ਕਲਮਾਂ ਵਾਲੀਆਂ: ਪਾਠਕ ਜਿਸ ਦੀ ਪੁਸਤਕ ਉਡੀਕਦੇ ਸਨ: ਕ੍ਰਿਸ਼ਣਾ ਸੋਬਤੀ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਕ੍ਰਿਸ਼ਣਾ ਸੋਬਤੀ ਮਾਣ-ਮੱਤੀ ਪੰਜਾਬਣ ਸੀ ਜੋ ਆਪਣੇ ਸਾਹਿਤਕ ਜੀਵਨ ਦੇ ਸ਼ੁਰੂ ਵਿਚ ਹੀ ਹਿੰਦੀ ਕਲਮਕਾਰਾਂ ਦੀ ਮੂਹਰਲੀ ਕਤਾਰ ਦੇ ਵਿਚਕਾਰ ਜਾ ਖਲੋਤੀ। ਉਸ ਨੇ 19 ਸਾਲ ਦੀ ਉਮਰ ਵਿਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਮਿਆਰੀ ਰਸਾਲਿਆਂ ਵਿਚ ਛਪ ਕੇ ਤੇ ਪਾਠਕਾਂ ਦੀ ਸਲਾਹੁਤਾ ਖੱਟ ਕੇ ਉਸ ਦੀ ਸਾਹਿਤਕ ਆਉਂਦ ਦਾ ਐਲਾਨ ਬਣ ਗਈਆਂ। ਮਗਰੋਂ ਦੀਆਂ ਉਸ ਦੀਆਂ ਕਈ ਕਹਾਣੀਆਂ ਅਜਿਹੀਆਂ ਰਹੀਆਂ ਕਿ ਇਕੱਲੀ-ਇਕੱਲੀ ਨੂੰ ਪੂਰੀ ਪੁਸਤਕ ਜਿੰਨੀ ਵਡਿਆਈ ਮਿਲੀ। ਜਦੋਂ ਨਾਵਲ ਲਿਖਣੇ ਸ਼ੁਰੂ ਕੀਤੇ, ਲਿਖੇ ਗਿਣਤੀ ਦੇ ਹੀ, ਪਰ ਉਸ ਦੇ ਹਰ ਨਾਵਲ ਨੇ ਆਪਣਾ ਵੱਖਰਾ ਤੇ ਉੱਚਾ ਝੰਡਾ ਗੱਡਿਆ।

ਉਸ ਨੂੰ ਦੇਖਿਆ ਤਾਂ ਕਈ ਵਾਰ, ਪੜ੍ਹਿਆ ਵੀ ਬਹੁਤ ਵਾਰ, ਮਿਲਣ ਦਾ ਅਤੇ ਜੀਵਨ ਤੇ ਸਾਹਿਤ ਦੇ ਵੱਖ-ਵੱਖ ਪੱਖਾਂ ਬਾਰੇ ਉਸ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਮੌਕਾ ਮੈਨੂੰ ਇਕ ਵਾਰ ਹੀ ਮਿਲਿਆ। ਪਰ ਕਿੰਨਾ ਭਰਿਆ-ਪੂਰਾ ਮੌਕਾ ਸੀ ਉਹ! ਉਸ ਇਕੋ ਮਿਲਣੀ ਦੀਆਂ ਇਕ ਤੋਂ ਵੱਧ ਗੱਲਾਂ ਨੇ ਮੇਰੀ ਸੋਚ ਉੱਤੇ ਸਦੀਵੀ ਅਸਰ ਛੱਡਿਆ। ਉਹ ਮਿਲਣ ਲਈ ਤੇ ਵਿਚਾਰ ਸਾਂਝੇ ਕਰਨ ਲਈ ਪੰਜਾਬੀ ਲੇਖਕਾਂ ਦੀ ਇਕ ਬੈਠਕ ਵਿਚ ਬੁਲਾਈ ਗਈ ਸੀ। ਮਾਹੌਲ ਭਾਸ਼ਨ ਦੇਣ ਵਾਲ਼ਾ ਨਹੀਂ, ਗੱਲਾਂ ਕਰਨ ਵਾਲ਼ਾ ਸੀ, ਤੇ ਉਸ ਨੇ ਬੈਠ ਕੇ ਗੱਲਾਂ ਹੀ ਕੀਤੀਆਂ। ਗੱਲਾਂ, ਜਿਹੋ ਜਿਹੀਆਂ ਲੇਖਕਾਂ ਦੀਆਂ ਬੈਠਕਾਂ ਵਿਚ ਆਮ ਕਰ ਕੇ ਸੁਣਨ ਨੂੰ ਮਿਲਦੀਆਂ ਨਹੀਂ। ਉਹ ਨਿਰਮਲ ਪੰਜਾਬੀ ਵਿਚ ਗੱਲਾਂ ਵੀ ਕਰਦੀ ਰਹੀ ਤੇ ਵਿਚ-ਵਿਚ ਪੁੱਛੇ ਜਾਂਦੇ ਰਹੇ ਸਵਾਲਾਂ ਦੇ ਜਵਾਬ ਵੀ ਦਿੰਦੀ ਰਹੀ।

ਸਾਹਿਤਕਾਰ ਦਾ ਸਰੂਪ
ਜਦੋਂ ਇਕ ਲੇਖਕ ਨੇ ਨਾਰੀ ਦੀ ਸਰੀਰੀ ਚਾਹਤ ਨੂੰ ਉਸ ਦੀ ਰਚਨਾ ਦਾ ਇਕ ਮੁੱਖ ਵਿਸ਼ਾ ਆਖ ਕੇ ਪੁੱਛਿਆ ਕਿ ਨਾਰੀਵਾਦੀ ਲੇਖਿਕਾ ਕਹੇ ਜਾਣ ਨੂੰ ਉਹ ਕਿਵੇਂ ਲਵੇਗੀ, ਉਹ ਹੱਸੀ, “ਮੈਂ ਨਾਰੀਵਾਦੀ ਲੇਖਿਕਾ ਤਾਂ ਕੀ, ਨਾਰੀ ਲੇਖਿਕਾ ਵੀ ਨਹੀਂ ਹਾਂ। ਲੇਖਕ ਦਾ ਕੋਈ ਲੰਿਗ ਨਹੀਂ ਹੁੰਦਾ। ਨਾਰੀ ਦੇਹ ਦਾ ਵਿਸ਼ਾ ਅਨੇਕ ਮਰਦ ਲੇਖਕਾਂ ਨੇ ਬੜੀ ਹਮਦਰਦੀ ਤੇ ਖ਼ੂਬਸੂਰਤੀ ਨਾਲ਼ ਪੇਸ਼ ਕੀਤਾ ਹੈ ਤੇ ਅਨੇਕ ਔਰਤ ਲੇਖਕਾਂ ਨੇ ਬੜੇ ਕੁਚੱਜੇ ਢੰਗ ਨਾਲ਼!” ਉਹ, ਸ਼ਾਇਦ, ਇਹੋ ਨੁਕਤਾ ਦ੍ਰਿੜ੍ਹ ਕਰਵਾ ਰਹੀ ਸੀ, ਜਦੋਂ ਉਸ ਨੇ ਸਮਕਾਲੀਆਂ ਦੇ ਕਲਮੀ ਚਿੱਤਰਾਂ, ਸਾਹਿਤਕ ਲੇਖਾਂ ਤੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਲਿਖੇ ਕਾਲਮਾਂ ਜਿਹੀ ਆਪਣੀ ਰਚਨਾ ਲਈ ਮਰਦਾਵਾਂ ਕਲਮੀ ਨਾਂ ਹਸ਼ਮਤ ਵਰਤਿਆ।
ਸਾਹਿਤ ਸਮੇਤ ਹਰ ਖੇਤਰ ਵਿਚ ਸਿਆਸਤ ਦੇ ਬੋਲਬਾਲੇ ਤੇ ਦਬਦਬੇ ਦੀ ਗੱਲ ਚੱਲੀ ਤੋਂ ਉਸ ਦਾ ਦੋ-ਟੁੱਕ ਕਹਿਣਾ ਸੀ, “ਬਹੁਤ ਸਾਰੇ ਖੇਤਰਾਂ ਦੇ ਲੋਕਾਂ ਦੀਆਂ ਸਿਆਸਤ ਤੱਕ ਆਪਣੀਆਂ-ਆਪਣੀਆਂ ਗਰਜਾਂ ਹੁੰਦੀਆਂ ਹਨ। ਪਰ ਜੋ ਸਾਹਿਤਕਾਰ ਸਿਆਸਤ ਨੂੰ ਸਾਹਿਤ ਤੋਂ ਉੱਚੀ ਤੇ ਸਿਆਸਤਦਾਨ ਨੂੰ ਸਾਹਿਤਕਾਰ ਤੋਂ ਵੱਡਾ ਸਮਝਦਾ ਹੈ ਜਾਂ ਕੋਈ ਗਰਜ ਲੈ ਕੇ ਸਿਆਸਤਦਾਨ ਦੇ ਬੂਹੇ ਜਾਂਦਾ ਹੈ, ਉਹ ਸਾਹਿਤਕਾਰ ਕਹਾਉਣ ਦਾ ਹੱਕਦਾਰ ਨਹੀਂ। ਇਸੇ ਕਰਕੇ ਸਾਹਿਤਕਾਰ ਨੂੰ ਮਾਣ-ਸਨਮਾਨ ਵੀ ਸਿਰਫ਼ ਸਾਹਿਤ ਨਾਲ਼ ਸੰਬੰਧਿਤ ਸੰਸਥਾਵਾਂ ਤੋਂ ਹੀ ਲੈਣੇ ਚਾਹੀਦੇ ਹਨ, ਸਿਆਸਤਦਾਨਾਂ ਦੇ ਦਿੱਤੇ ਹੋਏ ਨਹੀਂ।”
ਕਹਿਣੀ ਤੇ ਕਰਨੀ ਦੀ ਇਕਮਿਕਤਾ ਦਿਖਾਉਂਦਿਆਂ ਉਸ ਨੇ 2010 ਵਿਚ ਐਲਾਨਿਆ ਗਿਆ ਪਦਮ ਭੂਸ਼ਨ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ, “ਲੇਖਕ ਵਜੋਂ ਮੇਰਾ ਸਰਕਾਰ ਤੋਂ ਵਿੱਥ ਰੱਖਣਾ ਜ਼ਰੂਰੀ ਹੈ।” ਤੇ ਜਦੋਂ ਪਿਛਲੇ ਸਾਲਾਂ ਵਿਚ ਸਿਆਸੀ ਲਾਹੇ ਲਈ ਦੇਸ ਅੰਦਰ ਗਿਣ-ਮਿਥ ਕੇ ਅਸਹਿਣਸ਼ੀਲਤਾ ਦਾ ਮਾਹੌਲ ਬਣਾਇਆ ਗਿਆ, 2015 ਵਿਚ ਉਸ ਨੇ ਲੇਖਕਾਂ ਤੇ ਬੁੱਧੀਮਾਨਾਂ ਉੱਤੇ ਹਮਲਿਆਂ ਦਾ ਵਿਰੋਧ ਕਰਦਿਆਂ ਅਤੇ ਵਿਚਾਰਾਂ ਦੇ ਪਰਗਟਾਵੇ ਦੀ ਆਜ਼ਾਦੀ ਦਾ ਜ਼ੋਰਦਾਰ ਸਮਰਥਨ ਕਰਦਿਆਂ 1980 ਵਿਚ ਨਾਵਲ ‘ਜ਼ਿੰਦਗੀਨਾਮਾ’ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਵੀ ਮੋੜ ਦਿੱਤਾ ਤੇ 1996 ਵਿਚ ਮਿਲੀ ਸਾਹਿਤ ਅਕਾਦਮੀ ਦੀ ਫ਼ੈਲੋਸ਼ਿਪ ਵੀ ਵਾਪਸ ਕਰ ਦਿੱਤੀ।
ਉਸ ਬੈਠਕ ਵਿਚ ਉਸ ਦਾ ਸਭ ਤੋਂ ਕੀਮਤੀ ਸਬਕ ਭਾਸ਼ਾ ਦੇ ਸੰਬੰਧ ਵਿਚ ਸੀ। ਜਿਵੇਂ ਉਸ ਦੇ ਪਾਠਕ ਜਾਣਦੇ ਹੀ ਹਨ, ਹਿੰਦੀ ਦੀ ਅਖੌਤੀ ਸ਼ੁੱਧਤਾ ਦਾ ਉਸ ਨੇ ਡਟਵਾਂ ਖੰਡਨ ਕੀਤਾ ਅਤੇ ਆਪਣੀ ਰਚਨਾ ਦੇ ਮਾਹੌਲ ਨੂੰ ਤੇ ਪਾਤਰਾਂ ਦੀ ਸ਼ਖ਼ਸੀਅਤ ਨੂੰ ਪ੍ਰਮਾਣਿਕਤਾ ਦੇਣ ਖ਼ਾਤਰ ਹੋਰ ਭਾਸ਼ਾਵਾਂ ਦੇ, ਖਾਸ ਕਰਕੇ ਪੰਜਾਬੀ ਦੇ ਸ਼ਬਦਾਂ ਦੀ ਬੇਸੰਕੋਚ ਵਰਤੋਂ ਕੀਤੀ। ਉਸ ਦਾ ਮੰਨਣਾ ਸੀ ਕਿ ਸ਼ੁੱਧ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸਗੋਂ ਕਿਸੇ ਭਾਸ਼ਾ ਵਿਚ ਆਏ ਹੋਰ ਭਾਸ਼ਾਵਾਂ ਦੇ ਅਜਿਹੇ ਸ਼ਬਦ, ਜੋ ਉਸ ਵਿਚ ਹਜ਼ਮ ਹੋ ਸਕਦੇ ਹੋਣ ਤੇ ਵੱਖਰਾ ਭਾਵ ਲੈ ਕੇ ਆਏ ਹੋਣ, ਉਸ ਭਾਸ਼ਾ ਦੀ ਅਮੀਰੀ ਵਿਚ ਵਾਧਾ ਕਰਦੇ ਹਨ। ਉਸ ਦੀ ਹਿੰਦੀ ਦੀ ਫੁਲਕਾਰੀ ਉੱਤੇ ਪੰਜਾਬੀ ਦੀਆਂ ਬੂਟੀਆਂ ਥਾਂ ਥਾਂ ਆਪਣਾ ਗੂੜ੍ਹਾ ਰੰਗ ਬਖੇਰ ਰਹੀਆਂ ਹੁੰਦੀਆਂ ਹਨ। ਉਸ ਦੇ ਕਈ ਨਾਵਲਾਂ ਦੇ ਤਾਂ ‘ਮਿੱਤਰੋ ਮਰਜਾਣੀ’, ‘ਡਾਰ ਸੇ ਬਿਛੁੜੀ’, ‘ਯਾਰੋਂ ਕੇ ਯਾਰ’ ਜਿਹੇ ਨਾਂਵਾਂ ਵਿਚੋਂ ਹੀ ਪੰਜਾਬੀਅਤ ਝਲਕਦੀ ਹੈ। ਉਸ ਦੀ ਹਿੰਦੀ ਪਿੱਛੇ ਵੀ ਪੰਜਾਬੀ ਛਣਕਦੀ ਸੀ; ‘ਏ ਲੜਕੀ’ ਵਿਚੋਂ ‘ਨੀ ਕੁੜੀਏ’ ਹੀ ਤਾਂ ਸੁਣਦਾ ਹੈ!
ਇਥੋਂ ਉਸ ਦੀ ਰਚਨਾ ਦਾ ਅਨੁਵਾਦ ਅਸੰਭਵ ਵਰਗਾ ਔਖਾ ਕਹੇ ਜਾਣ ਦਾ ਜ਼ਿਕਰ ਚੱਲ ਪਿਆ। ਉਸ ਦਾ ਕਹਿਣਾ ਸੀ, ਜਿਸ ਪੰਜਾਬੀ ਸ਼ਬਦ ਦਾ ਸਹੀ ਜਾਂ ਲਗਭਗ ਸਹੀ ਅਨੁਵਾਦ ਹੋ ਸਕਦਾ ਹੋਵੇ, ਉਸ ਦਾ ਅਨੁਵਾਦ ਤਾਂ ਪ੍ਰਕਾਸ਼ਕ ਜਾਂ ਹੋਰ ਕਿਸੇ ਦੇ ਕਹੇ ਤੋਂ ਕੁਝ ਹਾਲਤਾਂ ਵਿਚ ਕਬੂਲਿਆ ਜਾ ਸਕਦਾ ਹੈ ਪਰ ਜਿਨ੍ਹਾਂ ਪੰਜਾਬੀ ਸ਼ਬਦਾਂ ਦਾ ਬਦਲ ਹੀ ਕੋਈ ਨਹੀਂ, ਮੈਂ ਉਨ੍ਹਾਂ ਨੂੰ ਕਿਵੇਂ ਬਦਲ ਦੇਵਾਂ! ਇਹ ਕੰਮ ਪਾਠਕਾਂ ਦਾ ਹੈ ਕਿ ਉਨ੍ਹਾਂ ਦੇ ਅਰਥ ਉਹ ਪ੍ਰਸੰਗ ਵਿਚੋਂ ਸਮਝਣ ਜਾਂ ਕਿਸੇ ਪੰਜਾਬੀ ਤੋਂ ਪੁੱਛਣ ਦੀ ਖੇਚਲ ਕਰਨ। ਉਹ ਬੋਲੀ, “ਮੇਰੀਆਂ ਪੰਜਾਬਣਾਂ ਮੁੰਡਿਆਂ ਨੂੰ ਵੇ ਆਖ ਕੇ ਬੁਲਾਉਂਦੀਆਂ ਹਨ। ਮੈਂ ਵੇ ਦੀ ਥਾਂ ਹੋਰ ਕੋਈ ਸ਼ਬਦ ਕਿਵੇਂ ਲਿਖਣ ਦੇਵਾਂ? ਵੇ ਵਿਚੋਂ ਤਾਂ ਮੋਹ ਛਲਕਦਾ ਹੈ, ਮਾਂ ਦਾ ਪੁੱਤ ਵਾਸਤੇ ਮੋਹ, ਵੱਡੀ ਭਾਬੀ ਦਾ ਛੋਟੇ ਦਿਉਰ ਵਾਸਤੇ ਮੋਹ! ਇਸ ਦੇ ਉਲਟ ਅਰੇ, ਰੇ, ਏ, ਅਬੇ ਜਿਹੇ ਹਿੰਦੀ ਲਫ਼ਜ਼ ਤਾਂ ਸਭ ਗਾਲ਼ਾਂ ਵਰਗੇ ਹਨ, ਅਗਲੇ ਨੂੰ ਛੁਟਿਆਉਣ ਵਾਲ਼ੇ!”
ਉਸ ਦਾ ਕਹਿਣਾ ਸੀ, ਲੇਖਕ ਆਪਣੀ ਸੋਚ ਤੇ ਕਲਪਨਾ ਨੂੰ ਸ਼ਬਦਾਂ ਦੇ ਸਹਾਰੇ ਪਰਤੱਖ ਵਿਚ ਸਿਰਜਦਾ ਹੈ। ਉਸ ਨੂੰ ਆਪਣੇ ਲਿਖੇ ਇਕ-ਇਕ ਸ਼ਬਦ ਦੀ ਸ਼ਕਤੀ ਪਛਾਣਨੀ ਚਾਹੀਦੀ ਹੈ ਤੇ ਉਸ ਦਾ ਪੱਖ ਪੂਰਨਾ ਚਾਹੀਦਾ ਹੈ। ਉਸ ਨੇ ਇਕ ਅਜਿਹੀ ਆਪਬੀਤੀ ਸੁਣਾਈ ਜੋ ਇਸ ਮੱਤ ਦੀ ਹੈਰਾਨ ਕਰਨ ਵਾਲ਼ੀ ਮਿਸਾਲ ਸੀ। ਬਹੁਤੀ ਹੈਰਾਨੀ ਇਸ ਗੱਲ ਦੀ ਹੋਈ ਕਿ ਕਿੱਸਾ ਉਸ ਦੇ ਪਹਿਲੇ ਨਾਵਲ ਦਾ ਸੀ, ਭਾਵ ਜਦੋਂ ਲੇਖਕ ਵਜੋਂ ਅਜੇ ਉਸ ਦਾ ਪ੍ਰਕਾਸ਼ਕ ਨੂੰ ਸ਼ਰਤਾਂ ਲਾਉਣ ਜੋਗਾ ਕੋਈ ਨਾਂ ਨਹੀਂ ਸੀ ਬਣਿਆ।
1952 ਵਿਚ ਉਸ ਨੇ ਆਪਣਾ ਪਹਿਲਾ ਨਾਵਲ ‘ਚੰਨਾ’ ਅਲਾਹਾਬਾਦ ਦੇ ਇਕ ਪ੍ਰਕਾਸ਼ਕ ਨੂੰ ਦਿੱਤਾ ਤਾਂ ਸ਼ਰਤ ਰੱਖੀ ਕਿ ਮੇਰਾ ਕੋਈ ਇਕ ਵੀ ਸ਼ਬਦ ਬਦਲਣਾ ਨਹੀਂ ਹੋਵੇਗਾ ਤੇ ਛਪਣ ਲਈ ਤਿਆਰ ਅੰਤਲੇ ਪਰੂਫ਼ ਮੈਨੂੰ ਨਾਲ਼ੋ-ਨਾਲ਼ ਫ਼ਰਮਾ-ਫ਼ਰਮਾ ਕਰ ਕੇ ਦਿਖਾਉਣੇ ਹੋਣਗੇ। ਪ੍ਰਕਾਸ਼ਕ ਤਾਂ ਆਖ਼ਰ ਪ੍ਰਕਾਸ਼ਕ ਹੁੰਦਾ ਹੈ, ਆਪਣੇ ਆਪ ਨੂੰ ਲੇਖਕ ਤੋਂ ਉੱਚੇ ਚੌਂਤਰੇ ਉੱਤੇ ਖੜ੍ਹਾ ਸਮਝਣ ਵਾਲ਼ਾ! ਨਾਲ਼ੇ ਇਥੇ ਤਾਂ ਪ੍ਰਕਾਸ਼ਕ ਦਾ ਵਾਹ ਨਵੀਂ ਲੇਖਿਕਾ ਨਾਲ਼ ਸੀ ਜਿਸ ਦੀਆਂ ਸ਼ਰਤਾਂ ਵਿਚ ਕੀ ਵਜ਼ਨ ਹੋ ਸਕਦਾ ਸੀ! ਪਰ ਇਥੇ ਇਹ ਵੀ ਮੰਨਣਾ ਪਵੇਗਾ ਕਿ ਉਸ ਸਮੇਂ ਪ੍ਰਕਾਸ਼ਕ ਦੀ ਇਕ ਮਜਬੂਰੀ ਵੀ ਹੁੰਦੀ ਸੀ, ਜਿਸ ਨੂੰ ਹੁਣ ਦੀ ਕੰਪਿਊਟਰੀ ਅੱਖਰ-ਜੜਤ ਦੇ ਜ਼ਮਾਨੇ ਦੇ ਲੋਕ ਸ਼ਾਇਦ ਜਾਣਦੇ ਵੀ ਨਹੀਂ। ਸੋਲਾਂ ਪੰਨੇ ਦੇ ਫ਼ਰਮੇ ਦੇ ਅੱਖਰਾਂ ਦੇ ਸਿੱਕੇ ਦਾ ਭਾਰ ਤੀਹ ਕਿਲੋ ਦੇ ਨੇੜੇ ਹੋ ਜਾਂਦਾ ਸੀ। ਛਾਪਾਖਾਨੇ ਲਈ ਅੱਖਰ ਬਹੁਤ ਵੱਡੀ ਮਾਤਰਾ ਵਿਚ ਖਰੀਦ ਕੇ ਰੱਖਣੇ ਮੁਸ਼ਕਿਲ ਹੁੰਦੇ ਸਨ।
ਛਾਪਕ ਚਾਹੁੰਦਾ ਸੀ, ਪਰੂਫ਼ ਪੜ੍ਹੇ ਜਾਣ ਮਗਰੋਂ ਫ਼ਰਮੇ ਛੇਤੀ ਤੋਂ ਛੇਤੀ ਛਾਪ ਕੇ ਹੋਰ ਕੋਈ ਕਿਤਾਬ ਸ਼ੁਰੂ ਕਰ ਦਿੱਤੀ ਜਾਵੇ। ਸਾਧਾਰਨ ਡਾਕ ਦੇ ਉਸ ਜ਼ਮਾਨੇ ਵਿਚ 16 ਪੰਨਿਆਂ ਦੇ ਪਰੂਫ਼ ਦੂਰ ਦੇ ਸ਼ਹਿਰ ਭੇਜ ਕੇ ਉਨ੍ਹਾਂ ਦੀ ਵਾਪਸੀ ਤੱਕ ਅੱਖਰ ਬੰਨ੍ਹ ਰੱਖਣੇ ਉਸ ਨੂੰ ਔਖੇ ਲਗਦੇ। ਸੋਬਤੀ ਦੇ ਪ੍ਰਕਾਸ਼ਕ ਨੇ ਪਰੂਫ਼ ਉਸ ਨੂੰ ਭੇਜਣ ਦੇ ਚੱਕਰ ਵਿਚ ਪੈਣ ਦੀ ਥਾਂ ਨਾਵਲ ਛਾਪਿਆ ਤੇ ਜਿਲਦਬੰਦੀ ਵਿਚੋਂ ਇਕ ਨਗ ਚੁੱਕ ਕੇ ਖ਼ੁਸ਼ਖ਼ਬਰੀ ਵਜੋਂ ਉਸ ਨੂੰ ਭੇਜ ਦਿੱਤਾ। ਨਾਵਲ ਦੇਖਦਿਆਂ ਹੀ ਉਸ ਨੂੰ ਖ਼ੁਸ਼ੀ ਦੀ ਥਾਂ ਗੁੱਸਾ ਚੜ੍ਹ ਗਿਆ। ਪੜ੍ਹਨਾ ਸ਼ੁਰੂ ਕਰ ਕੇ ਜਦੋਂ ਉਸ ਨੇ ਦੇਖਿਆ ਕਿ ਪੰਜਾਬੀ ਸ਼ਬਦਾਂ ਦੀ ਥਾਂ ਪ੍ਰਕਾਸ਼ਕ ਨੇ ਕਿਸੇ ਤੋਂ ਪੁੱਛ-ਪੁਛਾ ਕੇ ਹਿੰਦੀ ਸ਼ਬਦ, ਤੇ ਉਹ ਵੀ ਬਹੁਤੇ ਕੁਚੱਜੇ, ਪਾ ਦਿੱਤੇ ਸਨ, ਗੁੱਸਾ ਸੱਤਵੇਂ ਅਸਮਾਨ ਚੜ੍ਹ ਗਿਆ।
ਉਸ ਨੇ ਦੱਸਿਆ, “ਸਭ ਤੋਂ ਵੱਡਾ ਅਨਰਥ ਇਹ ਕਿ ਸ਼ਾਹਣੀ, ਜਿਸ ਦੀ ਨਾਵਲ ਵਿਚ ਵੱਡੀ ਭੂਮਿਕਾ ਸੀ, ਨੂੰ ਬਦਲ ਕੇ ਸੇਠਾਣੀ ਕੀਤਾ ਪਿਆ ਸੀ। ਸ਼ਾਹਣੀ ਹੋਈ ਪਰਿਵਾਰ ਦੇ ਆਦਰ-ਮਾਣ ਦੀ ਪਾਤਰ ਵਡੇਰੀ, ਘਰ ਦੀ ਮੁਖ਼ਤਿਆਰ, ਜਿਸ ਦਾ ਆਖਿਆ ਕੋਈ ਭੁੰਜੇ ਨਾ ਡਿੱਗਣ ਦੇਵੇ, ਜੋ ਸਭ ਨੂੰ ਮੋਹ-ਪਿਆਰ ਵੰਡੇ ਤੇ ਸਭ ਤੋਂ ਸਤਿਕਾਰ ਪਾਵੇ। ਸੇਠਾਣੀ ਹੋਈ ਪੈਸੇ ਵਾਲ਼ੇ ਸੇਠ ਦੀ ਮੋਟੀ ਜ਼ਨਾਨੀ ਜੋ ਮੰਜੇ ਉੱਤੇ ਪਲਾਥੀ ਮਾਰੀਂ ਸਾਰਾ ਦਿਨ ਟੱਬਰ ਦੇ ਜੀਆਂ ਉੱਤੇ ਕੁੜ੍ਹਦੀ ਰਹੇ! ਸ਼ਾਹਣੀ ਦੀ ਥਾਂ ਸੇਠਾਣੀ ਮੈਨੂੰ ਕਿਸੇ ਸੂਰਤ ਵੀ ਪਰਵਾਨ ਨਹੀਂ ਸੀ।”
ਉਸ ਨੇ ਪ੍ਰਕਾਸ਼ਕ ਨੂੰ ਤਾਰ ਭੇਜ ਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਤੇ ਕੰਮ ਜਿਥੇ ਸੀ, ਉਥੇ ਹੀ ਰੋਕ ਦੇਣ ਲਈ ਕਹਿ ਦਿੱਤਾ। ਪ੍ਰਕਾਸ਼ਕ ਦੇ ਖਰਚ ਹੋਏ ਕੁੱਲ ਪੈਸੇ ਆਪਣੇ ਕੋਲ਼ੋਂ ਦੇ ਕੇ ਤੇ ਆਪਣੇ ਨਾਵਲ ਦਾ ਸਾਰਾ ਢੇਰ ਨਸ਼ਟ ਕਰ ਕੇ ਉਹ ਚੈਨ ਨਾਲ਼ ਦਿੱਲੀ ਪਰਤ ਆਈ। ਉਸ ਦੇ ਸਵਰਗਵਾਸ ਤੋਂ ਕੁਝ ਹਫ਼ਤੇ ਪਹਿਲਾਂ ਇਕ ਪ੍ਰਕਾਸ਼ਕ ਨੇ ਉਸ ਤੋਂ ਸੱਤਰ ਸਾਲਾਂ ਦਾ ਟਰੰਕ ਵਿਚ ਸੁੱਟਿਆ ਹੋਇਆ ‘ਚੰਨਾ’ ਦਾ ਖਰੜਾ ਕਢਵਾ ਕੇ ਪ੍ਰਕਾਸ਼ਿਤ ਕਰ ਦਿੱਤਾ ਸੀ।
ਵੈਸੇ, ਲੇਖਕ ਆਪਣੀ ਰਚਨਾ ਦੇ ਅਨੁਵਾਦ ਦੀ ਕਿਥੇ-ਕਿਥੇ ਨਿਗਰਾਨੀ ਕਰ ਸਕਦਾ ਹੈ! ਮੇਰਾ ਮੱਤ ਹੈ, ਕਿਸੇ ਵੀ ਲੇਖਕ ਦੀ ਕਿਸੇ ਵੀ ਰਚਨਾ ਦਾ ਸੌ ਫ਼ੀਸਦੀ ਸਹੀ ਅਨੁਵਾਦ ਅਸੰਭਵ ਹੈ। ਇਸ ਦੇ ਨਾਲ ਹੀ ਕਿਸੇ ਰਚਨਾ ਦਾ ਸਭ ਤੋਂ ਚੰਗਾ ਅਨੁਵਾਦਕ ਆਪ ਲੇਖਕ ਹੋ ਸਕਦਾ ਹੈ ਪਰ ਜੇ ਉਹ ਵੀ ਦੂਜੀ ਭਾਸ਼ਾ ਵਧੀਆ ਜਾਣਦਾ ਹੋਵੇ। ਆਮ ਅਨੁਵਾਦਕ ਹਰ ਅਨੁਵਾਦ ਵਿਚ ਕੋਈ ਨਾ ਕੋਈ ਤਾਂ ਕਾਰਨਾਮਾ ਕਰਦੇ ਹੀ ਹਨ, ਖਾਸ ਕਰ ਕੇ ਜਿਥੇ ਇਸ ਸ਼ਾਹਣੀ-ਸੇਠਾਣੀ ਵਾਂਗ ਸਭਿਆਚਾਰ ਦਾ ਜ਼ਿਕਰ ਆ ਜਾਵੇ। ਕ੍ਰਿਸ਼ਨਾ ਸੋਬਤੀ ਦੇ ਪੰਜਾਬੀ ਸ਼ਬਦਾਂ ਨੂੰ ਕਈ ਵਾਰ ਅਨੁਵਾਦਕਾਂ ਦੀ ਮਾਰ ਪੈਂਦੀ ਰਹੀ। ਮਿੱਤਰੋ ਇਕ ਔਰਤ ਨੂੰ ਆਖਦੀ ਹੈ, ਕੋਈ ਮਰਦ ਬੱਚਾ ਜੰਮ! ਇਕ ਬੜੀ ਪ੍ਰਸਿੱਧ ਹਿੰਦੀ ਕਹਾਣੀਕਾਰ ਤੇ ਮੰਨੀ ਹੋਈ ਪੱਤਰਕਾਰ ਨੇ ‘ਮਰਦ ਬੱਚਾ’ ਦਾ ਅਨੁਵਾਦ ‘ਮੈਨ ਚਾਈਲਡ’ ਕੀਤਾ ਹੋਇਆ ਹੈ। ਇਕ ਪਾਤਰ ਦੇ ਨਾਂ ‘ਫੂਲਾਂ ਰਾਣੀ’ ਨੂੰ ਵੀ ਉਹਨੇ ਅੰਗਰੇਜ਼ੀ ਵਿਚ ‘ਫੂਲਾਂ, ਦਿ ਕੁਈਨ’ ਕਰ ਦਿੱਤਾ ਹੈ। ਅੰਗਰੇਜ਼ੀ ਅਨੁਵਾਦ ਵਿਚ ਨਾਵਲ ਦੇ ਨਾਂ ‘ਮਿੱਤਰੋ ਮਰਜਾਣੀ’ ਨੂੰ ‘ਟੂ ਹੈੱਲ ਵਿਦ ਯੂ ਮਿੱਤਰੋ’ ਕਰ ਕੇ, ਭਾਵ ਮਰਜਾਣੀ ਜਿਹੇ ਮੋਹ-ਭਿੱਜੇ ਸ਼ਬਦ ਨੂੰ ‘ਜਹੰਨਮ ਵਿਚ ਜਾ ਤੂੰ’ ਅਨੁਵਾਦ ਕੇ ਭਾਸ਼ਾਈ ਜ਼ੁਲਮ ਕੀਤਾ ਪਿਆ ਹੈ।
ਉਹਦੇ ਨਾਵਲਾਂ ਨੂੰ ਹਿੰਦੀ ਵਿਚ ਲਿਖੇ ਗਏ ਪੰਜਾਬੀ ਨਾਵਲ ਕਹਿਣਾ ਗ਼ਲਤ ਨਹੀਂ ਹੋਵੇਗਾ। ਵੱਡੀ ਗਿਣਤੀ ਪੰਜਾਬੀ ਪਾਠਕਾਂ ਤੱਕ ਉਹਦੀ ਪਹੁੰਚ ਦਾ ਇਹੋ ਆਧਾਰ ਸੀ। ਪੰਜਾਬੀ ਲੇਖਕਾਂ ਤੇ ਪਾਠਕਾਂ ਵਿਚੋਂ ਜੇ ਕੋਈ ਉਹਨੂੰ ਨਹੀਂ ਸੀ ਜਾਣਦਾ, ਉਹ ਅੰਮਿੁ੍ਰਤਾ ਪ੍ਰੀਤਮ ਨਾਲ਼ ਚੱਲੇ ਉਸ ਦੇ ਮੁਕੱਦਮੇ ਦੀ ਚਰਚਾ ਨੇ ਜਾਣਨ ਲਾ ਦਿੱਤਾ।
ਅੰਮ੍ਰਿਤਾ ਨਾਲ਼ ਮੁਕੱਦਮਾ
ਕ੍ਰਿਸ਼ਣਾ ਸੋਬਤੀ ਦਾ ਨਾਵਲ ‘ਜ਼ਿੰਦਗੀਨਾਮਾ’ ਪਹਿਲੀ ਵਾਰ 1979 ਵਿਚ ਛਪਿਆ ਤੇ ਛਪਦਿਆਂ ਹੀ ਖ਼ੂਬ ਚਰਚਾ ਵਿਚ ਆ ਗਿਆ। ਅਗਲੇ ਹੀ ਸਾਲ, 1980 ਵਿਚ ਇਸੇ ਨਾਵਲ ਸਦਕਾ ਉਹਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਗਿਆ। ‘ਜ਼ਿੰਦਗੀਨਾਮਾ’ ਤੋਂ ਚਾਰ ਸਾਲ ਮਗਰੋਂ, 1983 ਵਿਚ ਅੰਮ੍ਰਿਤਾ ਪ੍ਰੀਤਮ ਨੇ ਲਗਭਗ ਇਕੋ ਸਮੇਂ ਪੰਜਾਬੀ, ਹਿੰਦੀ ਤੇ ਉਰਦੂ ਵਿਚ ਛਪੇ ਆਪਣੇ ਨਵੇਂ ਨਾਵਲ ਦਾ ਨਾਂ ‘ਹਰਦੱਤ ਦਾ ਜ਼ਿੰਦਗੀਨਾਮਾ’ ਰੱਖ ਲਿਆ। ਇਹ ਨਾਵਲ ਇਕ ਗੁੰਮਨਾਮ ਪੰਜਾਬੀ ਸੁਤੰਤਰਤਾ ਸੰਗਰਾਮੀਏ, ਮਨਮੋਹਨ ਹਰਦੱਤ ਦੀ ਜ਼ਿੰਦਗੀ ਉੱਤੇ ਆਧਾਰਤ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਕੋ-ਇਕ ਭਾਰਤੀ ਇਨਕਲਾਬੀ ਸੀ ਜਿਸ ਨੇ ਸਾਇਬੇਰੀਆ ਵਿਚ ਕੈਦ ਕੱਟੀ ਸੀ।
ਇਸ ਨੂੰ ਸੋਬਤੀ ਨੇ ਆਪਣੇ ਨਾਵਲ ਦੇ ਨਾਂ ਦੀ ਨਕਲ ਜਾਂ ਚੋਰੀ ਵਜੋਂ ਲਿਆ। ਉਹਨੇ 1984 ਵਿਚ ਦਿੱਲੀ ਹਾਈ ਕੋਰਟ ਕੋਲ ਪਹੁੰਚ ਕੀਤੀ ਕਿ ਅੰਮ੍ਰਿਤਾ ਨੂੰ ਨਾਂ ‘ਜ਼ਿੰਦਗੀਨਾਮਾ’ ਵਰਤਣ ਤੋਂ ਰੋਕਿਆ ਜਾਵੇ ਅਤੇ ਡੇਢ ਲੱਖ ਰੁਪਏ ਮੁਆਵਜ਼ਾ ਦੁਆਇਆ ਜਾਵੇ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਸਲ ਵਿਚ ਇਹ ਸ਼ਬਦ ‘ਜ਼ਿੰਦਗੀਨਾਮਾ’ ਸ਼ੁਰੂ ਵਿਚ ਤਾਂ ਮੁਕੱਦਮੇ ਦਾ ਕਾਰਨ ਜ਼ਰੂਰ ਸੀ ਪਰ ਅੱਗੇ ਚੱਲ ਕੇ ਇਹ ਮੁਕੱਦਮੇ ਵਾਸਤੇ ਸਿਰਫ਼ ਇਕ ਬਹਾਨਾ ਬਣ ਕੇ ਰਹਿ ਗਿਆ ਸੀ। ਦੋਵਾਂ ਵੱਡੀਆਂ ਲੇਖਿਕਾਵਾਂ ਵਿਚਕਾਰ, ਜੋ ਇਕ ਦੂਜੀ ਦੀਆਂ ਸਹੇਲੀਆਂ ਨਾ ਸਹੀ, ਸਾਹਿਤਕ ਕਦਰਦਾਨ ਜ਼ਰੂਰ ਸਨ, ‘ਜ਼ਿੰਦਗੀਨਾਮਾ’ ਤੋਂ ਤੁਰ ਕੇ ਝਗੜੇ ਦਾ ਇਕ ਹੋਰ, ਨਵਾਂ ਹੀ ਕਾਰਨ ਪੈਦਾ ਹੋ ਗਿਆ ਸੀ।
ਹੋਇਆ ਇਹ ਕਿ ਸੋਬਤੀ ਨੇ ਅੰਮ੍ਰਿਤਾ ਨੂੰ, ਸਿਰਫ਼ ਉਲਾਂਭਾ ਦੇਣ ਲਈ, ਫੋਨ ਕੀਤਾ ਕਿ ਮੇਰੇ ਇਸ ਨਾਂ ਵਾਲ਼ੇ ਨਾਵਲ ਨੂੰ ਲੈ ਕੇ ਗੋਸ਼ਟੀਆਂ ਹੋ ਰਹੀਆਂ ਹਨ, ਲੇਖ ਲਿਖੇ ਜਾ ਰਹੇ ਹਨ, ਤੂੰ ਕੋਈ ਹੋਰ ਨਾਂ ਰੱਖ ਲੈਂਦੀ। ਉਹਨੇ ਖਾਸ ਕਰ ਕੇ ਅੰਮ੍ਰਿਤਾ ਦੇ ਨਾਵਲ ਦੀ ਉਰਦੂ ਛਾਪ ਬਾਰੇ ਇਤਰਾਜ਼ ਕੀਤਾ ਜਿਸ ਵਿਚ ‘ਹਰਦੱਤ ਕਾ’ ਬਹੁਤ ਹੀ ਛੋਟੇ, ਨਾ-ਹੋਏ ਅੱਖਰਾਂ ਵਿਚ ਤੇ ‘ਜ਼ਿੰਦਗੀਨਾਮਾ’ ਬਹੁਤ ਵੱਡੇ ਅੱਖਰਾਂ ਵਿਚ ਲਿਖਿਆ ਗਿਆ ਸੀ। ਪਬਲਿਸ਼ਰ ਨੇ ਦੂਜਾ ਕਾਰਨਾਮਾ ਇਹ ਕਰ ਦਿੱਤਾ ਸੀ ਕਿ ਇਕ ਰਸਾਲੇ ਵਿਚ ਛਪਵਾਏ ਇਸ਼ਤਿਹਾਰ ਵਿਚ ਨਾ-ਹੋਏ ਅੱਖਰਾਂ ਵਾਲ਼ਾ ‘ਹਰਦੱਤ ਕਾ’ ਵੀ ਛਾਂਗ ਕੇ ਸਿਰਫ਼ ‘ਜ਼ਿੰਦਗੀਨਾਮਾ’ ਹੀ ਰਹਿਣ ਦਿੱਤਾ ਸੀ, “ਜ਼ਿੰਦਗੀਨਾਮਾ, ਅੰਮ੍ਰਿਤਾ ਪ੍ਰੀਤਮ ਕਾ ਨਯਾ ਉਪਨਿਆਸ, ਜ਼ਿੰਦਗੀ ਕੀ ਹਕੀਕਤ ਕੋ ਉਜਾਗਰ ਕਰਨੇ ਵਾਲ਼ਾ”।
ਅੰਮ੍ਰਿਤਾ ਦਾ ਜਵਾਬ ਸੀ, “ਸ਼ਬਦਾਂ ਦੀ ਮੇਰ ਕਾਹਦੀ, ਸ਼ਬਦ ਤਾਂ ਸਭ ਦੇ ਸਾਂਝੇ ਹੁੰਦੇ ਹਨ।”
ਕ੍ਰਿਸ਼ਣਾ ਦਾ ਕਹਿਣਾ ਸੀ ਕਿ “ਸ਼ਬਦ ਤਾਂ ਠੀਕ ਹੀ ਸਭ ਦੇ ਸਾਂਝੇ ਹੁੰਦੇ ਹਨ ਤੇ ਹਰ ਕਿਸੇ ਦੇ ਸਾਹਮਣੇ ਖੁੱਲ੍ਹੇ ਪਏ ਹੁੰਦੇ ਹਨ ਪਰ ਲੇਖਕ ਉਨ੍ਹਾਂ ਦੀ ਵਰਤੋਂ ਕਿਸੇ ਖਾਸ ਪ੍ਰਸੰਗ ਵਿਚ ਕੋਈ ਖਾਸ ਤਰਤੀਬ ਦੇ ਕੇ ਕਰਦਾ ਹੈ ਤਾਂ ਉਨ੍ਹਾਂ ਉੱਤੇ ਉਹਦੀ ਹੀ ਮੇਰ ਹੋ ਜਾਂਦੀ ਹੈ। ਇੰਜ ਤਾਂ ਪੂਰੇ ਨਾਵਲ ਦੇ ਸ਼ਬਦ ਹੀ ਕੋਸ਼ ਵਿਚ ਮਿਲ ਜਾਣਗੇ। ਤਾਂ ਕੀ ਕੋਈ ਇਹ ਦਾਅਵਾ ਕਰ ਸਕਦਾ ਹੈ ਕਿ ਇਸ ਉੱਤੇ ਲੇਖਕ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ!”
ਇਥੋਂ ਤੁਰੀ ਗੱਲ ਤਿੱਖੀ ਹੁੰਦੀ-ਹੁੰਦੀ ਆਖ਼ਰ ਏਨੀ ਤਲਖ਼ ਹੋ ਗਈ ਕਿ ਅੰਮ੍ਰਿਤਾ ਨੇ ਗੁੱਸੇ ਵਿਚ ਭੜਕ ਕੇ “ਜਾ, ਜੋ ਕਰਨਾ ਹੈ, ਕਰ ਲੈ” ਆਖਦਿਆਂ ਫੋਨ ਪਟਕ ਦਿੱਤਾ। ਕੁਦਰਤੀ ਸੀ ਕਿ ਇਉਂ ਫੋਨ ਪਟਕਣਾ ਸੋਬਤੀ ਨੂੰ ਬੁਰਾ ਲੱਗਿਆ। ਇਹ ਘਟਨਾ, ਜਾਂ ਕਹੋ ਦੁਰਘਟਨਾ, ਅੱਗੇ ਦੀ ਅੱਗੇ ਚਰਚਾ ਵਿਚ ਆਉਂਦੀ ਗਈ।
ਦੋਵਾਂ ਨਾਲ਼ ਚੰਗੇ ਸੰਬੰਧਾਂ ਵਾਲ਼ੀ ਇਕ ਤੀਜੀ ਪੰਜਾਬਣ ਲੇਖਿਕਾ ਨੇ ਸੁਣੀ-ਸੁਣਾਈ ਦਾ ਭਰੋਸਾ ਨਾ ਕਰਦਿਆਂ ਸੋਬਤੀ ਤੋਂ ਸੱਚ ਪੁੱਛਿਆ ਅਤੇ ਉਹਦੀ ਗੱਲ ਸੁਣ ਕੇ ਕਹਿਣ ਲੱਗੀ, “ਤੁਸੀਂ ਦੋਵੇਂ ਵੀ ਕੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਲੜਨ ਲੱਗ ਪਈਆਂ! ਮੇਰੇ ਘਰ ਆਉ, ਨਾਲ਼ੇ ਮਿਲ-ਬੈਠ ਕੇ ਰੋਟੀ ਖਾਵਾਂਗੀਆਂ ਤੇ ਨਾਲ਼ੇ ਗਿਲ਼ੇ-ਸ਼ਿਕਵੇ ਦੂਰ ਕਰਾਂਗੀਆਂ।”
ਸੋਬਤੀ ਨੇ ਆਉਣਾ ਉਸੇ ਸਮੇਂ ਮਨਜ਼ੂਰ ਕਰ ਲਿਆ ਪਰ ਅੰਮ੍ਰਿਤਾ ਨੂੰ ਸੱਦਾ ਦਿੱਤਾ ਗਿਆ ਤਾਂ ਉਹਦਾ ਉੱਤਰ ਸੀ, “ਕ੍ਰਿਸ਼ਣਾ ਨੂੰ ਕਹਿ, ਮੇਰੇ ਉਰਦੂ ਪਬਲਿਸ਼ਰ ਨਾਲ਼ ਰੋਟੀ ਖਾਵੇ।”
ਇਹ ਉੱਤਰ ਸੋਬਤੀ ਕੋਲ ਪਹੁੰਚਿਆ ਤਾਂ ਉਸ ਨੇ ਵਕੀਲ ਤੋਂ ਨੋਟਿਸ ਭਿਜਵਾ ਦਿੱਤਾ। ਘਬਰਾ ਕੇ, ਪਰ ਨੋਟਿਸ ਦਾ ਕੋਈ ਜ਼ਿਕਰ ਕੀਤੇ ਬਿਨਾਂ, ਅੰਮ੍ਰਿਤਾ ਨੇ ਤੀਜੀ ਨੂੰ ਫੋਨ ਕੀਤਾ, “ਉਸ ਦਿਨ ਮੈਂ ਐਵੇਂ ਗੁੱਸੇ ਵਿਚ ਤੇਰੀ ਰੋਟੀ ਨੂੰ ਨਾਂਹ ਕਰ ਦਿੱਤੀ। ਜਦੋਂ ਕਹੇਂਗੀ, ਆ ਜਾਵਾਂਗੀ!”
ਤੀਜੀ ਨੇ ਖ਼ੁਸ਼ ਹੋ ਕੇ ਸੋਬਤੀ ਨੂੰ ਦੱਸਿਆ ਤਾਂ ਉਹਨੇ ਉਹਦੀ ਸਹਿਮਤੀ ਪਿਛਲਾ ਅਸਲ ਭੇਤ ਖੋਲ੍ਹਿਆ ਅਤੇ ਕਿਹਾ, “ਅੰਮ੍ਰਿਤਾ ਨੂੰ ਕਹਿ, ਮੇਰੇ ਵਕੀਲ ਨਾਲ਼ ਰੋਟੀ ਖਾਵੇ।”
ਫੇਰ ਬੱਸ ਚੱਲ ਸੋ ਚੱਲ ਹੋ ਗਈ।
1984 ਵਿਚ ਸ਼ੁਰੂ ਹੋਏ ਮੁਕੱਦਮੇ ਵਿਚ ਕਈ ਦਿਲਚਸਪ ਗੱਲਾਂ ਵਾਪਰੀਆਂ। ਦੋ ਵੱਡੀਆਂ ਪੰਜਾਬਣ ਲੇਖਿਕਾਵਾਂ ਦਾ ਮੁਕੱਦਮੇ ਵਿਚ ਉਲਝਣਾ ਹੀ ਸਾਹਿਤ ਨਾਲ਼ ਜੁੜੇ ਹੋਏ ਲੋਕਾਂ ਦਾ ਧਿਆਨ ਖਿੱਚਣ ਲਈ ਕਾਫ਼ੀ ਸੀ। ਦੋਵਾਂ ਧਿਰਾਂ ਨੇ ਵੱਡੇ ਵਕੀਲ ਕੀਤੇ। ਸੋਬਤੀ ਦਾ ਵਕੀਲ ਸਾਬਕਾ ਕਾਨੂੰਨ ਮੰਤਰੀ ਅਸ਼ੋਕ ਸੇਨ ਸੀ ਅਤੇ ਅੰਮ੍ਰਿਤਾ ਦਾ ਵਕੀਲ ਪ੍ਰਸਿੱਧ ਕਾਨੂੰਨ-ਗਿਆਤਾ ਐੱਲ. ਐੱਮ. ਸਿੰਘਵੀ ਸੀ। ਵਕੀਲਾਂ ਵਾਂਗ ਗਵਾਹਾਂ ਦੇ ਨਾਂਵਾਂ ਨੇ ਵੀ ਧਿਆਨ ਖਿੱਚਿਆ। ਸੋਬਤੀ ਦਾ ਇਕ ਗਵਾਹ ਪ੍ਰਸਿੱਧ ਹਿੰਦੀ ਕਵੀ ਅਸ਼ੋਕ ਵਾਜਪਈ ਸੀ। ਉਹ ਇਸ ਸ਼ਬਦ ‘ਜ਼ਿੰਦਗੀਨਾਮਾ’ ਦੀ ਹੋਂਦ ਤੋਂ ਹੀ ਬਿਲਕੁਲ ਇਨਕਾਰੀ ਸੀ। ਉਹਨੇ ਕਿਹਾ, “ਮੈਂ ਹਿੰਦੀ ਜਾਂ ਉਰਦੂ ਦੇ ਕਿਸੇ ਸ਼ਬਦਕੋਸ਼ ਵਿਚ ਸ਼ਬਦ ‘ਜ਼ਿੰਦਗੀਨਾਮਾ’ ਕਦੀ ਨਹੀਂ ਦੇਖਿਆ। ਮੈਂ ਇਹ ਸ਼ਬਦ ਪਹਿਲੀ ਵਾਰ ਸੋਬਤੀ ਦੇ ਨਾਵਲ ਵਿਚੋਂ ਹੀ ਜਾਣਿਆ। ਮੇਰਾ ਖ਼ਿਆਲ ਹੈ, ਇਹ ਸ਼ਬਦ ਉਸੇ ਨੇ ਹੀ ਘੜਿਆ ਹੈ।”
ਸੋਬਤੀ ਨੇ ਦਲੀਲ ਦਿੱਤੀ, “ਜ਼ਿੰਦਗੀ ਇਸਤਰੀਲੰਿਗ ਹੈ ਤੇ ਨਾਮਾ ਪੁਲੰਿਗ। ਭਾਸ਼ਾਈ ਪਰੰਪਰਾ ਅਜਿਹੇ ਸੁਮੇਲ ਦੀ ਆਗਿਆ ਨਹੀਂ ਦਿੰਦੀ। ਇਸਤਰੀਲੰਿਗ ਤੇ ਪੁਲੰਿਗ ਲਫ਼ਜ਼ਾਂ ਨੂੰ ਮਿਲਾ ਕੇ ਨਵਾਂ ਲਫ਼ਜ਼ ਬਣਾਉਣਾ ਮੇਰੀ ਹੀ ਕਾਢ ਹੈ ਜਿਸ ਕਰਕੇ ਇਸ ਉੱਤੇ ਮੇਰਾ ਕਾਪੀਰਾਈਟ ਹੈ।”
ਜੱਜ ਨੇ ਪਰ ਇਸ ਦਲੀਲ ਇਹ ਕਹਿ ਕੇ ਰੱਦ ਕਰ ਦਿੱਤੀ, “ਜ਼ਿੰਦਗੀ ਤੇ ਨਾਮਾ ਕੋਈ ਜੀਵ ਨਹੀਂ ਜਿਨ੍ਹਾਂ ਨਾਲ ਲੰਿਗ ਜੋੜਿਆ ਜਾ ਸਕੇ। ਨਾਮਾ ਹੋਰ ਲਫ਼ਜ਼ਾਂ ਨਾਲ਼ ਜੋੜਿਆ ਜਾਣ ਵਾਲ਼ਾ ਇਕ ਆਮ ਲਫ਼ਜ਼ ਹੈ ਜਿਵੇਂ ਮੁਹੱਬਤਨਾਮਾ, ਸਫ਼ਰਨਾਮਾ, ਆਦਿ। ਆਮ ਵਰਤੇ ਜਾਂਦੇ ਕਿਸੇ ਇਕਹਿਰੇ ਲਫ਼ਜ਼ ਨੂੰ ਪੁਸਤਕ ਦਾ ਨਾਂ ਬਣਾ ਲਏ ਜਾਣ ਕਾਰਨ ਉਸ ਨਾਲ਼ ਕੋਈ ਰਚਨਾਤਮਿਕਤਾ ਨਹੀਂ ਜੁੜ ਜਾਂਦੀ। ਇਸ ਲਈ ਇਕ ਲਫ਼ਜ਼ ਦੇ ਨਾਂ ਦਾ ਕੋਈ ਕਾਪੀਰਾਈਟ ਨਹੀਂ ਹੋ ਸਕਦਾ।”
ਖ਼ੁਸ਼ਵੰਤ ਸਿੰਘ ਨੇ ਕ੍ਰਿਸ਼ਣਾ ਸੋਬਤੀ ਦੇ ਵਿਰੁੱਧ ਤੇ ਅੰਮ੍ਰਿਤਾ ਦੇ ਪੱਖ ਵਿਚ ਗਵਾਹੀ ਦਿੱਤੀ। ਉਹਨੇ ਗਵਾਹੀ ਹੀ ਨਾ ਦਿੱਤੀ ਸਗੋਂ ਚੰਗੀ ਖਾਸੀ ਰੌਣਕ ਲਾਈ। ਉਹਨੇ ਲਫ਼ਜ਼ ‘ਜ਼ਿੰਦਗੀਨਾਮਾ’ ਦਾ ਸਦੀਆਂ ਤੋਂ ਵਰਤਿਆ ਜਾਣਾ ਦਰਸਾਉਣ ਵਾਸਤੇ ਭਾਈ ਨੰਦ ਲਾਲ ਗੋਯਾ ਦੀ ਲਗਭਗ ਤਿੰਨ ਸਦੀਆਂ ਪਹਿਲਾਂ ਦੀ ਰਚਨਾ ਪੇਸ਼ ਕੀਤੀ ਜਿਸ ਦਾ ਨਾਂ ਰਚਨਾਕਾਰ ਨੇ ‘ਬੰਦਗੀਨਾਮਾ’ ਰੱਖਿਆ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਿੰਦਗੀਨਾਮਾ’ ਕਰ ਦਿੱਤਾ ਸੀ। ਉਹਨੇ ਇਸ ਗੱਲ ਦੇ ਸਬੂਤ ਵਜੋਂ ਬਹੁਤ ਪਹਿਲਾਂ ਦੀ ਛਪੀ ਹੋਈ ਆਪਣੀ ਪ੍ਰਸਿੱਧ ਅੰਗਰੇਜ਼ੀ ਪੁਸਤਕ ‘ਏ ਹਿਸਟਰੀ ਆਫ਼ ਦਿ ਸਿਖਸ’ (ਸਿੱਖ ਇਤਿਹਾਸ) ਵੀ ਪੇਸ਼ ਕੀਤੀ। ਉਹਨੇ ਈਰਾਨੀ ਦੂਤਾਵਾਸ ਦੀ ਲਾਇਬਰੇਰੀ ਵਿਚੋਂ ਲੈ ਕੇ ‘ਜ਼ਿੰਦਗੀਨਾਮਾ’ ਨਾਂ ਵਾਲ਼ੀਆਂ, ਜਾਂ ਜਿਨ੍ਹਾਂ ਦੇ ਨਾਂ ਵਿਚ ਲਫ਼ਜ਼ ‘ਜ਼ਿੰਦਗੀਨਾਮਾ’ ਸ਼ਾਮਲ ਸੀ, ਇਕ ਦਰਜਨ ਤੋਂ ਵੱਧ ਫ਼ਾਰਸੀ ਕਿਤਾਬਾਂ ਦਾ ਥੱਬਾ ਵੀ ਅਦਾਲਤ ਦੇ ਮੇਜ਼ ਉੱਤੇ ਲਿਆ ਰੱਖਿਆ। ਉਹਦਾ ਕਹਿਣਾ ਸੀ, “ਅਜਿਹੇ ਲਫ਼ਜ਼ ਦਾ ਕਿਸੇ ਦਾ ਕਾਪੀਰਾਈਟ ਨਹੀਂ ਹੋ ਸਕਦਾ।”
ਉਹਦੀ ਗਵਾਹੀ ਸੁਣ ਕੇ ਸੋਬਤੀ ਗੁੱਸੇ ਨਾਲ਼ ਭੜਕ ਉੱਠੀ, “ਯੂਅਰ ਆਨਰ, ਇਸ ਬੰਦੇ ਦੇ ਕਹੇ ਹੋਏ ਇਕ ਲਫ਼ਜ਼ ਦਾ ਵੀ ਯਕੀਨ ਨਾ ਕਰੋ। ਇਹ ਧਨਾਡ ਲੇਖਕਾਂ ਦੇ ਉਸੇ ਮਾਫ਼ੀਏ ਵਿਚੋਂ ਹੈ।” ਪਰ ਆਖ਼ਰ ਨੂੰ ਅਦਾਲਤ ਨੇ ਫ਼ੈਸਲਾ ਇਕੱਲੇ ਖ਼ੁਸ਼ਵੰਤ ਸਿੰਘ ਦੀ ਗਵਾਹੀ ਦੇ ਆਧਾਰ ਉੱਤੇ ਦਿੰਦਿਆਂ ਸੋਬਤੀ ਦਾ ਪੱਖ ਰੱਦ ਕਰ ਦਿੱਤਾ।
ਇਕ ਘਟਨਾ ਦਿਲਚਸਪ ਦੇ ਨਾਲ਼-ਨਾਲ਼ ਅਜੀਬ ਵੀ ਵਾਪਰੀ। ਮੁਕੱਦਮੇ ਹੇਠਲੀਆਂ ਅਦਾਲਤਾਂ ਵਿਚੋਂ ਉਤਲੀਆਂ ਵਿਚ ਜਾਂਦੇ ਹਨ ਪਰ ਇਸ ਮਾਮਲੇ ਵਿਚ ਜਨਵਰੀ 2004 ਵਿਚ ਮੁਕੱਦਮਾ ਦਿੱਲੀ ਹਾਈ ਕੋਰਟ ਨੇ ਆਪ ਸੁਣਨ ਦੀ ਥਾਂ ਹੇਠਲੀ ਤੀਸ ਹਜ਼ਾਰੀ ਕੋਰਟ ਵਿਚ ਭੇਜ ਦਿੱਤਾ। ਇਸ ਆਦੇਸ਼ ਦੇ ਨਾਲ਼ ਹੀ ਫ਼ਾਈਲਾਂ ਅਤੇ ਦੋਵਾਂ ਲੇਖਿਕਾਵਾਂ ਦੇ ਸੰਬੰਧਿਤ ਨਾਵਲਾਂ ਦੇ ਖਰੜਿਆਂ ਵਾਲ਼ਾ ਟਰੰਕ ਵੀ ਹੇਠਲੀ ਅਦਾਲਤ ਨੂੰ ਭੇਜ ਦਿੱਤਾ ਗਿਆ। ਪੰਜ ਸਾਲਾਂ ਮਗਰੋਂ, 2009 ਵਿਚ ਤੀਸ ਹਜ਼ਾਰੀ ਕੋਰਟ ਨੂੰ ਟਰੰਕ ਦੀ ਲੋੜ ਪਈ ਤਾਂ ਦੇਖਿਆ, ਟਰੰਕ ਤਾਂ ਕਿਤੇ ਹੈ ਹੀ ਨਹੀਂ ਸੀ! ਉਹ ਪਤਾ ਨਹੀਂ ਕਦੋਂ ਤੇ ਕਿਥੇ ਰਹਿ ਗਿਆ ਸੀ। ਉਸ ਮਗਰੋਂ ਹੇਠਲੀ ਅਦਾਲਤ ਨੇ ਹਾਈ ਕੋਰਟ ਨੂੰ ਕਈ ਵਾਰ ਕਿਹਾ ਕਿ ਟਰੰਕ ਲੱਭ ਕੇ ਉਹਦੇ ਹਵਾਲੇ ਕੀਤਾ ਜਾਵੇ ਪਰ ਹਰ ਵਾਰ ਉੱਤਰ “ਮਿਲਦਾ ਨਹੀਂ” ਹੀ ਦਿੱਤਾ ਗਿਆ।
ਇਸ ਦੌਰਾਨ ਮੁਕੱਦਮੇ ਦੀ ਇਕ ਲੇਖਿਕਾ, ਅੰਮ੍ਰਿਤਾ ਪ੍ਰੀਤਮ ਚਲਾਣਾ ਕਰ ਗਈ ਅਤੇ ਮੁਕੱਦਮਾ ਲੜ ਰਹੇ ਦੋ ਵਕੀਲ ਵੀ ਉਸੇ ਰਾਹ ਤੁਰ ਗਏ। ਸੋਬਤੀ ਨੇ ਮੁਕੱਦਮੇ ਦੇ ਲਟਕਣ ਤੋਂ ਅੱਕ ਕੇ ਕਿਹਾ, “ਹੁਣ ਉਹ ਮੇਰਾ ਮਰਨਾ ਉਡੀਕ ਰਹੇ ਨੇ!… ਮੈਂ ਇਸੇ ਕਹਾਣੀ ਨੂੰ ਅੱਗੇ ਤੋਰਦਿਆਂ ਦੋ ਹੋਰ ਨਾਵਲ ਵਿਉਂਤੇ ਸਨ ਪਰ ਮਾਨਸਿਕ ਪਰੇਸ਼ਾਨੀ ਕਾਰਨ ਉਹ ਲਿਖ ਨਹੀਂ ਸਕੀ। ਉਮੀਦ ਕਰਦੀ ਹਾਂ, ਮੁਕੱਦਮੇ ਦਾ ਫ਼ੈਸਲਾ ਮੇਰੇ ਜਿਉਂਦਿਆਂ-ਜਿਉਂਦਿਆਂ ਹੋ ਜਾਵੇਗਾ ਤਾਂ ਜੋ ਮੈਂ ਰੁਕੇ ਪਏ ਸਾਹਿਤਕ ਕੰਮਾਂ ਵੱਲ ਧਿਆਨ ਦੇ ਸਕਾਂ।” ਜਿਵੇਂ “ਬੰਦਿਆਂ ਨੂੰ ਬਿਰਖ ਬਣਾ ਦੇਣ ਵਾਲ਼ੀਆਂ” ਸਾਡੀਆਂ ਅਦਾਲਤਾਂ ਵਿਚ ਹੁੰਦਾ ਹੀ ਹੈ, ਫ਼ੈਸਲਾ 25 ਸਾਲ ਮਗਰੋਂ, 2011 ਵਿਚ, ਭਾਵ ਅੰਮ੍ਰਿਤਾ ਦੇ ਸਵਰਗਵਾਸ ਤੋਂ ਛੇ ਸਾਲ ਮਗਰੋਂ ਉਸ ਦੇ ਪੱਖ ਵਿਚ ਹੋਇਆ।
ਮੁਕੱਦਮਾ ਜ਼ਿੰਦਗੀਨਾਮਾ ਜਮ੍ਹਾਂ ਫੋਨ ਪਟਕਣ ਕਾਰਨ ਹੋਇਆ ਸੋ ਹੋਇਆ ਪਰ ਸੋਬਤੀ ਨੇ ਅੰਮ੍ਰਿਤਾ ਦੇ ਉਲਟ ਦਿਲ ਵਿਚ ਕੋਈ ਘਰੋੜ ਨਹੀਂ ਸੀ ਰੱਖੀ ਹੋਈ। ਅੰਮ੍ਰਿਤਾ ਦੀ ਮੌਤ ਪਿੱਛੋਂ ਖ਼ੁਸ਼ਵੰਤ ਸਿੰਘ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਆਪਣੀ ਆਦਤ ਅਨੁਸਾਰ ਉਹਦੀ ਸੁੰਦਰਤਾ ਤੇ ਉਹਦੇ ਪ੍ਰੇਮੀਆਂ ਦਾ ਜ਼ਿਕਰ ਕਰਨ ਮਗਰੋਂ ਇਮਰੋਜ਼ ਦੀ ਪਿਆਰ-ਕਹਾਣੀ ਨੂੰ ਇਹ ਲਿਖ ਕੇ ਅੰਤਲੇ ਦਿਨਾਂ ਤੱਕ ਛੁਟਿਆ ਦਿੱਤਾ ਕਿ ਉਹ ਉਹਨੂੰ ਖੁਆਉਂਦਾ-ਪਿਆਉਂਦਾ ਸੀ, ਉਹਦੇ ਕੱਪੜੇ ਬਦਲਦਾ ਸੀ ਤੇ ਉਹਦੇ ਸਰੀਰ ਨੂੰ ਸਾਫ਼ ਰਖਦਾ ਸੀ। ਕ੍ਰਿਸ਼ਣਾ ਸੋਬਤੀ ਨੇ ਇਸ ਹੋਛੀ ਗੱਲ ਉੱਤੇ ਸਖ਼ਤ ਇਤਰਾਜ ਕੀਤਾ ਅਤੇ ਕਿਹਾ, “ਇਹੋ ਜਿਹੀਆਂ ਤੱੁਛ ਗੱਲਾਂ ਦੀ ਥਾਂ ਲੇਖਿਕਾ ਦੀ ਸਾਹਿਤ ਨੂੰ ਦੇਣ ਦਾ ਮੁੱਲਾਂਕਣ ਹੋਣਾ ਚਾਹੀਦਾ ਸੀ।”
ਅੰਮ੍ਰਿਤਾ ਤੋਂ ਛੇ ਸਾਲ ਮਗਰੋਂ ਮੁਕੱਦਮਾ ਮੁੱਕੇ ਤੋਂ ਵੀ ਸੋਬਤੀ ਨੇ ਕਵਿੱਤਰੀ ਵਜੋਂ ਉਹਦੀ ਪ੍ਰਸੰਸਾ ਕੀਤੀ। ਇਕ ਪੱਤਰਕਾਰ ਨਾਲ਼ ਗੱਲ ਕਰਦਿਆਂ ਉਹਨੇ ਕਿਹਾ, “ਮੁਕੱਦਮਾ ਏਨਾ ਲੰਮਾ ਚਲਿਆ ਕਿ ਮਖੌਲ ਬਣ ਕੇ ਰਹਿ ਗਿਆ। ਇਹ ਇਕ ਅਜੀਬ ਮੁਕੱਦਮਾ ਸੀ ਜੋ ਹਾਈ ਕੋਰਟ ਤੋਂ ਜ਼ਿਲਾ ਕੋਰਟ ਵਿਚ ਪਹੁੰਚਿਆ, ਨਹੀਂ ਤਾਂ ਮੁਕੱਦਮੇ ਜ਼ਿਲਾ ਕੋਰਟ ਤੋਂ ਹਾਈ ਕੋਰਟ ਜਾਂਦੇ ਹਨ। ਮੈਂ ਅਦਾਲਤਾਂ ਬਾਰੇ ਤੇ ਉਨ੍ਹਾਂ ਦੇ ਕੰਮਕਾਜ ਬਾਰੇ ਕਾਫ਼ੀ ਕੁਝ ਜਾਣਿਆ। ਇਸ ਵਿਚ ਮੇਰਾ ਬੜਾ ਜ਼ੋਰ ਲਗਿਆ ਪਰ ਇਸ ਕਾਰਵਾਈ ਨੇ ‘ਦਿਲੋ ਦਾਨਿਸ਼’ ਵਰਗਾ ਨਾਵਲ ਵੀ ਦਿੱਤਾ ਜਿਸ ਦੇ ਪਲਾਟ ਦੇ ਕੇਂਦਰ ਵਿਚ ਇਨਸਾਫ਼ ਦਾ ਮੁੱਦਾ ਹੈ। ਮੈਂ ਅੰਮ੍ਰਿਤਾ ਨੂੰ ਹਮੇਸ਼ਾ ਹੀ ਪਸੰਦ ਕਰਦੀ ਰਹੀ ਹਾਂ ਤੇ ਕਵਿੱਤਰੀ ਵਜੋਂ ਉਹਦੀ ਕਦਰ ਕਰਦੀ ਰਹੀ ਹਾਂ। ਪਰ ਇਹ ਅਸੂਲ ਦੀ ਲੜਾਈ ਸੀ ਕਿਉਂਕਿ ‘ਜ਼ਿੰਦਗੀਨਾਮਾ’ ਮੇਰੀ ਬਹੁਤ ਵੱਡੀ ਬੌਧਿਕ ਸੰਪਤੀ ਹੈ।”
ਵੈਸੇ ਕ੍ਰਿਸ਼ਣਾ ਸੋਬਤੀ ਅਤੇ ਅੰਮ੍ਰਿਤਾ ਪ੍ਰੀਤਮ ਦਾ ਮੁਕੱਦਮਾ ਕੋਈ ਅਲੋਕਾਰ ਗੱਲ ਨਹੀਂ ਸੀ। ਇਨ੍ਹਾਂ ਨਾਲੋਂ ਵੀ ਵੱਡੇ ਲੇਖਕ ਇਨ੍ਹਾਂ ਨਾਲੋਂ ਵੀ ਭੈੜੀ ਤਰ੍ਹਾਂ ਝਗੜਦੇ ਰਹੇ ਹਨ। ਮਿਸਾਲ ਵਜੋਂ, 19ਵੀਂ ਸਦੀ ਦੇ ਤਿੰਨ ਸੱਚਮੁੱਚ ਦੇ ਮਹਾਨ ਰੂਸੀ ਲੇਖਕਾਂ, ਲਿਉ ਤਾਲਸਤਾਇ, ਫ਼ਿਉਦਰ ਦੋਸਤੋਇਵਸਕੀ ਅਤੇ ਈਵਾਨ ਤੁਰਗਨੇਵ ਨੇ ਖੁੱਲ੍ਹੇ-ਆਮ ਲੜਾਈ-ਝਗੜਾ ਕੀਤਾ, ਇਕ ਦੂਜੇ ਨੂੰ ਮਿਹਣੇ ਮਾਰੇ, ਇਕ ਦੂਜੇ ਨੂੰ ਗਾਲ਼ਾਂ ਦਿੱਤੀਆਂ ਤੇ ਫੇਰ ਇਕ ਦੂਜੇ ਨਾਲ਼ ਵੀਹ ਸਾਲ ਬੋਲ-ਬਾਣੀ ਬੰਦ ਰੱਖੀ!
ਸ਼ਖ਼ਸੀਅਤ ਵਜੋਂ ਤੇ ਲੇਖਿਕਾ ਵਜੋਂ ਕ੍ਰਿਸ਼ਣਾ ਸੋਬਤੀ ਦਾ ਕੋਈ ਜਵਾਬ ਨਹੀਂ ਸੀ। ਸੁਭਾਅ ਦੀ ਨਿਰਮਲ-ਚਿੱਤ ਤੇ ਕਲਮ ਦੀ ਸਵੈਮਾਣੀ। ਹਿੰਦੀ ਵਿਚ ਲਿਖ ਕੇ ਪੰਜਾਬੀਅਤ ਨੂੰ ਹਿੰਦੀ ਸਾਹਿਤ-ਜਗਤ ਵਿਚ ਘਰ-ਘਰ ਪੁਜਦਾ ਕਰਨ ਦਾ ਕਾਰਨਾਮਾ ਉਹ ਹੀ ਕਰ ਸਕਦੀ ਸੀ। ਵਿੱਛੜੀ ਰੂਹ ਦੀਆਂ ਯਾਦਾਂ ਰਹਿ ਜਾਂਦੀਆਂ ਹਨ। ਜੇ ਉਹ ਸਾਹਿਤਕਾਰ ਹੋਵੇ ਤਾਂ ਯਾਦਾਂ ਦੇ ਨਾਲ਼-ਨਾਲ਼ ਉਸ ਦੀਆਂ ਰਚਨਾਵਾਂ ਵੀ ਰਹਿ ਜਾਂਦੀਆਂ ਹਨ ਜੋ ਸਦਾ ਵਾਸਤੇ ਨਾ ਸਹੀ, ਲੰਮੇ ਸਮੇਂ ਤੱਕ ਉਸ ਦੀ ਨਿਸ਼ਾਨੀ ਬਣੀਆਂ ਰਹਿੰਦੀਆਂ ਹਨ!