ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਹੰਭਲਾ ਮਾਰਨ ਦਾ ਮਨ ਬਣਾਇਆ ਹੈ। ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਦਾ ਆਇਆ ਸੁਨੇਹਾ ਇਸ਼ਾਰਾ ਕਰਦਾ ਹੈ ਕਿ ਕਾਂਗਰਸ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਕੇ ਅੱਗੇ ਲਾਉਣ ਦੀ ਵਿਉਂਤ ਬਣਾ ਰਹੀ ਹੈ। ਨਵਜੋਤ ਸਿੱਧੂ ਸੜਕੀ ਝਗੜੇ ਦੇ ਮਾਮਲੇ ‘ਚ ਹੋਈ ਇਕ ਸਾਲ ਦੀ ਕੈਦ ਦੀ ਸਜ਼ਾ ਤਹਿਤ ਛੇ ਮਹੀਨਿਆਂ ਤੋਂ ਬੰਦ ਹਨ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਰਿਹਾਈ ਤੈਅ ਸਜ਼ਾ ਤੋਂ ਪਹਿਲਾਂ ਹੋ ਸਕਦੀ ਹੈ। ਇਸ ਲਈ ਕਾਂਗਰਸ ਹਾਈਕਮਾਨ ਨੇ ਉਸ ਤੱਕ ਪਹੁੰਚ ਕੀਤੀ ਹੈ।
ਚੇਤੇ ਰਹੇ ਕਿ ਪਾਰਟੀ ਦੀ ਆਗੂ ਪ੍ਰਿਯੰਕਾ ਗਾਂਧੀ ਵੱਲੋਂ ਸਾਬਕਾ ਵਿਧਾਇਕ ਨਵਤੇਜ ਚੀਮਾ ਰਾਹੀਂ ਸੁਨੇਹਾ ਭੇਜਿਆ ਹੈ। ਚੀਮਾ ਕੁਝ ਦਿਨ ਪਹਿਲਾਂ ਹੀ ਸਿੱਧੂ ਨਾਲ ਮੁਲਾਕਾਤ ਕਰ ਕੇ ਗਏ ਹਨ ਅਤੇ ਚਰਚਾ ਹੈ ਕਿ ਇਸ ਦੌਰਾਨ ਹੀ ਉਨ੍ਹਾਂ ਨੇ ਪ੍ਰਿਯੰਕਾ ਵੱਲੋਂ ਭੇਜਿਆ ਪੱਤਰ ਵੀ ਸੌਂਪਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹੋਰ ਤੋਂ ਬਾਅਦ ਸੂਬਾਈ ਲੀਡਰਸ਼ਿਪ ਖਿੰਡ-ਪੁੰਡ ਗਈ ਹੈ। ਚੋਣਾਂ ਵਿਚ ਹਾਰ ਤੋਂ ਬਾਅਦ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਰਹੇ ਚਰਨਜੀਤ ਸਿੰਘ ਚੰਨੀ ਦੀ ਕੋਈ ਉਘ-ਸੁਘ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਵਿਚ ਡੇਰੇ ਲਾਈ ਬੈਠਾ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਚੋਣਾਂ ਤੋਂ ਬਾਅਦ ਵਿਦੇਸ਼ ਖਿਸਕ ਗਏ ਸਨ। ਪਿਛਲੀ ਸਰਕਾਰ ਵਿਚ ਮੰਤਰੀ ਰਹੇ ਤਕਰੀਬਨ ਅੱਧੀ ਦਰਜਨ ਤੋਂ ਵੱਧ ਕਾਂਗਰਸੀ ਆਗੂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਢੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੇ ਲਪੇਟੇ ਵਿਚ ਆ ਗਏ ਹਨ। ਇਸ ਤੋਂ ਇਲਾਵਾ ਕੁਝ ਸਾਬਕਾ ਮੰਤਰੀਆਂ ਸਣੇ ਦਰਜਨ ਦੇ ਕਰੀਬ ਸੀਨੀਅਰ ਆਗੂ ਭਾਜਪਾ ਨਾਲ ਜਾ ਰਲੇ ਹਨ।
ਹਾਲਾਤ ਇਹ ਹਨ ਕਿ ਪਾਰਟੀ ਦੀ ਬਚੀ ਹੋਈ ਲੀਡਰਸ਼ਿੱਪ ਨੇ ਚੁੱਪ ਧਾਰੀ ਹੋਈ ਹੈ। ਹਾਈਕਮਾਨ ਨੇ ਨੌਜਵਾਨ ਆਗੂ ਵਜੋਂ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾ ਕੇ ਪਾਰਟੀ ਲੀਡਰਸ਼ਿਪ ਨੂੰ ਇਕਜੁਟ ਕਰਨ ਦੀ ਰਣਨੀਤੀ ਬਣਾਈ ਸੀ ਪਰ ਇਹ ਅਜੇ ਤੱਕ ਕਿਤੇ ਨਜ਼ਰ ਹੀ ਨਹੀਂ ਆ ਰਹੀ ਹੈ। ਰਾਜਾ ਵੜਿੰਗ ਆਪਣੇ ਨੇੜਲਿਆਂ ਦਾ ਟੋਲਾ ਬਣਾ ਕੇ ਸਰਗਰਮੀਆਂ ਤਾਂ ਕਰ ਰਹੇ ਹਨ ਪਰ ਇਹ ਮੁਹਿੰਮ ਅਜੇ ਤੱਕ ਆਪਣਾ ਭੋਰਾ ਵੀ ਅਸਰ ਨਹੀਂ ਦਿਖਾ ਸਕੀ। ਅਜਿਹੇ ਵਿਚ ਹਾਈਕਮਾਨ ਨੇ ਸਿੱਧੂ ਨੂੰ ਮੁੜ ਸਰਗਰਮ ਕਰਨ ਦੀ ਰਣਨੀਤੀ ਬਣਾਈ ਹੈ। ਹਾਈਕਮਾਨ ‘ਚ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਹੀ ਵੱਧ ਨੇੜਤਾ ਮੰਨੀ ਜਾਂਦੀ ਹੈ। ਇਹ ਵੀ ਚਰਚਾ ਹੈ ਕਿ ਸਿੱਧੂ ਨੂੰ 2024 ‘ਚ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਉਣ ਦੀ ਤਿਆਰੀ ਹੈ। ਪਹਿਲਾਂ ਉਹ ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹੇ ਹਨ ਪਰ ਰਿਹਾਇਸ਼ ਪਟਿਆਲਾ ਵਿਚ ਹੈ ਤੇ ਉਧਰੋਂ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਵੀ ਭਾਜਪਾ ‘ਚ ਜਾਣਾ ਤੈਅ ਹੈ। ਦੱਸ ਦਈਏ ਕਿ ਆਪਸੀ ਕਲੇਸ਼ ਕਾਰਨ ਕਾਂਗਰਸ ਇਸ ਸਮੇਂ ਪੂਰੇ ਮੁਲਕ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਕਾਂਗਰਸ ਸ਼ਾਸਿਤ ਰਾਜਸਥਾਨ ‘ਚ ਕੁਰਸੀ ਵਾਸਤੇ ਲੜਾਈ ਸਿਖਰ ਉਤੇ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸੀਨੀਅਰ ਆਗੂ ਸਚਿਨ ਪਾਇਲਟ ਇਸ ਸਮੇਂ ਆਹਮੋ-ਸਾਹਮਣੇ ਹਨ। 2018 ‘ਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪਾਇਲਟ ਪਾਰਟੀ ਪ੍ਰਧਾਨ ਸੀ ਤੇ ਉਦੋਂ ਕਾਂਗਰਸ ਨੇ ਭਾਜਪਾ ਕੋਲੋਂ ਸੱਤਾ ਖੋਹੀ ਸੀ। ਦੋਵਾਂ ਧੜਿਆਂ ਦਰਮਿਆਨ ਇਹ ਟਕਰਾਅ ਉਸ ਵੇਲੇ ਵਧਿਆ ਹੈ ਜਦੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਆਉਂਦੇ ਦਿਨਾਂ ਵਿਚ ਰਾਜਸਥਾਨ ‘ਚ ਦਾਖਲ ਹੋਣ ਵਾਲੀ ਹੈ।
ਰਾਜਸਥਾਨ ਵਿਚ ਚੱਲ ਰਹੀ ਇਹ ਖਿੱਚੋਤਾਣ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਵਰਕਰਾਂ ਦੇ ਹੌਸਲੇ ਨੂੰ ਢਾਹ ਲਾ ਸਕਦੀ ਹੈ; ਇਹ ਚੋਣਾਂ ਖੜਗੇ ਦੀ ਅਗਵਾਈ ਹੇਠ ਪਾਰਟੀ ਦੀ ਪਹਿਲੀ ਵੱਡੀ ਪਰਖ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਆਪਣੇ ਅੰਦਰੂਨੀ ਕਲੇਸ਼ ਤੇ ਖਿੱਚੋਤਾਣ ਕਾਰਨ ਪੰਜਾਬ ਵਿਚ ਸੱਤਾ ਗੁਆ ਬੈਠੀ। ਹਾਈਕਮਾਨ ਨੂੰ ਸੂਬੇ ਦੇ ਅੰਦਰੂਨੀ ਸਿਆਸੀ ਮਾਹੌਲ ਬਾਰੇ ਬਾਹਲੀ ਸਮਝ ਨਹੀਂ ਹੈ ਤੇ ਕੁਝ ਨੇੜਲਿਆਂ ਦੇ ਆਖੇ ਲੱਗ ਕੇ ਚੋਣਾਂ ਬਾਰੇ ਰਣਨੀਤੀ ਬਣਾਈ ਗਈ ਸੀ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣਾ, ਦੋ ਸੀਟਾਂ ਤੋਂ ਚੋਣ ਲੜਾ ਕੇ ਦਲਿੱਤ ਪੱਤਾ ਖੇਡਣਾ ਕਾਂਗਰਸ ਨੂੰ ਪੁੱਠਾ ਪੈ ਗਿਆ। ਇਸ ਸਮੇਂ ਹਾਲਾਤ ਇਹ ਹੈ ਕਿ ਪੰਜਾਬ ਵਿਚ ਕਾਂਗਰਸ ਦੀਆਂ ਸਰਗਰਮੀਆਂ ਬਿਲਕੁਲ ਠੰਢੀਆਂ ਪੈ ਚੁੱਕੀਆਂ ਹਨ। ਜ਼ਿਆਦਾਤਰ ਸੀਨੀਅਰ ਲੀਡਰਸ਼ਿਪ ਜਾਂ ਤਾਂ ਭ੍ਰਿਸ਼ਟਾਚਾਰ ਮੁਹਿੰਮ ਦੇ ਲਪੇਟੇ ਵਿਚ ਆ ਗਈ ਤੇ ਜਾਂ ਫਿਰ ਹੋਰਾਂ ਪਾਰਟੀਆਂ ਦਾ ਰੁਖ ਕਰ ਲਿਆ ਹੈ। ਪਾਰਟੀ ਵਿਚ ਬਚੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੀਨੀਅਰ ਆਗੂ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੇ ਹਨ। ਵਿਰੋਧੀ ਧਿਰ ਦੇ ਆਗੂ ਬਣੇ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕੋਈ ਅਜਿਹਾ ਆਗੂ ਨਹੀਂ ਜੋ ਸਿਆਸੀ ਸਰਗਰਮੀਆਂ ਵਿਚ ਪਾਰਟੀ ਦੀ ਹਾਜ਼ਰੀ ਲਵਾ ਰਿਹਾ ਹੈ।
ਇਹੀ ਕਾਰਨ ਹੈ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਰਾਣੇ ਆਗੂਆਂ ਨਾਲ ਰਾਬਤਾ ਬਣਾ ਰਹੀ ਹੈ। ਨੌਜਵਾਨਾਂ ਦੀ ਸਿੱਧੂ ਪ੍ਰਤੀ ਖਿੱਚ ਨੂੰ ਹਾਈਕਮਾਨ ਆਸ ਦੀ ਕਿਰਨ ਵਾਂਗ ਵੇਖਣ ਲੱਗੀ ਹੈ। ਇਸ ਲਈ ਤੈਅ ਹੈ ਕਿ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਿੱਧੂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 2024 ਵਿਚ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਤੋਂ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।