜਾ ਕੁਝ ਮਰ ਗਿਆ ਹੈ। ਜੋ ਮਰ ਚੁੱਕੇ ਸਨ, ਉਨ੍ਹਾਂ ਜਿਊੂਣਾ ਨਹੀਂ ਸੀ ਪਰ ਜੋ ਜਿਊਂਦੇ ਸਨ, ਉੁਹ ਮਰਿਆਂ ਸਮਾਨ ਹੋ ਗਏ ਸਨ।
ਦੋਵਾਂ ਮਰ ਗਿਆਂ ਦੇ ਮਾਂ ਪਿਉੁ ਦਾ ਆਪਣਾ ਦਰਦ ਵੀ ਅਥਾਹ ਸੀ ਪਰ ਉੁਹ ਦੋਹਾਂ ਹੋਰਨਾਂ ਦੇ ਦੁੱਖਾਂ ਦਰਦਾਂ ਦੀਆਂ ਗੱਲਾਂ ਕਰ ਕਰ ਜਿਵੇਂ ਸਕੂਨ ਭਾਲ ਰਹੇ ਸਨ। ਸਾਰਾ ਦੇਸ਼ ਹੀ ਦਰਦ ਦੇ ਖਾਰੇ ਸਮੁੰਦਰ ‘ਚ ਸੁੱਟ ਦਿੱਤਾ ਗਿਆ ਸੀ। ਦੇਸ਼ ਦੇ ਨੇਤਾ ਦੇ ਕਤਲ ਤੋਂ ਲੈ ਕੇ ਹਜ਼ਾਰਾਂ ਹੋਰ ਬੇ-ਗੁਨਾਹੇ ਕਤਲ ਹੋ ਚੁੱਕੇ ਸਨ, ਜਿਨ੍ਹਾਂ ਨੂੰ ਚੰਦਨ ਦੀ ਚਿਖਾ ਤਾਂ ਕੀ, ਜਾਣੂ-ਪਛਾਣੂਆਂ ਦੇ ਹੱਥਾਂ ਦੀ ਛੁਹ ਵੀ ਨਸੀਬ ਨਹੀਂ ਸੀ ਹੋਈ।
ਤਾਰ ਮਿਲਣ ਉੁੱਤੇ, ਮਨਜੀਤ ਦੇ ਪਿਉੁ ਨੂੰ ਦੂਹਰੇ ਦਰਦ ‘ਚੋਂ ਗੁਜ਼ਰਨਾ ਪਿਆ ਸੀ। ਉੁਹਨੂੰ ਅਹਿਸਾਸ ਹੋਇਆ ਕਿ ਇਹੋ ਜਿਹੀ ਹਾਲਤ ਵਿਚ ਅੰਮ੍ਰਿਤਸਰੋਂ ਚੱਲ ਕੇ ਆਗਰੇ ਪਹੁੰਚਣਾ ਜਿਵੇਂ ਕਿਸੇ ਵੀ ਤਰ੍ਹਾਂ ਸੰਭਵ ਨਾ ਹੋਵੇ। ਸਾਰਾ ਹੀ ਦੇਸ਼ ਇਕ ਜੰਗਲ ਬਣਿਆ ਪਿਆ ਸੀ, ਜਿਥੇ ਦਰਿੰਦਗੀ ਅਵਾਰਾ ਭੱਜੀ ਫਿਰਦੀ ਸੀ। ਖੂੰਖਾਰ ਜਾਨਵਰਾਂ ਨੂੰ ਸਰਕਾਰ ਨੇ ਪੂਰੀ ਖੁੱਲ੍ਹ ਦੇ ਕੇ ਛੱਡ ਦਿੱਤਾ ਸੀ ਤੇ ਉੁਹ ਆਦਮ ਬੋ-ਆਦਮ ਬੋ ਕਰਦੇ ਖਾਸ ਤਰ੍ਹਾਂ ਦੇ ਮਾਸ ਨੂੰ ਸੁੰਘਦੇ ਫਿਰਦੇ ਸਨ।
ਸਾਰਿਆਂ ਨੇ ਸਲਾਹ ਦਿੱਤੀ ਕਿ ਮਨਜੀਤ ਦੇ ਪਿਓ ਨੂੰ ਆਗਰੇ ਜਾਣ ਦਾ ਖ਼ਤਰਾ ਨਹੀਂ ਸੀ ਲੈਣਾ ਚਾਹੀਦਾ, ਪਰ ਉੁਹ ਜਾਣ ਲਈ ਬਜ਼ਿੱਦ ਸੀ, ”ਇਹ ਕਿੱਦਾਂ ਹੋ ਸਕਦੈ, ਮੈਂ ਪੁੱਤ ਦੀ ਆਖ਼ਰੀ ਰਸਮ ਵੇਲੇ ਵੀ ਨਾ ਪਹੁੰਚਾਂ?”
ਉੁਹਦੇ ਭਰਾ ਨੇ ਖਿਝ ਕੇ ਕਿਹਾ, ”ਆਹ, ਜੇੜੇ ਏਨੇ ਮਰੇ ਨੇ, ਇਨ੍ਹਾਂ ਉੁੱਤੇ ਤਾਂ ਪਿਉੁਵਾਂ ਨੇ ਹੀ ਪਾਏ ਹੋਣੇ ਆਂ ਖੱਫਣ?”
ਉੁਹਦੇ ਇਕ ਦੋਸਤ ਨੇ ਆਪਣੇ ਬੋਦਿਆਂ ‘ਚ ਹੱਥ ਫੇਰਦਿਆਂ ਆਖਿਆ, ”ਮੈਂ ਚਲਾ ਜਾਂਦਾਂ ਭਰਜਾਈ ਨਾਲ…ਮਨਜੀਤ ਮੇਰਾ ਵੀ ਤਾਂ ਪੁੱਤ ਐ।” ਪਰ ਉੁਹ ਜ਼ਿਦੋਂ ਨਾ ਹਾਰਿਆ।
ਉੁਹਨੂੰ ਮਾਣ ਸੀ ਕਿ ਉੁਹ ਇਕ ਅਜਿਹੇ ਪੁੱਤ ਦਾ ਪਿਓ ਹੈ, ਜਿਹੜਾ ਦੇਸ਼ ਖ਼ਾਤਰ ਆਪਣੇ ਫਰਜ਼ ਨਿਭਾਉਂਦਾ ਮਾਰਿਆ ਗਿਆ ਸੀ। ਉੁਹਨੂੰ ਸ਼ਾਇਦ ਇਹ ਵੀ ਮਾਣ ਸੀ ਕਿ ਉੁਹ ਆਪ ਵੀ ਇਸੇ ਦੇਸ਼ ਦੀ ਫ਼ੌਜ ਦਾ ਇਕ ਅਧਿਕਾਰੀ ਰਹਿ ਚੁੱਕਾ ਹੈ।
ਪਰ ਉੁਸਦੇ ਇਸ ਮਾਣ ਦੇ ਗਲ ਵਿਚ ਟਾਇਰ ਪਾ ਕੇ ਅੱਗ ਲਾ ਦਿੱਤੀ ਗਈ ਤੇ ਉੁਹਦਾ ਮਾਣ ਪੱਕੀ ਸੜਕ ਉੁੱਤੇ ਤਿੜ ਤਿੜ ਕਰਕੇ ਭੱਜਣ ਲੱਗਾ। ਭੀੜ ਦਾ ਹਾਸਾ ਉੁੱਚਾ ਹੋਇਆ।
”ਮੈਂ ਇਕ ਸ਼ਹੀਦ ਦਾ ਪਿਓ ਹਾਂ…।” ਉੁਹਦੇ ਸਵੈਮਾਣ ਨੇ ਜਿਵੇਂ ਆਖ਼ਰੀ ਹੁਭਕੀ ਲਈ।
”ਫਿਰ ਕੀ ਹੋਇਆ…ਹੈ ਤਾਂ…।” ਭੂਤਰੀ ਭੀੜ ਦੇ ‘ਹੀਅ’ ‘ਹੀਅ’ ਕਰਦੇ ਹਾਸੇ ਨੇ ਅੱਗ ਉੁੱਤੇ ਜਿਵੇਂ ਹੋਰ ਅੱਗ ਬਾਲ ਦਿੱਤੀ।
ਉੁਹਨੂੰ ਯਾਦ ਆਇਆ, ਪਿਛਲੀ ਲੜਾਈ ‘ਚ ਇਨ੍ਹਾਂ ਹੀ ਥਾਵਾਂ ‘ਤੇ, ਲੰਘਦੇ ਫੌਜੀਆਂ ਦਾ ਥਾਂ-ਥਾਂ ਸਵਾਗਤ ਕੀਤਾ ਜਾਂਦਾ ਸੀ। ਉੁਹਦੀ ਜੀਪ ਰੋਕ ਕੇ ਮੱਥੇ ਉੁੱਤੇ ਤਿਲਕ ਲਾਇਆ ਗਿਆ ਸੀ ਤੇ ਗੁੱਟ ਉੁੱਤੇ ਮੌਲੀ ਦੀ ਤੰਦ ਬੰਨ੍ਹੀ ਗਈ ਸੀ। ਉਹਨੂੰ ਆਪਣੇ ਲੋਕਾਂ ਉੁੱਤੇ ਮਾਣ ਹੋਇਆ ਸੀ। ਉਹਦੇ ਅੰਦਰ ਆਪਣੇ ਆਪ ਹੀ ਅਥਾਹ ਸ਼ਕਤੀ ਆ ਸਮਾਈ ਸੀ।
ਸ਼ਾਇਦ ਇਸ ਮਾਣ ਸਦਕਾ ਵੀ, ਉੁਹ ਅੱਜ ਇਕੱਲਾ ਹੀ ਤੁਰ ਪਿਆ ਸੀ। ਪਰ ਹੁਣ ਤਾਂ ਬਹੁਤ ਕੁਝ ਬਦਲ ਚੁੱਕਾ ਸੀ। ਉੁਹੀ ਲੋਕ ਸਨ, ਉੁਹੀ ਦੇਸ਼ ਸੀ ਪਰ ਦੇਸ਼ ਦੇ ਰਾਜੇ-ਰਾਣੀਆਂ ਨੇ ਰਲ ਕੇ ਸਾਰਿਆਂ ਨੂੰ ਕੁਰਾਹੇ ਪਾ ਦਿੱਤਾ ਸੀ। ਉੁਹ ਤਾਂ ਆਪਣੇ ਆਪ ਨੂੰ ਇਸ ਦੇਸ਼ ਦਾ ਰਾਖਾ ਸਮਝਿਆ ਕਰਦਾ ਸੀ ਪਰ ਅੱਜ ਉੁਹਨੂੰ ਆਪਣੀ ਹੀ ਰਾਖੀ ਕਰਨੀ ਔਖੀ ਜਾਪ ਰਹੀ ਸੀ।
ਭੀੜ ‘ਚੋਂ ਕਿਸੇ ਨੇ ਉੁਹਦੀ ਘਰ ਵਾਲੀ ਦੀ ਚੁੰਨੀ ਸਿਰ ਤੋਂ ਖਿੱਚ ਦਿੱਤੀ। ਉੁਹਦੇ ਜ਼ਖ਼ਮੀ ਸਵੈਮਾਣ ਨੂੰ ਜਿਵੇਂ ਪਲੀਤਾ ਲੱਗ ਗਿਆ। ਪੁੱਤ ਦੇ ਵਿਯੋਗ ‘ਚ ਸੋਗੀ ਹੋ ਗਿਆ ਲਹੂ, ਇਕ ਵਾਰ ਹੀ ਉੁਬਾਲਾ ਖਾ ਗਿਆ। ਉੁਹਨੇ ਆਪਣਾ ਰੀਵਾਲਵਰ ਖਿਚਿਆ ਤੇ ਕੁਝ ਗੋਲੀਆਂ ਭੀੜ ਵੱਲ ਦਾਗ ਦਿੱਤੀਆਂ। ਭੂਤਰਿਆ ਹਜੂਮ ਕੁਝ ਠੰਡਾ ਹੋ ਗਿਆ।
ਹੁਣ ਉੁਹਨੂੰ ਹੋਸ਼ ਆਈ ਕਿ ਅਜੇ ਤਾਂ ਬਹੁਤ ਲੰਮਾ ਜੰਗਲ ਪਾਰ ਕਰਨਾ ਬਾਕੀ ਹੈ ਤੇ ਇੰਜ ਨਿਹੱਥਿਆਂ, ਇਹ ਸਾਰਾ ਕੁਝ ਸੰਭਵ ਨਹੀਂ ਸੀ। ਕੁਝ ਸੋਚ ਕੇ ਉੁਹਨੇ ਆਪਣੀ ਕਾਰ ਦਾ ਰੁਖ ਅੰਬਾਲਾ ਹਵਾਈ ਅੱਡੇ ਵੱਲ ਕਰ ਲਿਆ।
ਸਾਰੀ ਵਿਥਿਆ ਸੁਣਨ ਤੋਂ ਬਾਅਦ ਹਵਾਈ ਅੱਡੇ ਦੇ ਕਮਾਂਡਰ ਨੇ ਦਿਲਾਸਾ ਵੀ ਦਿੱਤਾ ਤੇ ਹਥਿਆਰਬੰਦ ਦਸਤਾ ਨਾਲ ਵੀ ਤੋਰਿਆ, ਜਿਸ ਕਾਰਨ ਉੁਹ ਸਹੀ ਸਲਾਮਤ ਆਪਣੇ ਪੁੱਤ ਦੀ ਆਖ਼ਰੀ ਰਸਮ ਵਿਚ ਸ਼ਾਮਲ ਹੋ ਸਕੇ।
ਪੂਰੇ ਹੋ ਚੁੱਕੇ, ਹਵਾਈ ਬਾਜ਼ਾਂ ਦੀਆਂ ਰਸਮਾਂ ਵੀ ਪੂਰੀਆਂ ਹੋ ਚੁੱਕੀਆਂ ਸਨ ਪਰ ਮਾਂ ਬਾਪ ਨੂੰ ਅਜੇ ਵੀ ਬੜਾ ਕੁਝ ਅਧੂਰਾ ਅਧੂਰਾ ਲੱਗ ਰਿਹਾ ਸੀ। ਸਭ ਕੁਝ ਹੱਥੀਂ ਕਰਕੇ ਵੀ ਉਨ੍ਹਾਂ ਨੂੰ ਯਕੀਨ ਨਹੀਂ ਸੀ ਬੱਝ ਰਿਹਾ ਕਿ ਏਨੀ ਛੇਤੀ ਏਨਾ ਕੁਝ ਵੀ ਵਾਪਰ ਸਕਦਾ ਸੀ। ਬਸ ਮਨ ਨੂੰ ਠੁੰਮ੍ਹਣਾ ਦੇਣ ਲਈ ਦੋਵਾਂ ਪਰਿਵਾਰਾਂ ਨੇ ਹਵਾਈ ਹਾਦਸੇ ਵਾਲੀ ਥਾਂ ਨੂੰ ਅੱਖੀਂ ਵੇਖਣ ਦਾ ਮਨ ਬਣਾ ਲਿਆ।
ਹਵਾਈ ਅੱਡੇ ਤੋਂ ਹਾਦਸੇ ਵਾਲੀ ਥਾਂ ਨੂੰ ਜਾਂਦਿਆਂ, ਦੋਵਾਂ ਮਰਨ ਵਾਲਿਆਂ ਦਾ ਸਾਂਝਾ ਦੋਸਤ ਉਨ੍ਹਾਂ ਦੇ ਨਾਲ ਸੀ। ਉੁਹ ਦੋਵਾਂ ਮਰਨ ਵਾਲਿਆਂ ਦੀਆਂ ਆਖਰੀ ਗੱਲਾਂ ਦੱਸਦਾ ਰਿਹਾ। ਇਹ ਰੋਜ਼ਾਨਾ ਜ਼ਿੰਦਗੀ ‘ਚ ਕੀਤੀਆਂ ਆਮ ਜਿਹੀਆਂ ਹੀ ਗੱਲਾਂ ਸਨ ਪਰ ਆਖ਼ਰੀ ਹੋਣ ਕਰਕੇ, ਖ਼ਾਸ ਬਣ ਗਈਆਂ ਸਨ। ਦੋਵਾਂ ਨੇ ਆਪਣੇ ਇਸੇ ਦੋਸਤ ਨੂੰ ‘ਉੁਡਾਣ’ ਉੁੱਤੇ ਜਾਣ ਤੋਂ ਪਹਿਲਾਂ ਕਿਹਾ ਸੀ, ”ਜੇ ਥੋੜ੍ਹੀ ਦੇਰ ਹੋ ਗਈ ਤਾਂ ਉਡੀਕ ਲਵੀਂ, ਲੰਚ ਇਕੱਠੇ ਹੀ ਕਰਾਂਗੇ…।” ਪਰ ਉੁਹਦੀ ਉੁਡੀਕ, ਖ਼ਬਰ ਮਿਲਦਿਆਂ ਸਾਰ ਹੀ ਹੰਭ ਗਈ ਸੀ। ਮੋਇਆਂ ਮਰਿਆਂ ਨੂੰ ਕੋਈ ਕਿੰਨਾ ਕੁ ਚਿਰ ਉਡੀਕ ਸਕਦਾ ਸੀ?
ਉਨ੍ਹਾਂ ਦੀਆਂ ਗੱਲਾਂ ਸੁਣ ਕੇ, ਦੋਵਾਂ ਮਾਵਾਂ ਦੀਆਂ ਸਿਸਕੀਆਂ ਇਕ ਵਾਰ ਫੇਰ ਉੱਚੀਆਂ ਉਠੀਆਂ। ਦੋਵਾਂ ਪਿਉੁਵਾਂ ਨੂੰ ਫੇਰ ਆਪਣੇ ਦਿਲਾਸੇ ਦਾ ਹੱਥ ਉਨ੍ਹਾਂ ਦੇ ਮੋਢਿਆਂ ‘ਤੇ ਰੱਖਣਾ ਪਿਆ।
ਮਨਜੀਤ ਦੇ ਪਿਤਾ ਨੇ ਆਪਣਾ ਧਿਆਨ ਹੋਰਥੇ ਪਾਉੁਣ ਲਈ ਇਧਰ-ਉੁਧਰ ਬਾਰੇ ਸੋਚਿਆ ਪਰ ਰਾਹ ਵਾਲਾ ਹਾਦਸਾ ਫੇਰ ਉੁਸਦਾ ਰਾਹ ਮੱਲ ਖਲੋਤਾ। ਇਹ ਕਿਹੋ ਜਿਹੇ ਦਿਨ ਆ ਗਏ ਸਨ ਕਿ ਇਕ ਹੱਥ ਨੇ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਸੀ। ਇਹੋ ਜਿਹੇ ਕਾਲੇ ਦਿਨ ਸਨ ਕਿ ਆਰ ਪਾਰ ਦਿਸਦਾ ਹੀ ਕੁਝ ਨਹੀਂ ਸੀ। ਰਾਹ ਵਾਲੇ ਹਾਦਸੇ ਬਾਰੇ ਸੋਚਦਿਆਂ ਉੁਹਨੂੰ ਝੂਠੀ-ਮੂਠੀ ਦੀ ਤਸੱਲੀ ਜਿਹੀ ਹੋਈ ਕਿ ਉੁਹਦੇ ਪੁੱਤ ਨੂੰ ਪੂਰੇ ਸਨਮਾਨ ਨਾਲ ਅੱਗ ਦੇ ਹਵਾਲੇ ਕੀਤਾ। ਜੇ ਇਹ ਕਿਧਰੇ ਰਾਹ ‘ਚ ਘਿਰ ਗਿਆ ਹੁੰਦਾ ਤਾਂ ਇਹਦੇ ਮੁਸ਼ਕੇ ਮਾਸ ਨੂੰ ਸ਼ਾਇਦ ਕੁੱਤਿਆਂ ਵੀ ਮੂੰਹ ਨਹੀਂ ਸੀ ਲਾਉੁਣਾ।
ਉੁਹਦੇ ਧੁਖਦੇ ਅੰਦਰਲੇ ਨੇ ਕਮਲੇਸ਼ ਸ਼ਰਮਾ ਦੇ ਪਿਉੁ ਨਾਲ ਗਿਲਾ ਸਾਂਝਾ ਕੀਤਾ, ”ਸਮਝ ਨਈਂ ਔਂਦੀ ਇਸ ਮੁਲਕ ਨੂੰ ਹੋ ਕੀ ਗਿਐ?”
ਸ਼ਰਮਾ ਦੇ ਉੁਦਾਸ ਚਿਹਰੇ ਉੁੱਤੇ ਸ਼ਿਕਨ ਵਰਗਾ ਕੁਝ ਚਮਕਿਆ। ਉੁਸ ਕੁਝ ਕਹਿਣਾ ਚਾਹਿਆ ਪਰ ਪਤਾ ਨਹੀਂ ਕੀ ਸੋਚ ਕੇ ਫੇਰ ਚੁੱਪ ਕਰ ਗਿਆ।
”ਉੁਫ! ਆਪਣੇ ਹੀ ਦੇਸ਼ ‘ਚ ਬੰਦਾ ਪਨਾਹਗੀਰ ਬਣ ਜਾਏ…।”
ਸ਼ਰਮਾ ਦੇ ਮੱਥੇ ਦਾ ਸ਼ਿਕਨ ਹੋਰ ਵੀ ਤਲਖ਼ ਹੋ ਗਿਆ।
ਸੇਖੋਂ ਦੇ ਮਨ ਦਾ ਗੁੱਸਾ ਜਿਵੇਂ ਆਪਣੀ ਹੀ ਪਰਿਕਰਮਾ ਕਰਨ ਲੱਗਾ, ”ਕਦੇ ਸੋਚਿਆ ਈ ਨਈਂ ਸੀ ਕਿ ਸਾਡੇ ਮੱਥਿਆਂ ‘ਤੇ ਤਿਲਕ ਲਾਉੁਣ ਵਾਲੇ ਹੱਥ ਏਨੇ ਜ਼ਾਲਮ ਬਣ ਜਾਣਗੇ?”
ਸ਼ਰਮਾ ਸਾਹਿਬ ਦੀਆਂ ਤਲਖ ਹੋਈਆਂ ਨਾੜਾਂ ਜਿਵੇਂ ਫਟ ਗਈਆਂ, ”ਸਰਦਾਰ ਸਾਹਿਬ, ਮੇਰੀ ਗੱਲ ਦਾ ਬੁਰਾ ਨਾ ਮਨਾਇਓ…ਪਰ ਜਿਹੜੀ ਜ਼ਹਿਰ ਤੁਸੀਂ ਕਈਆਂ ਸਾਲਾਂ ਦੀ ਬੀਜ ਰਹੇ ਸੀ, ਆਖ਼ਿਰ ਉੁਸਨੇ ਵੀ ਤਾਂ ਫੁੱਟਣਾ ਸੀ।” ਮਨ ‘ਚ ਜਿਵੇਂ ਤਰੇੜਾਂ ਪੈਣ ਲੱਗੀਆਂ।
”ਸ਼ਰਮਾ ਸਾਹਿਬ ਪੰਜਾਬ ‘ਚ ਏਦਾਂ ਤਾਂ ਕਦੇ ਨਹੀਂ ਹੋਇਆ। ਇੱਕੀਆਂ ਦੁੱਕੀਆਂ ਵਾਰਦਾਤਾਂ ਤਾਂ ਹੋਈਆਂ ਪਰ ਇੰਜ ਆਰਗੇਨਾਈਜ਼ ਤਰੀਕੇ ਨਾਲ ਤਾਂ ਬੰਦਿਆਂ ਨੂੰ ਨਹੀਂ ਮਾਰਿਆ ਗਿਆ।”
ਉੁਹ ਦੋ ਵਿਅਕਤੀ ਨਾ ਹੋ ਕੇ ਜਿਵੇਂ ਦੋ ਧਰਮ ਬਣ ਗਏ।
”ਸਰਦਾਰ ਜੀ ਬੰਦਾ ਆਪਣੀਆਂ ਵਧੀਕੀਆਂ ਬਹੁਤ ਛੇਤੀ ਭੁੱਲ ਜਾਂਦੈ, ਬੱਸਾਂ ‘ਚੋਂ ਸਿਰਫ਼ ਇਕ ਹੀ ਫਿਰਕੇ ਦੇ ਬੰਦੇ ਕੱਢ ਕੇ ਮਾਰ ਦੇਣੇ ਕੀ ਆਰਗੇਨਾਈਜ਼ ਤਰੀਕਾ ਨਹੀਂ ਸੀ?”
”ਉੁਹ ਕੁਝ ਕੁ ਗੁੰਡਿਆਂ ਦਾ ਕੰਮ ਸੀ, ਉੁਹਦੇ ਲਈ ਸਾਰੀ ਕੌਮ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ…ਫੇਰ ਅੱਜ ਤਕ ਇਹ ਵੀ ਪਤਾ ਨਈਂ ਲੱਗਾ ਕਿ ਉਨ੍ਹਾਂ ਦੇ ਕਾਤਿਲ ਕੌਣ ਸਨ…?”
”ਇਹ ਵੀ ਜੋ ਕੁਝ ਹੋ ਰਿਹਾ ਏ ਸਰਦਾਰ ਬਹਾਦਰ, ਕੁਝ ਕੁ ਗੁੰਡਿਆਂ ਦਾ ਹੀ ਕੰਮ ਹੈ ਤੇ ਇਥੇ ਵੀ ਕਦੇ ਪਤਾ ਨਹੀਂ ਲੱਗ ਸਕੇਗਾ ਕਿ ਅਸਲ ਕਾਤਲ ਕੌਣ ਹਨ?”
ਮਨਜੀਤ ਦੇ ਪਿਉੁ ਨੂੰ ਜਾਪਿਆ ਜਿਵੇਂ ਸ਼ਰਮਾ ਸਾਹਿਬ ਵੀ ਗਲਤ ਨਹੀਂ ਸੀ। ਫਿਰ ਗਲਤ ਕੌਣ ਸੀ? ਇਹ ਤਾਣੀ ਉੁਲਝ ਗਈ ਸੀ ਕਿ ਤਾਣੇ-ਪੇਟੇ ਦਾ ਵੀ ਪਤਾ ਨਹੀਂ ਸੀ ਲਗਦਾ।
”ਸਰਦਾਰ ਜੀ! ਤੁਸਾਂ ਪੰਜਾਬ ‘ਚ ਬੈਠਿਆਂ ਸੋਚ ਲਿਆ ਕਿ ਡਾਂਗ-ਸੋਟਾ ਵਾਹੁਣਾ ਸਿਰਫ਼ ਤੁਹਾਨੂੰ ਹੀ ਔਂਦਾ, ਪਰ ਏਨੇ ਕੁ ਨਾਲ ਹੁਣ ਤੁਹਾਡੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ ਕਿ ਧਰਮ ਦੇ ਮਾਮਲੇ ‘ਚ ਕੋਈ ਵੀ ਪਿੱਛੇ ਨਹੀਂ?”
ਇਕ ਤਗੜਾ ਝਟਕਾ ਲੱਗਾ, ਉਹ ਮਸਾਂ ਹੀ ਸੰਭਲੇ। ਜੀਪ ਪੱਕੀ ਸੜਕ ਤੋਂ ਲਹਿ ਕੇ ਕੱਚੀ ਸੜਕ ‘ਤੇ ਪੈ ਚੁੱਕੀ ਸੀ। ਜਾਪਦਾ ਸੀ ਹਾਦਸੇ ਵਾਲੀ ਥਾਂ ਕਿਤੇ ਲਾਗੇ ਬੰਨੇ ਹੀ ਸੀ।
ਉੁਹ ਪਹੁੰਚੇ ਤਾਂ ਸਾਲਵੇਜਿੰਗ ਪਾਰਟੀ ਦਾ ਕੰਮ ਅਜੇ ਵੀ ਜਾਰੀ ਸੀ। ਜਹਾਜ਼ ਦੇ ਵੱਡੇ ਪੁਰਜ਼ੇ, ਕਰੇਨ ਨਾਲ ‘ਕੁਈਨਮੇਰੀ’ ਵਿਚ ਲੱਦੇ ਜਾ ਰਹੇ ਸਨ। ਜਹਾਜ਼ ਦੇ ਟਕਰਾਉੁਣ ਵਾਲੀ ਥਾਂ ਉੱਤੇ ਡੂੰਘਾ ਖੂਹ ਪੈ ਚੁੱਕਾ ਸੀ। ਆਪਣੇ ਪੁੱਤਾਂ ਦੇ ਭਿਆਨਕ ਅੰਤ ਨੂੰ ਚਿਤਵਦਿਆਂ ਉੁਹ ਇਕ ਵਾਰ ਫੇਰ ਫਿੱਸ ਪਏ।
ਇਕ ਪਾਸੇ ਤਰਪਾਲ ਉੁੱਤੇ, ਮਿੱਟੀ ‘ਚ ਰੁਲੇ ਲੋਥੜਿਆਂ ਦਾ ਢੇਰ ਲੱਗਾ ਸੀ। ਇਕ ਕੁੱਤਾ ਝਈਆਂ ਲੈ ਲੈ ਪੈ ਰਿਹਾ ਸੀ, ਪਰ ਸੰਤਰੀ ਉਹਨੂੰ ਸੰਗੀਨ ਲੱਗੀ ਬੰਦੂਕ ਨਾਲ ਸ਼ਸ਼ਕਾਰ ਰਿਹਾ ਸੀ। ਡੂੰਘੇ ਖੂਹ ‘ਚੋਂ ਪੁਰਜ਼ੇ ਕੱਢਦਿਆਂ ਕਈ ਅੰਗ ਅਜੇ ਵੀ ਮਿਲ ਰਹੇ ਸਨ।
ਇਹ ਸਾਰਾ ਕੁਝ ਵੇਖ ਕੇ ਉਨ੍ਹਾਂ ਨੂੰ ਹੈਰਾਨੀ ਤੇ ਚਿੰਤਾ ਹੋਈ। ਜੇ ਆਖ਼ਰੀ ਰਸਮਾਂ ਵੀ ਸਹੀ ਤਰ੍ਹਾਂ ਨਾਲ ਨਾ ਹੋਈਆਂ ਤਾਂ ਮਰਨ ਵਾਲਿਆਂ ਦੀਆਂ ਰੂਹਾਂ ਨੇ ਤਾਂ ਭਟਕਦੇ ਹੀ ਰਹਿਣਾ ਸੀ।
ਸਾਂਝੇ ਦੋਸਤ ਨੇ ਭਰੋਸਾ ਦਵਾਇਆ ਕਿ ਉਹ ਰਹਿੰਦੇ ਲੋਥੜਿਆਂ ਦੇ ਸਸਕਾਰ ਦਾ ਵੀ ਪ੍ਰਬੰਧ ਕਰਵਾ ਦੇਵੇਗਾ। ”ਪਰ ਮਾਸ ਦੀ ਸ਼ਨਾਖ਼ਤ ਕਿਵੇਂ ਹੋਵੇਗੀ?” ਸ਼ਰਮਾ ਸਾਹਿਬ ਦੀ ਚਿੰਤਾ ਬੋਲੀ।
”ਹਾਂ ਹਾਂ, ਸਸਕਾਰ ਤਾਂ ਆਪੋ ਆਪਣੇ ਧਰਮਾਂ ਅਨੁਸਾਰ ਹੀ ਹੋ ਸਕਦਾ ਹੈ।” ਸੇਖੋਂ ਸਾਹਿਬ ਦੀ ਜ਼ਿਦ ਉੱਚੀ-ਉੱਚੀ ਕੂਕਣ ਲੱਗੀ।
ਸਾਂਝਾ ਦੋਸਤ ਪਹਿਲਾਂ ਹੋ ਚੁੱਕੇ ਸਸਕਾਰ ਦਾ ਸੱਚ ਦੱਸਦਾ ਦੱਸਦਾ ਚੁੱਪ ਧਾਰ ਗਿਆ।
”ਇਹ ਸਸਕਾਰ ‘ਕੱਠਾ ਵੀ ਤਾਂ ਹੋ ਸਕਦੈ ਦੋਵਾਂ ਧਰਮਾਂ ਦੀਆਂ ਸਾਂਝੀਆਂ ਰਸਮਾਂ ਨਾਲ ਉੁਹ ਦੋਵੇਂ ਬੜੇ ਗਹਿਰੇ ਮਿੱਤਰ ਵੀ ਸਨ।” ਸਾਂਝੇ ਦੋਸਤ ਦਾ ਸੁਝਾਅ ਸੀ।
”ਨਹੀਂ, ਉਨ੍ਹਾਂ ਦੇ ਧਰਮ ਵੱਖਰੇ ਵੱਖਰੇ ਸਨ।” ਝੰਡਾ ਫਰ ਫਰ ਕਰਕੇ ਝੁੱਲਣ ਲੱਗਾ।
”ਧਰਮ ਵੱਖਰੇ ਵੱਖਰੇ ਹੋਣ ਤਾਂ ਸਸਕਾਰ ‘ਕੱਠਾ ਕਿਵੇਂ ਹੋ ਸਕਦੈ?” ਸਾਲਵੇਜਿੰਗ ਪਾਰਟੀ ਦੇ ਬੰਦਿਆਂ ਨੇ ਜਿਵੇਂ ਝੁਕਦੇ ਧਰਮ ਦੇ ਝੰਡੇ ਨੂੰ ਸਲਾਮੀ ਦੇ ਕੇ ਮਾਨਤਾ ਦੇ ਦਿੱਤੀ।
ਧਰਮਾਂ ਨੂੰ ਮਾਨਤਾ ਮਿਲਣ ਤੋਂ ਬਾਅਦ, ਲਾਸ਼ ਦੇ ਟੁਕੜਿਆਂ ਦੀ ਪਛਾਣ ਦਾ ਗੁਣਾ ਦੋਹਵਾਂ ਮਾਵਾਂ ਉੱਤੇ ਪਿਆ।
ਦੋਵੇਂ ਮਾਵਾਂ ਪੈਰਾਂ ਭਾਰ, ਤਰਪਾਲ ਉੱਤੇ ਬੈਠੀਆਂ ਕਾਹਲੀ ਕਾਹਲੀ ਸਾਰੇ ਅੰਗਾਂ ਨੂੰ ਟੋਹ ਟੋਹ ਵੇਖਣ ਲੱਗੀਆਂ। ਉਨ੍ਹਾਂ ਨੂੰ ਯਕੀਨ ਸੀ ਕਿ ਉਹ ਆਪਣੇ ਹੀ ਸਰੀਰ ਦੇ ਹਿੱਸਿਆਂ ਨੂੰ ਹਰ ਹਾਲਤ ਵਿਚ ਪਛਾਣ ਲੈਣਗੀਆਂ। ਜਿਹੜੇ ਅੰਗ ਨੂੰ ਇਕ ਛੱਡਦੀ, ਦੂਸਰੀ ਫੜ ਲੈਂਦੀ। ਸਾਰਾ ਮਾਸ ਮਾਵਾਂ ਦੀਆਂ ਤਫਤੀਸ਼ੀ ਅੱਖਾਂ ‘ਚੋਂ ਗੁਜ਼ਰ ਕੇ ਵੀ ਬੇਪਛਾਣਾ ਹੀ ਰਿਹਾ ਤੇ ਉੁਹ ਇਕ ਦੂਜੇ ਦੇ ਗਲ ਲੱਗ ਕੇ ਉੱਚੀ ਉੱਚੀ ਰੋ ਉੱਠੀਆਂ।
ਉਨ੍ਹਾਂ ਦੇ ਸਾਂਝੇ ਦੋਸਤ ਨੇ ਫੇਰ ਸਲਾਹ ਦਿੱਤੀ ਕਿ ਮਾਸ ਦੇ ਬਾਕੀ ਬਚੇ ਲੋਥੜਿਆਂ ਨੂੰ ਕਿਸੇ ਵੀ ਧਾਰਮਿਕ ਰੀਤੀ-ਰਸਮ ਤੋਂ ਬਿਨਾਂ ਦਰਿਆ ਬੁਰਦ ਕਰ ਦਿੱਤਾ ਜਾਵੇ।
”ਪਰ ਇਹ ਕਿਵੇਂ ਹੋ ਸਕਦਾ ਹੈ?” ਇਕ ਪਿਉ ਬੋਲਿਆ, ”ਹਾਂ, ਇਹ ਹੋ ਈ ਨਹੀਂ ਸਕਦਾ।” ਦੂਸਰਾ ਪਿਉ ਕੂਕਿਆ, ”ਆਖਿਰ ਇਹ ਧਰਮ ਦਾ ਮਾਮਲਾ ਹੈ…ਅਸੀਂ ਇੰਜ ਨਹੀਂ ਹੋਣ ਦਿਆਂਗੇ।” ਬੋਲ-ਬੁਲਾਰਾ ਉੱਚਾ ਹੋਇਆ’ਤੂੰ ਤੂੰ, ਮੈਂ ਮੈਂ’ ਉੱਚੀ ਹੋਈ ਤੇ ਮਾਵਾਂ ਦਾ ਵਿਰਲਾਪ ਹੋਰ ਵੀ ਉੱਚਾ ਹੋਇਆ।
ਦੋਂਹ ਲਾਸ਼ਾਂ ਦਾ ਮਾਸ, ਜਿਹੜਾ ਮਾਵਾਂ ਤੋਂ ਵੀ ਨਹੀਂ ਸੀ ਪਛਾਣਿਆ ਜਾ ਸਕਿਆ, ਸਵੇਰੇ ਧਰਮਾਂ ਵਿਚ ਵੰਡ ਕੇ ਸਸਕਾਰਿਆ ਵੀ ਜਾ ਚੁੱਕਾ ਸੀ ਤੇ ਦੋਂਹ ਲਾਸ਼ਾਂ ਦਾ ਮਾਸ ਜਿਹੜਾ ਅਜੇ ਸਸਕਾਰਿਆ ਜਾਣਾ ਸੀ, ਉਸ ਉੱਤੇ ਧਰਮ ਯੁੱਧ ਛਿੜਿਆ ਹੋਇਆ ਸੀ।