ਜੜ੍ਹਾਂ ਨਾਲ ਜੁੜਨ ਦੀ ਆਰਜਾ ਹੈ ‘ਜੜ੍ਹਾਂ ਦੇ ਵਿੱਚ-ਵਿਚਾਲੇ’ ਪੁਸਤਕ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅਰਤਿੰਦਰ ਸੰਧੂ ਮੂਲ ਰੂਪ ਵਿਚ ਵਿਗਿਆਨਕ ਸੋਚ ਵਾਲੀ ਬਹੁਤ ਹੀ ਸੂਖਮ ਅਤੇ ਸਹਿਜ ਰੂਪ ਵਿਚ ਵਿਚਰਨ ਵਾਲੀ ਕਵਿੱਤਰੀ ਹੈ, ਜਿਸ ਨੇ ਪੰਜਾਬੀ ਕਵਿਤਾ ਵਿਚ ਵੱਡਾ ਯੋਗਦਾਨ ਪਾਇਆ। ਉਸਦੀ ਕਵਿਤਾ ਹਿੰਦੀ ਭਾਸ਼ਾ ਵਿਚ ਵੀ ਅਨੁਵਾਦ ਹੋਈ ਹੈ। ਵਧੀਆ ਗੱਲ ਇਹ ਹੈ ਕਿ ਕਵਿਤਾ ਦੇ ਨਾਲ ਨਾਲ, ਉਸ ਨੇ ਨਿਬੰਧਕਾਰੀ ਦੇ ਦਰੀਂ ਨਿਬੰਧ ਪੁਸਤਕ ‘ਜੜਾਂ੍ਹ ਦੇ ਵਿੱਚ ਵਿਚਾਲੇ’ ਰਾਹੀਂ ਦਸਤਕ ਦਿੱਤੀ ਹੈ।

ਇਹ ਨਿਬੰਧ ਸੂਖਮ ਮਨ ਵਿਚੋਂ ਨਿਕਲੇ ਭਾਵਾਂ ਦਾ ਵੇਗ ਹੈ, ਜਿਹੜਾ ਹਰਫ਼ਾਂ ਵਿਚ ਢਲ ਕੇ ਇਕ ਸੰਦੇਸ਼ ਦਿੰਦਾ, ਅਰਥਾਂ ਨੂੰ ਜਿਊਣ ਜੋਗਾ ਕਰਦਾ ਅਤੇ ਜੀਵਨ-ਜਾਚ ਨੂੰ ਨਵੇਂ ਅਰਥ ਵੀ ਦੇ ਜਾਂਦਾ ਹੈ। ਇਹ ਨਿਬੰਧ ਨੀਝ ਨਾਲ ਕਿਸੇ ਵਸਤ, ਵਰਤਾਰੇ, ਵਿਹਾਰ ਜਾਂ ਵਿਚਾਰ ਵਿਚੋਂ ਉਪਜੇ ਹੋਏ ਹਨ। ਅਰਤਿੰਦਰ ਸੰਧੂ ਨੂੰ ਕਿਸੇ ਵਰਤਾਰੇ ਦੀਆਂ ਪਰਤਾਂ ਨੂੰ ਫਰੋਲਣ ਅਤੇ ਇਸਦੇ ਉਸਾਰੂ ਪੱਖਾਂ ਨੂੰ ਉਜਾਗਰ ਕਰਨ ਦਾ ਵੱਲ ਹੈ। ਉਹ ਅਣਫਰੋਲੀਆਂ ਤਹਿਆਂ ਨੂੰ ਫਰੋਲਦੀ ਹੈ। ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਦੀ ਦਿੱਬ ਦ੍ਰਿਸ਼ਟੀ ਵਿਚ ਅਜੇਹੀ ਨੀਝਤਾ ਅਤੇ ਨਿਆਰਾਪਣ ਹੁੰਦਾ ਹੈ ਕਿ ਆਮ ਵਰਤਾਰੇ ਵਿਚੋਂ ਖਾਸ ਵਰਤਾਰੇ ਦਾ ਰੂਪ ਪ੍ਰਗਟ ਹੁੰਦਾ ਹੈ ਅਤੇ ਸੰਧੂ ਉਨ੍ਹਾਂ ਖਾਸ ਲੋਕਾਂ ਵਿਚੋਂ ਇਕ ਹੈ।
‘ਜੜ੍ਹਾਂ ਦੇ ਵਿੱਚ ਵਿਚਾਲੇ’ ਦਰਅਸਲ ਆਪਣੀਆਂ ਜੜ੍ਹਾਂ ਦੀ ਫਰੋਲਾ-ਫਰੋਲੀ ਹੈ। ਆਪਣੇ ਮੂਲ ਨਾਲ ਜੁੜਨ ਦੀ ਆਰਜਾ, ਆਪਣੀ ਵਿਰਾਸਤ ਦੀ ਨਿਸ਼ਾਨਦੇਹੀ ਕਰਨਾ ਅਤੇ ਇਸ ਵਿਰਾਸਤ ਨੂੰ ਆਪਣੀਆਂ ਅਗਲੀਆਂ ਨਸਲਾਂ ਦੇ ਰੂਬਰੂ ਕਰਨਾ ਹੈ। ਮਾਨਵੀ ਕਦਰਾਂ-ਕੀਮਤਾਂ ਨੂੰ ਅਪਨਾਉਣ ਦਾ ਸੁੰਦਰ ਸੁਨੇਹਾ, ਖੁਦ ਦੀ ਜਾਮਾ-ਤਲਾਸ਼ੀ, ਆਪਣੀ ਔਕਾਤ ਨੂੰ ਸ਼ਬਦਾਂ ਰਾਹੀਂ ਨਵੇਂ ਅਰਥ ਦੇਣ ਅਤੇ ਇਨ੍ਹਾਂ ਵਿਚੋਂ ਜਿ਼ੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਦਾ ਬਹੁਤ ਹੀ ਜਿ਼ਕਰਯੋਗ ਉਪਰਾਲਾ ਹੈ। ਇਨ੍ਹਾਂ ਨਿਬੰਧਾਂ ਵਿਚ ਵਕਤ ਨਾਲ ਜਿਊਣ ਜਾਚ ਵਿਚ ਆਈਆਂ ਤਬਦੀਲੀਆਂ, ਰਿਸ਼ਤਿਆਂ ਵਿਚ ਪੈਦਾ ਹੋਈ ਭਰਮ-ਭਾਵਨਾ, ਨਿੱਜੀ ਮੁਫਾਦ ਵਿਚੋਂ ਉਗੀਆਂ ਦੋਸਤੀਆਂ ਅਤੇ ਕੁਦਰਤ ਦੀ ਅਵੱਗਿਆ ਕਾਰਨ ਮਨੁੱਖੀ ਹੋਂਦ `ਤੇ ਉਕਰੇ ਪ੍ਰਸ਼ਨਾਂ ਦੀ ਪਛਾਣ ਵੀ ਕੀਤੀ ਗਈ ਹੈ। ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਰਿਸ਼ਤਿਆਂ ਦੀ ਸੁੱਚਮਤਾ ਕਾਰਨ ਹੀ ਵੱਸਦਾ ਹੈ ਸਮਾਜ ਅਤੇ ਕੁਦਰਤ ਦੀ ਇਕਸੁਰਤਾ ਹੀ ਜੀਵਨ-ਦਾਨ ਦਿੰਦੀ ਹੈ।
ਅਰਤਿੰਦਰ ਸੰਧੂ ਦੀ ਇਸ ਕਿਤਾਬ ਵਿਚਲੇ ਸਾਰੇ ਨਿਬੰਧਾਂ ਨੂੰ ਚਾਰ ਭਾਗਾਂ ਵਿਚ ਵੰਡ ਸਕਦੇ ਹਾਂ। ਇਨ੍ਹਾਂ ਨੂੰ ਪੜ੍ਹਦਿਆਂ ਅਤੇ ਇਨ੍ਹਾਂ ਦੇ ਮੂਲਕ ਰੂਪੀ ਸੁਨੇਹੇ ਨੂੰ ਆਪਣੇ ਅੰਤਰੀਵ ਵਿਚ ਉਤਾਰ ਕੇ, ਪਾਠਕ ਆਪਣੇ ਸ਼ਖਸੀ ਵਿਕਾਸ ਦਾ ਆਧਾਰ ਸਿਰਜ ਸਕਦਾ ਹੈ। ਪਹਿਲੇ ਹਿੱਸੇ ਦੇ ਨਿਬੰਧਾਂ ਵਿਚ ਮਨੁੱਖੀ ਬਿਰਤੀਆਂ ਨੂੰ ਉਸਾਰੂ ਸੇਧ ਦੇਣ ਅਤੇ ਇਨ੍ਹਾਂ ਵਿਚੋਂ ਜਿ਼ੰਦਗੀ ਦਾ ਗੂੜ੍ਹੇ ਰੰਗ ਉਘਾੜਨ ਦੀ ਜੁਗਤੀ ਦਰਸਾਈ ਗਈ ਹੈ। ਇਨ੍ਹਾਂ ਮਾਨਵੀ ਗੁਣਾਂ ਵਿਚ ਬੋਰ ਹੋਣਾ, ਡਰ, ਰੱਜ, ਅਕਸ ਵਿਚੋਂ ਉਭਰ ਰਹੀ ਔਰਤ, ਨਾਇਕਤਵ ਦਾ ਸੰਕਟ, ਪੱਗਡੰਡੀਆਂ ਆਦਿ ਨਿਬੰਧ ਸ਼ਾਮਲ ਹਨ। ਦਰਅਸਲ ਇਹ ਗੁਣ ਅਚੇਤ ਰੂਪ ਵਿਚ ਮਨੁੱਖੀ ਵਿਕਾਸ ਦਾ ਮੂਲ ਮੰਤਰ ਵੀ ਹੋ ਸਕਦੇ ਜਾਂ ਮਨੁੱਖੀ ਵਿਨਾਸ਼ ਦਾ ਕਾਰਨ ਵੀ। ਅਰਤਿੰਦਰ ਸੰਧੂ ਨੇ ਵਿਗਿਆਨਕ ਆਧਾਰ `ਤੇ ਇਨ੍ਹਾਂ ਗੁਣਾਂ ਦੀ ਨਿਰਖ-ਪਰਖ ਕਰਦਿਆਂ, ਇਨ੍ਹਾਂ ਦੇ ਉਸਾਰੂ ਪੱਖਾਂ ਨੂੰ ਉਜਾਗਰ ਕੀਤਾ ਹੈ। ਦੱਸਿਆ ਹੈ ਕਿ ਕੁਝ ਵੀ ਮਾੜਾ ਨਹੀਂ ਹੁੰਦਾ ਸਿਰਫ਼ ਸਾਨੂੰ ਕੁਝ ਦਾਇਰਿਆਂ ਵਿਚ ਰਹਿ ਕੇ ਇਨ੍ਹਾਂ ਨੂੰ ਸਮਝਣ ਅਤੇ ਮਾਨਣ ਦੀ ਜਾਚ ਹੋਣੀ ਚਾਹੀਦੀ ਹੈ। ਅਰਤਿੰਦਰ ਸੰਧੂ ਕੋਲ ਵਸੀਹ ਜਾਣਕਾਰੀ ਹੈ ਤਾਂ ਹੀ ਉਹ ਵੱਖ ਵੱਖ ਵਿਸਿ਼ਆਂ ਅਤੇ ਸਰੋਕਾਰਾਂ ਨੂੰ ਸੰਵੇਦਨਾ ਦੀ ਪੁੱਠ ਚਾੜ੍ਹ ਕੇ ਸ਼ਬਦਾਂ ਰਾਹੀਂ ਪਾਠਕਾਂ ਦੀ ਨਜ਼ਰੇ ਇਨਾਇਤ ਕਰਦੀ ਹੈ ਤਾਂ ਕਿ ਪਾਠਕ ਇਨ੍ਹਾਂ ਨੂੰ ਜਿ਼ੰਦਗੀ ਵਿਚ ਅਪਣਾ ਕੇ, ਆਪ ਵੀ ਯੁੱਗ ਜੀਵੇ ਅਤੇ ਦੂਸਿਰਆਂ ਨੂੰ ਜਿਊਣ ਦੇਵੇ। ਅਜੇਹਾ ਸੰਦੇਸ਼ ਦਿੰਦੇ ਉਸਦੇ ਲੇਖਾਂ ‘ਵਾਤਾਵਰਣ ਦੇ ਪ੍ਰਦੂਸ਼ਣ ਤੋਂ ਸਮਾਜਿਕ ਪ੍ਰਦੂਸ਼ਣ ਤੱਕ’, ‘ਪੰਖੇਰੂਆਂ ਦੀ ਨਿਵੇਕਲੀ ਦੁਨੀਆਂ’, ‘ਤ੍ਰਿਕਾਲਾਂ ਦਾ ਜਾਦੂ’ ਆਦਿ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਲੇਖਕ ਕਿਸੇ ਕਿਰਿਆ ਨੂੰ ਕਿਸ ਰੂਪ ਵਿਚ ਦੇਖਦਾ ਹੈ ਅਤੇ ਇਸ ਵਿਚੋਂ ਕਿਹੜੇ ਅਰਥਾਂ ਦੀ ਨਿਸ਼ਾਨਦੇਹੀ ਕਰਦਾ ਹੈ।
ਸਾਡੀ ਵਿਰਾਸਤ ਬਹੁਤ ਅਮੀਰ ਹੈ। ਸਾਡੇ ਲੋਕ ਗੀਤਾਂ, ਅਖਾਣਾਂ ਅਤੇ ਮੁਹਾਵਰਿਆਂ ਵਿਚ ਸਾਡੀ ਸਮਾਜਿਕ ਬਣਤਰ, ਰਿਸ਼ਤਿਆਂ ਦੀ ਰੰਗਰੇਜ਼ੀ, ਸਮੱੁਚੀ ਕਾਇਨਾਤ ਦਾ ਵਰਣਨ ਅਤੇ ਕੁਦਰਤ ਨੂੰ ਸਮਝਣ ਲਈ ਬਹੁਤ ਸਾਰੇ ਸੁਨੇਹੇ ਦਿੱਤੇ ਗਏ ਹਨ। ਇਨ੍ਹਾਂ ਸੁਨੇਹਿਆਂ ਦੀਆਂ ਵਿਭਿੰਨ ਪਰਤਾਂ ਫਰੋਲਦੇ ਹਨ ਸੰਧੂ ਦੇ ਲੇਖ ਲੋਕ ਕਥਾਵਾਂ ਵਿਚ ਲੁਕੇ ਸੁਨੇਹੇ, ਪੰਜਾਬੀ ਮੁਹਾਵਰਿਆਂ/ਅਖਾਣਾਂ ਵਿਚਲੇ ਆਪਣੇ ਅਕਸ ਵਿਚੋਂ ਉਭਰ ਰਹੀ ਔਰਤ, ਪੰਜਾਬੀ ਬੋਲ ਚਾਲ ਵਿਚ ਜਾਨਵਰਾਂ ਨਾਲ ਜੁੜੀਆਂ ਅਖੌਤਾਂ ਤੇ ਮੁਹਾਵਰੇ ਆਦਿ। ਇਨ੍ਹਾਂ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਾਡੇ ਬਜੁ਼ਰਗਾਂ ਨੇ ਇਨ੍ਹਾਂ ਅਖਾਣਾਂ ਰਾਹੀਂ ਕੇਹੀਆਂ ਕੀਮਤੀ ਸਮੁੱਤਾਂ ਸਾਨੂੰ ਦਿੱਤੀਆਂ ਸਨ। ਪਰ ਅਸੀਂ ਹੀ ਇਨ੍ਹਾਂ ਤੋਂ ਬੇਮੁੱਖ ਹੋ ਗਏ ਹਾਂ। ਸਾਡਾ ਅਵੇਸਲਾਪਣ ਹੀ ਸਾਨੂੰ ਆਪਣੇ ਮੂਲ ਨਾਲੋਂ ਤੋੜ ਰਿਹਾ ਏ।
ਅਰਤਿੰਦਰ ਸੰਧੂ ਕਿਉਂਕਿ ਉਹ ਬਹੁਤ ਸੂਖ਼ਮ-ਭਾਵੀ ਅਤੇ ਹਰ ਚੀਜ਼ ਨੂੰ ਵੱਖਰੇ ਦ੍ਰਿਸ਼ਟੀ-ਕੋਣ ਤੋਂ ਦੇਖਦੀ ਹੈ। ਇਸ ਦੀਆਂ ਬਾਰੀਕੀਆਂ ਨੂੰ ਬਿਆਨ ਕਰਨ ਅਤੇ ਇਨ੍ਹਾਂ ਰਾਹੀਂ ਸੁਘੜ-ਸੁਮੱਤ ਪਾਠਕਾਂ ਦੀ ਝੋਲੀ ਵਿਚ ਪਾਉਣ ਲਈ ਤੱਤਪਰ ਰਹਿੰਦੀ ਹੈ ਤਾਂ ਹੀ ਕੁਝ ਨਿਬੰਧ ਉਸਦੀ ਜਿ਼ੰਦਗੀ ਨਾਲ ਖਹਿ ਕੇ ਲੰਘਦੇ ਹਨ ਜਿਨ੍ਹਾਂ ਵਿਚੋਂ ਤੁਸੀਂ ਉਸਦੀ ਨਿੱਜੀ ਜਿ਼ੰਦਗੀ ਦੇ ਰੰਗਾਂ ਦੀ ਪਛਾਣ ਵੀ ਕਰ ਸਕਦੇ ਹੋ। ਇਨ੍ਹਾਂ ਨਿਬੰਧਾਂ ਦੀ ਲੜੀ ਵਿਚ ਅਸੀਂ ‘ਇਕ ਟੁਕੜਾ ਅਮਰੀਕਾ, ਜੜ੍ਹਾਂ ਦੇ ਵਿਚ ਵਿਚਾਲੇ, ਇਕ ਪਿੰਡ ਦਾ ਵੱਸਣਾ ਤੇ ਉਜੜਣਾ, ਸਬੱਬਾਂ ਦਾ ਵਿਧੀ ਵਿਧਾਨ ਆਦਿ ਰੱਖ ਸਕਦੇ ਹਨ। ਇਨ੍ਹਾਂ ਵਿਚ ਇਕ ਪਾਸੇ ਅਮਰੀਕਾ ਫੇਰੀ ਦੌਰਾਨ ਅਮਰੀਕੀ ਸਮਾਜ ਅਤੇ ਇਸਦੇ ਕਾਇਦੇ ਕਾਨੂੰਨਾਂ ਨੂੰ ਦੇਖਣ ਪਰਖਣ ਦਾ ਮੌਕਾ ਮਿਲਦਾ ਹੈ। ਕਿੱਧਰੇ ਉਹ ਉਸ ਪਿੰਡ ਦੇ ਵੱਸਣ ਅਤੇ ਉਜੜਣ ਦੀ ਕਥਾ ਛੇੜਦੀ ਜਿਹੜਾ ਉਸਦੇ ਅਵਚੇਤਨ ਵਿਚ ਵੀ ਵੱਸਿਆ ਹੋਇਆ ਹੈ। ਉਹ ਸਬੱਬਾਂ ਦੀ ਬਾਤ ਪਾਉਂਦੀ, ਸਬੱਬਾਂ ਵਿਚ ਸਿਰਜੇ ਗਏ ਸੁੰਦਰ ਸੰਬੰਧਾਂ ਦਾ ਵਰਣਨ ਵੀ ਬਾਖੂਬੀ ਕਰਦੀ ਹੈ ਕਿ ਕਿਵੇਂ ਨਿੱਕੇ ਜਿਹੇ ਸਬੱਬ ਨਾਲ ਜੀਵਨ ਭਰ ਦੇ ਰਿਸ਼ਤਿਆਂ ਦੀ ਸਿਰਜਣਾ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਰਿਸ਼ਤਿਆਂ ਦੀ ਪਾਕੀਜ਼ਗੀ, ਅਪਣੱਤ ਅਤੇ ਭਰਪੂਰਤਾ ਵੀ ਪ੍ਰਗਟ ਹੁੰਦੀ ਹੈ ਜਦ ਉਨ੍ਹਾਂ ਦੀ ਬੇਟੀ ਅੱਖਾਂ ਦੀ ਨਾਮੁਰਾਦ ਬਿਮਾਰੀ ਕਾਰਨ ਬਿਮਾਰ ਹੋ ਜਾਂਦੀ ਹੈ ਤਾਂ ਪਰਿਵਾਰਕ ਉਦਾਸੀ ਨੂੰ ਹਰਨ ਲਈ ਬਹੁੜਦਾ ਹੈ ਉਨ੍ਹਾਂ ਦਾ ਹੋਣ ਵਾਲਾ ਜਵਾਈ ਜਿਸ ਨਾਲ ਸਬੱਬ ਵਿਚੋਂ ਹੀ ਰਿਸ਼ਤਾ ਜੁੜਿਆ ਹੁੰਦਾ ਹੈ।
‘ਜੜ੍ਹਾਂ ਦੇ ਵਿੱਚ ਵਿਚਾਲੇ’ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਅਰਤਿੰਦਰ ਸੰਧੂ ਨੇ ਇਨ੍ਹਾਂ ਲੇਖਾਂ ਰਾਹੀਂ ਦੱਸਿਆ ਹੈ ਕਿ ਜਿ਼ੰਦਗੀ ਦੇ ਸਰੋਕਾਰਾਂ ਨੂੰ ਸਮਝਣ, ਚੰਗੇਰੇ ਸਰੋਕਾਰਾਂ ਨੂੰ ਜੀਵਨ ਵਿਚ ਅਪਨਾਉਣ, ਜਿ਼ੰਦਗੀ ਦੀ ਖੂਬਸੂਰਤੀ ਵਿਚ ਵਾਧਾ ਕਰਨ ਅਤੇ ਵਿਅਕਤੀਤਵ ਬਿਹਤਰੀ ਲਈ ਜੜ੍ਹਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਜੜ੍ਹਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਚਾਨਣਮਈ ਰੰਗਾਂ ਵਿਚ ਖੁਦ ਨੂੰ ਰੰਗਣ ਲਈ ਅਜਿਹੇ ਸੁਖਨ ਭਰੇ ਹਰਫ਼ਾਂ ਦੀ ਪਨਾਹ ਵਿਚ ਜਾ ਕੇ ਅਰਥਾਂ ਨੂੰ ਨਵੇਂ ਨਿਵੇਕਲੇ ਅਰਥ ਦੇਣੇ।
ਅਰਤਿੰਦਰ ਸੰਧੂ ਨਿਬੰਧਕਾਰੀ ਵਿਚ ਇਸ ਨਰੋਈ ਪਹਿਲ ਲਈ ਵਧਾਈ ਦੀ ਪਾਤਰ ਹੈ ਅਤੇ ਆਸ ਹੈ ਕਿ ਪਾਠਕ ਉਨ੍ਹਾਂ ਦੀ ਇਸ ਲਿਖਤ ਨਾਲ ਆਪਣੀ ਜਿ਼ੰਦਗੀ ਨੂੰ ਹੋਰ ਸਚਿਆਰੀ ਬਣਾਉਣ ਲਈ ਉਤਸੁਕ ਜ਼ਰੂਰ ਹੋਣਗੇ।