ਜੇ ਹਿੰਦੂ ਰਾਸ਼ਟਰ ਠੀਕ ਤਾਂ ਸਿੱਖ ਰਾਸ਼ਟਰ ਗਲਤ ਕਿਵੇਂ: ਜਥੇਦਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ‘ਤੇ ਸਿੱਖਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ ਅਤੇ ਸੋਸ਼ਲ ਮੀਡੀਆ ‘ਤੇ ਸਿੱਖਾਂ ਵਿਰੁੱਧ ਹੋ ਰਹੇ ਕੂੜ ਪ੍ਰਚਾਰ ‘ਤੇ ਚਿੰਤਾ ਪ੍ਰਗਟਾਈ ਹੈ। ਇਕ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਨੇ ਆਖਿਆ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਸਿੱਖਾਂ ਖਿਲਾਫ ਕੀਤਾ ਜਾ ਰਿਹਾ ਨਫਰਤੀ ਪ੍ਰਚਾਰ ਦਿਨੋ-ਦਿਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਚਾਰ ਕਰਨ ਵਾਲੇ ਸਿੱਖਾਂ ਦੀ ਨਸਲਕੁਸ਼ੀ ਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਪਰ ਇਨ੍ਹਾਂ ਮਾਮਲਿਆਂ ਵਿਚ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਤਾਂ ਠੀਕ ਹੈ ਪਰ ਸਿੱਖ ਰਾਸ਼ਟਰ ਦੀ ਗੱਲ ਕਰਨਾ ਗਲਤ ਹੈ, ਉਸੇ ਨੂੰ ਆਧਾਰ ਬਣਾ ਕੇ ਸਿੱਖਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈੈ।“ ਉਨ੍ਹਾਂ ਸਵਾਲ ਕੀਤਾ, ”ਜੇਕਰ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਠੀਕ ਹੈ ਤਾਂ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨਾ ਗਲਤ ਕਿਉਂ ਹੈ?“ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਕਿਸੇ ਨੂੰ ਧਮਕੀ ਦੇਣ ਵਾਲੇ ਖਿਲਾਫ ਕੇਸ ਦਰਜ ਹੁੰਦਾ ਹੈ ਅਤੇ ਕਾਰਵਾਈ ਕੀਤੀ ਜਾਂਦੀ ਹੈ। ਜਦਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਧਮਕੀ ਦੇਣ ਵਾਲੇ ਸਰਕਾਰੀ ਸੁਰੱਖਿਆ ਛਤਰੀ ਹੇਠ ਘੁੰਮ ਰਹੇ ਹਨ।
ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ? ਉਨ੍ਹਾਂ ਕਿਹਾ ਕਿ ਜੇਕਰ ਇਹੀ ਧਮਕੀ ਕਿਸੇ ਗੈਰ-ਹਿੰਦੂ ਨੇ ਕਿਸੇ ਹਿੰਦੂ ਤੀਰਥ ਬਾਰੇ ਦਿੱਤੀ ਹੁੰਦੀ ਤਾਂ ਉਹ ਤੁਰਤ ਸਲਾਖਾਂ ਦੇ ਪਿੱਛੇ ਹੁੰਦਾ ਅਤੇ ਸ਼ਾਇਦ ਕਦੇ ਬਾਹਰ ਵੀ ਨਹੀਂ ਆ ਸਕਣਾ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਆਖਿਆ ਹੈ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਕੇਂਦਰ ਸਰਕਾਰ ਸਿੱਖਾਂ ਦੇ ਮਸਲੇ ਤੁਰਤ ਹੱਲ ਕਰੇ। ਜੇਕਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਸਿੱਖ ਬੰਦੀ ਰਿਹਾਅ ਕਿਉਂ ਨਹੀਂ ਹੋ ਸਕਦੇ? ਉਨ੍ਹਾਂ ਕਿਹਾ ਕਿ ਕੀ ਇਹ ਸਿੱਖਾਂ ਨਾਲ ਪੱਖਪਾਤ ਨਹੀਂ ਹੈ? ਜਥੇਦਾਰ ਨੇ ਕਿਹਾ ਕਿ ਸਿੱਖ ਮੁਲਕ ਵਿਚ ਸ਼ਾਂਤੀ ਨਾਲ ਰਹਿਣ ਦੇ ਹਾਮੀ ਹਨ ਪਰ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।
ਸਿੱਖ ਮਸਲਿਆਂ `ਚ ਦਖਲ ਬਰਦਾਸ਼ਤ ਨਹੀਂ ਕਰਾਂਗੇ: ਧਾਮੀ
ਮੁਕੇਰੀਆਂ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਰ.ਐਸ.ਐਸ. ਪਹਿਲਾਂ ਲੁਕਵੇਂ ਤੌਰ ‘ਤੇ ਸਿੱਖ ਮਸਲਿਆਂ ਵਿਚ ਦਖਲਅੰਦਾਜ਼ੀ ਕਰਦੀ ਸੀ, ਪਰ ਸਿੱਖਾਂ ਨੇ ਭਾਜਪਾ ਤੋਂ ਇਹ ਤਵੱਕੋ ਕਦੇ ਨਹੀਂ ਕੀਤੀ ਸੀ ਕਿ ਉਹ ਇਸ ਤਰੀਕੇ ਨਾਲ ਸਿੱਖ ਮਸਲਿਆਂ ਵਿਚ ਦਖਲ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਭਾਜਪਾ ਜਾਂ ਆਰ.ਐਸ.ਐਸ. ਸਿੱਖਾਂ ਦੇ ਮਸਲਿਆਂ ਵਿਚ ਦਖਲਅੰਦਾਜ਼ੀ ਕਰੇ।