ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿਚੋਂ ਛੇਕਿਆ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਉਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ‘ਪਰ ਇਸਤਰੀ ਗਮਨ ਦੀ ਬੱਜਰ ਕੁਰਹਿਤ` ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦਿੰਦਿਆਂ 21 ਦਿਨ ਦੀ ਧਾਰਮਿਕ ਸਜਾ ਲਾਈ ਹੈ। ਇਸੇ ਤਰ੍ਹਾਂ ਬਿਨਾਂ ਪ੍ਰਵਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਅਤੇ ਸਰੂਪ ਵਿਚ ਲਗਾ-ਮਾਤਰਾਵਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ ਅਤੇ ਉਨ੍ਹਾਂ ਦੇ ਤਿੰਨ ਸਾਥੀ ਰਾਜਵੰਤ ਸਿੰਘ, ਭਜਨੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੂੰ ਕ੍ਰਮਵਾਰ 11 ਅਤੇ 7 ਦਿਨਾਂ ਦੀ ਧਾਰਮਿਕ ਤਨਖਾਹ ਲਾਈ ਗਈ ਹੈ।
ਵਰਣਨਯੋਗ ਹੈ ਕਿ ਜਦੋਂ ਥਮਿੰਦਰ ਸਿੰਘ ਵਲੋਂ ਪਾਵਣ ਗੁਰਬਾਣੀ ਦੀਆਂ ਲਗਾਂ ਮਾਤਰਾਂ ਵਿਚ ਤਬਦੀਲੀ ਕਰਨ ਦਾ ਮਾਮਲਾ ਸਿੱਖ ਸੰਗਤ ਸਾਹਮਣੇ ਆਇਆ ਸੀ ਤਾਂ ਦੇਸ਼ ਵਿਦੇਸ਼ ਦੀਆ ਸੰਗਤਾਂ ਵਲੋਂ ਇਸ ਦਾ ਤਿੱਖਾ ਵਿਰੋਧ ਹੋਇਆ ਸੀ। ਉਸ ਵੇਲੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਮਰੀਕੀ ਸੰਗਤਾਂ ਤੇ ਗੁਰਦੁਆਰਾ ਸਾਹਿਬ ਤੋਂ ਸੁਝਾਅ ਮੰਗੇ ਸਨ ਤਾਂ ਗੁਰਦੁਆਰਾ ਪੈਲਾਟਾਈਨ ਸਿ਼ਕਾਗੋ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਥਮਿੰਦਰ ਸਿੰਘ ਖਿ਼ਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪਹਿਲ ਕੀਤੀ ਸੀ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਜਪੁਜੀ ਸਾਹਿਬ ਦਾ ਪਾਠ ਕਰਨ, ਇਕ ਘੰਟਾ ਕੀਰਤਨ ਸੁਣਨ ਅਤੇ ਇਕ ਘੰਟਾ ਰੋਜ਼ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਤਨਖਾਹ ਲਾਈ ਹੈ। ਇਸੇ ਦੌਰਾਨ ਇਕ ਦਿਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਰਾਂ ਦਾ ਗਾਇਨ ਕਰਨ ਵਾਲੇ ਸਮੂਹ ਢਾਡੀ ਜਥਿਆਂ ਨੂੰ ਪ੍ਰਤੀ ਜਥਾ 5100-5100 ਰੁਪਏ ਦੇਣ, ਘਰੋਂ ਤਿਆਰ ਕੀਤਾ ਲੰਗਰ ਛਕਾਉਣ ਅਤੇ ਉਨ੍ਹਾਂ ਦੇ ਜੂਠੇ ਬਰਤਨ ਮਾਂਜਣ ਦਾ ਫੈਸਲਾ ਵੀ ਸੁਣਾਇਆ ਹੈ।
ਇਨ੍ਹਾਂ ਦਿਨਾਂ ਦੌਰਾਨ ਉਹ ਕੋਈ ਦਿਖਾਵਾ ਨਹੀਂ ਕਰਨਗੇ ਅਤੇ ਮੀਡੀਆ ਕੋਲ ਵੀ ਪ੍ਰਚਾਰ ਲਈ ਨਹੀਂ ਜਾਣਗੇ। ਇੱਕੀ ਦਿਨਾਂ ਦੀ ਤਨਖਾਹ ਪੂਰੀ ਕਰਨ ਮਗਰੋਂ ਉਹ 5100 ਰੁਪਏ ਗੋਲਕ ਵਿਚ ਪਾਉਣਗੇ ਅਤੇ ਕੜਾਹ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾ ਸਕਣਗੇ। ਇਸ ਦੌਰਾਨ ਪੰਜ ਸਾਲ ਉਹ ਕਿਸੇ ਵੀ ਧਾਰਮਿਕ ਜਥੇਬੰਦੀ ਤੇ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣ ਸਕੇਗਾ ਪਰ ਸਿਆਸੀ ਖੇਤਰ ਵਿਚ ਕੋਈ ਰੋਕ ਨਹੀਂ ਲਗਾਈ ਗਈ ਹੈ।
ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ਨੇ ਸੰਗਤ ਦੇ ਸਾਹਮਣੇ ਆਪਣੀ ਗਲਤੀ ਦੀ ਤਿੰਨ ਵਾਰ ਮੁਆਫੀ ਮੰਗੀ ਅਤੇ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਜੋ ਵੀ ਤਨਖਾਹ ਲਾਈ ਜਾਵੇਗੀ, ਉਹ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰੇਗਾ। ਇਸ ਇਕੱਤਰਤਾ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖਤ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ ਪੰਜ ਪਿਆਰਿਆਂ ‘ਚੋਂ ਭਾਈ ਸੁਖਦੇਵ ਸਿੰਘ ਸ਼ਾਮਲ ਸਨ।