ਅਮਰੀਕਨ ਯੂਨੀਵਰਸਿਟੀ ਦਾ ਅਨੁਭਵ

ਡਾ. ਗੁਰਬਖ਼ਸ਼ ਸਿੰਘ ਭੰਡਾਲ
1977 ਵਿਚ ਫਿਜਿ਼ਕਸ ਦੀ ਐਮ.ਐਸਸੀ. ਕੀਤੀ ਤਾਂ ਕੈਨੇਡਾ ਵਿਚ ਵੱਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿਚ ਉਚੇਰੀ ਪੜ੍ਹਾਈ ਲਈ ਆਜਾ, ਜਿ਼ੰਦਗੀ ਹੀ ਬਦਲ ਜਾਵੇਗੀ। ਚੰਗਾ ਲੱਗਾ ਕਿ ਕੋਈ ਤਾਂ ਹੈ ਜਿਸਨੂੰ ਮੇਰੇ ਚੰਗੇਰੇ ਭਵਿੱਖ ਦੀ ਚਿੰਤਾ ਹੈ। ਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਯੂਨੀਵਰਸਿਟੀ ਵਿਚ ਅਪਲਾਈ ਕੀਤਾ।

ਦਾਖਲਾ ਵੀ ਮਿਲ ਗਿਆ ਪਰ ਯੂਨੀਵਰਸਿਟੀ ਵਲੋਂ ਸਪਾਂਸਰਸਿ਼ਪ ਲਈ ਆਖਿਆ ਗਿਆ ਤਾਂ ਉਹੀ ਰਿਸ਼ਤੇਦਾਰ ਸਪਾਂਸਰਸਿ਼ਪ ਦੇਣ ਤੋਂ ਹੀ ਮੁਨਕਰ ਹੋ ਗਿਆ। ਇਸ ਮੁਨਕਰੀ ਨਾਲ ਉਹ ਸੁਪਨਾ ਤਿੜਕ ਗਿਆ ਜਿਹੜਾ ਮੈਂ ਲਿਆ ਸੀ ਕਿ ਕੈਨੇਡਾ ਵਿਚ ਪੀਐਚਡੀ ਕਰਨ ਤੋਂ ਬਾਅਦ ਕਿਸੇ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਮੌਕਾ ਮਿਲੇਗਾ। ਇਸ ਤਿੜਕੇ ਹੋਏ ਸੁਪਨੇ ਦੀ ਚੀਸ ਮਨ ਵਿਚ ਦਬਾਅ, ਇਸ ਦੀਆਂ ਕਿੱਚਰਾਂ ਨੂੰ ਜਿ਼ੰਦਗੀ ਦੀਆਂ ਪੈੜਾਂ ਵਿਚ ਲੁਕਾ ਲਿਆ। ਮੈਂ ਮਨ-ਮਸੋਸ ਕੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਾਉਣ ਤੋਂ ਬਾਅਦ, ਸਰਕਾਰੀ ਸੇਵਾ ਵਿਚ ਆ ਕੇ ਸਰਕਾਰੀ ਕਾਲਜ ਵਿਚ ਪੜ੍ਹਾਉਣ ਲੱਗ ਗਿਆ। ਜਿ਼ੰਦਗੀ ਰਵਾਂ-ਰਵੀਂ ਚੱਲ ਪਈ। ਬਹੁਤੀ ਵਾਰ ਸੰਵੇਦਨਸ਼ੀਲ ਵਿਅਕਤੀ ਨੂੰ ਤਿੜਕੇ ਸੁਪਨੇ ਦੀ ਚੀਸ ਬਹੁਤ ਤੰਗ ਕਰਦੀ ਹੈ ਅਤੇ ਇਸ ਚੀਸ ਨੂੰ ਸਹਿਲਾਉਣ ਦੇ ਬਾਵਜੂਦ ਵੀ ਇਹ ਤੁਹਾਡੀ ਸੋਚ-ਮਸਤਕ ਤੋਂ ਓਝਲ ਨਹੀਂ ਹੁੰਦੀ। ਮੈਂ ਸਰਕਾਰੀ ਕਾਲਜ ਕਪੂਰਥਲਾ ਵਿਚ ਪੜ੍ਹਾਉਂਦਿਆਂ, ਗੁਰੂ ਨਾਨਕ ਯੂਨੀਵਰਸਿਟੀ ਵਿਚ ਡਾ. ਕੁਲਵੰਤ ਸਿੰਘ ਥਿੰਦ ਦੀ ਅਗਵਾਈ ਹੇਠ 1990 ਵਿਚ ਨਿਊਕਲੀਅਰ ਫਿਜਿ਼ਕਸ ਵਿਚ ਪਾਰਟ-ਟਾਈਮ ਪੀ. ਐਚਡੀ ਕਰਨੀ ਸ਼ੁਰੂ ਕਰ ਦਿੱਤੀ। ਪੀ.ਐਚਡੀ ਕਰਨ ਸਮੇਂ ਹੀ ਮੈਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਕੈਨੇਡਾ ਗਿਆ ਜਿਸ ਨਾਲ ਮਨ ਨੂੰ ਇਹ ਸਕੂਨ ਜ਼ਰੂਰ ਮਿਲਿਆ ਕਿ ਕਿਸੇ ਤੋਂ ਮੁਥਾਜੀ ਤੋਂ ਬਗੈਰ ਵੀ ਤੁਸੀਂ ਆਪਣੇ ਕਦਮਾਂ ਵਿਚ ਸੁਪਨਈ ਸਫ਼ਰ ਉਗਾ ਸਕਦੇ ਹੋ। ਇਸਨੂੰ ਪ੍ਰਾਪਤੀ ਦਾ ਸਿਰਨਾਵਾਂ ਵੀ ਦੇ ਸਕਦੇ ਹੋ।
2003 ਵਿਚ ਇੰਮੀਗਰੇਸ਼ਨ ਲੈ ਕੇ ਪਰਿਵਾਰ ਸਮੇਤ ਕੈਨੇਡਾ ਆ ਗਿਆ। ਬਰੈਂਪਟਨ ਵਿਚ ਪੰਜਾਬੀ ਮੀਡੀਆ ਵਿਚ ਕੰਮ ਕਰਦਿਆਂ ਵੀ ਅਚੇਤ ਮਨ ਵਿਚ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਸੁਪਨਾ ਅੰਗੜਾਈ ਲੈਂਦਾ ਰਿਹਾ। ਕਈ ਵਾਰ ਅਪਲਾਈ ਕੀਤਾ ਪਰ ਕੈਨੇਡਾ ਦੀਆਂ ਵਿਦਿਅਕ ਸੰਸਥਾਵਾਂ ਦਾ ਇਕ ਹੀ ਜਵਾਬ ਹੁੰਦਾ ਕਿ ਤੁਹਾਡੇ ਕੋਲ ਕੈਨੇਡਾ ਵਿਚ ਪੜ੍ਹਾਉਣ ਦਾ ਕੋਈ ਤਜਰਬਾ ਨਹੀਂ। ਭਲਾ ਮੌਕਾ ਦੇਣ ਤੋਂ ਬਗੈਰ ਤਜਰਬਾ ਕਿੰਝ ਆਵੇਗਾ? ਮਨ ਦੁਖੀ ਤਾਂ ਹੁੰਦਾ ਸੀ ਪਰ ਸਿਰੜ ਹਾਰ ਨਾ ਮੰਨਣ ਲਈ ਬਜਿ਼ੱਦ। `ਕੇਰਾਂ ਮੈਂ ਅਮਰੀਕਾ ਆਪਣੀ ਬੇਟੀ ਨੂੰ ਮਿਲਣ ਗਿਆ ਤਾਂ ਬਾਰਡਰ `ਤੇ ਅਮਰੀਕਨ ਇੰਮੀਗਰੇਸ਼ਨ ਅਧਿਕਾਰੀ ਨੂੰ ਜਦ ਪਤਾ ਲੱਗਾ ਕਿ ਮੈਂ ਫਿਜਿ਼ਕਸ ਵਿਚ ਪੀ.ਐਚਡੀ ਹਾਂ ਤਾਂ ਉਸਦਾ ਕਹਿਣਾ ਸੀ ਕਿਉਂ ਤੁਸੀਂ ਕੈਨੇਡਾ ਵਿਚ ਆਪਣੀ ਲਿਆਕਤ ਨੂੰ ਵਿਅਰਥ ਗਵਾ ਰਹੇ ਹੋ? ਅਮਰੀਕਾ ਆਓ। ਸਾਨੂੰ ਤੁਹਾਡੇ ਵਰਗਿਆਂ ਦੀ ਬਹੁਤ ਲੋੜ ਹੈ। ਸਮੇਂ ਨਾਲ ਇਹ ਗੱਲ ਵੀ ਕਦੇ ਕਦਾਈਂ ਯਾਦ ਆ ਜਾਂਦੀ।
2014 ਵਿਚ ਵੱਡੀ ਬੇਟੀ ਨੇ ਜਿ਼ੱਦ ਕੀਤੀ ਕਿ ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿਚ ਹਾਂ। ਤੁਸੀਂ ਵੀ ਅਮਰੀਕਾ ਆ ਜਾਓ ਅਤੇ ਅਸੀਂ ਪੱਕੇ ਤੌਰ `ਤੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ। ਕੈਨੇਡਾ ਵਿਚ ਸਭ ਕੁਝ ਸਮੇਟ ਕੇ ਅਮਰੀਕਾ ਜਾਣ ਤੋਂ ਕੁਝ ਦਿਨ ਪਹਿਲਾਂ ਜਦ ਮੈਂ ਸੂਫ਼ੀ ਫਕੀਰ ਸਾਈਂ ਕਾਕਾ ਜੀ (ਜਿਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਮਿਲ ਕੇ ‘ਕੱਚੇ ਧਾਗੇ ਦਾ ਰਿਸ਼ਤਾ’ ਕਿਤਾਬ ਵੀ ਲਿਖੀ ਹੈ ਅਤੇ ਜੋ ਮੇਰੇ ਮਿੱਤਰ ਦੇ ਘਰ ਠਹਿਰੇ ਹੋਏ ਸਨ) ਨੂੰ ਮਿਲਿਆ ਅਤੇ ਦੱਸਿਆ ਮੈਂ ਹੁਣ ਅਮਰੀਕਾ ਪੱਕੇ ਤੌਰ `ਤੇ ਜਾ ਰਿਹਾ ਹਾਂ ਤਾਂ ਉਨ੍ਹਾਂ ਦਾ ਭੋਲੇ ਭਾਅ ਜਵਾਬ ਸੀ ਕਿ ਚੱਲੋ ਚੰਗਾ ਹੋਇਆ। ਤੁਸੀਂ ਕਿਸੇ ਵਿਦਿਅਕ ਅਦਾਰੇ ਵਿਚ ਪੜ੍ਹਾ ਕੇ ਆਪਣਾ ਗਿਆਨ ਦੂਸਰਿਆਂ ਨੂੰ ਜ਼ਰੂਰ ਵੰਡੋਗੇ। ਕਈ ਵਾਰ ਕਿਸੇ ਵਲੋਂ ਅਚੇਤ ਹੀ ਕਹੀ ਹੋਈ ਗੱਲ ਦਾ ਕਿੰਨਾ ਡੂੰਘਾ ਅਰਥ ਹੁੰਦਾ ਹੈ ਅਤੇ ਇਹ ਤੁਹਾਡੀ ਜਿ਼ੰਦਗੀ ਦੀ ਦਿਸ਼ਾ ਨੂੰ ਕਿਵੇਂ ਨਿਰਧਾਰਤ ਕਰਦੀ ਹੈ, ਇਸਦਾ ਅੰਦਾਜ਼ਾ ਜਦ ਮੈਂ ਹੁਣ ਲਾਉਂਦਾ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ। 2014 ਵਿਚ ਅਮਰੀਕਾ ਆ ਕੇ, ਫਿਰ ਮਨ ਵਿਚ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਖਿਆਲ ਆਇਆ। ਦਰਅਸਲ ਤੁਹਾਡੇ ਮਨ ਵਿਚ ਤਿੜਕੇ ਸੁਪਨੇ ਦੀ ਤਾਮੀਰਦਾਰੀ ਕਰਨ ਅਤੇ ਇਸ ਨੂੰ ਸੱਚ ਕਰਨ ਲਈ ਮਨ ਦੀ ਕਿਸੇ ਨੁੱਕਰੇ ਕੋਈ ਨਾ ਕੋਈ ਭਾਵਨਾ ਉਸਲਵੱਟੇ ਲੈਂਦੀ ਹੀ ਰਹਿੰਦੀ ਏ। ਮੈਂ 12ਵੀਂ ਤੀਕ ਫਿਜਿ਼ਕਸ ਪੜ੍ਹਾਉਣ ਲਈ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ। ਪਰ ਮੇਰੇ ਮਨ ਵਿਚ ਸਿਰਫ਼ ਕਾਲਜ ਜਾਂ ਕਿਸੇ ਯੂਨੀਵਰਸਿਟੀ ਵਿਚ ਪੜ੍ਹਾਉਣ ਦੀ ਤਮੰਨਾ ਹੀ ਮੈਨੂੰ ਨਵੀਆਂ ਸੰਭਾਵਨਾਵਾਂ ਅਤੇ ਨਵੀਆਂ ਤਰਕੀਬਾਂ ਵੰਨੀਂ ਤੋਰੀ ਰੱਖਦੀ।
ਅਕਤੂਬਰ 2015 ਵਿਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਡੀਨ, ਸਾਇੰਸ ਨੂੰ ਮਿਲਿਆ ਜੋ ਉਸ ਸਮੇਂ ਫਿਜਿ਼ਕਸ ਵਿਭਾਗ ਦਾ ਚੇਅਰ ਵੀ ਸੀ। ਉਸਨੇ ਦੱਸਿਆ ਕਿ ਸਾਨੂੰ ਇਕ ਪੋ੍ਰਫੈਸਰ ਦੀ ਲੋੜ ਹੈ। ਇਸ ਲਈ ਤੁਹਾਨੂੰ ਇਕ ਲੈਕਚਰ ਦੇਣਾ ਪਵੇਗਾ। ਦਰਅਸਲ ਇਥੇ ਕਿਸੇ ਵੀ ਵਿਅਕਤੀ ਨੂੰ ਉਸਦੀ ਕਾਰਗੁਜ਼ਾਰੀ ਵਿਚੋਂ ਦੇਖਿਆ ਜਾਂਦਾ ਹੈ ਨਾ ਕਿ ਉਸਦੀ ਡਿਗਰੀ ਜਾ ਸਿਫ਼ਾਰਸ਼ ਨੂੰ ਆਧਾਰ ਮੰਨ ਕੇ ਨੌਕਰੀ ਮਿਲਦੀ ਹੈ। ਇਸ ਸਬੰਧ ਵਿਚ ਤੁਸੀਂ ਪੋ੍ਰ. ਫੋਡਰ ਨੂੰ ਮਿਲੋ। ਉਨ੍ਹਾਂ ਕੋਲੋਂ ਲੈਕਚਰ ਦਾ ਸਮਾਂ, ਵਿਸ਼ੇ ਆਦਿ ਬਾਰੇ ਗੱਲ ਕਰੋ। ਜਦ ਮੈਂ ਪੋ੍ਰ. ਫੋਡਰ ਨੂੰ ਮਿਲਿਆ ਤਾਂ ਉਹ ਪੁੱਛਣ ਲੱਗਾ ਕਿ ਤੁਸੀਂ ਫਿਜਿ਼ਕਸ ਦੇ ਕਿਸ ਚੈਪਟਰ `ਤੇ ਲੈਕਚਰ ਦੋਵੋਗੇ, ਕਿੰਝ ਦੇਵੋਗੇ (ਬਲੈਕਬੋਰਡ `ਤੇ ਚਾਕ, ਓਵਰਹੈਡ ਪੋ੍ਰਜੈਕਟਰ, ਪਾਵਰ ਪੁਆਇੰਟ ਜਾਂ ਆਨਲਾਈਨ ਦੇਵੋਗੇ) ਅਤੇ ਕਦੋਂ ਦੇ ਸਕਦੇ ਹੋ? ਤਾਂ ਮੇਰਾ ਜਵਾਬ ਸੀ ਕਿ ਮੈਂ ਹਰ ਚੈਪਟਰ `ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰੀਕੇ ਨਾਲ ਲੈਕਚਰ ਦੇਣ ਲਈ ਤਿਆਰ ਹਾਂ। ਤੁਸੀਂ ਦੱਸੋ ਕਿ ਮੈਂ ਕਿਹੜੇ ਖਾਸ ਚਾਪਟਰ `ਤੇ, ਕਦੋਂ ਅਤੇ ਕਿਸ ਤਰੀਕੇ ਨਾਲ ਲੈਕਚਰ ਦੇਵਾਂ। ਦਰਅਸਲ ਜਦ ਤੁਸੀਂ ਆਪਣੀ ਚੋਣ ਦੱਸਦੇ ਹੋ ਤਾਂ ਇਹ ਤੁਹਾਡੀ ਕਮਜੋਰੀ ਜ਼ਾਹਰ ਕਰਦਾ ਹੈ। ਜਦ ਤੁਸੀਂ ਇਹ ਕਹਿੰਦੇ ਹੋ ਮੈਂ ਹਰ ਵੇਲੇ ਹਰ ਕਿਸਮ ਦੇ ਚੈਪਟਰ ਅਤੇ ਹਰ ਤਰੀਕੇ ਨਾਲ ਚੈਲਿੰਜ ਮਨਜ਼ੂਰ ਕਰਦਾਂ ਹਾਂ ਤਾਂ ਇਹ ਤੁਹਾਡੇ ਆਤਮ-ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ। ਮੈਂ ਉਨ੍ਹਾਂ ਦੇ ਦੱਸੇ ਹੋਏ ਚੈਪਟਰ, ਸਮੇਂ ਅਤੇ ਤਕਨੀਕ ਅਨੁਸਾਰ ਲੈਕਚਰ ਦੇਣ ਲਈ ਗਿਆ ਤਾਂ ਇਕ ਕਲਾਸ ਸਮੇਤ ਉਸ ਵਿਚ ਫਿਜਿ਼ਕਸ ਵਿਭਾਗ ਦਾ ਸਾਰਾ ਸਟਾਫ਼ ਚੇਅਰ ਸਮੇਤ ਹਾਜ਼ਰ ਸੀ। ਲੈਕਚਰ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਕੋਲੋਂ ਮੇਰੇ ਪੜ੍ਹਾਉਣ ਬਾਰੇ ਰਾਏ ਵਾਸਤੇ ਇਕ ਪੋ੍ਰਫਾਰਮਾ ਭਰਵਾਇਆ ਗਿਆ। ਜਦ ਮੈਂ ਕਲਾਸ ਤੋਂ ਬਾਹਰ ਆਇਆ ਡਾ. ਫੋਡਰ ਮੇਰੇ ਨਾਲ ਹੀ ਆ ਗਏ। ਮੈਨੂੰ ਵਿਭਾਗ ਦੀਆਂ ਲੈਬਾਂ ਦਿਖਾਉਣ ਲੱਗੇ ਅਤੇ ਕਹਿਣ ਲੱਗੇ ਕਿ ਤੁਹਾਨੂੰ ਆਪਣੇ ਪੜ੍ਹਾਉਣ ਵਿਚ ਮੈਥ ਨੂੰ ਘਟਾਉਣਾ ਪਵੇਗਾ ਕਿਉਂਕਿ ਇਹ ਵਿਦਿਆਰਥੀ ਮੈਥ ਵਿਚ ਜਿ਼ਆਦਾ ਹੁਸਿ਼ਆਰ ਨਹੀਂ। ਤੁਹਾਨੂੰ ਕੁਝ ਦਿਨਾਂ ਤੀਕ ਈ-ਮੇਲ ਮਿਲੇਗੀ ਕਿ ਸਾਰਿਆਂ ਦਾ ਤੁਹਾਡੇ ਪੜ੍ਹਾਉਣ ਪ੍ਰਤੀ ਕੀ ਨਜ਼ਰੀਆ ਹੈ? ਪੋ੍ਰ. ਫੋਡਰ ਵਲੋਂ ਦਿਖਾਏ ਉਚੇਚ ਤੋਂ ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਮੇਰਾ ਪੜ੍ਹਾਉਣਾ ਚੰਗਾ ਲੱਗਿਆ ਹੋਵੇ। ਹਫ਼ਤੇ ਬਾਅਦ ਡੀਨ ਦੀ ਈ-ਮੇਲ ਆਈ ਕਿ ਤੁਸੀਂ ਪੜ੍ਹਾਉਣ ਲਈ ਚੁਣੇ ਗਏ ਹੋ। ਜਨਵਰੀ 2016 ਤੋਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਸਮੈਸਟਰ ਵਿਚ ਤੁਸੀਂ ਸਿਰਫ਼ ਇਕ ਹੀ ਕੋਰਸ ਪੜ੍ਹਾਓਗੇ।
1977 ਵਿਚ ਲਏ ਹੋਏ ਸੁਪਨੇ ਦਾ 2016 ਵਿਚ ਪੂਰਾ ਹੋਣਾ ਲਗਭਗ ਚਾਲੀ ਸਾਲ ਲੰਮੀਂ ਉਡੀਕ ਦੀ ਪੂਰਨਤਾ। ਬਹੁਤ ਕਠਿਨ ਹੁੰਦਾ ਹੈ ਇੰਨੀ ਲੰਮੀ ਉਡੀਕ ਕਰਨਾ ਅਤੇ ਇੰਨੇ ਲੰਮੇ ਸਮੇਂ ਲਈ ਤਿੜਕੇ ਹੋਏ ਸੁਪਨੇ ਦੀ ਚੀਸ ਨੂੰ ਜਿਊਂਦਾ ਰੱਖਣਾ। ਇਸਦੀ ਪੂਰਨਤਾ ਲਈ ਨਿਰੰਤਰ ਕੁਝ ਨਾ ਕੁਝ ਉਜਰ ਕਰਦੇ ਰਹਿਣਾ। ਅਕਸਰ ਲੋਕ ਬਹੁਤ ਜਲਦੀ ਟੁੱਟੇ ਸੁਪਨੇ ਨੂੰ ਭੁੱਲ ਜਾਂਦੇ ਅਤੇ ਦੁਨਿਆਵੀ ਦੌੜ ਵਿਚ ਉਲਝੇ ਆਪਣੇ ਉਦੇਸ਼ ਤੋਂ ਹੀ ਮੁਨਕਰ ਹੋ ਜਾਂਦੇ। ਦਰਅਸਲ ਇਹ ਹਾਸਲ, ਸੁਪਨੇ ਦੀ ਪੂਰਨਤਾ ਦੇ ਨਾਲ-ਨਾਲ ਖੁ਼ਦ ਨੂੰ ਵੀ ਤਸੱਲੀ ਦੇ ਗਿਆ ਕਿ ਬੰਦਾ ਚਾਹੇ ਤਾਂ ਕੁਝ ਵੀ ਪ੍ਰਾਪਤ ਕਰ ਸਕਦਾ ਬਸ਼ਰਤੇ ਕਿ ਉਸਦੇ ਮਨ ਵਿਚ ਹਨੇਰਿਆਂ `ਚੋਂ ਚਾਨਣ-ਝੀਤ ਨੂੰ ਦੇਖਣ ਦੀ ਜਾਚ ਹੋਵੇ, ਮੁਸ਼ਕਲਾਂ ਅਤੇ ਔਕੜਾਂ ਨਾਲ ਆਢਾ ਲਾਉਣ ਦਾ ਵੱਲ ਹੋਵੇ ਅਤੇ ਦੁਸ਼ਵਾਰੀਆਂ ਨੂੰ ਉਲੰਘ ਕੇ ਨਵੀਆਂ ਪੈੜਾਂ ਨੂੰ ਸਿਰਜਣ ਦਾ ਹੁਨਰ ਹੋਵੇ। ਯਾਦ ਆਉਂਦਾ ਹੈ ਜਨਵਰੀ 2016 ਵਿਚ ਯੂਨੀਵਰਸਿਟੀ ਦਾ ਪਹਿਲਾ ਦਿਨ। ਕਮਰੇ ਵਿਚ ਦਾਖਲ ਹੁੰਦਿਆਂ ਹੀ ਅੱਖ ਭਰ ਆਈ। ਕਲਾਸ ਵਿਚ 60 ਗੋਰੇ ਵਿਦਿਆਰਥੀ। ਸੋਚਾਂ! ਕੁਦਰਤ ਅਤੇ ਮੇਰੇ ਮਾਪਿਆਂ ਦੀ ਇਹ ਕਰਤਾਰੀ ਇਨਾਇਤ ਹੈ। ਮੰਡ ਵਿਚ ਪਸ਼ੂ ਚਾਰਦੇ ਜੁਆਕ ਨੇ ਕਦੇ ਖ਼ੁਆਬ ਵਿਚ ਵੀ ਸੋਚਿਆ ਨਹੀਂ ਹੋਣਾ ਕਿ ਉਹ ਕਿਸੇ ਦਿਨ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਵੇਗਾ। ਇਹ ਮੇਰੇ ਪਿੰਡ, ਮੇਰੇ ਬੁੱਢੇ ਘਰ, ਮੇਰੇ ਅਧਿਆਪਕਾਂ ਦੀਆਂ ਦੁਆਵਾਂ ਨੇ ਜਿਸ ਸਦਕਾ ਮੈਨੂੰ ਇਹ ਮੌਕਾ ਮਿਲਿਆ। ਪਹਿਲੇ ਦਿਨ ਕਲਾਸ ਵਿਚ ਮੈਂ ਕੁਝ ਮਿੰਟ ਲਈ ਆਪਣੇ ਪਿਛੋਕੜ, ਵਿਦਿਆ, ਧਾਰਮਿਕ ਅਕੀਦੇ, ਆਪਣੇ ਪਹਿਰਾਵੇ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂ। ਫਿਰ ਹਰ ਵਿਦਿਅਰਥੀ ਨੂੰ ਪੁੱਛਦਾ ਹਾਂ ਕਿ ਉਸਦਾ ਨਾਮ ਕੀ ਹੈ, ਉਹ ਕਿਹੜੇ ਸੁਪਨੇ ਲੈ ਕੇ ਇਸ ਯੂਨੀਵਰਸਿਟੀ ਵਿਚ ਦਾਖਲ ਹੋਇਆ ਅਤੇ ਇਸਦੀ ਪੂਰਨਤਾ ਲਈ ਉਹ ਕਿੰਨਾ ਕੁ ਅਰਪਿਤ ਅਤੇ ਪ੍ਰਤੀਬੱਧ ਹੈ? ਇਸ ਨਾਲ ਵਿਦਿਅਰਥੀਆਂ ਨੂੰ ਆਪਣੇ ਅੰਦਰ ਝਾਕਣ, ਸੁਪਨੇ ਨੂੰ ਪਛਾਨਣ ਅਤੇ ਇਸਨੂੰ ਪੂਰਾ ਕਰਨ ਲਈ ਹੋਰ ਉਦਮ ਕਰਨ ਦੀ ਉਤੇਜਨਾ ਮਿਲਦੀ ਹੈ। ਦਰਅਸਲ ਮੈਂ ਆਪਣੇ ਅਧਿਆਪਨ ਦੌਰਾਨ, ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਦੇ ਗਿਆਨ ਦੇਣ ਦੇ ਨਾਲ, ਜਿ਼ੰਦਗੀ ਦੇ ਸਰੋਕਾਰਾਂ, ਕਦਰਾਂ-ਕੀਮਤਾਂ ਅਪਨਾਉਣ ਅਤੇ ਖੁ਼ਦ ਪ੍ਰਤੀ ਸੁਹਿਰਦ ਅਤੇ ਸਮਰਪਿਤ ਹੋਣ ਲਈ ਪ੍ਰੇਰਿਤ ਕਰਦਾ ਹਾਂ।
ਅਮਰੀਕਾ ਵਿਚ ਯੂਨੀਵਰਸਿਟੀ ਦੇ ਪੋ੍ਰਫੈਸਰ ਦਾ ਬਹੁਤ ਹੀ ਸਤਿਕਾਰ ਅਤੇ ਉਚਾ ਰੁਤਬਾ ਹੈ। ਹਰ ਪੋ੍ਰਫੈਸਰ ਆਪਣੀ ਕਲਾਸ ਤੋਂ ਬਾਅਦ ਇਕ ਘੰਟਾ ਆਪਣੇ ਵਿਦਿਆਰਥੀਆਂ ਲਈ ਰਾਖਵਾਂ ਰੱਖਦਾ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਪੜ੍ਹਾਈ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕੇ। ਪੋ੍ਰਫੈਸਰ ਆਪਣਾ ਕੋਰਸ ਖੁ਼ਦ ਤਿਆਰ ਕਰਦਾ ਹੈ, ਕਿੰਨੇ ਟੈਸਟ ਲੈਣੇ, ਕਿਸ ਤਰੀਕ ਨੂੰ ਲੈਣੇ, ਕਿਵੇਂ ਲੈਣਾ, ਕਿਸ ਤਰੀਕ ਨੂੰ ਕਿਹੜਾ ਚੈਪਟਰ ਪੜ੍ਹਾਉਣਾ ਆਦਿ ਪਹਿਲੇ ਦਿਨ ਤੋਂ ਹੀ ਤੈਅ ਹੁੰਦਾ। ਇਸਦਾ ਪੂਰਾ ਵੇਰਵਾ ਹਰ ਵਿਦਿਆਰਥੀ ਨੂੰ ਈ-ਮੇਲ ਕਰ ਦਿੱਤਾ ਜਾਂਦਾ। ਹਰ ਟੈਸਟ, ਕੁਇਜ਼, ਆਨ ਲਾਈਨ ਵਰਕ ਆਦਿ ਪੋ੍ਰਫੈਸਰ ਖੁ਼ਦ ਕਰਦਾ। ਖੁ਼ਦ ਹੀ ਮੁਲਾਂਕਣ ਕਰਦਾ ਅਤੇ ਗਰੇਡ ਦਿੰਦਾ ਹੈ। ਵਿਭਾਗ ਦਾ ਚੇਅਰ ਜਾਂ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਇਸ ਵਿਚ ਦਖਲ ਨਹੀਂ ਦਿੰਦਾ। ਇਨ੍ਹਾਂ ਗਰੇਡਾਂ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ। ਹਾਂ ਪੋ੍ਰਫੈਸਰ ਪੂਰਨ-ਪਾਰਦਰਸ਼ੀ ਅਤੇ ਨਿਰਪੱਖ ਹੁੰਦਾ ਹੈ ਅਤੇ ਕੋਈ ਵੀ ਵਿਦਿਆਰਥੀ ਕਿਸੇ ਵੀ ਸਮੇਂ ਤੁਹਾਡੇ ਕੋਲੋਂ ਆਪਣੇ ਗਰੇਡਾਂ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਇਸਦਾ ਜਵਾਬ ਦੇਣਾ ਤੁਹਾਡੀ ਜਿ਼ੰਮੇਵਾਰੀ ਹੁੰਦੀ ਹੈ। ਹਰ ਸਮੈਟਰ ਦੇ ਖਤਮ ਹੋਣ `ਤੇ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਕੋਲੋਂ ਪੋ੍ਰਫੈਸਰ ਦਾ ਗੁਪਤ ਰੂਪ ਵਿਚ ਆਨਲਾਈਨ ਮੁਲਾਂਕਣ ਕਰਵਾਇਆ ਜਾਂਦਾ ਹੈ। ਇਹ ਮੁਲਾਂਕਣ ਚੇਅਰ ਤੋਂ ਹੁੰਦਾ ਹੋਇਆ ਤੁਹਾਡੇ ਕੋਲ ਪਹੁੰਚਦਾ ਹੈ ਕਿ ਤੁਹਾਨੂੰ ਆਪਣੀਆਂ ਕਮੀਆਂ ਜਾਂ ਚੰਗੇ ਗੁਣਾਂ ਦਾ ਪਤਾ ਲੱਗ ਸਕੇ। ਪਤਾ ਲੱਗ ਸਕੇ ਕਿ ਵਿਦਿਆਰਥੀਆਂ ਦੇ ਤੁਹਾਡੇ ਬਾਰੇ ਕੀ ਵਿਚਾਰ ਹਨ? ਤੁਹਾਡਾ ਮੁਲਾਂਕਣ ਮਾੜਾ ਹੋਣ `ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਪਹਿਲੇ ਸਮੈਸਟਰ ਤੋਂ ਬਾਅਦ ਅਗਲੇ ਸਮੈਸਟਰ ਲਈ ਦੋ ਕੋਰਸ ਪੜ੍ਹਾਉਣ ਲਈ ਕਿਹਾ ਗਿਆ। ਚੰਗਾ ਲੱਗਾ ਕਿ ਮੈਂ ਨਵੇਂ ਅਦਾਰੇ ਵਿਚ, ਨਵੇਂ ਮਾਹੌਲ ਅਤੇ ਨਵੇਂ ਤਰੀਕੇ ਨਾਲ ਫਿਜਿ਼ਕਸ ਪੜ੍ਹਾਉਣ ਲਈ ਖੁ਼ਦ ਨੂੰ ਅੱਪਡੇਟ ਕਰ ਕੇ, ਵਕਤ ਦਾ ਹਾਣੀ ਹੋ ਸਕਿਆ। ਯੂਨੀਵਰਸਿਟੀ ਵਿਚ ਪੜ੍ਹਾਉਣ ਦੌਰਾਨ ਮੈਂ ਇਹ ਦੇਖਿਆ ਕਿ ਕਈ ਵਾਰ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਨ ਅਤੇ ਤੁਹਾਡੇ ਕੋਲੋਂ ਸਲਾਹ ਵੀ ਲੈਂਦੇ ਹਨ। ਮੇਰੇ ਜਿ਼ਆਦਾਤਰ ਵਿਦਿਆਰਥੀ ਮੈਡੀਕਲ ਫੀਲਡ ਵਿਚ ਜਾਣ ਵਾਲੇ ਹੁੰਦੇ ਹਨ ਇਸ ਲਈ ਜਦ ਉਨ੍ਹਾਂ ਨੇ ਕਿਸੇ ਮੈਡੀਕਲ/ ਡੈਂਟਲ/ਫਾਰਮੇਸੀ/ਫਿਜਿ਼ਓਥੈਰੇਪੀ ਕਾਲਜ ਵਿਚ ਦਾਖਲਾ ਲੈਣਾ ਹੁੰਦਾ ਤਾਂ ਉਨ੍ਹਾਂ ਦੇ ਪੋ੍ਰਫੈਸਰ ਵਲੋਂ ਭੇਜੇ ਗਏ ਸਿਫਾਰਸ਼ੀ ਪੱਤਰ ਦੀ ਬਹੁਤ ਅਹਿਮੀਅਤ ਹੁੰਦੀ ਹੈ। ਹਰ ਪੋ੍ਰਫੈਸਰ ਆਪਣੇ ਵਿਦਿਆਰਥੀ ਦਾ ਸਹੀ ਮੁਲਾਂਕਣ ਕਰ ਕੇ ਸਬੰਧਤ ਅਦਾਰੇ ਨੂੰ ਭੇਜਦਾ ਹੈ ਅਤੇ ਅਦਾਰਾ ਕਦੇ ਵੀ ਕਿਸੇ ਪੋ੍ਰਫੈਸਰ ਦੀ ਦਿਆਨਤਦਾਰੀ `ਤੇ ਕੋਈ ਕਿੰਤੂ ਨਹੀਂ ਕਰਦਾ। ਮੈਂ ਇਹ ਵੀ ਦੇਖਿਆ ਕਿ ਜਦ ਤੁਸੀਂ ਸਿਰ `ਤੇ ਦਸਤਾਰ ਪਹਿਨ ਕੇ ਕਿਸੇ ਅਦਾਰੇ ਵਿਚ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਭਾਈਚਾਰੇ ਦੇ ਇਕ ਅਦਿੱਖ ਰੂਪ ਵਿਚ ਦੂਤ ਹੁੰਦੇ ਹੋ। ਬਹੁ-ਗਿਣਤੀ ਵਿਚ ਪੜ੍ਹਦੇ ਗੋਰੇ ਵਿਦਿਆਰਥੀਆਂ ਨੂੰ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਹੈ। ਮੇਰੇ ਦੋ ਕੋਰਸਾਂ ਵਿਚ ਹਰ ਸਮੈਸਟਰ ਵਿਚ ਸੌ ਕੁ ਵਿਦਿਆਰਥੀ ਹੁੰਦੇ ਹਨ ਭਾਵ 100 ਕੁ ਪਰਿਵਾਰਾਂ ਨੂੰ ਸਿੱਖ ਧਰਮ ਬਾਰੇ ਕੁਝ ਗਿਆਨ ਜ਼ਰੂਰ ਮਿਲਦਾ ਹੈ।
ਦਰਅਸਲ ਇਨ੍ਹਾਂ ਅਦਾਰਿਆਂ ਰਾਹੀਂ ਤੁਸੀਂ ਆਪਣੀ ਪਛਾਣ ਨੂੰ ਉਸ ਰੂਪ ਵਿਚ ਦਰਸਾ ਸਕਦੇ ਹੋ ਜਿਹੜੀ ਤੁਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ। ਮੈਂ ਸਾਰੀ ਉਮਰ ਹੀ ਪੰਜਾਬ ਦੇ ਕਾਲਜਾਂ ਵਿਚ ਪੜ੍ਹਾਇਆ ਪਰ ਮੈਂ ਦੇਖਿਆ ਕਿ ਇੱਥੇ ਯੂਨੀਵਰਸਿਟੀ ਵਿਚ ਪੜ੍ਹਦੇ ਵਿਦਿਆਰਥੀ ਜਿ਼ਆਦਾ ਮਿਹਨਤੀ ਅਤੇ ਟੀਚੇ ਪ੍ਰਤੀ ਫਿ਼ਕਰਮੰਦ ਨੇ। ਉਹ ਬਹੁਤ ਇਮਾਨਦਾਰ ਅਤੇ ਸੱਚ ਬੋਲਦੇ ਨੇ। ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ ਮੁਲਾਂਕਣ ਵਿਚ ਵੀ ਤੁਹਾਨੂੰ ਉਨ੍ਹਾਂ ਦੀ ਸਪੱਸ਼ਟਤਾ ਸਾਫ਼ ਦਿਸਦੀ ਹੈ। ਜਿ਼ਆਦਾਤਰ ਵਿਦਿਆਰਥੀ ਆਪਣੀ ਪੜ੍ਹਾਈ ਦਾ ਖਰਚਾ ਖੁ਼ਦ ਉਠਾਉਂਦੇ ਨੇ। ਪੜ੍ਹਾਈ ਦੇ ਨਾਲ ਨਾਲ ਪਾਰਟ-ਟਾਈਮ ਕੰਮ ਵੀ ਕਰਦੇ ਨੇ। ਇਥੇ ਪੜ੍ਹਨ ਦੀ ਕੋਈ ਨਿਰਧਾਰਤ ਉਮਰ ਨਹੀਂ। ਮੇਰੇ ਕੁਝ ਵਿਦਿਆਰਥੀ ਉਹ ਹੁੰਦੇ ਜਿਹੜੇ ਇਕ ਕਿੱਤੇ ਵਿਚੋਂ ਰਿਟਾਇਰ ਹੋ ਕੇ ਮੁੜ ਪੜ੍ਹਾਈ ਕਰ ਕੇ ਦੂਸਰੇ ਕਿੱਤੇ ਵਿਚ ਜਾਣਾ ਚਾਹੁੰਦੇ। ਇਸ ਵੇਲੇ ਵੀ ਦੋ ਵਿਦਿਆਰਥੀ ਅਜੇਹੇ ਹਨ ਜੋ ਅਮਰੀਕਨ ਆਰਮੀ ਵਿਚ ਹਨ ਅਤੇ ਨਾਲ ਨਾਲ ਪੜ੍ਹਾਈ ਕਰ ਕੇ ਡਾਕਟਰ ਬਣਨਾ ਚਾਹੁੰਦੇ ਨੇ। ਮੈਂ ਅਕਸਰ ਹੀ ਭੌਤਿਕ ਵਿਗਿਆਨ ਪੜ੍ਹਾਉਂਦਿਆਂ, ਇਸਨੂੰ ਰੋਜ਼ਾਨਾ ਜਿ਼ੰਦਗੀ ਦੀਆਂ ਕੁਝ ਕਿਰਿਆਵਾਂ ਨਾਲ ਜੋੜ ਕੇ ਜਿ਼ੰਦਗੀ ਦੇ ਸੱਚੇ-ਸੁੱਚੇ ਅਰਥਾਂ ਦੀ ਨਿਸ਼ਾਨਦੇਹੀ ਕਰਨ ਲੱਗ ਪਵਾਂ ਜਾਂ ਖੂਬਸੂਰਤ ਜਿ਼ੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਜਾਂ ਸਫ਼ਲ ਜਿ਼ੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਦੀ ਗੱਲ ਕਰਨ ਲੱਗ ਪਵਾਂ ਤਾਂ ਅਕਸਰ ਕਈ ਵਾਰ ਵਿਦਿਆਰਥੀ ਇਹ ਵੀ ਕਹਿ ਦਿੰਦੇ ਕਿ ਡਾ. ਭੰਡਾਲ ਇਹ ਫਿਜਿ਼ਕਸ ਦੀ ਕਲਾਸ ਦੀ ਬਜਾਏ ਸਗੋਂ ਫਿ਼ਲਾਸਫ਼ੀ ਦੀ ਕਲਾਸ ਜਿ਼ਆਦਾ ਲੱਗਦੀ ਹੈ। ਉਹ ਬਹੁਤ ਧਿਆਨ ਨਾਲ ਸੁਪਨਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਸੁਣਦੇ ਹਨ। ਕਈ ਵਾਰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਚੌਗਿਰਦੇ ਵਿਚੋਂ ਬਾਹਰ ਝਾਕਣ ਦੀ ਕਿਸੇ ਨੇ ਅਹਿਮੀਅਤ ਨਹੀਂ ਦੱਸੀ। ਉਨ੍ਹਾਂ ਨੂੰ ਚੰਗਾ ਲੱਗਦਾ ਹੈ ਕਿ ਜਦ ਕੋਈ ਉਨ੍ਹਾਂ ਨੂੰ ਜੀਵਨ ਦੀ ਸੰੁਦਰਤਾ ਅਤੇ ਕੁਦਰਤੀ ਕਿਰਿਆਵਾਂ ਨੂੰ ਨਿਹਾਰਨ ਦਾ ਗੁਰ ਦੱਸਦਾ ਹੈ। ਮੈਂ ਇਹ ਵੀ ਜਾਣਿਆ ਕਿ ਤੁਸੀਂ ਕੀ ਹੋ, ਇਹ ਸ਼ਾਇਦ ਤੁਹਾਡੇ ਨਾਲੋਂ ਤੁਹਾਡੇ ਵਿਦਿਆਰਥੀ ਬਿਹਤਰ ਜਾਣਦੇ ਅਤੇ ਸਮਝਦੇ ਨੇ। ਤੁਹਾਡੇ ਨਾਲੋਂ ਤੁਹਾਡਾ ਕੰਮ ਜਿ਼ਆਦਾ ਬੋਲਦਾ ਹੈ। ਯਾਦ ਆਉਂਦਾ ਹੈ ਕਿ ਪਿਛਲੇ ਸਾਲ ਕਿਸੇ ਹੋਰ ਕਾਲਜ ਤੋਂ ਈ-ਮੇਲ ਆਈ ਕਿ ਸਾਡੇ ਕਾਲਜ ਵਿਚ ਫਿਜਿ਼ਕਸ ਦਾ ਇਕ ਕੋਰਸ ਪੜ੍ਹਾਉਣ ਲਈ ਸਾਨੂੰ ਤੁਹਾਡੀ ਲੋੜ ਹੈ। ਸਾਨੂੰ ਆ ਕੇ ਮਿਲੇ। ਮੈਂ ਦੱਸਿਆ ਕਿ ਮੈਂ ਤਾਂ ਪਹਿਲਾਂ ਹੀ ਪੜ੍ਹਾ ਰਿਹਾ ਹਾਂ ਤਾਂ ਉਸ ਕਾਲਜ ਦੇ ਡੀਨ ਦਾ ਕਹਿਣਾ ਸੀ ਕਿ `ਕੇਰਾਂ ਮਿਲ ਜਾਓ। ਜਦ ਮੈਂ ਡੀਨ ਸਾਹਿਬ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਤੁਸੀਂ ਸ਼ੁਕਰਵਾਰ ਨੂੰ ਵਿਹਲੇ ਹੁੰਦੇ ਹੋ, ਉਸ ਦਿਨ ਹੀ ਸਾਡੇ ਕਾਲਜ ਵਿਚ ਪੜ੍ਹਾ ਦਿਆ ਕਰੋ। ਮੈਂ ਜਦ ਪੜ੍ਹਾਉਣ ਲਈ ਹਾਮੀ ਭਰੀ ਤਾਂ ਡੀਨ ਪੁੱਛਣ ਲੱਗਾ ਕਿ ਤੁਸੀਂ ਇਹ ਨਹੀਂ ਪੁੱਛੋਗੇ ਕਿ ਕੋਰਸ ਪੜ੍ਹਾਉਣ ਲਈ ਅਸੀਂ ਤੁਹਾਨੂੰ ਹੀ ਕਿਉਂ ਸੰਪਰਕ ਕੀਤਾ? ਦੱਸਾਂ! ਕਦੇ ‘ਰੇਟ ਮਾਈ ਪੋ੍ਰਫੈਸਰ’ ਵੈੱਬਸਾਈਟ `ਤੇ ਆਪਣੇ ਬਾਰੇ, ਆਪਣੇ ਵਿਦਿਆਰਥੀਆਂ ਦੇ ਵਿਚਾਰ ਪੜ੍ਹਨਾ। ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਵਿਦਿਆਰਥੀਆਂ ਵਿਚ ਕਿੰਨੇ ਮਕਬੂਲ ਹੋ। ਇਸ ਵੈੱਬਸਾਈਟ ਤੋਂ ਦੇਖ ਕੇ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਸਾਨੂੰ ਤੁਹਾਡੇ ਵਰਗਾ ਪੋ੍ਰਫੈਸਰ ਚਾਹੀਦਾ ਸੀ। ਮਨ ਖੁਸ਼ ਹੋਇਆ ਕਿ ਮੈਂ ਆਪਣੀ ਪਛਾਣ, ਮਾਪਿਆਂ ਅਤੇ ਪਿੰਡ ਦੀ ਲਾਜ ਰੱਖ ਸਕਿਆ। ਯਾਦ ਆਇਆ ਕਿ ਪਿਛਲੇ ਸਾਲ ਫਰਵਰੀ ਵਿਚ ਜਦ ਮੈਂ ਆਪਣੇ ਦਫਤਰ ਵਿਚ ਬੈਠਾ ਆਪਣਾ ਲੈਕਚਰ ਤਿਆਰ ਕਰ ਰਿਹਾ ਸੀ ਤਾਂ ਮੇਰੇ ਚੇਅਰ ਡਾ. ਫੋਡਰ ਨੇ ਮੇਰੇ ਦਰਵਾਜ਼ੇ `ਤੇ ਦਸਤਕ ਦਿੰਦਿਆਂ ਕਿ ਡਾ. ਭੰਡਾਲ ਜੇ ਤੁਸੀਂ ਵਿਹਲੇ ਹੋਵੋ ਤਾਂ ਇਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਦ ਮੈਂ ਕਿਹਾ ਕਿ ਮੈਂ ਵਿਹਲਾ ਹੀ ਹਾਂ, ਦੱਸੋ। ਤਾਂ ਉਸ ਨੇ ਕਿਹਾ ਕਿ ਅੱਜ ਹੀ ਮੈਨੂੰ ਯੂਨੀਵਰਸਿਟੀ ਵਲੋਂ ਤੁਹਾਡੇ ਪਿਛਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਪ੍ਰਾਪਤ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪੋ੍ਰਫੈਸਰ ਤੁਹਾਡੇ ਵਰਗੇ ਹੀ ਹੋਣ। ਪਿੰਡ ਦੇ ਉਸ ਜੁਆਕ ਲਈ ਜਿਸਨੇ 40 ਸਾਲ ਪਹਿਲਾਂ ਕਦੇ ਵਿਦੇਸ਼ ਦੀ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਸੁਪਨਾ ਲਿਆ ਸੀ, ਇਸ ਤੋਂ ਵੱਡਾ ਹੋਰ ਕੀ ਸਨਮਾਨ ਹੋ ਸਕਦਾ ਹੈ। ਇਹ ਸੁਣਦਿਆਂ ਹੀ ਮੈਂ ਚੁੱਪ ਹੋ ਗਿਆ ਅਤੇ ਸ਼ੁਕਰਗੁਜ਼ਾਰੀ ਵਿਚ ਮੇਰਾ ਸਿਰ ਝੁਕ ਗਿਆ।