ਅਦਾਕਾਰ ਦਿਲੀਪ ਕੁਮਾਰ ਦੀ ਜਨਮ ਸ਼ਤਾਬਦੀ

ਫਿਲਮੀ ਦੁਨੀਆ ਦੇ ਉਮਦਾ ਅਦਾਕਾਰ ਮਰਹੂਮ ਦਿਲੀਪ ਕੁਮਾਰ (ਜਿਨ੍ਹਾਂ ਦਾ ਅਸਲ ਨਾਂ ਮੁਹੰਮਦ ਯੂਸਫ ਖਾਨ ਸੀ) ਦੀ ਜਨਮ ਸ਼ਤਾਬਦੀ ਮੌਕੇ ਫਿਲਮ ਹੈਰੀਟੇਜ ਫਾਊਂਡੇਸ਼ਨ ਦੋ ਰੋਜ਼ਾ ਫਿਲਮ ਮੇਲਾ ਲਾ ਰਹੀ ਹੈ। ਇਸ ਫਿਲਮ ਮੇਲੇ ਦਾ ਨਾਂ ‘ਦਿਲੀਪ ਕੁਮਾਰ ਹੀਰੋ ਆਫ ਹੀਰੋਜ਼’ (ਨਾਇਕਾਂ ਦਾ ਨਾਇਕ) ਰੱਖਿਆ ਗਿਆ ਹੈ ਅਤੇ ਇਹ 10 ਅਤੇ 11 ਦਸੰਬਰ ਨੂੰ ਭਾਰਤ ਭਰ ਵਿਚ ਮਨਾਇਆ ਜਾਵੇਗਾ। ਇਸ ਕਾਰਜ ਲਈ ਉਚੇਚੇ ਤੌਰ ‘ਤੇ 20 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਦਿਲੀਪ ਕੁਮਾਰ ਦੀਆਂ 4 ਫਿਲਮਾਂ ਦਿਖਾਈਆਂ ਜਾਣਗੀਆਂ। ਇਹ ਫਿਲਮਾਂ ਹਨ: ‘ਆਨ’ (1952), ‘ਦੇਵਦਾਸ’ (1955), ‘ਰਾਮ ਔਰ ਸ਼ਾਮ’ (1967) ਅਤੇ ‘’ਸ਼ਕਤੀ’ (1982)।

ਫਿਲਮ ਹੈਰੀਟੇਜ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵੇਂਦਰ ਸਿੰਘ ਡੂੰਗਰਪੁਰ ਨੇ ਦੱਸਿਆ ਕਿ 20 ਸ਼ਹਿਰਾਂ ਵਿਚ ਇਹ ਫਿਲਮਾਂ ਦਿਖਾਉਣ ਦਾ ਮਕਸਦ ਦਿਲੀਪ ਸਾਹਿਬ ਦੇ 100 ਸਾਲਾ ਜਨਮ ਦਿਵਸ ਮੌਕੇ ਜਸ਼ਨ ਮਨਾਉਣਾ ਹੈ। ਉਨ੍ਹਾਂ ਕਿਹਾ, “ਦਿਲੀਪ ਸਾਹਿਬ ਸਹੀ ਮਾਇਨਿਆਂ ਵਿਚ ‘ਨਾਇਕਾਂ ਦੇ ਨਾਇਕ’ (ਹੀਰੋ ਆਫ ਹੀਰੋਜ਼) ਸਨ। ਅੱਜ ਵੀ ਉਹ ਓਨੇ ਹੀ ਮਕਬੂਲ ਹਨ ਜਿੰਨੇ ਆਪਣੇ ਦੌਰ ਵਿਚ ਸਨ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਬਹਾਨੇ ਅਸੀਂ ਇਸ ਉਮਦਾ ਅਦਾਕਾਰ ਨੂੰ ਯਾਦ ਕਰ ਰਹੇ ਹਾਂ ਅਤੇ ਉਸ ਦੀ ਕਲਾ ਦਾ ਜਸ਼ਨ ਮਨਾ ਰਹੇ ਹਾਂ ਜਿਸ ਨੂੰ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਮਾਇਆ ਸੀ।”
ਯਾਦ ਰਹੇ ਕਿ ਫਿਲਮ ਮੇਲੇ ਵਿਚ ਦਿਖਾਈਆਂ ਜਾ ਰਹੀਆਂ ਫਿਲਮਾਂ ਭਾਵੇਂ ਕਈ ਦਹਾਕੇ ਪਹਿਲਾਂ ਬਣਾਈਆਂ ਗਈਆਂ ਸਨ ਪਰ ਇਨ੍ਹਾਂ ਦੀ ਅਪੀਲ ਅੱਜ ਵੀ ਪਹਿਲਾਂ ਵਾਂਗ ਹੀ ਹੈ। ਇਹੀ ਦਿਲੀਪ ਕੁਮਾਰ ਦੀ ਅਦਾਕਾਰੀ ਦੀ ਖੂਬਸੂਰਤੀ ਹੈ।
ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਹੋਇਆ ਸੀ। ਉਸ ਵਕਤ ਉਨ੍ਹਾਂ ਦਾ ਪਰਿਵਾਰ ਪੇਸ਼ਾਵਰ ਦੇ ਗੁਆਂਢ ਵਿਚ ‘ਕਿੱਸਾ ਖਵਾਨੀ ਬਾਜ਼ਾਰ’ ਵਿਚ ਰਹਿੰਦਾ ਸੀ। 1944 ਵਿਚ ਆਈ ਫਿਲਮ ‘ਜਵਾਰ ਭਾਟਾ’ ਨਾਲ ਉਸ ਨੇ ਫਿਲਮੀ ਦੁਨੀਆ ਅੰਦਰ ਪ੍ਰਵੇਸ਼ ਕੀਤਾ ਸੀ ਪਰ ਇਹ ਫਿਲਮ ਬਹੁਤੀ ਚੱਲੀ ਨਹੀਂ ਅਤੇ ਨਾ ਹੀ ਕਿਸੇ ਨੇ ਦਿਲੀਪ ਕੁਮਾਰ ਦਾ ਨੋਟਿਸ ਲਿਆ। ਇਸ ਪਿੱਛੋਂ ਦੋ ਹੋਰ ਫਲਾਪ ਫਿਲਮਾਂ ਤੋਂ ਬਾਅਦ 1947 ਵਿਚ ਦਿਲੀਪ ਕੁਮਾਰ ਦੀ ਫਿਲਮ ‘ਜੁਗਨੂੰ’ ਆਈ ਤਾਂ ਉਹ ਬੁਲੰਦੀਆਂ ਵੱਲ ਵਧਣ ਲੱਗ ਪਿਆ। ਇਸ ਫਿਲਮ ਵਿਚ ਉਹਦੇ ਨਾਲ ਨੂਰ ਜਹਾਂ ਸੀ। ਫਿਰ ਉਸ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਦੇਖਿਆ। -ਆਮਨਾ ਕੌਰ