ਆਪਣੇ ਰਸਤੇ ਆਪ ਬਣਾ ਕੇ ਚੱਲਣ ਵਾਲਾ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ

ਰਣਜੀਤ ‘ਚੱਕ ਤਾਰੇ ਵਾਲਾ’
ਫੋਨ: +91-82646-05441
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ‘ਕੁੱਸਾ’ ਆਪ-ਮਤਾ ਇਨਸਾਨ ਹੈ। ਕਿਸੇ ਦੇ ਮਗਰ ਲੱਗ ਕੇ ਤੁਰਨ ਵਾਲਾ ਨਹੀਂ। ਨਾ ਉਹ ਲਾਈ-ਲੱਗ ਤੇ ਨਾ ਹੀ ਲਕੀਰ ਦਾ ਫ਼ਕੀਰ ਹੈ, ਸਗੋਂ ਆਪਣੇ ਰਸਤੇ ਆਪ ਬਣਾ ਕੇ ਉਲੀਕੀ ਹੋਈ ਕੂਟ ਵੱਲ ਤੁਰਨ ਵਾਲਾ ਨਿਡਰ, ਬੇਪ੍ਰਵਾਹ ਤੇ ਨਿਧੜਕ ਨਾਵਲਕਾਰ ਹੈ। ਉਸ ਦੇ ਜੋ ਮਨ ਵਿਚ ਆਇਆ, ਬੜੀ ਬੇਬਾਕੀ ਤੇ ਦਲੇਰੀ ਨਾਲ ਲਿਖ ਮਾਰਿਆ। ਖ਼ਮਿਆਜ਼ੇ ਭਾਵੇਂ ਉਹਨੂੰ ਕੁੱਝ ਵੀ ਭੁਗਤਣੇ ਪਏ ਹੋਣ, ਪਰ ਲਿਖਣ ਲੱਗਿਆਂ ਜੱਗੀ ਦੀ ਕਲਮ ਨੇ ਨਫ਼ੇ-ਨੁਕਸਾਨ ਵਾਲੇ ਡੱਕੇ ਕਦੇ ਨਹੀਂ ਭੰਨੇ।

ਬੱਸ! ਇਹੀ ਕਾਰਨ ਹੈ, ਜਦ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ਬੁੱਚੜ ਬਣੀ ਪੰਜਾਬ ਪੁਲਿਸ, ਜਿਸ ਦੇ ਸਾਹਮਣੇ ਕੋਈ ਕੁਸਕਦਾ ਤੱਕ ਨਹੀਂ ਸੀ, ਸਰਕਾਰਾਂ ਤੇ ਪ੍ਰਸ਼ਾਸਨ ਦੇ ਅੰਨ੍ਹੇ ਤਸ਼ੱਦਦ ਤੋਂ ਡਰਦੀਆਂ ਤਮਾਮ ਕਲਮਾਂ ਮੌਨ ਧਾਰ ਕੇ ਬੈਠ ਗਈਆਂ ਸਨ ਤਾਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਨਾਵਲ ‘ਪੁਰਜਾ-ਪੁਰਜਾ ਕਟਿ ਮਰੈ’ ਲੈ ਕੇ ਜੱਗੀ ਕੁੱਸਾ ਹੀ ਮੈਦਾਨ ਵਿਚ ਗੱਜਿਆ ਸੀ। ਇੱਥੇ ਹੀ ਬੱਸ ਨਹੀਂ, ਸਰਕਾਰੀ ਤਸ਼ੱਦਦ ਦੀ ਚਲਦੀ ਤੇਜ਼ ਹਨੇਰੀ ਦੀ ਪ੍ਰਵਾਹ ਨਾ ਕਰਦਿਆਂ ਜੱਗੀ ਕੁੱਸਾ ਨੇ ਉਪਰੋਥਲੀ ‘ਤਵੀ ਤੋਂ ਤਲਵਾਰ ਤੱਕ’ ਤੇ ‘ਬਾਰੀਂ ਕੋਹੀਂ ਬਲ਼ਦਾ ਦੀਵਾ’ ਵਰਗੇ ਨਾਵਲ ਪਾਠਕਾਂ ਦੀ ਮੰਡੀ ਵਿਚ ਲਿਆ ਸੁੱਟੇ।
ਆਪਣੇ ਪਹਿਲੇ ਨਾਵਲ ‘ਜੱਟ ਵੱਢਿਆ ਬੋਹੜ ਦੀ ਛਾਵੇਂ’ ਤੋਂ ਲੈ ਕੇ ਅੱਜ ਤੱਕ ਅੰਗਰੇਜ਼ੀ ਦੇ ਚਾਰ ਨਾਵਲਾਂ ਤੋਂ ਇਲਾਵਾ ਪੰਜਾਬੀ ਦੇ ਚੌਵੀ ਨਾਵਲਾਂ ਸਮੇਤ ਜੱਗੀ ਕੁੱਸਾ 38 ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾ ਚੁੱਕਾ ਹੈ, ਪਰ ਇੱਕ ਵੀ ਨਾਵਲ ਜੱਗੀ ਕੁੱਸਾ ਨੇ ਕਦੇ ਰਿਲੀਜ਼ ਨਹੀਂ ਕੀਤਾ। ਵੱਖ-ਵੱਖ ਦਸ ਵਿਧਾਵਾਂ ਵਿਚ ਲਿਖਣ ਵਾਲਾ ਇਹ ਲੇਖਕ ਲੋਕਾਂ ਵਿਚ ਸਫ਼ਲ ਨਾਵਲਕਾਰ ਵਜੋਂ ਹੀ ਮਕਬੂਲ ਹੈ।
ਇਹ ਤਿੰਨੇ ਨਾਵਲ ਛਪਣ ਤੋਂ ਬਾਅਦ ਉਸ ਦੀ ਦਲੇਰ ਲੇਖਣੀ ਨੇ ਉਸਨੂੰ ਪ੍ਰਸਿੱਧੀ ਦਿੱਤੀ ਤੇ ਰਾਤੋ-ਰਾਤ ਅਸਮਾਨੀਂ ਚਾੜ੍ਹ ਦਿੱਤਾ। ਇੱਥੇ ਮੈਂ ਬੜੇ ਮਾਣ ਨਾਲ ਲਿਖ ਰਿਹਾ ਹਾਂ ਕਿ ਜਿਸ ਖ਼ਤਰਨਾਕ ਦੌਰ ਵਿਚ ‘ਪੁਰਜਾ-ਪੁਰਜਾ ਕਟਿ ਮਰੈ’ ਨਾਵਲ ਛਪਿਆ, ਨਾਵਲਕਾਰ ਲਈ ਆਪਣੇ ਆਪ ਨੂੰ ਮੌਤ ਦੇ ਖੂਹ ’ਚ ਸੁੱਟਣ ਬਰਾਬਰ ਸੀ, ਪਰ ਫਿਰ ਵੀ ਜੱਗੀ ਕੁੱਸਾ ਦੀ ਕਲਮ ਰੁਕੀ ਨਹੀਂ। ਉਹ ਨਿਰੰਤਰ ਚਲਦੀ ਹੀ ਰਹੀ ਹੈ। ਜੱਗੀ ਦੀ ਦਲੇਰ ਕਲਮ ਮੂਹਰੇ ਮੇਰਾ ਸਿਰ ਝੁਕਦਾ ਹੈ। ਬੜਾ ਦਿਲਚਸਪ ਪਹਿਲੂ ਹੈ ਕਿ ਇੰਨਾ ਨਾਮ ਹੋਣ ਦੇ ਬਾਵਜੂਦ ਜੱਗੀ ਕੁੱਸਾ ਨੇ ਕਦੇ ਇਹ ਵਹਿਮ ਨਹੀਂ ਪਾਲ਼ਿਆ ਕਿ ਨਾਵਲਕਾਰੀ ਦਾ ਅਸਮਾਨ ਮੇਰੇ ਮੋਢਿਆਂ ’ਤੇ ਹੀ ਖੜ੍ਹਾ ਹੈ, ਤੇ ਨਾ ਕਿਸੇ ਮਾਣ-ਸਨਮਾਨ ਲਈ ਕਿਸੇ ਅਦਾਰੇ ਦੀਆਂ ਲੇਲੜੀਆਂ ਕੱਢੀਆਂ। ਅਖ਼ਬਾਰਾਂ-ਰਸਾਲਿਆਂ ਵਿਚ ਆਪਣਾ ਨਾਮ ਛਪਵਾਉਣ ਲਈ ਨਾ ਉਹ ਸਾਹਿਤਕ ਸਮਾਗਮਾਂ ਵੱਲ ਦੌੜਿਆ, ਤੇ ਨਾ ਕਿਸੇ ਕਵੀ ਦਰਬਾਰ ਵਿਚ ਸ਼ਿਰਕਤ ਕੀਤੀ। ਇਥੋਂ ਤੱਕ ਵੀ ਮੈਂ ਮਹਿਸੂਸ ਕੀਤਾ ਹੈ ਕਿ ਜੱਗੀ ਨੇ ਆਪਣੇ ਕਿਸੇ ਵੀ ਨਾਵਲ ਦਾ ਮੁੱਖ-ਬੰਦ ਲਿਖਣ ਲਈ ਵੀ ਕਿਸੇ ਨੂੰ ਹਵਾ ਨਹੀਂ ਝੱਲੀ ਹੋਣੀ। ਉਹ ਤਾਂ ਮਸਤ-ਮੌਲਾ ਬਣ ਕੇ ਆਪਣੇ ਰਾਹ ਤੁਰਦਾ ਰਿਹਾ ਤੇ ਚੁੱਪ-ਚਾਪ ਅੱਜ ਵੀ ਨਿਰੰਤਰ ਤੁਰ ਰਿਹਾ ਹੈ। ਨਾਵਲਕਾਰੀ ਦੇ ਖੇਤਰ ਵਿਚ ਉਹ ਇਕ ਤੂਫ਼ਾਨ ਬਣ ਕੇ ਆਇਆ, ਜਿਹੜਾ ਅੱਜ ਤੱਕ ਇਸ ਖੇਤਰ ਵਿਚ ਧੂੜਾਂ ਪੁੱਟੀ ਫਿਰਦਾ ਹੈ। ਵਾਹਿਗੁਰੂ ਉਹਨੂੰ ਹੋਰ ਵੀ ਬੁਲੰਦੀਆਂ ਬਖ਼ਸ਼ੇ।
ਵਿਦੇਸ਼ੀ ਜ਼ਿੰਦਗੀ ਬੜੀ ਹੀ ਰੁਝੇਵਿਆਂ ਭਰੀ ਤੇ ਤਕਲੀਫ਼ਾਂ ਭਰਪੂਰ ਹੁੰਦੀ ਹੈ, ਜਿਸ ਦਾ ਮੈਂ ਵੀ ਪਿਛਲੇ ਦੋ ਕੁ ਦਹਾਕਿਆਂ ਤੋਂ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਹਾਂ। ਬੜੀ ਔਖੀ ਐ ਬਾਹਰਲੀ ਜ਼ਿੰਦਗੀ। ਜਦ ਕਿਧਰੇ ਵਕਤ ਮਿਲਦੈ, ਚਾਰ ਅੱਖਰ ਲਿਖ-ਪੜ੍ਹ ਲਈਦੇ ਨੇ ਜਾਂ ਘਰ, ਦੋਸਤ-ਮਿੱਤਰਾਂ ਨੂੰ ਫੋਨ, ਉਹ ਵੀ ਬਹੁਤ ਘੱਟ।
ਮੈਂ ਪਿਛਲੇ ਦਿਨੀਂ ਜੱਗੀ ਦਾ ਬੜਾ ਪੁਰਾਣਾ ਨਾਵਲ ‘ਉੱਜੜ ਗਏ ਗਰਾਂ’ ਪੜ੍ਹ ਰਿਹਾ ਸੀ ਤਾਂ ਦਿਲ ਕੀਤਾ ਕਿ ਅੱਜ ਕੁਝ ਰਾਹਤ ਦੇ ਪਲ ਹਨ, ਜੱਗੀ ਨੂੰ ਫੋਨ ਕਰਦੇ ਹਾਂ। ਇੱਧਰ-ਉੱਧਰ ਤੇ ਪਰਿਵਾਰਕ ਗੱਲਾਂ ਕਰਦਿਆਂ ਗੱਲ ਉਹਦੇ ਨਵੇਂ-ਪੁਰਾਣੇ ਨਾਵਲਾਂ ਦੀ ਛਿੜ ਪਈ, ਜਿੱਥੋਂ ਇਸ ਹੱਥਲੇ ਆਰਟੀਕਲ ਦਾ ਜਨਮ ਹੋਇਆ।
ਜਦ ਮੈਂ ਉਸਨੂੰ ਸਵਾਲ ਕੀਤਾ ਕਿ ਕੀ ਕਾਰਨ ਹੈ 38 ਕਿਤਾਬਾਂ ਦਾ ਲੇਖਕ ਕਦੇ ਕਿਸੇ ਕਵੀ ਦਰਬਾਰ ਜਾਂ ਸਾਹਿਤ ਸਭਾਵਾਂ ਵਿਚ ਨਜ਼ਰ ਨਹੀਂ ਆਇਆ?’’
ਤਾਂ ਆਦਤ ਅਨੁਸਾਰ ਹੱਸ ਕੇ ਕਹਿਣ ਲੱਗੇ, ‘‘ਬਾਈ ਜੀ, ਨਾ ਆਪਾਂ ਨੂੰ ਸਾਹਿਤ ਸਭਾਵਾਂ ਵਾਲੇ ਬੁਲਾਉਣ ਤੇ ਨਾ ਆਪਾਂ ਜਾਈਏ….। ਮਰਹੂਮ ਗਾਇਕ ਬਾਬੇ ਯਮਲੇ ਨੂੰ ਜਾਣਦੈਂ?’’
ਮੈਂ ਕਿਹਾ, ‘‘ਹਾਂ। ’’
‘‘ਬਾਬੇ ਯਮਲੇ ਦਾ ਇਕ ਗੀਤ ਐ, ‘ਘੋੜੇ ਥਾਨੀ, ਮਰਦ ਮਕਾਨੀ, ਥਾਨੀ ਸ਼ੋਭਾ ਪਾਂਦੇ, ਉਦੋਂ ਸਮਝ ਲੋ ਕੀਮਤ ਘਟ ਗਈ, ਜਦੋਂ ਵਿਕਣ ਲਈ ਜਾਂਦੇ, ਲੱਖਾਂ ਮੁੱਲ ਪੈਂਦਾ ਬੈਠੇ ਆਪਣੀ ਮਕਾਨੀਂ, ਤੱਕੇ ਜੋ ਸਹਾਰਾ ਉਹਦੀ ਕੀ ਐ ਜ਼ਿੰਦਗਾਨੀ….। ’’
ਉਸ ਦੇ ਇਸ ਤਰ੍ਹਾਂ ਦਿੱਤੇ ਸਹਿਜ-ਸੁਭਾਅ ਉੱਤਰ ਨੇ ਮੈਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜੱਗੀ ਕੁੱਸਾ ਭੀੜ ਵਿਚ ਵੜਨਾ ਪਸੰਦ ਹੀ ਨਹੀਂ ਕਰਦਾ। ਉਹ ‘ਵਨ ਮੈਨ ਆਰਮੀ’ ਬਣ ਕੇ ਚੱਲਣ ਦਾ ਆਦੀ ਹੈ।
ਬਾਕੀ ਹਰੇਕ ਸਾਲ ਇਕ ਨਵਾਂ ਨਾਵਲ ਮਾਰਕੀਟ ਵਿਚ ਲੈ ਕੇ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਿਤਾਬ ਲਿਖਣੀ ਇਕ ਪਿੰਡ ਬੰਨ੍ਹਣ ਜਿੱਡਾ ਕਾਰਜ ਹੁੰਦੈ। ਚਲਦੀ ਗੱਲ ’ਚ ਮੈਂ ਇਕ ਸਵਾਲ ਹੋਰ ਕੀਤਾ।
ਮੈਂ ਪੁੱਛਿਆ, ‘‘ਕੁੱਸਾ ਸਾਹਿਬ, ਪ੍ਰਮੋਸ਼ਨ ਲਈ ਤਾਂ ਲੋਕਾਂ ਵਿਚ ਜਾਣਾ ਹੀ ਪੈਂਦਾ ਹੋਊ…?’’
ਕਹਿਣ ਲੱਗੇ, ‘‘ਬਾਬਿਓ ਤੁਸੀਂ ਜਾਣੀ-ਜਾਣ ਲੱਗਦੇ ਓ। ਤੁਸੀਂ ਦੱਸੋ ਬਈ ਕਿੰਨੀਆਂ-ਕਿੰਨੀਆਂ ਮਹਿੰਗੀਆਂ ਫਿਲਮਾਂ ਬਣਾ ਕੇ ਫਿਰ ਉਨ੍ਹਾਂ ਦੀ ਪ੍ਰਮੋਸ਼ਨ ਲਈ ਕਰੋੜਾਂ ਰੁਪਈਏ ਬਰਬਾਦ ਕੀਤੇ ਜਾਂਦੇ ਹਨ ਤੇ ਫਿਲਮਾਂ ਉਹ ਫਿਰ ਵੀ ਫੇਲ੍ਹ ਹੋ ਜਾਂਦੀਆਂ ਨੇ, ਕਿਉਂ…? ਉਹਦਾ ਮੂਲ ਕਾਰਨ ਹੀ ਇਹ ਹੁੰਦੈ ਕਿ ਲੋਕਾਂ ਨੇ ਉਹ ਪ੍ਰਵਾਨ ਹੀ ਨਹੀਂ ਕੀਤੀਆਂ ਹੁੰਦੀਆਂ। ਉਹ ਤਾਂ ਫੇਲ੍ਹ ਹੁੰਦੀਆਂ। ਇਹ ਹੀ ਹਾਲ ਬਾਬਿਉ ਕਿਤਾਬਾਂ ਦਾ ਐ…। ਤੁਸੀਂ ਆਪਣਾ ਨਾਵਲ, ਕਹਾਣੀ ਸੰਗ੍ਰਹਿ ਜਾਂ ਹੋਰ ਕੋਈ ਵੀ ਰਚਨਾ ਲੈ ਕੇ ਪੰਜਾਹ ਸਾਹਿਤਕ ਸਮਾਗਮਾਂ ਜਾਂ ਕਵੀ ਦਰਬਾਰਾਂ ਵਿਚ ਚੁੱਕੀ ਫਿਰੋ, ਜੇਕਰ ਆਮ ਪਾਠਕ ਨੇ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂ ਇਹ ਕਹਿ ਲਵੋ ਕਿ ਜਿੰਨਾ ਚਿਰ ਆਮ ਪਾਠਕ ਤੁਹਾਡੇ ਨਾਵਲ ਨੂੰ ਚੱਲ ਕੇ ਦੁਕਾਨ ’ਤੇ ਖਰੀਦਣ ਨਹੀਂ ਜਾਂਦਾ, ਤਾਂ ਥੋਡਾ ਪੰਜਾਹ ਸਾਹਿਤਕ ਸਮਾਗਮਾਂ ਵਿਚ ਜਾਣਾ ਕਿੰਨਾ ਕੁ ਸਫ਼ਲ ਹੋਇਆ…? ਉਹ ਥੋਡੀ ਘੰਟੇ ਅੱਧੇ ਘੰਟੇ ਦੀ ਫੋਕੀ ਬੱਲੇ-ਬੱਲੇ ਐ। ‘ਏਮ ਲੈੱਸ ਰੇਸ’ ਅਰਥਾਤ ਬਿਨਾਂ ਨਿਸ਼ਾਨੇ ਤੋਂ ਦੌੜ…।’’
ਖ਼ੈਰ! ਜੱਗੀ ਕੁੱਸਾ ਬਾਰੇ ਪਹਿਲਾਂ ਹੀ ਬੜਾ ਕੁੱਝ ਲਿਖਿਆ ਤੇ ਪੜ੍ਹਿਆ ਗਿਆ ਹੈ। ਮੇਰੇ ਵਰਗੇ ਕਈਆਂ ਨੇ ਮਾੜਾ ਤੇ ਕਈਆਂ ਨੇ ਚੰਗਾ ਵੀ ਲਿਖਿਆ ਹੈ। ਜੱਗੀ ਦੇ ਖਿ਼ਲਾਫ਼ ਵੀ ਤੇ ਉਹਦੀ ਪ੍ਰਸ਼ੰਸਾ ਵਿਚ ਵੀ। ਉਸ ਦੇ ਬੜੇ ਹੀ ਕਰੀਬੀ ਵਿਸ਼ਵਾਸ-ਪਾਤਰ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਉਸ ਖਿ਼ਲਾਫ਼ ਬੇਹੂਦਾ ਭੰਡੀ-ਪ੍ਰਚਾਰ ਵੀ ਕੀਤਾ, ਪਰ ਜੱਗੀ ਆਪਣੇ ਫ਼ਕੀਰੀ ਸੁਭਾਅ ਅਨੁਸਾਰ ਮਸਤ ਹੀ ਰਿਹਾ। ਇਹ ਵੀ ਉਸ ਦੇ ਫ਼ੌਲਾਦੀ ਜਿਗਰੇ ਦਾ ਪ੍ਰਤੱਖ ਸਬੂਤ ਹੈ, ਜੋ ਅੱਜ ਵੀ ਬਰਕਰਾਰ ਹੈ। ਬਾਕੀ ਉਹ ਅਜਿਹੀਆਂ ਮਨਘੜਤ ਗੱਲਾਂ ਨੂੰ ਗੌਲ਼ਦਾ ਵੀ ਘੱਟ ਹੀ ਐ, ਸਗੋਂ ਆਪਣੀ ਦਿਮਾਗੀ ਊਰਜਾ ਨੂੰ ਲਿਖਣ-ਪੜ੍ਹਨ ਜਾਂ ਹੋਰ ਚੰਗੇ ਕਾਰਜਾਂ ਵਿਚ ਹੀ ਖ਼ਪਤ ਕਰਦਾ ਹੈ। ਕਿਸੇ ਗੱਲ ਦਾ ਕਿਸੇ ਨੂੰ ਉਹ ਮੋੜਾ ਨਹੀਂ ਦਿੰਦਾ, ਸਗੋਂ ਸਾਰਾ ਕੁੱਝ ਸਮੇਂ ਦੇ ਮੋਢਿਆਂ ’ਤੇ ਸੁੱਟ ਕੇ ਆਪ ਸੁਰਖ਼ੁਰੂ ਰਿਹਾ ਤੇ ਉਸ ਉੱਪਰ ਚਿੱਕੜ ਉਛਾਲਣ ਵਾਲੇ ਲੋਕ ਉਸੇ ਹੀ ਚਿੱਕੜ ਵਿਚ ਫਸੇ ਟਰੈਕਟਰ ਵਾਂਗ ਸਲਿੱਪ ਮਾਰੀ ਜਾ ਰਹੇ ਹਨ, ਪਰ ਜੱਗੀ ਕੁੱਸਾ ਆਪਣਾ ਸਾਹਿਤਕ ਤੇ ਫਿਲਮੀ ਪੰਧ ਕਿਸੇ ਮਸਤ ਹਾਥੀ ਦੀ ਚਾਲ ਚੱਲਣ ਵਾਂਗ ਮਾਰੋ-ਮਾਰ ਕਰਦਾ ਅੱਗੇ ਵਧਦਾ ਹੀ ਜਾ ਰਿਹਾ ਹੈ, ਪਰ ਈਰਖ਼ਾ ਤੇ ਸਾੜਾ ਰੱਖਣ ਵਾਲੇ ਲੋਕ ਆਪਣਾ ਹੀ ਮੱਥਾ ਪਿੱਟਦੇ ਲਹੂ-ਲੁਹਾਣ ਹੋ ਕੇ ਹਾਰੇ ਹੋਏ ਜੂਏਬਾਜ਼ ਵਾਂਗ ਝੱਗਾ ਝਾੜ ਕੇ ਤੁਰਦੇ ਬਣੇ, ਪਰ ਜੱਗੀ ਕੁੱਸਾ ਦਾ ਵਿਗਾੜ ਕੁਝ ਵੀ ਨਾ ਸਕੇ।
ਮੈਨੂੰ ਅਜੇ ਤੱਕ ਯਾਦ ਐ ਕਿ ਜਿੰਨਾ ਚਿਰ ਜੱਗੀ ਦੇ ਮਾਂ-ਬਾਪ ਜਿਉਂਦੇ ਰਹੇ, ਉਹ ਹਰੇਕ ਸਾਲ ਅਕਤੂਬਰ ਮਹੀਨੇ ਆਪਣੇ ਘਰ ਕੁੱਸੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਂਦਾ ਹੁੰਦਾ ਸੀ ਤੇ ਅਖੰਡ ਪਾਠ ਤੋਂ ਅਗਲੇ ਦਿਨ ਪਿੰਡ ਵਿਚ ਲੋਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਹਾਕਮ ਬਖ਼ਤੜੀਵਾਲਾ, ਮਰਹੂਮ ਕੁਲਦੀਪ ਮਾਣਕ, ਹਾਕਮ ਸੂਫ਼ੀ ਵਰਗੇ ਖੁੱਲ੍ਹਾ ਅਖਾੜਾ ਲਾਉਂਦੇ ਸਨ। ਜਿਸ ਪ੍ਰੋਗਰਾਮ ਵਿਚ ਪੰਜਾਬ ਦੇ ਅਖ਼ਬਾਰਾਂ ਦੇ ਸੰਪਾਦਕ, ਇਲਾਕੇ ਦੇ ਮੋਹਤਬਰ ਪਤਵੰਤੇ ਤੇ ਆਹਲਾ ਅਫ਼ਸਰ ਸ਼ਿਰਕਤ ਕਰਦੇ ਸਨ। ਇਹ ਗੱਲ ਸ਼ਾਇਦ ਸੰਨ 2000 ਦੀ ਹੈ। ਇਹੀ ਪ੍ਰੋਗਰਾਮ ਸੀ। ਬਾਹਰਲੀ ਬੈਠਕ ’ਚ ਮੈਂ ਤੇ ਜੱਗੀ ਬੈਠੇ।
ਮੈਂ ਮਜ਼ਾਕ ’ਚ ਕਿਹਾ, ‘‘ਕੁੱਸਾ ਸਾਹਿਬ! ਇਸ ਵਾਰੀ ਆਪਣਾ ਨਵਾਂ ਨਾਵਲ ਨਾ ਰਿਲੀਜ਼ ਕਰ ਦੇਈਏ…?’’
ਹੱਸ ਕੇ ਕਹਿਣ ਲੱਗਾ, ‘‘ਰਣਜੀਤ! ਕਿਉਂ ਮੇਰੀ ਪ੍ਰੰਪਰਾ ’ਚ ਵਿਘਨ ਪਾਉਨੈਂ। ਨਾਵਲ ਰਿਲੀਜ਼ ਕਰਨ ਵਾਲਾ ਢਕਵੰਜ ਆਪਾਂ ਉਦੋਂ ਨੀ ਕੀਤਾ, ਜਦੋਂ ਆਪਣਾ ਕੋਈ ਨਾਂ ਨਹੀਂ ਸੀ ਜਾਣਦਾ। ਹੁਣ ਤਾਂ ਬਾਬੇ ਨਾਨਕ ਦੀ ਕਿਰਪਾ। ਨਾਲੇ ਆਪਾਂ ਲੋਕਾਂ ਵਾਂਗੂੰ ਤੂਤੀ ਨੀ ਵਜਾਉਣੀ, ਆਪਣਾ ਨਗਾਰਾ ਖੜਕਾਉਣੈ…। ਜੀਹਨੇ ਆਪਣੇ ਨਾਵਲ ਪੜ੍ਹਨੇ ਨੇ, ਆਪੇ ਖਰੀਦ ਕੇ ਪੜ੍ਹਲੂ…। ’’
ਮੈਨੂੰ ਗੱਲ ਵਧੀਆ ਲੱਗੀ। ਮੈਂ ਚੁੱਪ ਕਰ ਗਿਆ।
ਖ਼ੈਰ! ਜੱਗੀ ਕੁੱਸਾ ਨਾਵਲ ਖੇਤਰ ਵਿਚ ਅੱਜ ਲੰਬੀਆਂ ਉਡਾਰੀਆਂ ਭਰਦਾ ਜਾ ਰਿਹਾ ਹੈ। ਪਬਲਿਸ਼ਰ ਨਾਵਲ ਛਾਪਣ ਲਈ ਜੱਗੀ ਨੂੰ ਖੁੱਲ੍ਹਾ-ਡੁੱਲਾ ਪੈਸਾ ਦੇ ਰਹੇ ਹਨ। ਨਾਵਲਾਂ ਦੇ ਕਈ-ਕਈ ਐਡੀਸ਼ਨ ਦੁਬਾਰਾ ਛਪਦੇ ਜਾ ਰਹੇ ਹਨ। ਇਹ ਲੇਖਕ ਲਈ ਬੜੇ ਮਾਣ ਵਾਲੀ ਗੱਲ ਹੈ।
ਜੱਗੀ ਬੜੇ ਹੀ ਉੱਚੇ ਖ਼ਿਆਲ ਤੇ ਵਿਚਾਰਾਂ ਵਾਲਾ ਸਿਰਕੱਢ ਨਾਵਲਕਾਰ ਹੈ। ਜਿਵੇਂ ਪਾਣੀ ਵਿਚ ਰਹਿ ਕੇ ਵੀ ਮੁਰਗਾਬੀ ਭਿੱਜਦੀ ਨਹੀਂ, ਇਸੇ ਤਰ੍ਹਾਂ ਹੀ ਮੇਰੀ ਨਜ਼ਰ ’ਚ ਜੱਗੀ ਕੁੱਸਾ ਵੀ ਇਸ ਰੰਗਲੇ ਸੰਸਾਰ ਵਿਚ ਰਹਿ ਕੇ ਵੀ ਇਸ ਸੰਸਾਰੀ ਸਜ-ਧਜ ਤੋਂ ਅਣਭਿੱਜ ਹੀ ਹੈ।
ਉਸ ਦੇ ਅਜਿਹੇ ਖ਼ਿਆਲ ਹੀ ਉਸ ਨੂੰ ਬੇ-ਫ਼ਿਕਰ ਤੇ ਬੇ-ਪ੍ਰਵਾਹ ਬਣਾਈ ਰੱਖਦੇ ਹਨ। ਇਹੀ ਕਾਰਨ ਹੈ ਕਿ ਉਸ ਦੀ ਇਸ ਬੇ-ਫ਼ਿਕਰੀ ਤੇ ਬੇ-ਪ੍ਰਵਾਹੀ ਨੇ ਅੱਜ ਤੱਕ ਮੈਨੂੰ ਜੱਗੀ ਕੁੱਸਾ ਨਾਲ ਜੋੜੀ ਰੱਖਿਆ ਹੈ।
ਅੱਜ ਜੱਗੀ ਕੁੱਸਾ ਨੂੰ ਵਿਅਕਤੀਗਤ ਤੌਰ ’ਤੇ ਮਿਲਿਆਂ ਮੈਨੂੰ ਤੇਰਾਂ ਸਾਲ ਹੋ ਗਏ ਹਨ, ਪਰ ਵਿਚਾਰਾਂ ਨਾਲ ਰੋਜ਼ ਮਿਲਦਾ ਹਾਂ। ਗੁਰੂ ਕਿਰਪਾ ਕਰੇ, ਜੱਗੀ ਕੁੱਸਾ ਪੰਜਾਬੀ ਸਾਹਿਤ ਜਗਤ ਤੇ ਫਿਲਮੀ ਸੰਸਾਰ ਵਿਚ ਹੋਰ ਵੀ ਮੰਜ਼ਿਲਾਂ ਸਰ ਕਰੇ।
ਉਸ ਦੀ ਨਵੀਂ ਆਈ ਫ਼ਿਲਮ ‘ਸਨ ਆਫ਼ ਕਿਸਾਨ’ ਲਈ ਉਸ ਨੂੰ ਮੁਬਾਰਕਬਾਦ। ਅਸੀਂ ਉਸਦੇ ਨਵੇਂ ਆ ਰਹੇ ਨਾਵਲ ‘ਇਕ ਮੇਰੀ ਅੱਖ ਕਾਸ਼ਣੀ’ ਅਤੇ ਆਉਣ ਵਾਲ਼ੇ ਫ਼ਿਲਮੀ ਪ੍ਰੋਜੈਕਟਾਂ ਦੀ ਬੜੀ ਬੇ-ਸਬਰੀ ਨਾਲ ਉਡੀਕ ਕਰ ਰਹੇ ਹਾਂ।