ਪੰਜਾਬ ਨੇ ਕੇਂਦਰ ਤੋਂ ਵਿਸ਼ੇਸ਼ ਸਨਅਤੀ ਪੈਕੇਜ ਮੰਗਿਆ

ਚੰਡੀਗੜ੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਕੇਂਦਰੀ ਬਜਟ 2023-24 ਦੀ ਤਿਆਰੀ ਲਈ ਸੱਦੀ ਗਈ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਸੂਬੇ ਲਈ ਵਿਸ਼ੇਸ਼ ਸਨਅਤੀ ਪੈਕੇਜ ਮੰਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਹੱਦੀ ਖਿੱਤੇ ਲਈ ਵਿਸ਼ੇਸ਼ ਪ੍ਰੋਜੈਕਟ ਅਤੇ ਫੰਡ ਦਿੱਤੇ ਜਾਣ ਦੀ ਮੰਗ ਵੀ ਰੱਖੀ ਹੈ। ਚੀਮਾ ਨੇ ਕੇਂਦਰੀ ਮੰਤਰੀ ਨੂੰ ਸੁਝਾਵਾਂ ਤੇ ਤਜਵੀਜ਼ਾਂ ਵਾਲਾ ਵਿਸਥਾਰਤ ਮੰਗ ਪੱਤਰ ਵੀ ਸੌਂਪਿਆ ਹੈ।

ਉਨ੍ਹਾਂ ਕੇਂਦਰ ਵੱਲੋਂ ਪੰਜਾਬ ਦੇ ਰੋਕੇ ਗਏ ਫੰਡਾਂ ਨੂੰ ਫੌਰੀ ਰਿਲੀਜ ਕਰਨ ਤੇ ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਸਨਅਤੀ ਪੈਕੇਜ ਦਿੱਤੇ ਜਾਣ ਦੀ ਮੰਗ ਰੱਖੀ ਤਾਂ ਜੋ ਸਰਹੱਦੀ ਖੇਤਰ ਦਾ ਵਿਕਾਸ ਰਫਤਾਰ ਫੜ ਸਕੇ। ਮੀਟਿੰਗ ਦੌਰਾਨ ਸੂਬਿਆਂ ਦੇ ਵਿੱਤ ਮੰਤਰੀਆਂ ਨੇ ਨਵੇਂ ਬਜਟ ਨੂੰ ਲੈ ਕੇ ਆਪੋ-ਆਪਣੇ ਸੁਝਾਓ ਵੀ ਰੱਖੇ। ਚੀਮਾ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਪੁਲਿਸ ਬਲ ਦੇ ਆਧੁਨਿਕੀਕਰਨ ਤੇ ਪੁਲਿਸ ਢਾਂਚੇ ਲਈ ਇਕ ਹਜ਼ਾਰ ਕਰੋੜ ਦੀ ਵਿਸ਼ੇਸ਼ ਸਹਾਇਤਾ ਵੀ ਮੰਗੀ ਕਿਉਂਕਿ ਸੂਬੇ ਨੂੰ ਆਧੁਨਿਕ ਸਾਜੋ-ਸਾਮਾਨ ਦੀ ਲੋੜ ਹੈ। ਸਰਹੱਦੀ ਖੇਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਪੁਲਿਸ ਇਮਾਰਤਾਂ ਨੂੰ ਅਪਗਰੇਡ ਕਰਨ, ਨਵੇਂ ਪੁਲਿਸ ਥਾਣਿਆਂ ਦੇ ਨਿਰਮਾਣ ਅਤੇ ਪੁਲਿਸ ਬਲਾਂ ਨੂੰ ਬੁਨਿਆਦੀ ਢਾਂਚਾਗਤ ਸਹੂਲਤਾਂ ਦੇਣ ਦਾ ਤਰਕ ਵੀ ਦਿੱਤਾ ਗਿਆ। ਉਨ੍ਹਾਂ ਸਰਹੱਦੀ ਜ਼ਿਲ੍ਹਿਆਂ ਲਈ ਦੋ ਬਟਾਲੀਅਨਾਂ ਦੀ ਪੱਕੇ ਤੌਰ ‘ਤੇ ਤਾਇਨਾਤੀ ਲਈ 160 ਕਰੋੜ ਰੁਪਏ ਦੀ ਸਹਾਇਤਾ ਵੀ ਮੰਗੀ। ਵਿੱਤ ਮੰਤਰੀ ਚੀਮਾ ਨੇ ਕੌਮਾਂਤਰੀ ਸਰਹੱਦ ‘ਤੇ ਨਾਰਕੋ ਅਤਿਵਾਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੇ ਹਵਾਲੇ ਨਾਲ ਨਵੇਂ ਫੰਡਾਂ ਦੀ ਮੰਗ ਉਠਾਈ। ਇਸੇ ਤਰ੍ਹਾਂ ਪਰਾਲੀ ਨੂੰ ਸਾੜਨ ਤੋਂ ਰੋਕਣ ਵਾਸਤੇ ਕਿਸਾਨਾਂ ਦੀ ਮਦਦ ਲਈ 1125 ਕਰੋੜ ਰੁਪਏ ਦੇ ਫੰਡਾਂ ਦੀ ਨਵੇਂ ਕੇਂਦਰੀ ਫੰਡ ਵਿਚ ਵਿਵਸਥਾ ਕੀਤੇ ਜਾਣ ਦੀ ਮੰਗ ਰੱਖੀ।
ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਵੱਲੋਂ ਡਾ. ਰਮੇਸ਼ ਚੰਦ ਦੀ ਪ੍ਰਧਾਨਗੀ ਹੇਠ ਬਣਾਈ ਸਬ-ਕਮੇਟੀ ਨੇ ਆਪਣੀ ਰਿਪੋਰਟ ਵਿਚ ਪੰਜਾਬ ਸਰਕਾਰ ਨੂੰ 6155 ਕਰੋੜ ਰੁਪਏ ਦੀ ਰਾਹਤ ਦੇਣ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਅਜੇ ਤੱਕ ਅਮਲ ਵਿਚ ਨਹੀਂ ਲਿਆਂਦਾ ਗਿਆ ਹੈ। ਉਨ੍ਹਾਂ ਮੀਟਿੰਗ ਵਿਚ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਨੂੰ ਛੇ ਹਜ਼ਾਰ ਕਰੋੜ ਦੀ ਰਾਸ਼ੀ ਦੀ ਦੇਣ ਅਤੇ ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਬਠਿੰਡਾ ਦੋ ਵੰਦੇ ਭਾਰਤ ਰੇਲ ਗੱਡੀਆਂ ਚਲਾਏ ਜਾਣ ਦੀ ਮੰਗ ਤੋਂ ਇਲਾਵਾ ਰਾਜਪੁਰਾ ਤੇ ਚੰਡੀਗੜ੍ਹ ਦਰਮਿਆਨ ਰੇਲਵੇ ਟਰੈਕ ਵਿਛਾਉਣ ਲਈ ਭਾਰਤੀ ਰੇਲਵੇ ਨੂੰ ਸੂਬਾ ਸਰਕਾਰ ਤਰਫੋਂ ਲੋੜੀਂਦੀ ਜ਼ਮੀਨ ਮੁਹੱਈਆ ਕਰਾਏ ਜਾਣ ਦਾ ਤਰਕ ਦਿੱਤਾ। ਪੰਜਾਬ ਨੇ ਪ੍ਰੀ-ਬਜਟ ਮੀਟਿੰਗ ਵਿਚ ਸੂਬੇ ਦੀ ਮਾਲੀ ਸਥਿਤੀ ਦੇ ਹਵਾਲੇ ਨਾਲ ਅਗਲੇ ਕੇਂਦਰੀ ਬਜਟ ਵਿਚ ਵਿੱਤੀ ਮਦਦ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਬਾਕੀ ਸੂਬਿਆਂ ਵੱਲੋਂ ਵੀ ਆਪੋ-ਆਪਣੀਆਂ ਤਜਵੀਜ਼ਾਂ ਰੱਖੀਆਂ ਗਈਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਪਹਿਲੀ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨਗੇ।