ਵਡਾ ਆਪਿ ਵਡੀ ਵਡਿਆਈ

ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਕੂੰਜੀ’ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਬਹੁਤ ਹੀ ਸੰਖੇਪ ਲਫ਼ਜ਼ਾਂ ਵਿਚ ਪ੍ਰੰਤੂ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਹੋਈ ਹੈ।

ਸੱਤਵੀਂ ਵਾਰ ਦੀ ਇਸ ਸੋਲ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਗੁਰਮਤਿ ਸਿਧਾਂਤ ਅਨੁਸਾਰ ਪਰਮ-ਹਸਤੀ ਬ੍ਰਹਮ ਅਰਥਾਤ ਕਰਤਾ-ਪੁਰਖ ਦਾ ਵਰਣਨ ਕਰ ਰਹੇ ਹਨ ਕਿ ਉਹ ਪਰਮ ਸ਼ਕਤੀ ਵੇਦਾਂ ਅਤੇ ਸਾਮੀ ਧਰਮ-ਗ੍ਰੰਥਾਂ ਤੋਂ ਵੀ ਪਰੇ ਦੀ ਹਸਤੀ ਹੈ ਅਰਥਾਤ ਉਹ ਪਰਮ ਸ਼ਕਤੀ ਇਨ੍ਹਾਂ ਧਾਰਮਿਕ ਪੁਸਤਕਾਂ ਵਿਚ ਕੀਤੇ ਵਰਣਨ ਤੱਕ ਸੀਮਤ ਨਹੀਂ ਹੈ; ਉਹ ਪਰੇ ਤੋਂ ਪਰੇ ਹੈ, ਜਿਸ ਨੂੰ ਸਮੁੱਚਤਾ ਵਿਚ ਲਿਖਿਆ ਨਹੀਂ ਜਾ ਸਕਦਾ, ਉਹ ਕਹਿਣ-ਸੁਣਨ ਅਤੇ ਦਿਸਦੇ ਤੋਂ ਪਰੇ, ਅਪ੍ਰੰਪਰ ਹੈ।
ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ਵੀ ਉਸ ਦੀ ਬੇਅੰਤਤਾ ਅਤੇ ਅਪ੍ਰੰਪਰਤਾ ਦਾ ਵਰਣਨ ਕਰਦਿਆਂ ਉਸ ਨੂੰ “ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ” ਕਿਹਾ ਹੈ। ਪੰਚਮ ਪਾਤਿਸ਼ਾਹ ਅਨੁਸਾਰ ਉਹ ਪਰਮਸਤਿ ਵੇਦ, ਕਤੇਬ ਅਤੇ ਬ੍ਰਹਮੰਡ ਆਦਿ ਦੇ ਅੰਦਰ ਹੀ ਨਹੀਂ ਸਮਾਇਆ ਹੋਇਆ, ਇਨ੍ਹਾਂ ਦੇ ਬਿਆਨ ਤੱਕ ਹੀ ਮਹਿਦੂਦ ਨਹੀਂ ਹੈ ਬਲਕਿ ਬਹੁਤ ਵਿਸ਼ਾਲ ਹੈ ਅਤੇ ਇਨ੍ਹਾਂ ਦੀਆਂ ਹੱਦਬੰਦੀਆਂ ਤੋਂ ਪਰੇ ਬੇਅੰਤਤਾ ਵਿਚ ਪ੍ਰਕਾਸ਼ਮਾਨ ਹੈ। ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਉਸ ਦਾ ਰੂਪ ਅਸਚਰਜ, ਵਿਸ਼ਾਲ ਅਤੇ ਰਹੱਸਾਤਮਕ ਹੈ, ਜੋ ਗਿਆਨ ਇੰਦ੍ਰੀਆਂ ਦੀ ਪਹੁੰਚ ਤੋਂ ਉਪਰ ਹੈ ਅਰਥਾਤ ਉਸ ਦੇ ਸਰੂਪ ਨੂੰ ਗਿਆਨ ਇੰਦ੍ਰੀਆਂ ਰਾਹੀਂ ਦ੍ਰਿਸ਼ਟੀਗੋਚਰ ਕਰਨਾ ਸੰਭਵ ਨਹੀਂ ਹੈ। ਉਸ ਦੇ ਇੱਕ ਹੁਕਮ ਨਾਲ ਇਸ ਸਾਰੇ ਬ੍ਰਹਮੰਡ ਦਾ ਪਾਸਾਰ ਹੋਇਆ ਹੈ ਜਿਸ ਦੀ ਬੇਅੰਤਤਾ ਨੂੰ ਕਿਸੇ ਤਰ੍ਹਾਂ ਨਾਲ ਵੀ ਮਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੁਦਰਤਿ ਨੂੰ ਮਿਣਿਆ, ਤੋਲਿਆ ਨਹੀਂ ਜਾ ਸਕਦਾ। ਭਾਈ ਗੁਰਦਾਸ ਦੇ ਕਥਨ ਦੀ ਪ੍ਰੋੜਤਾ ਗੁਰੂ ਨਾਨਕ ਸਾਹਿਬ ਦੇ ਉਸ ਫ਼ਰਮਾਨ ਤੋਂ ਹੋ ਜਾਂਦੀ ਹੈ ਜਦੋਂ ਉਹ ਕਰਤਾ ਪੁਰਖ ਵੱਲੋਂ ਇਸ ਬ੍ਰਹਮੰਡੀ ਪਾਸਾਰ ਦੀ ਗੱਲ ਕਰਦਿਆਂ ਜਪੁਜੀ ਵਿਚ ਹੀ ਫ਼ਰਮਾਉਂਦੇ ਹਨ, “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥” ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਉਸ ਪਾਰਬ੍ਰਹਮ ਦੀ ਵਿਆਖਿਆ ਕਰ ਸਕਣੀ ਸੰਭਵ ਨਹੀਂ ਹੈ ਅਤੇ ਮਨੁੱਖ ਉਸ ਤੱਕ ਪਹੁੰਚਣ ਲਈ ਆਪਣੀ ਸੁਰਤਿ ਦੀ ਸ਼ਬਦ ਨਾਲ ਲਿਵ ਲਾਉਂਦਿਆਂ ਥੱਕ ਗਿਆ ਹੈ ਪ੍ਰੰਤੂ ਉਸ ਦੀ ਥਾਹ ਨਹੀਂ ਪਾ ਸਕਿਆ। ਉਹ ਮਨ, ਬਚਨ, ਕਰਮ, ਸਿਆਣਪ ਅਤੇ ਬੁੱਧੀ ਆਦਿ ਸਾਰੇ ਅਮਲਾਂ ਦੀ ਪਕੜ ਤੋਂ ਪਰੇ ਹੈ। ਕਹਿਣ ਤੋਂ ਭਾਵ ਹੈ ਕਿ ਮਨੁੱਖ ਦੀਆਂ ਗਿਆਨ ਇੰਦ੍ਰੀਆਂ ਅਤੇ ਕਰਮ ਇੰਦ੍ਰੀਆਂ ਆਦਿ ਉਸ ਕਰਤਾ ਪੁਰਖ ਦੀ ਪੂਰੀ ਤਰ੍ਹਾਂ ਥਾਹ ਨਹੀਂ ਪਾ ਸਕਦੀਆਂ ਅਤੇ ਇਹ ਸਾਰੇ ਅਮਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਥੱਕ ਗਏ ਹਨ। ਉਹ ਅਛਲ, ਅਛੇਦ ਅਤੇ ਅਭੇਦ ਹੈ; ਉਸ ਨੂੰ ਛਲਿਆ ਨਹੀਂ ਜਾ ਸਕਦਾ, ਉਹ ਸਮੇਂ ਦੇ ਬੰਧਨਾਂ ਤੋਂ ਉਤੇ ਅਤੇ ਅਦਵੈਤ ਹੈ ਪ੍ਰੰਤੂ ਇਸ ਦੇ ਨਾਲ ਹੀ ਉਹ ਆਪਣੇ ਭਗਤਾਂ `ਤੇ ਮਿਹਰ ਕਰਦਾ ਹੈ ਅਤੇ ਸਤਿਸੰਗਤ ਵਿਚ ਵਸਦਾ ਹੈ। ਉਸ ਦਾ ਅਨੁਭਵ ਸਤਿਸੰਗਤ ਵਿਚ ਜਾ ਕੇ ਉਸ ਦੀ ਭਗਤੀ ਕੀਤਿਆਂ ਉਸ ਦੀ ਮਿਹਰ ਦੇ ਪਾਤਰ ਬਣਿਆ ਜਾ ਸਕਦਾ ਹੈ। ਉਹ ਆਪ ਮਹਾਨ ਅਤੇ ਬੇਅੰਤ ਹੈ; ਉਸ ਦੀ ਉਪਮਾ ਵੀ ਮਹਾਨ ਅਤੇ ਬੇਅੰਤ ਹੈ:
ਵੇਦ ਕਤੇਬਹੁ ਬਾਹਰਾ ਲੇਖ ਅਲੇਖ ਨ ਲਖਿਆ ਜਾਈ।
ਰੂਪੁ ਅਨੂਪੁ ਅਚਰਜੁ ਹੈ ਦਰਸਨੁ ਦ੍ਰਿਸਟਿ ਅਗੋਚਰ ਭਾਈ।
ਇਕੁ ਕਵਾਉ ਪਸਾਉ ਕਰਿ ਤੋਲੁ ਨ ਤੁਲਾਧਾਰ ਨ ਸਮਾਈ।
ਕਥਨੀ ਬਦਨੀ ਬਾਹਰਾ ਥਕੈ ਸਬਦੁ ਸੁਰਤਿ ਲਿਵ ਲਾਈ।
ਮਨ ਬਚ ਕਰਮ ਅਗੋਚਰਾ ਮਤਿ ਬੁਧਿ ਸਾਧਿ ਸੋਝੀ ਥਕਿ ਪਾਈ।
ਅਛਲ ਅਛੇਦ ਅਭੇਦ ਹੈ ਭਗਤਿ ਵਛਲੁ ਸਾਧਸੰਗਤਿ ਛਾਈ।
ਵਡਾ ਆਪਿ ਵਡੀ ਵਡਿਆਈ॥16॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦੇ ਸੁਖਫਲ ਦਾ ਜ਼ਿਕਰ ਕਰਦੇ ਹੋਏ ਜੰਗਲ ਵਿਚ ਉੱਗੇ ਬਿਰਛਾਂ, ਬੂਟਿਆਂ ਦੇ ਹਵਾਲੇ ਨਾਲ ਦੱਸਦੇ ਹਨ ਕਿ ਦੂਰ ਬੀਆਵਾਨ ਜੰਗਲਾਂ ਵਿਚ ਉੱਗੀ ਹੋਈ ਬਨਸਪਤੀ ਅਣਗੌਲੀ ਹੁੰਦੀ ਹੈ, ਜੰਗਲ ਵਿਚ ਉੱਗੇ ਕੁਦਰਤੀ ਖ਼ਜ਼ਾਨਿਆਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਮਾਲੀ ਉਸ ਵੰਨ-ਸੁਵੰਨੀ ਉੱਗੀ ਹੋਈ ਬਨਸਪਤੀ ਵਿਚੋਂ ਚੁਣ ਚੁਣ ਕੇ ਕੁੱਝ ਬੂਟੇ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਰਾਜਿਆਂ-ਮਹਾਰਾਜਿਆਂ ਦੇ ਬਾਗ-ਬਗੀਚਿਆਂ ਵਿਚ ਲਾ ਦੇਂਦਾ ਹੈ। ਫਿਰ ਉਨ੍ਹਾਂ ਨੂੰ ਸਿੰਜ ਸਿੰਜ ਕੇ ਪਾਲਦਾ ਹੈ ਅਤੇ ਵਿਚਾਰਵਾਨ ਮਨੁੱਖ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਰੁੱਤ ਆਉਣ `ਤੇ ਉਹ ਬੂਟੇ ਸਫਲ ਹੋ ਜਾਂਦੇ ਹਨ, ਫਲ ਪੈਂਦਾ ਹੈ ਅਤੇ ਉਹ ਰਸਦਾਰ ਫਲ ਦਿੰਦੇ ਹਨ। ਬੂਟੇ ਦੇ ਆਪਣੇ ਆਪ ਵਿਚ ਕੋਈ ਸੁਆਦ-ਸੁਗੰਧ ਜਾਂ ਰਸ ਨਹੀਂ ਹੁੰਦਾ ਪ੍ਰੰਤੂ ਫਲ ਰਸ ਅਤੇ ਸੁਗੰਧ ਦਾ ਭਰਿਆ ਹੁੰਦਾ ਹੈ। ਇਸ ਉਦਾਹਰਣ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਜਗਤ ਵਿਚ ਪੂਰਨ ਬ੍ਰਹਮ ਅਰਥਾਤ ਕਰਤਾ ਪੁਰਖ ਗੁਰਮੁਖਾਂ ਦੀ ਸਤਿਸੰਗਤਿ ਵਿਚ ਵਸਦਾ ਹੈ। ਉਨ੍ਹਾਂ ਬੂਟਿਆਂ ਵਾਂਗ ਹੀ ਗੁਰਮੁਖਿ ਆਪ ਇਸ ਸੰਸਾਰ ਵਿਚ ਸੁਖਫਲ ਦੇਣ ਵਾਲੇ ਹਨ। ਕਹਿਣ ਤੋਂ ਭਾਵ ਹੈ ਕਿ ਗੁਰਮੁਖਾਂ ਦੀ ਸੰਗਤਿ ਵਿਚ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਰੂਹਾਨੀ ਸੁਖ ਸਾਧਸੰਗਤਿ ਵਿਚ ਪ੍ਰਾਪਤ ਹੁੰਦਾ ਹੈ। ਇਸੇ ਸਬੰਧ ਵਿਚ ਗੁਰੂ ਅਮਰਦਾਸ ਜੀ ਨੇ ਫ਼ਰਮਾਇਆ ਹੈ, “ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ॥” ਸਿੱਖ ਧਰਮ-ਚਿੰਤਨ ਵਿਚ ਗੁਰਮੁਖਿ ਗੁਰੂ ਦੇ ਦੱਸੇ ਰਸਤੇ `ਤੇ ਚੱਲਣ ਵਾਲੇ ਨੂੰ, ਗੁਰੂ ਦੀ ਸਿੱਖਿਆ ਦਾ ਅਨੁਸਾਰੀ ਹੋਣ ਵਾਲੇ ਨੂੰ ਕਿਹਾ ਹੈ ਅਤੇ ਗੁਰਮੁਖਾਂ ਦੀ ਸੰਗਤਿ ਵਿਚ ਨਾਮ ਦੀ ਪਛਾਣ ਹੁੰਦੀ ਹੈ, ਜਿਵੇਂ ਭਾਈ ਗੁਰਦਾਸ ਦਾ ਫ਼ਰਮਾਨ ਹੈ:
ਵਣ ਵਣ ਵਿਚਿ ਵਣਾਸਪਤਿ ਰਹੈ ਉਜਾੜਿ ਅੰਦਰਿ ਅਵਸਾਰੀ।
ਚੁਣਿ ਚੁਣਿ ਆਂਜਨਿ ਬੂਟੀਆ ਪਤਿਸਾਹੀ ਬਾਗੁ ਲਾਇ ਸਵਾਰੀ।
ਸਿੰਜਿ ਸਿੰਜਿ ਬਿਰਖ ਵਡੀਰੀਅਨਿ ਸਾਰਿ ਸਮ੍ਹਾਲਿ ਕਰਨ ਵੀਚਾਰੀ।
ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲੁ ਅੰਮ੍ਰਿਤ ਰਸੁ ਭਾਰੀ।
ਬਿਰਖਹੁ ਸਾਉ ਨ ਆਵਈ ਫਲ ਵਿਚਿ ਸਾਉ ਸੁਗੰਧਿ ਸੰਜਾਰੀ।
ਪੂਰਨ ਬ੍ਰਹਮ ਜਗਤ੍ਰ ਵਿਚਿ ਗੁਰਮੁਖਿ ਸਾਧਸੰਗਤਿ ਨਿਰੰਕਾਰੀ।
ਗੁਰਮੁਖਿ ਸੁਖ ਫਲੁ ਅਪਰ ਅਪਾਰੀ॥17॥
ਅਠਾਰਵੀਂ ਪਉੜੀ ਵਿਚ ਭਾਈ ਗੁਰਦਾਸ ਆਕਾਸ਼ ਦੀ ਅਸੀਮਤਾ ਦਾ ਜ਼ਿਕਰ ਕਰਦੇ ਹਨ ਕਿ ਅਸਮਾਨ ਅੱਖਾਂ ਨੂੰ ਨਜ਼ਰ ਆਉਂਦਾ ਹੈ ਪ੍ਰੰਤੂ ਇਸ ਦੇ ਹੱਦ-ਬੰਨ੍ਹੇ ਕਿੱਥੇ ਹਨ ਕੋਈ ਨਹੀਂ ਦੱਸ ਸਕਦਾ। ਇਸ ਦੀ ਉਚਾਈ ਨਜ਼ਰ ਆਉਂਦੀ ਹੈ ਪ੍ਰੰਤੂ ਇਹ ਕਿੰਨਾ ਉੱਚਾ ਹੈ, ਇਸ ਦਾ ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਪੰਛੀ ਇਸ ਵਿਚ ਉੱਚੀਆਂ ਉਡਾਰੀਆਂ ਲਾਉਂਦੇ ਹਨ, ਅਨਿਲ ਮਨਲ ਵਰਗੇ ਪੰਖੇਰੂ ਹਮੇਸ਼ਾ ਆਕਾਸ਼ ਵਿਚ ਹੀ ਉਡਦੇ ਰਹਿੰਦੇ ਹਨ ਪਰ ਉਹ ਵੀ ਇਸ ਦੇ ਰਹੱਸ ਨੂੰ ਨਹੀਂ ਜਾਣ ਸਕਦੇ। ਇਸ ਦਾ ਅਰੰਭ ਕਿੱਥੋਂ ਅਤੇ ਕਿਵੇਂ ਹੋਇਆ ਅਤੇ ਇਸ ਦਾ ਅੰਤ ਕਿੱਥੇ ਹੈ ਕੋਈ ਵੀ ਨਹੀਂ ਲੱਭ ਸਕਿਆ ਅਤੇ ਸਭ ਇਸ ਦੀ ਅਸਚਰਜਤਾ ਤੋਂ ਹੈਰਾਨ ਹਨ। ਭਾਈ ਗੁਰਦਾਸ ਕਹਿੰਦੇ ਹਨ ਕਿ ਉਸ ਕਾਦਰ ਦੀ ਕੁਦਰਤਿ ਤੋਂ ਕੁਰਬਾਨ ਜਾਈਏ ਜੋ ਅਣਮਿਣਤ ਅਤੇ ਬੇਅੰਤ ਹੈ। ਲੱਖਾਂ ਅਸਮਾਨ ਵੀ ਉਸ ਕਾਦਰ ਦੀ ਸ਼ਾਨ ਨੂੰ ਬਿਆਨ ਨਹੀਂ ਕਰ ਸਕਦੇ ਅਰਥਾਤ ਉਹ ਏਨਾ ਅਸੀਮ ਅਤੇ ਅਦਭੁੱਤ ਹੈ ਕਿ ਉਸ ਦੀ ਇਹ ਅਣਮਿਣਤ ਕੁਦਰਤਿ ਵੀ ਉਸ ਦੀ ਸ਼ਾਨ ਨੂੰ ਬਿਆਨ ਨਹੀਂ ਕਰ ਸਕਦੀ। ਏਨਾ ਅਕੱਥ ਅਤੇ ਅਸੀਮ ਹੋਣ `ਤੇ ਵੀ ਉਸ ਪਾਰਬ੍ਰਹਮ, ਕਰਤਾ ਪੁਰਖ ਦਾ ਨਿਵਾਸ ਸਾਧਸੰਗਤਿ ਵਿਚ ਹੈ, ਉਹ ਗੁਰਮੁਖਾਂ ਦੀ ਸੰਗਤਿ ਵਿਚ ਵੱਸਦਾ ਹੈ। ਉਸ ਦੀ ਪਛਾਣ ਉਸ ਦਾ ਉਹ ਮੁਰੀਦ ਹੀ ਕਰ ਸਕਦਾ ਹੈ ਜੋ ਆਪਣੇ ਅੰਦਰੋਂ ਆਪਾ-ਭਾਵ ਅਰਥਾਤ ਹਉਮੈ ਨੂੰ ਮਾਰ ਲੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਹੀ ਹਉਮੈ ਨੂੰ “ਕੂੜੈ ਪਾਲਿ” ਕਿਹਾ ਹੈ ਜੋ ‘ਸਚਿਆਰ’ ਪਦ ਦੀ ਪ੍ਰਾਪਤੀ ਦੇ ਰਸਤੇ ਵਿਚ ਉਸਰੀ ਹੋਈ ਕੰਧ ਹੈ। ਗੁਰੂ ਅਮਰਦਾਸ ਨੇ ਬਚਨ ਕੀਤਾ ਹੈ ਕਿ ਜਿੱਥੇ ਹਉਮੈ ਹੈ ਉਥੇ ਨਾਮ ਦਾ ਨਿਵਾਸ ਨਹੀਂ ਹੋ ਸਕਦਾ ਕਿਉਂਕਿ ਹਉਮੈ ਦਾ ਨਾਮ ਨਾਲ ਵਿਰੋਧ ਹੈ, “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥” ਇਸ ਲਈ ਕਰਤਾ ਪੁਰਖ ਦੀ ਪਛਾਣ ਕਰਨ ਲਈ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਨਾ ਪੈਂਦਾ ਹੈ, ‘ਮੈਂ, ਮੇਰੀ’ ਦਾ ਤਿਆਗ ਕਰਨਾ ਪੈਂਦਾ ਹੈ:
ਅੰਬਰੁ ਨਦਰੀ ਆਂਵਦਾ ਕੇਵਡੁ ਵਡਾ ਕੋਇ ਨ ਜਾਣੈ।
ਉਚਾ ਕੇਵਡੁ ਆਖੀਐ ਸੁੰਨ ਸਰੂਪ ਨ ਆਖਿ ਵਖਾਣੈ।
ਲੈਨਿ ਉਡਾਰੀ ਪੰਖਣੂ ਅਨਲ ਮਨਲ ਉਡਿ ਖਬਰਿ ਨ ਆਣੈ।
ਓੜਿਕੁ ਮੂਲਿ ਨ ਲਭਈ ਸਭੇ ਹੋਇ ਫਿਰਨਿ ਹੈਰਾਣੈ।
ਲਖ ਅਗਾਸ ਨ ਅਪੜਨਿ ਕੁਦਰਤਿ ਕਾਦਰੁ ਨੋ ਕੁਰਬਾਣੈ।
ਪਾਰਬ੍ਰਹਮ ਸਤਿਗੁਰ ਪੁਰਖ ਸਾਧਸੰਗਤਿ ਵਾਸਾ ਨਿਰਬਾਣੈ।
ਮੁਰਦਾ ਹੋਇ ਮੁਰੀਦੁ ਸਿਞਾਣੈ॥18॥
ਇਸ ਤੋਂ ਅੱਗੇ ਭਾਈ ਗੁਰਦਾਸ ਬਿਆਨ ਕਰਦੇ ਹਨ ਕਿ ਗੁਰੂ ਉਸ ਪੂਰਨ ਬ੍ਰਹਮ ਦਾ ਹੀ ਸਰੂਪ ਹੈ, ਉਸੇ ਦੀ ਮੂਰਤ ਹੈ ਜੋ ਹਰ ਇੱਕ ਸਰੀਰ ਦੇ ਅੰਦਰ ਉਸੇ ਤਰ੍ਹਾਂ ਪ੍ਰਕਾਸ਼ ਕਰ ਰਿਹਾ ਹੈ ਜਿਵੇਂ ਸੂਰਜ ਕਰਦਾ ਹੈ। ਕਹਿਣ ਤੋਂ ਭਾਵ ਹੈ ਕਿ ਹਰ ਇੱਕ ਸਰੀਰ ਅੰਦਰ ਉਸ ਅਕਾਲ ਪੁਰਖ ਦੀ ਜੋਤਿ ਜਗ ਰਹੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਦੱਸਿਆ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਜਿਸ ਤਰ੍ਹਾਂ ਕੰਵਲ ਦੇ ਫੁੱਲ ਨੂੰ ਸੂਰਜ ਨਾਲ ਪ੍ਰੇਮ ਹੁੰਦਾ ਹੈ, ਉਸੇ ਤਰ੍ਹਾਂ ਗੁਰਮੁਖ ਆਪਣੀ ਪ੍ਰੇਮਾ-ਭਗਤੀ ਰਾਹੀਂ ਉਸ ਕਰਤਾ ਪੁਰਖ ਨੂੰ ਬੁੱਝ ਲੈਂਦਾ ਹੈ। ਗੁਰੂ ਦਾ ਸ਼ਬਦ ਹੀ ਬ੍ਰਹਮ ਹੈ ਜੋ ਸਾਰਿਆਂ ਅੰਦਰ ਸਦਗੁਣਾਂ ਦੀ ਗੁੱਝੀ ਅੰਮ੍ਰਿਤ ਧਾਰਾ ਬਣ ਕੇ ਸਾਰਿਆਂ ਦੇ ਅੰਦਰ ਇਕਰਸ ਹੋ ਕੇ ਅੰਤਰੀਵੀ ਵਰਸ ਰਿਹਾ ਹੈ। ਇਸ ਗੁਣਾਂ ਦੀ ਧਾਰਾ ਕਾਰਨ ਹੀ ਬ੍ਰਿਛ ਅਤੇ ਬੂਟੇ ਉਗਦੇ, ਵਧਦੇ-ਫੁੱਲਦੇ ਹਨ ਅਤੇ ਫਲ-ਫੁੱਲ ਦਿੰਦੇ ਹਨ ਅਤੇ ਚੰਦਨ ਵਿਚ ਖੁਸ਼ਬੂ ਪੈਂਦੀ ਅਤੇ ਚਾਰ-ਚੁਫੇਰੇ ਫੈਲਦੀ ਹੈ। ਭਾਵੇਂ ਕੁੱਝ ਕੁ ਬੂਟਿਆਂ ਨੂੰ ਫਲ ਜਾਂ ਫੁੱਲ ਪੈਂਦੇ ਹਨ ਅਤੇ ਕਈਆਂ ਨੂੰ ਨਹੀਂ ਵੀ ਪੈਂਦੇ ਪ੍ਰੰਤੂ ਸਭ ਹੀ ਸਮਦਰਸੀ ਹਨ, ਕਿਸੇ ਕਿਸਮ ਦੇ ਪੱਖ-ਪਾਤ ਤੋਂ ਰਹਿਤ ਹਨ; ਕਿਸੇ ਅੰਦਰ ਵੀ ਮੋਹ, ਧਰੋਹ ਅਤੇ ਦੁਬਿਧਾ ਨਹੀਂ ਹੈ ਜੋ ਉਨ੍ਹਾਂ ਦੇ ਦੁੱਖ ਦਾ ਕਾਰਨ ਬਣੇ। ਗੁਰੂ ਦੀ ਸਿੱਖਿਆ `ਤੇ ਚੱਲਣ ਵਾਲੇ ਵਿਅਕਤੀ ਜੀਵਨ-ਮੁਕਤ ਪਦ ਦੀ ਪ੍ਰਾਪਤੀ ਅਤੇ ਪਰਮ ਅਨੰਦ ਦੀ ਅਵਸਥਾ ਪਰਮਾਤਮਾ ਦੀ ਪ੍ਰੇਮ-ਭਗਤੀ ਰਾਹੀਂ ਪ੍ਰਾਪਤ ਕਰਦੇ ਹਨ। ਭਾਈ ਗੁਰਦਾਸ ਨਤੀਜਾ ਇਹ ਕੱਢਦੇ ਹਨ ਕਿ ਸਾਧਸੰਗਤਿ ਵਿਚ ਜਾਇਆਂ ਹੀ ਸਹਿਜ ਅਵਸਥਾ ਦੀ ਸੋਝੀ ਆਉਂਦੀ ਅਤੇ ਉਸ ਦੀ ਪਛਾਣ ਹੁੰਦੀ ਹੈ:
ਗੁਰ ਮੂਰਤਿ ਪੂਰਨ ਬ੍ਰਹਮੁ ਘਟਿ ਘਟਿ ਅੰਦਰਿ ਸੂਰਜੁ ਸੁਝੈ।
ਸੂਰਜ ਕਵਲੁ ਪਰੀਤਿ ਹੈ ਗੁਰਮੁਖਿ ਪ੍ਰੇਮ ਭਗਤਿ ਕਰਿ ਬੁਝੈ।
ਪਾਰਬ੍ਰਹਮੁ ਗੁਰ ਸਬਦੁ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ।
ਕਿਰਖਿ ਬਿਰਖੁ ਹੋਇ ਸਫਲੁ ਫਲਿ ਚੰਨਣਿ ਵਾਸੁ ਨਿਵਾਸੁ ਨ ਖੁਝੈ।
ਅਫਲ ਸਫਲ ਸਮਦਰਸ ਹੋਇ ਮੋਹੁ ਨ ਧੋਹੁ ਨ ਦੁਬਿਧਾ ਲੁਝੈ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਜੀਵਨ ਮੁਕਤਿ ਭਗਤਿ ਕਰਿ ਦੁਝੈ।
ਸਾਧਸੰਗਤਿ ਮਿਲਿ ਸਹਜਿ ਸਮੁਝੈ॥19॥
ਸੱਤਵੀਂ ਵਾਰ ਦੀ ਇਸ ਆਖ਼ਰੀ ਅਤੇ ਵੀਹਵੀਂ ਪਉੜੀ ਵਿਚ ਭਾਈ ਗੁਰਦਾਸ ਗੁਰੂ ਦੇ ਸ਼ਬਦ ਦੀ ਮਹਿਮਾ ਦਾ ਵਖਿਆਨ ਕਰਦੇ ਹਨ ਅਤੇ ਦੱਸਦੇ ਹਨ ਕਿ ਸ਼ਬਦ ਹੀ ਗੁਰੂ ਹੈ ਅਰਥਾਤ ਗੁਰੂ ਦੇ ਸ਼ਬਦ ਨੂੰ ਹੀ ਗੁਰੂ ਜਾਣਨਾ ਚਾਹੀਦਾ ਹੈ ਅਤੇ ਗੁਰੂ ਦੇ ਦੱਸੇ ਰਸਤੇ `ਤੇ ਚੱਲਦਿਆਂ ਆਪਣੀ ਸੁਰਤਿ ਸ਼ਬਦ ਨਾਲ ਇਕਸੁਰ ਕਰਨਾ ਹੀ ਗੁਰੂ ਦਾ ਚੇਲਾ ਜਾਂ ਸਿਖਿਆਰਥੀ ਬਣਨਾ ਹੈ। ਗੁਰੂ ਨਾਨਕ ਦੇਵ ਜਦੋਂ ਸੁਮੇਰ ਪਰਬਤ `ਤੇ ਗਏ ਅਤੇ ਸਿੱਧਾਂ ਨਾਲ ਵਿਚਾਰ ਚਰਚਾ ਕੀਤੀ ਤਾਂ ਉਹ ਵਿਚਾਰ-ਚਰਚਾ ਰਾਗ ਰਾਮਕਲੀ ਵਿਚ ‘ਸਿਧ ਗੋਸਟਿ’ ਬਾਣੀ ਦੇ ਰੂਪ ਵਿਚ ਪ੍ਰਾਪਤ ਹੈ। ਵਿਚਾਰ-ਚਰਚਾ ਵਿਚ ਸਿੱਧ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਕਰਦੇ ਹਨ
“ਕਵਣ ਮੂਲ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥”
ਅਰਥਾਤ ਜੀਵਣ ਦਾ ਮੂਲ ਕਿੱਥੇ ਹੈ, ਅਰੰਭ ਕਿੱਥੇ ਹੈ ਅਤੇ ਕਿਸ ਦੀ ਮਤ ਲੈਣ ਦਾ ਵੇਲਾ ਹੈ? ਭਾਵ ਕਿਹੜੇ ਧਰਮ ਦਾ ਪਹਿਰਾ ਹੈ? ਤੇਰਾ ਗੁਰੂ ਕੌਣ ਹੈ ਅਤੇ ਤੂੰ ਕਿਸ ਦਾ ਚੇਲਾ ਹੈਂ ਭਾਵ ਕਿਸ ਤੋਂ ਗੁਰੂ ਦੀਖਿਆ ਲਈ ਹੈ? ਇਸ ਦਾ ਉਤਰ ਗੁਰੂ ਨਾਨਕ ਸਾਹਿਬ ਦਿੰਦੇ ਹਨ,
“ਪਵਨ ਅਰੰਭ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”
ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ਪ੍ਰਾਣ ਹੀ ਹਸਤੀ ਦਾ ਮੁੱਢ ਜਾਂ ਅਰੰਭ ਹਨ ਅਤੇ ਇਹ ਸਮਾਂ ਸਤਿਗੁਰੂ ਦੇ ਮੱਤ ਦਾ ਹੈ। ਸ਼ਬਦ ਗੁਰੂ ਹੈ ਅਤੇ ਸ਼ਬਦ ਵਿਚ ਸੁਰਤਿ ਦਾ ਲਗਾਤਾਰ ਟਿਕੇ ਰਹਿਣਾ ਹੀ ਚੇਲਾ ਹੈ। ਗੁਰੂ ਨਾਨਕ ਸਾਹਿਬ ਦੇ ਦਿੱਤੇ ਇਸੇ ਸਿਧਾਂਤ ਦੀ ਵਿਆਖਿਆ ਭਾਈ ਗੁਰਦਾਸ ਨੇ ਇੱਥੇ ਕੀਤੀ ਹੈ। ਸਾਧਸੰਗਤਿ ਜਾਂ ਗੁਰਮੁਖਾਂ ਦੀ ਸੰਗਤਿ ਨੂੰ ਭਾਈ ਗੁਰਦਾਸ ਨੇ ਸਚਖੰਡ ਕਿਹਾ ਹੈ (ਸਾਧਸੰਗਤਿ ਸਚਖੰਡ ਇਸ ਲਈ ਹੈ ਕਿਉਂਕਿ ਇਥੇ ਮਨੁੱਖ ਦੀ ਸੁਰਤਿ ਨਾਮ ਨਾਲ, ਸ਼ਬਦ ਨਾਲ ਇਕਸੁਰ ਹੋ ਜਾਂਦੀ ਹੈ, ਟਿਕ ਜਾਂਦੀ ਹੈ)। ਸਾਧਸੰਗਤਿ ਰੂਪੀ ਸਚਖੰਡ ਵਿਚ ਪਹੁੰਚ ਕੇ ਗੁਰਸਿਖ ਉਸ ਕਰਤਾ ਪੁਰਖ ਦੀ ਪ੍ਰੇਮ-ਭਗਤੀ ਵਿਚ ਜੁੜ ਕੇ ਪਰਮਾਤਮਾ ਨਾਲ ਮਿਲ ਪੈਂਦਾ ਹੈ। ਅਗਲੀ ਪੰਕਤੀ ਵਿਚ ਭਾਈ ਸਾਹਿਬ ਨੇ ਸਾਡਾ ਧਿਆਨ ਤਿੰਨ ਚੀਜ਼ਾਂ ਵੱਲ ਦੁਆਇਆ ਹੈ ਪਹਿਲਾ ਗਿਆਨ ਜੋ ਗੁਰੂ ਦੇ ਸ਼ਬਦ ਰਾਹੀਂ ਪ੍ਰਾਤਪ ਹੁੰਦਾ ਹੈ; ਦੂਜਾ ਧਿਆਨ ਜਿਸ ਦਾ ਅਰਥ ਹੈ ਸ਼ਬਦ ਨਾਲ ਆਪਣੀ ਸੁਰਤਿ ਨੂੰ ਜੋੜਨਾ ਅਤੇ ਤੀਜਾ ਸਿਮਰਨ ਜਿਸ ਦਾ ਅਰਥ ਹੈ ਪਰਮਾਤਮਾ ਦੇ ਨਾਮ ਨੂੰ ਜਪਣਾ, ਉਸ ਦੇ ਗੁਣਾਂ ਨੂੰ ਯਾਦ ਕਰਨਾ। ਇਨ੍ਹਾਂ ਤਿੰਨਾਂ ਦੇ ਸੁਮੇਲ ਦੀ ਜੁਗਤਿ ਨੂੰ ਦੱਸਣ ਲਈ ਉਦਾਹਰਣ ਕੂੰਜ, ਕੱਛੂ ਅਤੇ ਹੰਸ ਦੀ ਦਿੱਤੀ ਹੈ, ਜਿਨ੍ਹਾਂ ਵਿਚ ਇਨ੍ਹਾਂ ਤਿੰਨਾਂ ਦੀ ਜੁਗਤਿ ਕਾਇਮ ਹੈ। ਗੁਰਮੁਖਿ ਵਿਚ ਵੀ ਇਹ ਤਿੰਨੇ ਗੁਣ ਗਿਆਨ, ਧਿਆਨ ਅਤੇ ਸਿਮਰਨ ਕਾਇਮ ਹਨ, ਇਨ੍ਹਾਂ ਤਿੰਨਾਂ ਦਾ ਸੁਮੇਲ ਗੁਰਮੁਖਿ ਦੇ ਵਿਅਕਤੀਤਵ ਵਿਚ ਹੁੰਦਾ ਹੈ। ਭਾਈ ਗੁਰਦਾਸ ਅੱਗੇ ਹੋਰ ਉਦਾਹਰਣ ਦਿੰਦੇ ਹਨ ਕਿ ਬਿਰਛ ਨੂੰ ਫਲ ਲੱਗਦਾ ਹੈ ਅਤੇ ਉਸ ਫਲ ਵਿਚ ਬਿਰਛ ਦਾ ਬੀਜ ਹੁੰਦਾ ਹੈ ਜਿਸ ਤੋਂ ਅੱਗੇ ਫਿਰ ਹੋਰ ਬੂਟਾ ਜਾਂ ਬਿਰਛ ਪੈਦਾ ਕੀਤਾ ਜਾ ਸਕਦਾ ਹੈ ਅਤੇ ਪੈਦਾ ਹੁੰਦਾ ਹੈ। ਇਸ ਤਰ੍ਹਾਂ ਇਹ ਲੜੀ ਅੱਗੇ ਤੁਰਦੀ ਹੈ ਕਿ ਬੂਟੇ ਤੋਂ ਫਲ, ਫਲ ਤੋਂ ਬੂਟਾ ਅਤੇ ਬੂਟੇ ਅਤੇ ਫਲ ਵਿਚ ਕੋਈ ਅੰਤਰ ਜਾਂ ਵਖਰੇਵਾਂ ਨਹੀਂ ਹੈ। ਇਸੇ ਤਰ੍ਹਾਂ ਗੁਰੂ ਤੋਂ ਸ਼ਬਦ ਲੈ ਕੇ ਸਿੱਖ ਬਣਦਾ ਹੈ ਅਤੇ ਫਿਰ ਸਿੱਖ ਤੋਂ ਗੁਰੂ ਅਤੇ ਦੋਵਾਂ ਵਿਚ ਕੋਈ ਅੰਤਰ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ। ਉਸ ਪਰਵਦਗਾਰ, ਜੋ ਸੰਸਾਰ ਦਾ ਆਦਿ ਪੁਰਖ ਹੈ, ਜੋ ਇਸ ਸੰਸਾਰ ਦੀ ਸ਼ਕਤੀ ਹੈ ਉਸ ਨੂੰ ਨਮਸਕਾਰ ਕਰ ਕੇ ਉਸ ਦੇ ਹੁਕਮ ਵਿਚ ਹੀ ਉਸ ਵਿਚ ਸਮਾ ਜਾਂਦੇ ਹਨ। ਭਾਈ ਗੁਰਦਾਸ ਇਹ ਨਿਚੋੜ ਕੱਢਦੇ ਹਨ ਕਿ ਅੰਮ੍ਰਿਤ ਵੇਲਾ ਉਸ ਪਰਵਦਗਾਰ ਦੀ ਸਿਫ਼ਤਿ-ਸਾਲਾਹ ਕਰਨ ਦਾ ਵਕਤ ਹੈ:
ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।
ਸਾਧ ਸੰਗਤਿ ਸਚਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ।
ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜ ਕਰਮ ਹੰਸ ਵੰਸ ਨਵੇਲਾ।
ਬਿਰਖਹੁੰ ਫਲ ਫਲਤੇ ਬਿਰਖੁ ਗੁਰਸਿਖ ਸਿਖਗੁਰ ਮੰਤੁ ਸੁਹੇਲਾ।
ਵੀਹਾ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ।
ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ।
ਸਿਫਤਿ ਸਲਾਹੁਣ ਅੰਮ੍ਰਿਤੁ ਵੇਲਾ॥20॥7॥