ਕਲਮਾਂ ਵਾਲੀਆਂ : ਕਹਿਣੀ ਤੇ ਕਰਨੀ ਦੀ ਇਕਮਿੱਕਤਾ ਦਲੀਪ ਕੌਰ ਟਿਵਾਣਾ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਦਲੀਪ ਕੌਰ ਟਿਵਾਣਾ ਦਾ ਸ਼ੁਮਾਰ ਪੰਜਾਬੀ ਦੇ ਉਨ੍ਹਾਂ ਥੋੜ੍ਹੇ ਜਿਹੇ ਕਲਮਕਾਰਾਂ ਵਿਚ ਹੁੰਦਾ ਹੈ, ਜਿਨ੍ਹਾਂ ਨੂੰ ਚੰਗੇ ਸਾਹਿਤਕਾਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਵੈਸੇ ਲੇਖਕ ਦੇ ਸੁਭਾਅ ਦਾ ਉਹਦੀ ਰਚਨਾ ਦੇ ਸੁਭਾਅ ਤੇ ਮਿਆਰ ਨਾਲ ਨਾਤਾ, ਸਾਡੇ ਸਾਹਿਤ ਵਿਚ ਹੀ ਨਹੀਂ, ਸਗੋਂ ਕੌਮਾਂਤਰੀ ਸਾਹਿਤ ਵਿਚ ਵੀ, ਹਮੇਸ਼ਾ ਤੋਂ ਬਹਿਸ ਦਾ ਮੁੱਦਾ ਰਿਹਾ ਹੈ। ਇਨ੍ਹਾਂ ਦੋਵਾਂ ਦੇ ਸਿੱਧੇ ਨਾਤੇ ਦੇ ਮੁਦੱਈ ਦਲੀਲ ਦਿੰਦੇ ਹਨ ਕਿ ਸਾਹਿਤ ਲੇਖਕ ਦੇ ਮਨ ਦੇ ਦਰਪਨ ਵਿਚੋਂ ਦੀ ਦਿਸਦਾ ਸਮਾਜ ਦਾ ਬਿੰਬ ਹੁੰਦਾ ਹੈ ਤੇ ਧੁੰਦਲੇ ਦਰਪਨ ਵਿਚੋਂ ਸਾਫ਼-ਸਪੱਸ਼ਟ ਬਿੰਬ ਕਿਵੇਂ ਦਿਖਾਈ ਦੇ ਸਕਦਾ ਹੈ! ਦੂਜੇ ਪਾਸੇ, ਲੇਖਕ ਦੇ ਨਿੱਜ ਅਤੇ ਉਹਦੀ ਰਚਨਾ ਵਿਚਕਾਰ ਸਿੱਧੇ ਨਾਤੇ ਤੋਂ ਇਨਕਾਰੀ ਲੋਕ ਅਜਿਹੀਆਂ ਮਿਸਾਲਾਂ ਦੀ ਪੋਟਲੀ ਖੋਲ੍ਹਣ ਲਗਦੇ ਹਨ, ਜਿਨ੍ਹਾਂ ਵਿਚ ਲੇਖਕ ਇਨਸਾਨੀ ਕਦਰਾਂ-ਕੀਮਤਾਂ ਦੇ ਪੱਖੋਂ ਬੇਪਰਵਾਹ ਤੇ ਲਾਪਰਵਾਹ ਹੁੰਦਿਆਂ ਵੀ ਵਧੀਆ ਰਚਨਾ ਕਰ ਸਕੇ ਹੁੰਦੇ ਹਨ।

ਫੇਰ ਵੀ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਚੰਗੇ ਮਨ ਵਿਚ ਚੰਗੇ ਸਾਹਿਤ ਦਾ ਮੌਲਣਾ ਵਧੇਰੇ ਸਹਿਜ-ਸੁਭਾਵਿਕ ਤੇ ਕੁਦਰਤੀ ਗੱਲ ਹੈ। ਇਨਸਾਨੀ ਕਦਰਾਂ-ਕੀਮਤਾਂ ਦੇ ਪੱਖੋਂ ਬੇਪਰਵਾਹ ਤੇ ਲਾਪਰਵਾਹ ਜਿਨ੍ਹਾਂ ਲੇਖਕਾਂ ਦੀ ਵਧੀਆ ਰਚਨਾਕਾਰੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਕੀ ਪਤਾ, ਇਨਸਾਨੀ ਕਦਰਾਂ-ਕੀਮਤਾਂ ਦੇ ਕਦਰਦਾਨ, ਪੱਖੀ ਤੇ ਪਾਲਕ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਰਚਨਾ ਹੋਰ ਵੀ ਚੰਗੀ ਹੋ ਨਿੱਬੜਦੀ। ਵਧੀਆ ਮਨ ਵਿਚੋਂ ਵਧੀਆ ਸਾਹਿਤ ਵਿਗਸਣ ਦੀ ਸੁਭਾਵਿਕਤਾ ਦੀ ਇਕ ਨੇੜਲੀ ਮਿਸਾਲ ਦਲੀਪ ਕੌਰ ਟਿਵਾਣਾ ਹੈ।
ਮੈਂ ਉਹਨੂੰ ਜਿੰਨਾ ਕੁ ਦੇਖਿਆ, ਜਾਣਿਆ ਤੇ ਸਮਝਿਆ ਜਾਂ ਜਿੰਨਾ ਕੁ ਉਸ ਬਾਰੇ ਸੁਣਿਆ, ਉਹਦੀ ਸ਼ਖ਼ਸੀਅਤ ਦਾ ਉੱਭਰਵਾਂ ਲੱਛਣ ਉਹਦਾ ਅੰਦਰੋਂ-ਬਾਹਰੋਂ ਇਕ ਹੋਣਾ ਸੀ। ਆਪਣੇ ਸੁਭਾਅ ਨੂੰ ਉਹਨੇ ਇਉਂ ਢਾਲ਼ਿਆ ਹੋਇਆ ਸੀ ਕਿ ਦੂਜਿਆਂ ਨਾਲ ਵਰਤ-ਵਰਤਾਵੇ ਵਿਚ ਵਲ਼-ਛਲ਼, ਦਿਖਾਵੇ, ਚਤੁਰਾਈ-ਚਲਾਕੀ ਦੀ ਕੋਈ ਗੁੰਜਾਇਸ਼ ਨਹੀਂ ਸੀ ਹੁੰਦੀ! ਪੰਜਾਬੀਅਤ ਦੇ ਗੌਰਵ ਨੇ ਤੇ ਪੰਜਾਬਣ ਹੋਣ ਦੇ ਮਾਣ ਨੇ ਉਹਦੇ ਇਸ ਸੁਭਾਅ ਨੂੰ ਦ੍ਰਿੜ੍ਹਤਾ ਦਿੱਤੀ। ਇਸੇ ਸਦਕਾ ਉਹਦੀ ਹੋਂਦ ਤੇ ਹਾਜ਼ਰੀ ਸਹਿਜਤਾ ਦਾ ਮਾਹੌਲ ਸਿਰਜਦੀ ਸੀ, ਵਿੱਥ ਜਾਂ ਓਪਰੇਪਨ ਦਾ ਅਹਿਸਾਸ ਪੈਦਾ ਨਹੀਂ ਸੀ ਕਰਦੀ।
ਲੁਧਿਆਣੇ ਜ਼ਿਲੇ ਦੇ ਪਿੰਡ ਉੱਚੀ ਰੱਬੋਂ ਵਿਚ 4 ਮਈ 1935 ਨੂੰ ਜਨਮੀ ਦਲੀਪ ਕੌਰ ਟਿਵਾਣਾ ਛੋਟੀ ਉਮਰੇ ਹੀ ਪਟਿਆਲੇ ਭੂਆ ਕੋਲ ਆ ਗਈ ਸੀ ਜਿਸ ਦਾ ਪਤੀ ਰਿਆਸਤ ਦਾ ਵੱਡਾ ਪੁਲਿਸ ਅਫ਼ਸਰ ਸੀ। ਉਸ ਪਿੱਛੋਂ ਦਾ ਉਹਦਾ ਸਾਰਾ ਦੁਨਿਆਵੀ ਅਤੇ ਅਕਾਦਮਿਕ ਜੀਵਨ ਪਟਿਆਲੇ ਨਾਲ ਹੀ ਜੁੜਿਆ ਰਿਹਾ। ਸਕੂਲੀ ਪੜ੍ਹਾਈ ਪਾਰ ਕਰਨ ਮਗਰੋਂ ਉਹਦਾ ਅਕਾਦਮਿਕ ਜੀਵਨ, ਪਹਿਲਾਂ ਵਿਦਿਆਰਥਣ ਵਜੋਂ ਤੇ ਫੇਰ ਅਧਿਆਪਕਾ ਵਜੋਂ ਪੰਜਾਬੀ ਯੂਨੀਵਰਸਿਟੀ ਨਾਲ ਅਜਿਹਾ ਇਕਮਿਕ ਹੋਇਆ ਕਿ ਉਹਨੇ ਅੰਤਲਾ ਸੁਆਸ ਵੀ ਕੈਂਪੱਸ ਵਿਚਲੇ ਆਪਣੇ ਉਸੇ ਘਰ ਵਿਚ ਲਿਆ ਜਿਸ ਵਿਚ ਉਹ ਸੇਵਾ-ਮੁਕਤੀ ਮਗਰੋਂ ਆਜੀਵਨ ਫ਼ੈਲੋ ਤੇ ਨਿਵਾਸੀ ਲੇਖਕ ਵਜੋਂ ਰਹਿ ਰਹੀ ਸੀ। ਇਕ ਬੱਸ ਉਹਨੇ ਪੀ-ਐੱਚ.ਡੀ. (ਪਤਾ ਨਹੀਂ ਕਿਉਂ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ, ਹੋਰ ਸਭ ਪੜ੍ਹਨਾ-ਪੜ੍ਹਾਉਣਾ ਪੰਜਾਬੀ ਯੂਨੀਵਰਸਿਟੀ ਵਿਚ ਹੀ ਹੋਇਆ। ਉਥੇ ਪੰਜਾਬੀ ਵਿਭਾਗ ਵਿਚ ਲੈਕਚਰਰ ਲੱਗ ਕੇ ਉਹ ਰੀਡਰ, ਪ੍ਰੋਫ਼ੈਸਰ, ਪੰਜਾਬੀ ਵਿਭਾਗ ਦੀ ਮੁਖੀ ਤੇ ਡੀਨ ਭਾਸ਼ਾਵਾਂ ਬਣੀ।
1954 ਵਿਚ ਛਪੇ ਪਹਿਲੇ ਕਹਾਣੀ-ਸੰਗ੍ਰਹਿ ‘ਪ੍ਰਬਲ ਵਹਿਣ’ ਪਿੱਛੋਂ ਉਹਨੇ ਛੇ ਕਹਾਣੀ-ਸੰਗ੍ਰਹਿ ਹੋਰ ਦਿੱਤੇ ਤੇ ਫੇਰ 1968 ਵਿਚ ਛਪੇ ‘ਅਗਨੀ ਪ੍ਰੀਖਿਆ’ ਨਾਲ ਨਾਵਲ ਦਾ ਲੜ ਅਜਿਹਾ ਫੜਿਆ ਕਿ ਹਰ ਸਾਲ ਉਹਦਾ ਨਵਾਂ ਨਾਵਲ ਛਪਣ ਲੱਗਿਆ। ਉਹਦਾ ਕਹਿਣਾ ਸੀ ਕਿ ਉਹਦਾ ਬਾਕੀ ਸਾਰਾ ਸਮਾਂ ਨਵਾਂ ਨਾਵਲ ਵਿਉਂਤਦਿਆਂ ਤੇ ਮਨ ਵਿਚ ਸਾਕਾਰਦਿਆਂ ਲੱਗ ਜਾਂਦਾ ਹੈ ਤੇ ਉਸ ਨੂੰ ਕਾਗ਼ਜ਼ ਉੱਤੇ ਉਤਾਰਨ ਦਾ ਕੰਮ ਉਹ ਇਕ ਹਫ਼ਤੇ ਵਿਚ ਨਿਬੇੜ ਲੈਂਦੀ ਹੈ। ਉਹਨੇ ਇਸਤਰੀ ਨੂੰ ਉਹਦੇ ਵੱਖ-ਵੱਖ ਅਵਤਾਰਾਂ ਵਿਚ, ਵੱਖ-ਵੱਖ ਰੂਪਾਂ ਵਿਚ, ਵੱਖ-ਵੱਖ ਰਿਸ਼ਤਿਆਂ ਵਿਚ ਭੋਗਣੇ ਪੈਂਦੇ ਸੰਤਾਪ ਦਾ ਚਿਤਰਨ ਮੁੱਖ ਰੱਖਿਆ ਹੈ। ਉਹਦੇ ਲਗਭਗ ਸਾਰੇ ਨਾਵਲ ਹੀ ਹਿੰਦੀ ਵਿਚ ਤੇ ਹਿੰਦੀ ਤੋਂ ਅੱਗੇ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦੇ ਗਏ ਹਨ। ਉਹਦੀਆਂ ਰਚਨਾਵਾਂ ਬਾਰੇ 40 ਦੇ ਕਰੀਬ ਖੋਜਾਰਥੀਆਂ ਨੇ ਪੀ-ਐੱਚ.ਡੀ. ਤੇ 80 ਦੇ ਕਰੀਨ ਖੋਜਾਰਥੀਆਂ ਨੇ ਐਮ.ਫਿਲ. ਕੀਤੀ ਹੈ।
ਉਹਨੇ ਸਾਰੀ ਉਮਰ ਕਾਲਜੀ ਤੇ ਵਿਸ਼ਵਵਿਦਿਆਲੀ ਵਿਦਿਆਰਥੀਆਂ ਨੂੰ ਕੋਰਸ ਦੀਆਂ ਸਾਹਿਤਕ ਪੁਸਤਕਾਂ ਪੜ੍ਹਾਈਆਂ ਤੇ ਅੱਗੇ ਕੰਮਕਾਜੀ ਜੀਵਨ ਦਾ ਰਾਹ ਖੋਲ੍ਹਣ ਵਾਲੇ ਇਮਤਿਹਾਨੀ ਭਵਸਾਗਰ ਤੋਂ ਪਾਰ ਲੰਘਾਇਆ। ਭਾਸ਼ਾ ਤੇ ਸਾਹਿਤ ਪੜ੍ਹਾਉਣ ਵਾਲੇ ਸਭ ਅਧਿਆਪਕ, ਘੱਟ-ਵੱਧ ਲਗਨ ਤੇ ਸਮਰੱਥਾ ਨਾਲ, ਅਜਿਹਾ ਹੀ ਕਰਦੇ ਹਨ। ਪਰ ਉਹ ਅਜਿਹੇ ਵਿਰਲਿਆਂ ਵਿਚੋਂ ਰਹੀ ਜੋ ਅਧਿਆਪਕ ਤੋਂ ਉੱਚੇ ਉੱਠ ਕੇ ਗੁਰੂ ਬਣ ਜਾਂਦੇ ਹਨ ਅਤੇ ਪੁਸਤਕਾਂ ਨੂੰ ਕੋਰਸ ਤੋਂ ਉੱਚੀਆਂ ਚੁੱਕ ਕੇ ਸਾਹਿਤ ਬਣਾ ਦਿੰਦੇ ਹਨ। ਇਸੇ ਸਦਕਾ ਹਰ ਅਧਿਆਪਕ ਨੂੰ ਆਪਣੇ ਰਹਿ ਚੁੱਕੇ ਵਿਦਿਆਰਥੀਆਂ ਤੋਂ ਮਿਲਣ ਵਾਲਾ ਸਤਿਕਾਰ ਤਾਂ ਉਹਨੂੰ ਮਿਲਿਆ ਹੀ, ਨਾਲ ਹੀ ਸਾਹਿਤ-ਰਚਨਾ ਦੇ ਰਾਹ ਤੋਰੇ ਅਤੇ ਇਸ ਰਾਹ ਉੱਤੇ ਤੁਰਦਿਆਂ ਸਾਹਿਤਕਾਰ ਬਣੇ ਅਨੇਕ ਸਿਖਿਆਰਥੀਆਂ ਤੋਂ ਉਹ ਮਾਣ-ਆਦਰ ਮਿਲਿਆ ਜੋ ਆਮ ਅਧਿਆਪਕਾਂ ਦੇ ਹਿੱਸੇ ਨਹੀਂ ਆਉਂਦਾ। ਪੰਜਾਬੀ ਦੇ ਉਂਗਲਾਂ ਉੱਤੇ ਗਿਣੇ ਜਾਣ ਜੋਗੇ ਅਧਿਆਪਕ ਹੋਣਗੇ, ਜਿਨ੍ਹਾਂ ਦੇ ਵਿਦਿਆਰਥੀ ਉਮਰ ਭਰ ਵਾਸਤੇ ਮੁਰੀਦ ਹੋ ਜਾਂਦੇ ਹੋਣ।
ਭਰੇ-ਪੂਰੇ ਲੇਖਕ ਪਰਿਵਾਰ ਵਿਚ ਕਿਹੜਾ ਲੇਖਕ ਪਹਿਲੀ ਵਾਰ ਕਦੋਂ ਤੇ ਕਿਥੇ ਮਿਲਿਆ, ਇਹ ਵੇਰਵਾ ਆਮ ਕਰ ਕੇ ਚੇਤੇ ਵਿਚੋਂ ਉਭਰਨਾ ਸੰਭਵ ਨਹੀਂ ਹੁੰਦਾ। ਤਾਂ ਵੀ ਦਲੀਪ ਕੌਰ ਟਿਵਾਣਾ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਸਲ ਵਿਚ ‘ਮਿਲਿਆ’ ਕਹਿਣਾ ਠੀਕ ਨਹੀਂ, ‘ਦੇਖਿਆ’ ਕਹਿਣਾ ਵਾਜਬ ਹੈ ਕਿਉਂਕਿ ਅਸੀਂ ਮਿਲੇ ਨਹੀਂ ਸੀ, ਸਾਡੀ ਦੁਆ-ਸਲਾਮ ਵੀ ਸਾਂਝੀ ਨਹੀਂ ਸੀ ਹੋਈ। ਸਗੋਂ ਦੇਖਿਆ ਵੀ ਸ਼ਾਇਦ ਮੈਂ ਹੀ ਉਹਨੂੰ ਸੀ, ਉਹਨੇ ਮੈਨੂੰ ਨਹੀਂ। ਉਹਦਾ ਨਾਂ ਜਾਣਿਆ ਜਾਣ ਲਗਿਆ ਸੀ ਤੇ ਮੈਂ ਅਜੇ ਅਨਜਾਣਿਆ ਸੀ। ਇਹ ਗੱਲ 1960 ਦੇ ਨੇੜ-ਤੇੜ ਦੀ ਹੈ, ਇਕ-ਦੋ ਸਾਲ ਪਹਿਲਾਂ ਦੀ ਜਾਂ ਇਕ-ਦੋ ਸਾਲ ਮਗਰੋਂ ਦੀ। ਉਹਦੀਆਂ ਕਹਾਣੀਆਂ ਮਾਸਕ-ਪੱਤਰਾਂ ਵਿਚ ਤਾਂ ਛਪ ਹੀ ਰਹੀਆਂ ਸਨ, ਕਹਾਣੀ-ਸੰਗ੍ਰਹਿ ਵੀ ਛਪ ਰਹੇ ਸਨ। ਇਉਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਟਿਵਾਣਾ-ਟਿਵਾਣਾ ਹੋਣ ਲੱਗ ਪਈ ਸੀ। ਉਹਨੂੰ ਮੈਂ ਸਾਹਿਤ ਸਭਾ ਬਰਨਾਲਾ ਦੇ ਇਕ ਸਮਾਗਮ ਵਿਚ ਦੇਖਿਆ। ਉਹ ਪਟਿਆਲੇ ਤੋਂ ਪ੍ਰੋ. ਪ੍ਰੀਤਮ ਸਿੰਘ ਨਾਲ ਆਈ ਸੀ। ਅਸੀਂ ਨਵੇਂ ਲੇਖਕਾਂ ਨੇੇ ਇਕ ਦੂਜੇ ਨੂੰ ਕਿਹਾ, “ਅੱਛਾ, ਇਹ ਹੈ ਕਹਾਣੀਕਾਰ ਦਲੀਪ ਕੌਰ ਟਿਵਾਣਾ!”
ਓਦੋਂ ਸਾਹਿਤ ਸਭਾਵਾਂ ਪੂਰੀ ਸਾਹਿਤਕ ਗੰਭੀਰਤਾ ਨਾਲ ਸਮਾਗਮ ਕਰਦੀਆਂ ਹੁੰਦੀਆਂ ਸਨ। ਹੁਣ ਦੇ ਬਹੁਤੇ ਸਾਹਿਤਕ ਸਮਾਗਮਾਂ ਵਾਂਗ ਬੜੀ ਔਖ ਨਾਲ ਆਪਣੀ ਬਾਂਹ ਨੂੰ ਬਾਜ਼ੀਗਰੀ ਵਲ਼ ਦੇ ਕੇ ਆਪਣੀ ਪਿੱਠ ਆਪ ਖੁਰਕਣ ਦਾ ਜਾਂ ਮੁਲਾਹਜੇਦਾਰੀ ਦੇ ਸਹਾਰੇ ਕਿਸੇ ਪ੍ਰੋਫ਼ੈਸਰ, ਆਲੋਚਕ, ਵਿਦਵਾਨ ਜਾਂ ਚਿੰਤਕ ਕਹਾਉਣ ਵਾਲੇ ਬੰਦੇ ਤੋਂ ਖੁਰਕਵਾਉਣ ਦਾ ਰਿਵਾਜ ਹਾਲੇ ਨਹੀਂ ਸੀ ਚੱਲਿਆ। ਸਾਹਿਤ ਸਭਾ ਬਰਨਾਲਾ ਦਾ ਇਹ ਸਮਾਗਮ ਵੀ ਖਾਸਾ ਪ੍ਰਭਾਵਸ਼ਾਲੀ ਸੀ।
ਉਸ ਸਮੇਂ ਜੇ ਕੋਈ ਸਾਹਿਤ ਸਭਾ ਹੋਰ ਦੇਸਾਂ ਦੇ, ਖਾਸ ਕਰ ਕੇ ਸਮਾਜਵਾਦੀ ਦੇਸਾਂ ਦੇ ਦੂਤਾਵਾਸਾਂ ਨੂੰ ਅਜਿਹੇ ਸਮਾਗਮ ਦਾ ਸੱਦਾ ਭੇਜਦੀ, ਉਹ ਆਮ ਕਰ ਕੇ ਆਪਣੇ ਸਭਿਆਚਾਰਕ ਸਕੱਤਰ ਜਾਂ ਪ੍ਰਕਾਸ਼ਨ ਵਿਭਾਗ ਦੇ ਕਿਸੇ ਸੰਪਾਦਕ ਨੂੰ ਭੇਜ ਦਿੰਦੇ ਸਨ। ਉਸ ਸਮਾਗਮ ਵਿਚ ਵੀ ਇਕ ਰੂਸੀ ਆਇਆ ਹੋਇਆ ਸੀ।
ਮੈਨੂੰ ਇਹ ਸਾਰਾ ਕੁਝ ਏਨੀ ਬਰੀਕੀ ਨਾਲ ਇਸ ਵਾਸਤੇ ਚੇਤੇ ਹੈ ਕਿ ਉਥੇ ਇਕ ਤਾਂ ਪ੍ਰੋਫ਼ੈਸਰ ਸਾਹਿਬ ਨੇ ਇਕ ਅਜਿਹੀ ਗੱਲ ਕੀਤੀ ਕਿ ਸਭ ਦਾ ਹਾਸਾ ਨਿਕਲ ਗਿਆ ਤੇ ਦੂਜੇ, ਮੈਨੂੰ ਭਰੀ ਸਭਾ ਵਿਚ ਕੱਚਾ ਹੋਣ ਪੈ ਗਿਆ!
ਰੂਸੀ ਮਹਿਮਾਨ ਅੰਗਰੇਜ਼ੀ ਵਿਚ ਬੋਲਿਆ। ਸਾਡੇ ਕਾਬੂ ਤਾਂ ਆਪਣੇ ਦੇਸ ਵਿਚ ਪ੍ਰਚਲਿਤ ਇੰਗਲਿਸਤਾਨੀ ਅੰਗਰੇਜ਼ੀ ਹੀ ਨਹੀਂ ਸੀ ਆਉਂਦੀ, ਅੰਗਰੇਜ਼ੀ ਵਾਲੀਆਂ ਕਈ ਧੁਨੀਆਂ ਤੋਂ ਵਿਰਵੀ ਜਾਂ ਫ਼ਰਕ ਵਾਲੀ ਰੂਸੀ ਬੋਲਣ ਵਾਲੇ ਉਸ ਭਾਈ ਦੀ ਅੰਗਰੇਜ਼ੀ ਕਿਸੇ ਦੇ ਪਿੜ-ਪੱਲੇ ਕਿਥੋਂ ਪੈਣੀ ਸੀ! ਇਹ ਦੇਖ ਕੇ ਉਸ ਰੂਸੀ ਦੀ ਅੰਗਰੇਜ਼ੀ ਨੂੰ ਨਾਲੋ-ਨਾਲ ਪੰਜਾਬੀ ਵਿਚ ਪਲਟਾਉਣ ਦਾ ਬੀੜਾ ਪ੍ਰੋਫ਼ੈਸਰ ਸਾਹਿਬ ਨੇ ਚੁੱਕ ਲਿਆ। ਕਿੱਤਾਵਰ ਦੁਭਾਸ਼ੀਏ ਕੋਈ ਭੂਮਿਕਾ ਬੰਨ੍ਹੇ ਬਿਨਾਂ ਮੁੱਖ ਬੁਲਾਰੇ ਦੇ ਵਿਆਕਰਨ ਅਨੁਸਾਰ ਹੀ “ਮੈਂ” ਆਖ ਕੇ ਬੋਲਣਾ ਸ਼ੁਰੂ ਕਰਦੇ ਹਨ। ਪਰ ਪ੍ਰੋਫ਼ੈਸਰ ਸਾਹਿਬ ਨੇ ਸ਼ੁਰੂਆਤ ਕਰਦਿਆਂ ਇਹ ਸਪੱਸ਼ਟ ਕਰਨਾ ਜ਼ਰੂਰੀ ਸਮਝਿਆ ਕਿ ਉਹ ਜੋ ਕੁਝ ਬੋਲਣ ਲੱਗੇ ਹਨ, ਉਹ ਰੂਸੀ ਭਾਈ ਦਾ ਅੰਗਰੇਜ਼ੀ ਵਿਚ ਬੋਲਿਆ ਹੋਇਆ ਪੰਜਾਬੀ ਵਿਚ ਬੋਲ ਰਹੇ ਹਨ।
ਉਸ ਰੂਸੀ ਦਾ ਨਾਂ ਬਹੁਤ ਸਾਰੇ ਰੂਸੀਆਂ ਵਾਂਗ ‘ਕੋਵ’ ਨਾਲ ਖ਼ਤਮ ਹੁੰਦਾ ਸੀ। ਪ੍ਰੋਫ਼ੈਸਰ ਸਾਹਿਬ ਉਹਦੇ ਨਾਂ ਦਾ ‘ਕੋਵ’ ਤੋਂ ਪਹਿਲਾ ਹਿੱਸਾ ਭੁੱਲ ਗਏ ਤੇ ਉਨ੍ਹਾਂ ਨੇ ਆਰੰਭ ਕੀਤਾ, “ਇਹ-ਪਤਾ-ਨਹੀਂ-ਕੀ-ਕੋਵ ਜੀ ਕਹਿੰਦੇ ਹਨ…!” ਸਭ ਦਾ ਹਾਸਾ ਨਿਕਲ ਗਿਆ ਅਤੇ ਸਭ ਨੇ ਤਾੜੀਆਂ ਵਜਾ ਦਿੱਤੀਆਂ। ਰੂਸੀਆਂ ਵਿਚ, ਆਪਣੇ ਇਕੱਠਾਂ ਦੇ ਉਲਟ, ਰਿਵਾਜ ਹੈ ਕਿ ਜੇ ਬੁਲਾਰੇ ਦੀ ਕਿਸੇ ਗੱਲ ਉੱਤੇ ਸਰੋਤੇ ਤਾੜੀ ਵਜਾ ਦੇਣ, ਉਹ ਵੀ ਨਾਲ ਤਾੜੀ ਵਜਾਉਣ ਲਗਦਾ ਹੈ। ਪ੍ਰੋਫ਼ੈਸਰ ਸਾਹਿਬ ਦੀ ਉਹਦੇ ਨਾਂ ਨੂੰ ਲੈ ਕੇ ਕੀਤੀ ਗਈ ਇਕ ਤਰ੍ਹਾਂ ਦੀ ਟਿੱਚਰ ਉੱਤੇ ਉਹਨੂੰ ਸਾਡੇ ਨਾਲ ਹੀ ਆਪ ਵੀ ਤਾੜੀਆਂ ਵਜਾਉਂਦਾ ਦੇਖ ਤਾੜੀਆਂ ਦੁਬਾਰਾ ਗੂੰਜ ਪਈਆਂ।
ਭਾਸ਼ਨ ਤੋਂ ਮਗਰੋਂ ਰੂਸੀ ਨੇ ਸਵਾਲ, ਜੇ ਕੋਈ ਹੋਣ ਤਾਂ, ਪੁੱਛਣ ਦਾ ਸੱਦਾ ਦਿੱਤਾ। ਕਈ ਲੇਖਕਾਂ ਨੇ ਸਿੱਧੇ ਹੀ ਅੰਗਰੇਜ਼ੀ ਵਿਚ ਸਵਾਲ ਪੁੱਛੇ। ਮੇਰੇ ਮਨ ਵਿਚ ਆਇਆ, ਮੈਂ ਵੀ ਆਖ਼ਰ, ਬਿਨ-ਪੁਸਤਿਕਾ ਹੀ ਸਹੀ, ਰਸਾਲਿਆਂ ਵਿਚ ਛਪਿਆ ਹੋਇਆ ਲੇਖਕ ਤਾਂ ਹਾਂ ਹੀ, ਮੈਨੂੰ ਵੀ ਸਵਾਲ ਪੁੱਛਣਾ ਚਾਹੀਦਾ ਹੈ। ਉਨ੍ਹਾਂ ਵੇਲ਼ਿਆਂ ਵਿਚ ਅਸੀਂ ਪੜ੍ਹਦੇ ਬਹੁਤ ਸੀ। ਸਗੋਂ ਸਿਰਫ਼ ਪੜ੍ਹਦੇ ਹੀ ਨਹੀਂ ਸੀ, ਚੰਗੀ ਕਿਤਾਬ ਪੜ੍ਹਨ ਮਗਰੋਂ ਉਹਦੀ ਦੱਸ ਦੂਜਿਆਂ ਨੂੰ ਵੀ ਪਾਉਂਦੇ ਸੀ। ਇਨ੍ਹਾਂ ਵਿਚ ਅਨੁਵਾਦਿਤ ਰੂਸੀ ਸਾਹਿਤ, ਖਾਸ ਕਰ ਕੇ ਨਾਵਲਾਂ ਦੀ ਵੱਡੀ ਗਿਣਤੀ ਹੁੰਦੀ ਸੀ। ਅਸੀਂ ਕਿਤਾਬਾਂ ਪੜ੍ਹਦੇ ਵੀ ਤੇ ਪੜ੍ਹੀਆਂ ਕਿਤਾਬਾਂ ਬਾਰੇ ਇਕ ਦੂਜੇ ਨਾਲ ਵਿਚਾਰ ਵੀ ਸਾਂਝੇ ਕਰਦੇ। ਸਾਡਾ, ਆਪਣੇ ਆਪ ਨੂੰ ਅੱਗੇਵਧੂ ਕਹਾਉਣ ਵਾਲਿਆਂ ਦਾ ਵੀ ਇਕ ਵਿਚਾਰ ਇਹ ਬਣਿਆ ਹੋਇਆ ਸੀ ਕਿ ਰੂਸੀ ਸਾਹਿਤ ਦਾ, ਖਾਸ ਕਰ ਕੇ ਰੂਸੀ ਨਾਵਲ ਦਾ ਮਿਆਰ ਇਨਕਲਾਬ ਤੋਂ ਮਗਰੋਂ ਉਹ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ।
ਮੈਂ ਇਹੋ ਸਵਾਲ ਅੰਗਰੇਜ਼ੀ ਵਿਚ ਪੁੱਛਣਾ ਚਾਹਿਆ। ਅੰਗਰੇਜ਼ੀ ਦੀ ਡਾਕਟਰੇਟ ਕਰਨ ਮਗਰੋਂ ਵੀ ‘ਵਾਟ੍ਰ’ ਨੂੰ ‘ਬਾਟਰ’ ਕਹਿਣ ਵਾਲੇ ਅੰਗਰੇਜ਼ੀਦਾਨਾਂ ਦੇ ਇਲਾਕੇ ਦਾ ਹੋਣ ਕਾਰਨ ਅੰਗਰੇਜ਼ੀ ਅੱਧ-ਵਿਚਾਲੇ ਧੋਖਾ ਦੇ ਗਈ। ਮੈਂ ਬਾਕੀ ਗੱਲ ਤਾਂ ਕਹਿ ਦਿੱਤੀ ਪਰ ਸਾਹਿਤ ਦਾ “ਮਿਆਰ ਪਤਲਾ ਪੈਣ” ਦੀ ਅੰਗਰੇਜ਼ੀ ਨਾ ਸੁੱਝੀ। ਮੇਰੀ ਬੇੜੀ ਤਾਂ ਪ੍ਰੋਫ਼ੈਸਰ ਸਾਹਿਬ ਨੇ ਪਾਰ ਲਾ ਦਿੱਤੀ ਪਰ ਕੱਚਾ ਜਿਹਾ ਹੋ ਜਾਣ ਕਰਕੇ ਰੂਸੀ ਦਾ ਜਵਾਬ ਮੇਰੇ ਕੰਨਾਂ ਤੋਂ ਬਾਹਰ ਹੀ ਤਿਲ੍ਹਕ ਗਿਆ, ਦਿਖਾਈ ਦਿੱਤਾ ਤਾਂ ਲੋਕਾਂ ਦਾ ਹੱਸਣਾ-ਮੁਸਕਰਾਉਣਾ! ਰੂਸੀ, ਪ੍ਰੋਫ਼ੈਸਰ ਪ੍ਰੀਤਮ ਸਿੰਘ ਤੇ ਮੇਰੇ ਵਿਚਕਾਰ ਇਸ ਸੀਮਤ ਜਿਹੀ ਪਰ ਅਭੁੱਲ ਤਿਕੋਣੀ ਸ਼ਬਦੀ ਸਾਂਝ ਚੇਤੇ ਵਿਚ ਟਿਕੀ ਹੋਈ ਹੋਣ ਕਾਰਨ ਉਥੇ ਪ੍ਰੋਫ਼ੈਸਰ ਸਾਹਿਬ ਨਾਲ ਆਈ ਦਲੀਪ ਕੌਰ ਟਿਵਾਣਾ ਨੂੰ ਪਹਿਲੀ ਵਾਰ ਦੇਖਣਾ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ।
ਮਗਰੋਂ ਦੇ ਦਹਾਕਿਆਂ ਵਿਚ ਰਚਨਾਕਾਰ ਟਿਵਾਣਾ ਨਾਲ ਸਿੱਧੇ ਵਾਹ ਦਾ ਜਿੰਨਾ ਸਬੱਬ ਬਣਿਆ, ਉਹਦੀ ਰਚਨਾ ਨਾਲ ਉਹਤੋਂ ਵੱਧ ਨੇੜਵਾਂ ਨਾਤਾ ਜੁੜ ਗਿਆ। ਕਿਸੇ ਲੇਖਕ ਦੀ ਰਚਨਾ ਨਾਲ ਪਾਠਕੀ ਨਾਤਾ ਤਦ ਹੀ ਜੁੜਦਾ ਹੈ, ਜੇ ਰਚਨਾ ਵਿਚ ਪਾਠਕ ਨੂੰ ਖਿੱਚਣ ਦਾ ਤੇ ਫੇਰ ਬੰਨ੍ਹ ਕੇ ਰੱਖਣ ਦਾ ਬਲ ਹੋਵੇ। ਸੈਂਕੜੇ ਕਲਮਕਾਰ ਕਿਸੇ ਭਾਸ਼ਾ ਵਿਚ ਲਿਖ ਰਹੇ ਹੁੰਦੇ ਹਨ। ਸ਼ੁਰੂਆਤੀ ਦੌਰ ਵਿਚ ਦੂਜਿਆਂ ਨਾਲੋਂ ਕੱਦ ਕੱਢ ਕੇ ਉਭਰਨ ਵਾਸਤੇ, ਜਿਵੇਂ ਕਣਕ ਦੇ ਖੇਤ ਵਿਚ ਕੋਈ-ਕੋਈ ਬੂਟਾ ਬਾਕੀ ਫ਼ਸਲ ਨਾਲੋਂ ਗਿੱਠ ਉੱਚਾ ਹੋ ਜਾਂਦਾ ਹੈ, ਕੁਝ ਵੱਖਰਾ, ਕੁਝ ਨਵੇਕਲਾ ਕਰਨਾ ਲਾਜ਼ਮ ਹੁੰਦਾ ਹੈ। ਕਹਿੰਦੇ ਹਨ, ਸਿਕੰਦਰ ਦੀ ਮਾਂ ਨੇ ਕਬਰਿਸਤਾਨ ਵਿਚ ਜਾ ਕੇ ਹਾਕ ਮਾਰੀ, “ਵੇ ਪੁੱਤ ਸਿਕੰਦਰਾ!” ਜਵਾਬ ਸਿਕੰਦਰ ਨੇ ਨਹੀਂ, ਇਕ ਗ਼ੈਬੀ ਆਵਾਜ਼ ਨੇ ਦਿੱਤਾ, “ਇਥੇ ਸੈਆਂ ਸਿਕੰਦਰ ਸੁੱਤੇ, ਮਾਤਾ, ਕਿਹੜੇ ਨੂੰ ਤੂੰ ਵਾਜਾਂ ਮਾਰਦੀ!” ਇਹੋ ਹਾਲ ਸਾਹਿਤ ਦਾ ਹੈ।
ਪੰਜਾਬੀ ਵਿਚ ਸੈਂਕੜੇ, ਸਗੋਂ ਹੁਣ ਤਾਂ ਸ਼ਾਇਦ ਹਜ਼ਾਰਾਂ ਸਾਹਿਤਕਾਰ ਹਨ, ਉਨ੍ਹਾਂ ਵਿਚੋਂ ਵੱਖਰੀ ਪਛਾਣ ਵਾਲਾ ‘ਕਿਹੜਾ’ ਬਣਨਾ ਹੀ ਖਰੀ ਕਲਾ ਹੈ। ਇਹ ਪਦਵੀ ਲੇਖਕ ਸਿਰਫ਼ ਤੇ ਸਿਰਫ਼ ਮੌਲਕਤਾ ਤੇ ਕਲਾ-ਕੌਸ਼ਲਤਾ ਸਦਕਾ ਹਾਸਲ ਕਰ ਸਕਦਾ ਹੈ। ਸੂਰਜ ਦੀ ਕਿਰਨ ਦੇ ਸੱਤ ਰੰਗ ਤਾਂ ਹਰ ਪ੍ਰਿਜ਼ਮ ਦਿਖਾਉਂਦੀ ਹੈ, ਮੌਲਕਤਾ ਮਨ ਤੇ ਸੋਚ ਦੀ ਅਜਿਹੀ ਪ੍ਰਿਜ਼ਮ ਦਾ ਨਾਂ ਹੈ ਜੋ ਅੱਠਵਾਂ ਰੰਗ ਦਿਖਾ ਸਕੇ। ਬੀਬੀ ਟਿਵਾਣਾ ਦਾ ਜ਼ਿਕਰ ਕਰਦਿਆਂ ਸਾਡੇ ਇਕ ਪ੍ਰਮੁੱਖ ਗਲਪਕਾਰ ਕਰਤਾਰ ਸਿੰਘ ਦੁੱਗਲ ਨੇ ਠੀਕ ਹੀ ਕਿਹਾ ਸੀ, “ਮੌਲਕ ਹੋਣਾ ਨਵੇਕਲਾ ਹੋਣਾ ਹੁੰਦਾ ਹੈ। ਤੇ ਵਾਸਤਵਿਕ ਮੌਲਕਤਾ ਤੋਂ ਉਚੇਰੀ ਕੋਈ ਸਾਹਿਤਕ ਵਿਸ਼ੇਸ਼ਤਾ ਨਹੀਂ, ਕੋਈ ਵਧੇਰੇ ਸ੍ਰੇਸ਼ਟ ਰਚਨਾਤਮਕ ਗੁਣ ਨਹੀਂ!”
ਕਹਾਣੀ ਨਾਲ ਸ਼ੁਰੂਆਤ ਕਰਨ ਵਾਲੀ ਟਿਵਾਣਾ ਨੇ ਨਾਲੋ-ਨਾਲ ਬਹੁਤ ਸਾਰੇ ਨਾਵਲ ਵੀ ਲਿਖੇ ਤੇ ਬਹੁਸੈਂਚੀ ਸਵੈਜੀਵਨੀ ਵੀ। ਉਹਨੇ ਸਾਹਿਤ-ਸੰਸਾਰ ਵਿਚ ਜੋ ਸਥਾਨ ਬਣਾਇਆ, ਸਾਹਿਤਕਾਰ ਵਜੋਂ ਜੋ ਨਾਂ ਕਮਾਇਆ, ਆਪਣੀ ਇਸ ਕਲਮੀ ਘਾਲਨਾ ਦੇ ਆਧਾਰ ਉੱਤੇ ਹੀ ਬਣਾਇਆ-ਕਮਾਇਆ। ਹੋਰ ਜ਼ਬਾਨਾਂ ਦੇ ਸਾਹਿਤ ਦੇ ਹਾਲ-ਹਵਾਲ ਦਾ ਮੈਨੂੰ ਸਿੱਧਾ ਕੋਈ ਬਹੁਤਾ ਪਤਾ ਨਹੀਂ, ਪਰ ਸਾਡੇ ਪੰਜਾਬੀ ਸਾਹਿਤ ਵਿਚ ਲੇਖਕ ਨੂੰ, ਖਾਸ ਕਰ ਕੇ ਗ਼ੈਰ-ਜੁਗਾੜੀ ਲੇਖਕ ਨੂੰ ਆਲੋਚਕੀ ਅਨਡਿੱਠਤਾ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ। ਮੈਂ ਆਲੋਚਕਾਂ ਨੂੰ ਅਕਸਰ ਕਹਿੰਦਾ ਹਾਂ, “ਮਹਾਂਪੁਰਸ਼ੋ, ਕਿਸੇ ਲੇਖਕ ਨੂੰ ਸਲਾਹੁਣਾ ਨਹੀਂ ਤਾਂ ਨਿੰਦ ਹੀ ਦਿਉ ਪਰ ਗਿਣਤੀ ਵਿਚ ਤਾਂ ਲਵੋ!”
ਇਥੇ ਜੇ ਕੋਈ ਆਪਣੀ ਕਲਮ ਦੇ ਭਰੋਸੇ ਤੋਂ ਇਲਾਵਾ ਧਿਆਨ ਖਿੱਚਣਾ ਚਾਹੁੰਦਾ ਹੈ, ਉਹਨੂੰ ਆਪਣੇ ਗਲ ਵਿਚ ਪਾ ਕੇ ਆਪਣਾ ਢੋਲ ਆਪ ਹੀ ਵਜਾਉਣਾ ਪੈਂਦਾ ਹੈ। ਪੁਸਤਕ ਦੀ ਘੁੰਡ-ਚੁਕਾਈ, ਪਰਚੇ ਲਿਖਾਉਣੇ, ਗੋਸ਼ਟੀ ਕਰਵਾਉਣੀ, ਇਨਾਮ ਲੈਣੇ, ਮਤਲਬ ਉਹ ਸਭ ਕੁਝ ਕਰਨਾ ਪੈਂਦਾ ਹੈ ਜੋ ‘ਜੁਗਾੜ’ ਸ਼ਬਦ ਦੇ ਕਲਾਵੇ ਵਿਚ ਆਉਂਦਾ ਹੈ। ਪਰ ਕਿਸੇ ਵੀ ਗ਼ੈਰਤਮੰਦ ਲੇਖਕ ਨੂੰ ਇਹ ਸਭ ਵਾਰਾ ਨਹੀਂ ਖਾਂਦਾ। ਬੀਬੀ ਟਿਵਾਣਾ ਦਾ ਕਹਿਣਾ ਸੀ, “ਆਪਣੀਆਂ ਕਿਤਾਬਾਂ ਲਈ ਮੁੱਖਬੰਦ, ਸੈਮੀਨਾਰ, ਪ੍ਰਸੰਸਾ-ਪੱਤਰ, ਖੋਜ-ਕਾਰਜ ਆਦਿ ਦਾ ਪ੍ਰਬੰਧ ਕਰਨ ਬਾਰੇ ਸੋਚਣਾ ਹਮੇਸ਼ਾ ਹੀ ਮੈਨੂੰ ਆਪਣੀ ਲਿਖਤ ਦੀ ਤੌਹੀਨ ਲਗਦਾ ਰਿਹਾ ਹੈ। ਇਸੇ ਕਾਰਨ ਮੈਂ ਆਪਣੀਆਂ ਰਚਨਾਵਾਂ ਦਾ ਨਿਰਣਾ ਵਕਤ ਉੱਤੇ ਛੱਡ ਦਿੱਤਾ ਹੈ। ਸਿਰਫ਼ ਪਹਿਲੀ ਪੁਸਤਕ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਨੇ ਆਖਿਆ ਸੀ, ‘ਤੂੰ ਕਹਾਣੀਆਂ ਲਿਖ, ਮੈਂ ਮੁੱਖਬੰਦ ਲਿਖਾਂਗਾ।’ ਉਹ ਬਜ਼ੁਰਗ ਤੇ ਸੁਹਿਰਦ ਵਿਦਵਾਨ, ਜਿਸ ਨੇ ਲਿਖਿਆ ਸੀ, ‘ਕਿਸੇ ਦਿਨ ਇਹ ਕੁੜੀ ਵੱਡੀ ਲੇਖਿਕਾ ਬਣ ਜਾਏਗੀ, ਪਰ ਉਦੋਂ ਤੱਕ ਮੈਂ ਨਹੀਂ ਹੋਵਾਂਗਾ’, ਮੇਰੀਆਂ ਕਿਤਾਬਾਂ ਵਿਚੋਂ ਪਹਿਲੀ ਤੇ ਆਖ਼ਰੀ ਭੂਮਿਕਾ ਦਾ ਲੇਖਕ ਸੀ।”
ਜਿਹੜੇ ਲੇਖਕ ਟਿਵਾਣਾ ਤੋਂ ਭੂਮਿਕਾ ਲਿਖਵਾਉਣ ਦੇ ਚਾਹਵਾਨ ਹੁੰਦੇ ਹਨ, ਉਨ੍ਹਾਂ ਸਭਨਾਂ ਨੂੰ ਉਹਦਾ ਇਕੋ ਜਵਾਬ ਹੁੰਦਾ ਹੈ, ਜੋ ਸਮੇਂ ਨਾਲ ਬਹੁਤ ਮਸ਼ਹੂਰ ਹੋ ਗਿਆ ਹੈ, “ਮੈਨੂੰ ਪਹਿਲਾਂ ਇਹ ਦੱਸ, ਵਾਰਿਸ ਦੀ ‘ਹੀਰ’ ਦਾ ਮੁੱਖਬੰਦ ਕੀਹਨੇ ਲਿਖਿਆ ਸੀ!…ਵੇਖ, ਜੇ ਤੇਰੀ ਲਿਖਤ ਵਿਚ ਦਮ ਹੋਇਆ ਤਾਂ ਮੁੱਖਬੰਦ ਤੋਂ ਬਿਨਾਂ ਵੀ ਜਿਉਂਦੀ ਰਹੇਗੀ। ਕਿਸੇ ਮੁੱਖਬੰਦ ਨੇ ਅੱਜ ਤੱਕ ਕਿਸੇ ਲੇਖਕ ਨੂੰ ਵੱਡਾ ਨਹੀਂ ਬਣਾਇਆ।”
ਪ੍ਰੋਫ਼ੈਸਰਾਂ ਤੇ ਆਲੋਚਕਾਂ ਦੇ ਗੜ੍ਹ, ਇਕ ਵਿਸ਼ਵਵਿਦਿਆਲੇ ਵਿਚ, ਉਹ ਵੀ ਸਭ ਤੋਂ ਸੀਨੀਅਰ ਹੁੰਦਿਆਂ ਅਜਿਹੀ ਨਿਰਲੇਪਤਾ, ਅਟੰਕਤਾ ਤੇ ਬੇਪਰਵਾਹੀ ਅਪਣਾਉਣਾ ਅਤੇ ਆਪਣੀ ਰਚਨਾ ਬਾਰੇ ਕਿਸੇ ਵੱਲੋਂ, ਆਪਣੇ ਛੋਟੇ ਸਹਿਕਰਮੀਆਂ ਵੱਲੋਂ ਵੀ, ਕੁਝ ਲਿਖੇ ਜਾਣ ਦੀ ਚਾਹ ਨਾ ਕਰਨਾ ਬੜਾ ਸਾਹਿਤਕ ਜਿਗਰਾ ਤੇ ਤਿਆਗ ਲੋੜਦਾ ਸੀ। ਆਪ ਇਸੇ ਮੱਤ ਦਾ ਪੱਕਾ ਵਿਸ਼ਵਾਸੀ ਹੋਣ ਕਰਕੇ ਟਿਵਾਣਾ ਦੇ ਇਸ ਸੁਭਾਅ ਨੇ ਲੇਖਿਕਾ ਵਜੋਂ ਮੇਰੇ ਮਨ ਵਿਚ ਉਹਦੀ ਕਦਰ ਬਹੁਤ ਵਧਾਈ।
ਰਚਨਾ ਲੇਖਕ ਦੇ ਮਨ ਦੀ ਮਾਇਆ ਹੁੰਦੀ ਹੈ। ਮਨ ਦੇ ਸੰਸਾਰ ਦਾ ਪਸਾਰਾ ਬਾਹਰੀ ਸੰਸਾਰ ਤੋਂ ਕੋਈ ਘੱਟ ਨਹੀਂ। ਸਗੋਂ ਬਾਹਰੀ ਸੰਸਾਰ ਮਨ ਦੇ ਸੰਸਾਰ ਦਾ ਹੀ ਪਸਾਰਾ ਹੈ। ਭਗਤ ਪੀਪਾ ਕਹਿੰਦੇ ਹਨ, “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ!” ਮਨ ਦੀ ਥਾਹ ਪਾਉਣਾ ਸੰਸਾਰ ਦੀ ਥਾਹ ਪਾਉਣ ਜਿਹਾ ਹੀ ਔਖਾ ਕਾਰਜ ਹੈ। ਬਾਬਾ ਨਾਨਕ ਦੇ ਬੋਲ “ਮਨਿ ਜੀਤੈ ਜਗੁ ਜੀਤੁ” ਵੀ ਇਸੇ ਤੱਥ-ਸੱਚ ਦਾ ਪ੍ਰਗਟਾਵਾ ਹਨ। ਜਿਸ ਨੇ ਮਨ ਜਿੱਤ ਲਿਆ, ਜੱਗ ਜਿੱਤ ਲਿਆ। ਜਿਸ ਨੇ ਮਨ ਜਾਣ ਲਿਆ, ਜੱਗ ਜਾਣ ਲਿਆ। ਜਿਸ ਨੇ ਮਨ ਪਛਾਣ ਲਿਆ, ਜੱਗ ਪਛਾਣ ਲਿਆ। ਇਹ ਗੱਲ ਬੀਬੀ ਟਿਵਾਣਾ ਦੀ ਸ਼ਖ਼ਸੀਅਤ ਉੱਤੇ ਤੇ ਉਹਦੇ ਸਾਹਿਤ ਉੱਤੇ ਪੂਰੀ ਢੁਕਦੀ ਹੈ। ਮੇਰਾ ਇਹ ਪ੍ਰਭਾਵ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹੋਣ ਸਮੇਂ ਚੰਡੀਗੜ੍ਹ ਵਿਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਕੁਝ ਮੀਟਿੰਗਾਂ ਤੇ ਸਭਾਵਾਂ ਵਿਚ ਉਹਨੂੰ ਨੇੜਿਉਂ ਦੇਖਣ, ਜਾਣਨ ਤੇ ਪਛਾਣਨ ਨਾਲ ਬਣਿਆ।
ਉਹਦਾ ਸਾਹਿਤ ਮੁੱਖ ਤੌਰ ਉੱਤੇ ਆਪਣੀ ਪਛਾਣ ਦਾ, ਆਪਣੀ ਹੋਂਦ ਦੇ ਅਰਥ-ਅਨੁਵਾਦ ਦਾ ਤੇ ਅੱਗੇ ਉਸ ਰਾਹੀਂ ਜੱਗ ਨੂੰ ਪਛਾਣਨ ਤੇ ਅਰਥਾਉਣ-ਅਨੁਵਾਦਣ ਦਾ ਹੀਲਾ ਹੈ। ਇਹੋ ਸਰਬਪੱਖੀ ਸਵੈਪਛਾਣ ਮਨ ਨੂੰ ਉਹ ਨਿਰਮਲਤਾ, ਠਰ੍ਹੰਮਾ ਤੇ ਸਹਿਜ ਦਿੰਦੀ ਹੈ ਜੋ ਉਹਦੀ ਸ਼ਖ਼ਸੀਅਤ ਵਿਚੋਂ ਝਲਕਦੇ ਹਨ। ਤੀਜੇ ਗੁਰੂ ਸਾਹਿਬ ਨੇ ਮਨੁੱਖੀ ਸਵੈਪਛਾਣ ਦੇ ਇਨ੍ਹਾਂ ਦੋਵਾਂ ਸਿੱਟਿਆਂ ਬਾਰੇ ਬੜੀ ਵਧੀਆ ਗੱਲ ਕੀਤੀ ਹੈ, “ਆਪੁ ਪਛਾਣੈ ਬੂਝੈ ਸੋਇ” ਤੇ “ਆਪੁ ਪਛਾਣੈ ਮਨੁ ਨਿਰਮਲੁ ਹੋਇ”। ਉਹ ਸਵੈ ਨੂੰ ਨਾ ਪਛਾਣਨ ਵਾਲਿਆਂ ਦੇ ਮਨ-ਅੰਤਰ ਦੀ ਹਨੇਰੀ ਹਾਲਤ ਨੂੰ ਵੀ ਸਪੱਸ਼ਟ ਕਰਦੇ ਹਨ, “ਅੰਤਰਿ ਤਾਮਸੁ ਆਪ ਨ ਪਛਾਣੈ”।
ਬੀਬੀ ਟਿਵਾਣਾ ਦਾ ਕਹਿਣਾ ਹੈ, “ਆਪਣੀ ਹੋਂਦ ਦੇ ਅਰਥ ਤਲਾਸ਼ ਕਰਨਾ ਤੇ ਆਪਣੀ ਹੋਂਦ ਦੀ ਸਾਰਥਕਤਾ ਲੱਭਣਾ ਲੇਖਕ ਲਈ, ਜਿਉਣ ਲਈ ਵੀ ਤੇ ਲਿਖਣ ਲਈ ਵੀ, ਕੇਂਦਰੀ ਬਿੰਦੂ ਹੁੰਦਾ ਹੈ।” ਇਸੇ ਕਰਕੇ ਸਾਹਿਤ ਤੇ ਕਲਾ ਦੇ ਖੇਤਰ ਵਿਚ ਆਪਣੀ ਤਲਾਸ਼ ਤੋਂ ਜੱਗ ਦੀ ਤਲਾਸ਼ ਵੱਲ ਤੁਰੇ ਉਹਦੇ ਵਰਗੇ ਲੇਖਕਾਂ ਦੇ ਮੁਕਾਬਲੇ ਆਪਣੇ ਆਪ ਨੂੰ ਸਰਬ-ਗਿਆਤਾ ਸਮਝਣ ਦਾ ਭਰਮ ਪਾਲਣ ਵਾਲੇ ਲੇਖਕ ਹੋਛੇ ਸਿੱਧ ਹੁੰਦੇ ਹਨ। ਲੇਖਕ ਵਾਸਤੇ ਆਪਣੇ ਆਪ ਨੂੰ ਜਾਣਨਾ-ਪਛਾਣਨਾ ਬਹੁਤ ਕਠਿਨ ਕਾਰਜ ਹੈ। ਪਰ ਇਹੋ ਉਹ ਦੁਆਰ ਹੈ ਜਿਸ ਤੋਂ ਅੱਗੇ ਦੁਨੀਆ ਦੀ ਜਾਣ-ਪਛਾਣ ਦਾ ਮਾਰਗ ਖੁਲ੍ਹਦਾ ਹੈ। ਟਿਵਾਣਾ ਦਾ ਸਾਹਿਤ ਪਾਠਕ ਨੂੰ ਉਂਗਲੀ ਫੜ ਕੇ ਇਸੇ ਮਾਰਗ ਉੱਤੇ ਲੈ ਤੁਰਦਾ ਹੈ।
ਉਹਨੂੰ ਇਨਾਮਾਂ-ਸਨਮਾਨਾਂ ਦੇ ਚੱਕਰ ਵਿਚ ਆਪਣੇ ਉੱਚੇ ਚੌਂਤਰੇ ਤੋਂ ਇਕ ਸੂਤ-ਭਰ ਵੀ ਨੀਵਾਂ ਹੋਣਾ ਗਵਾਰਾ ਨਹੀਂ ਸੀ ਹੋਇਆ ਤੇ ਇਸੇ ਸੋਚ ਦਾ ਧਾਰਨੀ ਮੈਂ ਰਿਹਾ ਹਾਂ। ਇਨਾਮਾਂ-ਸਨਮਾਨਾਂ ਦੀ ਪ੍ਰਾਪਤੀ ਉਹਦੀ ਸੋਚ ਦਾ ਹਿੱਸਾ ਵੀ ਨਹੀਂ ਸੀ ਰਹੀ ਤੇ ਮੇਰੀ ਸੋਚ ਦਾ ਹਿੱਸਾ ਵੀ ਨਹੀਂ ਸੀ ਰਹੀ। ਪਰ ਇਕ ਦਿਲਚਸਪ ਤੱਥ ਇਹ ਹੈ ਕਿ ਮੇਰੇ ਦਿਲ ਵਿਚ ਬਣੀ ਹੋਈ ਉਹਦੀ ਥਾਂ ਦਾ ਇਕ ਆਧਾਰ ਇਨਾਮ-ਸਨਮਾਨ ਹੀ ਹਨ। ਹੋਰ ਵੀ ਦਿਲਚਸਪ ਗੱਲ ਇਹ ਕਿ ਉਸ ਹੱਥੋਂ ਮੈਨੂੰ ਇਕ ਨਹੀਂ, ਦੋ ਵੱਡੇ ਸਨਮਾਨ ਹਾਸਲ ਹੋਏ, ਇਕ ਸਾਹਿਤ ਅਕਾਦਮੀ ਪੁਰਸਕਾਰ ਤੇ ਦੂਜਾ, ਮੇਰੇ ਲਈ ਸਾਹਿਤ ਅਕਾਦਮੀ ਪੁਰਸਕਾਰ ਤੋਂ ਵੀ ਵੱਧ ਕਦਰਜੋਗ ਇਕ ਹੋਰ ਨਵੇਕਲਾ ਪੁਰਸਕਾਰ। ਪਾਠਕ ਹੈਰਾਨ ਹੋਵੇਗਾ ਕਿ ਸਾਹਿਤ ਅਕਾਦਮੀ ਪੁਰਸਕਾਰ ਤੋਂ ਵੀ ਵੱਧ ਕਦਰਜੋਗ ਪੁਰਸਕਾਰ ਕਿਹੜਾ ਹੋਇਆ! ਮੈਂ ਆਪਣੇ ਤੋਂ ਵੱਡੇ ਲੇਖਕਾਂ ਤੋਂ ਮਿਲੀ ਸ਼ਾਬਾਸ਼ ਨੂੰ ਹਮੇਸ਼ਾ ਅਸਲ ਸਨਮਾਨ ਮੰਨਿਆ ਹੈ। ਆਪਣਾ ਮੱਤ ਸਪੱਸ਼ਟ ਕਰਨ ਵਾਸਤੇ ਮੈਂ ਇਥੇ ਸਿਰਫ਼ ਤਿੰਨ ਅਜਿਹੇ ਸਨਮਾਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ।
ਮੈਂ ਜਦੋਂ ਅਜੇ ਬੇਪੁਸਤਿਕਾ ਸੀ, ਕਹਾਣੀ ‘ਚਗ਼ਲ’, ਜੋ ਮਗਰੋਂ ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਵਿਚ ਸ਼ਾਮਲ ਹੋਈ, ਪ੍ਰੋ. ਮੋਹਨ ਸਿੰਘ ਨੂੰ ‘ਪੰਜ ਦਰਿਆ’ ਵਾਸਤੇ ਭੇਜ ਦਿੱਤੀ। ‘ਪੰਜ ਦਰਿਆ’ ਦਾ ਬੜਾ ਉੱਚਾ ਨਾਂ ਸੀ ਅਤੇ ਮੋਹਨ ਸਿੰਘ ਬੜੀ ਬਰੀਕ ਛਾਣਨੀ ਵਿਚੋਂ ਲੰਘਾ ਕੇ ਰਚਨਾਵਾਂ ਛਾਪਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਹਾਣੀ ਤਾਂ ਛਾਪੀ ਹੀ, ਨਾਲ ਆਪ ਉਹ ਕਹਾਣੀ ਪੰਜ ਵਾਰ ਪੜ੍ਹੀ ਹੋਣ ਦੀ ਟਿਪਣੀ ਵੀ ਛਾਪੀ। ਮੋਹਨ ਸਿੰਘ ਨੇ ਮੇਰੀ ਕਹਾਣੀ ਪੰਜ ਵਾਰ ਪੜ੍ਹੀ! ਮੈਂ ਅੱਖਾਂ ਮਲ਼-ਮਲ਼ ਉਹ ਟਿਪਣੀ ਮੁੜ-ਮੁੜ ਪੜ੍ਹਦਾ ਰਿਹਾ। ਇਹ ਮੇਰਾ ਪਹਿਲਾ ਵੱਡਾ ਸਨਮਾਨ ਸੀ।
ਕਹਾਣੀ ‘ਓਪਰਾ ਮਰਦ’ ਅੰਮ੍ਰਿਤਾ ਪ੍ਰੀਤਮ ਦੇ ਮਾਸਕ ‘ਨਾਗਮਣੀ’ ਵਿਚ ਛਪੀ ਅਤੇ ਅੰਤ ਤੱਕ, ਮੇਰੇ ਨਾਲ ਗੁੱਸੇ ਹੋ ਜਾਣ ਮਗਰੋਂ ਵੀ, ਉਹਦੀਆਂ ਮਨਪਸੰਦ ਕਹਾਣੀਆਂ ਵਿਚ ਸ਼ਾਮਲ ਰਹੀ। ਇਸੇ ਨਾਂ ਦਾ ਸੰਗ੍ਰਹਿ ਛਪਿਆ ਤਾਂ ਮੈਂ ਉਹਦੇ ਘਰ ਜਾ ਕੇ ਪਹਿਲੀ ਪੁਸਤਕ ਉਸੇ ਨੂੰ ਭੇਟ ਕੀਤੀ। ਉਹਨੇ ਪੁਸਤਕ ਦੇਖੀ, ਦਿੱਖ ਦੇ ਪੱਖੋਂ ਸਲਾਹੀ, ਅਨਪੜ੍ਹੀਆਂ ਕਹਾਣੀਆਂ ਪੜ੍ਹ ਕੇ ਕੁਝ ਸਤਰਾਂ ਲਿਖਣ ਦਾ ਵਾਅਦਾ ਕੀਤਾ ਜੋ ਛੇਤੀ ਹੀ ਲਿਖ ਕੇ ਭੇਜੀਆਂ ਵੀ, ਅਤੇ ਕਮਰੇ ਵਿਚੋਂ ਇਕ ਰੁਪਏ ਦਾ ਨਵਾਂ-ਨਕੋਰ ਨੋਟ ਲਿਆ ਕੇ ਤੇ ਉਹਦੀ ਸਫ਼ੈਦ ਡੱਬੀ ਵਿਚ ਦਸਖ਼ਤ ਕਰ ਕੇ ਬੋਲੀ, “ਇਹ ਲੈ ਤੇਰੇ ‘ਓਪਰੇ ਮਰਦ’ ਨੂੰ ਸ਼ਗਨ!” ਇਹ ਮੇਰਾ ਦੂਜਾ ਵੱਡਾ ਸਨਮਾਨ ਸੀ।
ਇਕ ਦਿਨ ਅਚਾਨਕ ਦਲੀਪ ਕੌਰ ਟਿਵਾਣਾ ਦਾ ਕਾਰਡ ਆਇਆ। ਇਹ ਮੇਰੇ ਨਾਂ ਆਈ ਉਸ ਦੀ ਪਹਿਲੀ ਤੇ ਆਖ਼ਰੀ ਚਿੱਠੀ ਸੀ। ਇਹ ਜ਼ਿਕਰ ਤਾਂ ਨਹੀਂ ਸੀ ਕਿ ਉਹਨੇ ਮੇਰਾ ਕਿਹੜਾ ਕਹਾਣੀ-ਸੰਗ੍ਰਹਿ ਪੜ੍ਹ ਕੇ ਉਹ ਚਿੱਠੀ ਲਿਖੀ ਸੀ ਪਰ ਜੋ ਲਿਖਿਆ ਸੀ ਉਹ ਮੇਰੇ ਵਾਸਤੇ ਬਹੁਤ ਕੀਮਤੀ ਸੀ। ਉਹਦਾ ਕਹਿਣਾ ਸੀ ਕਿ ਅਸੀਂ ਬਾਹਰਲੇ ਵੱਡੇ ਲੇਖਕਾਂ ਦੀਆਂ ਤਾਰੀਫ਼ਾਂ ਕਰਦੇ ਰਹਿੰਦੇ ਹਾਂ, ਜਦੋਂ ਕਿ ਸਾਡੀਆਂ ਕਹਾਣੀਆਂ ਉਨ੍ਹਾਂ ਤੋਂ ਕਿਵੇਂ ਵੀ ਘੱਟ ਨਹੀਂ। ਇਹ ਮੇਰਾ ਤੀਜਾ ਵੱਡਾ ਸਨਮਾਨ ਸੀ।
ਸੁਹਾਣਾ ਸਬੱਬ ਦੇਖੋ, ਮੇਰੇ ਸਾਹਿਤ ਅਕਾਦਮੀ ਪੁਰਸਕਾਰ ਦੀ ਕਹਾਣੀ ਵੀ ਬੀਬੀ ਟਿਵਾਣਾ ਨਾਲ ਹੀ ਜੁੜੀ ਹੋਈ ਹੈ। ਪਹਿਲਾਂ ਤਾਂ ਮੈਂ ਪੂਰੀ ਈਮਾਨਦਾਰੀ ਨਾਲ ਇਹ ਦੱਸ ਦੇਵਾਂ ਕਿ ਇਹ ਪੁਰਸਕਾਰ ਮੇਰੇ ਸੋਚ-ਘੇਰੇ ਤੋਂ ਉੱਕਾ ਹੀ ਬਾਹਰ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਸਾਹਿਤ ਅਕਾਦਮੀ ਵਿਚ ਚਿਰਾਂ ਤੋਂ ਬਣੇ ਹੋਏ ਮਾਹੌਲ ਵਿਚ ਇਹਦੇ ਮੈਨੂੰ ਮਿਲਣ ਦਾ ਸਵਾਲ ਹੀ ਨਹੀਂ ਸੀ। ਜਦੋਂ ਮੈਂ ਆਪਣੀ ਬੁੱਕਲ ਖੁੱਲ੍ਹੀ ਵਾਲੇ ਲੇਖਕ ਦੋਸਤਾਂ ਨਾਲ ਵੀ ਬੈਠਦਾ ਸੀ, ਅਸੀਂ ਲੇਖਕਾਂ-ਲੇਖਿਕਾਵਾਂ ਤੋਂ ਤੁਰ ਕੇ ਪੀੜ੍ਹੀਦਾਰਾਂ, ਰਚਨਾ ਦੀ ਥਾਂ ਘਤਿੱਤਾਂ, ਤਿਕੜਮਾਂ, ਯਧਖ਼ਤੀਆਂ ਨਾਲ, ਦੂਜੇ ਲੇਖਕਾਂ ਨੂੰ ਬੁਰਾ-ਭਲਾ ਆਖਣ ਤੇ ਨਿੰਦਣ ਨਾਲ ਵੱਡਾ ਲੇਖਕ ਬਣਨ ਦੇ ਜਤਨਸ਼ੀਲਾਂ ਵਿਚੋਂ ਦੀ ਹੁੰਦੇ ਹੋਏ ਕਟਰੀਨਾ ਕੈਫ਼ ਤੱਕ ਜਾ ਪਹੁੰਚਦੇ ਸੀ, ਪਰ ਮੇਰਾ ਸਚੇਤ ਜਤਨ ਹੁੰਦਾ ਸੀ ਕਿ ਇਸ ਗਿਆਨ-ਗੋਸ਼ਟ ਵਿਚ ਕਿਵੇਂ ਵੀ ਇਨਾਮਾਂ-ਸਨਮਾਨਾਂ ਦੀ ਗੱਲ ਨਾ ਆ ਵੜੇ। ਆਪਣੇ ਲਈ ਤਾਂ ਕੀ, ਮੈਂ ਕਦੇ ਆਮ ਰੂਪ ਵਿਚ ਇਨਾਮਾਂ-ਸਨਮਾਨਾਂ ਦੀ ਗੱਲ ਵੀ ਨਹੀਂ ਸੀ ਕਰਦਾ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਭੁੱਲਰ ਇਸ ਚਰਚਾ ਦੇ ਬਹਾਨੇ ਟੇਢੇ ਢੰਗ ਨਾਲ ਆਪਣੀ ਇੱਛਾ ਪ੍ਰਗਟ ਕਰ ਰਿਹਾ ਹੈ।
ਹੋਇਆ ਇਹ ਕਿ ਜਨਤਕ ਪ੍ਰੈੱਸ ਵਾਲੇ ਚਰਨਜੀਤ ਸਿੰਘ ਚੰਨ ਦਾ ਫੋਨ ਆਇਆ, “ਵਧਾਈਆਂ, ਭੁੱਲਰ ਜੀ!”
ਮੈਂ ਪੁੱਛਿਆ, “ਕਾਹਦੀਆਂ?”
ਉਹ ਬੋਲਿਆ, “ਤੁਹਾਨੂੰ ਨਹੀਂ ਪਤਾ, ਅੱਜ ਮੀਟਿੰਗ ਸੀ?”
ਮੈਂ ਹੈਰਾਨ ਹੋਇਆ, “ਕਾਹਦੀ ਮੀਟਿੰਗ?” ਮੈਨੂੰ ਪੁਰਸਕਾਰ ਸੰਬੰਧੀ ਹੋਣ ਵਾਲੀ ਮੀਟਿੰਗ ਦੀਆਂ ਤਾਰੀਖ਼ਾਂ ਤਾਂ ਕੀ, ਮਹੀਨਾ ਵੀ ਪਤਾ ਨਹੀਂ ਸੀ ਹੁੰਦਾ।
ਉਹਨੇ ਦੱਸਿਆ, “ਸਾਹਿਤ ਅਕਾਦਮੀ ਦੀ। ਤੁਹਾਨੂੰ ਪੁਰਸਕਾਰ ਦੇਣ ਦਾ ਫ਼ੈਸਲਾ ਹੋ ਗਿਆ।”
ਮੈਂ ਬੌਂਦਲ ਜਿਹਾ ਗਿਆ ਤੇ ਫੋਨ ਰੱਖ ਦਿੱਤਾ। ਇਕ ਪਾਸੇ ਤਾਂ ਇਹ ਹੋ ਹੀ ਨਹੀਂ ਸੀ ਸਕਦਾ ਕਿ, ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦੇ ਸੰਬੰਧ ਵਿਚ ਵਰਤੇ ਜਾਂਦੇ ਤੰਦੂਆ ਜਾਲ ਤੇ ਮਾਫ਼ੀਆ ਰਾਜ ਜਿਹੇ ਸ਼ਬਦਾਂ ਦਾ ਸੱਚ ਦੇਖਦਿਆਂ, ਮੈਨੂੰ ਪੁਰਸਕਾਰ ਮਿਲ ਜਾਵੇ। ਦੂਜੇ ਪਾਸੇ ਚੰਨ, ਮੇਰੇ ਨਾਲ ਉਹਦੇ ਰਿਸ਼ਤੇ ਵੱਲ ਦੇਖਦਿਆਂ, ਅਜਿਹੀ ਟਿੱਚਰ ਨਹੀਂ ਸੀ ਕਰ ਸਕਦਾ। ਤੇ ਉਹਨੂੰ ਜਾਣਕਾਰੀ ਵੀ ਪੂਰੀ ਪੱਕੀ ਹੁੰਦੀ ਸੀ। ਮੈਂ ਕਮਰੇ ਵਿਚ ਇਕੱਲਾ ਸੀ ਤੇ ਕਿੰਨਾ ਹੀ ਚਿਰ ਇਕੱਲਾ ਬੈਠਾ ਰਿਹਾ। ਫੇਰ ਮੈਂ ਆਪ ਫੋਨ ਕੀਤਾ, “ਚੰਨ ਜੀ, ਤੁਸੀਂ ਮੈਨੂੰ ਮਖ਼ੌਲ ਕਰ ਤਾਂ ਨਹੀਂ ਸਕਦੇ ਪਰ ਕਿਤੇ ਅੱਜ ਮਖ਼ੌਲ ਕਰ ਤਾਂ ਨਹੀਂ ਦਿੱਤਾ?”
ਉਹ ਪੂਰੀ ਗੰਭੀਰਤਾ ਨਾਲ ਬੋਲਿਆ, “ਭੁੱਲਰ ਜੀ, ਇਹ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਮਖ਼ੌਲ ਕਰਾਂ?”
ਫੇਰ ਹੀ ਮੈਂ ਦੂਜੇ ਕਮਰੇ ਵਿਚ ਕੋਈ ਕੰਮ ਕਰ ਰਹੀ ਗੁਰਚਰਨ ਨੂੰ ਬੁਲਾ ਕੇ ਇਹ ਖ਼ਬਰ ਦੱਸੀ। ਉਹ ਵੀ ਹੈਰਾਨ ਹੋਈ।
ਬਹੁਤੇ ਲੇਖਕਾਂ ਦੇ ਉਲਟ ਮੈਨੂੰ ਇਸ ਗੱਲ ਦਾ ਨਿੱਜੀ ਪਤਾ ਤੇ ਅਨੁਭਵ ਸੀ ਕਿ ਪੁਰਸਕਾਰ ਦਾ ਫ਼ੈਸਲਾ ਪੂਰੀ ਤਰ੍ਹਾਂ ਤਿੰਨ ਨਿਰਣੇਕਾਰਾਂ ਉੱਤੇ ਨਿਰਭਰ ਹੁੰਦਾ ਹੈ। ਚੰਨ ਨਾਲ ਗੱਲਬਾਤ ਸਦਕਾ ਅਕਾਦਮੀ ਪੁਰਸਕਾਰ ਮਿਲ ਗਏ ਹੋਣ ਦਾ ਯਕੀਨ ਹੋਣ ਮਗਰੋਂ ਮੈਨੂੰ ਹੈਰਾਨੀ ਹੋਈ, ਅਜਿਹੇ ਕੌਣ ਨਿਰਣੇਕਾਰ ਸਨ ਜਿਨ੍ਹਾਂ ਨੇ ਕਨਵੀਨਰ ਕਰਨਜੀਤ ਸਿੰਘ ਦੀ ਇੱਛਾ ਦੇ ਬਿਲਕੁਲ ਉਲਟ ਜਾ ਕੇ ਇਹ ਫ਼ੈਸਲਾ ਲੈ ਲਿਆ ਸੀ। ਪੁਰਸਕਾਰੀ ਲੇਖਕਾਂ ਦੀ ਸੂਚੀ ਵਿਚ ਤਾਂ ਕੀ, ਮੈਂ ਤਾਂ ਕਰਨਜੀਤ ਸਿੰਘ ਦੀ ਲੇਖਕਾਂ ਦੀ ਸੂਚੀ ਵਿਚ ਵੀ ਸ਼ਾਮਲ ਨਹੀਂ ਸੀ। ਤਾਂ ਫੇਰ “ਏਨਾ ਮੇਰਾ ਕੌਣ ਦਰਦੀ, ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੀ!” ਮੈਂ ਚੰਨ ਨੂੰ ਫੋਨ ਕੀਤਾ, “ਫ਼ੈਸਲਾ ਕਰਨ ਵਾਲੇ ਤਿੰਨ ਲੇਖਕ ਕੌਣ ਸਨ?”
ਉਹਨੇ ਕਿਹਾ, “ਮੈਂ ਸਾਰਾ ਪਤਾ ਕਰ ਕੇ ਦਸਦਾ ਹਾਂ” ਅਤੇ ਕੁਝ ਹੀ ਮਿੰਟਾਂ ਮਗਰੋਂ ਉਹਨੇ ਦੱਸਿਆ, “ਇਕ ਤਾਂ ਦਲੀਪ ਕੌਰ ਟਿਵਾਣਾ ਸਨ…।”
ਮੈਂ ਉਹਦੀ ਗੱਲ ਟੋਕ ਕੇ ਕਿਹਾ, “ਬੱਸ ਬੱਸ, ਸਮਝ ਗਿਆ ਮੈਂ!” ਪਰ ਚੰਨ ਨੇ ਆਪਣੀ ਗੱਲ ਜਾਰੀ ਰੱਖੀ।
ਬੀਬੀ ਟਿਵਾਣਾ ਨਾਲ ਡਾ. ਜਗਬੀਰ ਸਿੰਘ ਤੇ ਡਾ. ਦੇਵਿੰਦਰ ਸਿੰਘ ਜੰਮੂ ਸਨ। ਉਹਨੇ ਮੇਰਾ ਨਾਂ ਲਿਆ ਤੇ ਸੁਭਾਵਿਕ ਹੀ ਦੂਜੇ ਦੋਵਾਂ ਸੱਜਨਾਂ ਨੇ ਵੀ ਆਪਣੇ ਸੋਚੇ ਹੋਏ ਨਾਂ ਦੱਸ ਦਿੱਤੇ। ਵਿਚਾਰ-ਵਟਾਂਦਰੇ ਵਿਚ ਉਹਨੇ ਇਕੋ ਗੱਲ ਉੱਤੇ ਜ਼ੋਰ ਦਿੱਤਾ, ਮੈਰਿਟ ਉੱਤੇ, “ਇਹ ਦੇਖੋ, ਇਨ੍ਹਾਂ ਵਿਚੋਂ ਮੈਰਿਟ ਕੀਹਦਾ ਬਣਦਾ ਹੈ।” ਦੋਵੇਂ ਸੱਜਨ ਸਹਿਮਤ ਹੋ ਗਏ। ਫ਼ੈਸਲੇ ਵਿਚ ਦੋ ਗੱਲਾਂ ਨਿਰਣਈ ਰਹੀਆਂ। ਇਕ ਤਾਂ ਬੀਬੀ ਦਾ ਸਾਹਿਤਕ-ਅਕਾਦਮਿਕ ਕੱਦ ਏਨਾ ਹੈ ਕਿ ਕਰਨਜੀਤ ਸਿੰਘ ਤਾਂ ਕੀ, ਜੇ ਨੂਰ ਵੀ ਹੁੰਦਾ, ਉਹਦੇ ਲਈ ਵੀ ਕੋਈ ਕਿੰਤੂ-ਪ੍ਰੰਤੂ ਕਰਨਾ ਸੰਭਵ ਨਹੀਂ ਸੀ ਹੋਣਾ। ਦੂਜਾ, ਉਹਨੇ ਸਾਹਮਣੇ ਆਏ ਨਾਂਵਾਂ ਵਿਚੋਂ ਮੈਰਿਟ ਉੱਤੇ ਜ਼ੋਰ ਦਿੱਤਾ ਤੇ ਬਾਕੀ ਦੋਵਾਂ ਸੱਜਨਾਂ ਨੇ ਵੀ ਮੈਰਿਟ ਨੂੰ ਆਧਾਰ ਮੰਨ ਲਿਆ। ਜੇ ਨਿਰਣੇਕਾਰ ਇਉਂ ਹੀ ਮੈਰਿਟ ਨੂੰ ਆਧਾਰ ਬਣਾਇਆ ਕਰਨ, ਪੁਰਸਕਾਰਾਂ ਦੁਆਲਿਉਂ ਬਹੁਤ ਸਾਰੀ ਧੁੰਦ ਹਟ ਜਾਵੇ ਤੇ ਸਾਹਿਤ ਦਾ ਬੜਾ ਭਲਾ ਹੋਵੇ। ਪੁਰਸਕਾਰ ਮੰਗਣ ਨੂੰ ਰਚਨਾ ਕਰਨ ਨਾਲੋਂ ਵੱਡਾ ਰੁਝੇਵਾਂ ਬਣਾਉਣ ਵਾਲੇ ਲੇਖਕ ਬੇਦਿਲ ਹੋ ਕੇ ਸਾਹਿਤਕ ਖੇਤਰ ਵਿਚ ਗੰਦ ਪਾਉਣੋਂ ਕੁਝ ਤਾਂ ਹਟਣ!
ਇਨ੍ਹਾਂ ਤਿੰਨਾਂ ਨਾਲ ਉਸ ਸਮੇਂ ਮੇਰੇ ਰਿਸ਼ਤੇ ਸੁਣ ਕੇ ਪਾਠਕ ਸ਼ਾਇਦ ਹੈਰਾਨ ਹੋਣ। ਬੀਬੀ ਟਿਵਾਣਾ ਦਾ ਮੈਂ ਓਵੇਂ ਆਦਰ ਕਰਦਾ ਹਾਂ ਜਿਵੇਂ ਆਪਣੇ ਤੋਂ ਵੱਡੇ ਲੇਖਕਾਂ ਦਾ ਆਦਰ ਕਰਨ ਦਾ ਮੇਰਾ ਮੱਤ ਤੇ ਸੁਭਾਅ ਹੈ। ਜਾਣਦੇ ਬਹੁਤਾ ਅਸੀਂ ਇਕ ਦੂਜੇ ਦੀਆਂ ਲਿਖਤਾਂ ਤੋਂ ਹੀ ਹਾਂ। ਦੋਵਾਂ ਦੇ ਏਨੇ ਲੰਮੇ ਸਾਹਿਤਕ ਜੀਵਨ ਵਿਚ ਮਿਲੇ ਅਸੀਂ, ਜਿਵੇਂ ਮੈਂ ਪਹਿਲਾਂ ਦੱਸ ਚੁਕਿਆ ਹਾਂ, ਮਸਾਂ ਪੰਜ-ਸੱਤ ਵਾਰ ਹੋਵਾਂਗੇ, ਉਹ ਵੀ ਮੀਟਿੰਗਾਂ ਤੇ ਸਮਾਗਮਾਂ ਵਿਚ ਜਿਥੇ ਦੁਆ-ਸਲਾਮ ਤੇ ਸੁੱਖ-ਸਾਂਦ ਤੋਂ ਲੰਮੀ ਗੱਲ ਹੋਣੀ ਸੰਭਵ ਨਹੀਂ ਹੁੰਦੀ। ਡਾ. ਜਗਬੀਰ ਸਿੰਘ ਨਾਲ ਵੀ ਮੁਲਾਕਾਤਾਂ ਕਦੀ-ਕਦਾਈਂ ਸਾਹਿਤਕ ਇਕੱਠਾਂ ਵਿਚ ਹੀ ਹੁੰਦੀਆਂ ਰਹੀਆਂ ਹਨ। ਡਾ. ਦੇਵਿੰਦਰ ਸਿੰਘ ਨਾਲ ਤਾਂ ਮੇਰੀ ਮੁਲਾਕਾਤ ਕਦੀ ਕਿਸੇ ਇਕੱਠ ਵਿਚ ਵੀ ਨਹੀਂ ਹੋਈ। ਜਿਸ ਮਾਹੌਲ ਵਿਚ ਤੇ ਜਿਸ ਸਹਿਮਤੀ ਨਾਲ ਉਨ੍ਹਾਂ ਨੇ ਮੇਰੇ ਪੱਖ ਵਿਚ ਫ਼ੈਸਲਾ ਲਿਆ, ਉਹਦੇ ਲਈ ਮੇਰਾ ਧੰਨਵਾਦੀ ਹੋਣਾ ਹੀ ਬਣਦਾ ਹੈ। ਉਨ੍ਹਾਂ ਨੇ ਇਸ ਪੁਰਸਕਾਰ ਦੁਆਲੇ ਬੁਣੇ ਹੋਏ ਮਕੜ-ਜਾਲ ਨੂੰ ਤੋੜਿਆ। ਪਰ ਇਸ ਤੋਂ ਵੀ ਵੱਡੀ ਮਹੱਤਤਾ ਵਾਲਾ ਉਹ ਸੁਨੇਹਾ ਹੈ ਜੋ ਉਨ੍ਹਾਂ ਨੇ ਦਿੱਤਾ। ਨਿਰਣੇਕਾਰਾਂ ਨੂੰ ਪੇਸ਼ਾਵਰ ਪੁਰਸਕਾਰਬਾਜਾਂ ਦਾ ਦਬਾਅ ਹੂੰਝ ਕੇ ਪਰੇ ਸੁਟਦਿਆਂ ਆਪਣਾ ਗੌਰਵ ਪਛਾਣਨਾ ਤੇ ਸਵੈਮਾਣ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਪਲੂਸੀ, ਗਉਂ-ਗਰਜ਼ ਤੇ ਵਾਰੀ-ਵੱਟੇ ਜਿਹੀਆਂ ਸੋਚਾਂ ਅਧੀਨ ਪੁਰਸਕਾਰੀ ਹੇਰਾਫੇਰੀਆਂ ਕਰਨ-ਕਰਾਉਣ ਵਾਲਿਆਂ ਦੇ ਮੋਹਰੇ ਨਹੀਂ ਬਣਨਾ ਚਾਹੀਦਾ।
ਇਕ ਦੱਸਣਜੋਗ ਗੱਲ ਹੋਰ। ਮਗਰੋਂ ਦੇ ਦਿਨਾਂ ਵਿਚ ਵੀ ਮੈਨੂੰ ਪੁਰਸਕਾਰ ਦੁਆਏ ਹੋਣ ਦਾ ਅਹਿਸਾਨ ਜਤਾਉਂਦਾ ਤਿੰਨਾਂ ਵਿਚੋਂ ਕਿਸੇ ਦਾ ਕੋਈ ਫੋਨ ਨਹੀਂ ਆਇਆ। ਇਕ ਦਿਨ ਮੇਰੇ ਮਨ ਵਿਚ ਆਇਆ ਕਿ ਬੀਬੀ ਟਿਵਾਣਾ ਨੂੰ ਤਾਂ ਚਿੱਠੀ ਲਿਖ ਹੀ ਦੇਣੀ ਚਾਹੀਦੀ ਹੈ ਕਿਉਂਕਿ ਬਾਕੀ ਦੋਵਾਂ ਸੱਜਨਾਂ ਦੀ ਸਹਿਮਤੀ ਵੀ ਉਸੇ ਦੀ ਦਲੀਲ ਸਦਕਾ ਸੰਭਵ ਹੋਈ। ਮੈਂ ਲਿਖਿਆ, ਮੈਨੂੰ ਸਾਹਿਤ ਅਕਾਦਮੀ ਪੁਰਸਕਾਰ ਇਸ ਕਰਕੇ ਮਿਲ ਸਕਿਆ ਹੈ ਕਿਉਂਕਿ ਫ਼ੈਸਲਾ ਕਰਨ ਵਾਲੇ ਤਿੰਨ ਲੇਖਕ ਸਨ: 1. ਦਲੀਪ ਕੌਰ ਟਿਵਾਣਾ, 2. ਦਲੀਪ ਕੌਰ ਟਿਵਾਣਾ, ਤੇ 3. ਦਲੀਪ ਕੌਰ ਟਿਵਾਣਾ! ਉਹਦਾ ਠਰ੍ਹੰਮਾ, ਸਹਿਜ ਤੇ ਜਿਗਰਾ ਦੇਖੋ, ਉਹਨੇ ਮੇਰੀ ਅਹਿਸਾਨਮੰਦੀ ਦਾ ਹੁੰਗਾਰਾ ਭਰ ਕੇ ਵੀ ਅਹਿਸਾਨ ਕੀਤਾ ਹੋਣ ਦਾ ਪ੍ਰਭਾਵ ਦੇਣਾ ਠੀਕ ਨਹੀਂ ਸਮਝਿਆ!
ਅੰਮ੍ਰਿਤਾ ਪ੍ਰੀਤਮ ਦਸਦੀ ਸੀ ਕਿ ਉਸ ਨੂੰ ਦਲੀਪ ਕੌਰ ਟਿਵਾਣਾ ਦਾ ਮੁੱਢਲਾ ਨਾਵਲ ‘ਇਹੋ ਹਮਾਰਾ ਜੀਵਨਾ’ ਹੀ ਰੁਆ ਗਿਆ ਸੀ। ਤੇ ਫੇਰ ‘ਤੀਲੀ ਦਾ ਨਿਸ਼ਾਨ’! ਤੇ ਫੇਰ ਪੁਸਤਕ ‘ਨੰਗੇ ਪੈਰਾਂ ਦਾ ਸਫ਼ਰ’! ਉਸ ਦਾ ਕਹਿਣਾ ਸੀ, “ਨੰਗੇ ਪੈਰਾਂ ਦਾ ਸਫ਼ਰ ਕਰਨ ਵਾਲ਼ੀ ਆਪਣੇ ਦਰਦ ਕਿਸੇ ਨਾਲ ਵੰਡਦੀ ਨਹੀਂ, ਉਨ੍ਹਾਂ ਦੀ ਘੁੱਟ ਕੇ ਬੁੱਕਲ ਮਾਰ ਰਖਦੀ ਹੈ। ਦੁੱਖ ਦੇ ਹੜ੍ਹ ਵਿਚ ਘਿਰੀ ਹੋਈ ਦਲੀਪ ਨੇ ਇਕ ਨਾਵਲ ਲਿਖਿਆ, ਕੰਢੇ ਨੂੰ ਹੱਥ ਲਾਉਣ ਲਈ, ‘ਕਥਾ ਕਹੋ ਉਰਵਸ਼ੀ’। ਉਹ ਮੈਂ ਅੱਖਰ ਅੱਖਰ ਪੜ੍ਹਿਆ। ਇਹ ਅਜਿਹਾ ਦਰਦ ਸੀ ਜੋ ਦਲੀਪ ਮੀਟੀ ਹੋਈ ਬੁੱਕਲ ਵਿਚ ਨਹੀਂ ਸੀ ਰੱਖ ਸਕਦੀ।”
ਕਰਤਾਰ ਸਿੰਘ ਦੁੱਗਲ, ਜਿਸ ਨਾਲ ਇਕ ਬਹੁਪੱਖੀ ਤੇ ਬਹੁਪਰਤੀ ਇੰਟਰਵਿਊ ਕਰ ਕੇ ਦਲੀਪ ਕੌਰ ਟਿਵਾਣਾ ਨੇ ‘ਦਲੀਪ-ਦੁੱਗਲ ਵਾਰਤਾਲਾਪ’ ਨਾਂ ਦੀ ਪੂਰੀ ਪੁਸਤਕ ਛਪਵਾਈ ਸੀ, ਨੇ ਕਿਹਾ ਸੀ, “ਡਾ. ਦਲੀਪ ਕੌਰ ਟਿਵਾਣਾ ਦੀ ਸ਼ਖ਼ਸੀਅਤ ਦਾ ਮੀਰੀ ਗੁਣ ਸਹਿਜ ਹੈ। ਜਿਵੇਂ ਦੰਦੋ-ਦੰਦ ਭਰੇ ਹੋਏ ਦੁੱਧ ਦੇ ਕਟੋਰੇ ਉੱਤੇ ਮੁਲਤਾਨ ਦੀ ਫੇਰੀ ਦੇ ਦੌਰਾਨ ਬਾਬਾ ਨਾਨਕ ਦੀ ਚੰਬੇ ਦੀ ਕਲੀ ਤਰ ਰਹੀ ਹੋਵੇ। ਤੇ ਉਸ ਦੀ ਕਲਮ ਦੀ ਨਵੇਕਲੀ ਨਿਸ਼ਾਨਦੇਹੀ ਉਹਦਾ ਸੰਜਮ ਹੈ।…ਮੇਰਾ, ਕਹਾਣੀ-ਲੇਖਕ ਦਾ ਸੀਸ ਡਾ. ਦਲੀਪ ਕੌਰ ਟਿਵਾਣਾ ਦੀ ਕਲਮ ਦੇ ਸਾਹਮਣੇ ਨਿੰਵ ਜਾਂਦਾ ਹੈ। ਸੱਚਮੁੱਚ ਦਲੀਪ ਦਾ ਬਿਆਨ ਬੇਜੋੜ ਹੈ।”
ਤੇ ਇਨ੍ਹਾਂ ਸਾਰਿਆਂ ਤੋਂ ਮਗਰੋਂ ਦੀ ਪੀੜ੍ਹੀ ਦਾ ਗਲਪਕਾਰ ਜਸਬੀਰ ਭੁੱਲਰ, ਜੋ ਆਪ ਇਕ ਮੰਨਿਆ ਹੋਇਆ ਸ਼ੈਲੀਕਾਰ ਹੈ ਤੇ ਜਿਸ ਨੇ ਦਲੀਪ ਕੌਰ ਟਿਵਾਣਾ ਬਾਰੇ ਪੁਸਤਕ ‘ਨਮ ਸ਼ਬਦਾਂ ਦੀ ਆਬਸ਼ਾਰ’ ਸੰਪਾਦਿਤ ਕੀਤੀ ਹੈ, ਟਿਵਾਣਾ ਦੀ ਸ਼ੈਲੀ ਬਾਰੇ ਆਖਦਾ ਹੈ, “ਸੋਚਦਾ ਹਾਂ, ਜੇ ਟਿਵਾਣਾ ਦੇ ਬਿਆਨ ਵਿਚ ਕਿਧਰੇ ਪੱਥਰਾਂ ਦਾ ਜ਼ਿਕਰ ਆਵੇ ਤਾਂ ਉਨ੍ਹਾਂ ਪੱਥਰਾਂ ਵਿਚੋਂ ਪਾਣੀ ਸਿੰਮ ਸਕਦਾ ਹੈ। ਉਹਦੇ ਸ਼ਬਦਾਂ ਦੀ ਨਮੀ ਕਿਸੇ ਵੇਲ਼ੇ ਵੀ ਝਰਨੇ ਦਾ ਰੂਪ ਧਾਰ ਲੈਂਦੀ ਹੈ। ਸਾਵੇ ਪਹਾੜ ਤੋਂ ਝਰਨੇ ਦਾ ਪਾਣੀ ਹੇਠਾਂ ਡਿਗਦਾ ਰਹਿੰਦਾ ਹੈ, ਨਿਰੰਤਰ ਤੇ ਬੇਆਵਾਜ਼! ਉਹਦੀ ਸ਼ੈਲੀ ਦਾ ਸੰਗੀਤ ਓਦੋਂ ਵੀ ਹਾਜ਼ਰ ਰਹਿੰਦਾ ਹੈ। ਕੋਈ ਵੀ ਅਹਿਸਾਸਮੰਦ ਉਹਦੇ ਸ਼ਬਦਾਂ ਵਿਚੋਂ ਚੁੱਪ ਦਾ ਸੰਗੀਤ ਸੁਣ ਸਕਦਾ ਹੈ, ਮਹਿਸੂਸ ਕਰ ਸਕਦਾ ਹੈ!”
ਦਲੀਪ ਕੌਰ ਟਿਵਾਣਾ ਦੀਆਂ ਰਚਨਾਵਾਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹਦੇ ਪਾਤਰ ਆਦਰਸ਼ਕ ਢੰਗ ਨਾਲ ਘੜੇ ਹੋਏ ਜਾਂ ਨੇਕ ਤੇ ਜਾਂ ਬਦ ਨਹੀਂ ਹੁੰਦੇ। ਉਹ ਹੱਡ-ਮਾਸ ਦੇ ਮਨੁੱਖ ਹੁੰਦੇ ਹਨ ਜਿਹੜੇ ਚੰਗਿਆਈਆਂ ਤੇ ਬੁਰਾਈਆਂ ਦੀ ਧੁੱਪ-ਛਾਂ ਵਿਚ ਜੀਵਨ ਬਤੀਤ ਕਰਦੇ ਹਨ। ਇਸੇ ਕਰਕੇ ਉਹਨੂੰ ਉਹਦੀ ਕਲਮ ਦੀ ਕਰਨੀ ਸਦਕਾ ਅਨੇਕਾਂ-ਅਨੇਕ ਮਾਣ-ਸਨਮਾਨ ਮਿਲੇ। ਉਹਦੇ ਪੁਰਸਕਾਰਾਂ ਦਾ ਮੁੱਢ 1962 ਵਿਚ ਕਹਾਣੀ-ਸੰਗ੍ਰਹਿ ‘ਸਾਧਨਾ’ ਨੂੰ ਭਾਸ਼ਾ ਵਿਭਾਗ ਦਾ ਇਨਾਮ ਮਿਲਣ ਨਾਲ ਬੱਝਿਆ। ਸਾਹਿਤ ਅਕਾਦਮੀ ਪੁਰਸਕਾਰ ਉਹਨੂੰ ਚਰਚਿਤ ਨਾਵਲ ‘ਇਹੋ ਹਮਾਰਾ ਜੀਵਨਾ’ ਲਈ 1971 ਵਿਚ ਹੀ ਮਿਲ ਗਿਆ ਸੀ। 1987 ਵਿਚ ਉਹਨੇ ਭਾਸ਼ਾ ਵਿਭਾਗ ਦਾ ‘ਸ਼੍ਰੋਮਣੀ ਸਾਹਿਤਕਾਰ ਸਨਮਾਨ’, 1991 ਵਿਚ ਪੰਜਾਬੀ ਸਾਹਿਤ ਅਕਾਦਮੀ ਦਾ ‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ’, 1993 ਵਿਚ ਪੰਜਾਬੀ ਅਕਾਦਮੀ ਦਿੱਲੀ ਦਾ ‘ਦਹਾਕੇ ਦੀ ਸਰਬੋਤਮ ਨਾਵਲਕਾਰ’ ਸਨਮਾਨ ਅਤੇ 1998 ਵਿਚ ਭਾਰਤੀਆ ਭਾਸ਼ਾ ਪ੍ਰੀਸ਼ਦ ਕਲਕੱਤਾ ਦਾ ‘ਵਾਗਦੇਵੀ ਪਰੁਸਕਾਰ’ ਪ੍ਰਾਪਤ ਕੀਤੇ।
2001 ਵਿਚ ਉਹ ਆਪਣੇ ਨਾਵਲ ‘ਕਥਾ ਕਹੋ ਉਰਵਸ਼ੀ’ ਲਈ ਕੇ. ਕੇ. ਬਿਰਲਾ ਫ਼ਾਊਂਡੇਸ਼ਨ ਤੋਂ ‘ਸਰਸਵਤੀ ਸਨਮਾਨ’ ਪ੍ਰਾਪਤ ਕਰ ਕੇ, ਡਾ. ਹਰਿਭਜਨ ਸਿੰਘ ਤੋਂ ਮਗਰੋਂ, ਪੰਜਾਬੀ ਵਿਚ ਇਸ ਸਨਮਾਨ ਦੀ ਦੂਜੀ ਵਿਜੈਤਾ ਬਣੀ। ਇਸ ਵਿਚ ਪੰਜ ਲੱਖ ਰੁਪਏ ਨਾਲ ਸ਼ਾਲ, ਸਨਮਾਨ-ਚਿੰਨ੍ਹ ਤੇ ਮਾਣ-ਪੱਤਰ ਸ਼ਾਮਲ ਸਨ। ਮੈਨੂੰ ਚੇਤੇ ਹੈ, ਉਸ ਮੌਕੇ ਜਦੋਂ ਮੈਨੂੰ ਇਕ ਹਿੰਦੀ ਪੱਤਰ ‘ਅਦਬੀ ਅਖ਼ਬਾਰ’ ਨੇ ਉਹਦੇ ਬਾਰੇ ਲੇਖ ਲਿਖਣ ਲਈ ਕਿਹਾ, ਮੈਂ ਉਸ ਲਿਖਤ ਦਾ ਨਾਂ ‘ਸਰਸਵਤੀ-ਪੁੱਤਰੀ ਦਲੀਪ ਕੌਰ ਟਿਵਾਣਾ’ ਰੱਖਿਆ ਸੀ। ਇਹ ਉਨ੍ਹਾਂ ਸਨਮਾਨਾਂ ਵਿਚੋਂ ਹੈ ਜੋ ਲੇਖਕ ਦੇ ਨਾਲ-ਨਾਲ ਜਿਵੇਂ ਉਹਦੀ ਭਾਸ਼ਾ ਨੂੰ ਵੀ ਮਿਲਦੇ ਹਨ। ਆਮ ਕਰ ਕੇ ਪਹਿਲਾਂ ਹਰ ਕੋਈ ਇਹੋ ਪੁਛਦਾ ਹੈ ਕਿ ਇਸ ਵਾਰ ਦਾ ਸਨਮਾਨ ਕਿਸ ਭਾਸ਼ਾ ਨੂੰ ਮਿਲਿਆ ਹੈ। ਲੇਖਕ ਦਾ ਨਾਂ ਉਸ ਤੋਂ ਮਗਰੋਂ ਆਉਂਦਾ ਹੈ। 1999 ਵਿਚ ਪ੍ਰਕਾਸ਼ਿਤ ਕੋਈ ਛੇ ਸੌ ਪੰਨਿਆਂ ਉੱਤੇ ਫ਼ੈਲਿਆ ਹੋਇਆ ਇਹ ਨਾਵਲ ਅਸਲ ਵਿਚ ਪੰਜ ਨਾਵਲਾਂ ਦਾ ਸੰਗ੍ਰਹਿ ਹੈ ਜੋ ਆਪਣੇ ਆਪ ਵਿਚ ਸੰਪੂਰਨ ਵੀ ਹਨ ਅਤੇ ਇਕ ਵੱਡੀ ਕਥਾ ਦੇ ਰੂਪ ਵਿਚ ਇਕ ਦੂਜੇ ਨਾਲ ਜੁੜੇ ਹੋਏ ਵੀ ਹਨ।
2004 ਵਿਚ ਉਹਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਆ, 2008 ਵਿਚ ਉਹਨੇ ‘ਪੰਜਾਬੀ ਸਾਹਿਤ ਰਤਨ’ ਸਨਮਾਨ ਹਾਸਲ ਕੀਤਾ ਅਤੇ 2011 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਡੀ. ਲਿਟ. ਦੀ ਸਨਮਾਨ-ਸੂਚਕ ਡਿਗਰੀ ਭੇਟ ਕੀਤੀ। ਇਨ੍ਹਾਂ ਮੁੱਖ ਸਨਮਾਨਾਂ ਦੇ ਨਾਲ-ਨਾਲ ਉਹਨੂੰ ਅਨੇਕ ਹੋਰ ਮਾਣ-ਸਨਮਾਨ ਮਿਲਦੇ ਰਹੇ। ਉਹ ਬਹੁਤ ਸਾਰੀਆਂ ਮਹੱਤਵਪੂਰਨ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਅਹੁਦੇਦਾਰ ਜਾਂ ਮੈਂਬਰ ਰਹੀ। ਸਰਕਾਰ ਦੀ ਤਬਦੀਲੀ ਨਾਲ ਜਦੋਂ ਦੇਸ ਭਰ ਵਿਚ ਅਸਹਿਣਸ਼ੀਲਤਾ ਦਾ ਜ਼ਹਿਰ ਫ਼ੈਲਣ ਲਗਿਆ ਤੇ ਸਾਹਿਤਕਾਰਾਂ, ਕਲਾਕਾਰਾਂ ਤੇ ਹੋਰ ਬੁਧੀਜੀਵੀਆਂ ਨੇ ਰੋਸ ਵਜੋਂ ਇਨਾਮ-ਵਾਪਸੀ ਦੀ ਮੁਹਿੰਮ ਛੇੜੀ, ਟਿਵਾਣਾ ਨੇ 14 ਅਕਤੂਬਰ 2015 ਨੂੰ ਪਦਮਸ਼੍ਰੀ ਵਾਪਸ ਕਰ ਦਿੱਤਾ।
ਪਦਮਸ਼੍ਰੀ ਵਾਪਸ ਕਰਦਿਆਂ ਉਹਨੇ ਰਾਸ਼ਟਰਪਤੀ ਨੂੰ ਲਿਖਿਆ: “ਬੁੱਧ ਅਤੇ ਨਾਨਕ ਦੇ ਦੇਸ਼ ਵਿਚ ਫਿਰਕਾਪ੍ਰਸਤੀ ਕਾਰਨ 1984 ਵਿਚ ਸਿੱਖਾਂ ਉੱਪਰ ਹੋਏ ਜ਼ੁਲਮ ਅਤੇ ਹੁਣ ਮੁਸਲਮਾਨਾਂ ’ਤੇ ਹੋ ਰਹੇ ਜ਼ੁਲਮ ਸਰਕਾਰ ਅਤੇ ਸਮਾਜ ਲਈ ਫਿਟਕਾਰ ਹਨ। ਹੱਕ ਅਤੇ ਸੱਚ ਦੀ ਆਵਾਜ਼ ਉਠਾਉਣ ਵਾਲ਼ੇ ਲੇਖਕਾਂ ਨੂੰ ਮਾਰ ਦੇਣਾ ਸਾਨੂੰ ਦੁਨੀਆ ਅਤੇ ਰੱਬ ਅੱਗੇ ਸ਼ਰਮਸ਼ਾਰ ਕਰਦਾ ਹੈ। ਰੋਸ ਵਜੋਂ ਮੈਂ ਆਪਣਾ ਪਦਮਸ਼੍ਰੀ ਸਨਮਾਨ ਵਾਪਸ ਕਰਦੀ ਹਾਂ। ਮੈਂ ਰੋਸ ਪ੍ਰਗਟ ਕਰ ਰਹੀ ਸ਼੍ਰੀਮਤੀ ਨਯਨਤਾਰਾ ਸਹਿਗਲ ਅਤੇ ਬਾਕੀ ਲੇਖਕਾਂ ਨਾਲ ਖੜ੍ਹੀ ਹਾਂ।”
‘ਪੰਜਾਬੀ ਟ੍ਰਿਬਿਊਨ’ ਦੇ ਸਵਾਲ ਦੇ ਜਵਾਬ ਵਿਚ ਉਹਨੇ ਆਖਿਆ, “ਮੈਂ ਆਪਣੇ ਰਾਜ ਤੇ ਸਮਾਜ ਦੇ ਵਿਗੜਦੇ ਰੰਗ-ਢੰਗ ਵੇਖ ਕੇ ਰੋਸ ਵਜੋਂ ਪਦਮਸ਼੍ਰੀ ਮੋੜ ਦਿੱਤਾ ਹੈ। ਮੁਲਕ ਦੀ ਜ਼ਮੀਰ ਨੂੰ ਹਲੂਣਾ ਦੇਣ ਤੋਂ ਬਿਨਾਂ ਰੋਸ ਦੇ ਇਸ ਪ੍ਰਗਟਾਵੇ ਦਾ ਹੋਰ ਕੀ ਮਕਸਦ ਹੋ ਸਕਦਾ ਸੀ?…ਪਰ ਕੁਝ ਲੋਕ ਪੁੱਛ ਰਹੇ ਹਨ, ਹੁਣ ਹੀ ਕਿਉਂ? ਇਕ ਕੇਂਦਰੀ ਮੰਤਰੀ ਨੇ ਮੇਰੇ ਹਵਾਲੇ ਨਾਲ ਕਿਹਾ ਕਿ ਚੁਰਾਸੀ ਵੇਲ਼ੇ ਕਿਉਂ ਨਹੀਂ ਵਾਪਸ ਕੀਤਾ ਪਦਮਸ਼੍ਰੀ? ਭਾਈ, ਚੁਰਾਸੀ ਵਿਚ ਮੇਰੇ ਕੋਲ ਪਦਮਸ਼੍ਰੀ ਸੀ ਹੀ ਨਹੀਂ। ਉਹ ਤਾਂ 2004 ਵਿਚ ਮੈਨੂੰ ਮਿਲਿਆ। ਦੁੱਖ ਚੁਰਾਸੀ ਵੇਲ਼ੇ ਬਹੁਤ ਸੀ। ਰੋਸ ਓਦੋਂ ਵੀ ਜਾਗਿਆ ਸੀ। ਜਦੋਂ ਜਦੋਂ ਜਬਰ ਹੁੰਦਾ ਹੈ, ਓਦੋਂ ਰੋਸ ਜਾਗਦਾ ਹੈ!”
ਇਹੋ ਜਿਹਾ, ਕਿਸੇ ਊਣ ਤੋਂ ਮੁਕਤ, ਭਰਿਆ-ਰੱਜਿਆ ਸੁਭਾਅ ਲੰਮੀ ਸਾਧਨਾ ਦਾ, ਸਗੋਂ ਲੰਮੀ ਤਪੱਸਿਆ ਦਾ ਫਲ ਹੁੰਦਾ ਹੈ ਜੋ ਬੀਬੀ ਦਲੀਪ ਕੌਰ ਟਿਵਾਣਾ ਦੀ ਬੋਲ-ਬਾਣੀ, ਕਥਨੀ-ਕਰਨੀ, ਸ਼ਬਦ-ਸ੍ਰਿਸ਼ਟੀ ਤੇ ਸਮੁੱਚੀ ਜੀਵਨ-ਜਾਚ ਵਿਚ ਸਾਕਾਰ ਸੀ। ਸਮਾਜ ਤੇ ਸਾਹਿਤ ਵੱਲ ਜਵਾਬਦੇਹ ਤੇ ਜ਼ਿੰਮੇਵਾਰ ਰਹਿੰਦਿਆਂ 84 ਸਾਲ ਦੀ ਆਯੂ ਸਕਾਰਥ ਕਰ ਕੇ ਉਹ ਕੁਝ ਦਿਨਾਂ ਦੀ ਬੀਮਾਰੀ ਪਿੱਛੋਂ 31 ਜਨਵਰੀ 2020 ਨੂੰ ਪੂਰੀ ਹੋ ਗਈ।