ਫੈਜ਼ ਅਹਿਮਦ ਫੈਜ਼ ਨੂੰ ਚੇਤੇ ਕਰਦਿਆਂ

ਗੁਲਜ਼ਾਰ ਸਿੰਘ ਸੰਧੂ
20 ਨਵੰਬਰ, 1984 ਵਾਲੇ ਦਿਨ ਪ੍ਰਸਿੱਧ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਮੈਨੂੰ ਕੱਲ੍ਹ ਵਾਂਗ ਚੇਤੇ ਹੈ ਕਿ ਮੈਂ ਦਿੱਲੀ ਹੰੁਦਿਆਂ ਲਾਲ ਕਿਲਾ ਦੇ ਇੱਕ ਮੁਸ਼ਾਇਰੇ ਵਿਚ ਉਸਨੂੰ ਵੇਖਿਆ ਤੇ ਸੁਣਿਆ ਸੀ। ਉਸਦੇ ਬੋਲ ਧੀਮੇ ਸਨ, ਸ਼ਬਦਾਂ ਵਿਚ ਸਰਲਤਾ ਤੇ ਰਵਾਨੀ। ਜੇਲ੍ਹ ਵਿਚ ਕੈਦ ਕੱਟਦਿਆਂ ਲਿਖੀ ਇੱਕ ਗ਼ਜ਼ਲ ਦੇ ਦੋ ਸ਼ਿਅਰ:

ਦਿਲ ਨਾ ਉਮੀਦ ਤੋਂ ਨਹੀਂ ਨਾਕਾਮ ਹੀ ਤੋ ਹੈ
ਲੰਬੀ ਹੈ ਗ਼ਮ ਕੀ ਸ਼ਾਮ ਮਗਰ ਸ਼ਾਮ ਹੀ ਤੋਂ ਹੈ
ਦਸਤ-ਏ-ਫਲਕ ਮੇਂ ਗਰਦਿਸ਼-ਏ ਤਕਦੀਰ ਤੋ ਨਹੀਂ
ਦਸਤ-ਏ-ਫਲਕ ਮੇਂ ਗਰਦਸ਼-ਏ-ਅਯਾਮ ਹੀ ਤੋ ਹੈ।
ਉਸਦੇ ਕਮਜ਼ੋਰ ਜਿਹੇ ਜੁੱਸੇ ਵਿਚ ਗੰਭੀਰਤਾ ਤੇ ਦ੍ਰਿੜ੍ਹਤਾ ਸੀ। ਉਸ ਮੁਸ਼ਾਇਰੇ ਵਿਚ ਭਾਗ ਲੈਣ ਵਾਲੇ ਸ਼ਾਇਰ ਤਾਂ ਹੋਰ ਵੀ ਸਨ ਪਰ ਮੈਨੂੰ ਫੈਜ਼ ਤੋਂ ਬਿਨਾ ਕੇਵਲ ਫਿਰਾਕ ਗੋਰਖਪੁਰੀ ਦਾ ਹੇਠ ਲਿਖਿਆ ਸ਼ਿਅਰ ਚੇਤੇ ਹੈ:
ਆਨੇ ਵਾਲੀ ਨਸਲੇਂ ਤੁਮ ਪਰ ਫ਼ਖ਼ਰ ਕਰੇਂਗੀ
ਜਬ ਭੀ ਉਨ ਕੋ ਮਾਲੂਮ ਪੜੇਗਾ ਤੁਮ ਨੇ ਫਿਰਾਕ ਕੋ ਦੇਖਾ ਹੈ।
ਮੇਰੇ ਵਰਗੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਦੇ ਮੱਦਾਹਾਂ ਨੂੰ ਉੱਤਮ ਸ਼ਿਅਰਾਂ ਤੋਂ ਬਿਨਾ ਕੁਝ ਵੀ ਢੰਗ ਦਾ ਨਹੀਂ ਲਗਦਾ। ਫੈਜ਼ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਗਾਲਿਬ ਦਾ ਉਹ ਸ਼ਿਅਰ ਵੀ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗਾ, ਜਿਹੜਾ ਸਦਾ ਹੀ ਮੇਰੇ ਅੰਗ ਸੰਗ ਰਿਹਾ ਹੈ:
ਨਗ਼ਮਾ ਹਾਏ ਗ਼ਮ ਕੋ ਭੀ ਐ ਦਿਲ ਗਨੀਮਤ ਜਾਨੀਯੇ
ਬੇ ਸਦਾ ਹੋ ਜਾਏਗਾ ਯੇਹ ਸਾਜ਼-ਏ-ਹਸਤੀ ਏਕ ਦਿਨ ।
ਪੰਜਾਬੀ ਦੇ ਜਿਹੜੇ ਪਾਠਕ ‘ਅਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਰਜ ਦਾ ਕੋਈ ਜੀਵਿਆਂ ਝੂਠੇ ਭਰ ਵਾਸੇ’ ਤੋਂ ਜਾਣੂ ਹਨ ਉਨ੍ਹਾਂ ਲਈ ਗਾਲਿਬ ਦੇ ਇਨ੍ਹਾਂ ਬੋਲਾਂ ਦੀ ਥਾਹ ਪਾਉਣੀ ਔਖੀ ਨਹੀਂ।
ਆਪਾਂ ਫੈਜ਼ ਅਹਿਮਦ ਫੈਜ਼ ਦੀ ਗੱਲ ਕਰ ਰਹੇ ਸਾਂ। ਬੀਤੀ ਸਦੀ ਵਿਚ ਉਸਦਾ ਕੋਈ ਜਵਾਬ ਨਹੀਂ ਸੀ।
ਤੁਮ ਅਏ ਹੋ ਨ ਸ਼ਬ-ਏ-ਇੰਤਜ਼ਾਰ ਗੁਜ਼ਰੀ ਹੈ
ਤਲਾਸ਼ ਮੇਂ ਹੈ ਸਹਰ ਬਾਰ ਬਾਰ ਗੁਜ਼ਰੀ ਹੈ
ਜਨੂੰ ਮੇਂ ਜਿਤਨੀ ਭੀ ਗੁਜ਼ਰੀ ਬਕਾਰ ਗੁਜ਼ਰੀ ਹੈ
ਅਗਰਚੇ ਦਿਲ ਪੇ ਖ਼ਰਾਬੀ ਹਜ਼ਾਰ ਗੁਜ਼ਰੀ ਹੈ।
ਹੂਈ ਹੈ ਹਜ਼ਰਤ-ਏ-ਨਾਸੇਹ ਸੇ ਗੁਫ਼ਤਗੂ ਜਿਸ ਸ਼ਬ
ਵੁਹ ਸ਼ਬ ਜ਼ਰੂਰ ਸਰ-ਏ-ਕੂ-ਏ-ਯਾਰ ਗੁਜ਼ਰੀ ਹੈ।
ਨ ਗੁਲ ਖਿਲੇ ਹੈਂ, ਨ ਉਨ ਸੇ ਮਿਲੇ, ਨਾ ਮੈ ਪੀ ਹੈ
ਅਜੀਬ ਰੰਗ ਸੇ ਅਬ ਕੇ ਬਹਾਰ ਗੁਜ਼ਰੀ ਹੈ।
***
ਜਬ ਤੁਝੇ ਯਾਦ ਕਰ ਲੀਆ, ਸੁਬ੍ਹਾ ਮਹਿਕ ਮਹਿਕ ਉਠੀ
ਜਬ ਤੇਰਾ ਗ਼ਮ ਜਗਾ ਲੀਆ, ਰਾਤ ਮਚਲ ਮਚਲ ਗਈ
ਦਿਲ ਸੇ ਤੋ ਹਰ ਮੁਆਮਲਾ ਕਰ ਕੇ ਚਲੇ ਥੇ ਸਾਫ ਹਮ
ਕਹਿਨੇ ਮੇਂ ਉਨ ਕੇ ਸਾਮਨੇ ਬਾਤ ਬਦਲ ਬਦਲ ਗਈ।
***

ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ
ਯੇ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਤੋ ਕੋਈ ਬਾਤ ਨਹੀਂ
ਮੈਦਾਨ-ਏ-ਵਫ਼ਾ ਦਰਬਾਰ ਨਹੀਂ, ਯਾਂ ਨਾਮ-ਓ-ਨਸਬ ਕੀ ਪੂਛ ਕਹਾਂ
ਆਸ਼ਿਕ ਤੋ ਕਿਸੀ ਕਾ ਨਾਮ ਨਹੀਂ, ਕੁੱਛ ਇਸ਼ਕ ਕਿਸੀ ਕੀ ਜ਼ਾਤ ਨਹੀਂ
ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ, ਜੋ ਚਾਹੋ ਲਗਾ ਦੋ ਡਰ ਕੈਸਾ
ਗਰ ਜੀਤ ਗਏ ਤੋ ਕਿਆ ਕਹਿਨਾ, ਹਾਰੇ ਭੀ ਤੋ ਬਾਜ਼ੀ ਮਾਤ ਨਹੀਂ।
***
ਗੁਲੋਂ ਮੇਂ ਰੰਗ ਭਰੇ, ਬਾਦ-ਏ-ਨੌਬਹਾਰ ਚਲੇ
ਚਲੇ ਭੀ ਆਓ ਕਿ ਗੁਲਸ਼ਨ ਕਾ ਕਾਰੋਬਾਰ ਚਲੇ
ਬੜਾ ਹੈ ਦਰਦ ਕਾ ਰਿਸ਼ਤਾ ਯੇ ਦਿਲ ਗਰੀਬ ਸਹੀ
ਤੁਮਹਾਰੇ ਨਾਮ ਪੇ ਆਏਂਗੇ ਗ਼ਮਗ਼ਸਾਰ ਚਲੇ
ਜੋ ਹਮ ਪੇ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬ-ਏ-ਹਿਜਰਾਂ
ਮੇਰੇ ਅਸ਼ਕ ਤਿਰੀ ਅਕੀਬਤ ਸੰਵਾਰ ਚਲੇ
ਮਕਦਮ ਫੈਜ਼ ਕੋਈ ਰਾਹ ਮੇਂ ਜਚਾ ਹੀ ਨਹੀਂ
ਜੋ ਕੂਏ ਯਾਰ ਸੇ ਨਿਕਲੇ ਤੋ ਸੂਏ ਦਾਰ ਚਲੇ।
ਜਿਨ੍ਹਾਂ ਗ਼ਜ਼ਲਾਂ ਵਿਚੋਂ ਉਪਰੋਕਤ ਸ਼ਿਅਰ ਹਨ, ਇਹ ਵੀ ਜੇਲ੍ਹ ਵਿਚ ਲਿਖੀਆਂ ਗਈਆਂ ਸਨ। ਪਰ ਆਸ਼ਾਵਾਦ ਦਾ ਪੱਲਾ ਫੈਜ਼ ਨੇ ਕਦੀ ਵੀ ਨਹੀਂ ਛੱਡਿਆ:
ਆਤੇ ਆਤੇ ਯੂੰ ਹੀ ਪਲ ਭਰ ਕੋ ਰੁਕੀ ਹੋਗੀ ਬਹਾਰ
ਜਾਤੇ ਜਾਤੇ ਯੂੰ ਹੀ ਪਲ ਭਰ ਕੋ ਖਿਜ਼ਾਂ ਠਹਿਰੀ ਹੈ।
ਫੈਜ਼ ਅਹਿਮਦ ਫੈਜ਼ ਏਨਾ ਹਰਮਨ-ਪਿਆਰਾ ਸੀ ਕਿ ਉਸਨੂੰ ਹਰ ਵਰ੍ਹੇ, ਹਰ ਮੌਸਮ ਵਿਚ ਚੇਤੇ ਕੀਤਾ ਜਾਂਦਾ ਹੈ। ਬਹੁਤ ਦੇਰ ਨਹੀਂ ਹੋਈ ਕਿ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਸਨੀਕ ਮੇਰੇ ਸੀਨੀਅਰ ਸਾਕ-ਸਬੰਧੀ ਦੇਵਿੰਦਰ ਸਾਹੀ ਨੇ ਜਸਟਿਸ ਕਾਟਜੂ ਦੇ ਹਵਾਲੇ ਨਾਲ ਕਾਟਜੂ ਵਲੋਂ ਫੈਜ਼ ਦੀ ਕਿਸੇ ਵਰ੍ਹੇਗੰਢ ਸਮੇਂ ਲਿਖੀ ਟਿੱਪਣੀ ਮੈਨੂੰ ਭੇਜੀ ਸੀ, ਜਿਸ ਵਿਚ ਫੈਜ਼ ਸਾਹਿਬ ਦੀ ਅਦਾਲਤ ਵਿਚ ਉਸਤਤ ਦਾ ਜ਼ਿਕਰ ਹੈ। ਖਾਸ ਕਰਕੇ ਉਸਦੀ ਸ਼ਾਇਰੀ ਦੇ ਜੱਜਾਂ ਉੱਤੇ ਪਏ ਪ੍ਰਭਾਵ ਦਾ:
1981 ਵਿਚ ਜਸਟਿਸ ਕਾਟਜੂ ਦੇ ਅਲਾਹਾਬਾਦ ਦੀ ਕਚਹਿਰੀ ਦਾ ਵਕੀਲ ਹੰੁਦਿਆਂ ਅਲਾਹਾਬਾਦ ਯੂਨੀਵਰਸਟੀ ਨੇ ਫੈਜ਼ ਦੀ ਆਮਦ ਦਾ ਜਸ਼ਨ ਮਨਾਇਆ ਤਾਂ ਯੂਨੀਵਰਸਟੀ ਦੀਆਂ ਵਿਦਿਆਰਥਣਾ ਨੇ ‘ਗੁਲੋਂ ਮੇਂ ਰੰਗ ਭਰੇ ਬਾਦ-ਏ-ਨੌਬਹਾਹ ਚਲੇ’ ਮੁਖੜੇ ਵਾਲੀ ਗ਼ਜ਼ਲ ਏਨੀ ਸੁਰੀਲੀ ਆਵਾਜ਼ ਵਿਚ ਸੁਣਾਈ ਕਿ ਸੁੱਤਾ ਪਿਆ ਚੁਗਿਰਦਾ ਜਾਗ ਪਿਆ ਸੀ। ਇਹ ਗੱਲ ਵੱਖਰੀ ਹੈ ਕਿ ਪਾਕਿਸਤਾਨ ਦੀ ਮਾਰਸ਼ਲ ਲਾਅ ਸਰਕਾਰ ਨੇ ਉਸਨੂੰ ਕਈ ਸਾਲ ਆਪਣੀਆਂ ਜੇਲ੍ਹਾਂ ਵਿਚ ਬੰਦ ਰੱਖਿਆ। ਉਸ ਸ਼ਾਇਰ ਨੂੰ ਜਿਸਦੇ ਆਪਣੇ ਬੋਲ ਸਨ, ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਜ਼ੁਬਾਂ ਅਬ ਤੱਕ ਤੇਰੀ ਹੈ।’ ਜਸਟਿਸ ਕਾਟਜੂ ਨੇ ਉਦੋਂ ਇਹ ਵੀ ਲਿਖਿਆ ਸੀ ਕਿ ਉਹ ਮਿਰਜ਼ਾ ਗ਼ਾਲਿਬ ਨੂੰ ਤਾਂ ਸਾਰੇ ਸਮਿਆਂ ਦਾ ਬਿਹਤਰੀਨ ਸ਼ਾਇਰ ਮੰਨਦਾ ਸੀ ਪਰ ਨਵੀਂ ਸਦੀ ਨੂੰ ਲੁੱਟਣ ਵਾਲਾ ਕੇਵਲ ਤੇ ਕੇਵਲ ਫੈਜ਼ ਹੀ ਸੀ। ਉਸ ਸ਼ਰਧਾਂਜਲੀ ਵਿਚ ਕਾਟਜੂ ਨੇ ਇਹ ਵੀ ਲਿਖਿਆ ਸੀ ਕਿ ਜਦੋਂ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਵਸਨੀਕ ਨੂੰ ਜਾਸੂਸੀ ਦੇ ਦੋਸ਼ ਵਿਚ ਉਮਰ ਭਰ ਲਈ ਕੈਦ ਕਰ ਰੱਖਿਆ ਸੀ ਤੇ ਕਾਨੂੰਨ ਨੇ ਆਪਣੀ ਜਿਨਹਾ ਵਿਚ ਫੈਜ਼ ਦੀ ਸ਼ਾਇਰੀ ਦਾ ਸਹਾਰਾ ਲਿਆ ਸੀ:
ਕਫਸ ਉਦਾਸ ਹੈ ਯਾਰੋ, ਜ਼ਬਾਂ ਸੇ ਕੁੱਛ ਤੋਂ ਕਹੋ
ਕਭੀ ਤੋਂ ਬਹਿਰ-ਏ-ਖ਼ੁਦਾ, ਜ਼ਿਕਰ ਏ ਯਾਰ ਚਲੇ
ਫੈਜ਼ ਦੀ ਸ਼ਾਇਰੀ ਦਾ ਪ੍ਰਭਾਵ ਹੀ ਸਮਝੋ ਕਿ ਪਾਕਿਸਤਾਨ ਨੇ ਗੋਪਾਲ ਦਾਸ ਨੂੰ ਰਿਹਾਅ ਕਰ ਦਿੱਤਾ। ਦੁਨੀਆਂ ਦੀ ਹੋਰ ਕਿਸੇ ਕਚਹਿਰੀ ਵਿਚ ਕਦੀ ਵੀ ਇਹੋ ਜਿਹਾ ਕ੍ਰਿਸ਼ਮਾ ਨਹੀਂ ਵਾਪਰਿਆ ਹੋਣਾ ਕਿ ਸ਼ਾਇਰ ਦੇ ਬੋਲਾਂ ਨੇ ਏਨਾ ਪ੍ਰਭਾਵ ਪਾਇਆ ਹੋਵੇ।
ਫੇਰ ਆਪਣੇ ਇਕ ਹੋਰ ਫੈਸਲੇ ਵਿਚ ਕਾਟਜੂ ਨੇ ਹੇਠ ਲਿਖੇ ਸ਼ਿਅਰ ਦਾ ਸਹਾਰਾ ਲਿਆ।
ਬਨੇ ਹੈ ਅਹਿਲ-ਏ-ਹਵਸ ਮੁਦੱਈ ਭੀ ਮੁਨਸਿਫ ਭੀ
ਕਿਸੇ ਵਕੀਲ ਕਰੇਂ ਕਿਸੇ ਮੁਨਸਿਫ਼ ਚਾਹੇਂ?
ਹਾਂ ਉਸਦੇ ਕਿਸੇ ਵਕੀਲ ਮਿੱਤਰ ਨੇ ਖ਼ਬਰ ਦਿੱਤੀ ਸੀ ਕਿ ਜਸਟਿਸ ਕਾਟਜੂ ਦਾ ਇਹ ਫੈਸਲਾ ਵੀ ਪਾਕਿਸਤਾਨ ਵਿਖੇ ਲਾਹੌਰ ਤੇ ਕਰਾਚੀ ਵਿਚ ਸੁਰਖੀਆਂ ਬਣਿਆ।
ਉੱਤਮ ਸ਼ਾਇਰੀ ਜ਼ਿੰਦਾਬਾਦ!
ਅੰਤਿਕਾ
ਫੈਜ਼ ਅਹਿਮਦ ਫੈਜ਼
ਕੁਛ ਹਮੀ ਕੋ ਨਹੀਂ ਹੈ ਅਹਿਸਾਨ ਉਠਾਨੇ ਕਾ ਦਿਮਾਗ਼
ਵੁਹ ਤੋਂ ਜਬ ਆਤੇ ਹੈ ਮਾਇਲ-ਬਾ-ਕਰਮ ਆਤੇ ਹੈਂ।