ਹਰਿਆਣਾ ਚੋਣਾਂ ਨੇ ਭਾਜਪਾ ਦੀ ਨੀਂਦ ਉਡਾਈ

ਚੰਡੀਗੜ੍ਹ: ਹਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਭਾਜਪਾ ਨੂੰ ਤਕੜਾ ਝਟਕਾ ਲੱਗਾ ਹੈ। ਪਾਰਟੀ ਨੇ 100 ਸੀਟਾਂ ਵਿਚੋਂ ਸਿਰਫ 23 ਸੀਟਾਂ ਉਤੇ ਹੀ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ 15 ਸੀਟਾਂ ਜਿੱਤਣ ਨਾਲ ਦੂਸਰਾ ਸਥਾਨ ਹਾਸਲ ਕੀਤਾ ਹੈ। ਦੋਵਾਂ ਹੀ ਪਾਰਟੀਆਂ ਨੇ ਇਹ ਚੋਣਾਂ ਆਪੋ-ਆਪਣੇ ਚੋਣ ਨਿਸ਼ਾਨ ਉਤੇ ਲੜੀਆਂ ਹਨ।

ਭਾਜਪਾ ਨੂੰ ਅੰਬਾਲਾ ਤੇ ਕੁਰੂਕਸ਼ੇਤਰ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਨਤੀਜੇ ਹਰਿਆਣਾ ਵਿਚ ਨਵੇਂ ਚੋਣ ਸਮੀਕਰਨ ਬਣਨ ਵੱਲ ਸੰਕੇਤ ਕਰਦੇ ਹਨ। ਜਿਥੇ ‘ਆਪ’ ਆਪਣੇ ਆਪ ਨੂੰ ਸੂਬੇ ਪੱਧਰ ਦੇ ਬਦਲ ਵਜੋਂ ਦਰਸਾ ਰਹੀ ਹੈ, ਉਥੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਮਿਲੀ ਸਫਲਤਾ ਜਾਟ ਵੋਟਾਂ ਵਿਚ ਹੋ ਰਹੀ ਹਲਚਲ ਦਾ ਸੰਕੇਤ ਦਿੰਦੀ ਹੈ। ਇਹ ਪ੍ਰਤੀਤ ਹੁੰਦਾ ਹੈ ਕਿ ਜਾਟ ਵੋਟਰ ਭਾਜਪਾ ਅਤੇ ਦੁਸ਼ਿਅੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਗੱਠਜੋੜ ਤੋਂ ਖੁਸ਼ ਨਹੀਂ ਹਨ। ਸਿਆਸੀ ਮਾਹਿਰਾਂ ਅਨੁਸਾਰ ਸਥਾਨਕ ਚੋਣਾਂ ਦਾ ਨਤੀਜਾ ਸੱਤਾਧਾਰੀ ਭਾਜਪਾ ਲਈ 2024 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖਤਰੇ ਦੀ ਘੰਟੀ ਹੈ। ਦੱਸ ਦਈਏ ਕਿ ਸਥਾਨਕ ਚੋਣਾਂ ਦੇ ਨਤੀਜੇ ਅਕਸਰ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਆਉਂਦੇ ਹਨ, ਪਰ ਹਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਹਾਲਾਤ ਇਸ ਦੇ ਉਲਟ ਜਾਪੇ।
ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਕੁੱਲ 411 ਸੀਟਾਂ ਹਨ। ਭਾਜਪਾ ਨੇ 102, ਆਮ ਆਦਮੀ ਪਾਰਟੀ ਨੇ 114, ਬਹੁਜਨ ਸਮਾਜ ਪਾਰਟੀ ਨੇ 71 ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ 98 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਭਾਜਪਾ ਦੇ 23 ਉਮੀਦਵਾਰਾਂ ਨੂੰ ਸਫਲਤਾ ਮਿਲੀ ਜਦੋਂਕਿ ਆਮ ਆਦਮੀ ਪਾਰਟੀ ਦੇ 15, ਇੰਡੀਅਨ ਨੈਸ਼ਨਲ ਲੋਕ ਦਲ ਦੇ 14 ਅਤੇ ਬਹੁਜਨ ਸਮਾਜ ਪਾਰਟੀ ਦੇ 6 ਉਮੀਦਵਾਰ ਕਾਮਯਾਬ ਹੋਏ। ਆਜ਼ਾਦ ਉਮੀਦਵਾਰ ਵੱਡੀ ਗਿਣਤੀ ਵਿਚ ਜਿੱਤੇ। ਸਿਰਸਾ, ਅੰਬਾਲਾ ਤੇ ਜੀਂਦ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਕਾਂਗਰਸ ਨੇ ਇਹ ਚੋਣਾਂ ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ। ਇਨ੍ਹਾਂ ਦੇ ਨਾਲ ਨਾਲ 6220 ਗ੍ਰਾਮ ਪੰਚਾਇਤਾਂ ਤੇ 143 ਪੰਚਾਇਤ (ਬਲਾਕ) ਸਮਿਤੀਆਂ ਲਈ ਵੀ ਚੋਣਾਂ ਹੋਈਆਂ।
‘ਆਪ’ ਅਤੇ ਅਭੈ ਚੌਟਾਲਾ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ ਉਨ੍ਹਾਂ ਦੀਆਂ ਪਾਰਟੀਆਂ ਵਿਚ ਵਿਸ਼ਵਾਸ ਜਤਾਇਆ ਹੈ। ਅਭੈ ਚੌਟਾਲਾ ਨੇ ਚੋਣ ਨਤੀਜਿਆਂ ਨੂੰ ਸੱਤਾਧਾਰੀ ਗੱਠਜੋੜ ਦੇ ਵਿਰੁੱਧ ਫਤਵਾ ਦੱਸਿਆ ਜਦੋਂਕਿ ‘ਆਪ’ ਦੇ ਆਗੂਆਂ ਅਨੁਸਾਰ ਪਾਰਟੀ ਸੂਬੇ ਵਿਚ ਵੱਡੇ ਬਦਲ ਵਜੋਂ ਉੱਭਰ ਰਹੀ ਹੈ।