ਗੁਰਨਾਮ ਕੌਰ
ਪ੍ਰੋਫੈਸਰ (ਸੇਵਾਮੁਕਤ)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਮੀਰੀ-ਪੀਰੀ ਦੇ ਮਾਲਕ ਛੇਵੀਂ ਨਾਨਕ ਜੋਤਿ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਵਿਚ ਅਪ੍ਰੈਲ 1621 ਨੂੰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਅਧਿਆਤਮਕਤਾ ਅਤੇ ਸੰਸਾਰਕਤਾ, ਸੰਤ ਅਤੇ ਸਿਪਾਹੀ, ਮੀਰੀ ਅਤੇ ਪੀਰੀ ਦੀ ਇਕਸੁਰਤਾ ਵਾਲੇ ਗੁਰਮਤਿ ਫ਼ਲਸਫ਼ੇ ਦਾ ਅਮਲੀ ਪ੍ਰਕਾਸ਼ਨ ਕੀਤਾ, ਇਸ ਇਕਸੁਰਤਾ ਦੀਆਂ ਪ੍ਰਤੀਕ ਦੋ ਤਲਵਾਰਾਂ ਪਹਿਨੀਆਂ, ਅਧਿਆਤਮਿਕਤਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦੁਨਿਆਵੀ ਮਸਲਿਆਂ ਦੇ ਸੁਲਝਾ ਅਤੇ ਸੁਝਾਅ ਲਈ ਅਕਾਲ ਬੁੰਗੇ ਦੀ ਸਥਾਪਨਾ ਕੀਤੀ;
ਉਨ੍ਹਾਂ ਨੇ ਬਾਲਕ ਤਿਆਗ ਮੱਲ ਦੀ ਹਰ ਤਰ੍ਹਾਂ ਦੀ ਸਿੱਖਿਆ ਦਾ ਉਚੇਚਾ ਪ੍ਰਬੰਧ ਕੀਤਾ। ਇਸ ਵਿੱਦਿਆ ਵਿਚ ਜਿੱਥੇ ਵੱਖ-ਵੱਖ ਉਸਤਾਦਾਂ ਪਾਸੋਂ ਗੁਰਮੁਖੀ, ਸੰਸਕ੍ਰਿਤ ਅਤੇ ਹੋਰ ਬੋਲੀਆਂ ਦਾ ਪਠਨ-ਪਾਠਨ ਸ਼ਾਮਲ ਸੀ, ਉਥੇ ਹੀ ਭਾਈ ਗੁਰਦਾਸ ਦੀ ਨਿਗਰਾਨੀ ਵਿਚ ਧਰਮ ਸ਼ਾਸਤਰ ਅਤੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਘੋੜ-ਸਵਾਰੀ ਅਤੇ ਤੀਰ-ਅੰਦਾਜ਼ੀ ਵਰਗੀ ਮਾਰਸ਼ਲ ਸਿੱਖਿਆ ਵੀ ਸ਼ਾਮਲ ਸੀ; ਜਦਕਿ ਤਲਵਾਰਬਾਜ਼ੀ ਦੀ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦਿੱਤੀ। ਗੁਰੂ ਪਿਤਾ ਦੀ ਆਗਿਆ ਨਾਲ ਕਰਤਾਰਪੁਰ ਵਿਚ ਮੁਗ਼ਲਾਂ ਨਾਲ ਹੋਏ ਯੁੱਧ ਵਿਚ ਬਾਲਕ ਤਿਆਗ ਮੱਲ ਨੇ ਹਿੱਸਾ ਲਿਆ ਅਤੇ ਜਿਸ ਮੁਹਾਰਤ ਨਾਲ ਉਨ੍ਹਾਂ ਨੇ ਆਪਣੀ ਤਲਵਾਰਬਾਜ਼ੀ ਦੇ ਜੌਹਰ ਦਿਖਾਏ ਉਸੇ ਤੋਂ ਉਨ੍ਹਾਂ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਪਿਆ। ਮੁਗ਼ਲਾਂ ਨਾਲ ਹੋਏ ਕਰਤਾਰਪੁਰ ਦੇ ਯੁੱਧ ਤੋਂ ਕੁਝ ਸਮਾਂ ਬਾਅਦ ਜਦੋਂ ਪਿਤਾ-ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਤੋਂ ਕੀਰਤਪੁਰ ਜਾ ਕੇ ਨਿਵਾਸ ਕਰਨ ਦਾ ਫ਼ੈਸਲਾ ਕੀਤਾ ਤਾਂ ਪੁੱਤਰ (ਗੁਰੂ) ਤੇਗ ਬਹਾਦਰ ਨੂੰ ਬਕਾਲੇ ਜਾ ਕੇ ਰਹਿਣ ਦੀ ਆਗਿਆ ਕੀਤੀ ਅਤੇ ਆਗਿਆ ਦੀ ਪਾਲਣਾ ਕਰਦਿਆਂ ਆਪ ਆਪਣੀ ਮਾਤਾ ਨਾਨਕੀ ਜੀ ਅਤੇ ਪਤਨੀ ਗੁਜਰੀ ਜੀ ਨਾਲ ਬਕਾਲੇ ਆ ਗਏ। ਕਈ ਇਤਿਹਾਸਕਾਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਵਰ੍ਹਿਆਂ ਤੱਕ ਬਕਾਲੇ ਭੋਰੇ ਵਿਚ ਬੈਠ ਕੇ ਤਪੱਸਿਆ ਕੀਤੀ।
ਭੱਟ ਵਹੀ ਅਨੁਸਾਰ (“ਭੱਟ ਅਤੇ ਉਨ੍ਹਾਂ ਦੀ ਰਚਨਾ”, ਅਲੋਚਨਾ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ 1961) ਗੁਰੂ ਤੇਗ ਬਹਾਦਰ ਜੀ ਨੇ 1713 ਬਿਕ੍ਰਮੀ ਹਾੜ ਪ੍ਰਵਿਸ਼ਟੇ ਤੀਰਥ ਯਾਤਰਾ ‘ਤੇ ਜਾਣ ਦੀ ਤਿਆਰੀ ਕੀਤੀ। ਨਾਲ ਹੀ ਦੱਸਿਆ ਹੈ ਕਿ ਉਨ੍ਹਾਂ ਦੀ ਯਾਤਰਾ ਵਿਚ ਕਿਸ ਕਿਸ ਨੇ ਸੰਗਤਿ ਕੀਤੀ “ਗੈਲੋਂ ਮਾਤਾ ਨਾਨਕੀ ਜੀ ਆਈ ਇਸਤ੍ਰੀ ਗੁਰੂ ਹਰਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤ੍ਰੀ ਗੁਰੂ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤ੍ਰੀ ਗੁਰੂ ਸੂਰਜ ਮਲ ਕੀ, ਬਾਵਾ ਬਾਲੂ ਹਸਨਾ ਤੇ ਬਾਵਾ ਅਲਮਸਤ ਜੀ ਆਏ, ਚੇਲੇ ਗੁਰੂ ਗੁਰਦਿਤਾ ਜੀ ਕੇ। ਮਾਤਾ ਗੁਜਰੀ ਜੀ ਆਈ ਇਸਤ੍ਰੀ ਗੁਰੂ ਤੇਗ ਬਹਾਦਰ ਜੀ ਕੀ। ਕ੍ਰਿਪਾਲ ਚੰਦ ਆਇਆ ਬੇਟਾ ਧਰਮ ਚੰਦ ਖੋਸਲੇ ਕਾ, ਦੁਰਗਾ ਦਾਸ ਆਇਆ ਬੇਟਾ ਪਦਮ ਰਾਇ ਹਜ਼ਾਬਤ ਚੌਹਾਨ ਕਾ, ਦਰੀਆ ਆਇਆ ਬੇਟਾ ਮੂਲ ਚੰਦ ਜਲ੍ਹਾਨੇ ਪੁਆਰ ਕਾ, ਦਿਆਲ ਦਾਸ ਆਇਆ ਬੇਟਾ ਮਾਈਦਾਸ ਪੁਆਰ ਬਲਉਂਤ ਕਾ, ਚਉਪਤ ਰਾਇ ਆਇਆ ਬੇਟਾ ਪੇਰਾ ਰਾਮ ਛਿਬਰ ਕਾ। ਹੋਰ ਸਿੱਖ ਫਕੀਰ ਆਏ।” ਇਸ ਤੋਂ ਭਲੀਭਾਂਤ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਪਖੰਡੀ ਬਕਾਲੇ ਵਿਖੇ ਦੰਭ ਦੀਆਂ 22 ਮੰਜੀਆਂ ਲਾ ਕੇ ਝੂਠ ਅਤੇ ਪਖੰਡ ਦਾ ਪ੍ਰਚਾਰ ਕਰ ਰਹੇ ਸੀ, ਉਸ ਸਮੇਂ ਗੁਰੂ ਤੇਗ ਬਹਾਦਰ ਯਾਤਰਾਵਾਂ ‘ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰ ਕੇ ਆਮ ਸੰਗਤਿ ਨੂੰ ਸਿੱਖ ਧਰਮ ਨਾਲ ਜੋੜਨ ਦਾ ਵੀ ਉਪਰਾਲਾ ਕਰਦੇ ਰਹੇ। ਅਸਲ ਵਿਚ ਕਿਸੇ ਕਿਸਮ ਦੇ ਭੋਰੇ ਵਿਚ ਬੈਠ ਕੇ ਤਪ ਕਰਨਾ ਗੁਰੂ ਘਰ ਦੀ ਪ੍ਰੰਪਰਾ ਨਹੀਂ ਰਹੀ ਹੈ। ਗੁਰੂ ਦੀ ਸਿੱਖਿਆ ਤਾਂ “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਅਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥ (ਮ.5,ਪੰ.522) ਦਾ ਸੰਦੇਸ਼ ਦਿੰਦੀ ਹੈ। (ਗੁਰੂ) ਤੇਗ ਬਹਾਦਰ ਗੁਰੂ ਥਾਪੇ ਜਾਣ ਦੀ ਪ੍ਰੰਪਰਾ ਤੋਂ ਭਲੀਭਾਂਤ ਜਾਣੂ ਸੀ ਇਸੇ ਲਈ ਉਹ “ਮੰਜੀ” ਲਾਉਣ ਵਾਲਿਆਂ ਤੋਂ ਅਲੱਗ ਵਿਚਰ ਰਹੇ ਸੀ। ਸੰਭਾਵਨਾ ਇਹ ਜਾਪਦੀ ਹੈ ਕਿ “ਭੋਰੇ ਵਿਚ ਤਪ ਕਰਨ” ਵਰਗੀ ਕਹਾਣੀ ਸ਼ਾਇਦ ਇਨ੍ਹਾਂ ਮੰਜੀ ਲਾਉਣ ਵਾਲੇ ਪਖੰਡੀਆਂ ਵੱਲੋਂ ਹੀ ਪ੍ਰਚਾਰੀ ਗਈ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਬਕਾਲੇ ਵਿਖੇ ਆਪਣੇ ਪਰਿਵਾਰ ਸਮੇਤ ਨਿਵਾਸ ਕਰ ਰਹੇ ਸੀ ਅਤੇ ਭਾਈ ਮੱਖਣ ਸ਼ਾਹ ਲੁਬਾਣੇ ਨੂੰ ਆਮ ਲੋਕਾਂ ਨੇ ਉਨ੍ਹਾਂ ਬਾਰੇ ਵੀ ਜਾਣਕਾਰੀ ਦਿੱਤੀ ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹੋਣ ਦੇ ਨਾਤੇ ਗੁਰੂ-ਪਰਿਵਾਰ ਵਿਚੋਂ ਸਨ ਅਤੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦਾ ਲੋਹਾ ਮਨਵਾਉਣ ਕਰਕੇ ਸਿੱਖ ਮਨਾਂ ਵਿਚ ਖਾਸ ਸਥਾਨ ਵੀ ਰੱਖਦੇ ਸਨ। ਇਹ ਪ੍ਰਸ਼ਨ ਇਤਿਹਾਸ ਦੇ ਖੋਜੀਆਂ ਲਈ ਹੈ ਕਿ ਉਹ ਗੁਰਮਤਿ ਸਿਧਾਂਤਾਂ ਨੂੰ ਧਿਆਨ ਵਿਚ ਰੱਖ ਕੇ ਇਸ ਤੱਥ ਦੀ ਖੋਜ ਕਰਨ।
ਦਾਰਸ਼ਨਿਕ ਵਿਸ਼ਲੇਸ਼ਣ: ਅੱਜ ਦੀ ਇਸ ਵਿਚਾਰ-ਚਰਚਾ ਵਿਚ ਮੇਰਾ ਮੁੱਖ ਸਰੋਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਆਏ ਮੁੱਖ ਸੰਕਲਪਾਂ ਦਾ ਸੰਖੇਪ ਵਿਚ ਦਾਰਸ਼ਨਿਕ ਵਿਸ਼ਲੇਸ਼ਣ ਕਰਨਾ ਹੈ ਪ੍ਰੰਤੂ ਇੱਥੇ ਇਹ ਬਹੁਤ ਹੀ ਇਸ਼ਾਰੇ ਮਾਤਰ ਚਰਚਾ ਸਿਰਫ ਇਹ ਚੇਤੇ ਰੱਖਣ ਲਈ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਧਿਆਤਮਕਤਾ ਅਤੇ ਸੰਸਾਰਕਤਾ, ਮੀਰੀ ਅਤੇ ਪੀਰੀ ਦੋਵਾਂ ਖੇਤਰਾਂ ਵਿਚ ਪਿਤਾ ਗੁਰੂ ਦੀ ਅਗਵਾਈ ਵਿਚ ਪੂਰੀ ਤਰ੍ਹਾਂ ਸੁਜੱਗ ਸਨ। ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇ ਸਥਾਪਤ ਕੀਤੇ ਸਮਾਜਿਕ ਧਰਮ ਦੇ ਫ਼ਲਸਫ਼ੇ ਨੂੰ ਅੱਗੇ ਲੈ ਕੇ ਗਏ ਅਤੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਿਸ ਦਾ ਪ੍ਰਤੱਖ ਪ੍ਰਗਟਾਵਾ ਉਨ੍ਹਾਂ ਦੀ ਬਾਣੀ ਤੋਂ ਵੀ ਹੋ ਜਾਂਦਾ ਹੈ ਜਦੋਂ ਉਹ ਸਪੱਸ਼ਟ ਕਰਦੇ ਹਨ “ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1॥ ਰਹਾਉ॥”(ਪੰ.684)॥ ਭੋਰੇ ਵਿਚ ਬੈਠ ਕੇ ਤਪ ਕਰਨਾ ਜਾਂ ਜੰਗਲ ਵਿਚ ਜਾ ਕੇ ਤਪ ਕਰਨਾ ਇੱਕੋ ਤਸਵੀਰ ਦੇ ਦੋ ਪਾਸੇ ਹਨ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲੁ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ, ਆਦਿ ਰਾਗਾਂ ਅਤੇ ਇਸ ਤੋਂ ਇਲਾਵਾ ਵਾਰਾਂ ਤੋਂ ਵਧੀਕ 57 ਸਲੋਕਾਂ ਦੇ ਰੂਪ ਵਿਚ ਦਰਜ ਹੈ। ਉਨ੍ਹਾਂ ਦੀ ਬਾਣੀ ਆਕਾਰ ਵਿਚ ਭਾਵੇਂ ਬਹੁਤ ਜ਼ਿਆਦਾ ਨਹੀਂ ਹੈ ਪ੍ਰੰਤੂ ਉਨ੍ਹਾਂ ਨੇ ਕਰਤਾ ਪੁਰਖ, ਸੰਸਾਰ, ਮਨੁੱਖ, ਮਨੁੱਖ ਦੀ ਹੋਣੀ, ਮਨੁੱਖ ਦੇ ਜਨਮ ਲੈਣ ਦਾ ਮਕਸਦ, ਕਰਤਾ ਪੁਰਖ ਦਾ ਸੰਸਾਰ ਅਤੇ ਮਨੁੱਖ ਨਾਲ ਸਬੰਧ ਆਦਿ ਧਰਮ ਸ਼ਾਸਤਰ ਦੇ ਵਿਸ਼ਿਆਂ ਨੂੰ ਆਪਣੀ ਬਾਣੀ ਵਿਚ ਬਹੁਤ ਗੰਭੀਰਤਾ ਨਾਲ ਪੇਸ਼ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ‘ੴ’ ਤੋਂ ਲੈ ਕੇ ‘ਗੁਰ ਪ੍ਰਸਾਦਿ’ ਤੱਕ ਦੀ ਬਾਣੀ ਨੂੰ ਆਮ ਤੌਰ `ਤੇ ਮੂਲਮੰਤ੍ਰ ਦੀ ਸੰਗਿਆ ਦਿੱਤੀ ਜਾਂਦੀ ਹੈ ਜੋ ਸਿੱਖ ਧਰਮ ਦਰਸ਼ਨ ਦਾ ਮੂਲ ਸਿਧਾਂਤ ਹੈ ਜਿਸ ਵਿਚ ਦੱਸਿਆ ਹੈ ਕਿ ਪਰਮਸਤਿ ਇੱਕੋ ਇੱਕ ਸਰਬ-ਵਿਆਪਕ ਹਸਤੀ ਹੈ ਜੋ ਇਸ ਪ੍ਰਗਟ ਬ੍ਰਹਿਮੰਡ ਦਾ ਮੂਲ ਕਾਰਨ ਹੈ ਜਿਸ ਦਾ ਚਿੰਨ੍ਹ ੴ ਹੈ। ਗੁਰੂ ਨਾਨਕ ਸਾਹਿਬ ਨੇ ਓਅੰਕਾਰ ਦੇ ਅੱਗੇ ਇੱਕ (1) ਉਸ ਪਰਮ ਹਸਤੀ ਦੀ ਅਧਿਆਤਮਕ ਏਕਤਾ ਅਤੇ ਅਦਵੈਤ ਸੁਭਾਅ ਨੂੰ ਦਰਸਾਉਣ ਲਈ ਲਾਇਆ ਹੈ। ਬ੍ਰਹਿਮੰਡ ਦਾ ਕਾਰਨ ਹੋ ਕੇ ਵੀ ਉਹ ਵਧਦਾ ਜਾਂ ਘਟਦਾ ਨਹੀਂ। ਇਹ ਸਮੁੱਚਾ ਬ੍ਰਹਿਮੰਡ ਉਸ ਦਾ ਪ੍ਰਗਟ ਰੂਪ ਹੈ ਅਤੇ ਉਹ ਸਮੇਂ ਅਤੇ ਸਥਾਨ ਵਿਚ ਆਪਣੀ ਅਨੰਤਤਾ ਵਿਚ ਫੈਲਿਆ ਹੋਇਆ ਹੈ ਜਿਸ ਵਿਚ ਅਨੇਕਤਾ ਵਿਚ ਵੀ ਏਕਤਾ ਹੈ। ਉਹ ਅਪ੍ਰਗਟ ਹੋ ਕੇ ਵੀ ਆਪਣੀ ਰਚਨਾ ਵਿਚ ਪ੍ਰਗਟ ਹੈ। ਉਹ ਨਿਰਭਉ ਅਤੇ ਨਿਰਵੈਰ ਹੈ। ਭਉ ਅਤੇ ਵੈਰ ਰਚਨਾ ‘ਤੇ ਲਾਗੂ ਹੁੰਦੇ ਹਨ ਪਰਮਸਤਿ ‘ਤੇ ਨਹੀਂ ਕਿਉਂਕਿ ਉਸ ਦੇ ਬਰਾਬਰ ਕੋਈ ਹੋਰ ਹਸਤੀ ਹੈ ਹੀ ਨਹੀਂ। ਉਹ ‘ਅਕਾਲ ਮੂਰਤ’ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਉੱਤੇ ਹੈ ਪਰ ਇਹ ਸੰਸਾਰ ਉਸ ਦਾ ਪ੍ਰਗਟ ਸਰੂਪ ਹੈ। ਉਹ ‘ਅਜੂਨੀ’ ਹੈ, ਜਨਮ ਅਤੇ ਮਰਨ ਵਿਚ ਨਹੀਂ ਆਉਂਦਾ। ਉਹ ‘ਸੈਭੰ’ ਅਰਥਾਤ ਆਪਣੇ ਆਪ ਤੋਂ ਹੈ, ਉਸ ਦਾ ਕਾਰਨ ਉਹ ਆਪ ਹੈ, ਕੋਈ ਹੋਰ ਉਸ ਦਾ ਕਾਰਨ ਨਹੀਂ। ਉਸ ਦਾ ਅਨੁਭਵ ਗੁਰੂ ਦੀ ਮਿਹਰ ਨਾਲ ਹੁੰਦਾ ਹੈ। ਸਿੱਖ ਧਰਮ-ਦਰਸ਼ਨ ਅਨੁਸਾਰ ਜਿਹੋ ਜਿਹੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ ਜਾਂ ਅਰਾਧਨਾ ਕਰਦਾ ਹੈ ਉਸ ਦਾ ਵਿਅਕਤੀਤਵ ਵੀ ਉਹੋ ਜਿਹਾ ਘੜਿਆ ਜਾਂਦਾ ਹੈ “ਜੈਸਾ ਸੇਵੈ ਤੈਸੋ ਹੋਇ॥ 4॥ ਮ.1॥”(ਪੰਨਾ 223)। ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਹੀ ਮਨੁੱਖ ਦੇ ਸਾਹਮਣੇ ਆਦਰਸ਼ ‘ਸਚਿਆਰ’ ਹੋਣ ਦਾ ਰੱਖ ਦਿੱਤਾ ਹੈ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” ਸਤਿ ਜਾਂ ਸਚਿ ਪਰਮਸਤਿ ਦਾ ਗੁਣ ਹੈ ਅਤੇ ਪਰਮਸਤਿ ਦੇ ਅਨੁਭਵ ਕਰਨ ਨੂੰ ‘ਸਚਿਆਰ’ ਹੋਣਾ ਕਿਹਾ ਹੈ। ਸਤਿ ਜਾਂ ਸਚਿ ਜੋ ਪਰਮਾਤਮ ਗੁਣ ਅਤੇ ਉਸ ਦੀ ਹੋਂਦ ਦਾ ਸੂਚਕ ਹੈ, ਸਭ ਤੋਂ ਉਪਰ ਹੈ ਪ੍ਰੰਤੁ ‘ਸਚਿਆਰ’ ਹੋਣਾ ਜਾਂ ਸਤਿ ਦਾ ਅਨੁਭਵ ਕਰਕੇ ਉਸ ਨੂੰ ਆਪਣੇ ਅਮਲ ਦਾ, ਰਹਿਣੀ ਦਾ ਹਿੱਸਾ ਬਣਾ ਲੈਣਾ ਉਸ ਤੋਂ ਵੀ ਉਪਰ ਹੈ।
ਗੁਰੂ ਤੇਗ ਬਹਾਦਰ ਸਾਹਿਬ ਪਰਮ ਹਸਤੀ ਦੇ ਸੰਕਲਪ ਨੂੰ ਅੱਗੇ ਲੈ ਕੇ ਜਾਂਦਿਆਂ ਦੱਸਦੇ ਹਨ ਕਿ ਕਰਤਾ ਪੁਰਖ ਇੱਕ ਅਦਭੁੱਤ ਹਸਤੀ ਹੈ ਜਿਸ ਨੇ ਇਸ ਸੰਸਾਰ ਦੀ ਰਚਨਾ ਅਣਗਿਣਤ ਰੰਗਾਂ, ਰੂਪਾਂ ਅਤੇ ਢੰਗਾਂ ਵਿਚ ਕੀਤੀ ਹੋਈ ਹੈ ਅਤੇ ਉਸ ਦੀ ਅਸਚਰਜ ਕਰਨੀ ਦੀ ਥਾਹ ਪਾ ਸਕਣਾ ਬਹੁਤ ਮੁਸ਼ਕਿਲ ਹੈ। ਉਸ ਦੀ ਆਪਣੇ ਆਪ ਤੋਂ ਕੀਤੀ ਬੇਅੰਤ ਕਿਸਮ ਦੀ ਵੰਨ-ਸੁਵੰਨੀ ਰਚਨਾ ਵਿਚ ਉਹ ਆਪ ਸਮਾਇਆ ਹੋਇਆ ਹੈ। ਪਰਮਸਤਿ ਅਨੇਕ ਵਿਚ ਸਮਾਇਆ ਹੋਣ ‘ਤੇ ਵੀ ਇੱਕ ਹੈ ਅਤੇ ਆਪਣੀ ਰਚਨਾ ਵਿਚ ਵਿਆਪਕ ਹੋਣ ‘ਤੇ ਵੀ ਅਪਰੰਪਰ ਹੈ, ਨਿਰਲੇਪ ਹੈ, “ਸਰਬ ਨਿਵਾਸੀ ਸਦ ਅਲੇਪਾ ਤੋਹਿ ਸੰਗਿ ਸਮਾਈ॥” ਇਹ ਉਸ ਦੇ ਹੁਕਮ ਦਾ ਵਰਤਾਰਾ ਹੈ ਕਿ ਉਹ ਪਲਾਂ-ਛਿਣਾਂ ਵਿਚ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾ ਦਿੰਦਾ ਹੈ, ਭਰੇ ਹੋਏ ਨੂੰ ਖਾਲੀ ਕਰ ਦਿੰਦਾ ਹੈ ਅਤੇ ਖਾਲੀ ਨੂੰ ਭਰ ਦਿੰਦਾ ਹੈ। ਉਹ ਹਰ ਇੱਕ ਜੀਵ ਦੇ ਅੰਦਰ ਵੱਸਦਾ ਹੈ, ਇਸ ਲਈ ਉਸ ਨੂੰ ਲੱਭਣ ਲਈ ਕਿਧਰੇ ਬਾਹਰ ਜੰਗਲਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਆਪਣੇ ਅੰਦਰ ਖੋਜਣਾ ਹੈ ਅਤੇ ਉਸ ਦਾ ਅਨੁਭਵ ਆਪਣੇ ਅੰਦਰ ਹੀ ਕਰਨਾ ਹੈ। ਉਸ ਦੀ ਸਰਵ-ਵਿਆਪਕਤਾ ਨੂੰ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ। ਉਹ ਮਨੁੱਖ ਦੇ ਅੰਦਰ ਉਸੇ ਤਰ੍ਹਾਂ ਵੱਸ ਰਿਹਾ ਹੈ ਜਿਵੇਂ ਫੁੱਲ ਵਿਚ ਖੁਸ਼ਬੋ ਅਤੇ ਸ਼ੀਸ਼ੇ ਅੰਦਰ ਅਕਸ ਵਸਦਾ ਹੈ “ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥” ਉਸ ਦੇ ਅਨੁਭਵ ਦਾ ਰਸਤਾ ਗੁਰੂ ਦੀ ਸਿੱਖਿਆ ‘ਤੇ ਚੱਲਿਆਂ ਪਤਾ ਲਗਦਾ ਹੈ। ਇਹ ਰਸਤਾ ਆਪਾ ਚੀਨਣ ਅਤੇ ਉਸ ਦੇ ਨਾਮ ਦਾ ਸਿਮਰਨ ਕਰਨ ਦਾ ਹੈ। ਆਪਾ ਚੀਨਣ ਤੋਂ ਬਿਨਾ ਭਰਮ ਦੀ ਜੰਮੀ ਹੋਈ ਕਾਈ ਲੱਥਦੀ ਨਹੀਂ ਅਤੇ ਨਾਮ-ਸਿਮਰਨ ਦਾ ਅਰਥ ਹੈ ਉਸ ਦੇ ਗੁਣਾਂ ਦਾ ਗਾਇਨ ਕਰਨਾ ਅਤੇ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ। ਉਹ ਕਰਤਾ ਪੁਰਖ ‘ਭੁਗਤਿ ਮੁਕਤਿ ਕਾ ਕਾਰਨੁ’, ‘ਪਤਿਤ ਪੁਨੀਤ’, ‘ਦੀਨ ਬੰਧ’, ਦਇਆਲੂ, ਕ੍ਰਿਪਾਲੂ, ‘ਦੁਖ’ ਅਤੇ ‘ਭੈ’ ਦਾ ਹਰਤਾ ਹੈ।
ਸਿੱਖ ਧਰਮ-ਚਿੰਤਨ ਅਨੁਸਾਰ ਕਰਤਾ ਪੁਰਖ ਇਸ ਬ੍ਰਹਿਮੰਡ ਦਾ ਮੂਲ ਕਾਰਨ ਹੈ ਜੋ ਆਪ ‘ਸੈਭੰ’ ਹੈ ਅਰਥਾਤ ਉਹ ਆਪਣੇ ਆਪ ਤੋਂ ਹੈ, ਕੋਈ ਦੂਸਰਾ ਉਸ ਦਾ ਕਾਰਨ ਨਹੀਂ ਹੈ। ਉਸ ਨੇ ਇਸ ਬ੍ਰਹਿਮੰਡ ਦਾ ਸਾਰਾ ਪਸਾਰਾ ਆਪਣੇ ਆਪ ਤੋਂ ਕੀਤਾ ਹੈ ਅਤੇ ‘ਸਤਿ’ ਉਸ ਦਾ ਗੁਣ ਹੈ ਅਤੇ ਉਸ ਦੀ ਹੋਂਦ ਦਾ ਲਖਾਇਕ ਵੀ ਹੈ। ਗੁਰੂ ਨਾਨਕ ਦੇਵ ਨੇ ਕਰਤਾ ਪੁਰਖ ਵੱਲੋਂ ਸ੍ਰਿਸ਼ਟੀ ਰਚਨਾ ਦੀ ਗੱਲ ਕਰਦਿਆਂ ਇਸ ਨੂੰ “ਸਚੇ ਤੇਰੇ ਖੰਡ ਸਚੇ ਬ੍ਰਹਮੰਡ” ਕਿਹਾ ਹੈ ਅਤੇ ਗੁਰੂ ਅੰਗਦ ਦੇਵ ਨੇ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ” ਕਿਹਾ ਹੈ। ਜਿਸ ਕਿਸਮ ਦਾ ਕਾਰਨ ਹੋਵੇ ਉਸ ਵਿਚੋਂ ਉਸੇ ਕਿਸਮ ਦਾ ਕਾਰਜ ਪੈਦਾ ਹੁੰਦਾ ਹੈ। ਇਸ ਬ੍ਰਹਿਮੰਡ ਦੀ ਰਚਨਾ ਉਸ ਕਰਤਾ ਪੁਰਖ ਨੇ, ਜਿਸ ਦੀ ਹੋਂਦ ਹੈ, ਜੋ ਸਤਿ ਹੈ, ਆਪਣੇ ਆਪ ਤੋਂ ਕੀਤੀ ਹੈ ਇਸ ਲਈ ਉਸ ਦੀ ਰਚਨਾ ਵੀ ਸਤਿ ਹੈ। ਪ੍ਰੰਤੂ ਜੋ ਵੀ ਚੀਜ਼ ਰਚੀ ਹੋਈ ਹੈ ਉਸ ਦੀ ਹੋਂਦ ਸਦੀਵੀ ਨਹੀਂ ਹੋ ਸਕਦੀ ਕਿਉਂਕਿ ਜੋ ਚੀਜ਼ ਪੈਦਾ ਹੁੰਦੀ ਹੈ ਉਸ ਨੇ ਇੱਕ ਦਿਨ ਬਿਖਰਨਾ ਵੀ ਹੈ, ਟੁੱਟਣਾ ਹੁੰਦਾ ਹੈ, ਜੋ ਪੈਦਾ ਹੁੰਦਾ ਹੈ ਉਸ ਨੇ ਜਾਣਾ ਵੀ ਹੈ। ਇਸ ਲਈ ਰਚਨਾ ਸਦੀਵੀ ਰਹਿਣ ਵਾਲੀ ਨਹੀਂ ਹੈ, ਇਹ ਨਾਸਵਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਸੰਸਾਰ ਦੀ ਇਸ ਨਾਸਵਾਨਤਾ ਦੇ ਸੰਦਰਭ ਵਿਚ ਹੀ ਸੰਸਾਰ ਨੂੰ ‘ਝੂਠਾ’ ਕਿਹਾ ਹੈ ਕਿਉਂਕਿ ਇਹ ਸਦੀਵੀ ਨਹੀਂ ਹੈ, ਬਿਨਸਣਹਾਰ ਹੈ। ਨੌਵੇਂ ਗੁਰੂ ਨੇ ਸੰਸਾਰ ਰਚਨਾ ਨੂੰ ਕਰਤਾ ਪੁਰਖ ਦਾ ਰਚਿਆ ਹੋਇਆ ਹੈਰਾਨ ਕਰਨ ਵਾਲਾ ਇੱਕ ਅਸਚਰਜ ਖੇਲ੍ਹ ਕਿਹਾ ਹੈ ਜਿਸ ਵਿਚ ਕੋਈ ਜਨਮ ਲੈ ਰਿਹਾ ਹੈ, ਕੋਈ ਮਰ ਰਿਹਾ ਹੈ; ਕੋਈ ਆ ਰਿਹਾ ਹੈ ਅਤੇ ਕੋਈ ਜਾ ਰਿਹਾ ਹੈ। ਇਹ ਸੰਸਾਰ ਸਥਿਰ ਨਹੀਂ ਹੈ, ਚਲਾਇਮਾਨ ਹੈ ਅਤੇ ਇਸ ਦੀ ਚਲਾਇਮਾਨਤਾ ਨੂੰ ਦੱਸਣ ਲਈ ਗੁਰੂ ਸਾਹਿਬ ਨੇ ਇਸ ਦੀ ਤੁਲਨਾ ਰਾਤ ਨੂੰ ਆਉਣ ਵਾਲੇ ਸੁਪਨੇ ਨਾਲ ਕੀਤੀ ਹੈ ਜਿਸ ਦਾ ਅਨੁਭਵ ਸੁੱਤੇ ਪਿਆਂ ਅਸਲੀ ਜਾਪਦਾ ਹੈ ਪ੍ਰੰਤੂ ਨੀਂਦ ਖੁੱਲ੍ਹ ਜਾਣ `ਤੇ ਅਲੋਪ ਹੋ ਜਾਂਦਾ ਹੈ; ਇਸ ਨੂੰ ‘ਬਾਦਰ ਕੀ ਛਾਈ’ ਅਰਥਾਤ ਬੱਦਲ ਦੀ ਛਾਂ ਕਿਹਾ ਹੈ ਜੋ ਝੱਟ ਅਲੋਪ ਹੋ ਜਾਂਦੀ; ਇਸ ਸੰਸਾਰ ਰਚਨਾ ਨੂੰ ‘ਬਾਲੂ ਕੀ ਭੀਤ’ ਭਾਵ ਰੇਤ ਦੀ ਕੰਧ ਦੱਸਿਆ ਹੈ ਜੋ ਉਸਰਦਿਆਂ ਹੀ ਢਹਿ ਢੇਰੀ ਹੋ ਜਾਂਦੀ ਹੈ; ਇਸ ਦੀ ਛਿੰਨ-ਭੰਗਰਤਾ ਨੂੰ ‘ਮ੍ਰਿਗ ਤ੍ਰਿਸ਼ਨਾ’ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਹੈ ਕਿ ਜਿਵੇਂ ਪਿਆਸੇ ਹਿਰਨ ਨੂੰ, ਸੂਰਜ ਦੀਆਂ ਕਿਰਨਾਂ ਜਦੋਂ ਰੇਤ ‘ਤੇ ਪੈਂਦੀਆਂ ਹਨ ਤਾਂ ਰੇਗਿਸਤਾਨ ਵਿਚ ਚਮਕਦੀ ਰੇਤ ਦੂਰੋਂ ਪਾਣੀ ਜਾਪਦੀ ਹੈ ਅਤੇ ਉਸ ਪਿੱਛੇ ਦੌੜਦਾ ਹੈ, ਪ੍ਰੰਤੂ ਨੇੜੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਉਹ ਤਾਂ ਮਹਿਜ਼ ਨਜ਼ਰ ਦਾ ਭਰਮ ਸੀ। ਇਸੇ ਤਰ੍ਹਾਂ ਇਸ ਸੰਸਾਰ ਦੀ ਰਚਨਾ ਹੈ ਜਿਸ ਨੂੰ ਸਦੀਵੀ ਸਮਝਣਾ ਭਰਮ ਮੂਲਕ ਹੈ। ਇਸ ਨੂੰ ਪਾਣੀ ‘ਤੇ ਉਠ ਰਹੇ ਬੁਲਬੁਲੇ “ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ” ਨਾਲ ਤਸ਼ਬੀਹ ਦਿਤੀ ਹੈ ਜੋ ਪਾਣੀ ਵਿਚੋਂ ਉਠਦਾ ਅਤੇ ਅਲੋਪ ਹੁੰਦਾ ਰਹਿੰਦਾ ਹੈ “ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ”। ਇਹ ਸੰਸਾਰ ਵੀ ਉਸੇ ਤਰ੍ਹਾਂ ਆਪਣੇ ਸਰੋਤ ਕਰਤਾ ਪੁਰਖ ਤੋਂ ਪੈਦਾ ਹੁੰਦਾ ਰਹਿੰਦਾ ਹੈ ਅਤੇ ਫਿਰ ਉਸੇ ਵਿਚ ਅਲੋਪ ਹੋ ਜਾਂਦਾ ਹੈ। ਇਹ ਸਾਰੀਆਂ ਉਦਾਹਰਣਾਂ ਇਹ ਸਪੱਸ਼ਟ ਕਰਨ ਲਈ ਦਿੱਤੀਆਂ ਹਨ ਕਿ ਇਹ ਸੰਸਾਰ ਕਰਤਾ ਪੁਰਖ ਦਾ ਰਚਾਇਆ ਇੱਕ ਖੇਲ੍ਹ ਹੈ ਜਿਸ ਵਿਚ ਸਭ ਕੁੱਝ ਚਲਾਇਮਾਨ ਹੈ, ਕੁੱਝ ਵੀ ਸਥਾਈ ਨਹੀਂ ਸਮੇਤ ਵੱਖ ਵੱਖ ਸੰਸਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ। ਜਦੋਂ ਇਸ ਸੰਸਾਰ ਦਾ ਸੁਭਾਅ, ਜਿਸ ਦਾ ਕਿ ਮਨੁੱਖ ਵੀ ਇੱਕ ਹਿੱਸਾ ਹੈ, ਸਦੀਵੀ ਨਹੀਂ ਫਿਰ ਸੰਸਾਰਕ ਅਤੇ ਸਮਾਜਿਕ ਰਿਸ਼ਤੇ ਕਿਵੇਂ ਸਦੀਵੀ ਹੋ ਸਕਦੇ ਹਨ? ਸਦੀਵੀ ਉਹ ਰੱਬੀ ਜੋਤਿ ਹੈ ਜੋ ਮਨੁੱਖ ਦੇ ਅੰਦਰ ਵੱਸ ਰਹੀ ਹੈ ਅਤੇ ਜਿਸ ਦਾ ਅਨੁਭਵ ਮਨੁੱਖ ਨੇ ਕਰਨਾ ਹੈ।
ਸਿੱਖ ਧਰਮ ਚਿੰਤਨ ਵਿਚ ਮਨੁੱਖ ਨੂੰ ਜਗਦੀਸ਼ੈ-ਅੰਸ਼ ਮੰਨਿਆ ਹੈ ਅਤੇ ਉਸ ਦਾ ਸੰਸਾਰ ‘ਤੇ ਆਉਣ ਦਾ ਮਕਸਦ ਆਪਣੇ ਅੰਦਰ ਬਿਰਾਜਮਾਨ ਉਸ ਜੋਤਿ ਦਾ ਅਨੁਭਵ ਕਰਨਾ ਅਤੇ ਉਸ ਪਰਮਸਤਿ ਨਾਲ ਇਕਮਿਕ ਹੋ ਜਾਣਾ ਪ੍ਰਵਾਨ ਕੀਤਾ ਗਿਆ ਹੈ। ਮਨੁੱਖੀ ਜਾਮੇ ਵਿਚ ਆਉਣਾ, ਜਿਵੇਂ ਕਈ ਧਰਮਾਂ ਵਿਚ ਮੰਨਿਆ ਗਿਆ ਹੈ, ਕਿਸੇ ਪਿਛਲੇ ਜਨਮ ਵਿਚ ਕੀਤੇ ਮਾੜੇ ਕਰਮਾਂ ਦਾ ਫਲ ਭੋਗਣ ਲਈ ਮਿਲੀ ਸਜ਼ਾ ਨਹੀਂ ਹੈ ਬਲਕਿ ਇਹ ਤਾਂ ਰੱਬ ਦੀ ਮਿਹਰ ਸਦਕਾ ਮਿਲਿਆ ਇੱਕ ਸੁਭਾਗਾ ਅਵਸਰ ਹੈ ਕਿਉਂਕਿ ਕਰਤਾ ਪੁਰਖ ਵੱਲੋਂ ਮਨੁੱਖ ਨੂੰ ਹੀ ਇਸ ਦੇ ਸਮਰੱਥ ਬਣਾਇਆ ਗਿਆ ਹੈ ਕਿ ਉਹ ਪਰਮਾਤਮ-ਸੁਰਤਿ ਨਾਲ ਇਕਸੁਰਤਾ ਪ੍ਰਾਪਤ ਕਰ ਸਕਦਾ ਹੈ। ਇਸ ਲਈ ਇਸ ਮਿਲੇ ਹੋਏ ਅਵਸਰ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਹੀ ‘ਕਿਵ ਸਚਿਆਰਾ ਹੋਈਐ’ ਰਾਹੀਂ ਮਨੁੱਖ ਦੇ ਜੀਵਨ ਦਾ ਮਕਸਦ ਸਪੱਸ਼ਟ ਕਰ ਦਿੱਤਾ ਹੈ ਜਿਸ ਨੂੰ ਗੁਰੂ ਅਮਰਦਾਸ ਨੇ “ਮਨ ਤੂ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣੁ” ਕਿਹਾ ਹੈ ਅਤੇ ਗੁਰੂ ਅਰਜਨ ਦੇਵ ਪਾਤਿਸ਼ਾਹ ਨੇ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਰਾਹੀਂ ਸਮਝਾਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਜਾਮੇ ਵਿਚ ਆਉਣ ਨੂੰ “ਦੁਰਲਭ ਦੇਹ ਪਾਇ ਮਾਨਸ ਕੀ” ਅਤੇ “ਰਤਨ ਜਨਮ” ਕਹਿ ਕੇ ਮਨੁੱਖੀ ਜਨਮ ਦੀ ਉੱਤਮਤਾ ਦਾ ਖੁਲਾਸਾ ਕੀਤਾ ਹੈ ਕਿ ਇਹ ਵਾਹਿਗੁਰੂ ਦੀ ਮਿਹਰ ਸਦਕਾ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਮਨੁੱਖ ਦਾ ਸੰਸਾਰ ‘ਤੇ ਆਉਣ ਦਾ ਮਨੋਰਥ ਆਪਣੇ ਅਸਲੇ ਨਾਲ ਇਕਸੁਰ ਹੋਣਾ ‘ਜਿਉ ਪਾਣੀ ਸੰਗਿ ਪਾਣੀ” ਅਤੇ ਆਪਣੇ ਮੂਲ ਤੱਤ ਨੂੰ ਪਛਾਣਨਾ ਹੈ। ਪ੍ਰੰਤੂ ਇਸ ਦਾ ਰਸਤਾ ਬਹੁਤ ਔਖਾ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਨੇ “ਕਠਿਨ ਖੇਲ” ਕਿਹਾ ਹੈ। ਕਠਿਨ ਇਸ ਲਈ ਨਹੀਂ ਕਿ ਇਸ ਲਈ ਜੰਗਲਾਂ ਜਾਂ ਪਹਾੜਾਂ ਦੀਆਂ ਕੁੰਦਰਾਂ ਵਿਚ ਜਾ ਕੇ ਕਠਿਨ ਤਪ ਕਰਨਾ ਪਵੇਗਾ, ਸਰੀਰ ਨੂੰ ਕਸ਼ਟ ਦੇਣੇ ਪੈਣਗੇ; ਇਹ ਰਸਤਾ ਔਖਾ ਇਸ ਲਈ ਹੈ ਕਿਉਂਕਿ ਇਸ `ਤੇ ਚੱਲਣ ਲਈ ਮਨੁੱਖ ਨੂੰ ਇੱਕ ਸੰਜਮੀ ਜੀਵਨ ਜਿਊਣਾ ਪੈਣਾ ਹੈ ਅਤੇ ਇੱਛਾਵਾਂ ਨੂੰ ਕਾਬੂ ਵਿਚ ਰੱਖ ਕੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਹੈ। ਗੁਰੂ ਸਾਹਿਬ ਨੇ ਤਾਂ ਸਪੱਸ਼ਟ ਕੀਤਾ ਹੈ “ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥” ਉਹ ਤਾਂ ਜੋਤਿਸਰੂਪ ਹੋ ਕੇ ਮਨੁੱਖ ਦੇ ਅੰਦਰ ਵੱਸ ਰਿਹਾ ਹੈ ਅਤੇ ਉਸ ਦਾ ਅਨੁਭਵ ਵੀ ਆਪਣੇ ਅੰਦਰ ਹੀ ਕਰਨਾ ਹੈ। ਉਸ ਤੱਕ ਪਹੁੰਚਣ ਦੇ ਰਸਤੇ ਦੀ ਪਛਾਣ ਗੁਰੂ ਦੇ ਸਨਮੁਖ ਹੋਇਆਂ ਹੁੰਦੀ ਹੈ। ਇਹ “ਕਠਿਨ ਖੇਲ” ਇਸ ਲਈ ਹੈ ਕਿਉਂਕਿ ਮਨੁੱਖ ਨੂੰ ਬਹੁਤ ਕੁੱਝ ਦਾ ਤਿਆਗ ਕਰਨਾ ਅਤੇ ਆਪਣੀਆਂ ਇਛਾਵਾਂ ਨੂੰ ਕਾਬੂ ਵਿਚ ਰੱਖਣਾ ਪੈਂਦਾ ਹੈ। ਸਿੱਖ ਧਰਮ-ਚਿੰਤਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਪੰਜ ਵਿਕਾਰ ਮੰਨੇ ਗਏ ਹਨ ਜੋ ਮਨੁੱਖ ਨੂੰ ਰੱਬ ਵਾਲੇ ਰਸਤੇ ਤੋਂ ਵਿਚਲਤ ਕਰਨ ਦਾ ਅਤੇ ਸੰਸਾਰ ਉਤੇ ਉਸ ਦੇ ਬੰਧਨ ਦਾ ਕਾਰਨ ਬਣਦੇ ਹਨ। ਇਸੇ ਲਈ ਇਨ੍ਹਾਂ ਨੂੰ ਗੁਰਬਾਣੀ ਵਿਚ ‘ਪੰਚ ਚੋਰ’ ਵੀ ਕਿਹਾ ਹੈ ਜੋ ਮਨੁੱਖ ਕੋਲੋਂ ਹਰ ਤਰ੍ਹਾਂ ਦੀ ਚੰਗਿਆਈ ਖੋਹ ਲੈਂਦੇ ਹਨ। ਗੁਰੂ ਤੇਗ ਬਹਾਦਰ ਅਨੁਸਾਰ ਆਪਣੇ ਮਨ ਨੂੰ ਪਰਮਾਤਮ-ਅਨੁਭਵ ਦੇ ਰਸਤੇ ‘ਤੇ ਤੋਰਨ ਲਈ ਹਉਮੈ, ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਅਤੇ ਬੁਰੇ ਬੰਦਿਆਂ ਦੀ ਸੰਗਤਿ ਆਦਿ ਦਾ ਤਿਆਗ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮਨੁੱਖ ਨੂੰ ਸੁੱਖ ਅਤੇ ਦੁੱਖ, ਖੁਸ਼ੀ ਅਤੇ ਗਮੀ ਆਦਿ ਸੰਵੇਦਨਾਵਾਂ ਦੇ ਅਹਿਸਾਸ ਤੋਂ ਉੱਤੇ ਉਠਣਾ ਪੈਂਦਾ ਹੈ। ਉਸਤਤਿ ਅਤੇ ਨਿੰਦਿਆ ਦਾ ਤਿਆਗ ਕਰ ਕੇ “ਨਿਰਬਾਣ ਪਦ” ਨੂੰ ਖੋਜਣ ਦਾ ਅਭਿਆਨ ਸ਼ੁਰੂ ਕਰਨਾ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਆਦਿ ਅਜਿਹੇ ਵਿਕਾਰ ਹਨ ਜੋ ਮਨੁੱਖ ਦੇ ਅੰਦਰ ਵੱਸ ਰਹੇ ਉਸ ਕਰਤਾ ਪੁਰਖ ਦੀ ਪਛਾਣ ਨਹੀਂ ਕਰਨ ਦਿੰਦੇ। ਮਨੁੱਖ ਦੇ ਬੰਧਨ ਦਾ ਇੱਕ ਹੋਰ ਕਾਰਨ ਇਹ ਸੰਸਾਰਕ ਮਾਇਆਵੀ ਮਾਤਾ-ਪਿਤਾ, ਭੈਣ-ਭਰਾ, ਪਤੀ-ਪਤਨੀ, ਧੀਆਂ-ਪੁੱਤਰ ਅਤੇ ਦੋਸਤੀ ਆਦਿ ਸਮਾਜਿਕ ਰਿਸ਼ਤੇ ਹਨ ਜਿਨ੍ਹਾਂ ਦੇ ਬੰਧਨ ਵਿਚ ਪੈ ਕੇ ਮਨੁੱਖ ਪਰਮਾਤਮਾ ਦੇ ਰਸਤੇ ਦੀ ਪਛਾਣ ਭੁੱਲ ਜਾਂਦਾ ਹੈ।
ਸਿੱਖ ਧਰਮ-ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ: ਗੁਰਮੁਖਿ ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਅਤੇ ਮਨਮੁਖਿ ਜੋ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ। ਮਨੁੱਖੀ ਮਨ ਬਾਰੇ ਵਿਚਾਰ ਕੀਤਾ ਜਾਂਦਾ ਹੈ ਕਿ ਇਹ ਅਜਿਹਾ ਅੰਗ ਜਾਂ ਚੇਤਨਾ ਦਾ ਆਸਣ “ਸੀਟ ਆਫ਼ ਕਾਂਸ਼ੀਅਸਨੈਸ” ਅਤੇ ਮਨੁੱਖੀ ਦਿਮਾਗ ਦੇ ਉਚਤਮ ਕਾਰਜਾਂ “ਹਾਇਰ ਫ਼ੰਕਸ਼ਨਜ਼ ਆਫ ਹਿਊਮਨ ਬਰੇਨ” ਜਿਵੇਂ ਅਨੁਭੂਤੀ, ਵਿਚਾਰ, ਇੱਛਾ ਕਰਨ ਅਤੇ ਸੰਵੇਦਨਾਵਾਂ ਦਾ ਸਥਾਨ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਵਰਤਾਰੇ ਦੀ ਸਬੰਧਤਾ ‘ਤੇ ਜ਼ੋਰ ਸਮੇਤ ਸਾਰੇ ਦਿਮਾਗੀ ਅਮਲਾਂ ਅਤੇ ਮਾਨਸਿਕ ਕਿਰਿਆਵਾਂ ਦਾ ਆਯੋਜਿਤ ਜਾਂ ਵਿਉਂਤਬੱਧ ਸਮੁੱਚ ਹੈ। ਆਮ ਬੋਲੀ ਵਿਚ ਕਹਿ ਸਕਦੇ ਹਾਂ ਕਿ ਮਨੁੱਖ ਦੀਆਂ ਦਿਮਾਗੀ ਕਿਰਿਆਵਾਂ ਅਤੇ ਮਾਨਸਿਕ ਕਿਰਿਆਵਾਂ ਆਦਿ ਦਾ ਸਥਾਨ ਮਨ ਹੈ। ਗੁਰਮਤਿ ਅਨੁਸਾਰ ਮਨ ਦਾ ਖਾਸਾ ਜੋਤਿ ਸਰੂਪ ਹੋਣ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਮਾਨਸਿਕ ਕਿਰਿਆਵਾਂ ਦਾ ਆਸਣ ਹੋਣ ਕਰਕੇ ਇਸ ਦਾ ਸੁਭਾਅ ਬਹੁਤ ਚੰਚਲ ਵੀ ਹੈ। ਗੁਰੂ ਤੇਗ ਬਹਾਦਰ ਮਨ ਦੇ ਸੁਭਾਅ ਦਾ ਜ਼ਿਕਰ ਕਰਦਿਆਂ ਆਗਾਹ ਕਰਦੇ ਹਨ ਕਿ ਇਹ ਏਨਾ ਤੇਜ਼ ਅਤੇ ਸ਼ੁਹਲਾ ਹੈ ਕਿ ਇਸ ਨੂੰ ਪਕੜਨਾ ਜਾਂ ਇਸਦੀ ਥਾਹ ਪਾਉਣੀ ਔਖੀ ਹੈ। ਇਸ ਸ਼ੁਹਲੇਪਣ ਦਾ ਕਾਰਨ ਇਸ ਦੇ ਅੰਦਰ ਵੱਸ ਰਹੀਆਂ ਖਾਹਿਸ਼ਾਂ ਹਨ ਜੋ ਇਸ ਨੂੰ ਭਟਕਣ ਵਿਚ ਪਾਈ ਰੱਖਦੀਆਂ ਹਨ। ਦੂਸਰਾ ਜ਼ੋਰਾਵਰ ਪੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਵਿਕਾਰ ਹਨ ਜੋ ਇਸ ਦੇ ਅੰਦਰ ਹੀ ਵੱਸਦੇ ਹਨ ਅਤੇ ਇਹ ਮਨੁੱਖ ਕੋਲੋਂ ਗਿਆਨ-ਰੂਪੀ ਰਤਨ ਨੂੰ ਖੋਹ ਲੈਂਦੇ ਹਨ; ਇਨ੍ਹਾਂ ਦੀ ਤਾਕਤ ਮਨੁੱਖ ਦੀ ਸੁੱਧ-ਬੁੱਧ ਭੁਲਾ ਦਿੰਦੀ ਹੈ। ਇਨ੍ਹਾਂ ਵਿਕਾਰਾਂ ਵਿਚ ਫਸ ਕੇ ਮਨੁੱਖੀ ਮਨ ਆਪਣੇ ਅਸਲੀ ਖਾਸੇ ਨੂੰ ਭੁੱਲ ਜਾਂਦਾ ਹੈ। ਇਸ ਲਈ ਇਸ ਨੂੰ ਸਮਝਾਉਣਾ ਪੈਂਦਾ ਹੈ, ਸਹੀ ਰਸਤੇ `ਤੇ ਤੋਰਨਾ ਪੈਂਦਾ ਹੈ। ਲੋਭ, ਮੋਹ, ਕਾਮ, ਕ੍ਰੋਧ, ਅਹੰਕਾਰ ਆਦਿ ਵਿਕਾਰਾਂ ਅਤੇ ਸੰਸਾਰਕ ਰਿਸ਼ਤਿਆਂ ਵਿਚ ਫਸੇ ਹੋਏ ਮਨ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਸ ਦੀ ਉਮਰ ਘਟ ਰਹੀ ਹੈ।
ਮਨ ਨੂੰ ਸਹੀ ਸੇਧ ਵਿਚ ਤੋਰਨ ਲਈ ਰਸਤਾ ਗੁਰੂ ਦੀ ਸਿੱਖਿਆ ਤੋਂ ਪਤਾ ਲੱਗਦਾ ਹੈ। ਇਸ ਸਿੱਖਿਆ ਰਾਹੀਂ ਹੀ ਮਨ ਨਾਮ ਸਿਮਰਨ ਵੱਲ ਲਗਦਾ ਹੈ ਅਤੇ ਨਾਮ ਸਿਮਰਨ ਦਾ ਅਰਥ ਹੈ ਪਰਮਾਤਮ-ਗੁਣਾਂ ਦਾ ਗਾਇਨ ਕਰਨਾ ਅਤੇ ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ, ਆਪਣੇ ਵਿਅਕਤੀਤਵ ਦਾ ਹਿੱਸਾ ਬਣਾਉਣਾ। ਇਸ ਰਸਤੇ `ਤੇ ਚੱਲਦਿਆਂ ਮਨ ਨੂੰ ਆਪਣੀ ਅਸਲੀਅਤ ਦਾ ਅਨੁਭਵ ਹੁੰਦਾ ਹੈ ਅਤੇ ਲੋਭ, ਮੋਹ, ਕਾਮ, ਕ੍ਰੋਧ ਅਤੇ ਹਉਮੈ ਆਦਿ ਵਿਕਾਰਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ। ਇਸ ਨਿਰਲੇਪ ਅਵਸਥਾ ਵਿਚ ਸਥਿਤ ਹੋ ਕੇ ਫਿਰ ਮਨ ਨੂੰ ਦੁੱਖ ਅਤੇ ਸੁੱਖ, ਖੁਸ਼ੀ ਅਤੇ ਗਮੀ, ਨਹੀਂ ਪੋਂਹਦੇ। ਉਸ ਲਈ ਸੋਨਾ ਅਤੇ ਤਾਂਬਾ, ਜ਼ਹਿਰ ਅਤੇ ਅੰਮ੍ਰਿਤ, ਸਵਰਗ ਅਤੇ ਨਰਕ, ਉਸਤਤਿ ਅਤੇ ਨਿੰਦਿਆ, ਦੋਸਤ ਅਤੇ ਦੁਸ਼ਮਣ ਇੱਕ ਬਰਾਬਰ ਹੋ ਜਾਂਦੇ ਹਨ ਅਤੇ ਉਹ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਹ ਜੀਵਨ ਮੁਕਤ ਦੀ ਅਵਸਥਾ ਹੈ। ਮੁਕਤੀ ਪ੍ਰਾਪਤ ਕਰਨ ਦਾ ਅਰਥ ਹੈ ਬੰਧਨਾਂ ਤੋਂ ਆਜ਼ਾਦ ਹੋ ਜਾਣਾ ਅਤੇ ਇਹ ਦੋ ਤਰ੍ਹਾਂ ਦੀ ਮੰਨੀ ਗਈ ਹੈ ਵਿਦੇਹ ਮੁਕਤੀ ਜੋ ਮਰਨ ਉਪਰੰਤ ਪ੍ਰਾਪਤ ਹੁੰਦੀ ਹੈ ਅਤੇ ਜੀਵਨ ਮੁਕਤੀ ਜੋ ਮਨੁੱਖੀ ਦੇਹ ਵਿਚ ਹੁੰਦਿਆਂ ਹੀ ਪ੍ਰਾਪਤ ਹੋ ਜਾਂਦੀ ਹੈ। ਸਿੱਖ ਧਰਮ ਚਿੰਤਨ ਵਿਚ ਜੀਵਨ ਵਿਚ ਹੁੰਦਿਆਂ ਹੀ ਮਨੁੱਖ ਮੁਕਤ-ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਜੀਵ-ਆਤਮਾ ਦਾ ਪਰਮਾਤਮਾ ਵਿਚ ਲੀਨ ਹੋ ਜਾਣਾ ਜਾਂ ਅਭੇਦ ਹੋ ਜਾਣਾ ਕਿਹਾ ਹੈ; ਜਿਸ ਨੂੰ ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ਸੂਰਜ ਵਿਚ ਕਿਰਨ ਦਾ, ਪਾਣੀ ਦਾ ਪਾਣੀ ਵਿਚ ਮਿਲ ਜਾਣਾ ਅਤੇ ਸੰਪੂਰਨ ਹੋ ਜਾਣਾ ਕਿਹਾ ਹੈ, “ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥” ਜੀਵਨ-ਮੁਕਤਿ ਦੀ ਅਵਸਥਾ ਉਪਰ ਦੱਸੇ ਅਨੁਸਾਰ ਨਿਰਲੇਪ ਅਵਸਥਾ ਹੈ ਜਿਸ ਵਿਚ ਮਨੁੱਖ ਇਸ ਜੀਵਨ ਨੂੰ ਬਸਰ ਕਰਦਿਆ ਹੋਇਆਂ ਹੀ ਵਿਕਾਰਾਂ ਨੂੰ ਕਾਬੂ ਵਿਚ ਕਰ ਕੇ ਸੁੱਖ-ਦੁੱਖ, ਗਮੀ-ਖੁਸ਼ੀ, ਦੁਨਿਆਵੀ ਰਿਸ਼ਤਿਆਂ ਅਤੇ ਸੰਸਾਰਕ ਦੌਲਤ ਆਦਿ ਤੋਂ ਨਿਰਲੇਪਤਾ ਪ੍ਰਾਪਤ ਕਰ ਲੈਂਦਾ ਹੈ।
ਗੁਰਮਤਿ ਚਿੰਤਨ ਵਿਚ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਜੀਵਨ-ਮੁਕਤੀ ‘ਤੇ ਜ਼ੋਰ ਦਿੱਤਾ ਗਿਆ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਕਤ ਪਦਾਰਥ, ਅਮਰ ਪਦਾਰਥ, ਅਭੈ ਪਦ, ਨਿਰਭੈ ਪਦ ਆਦਿ ਕਿਹਾ ਹੈ ਕਿਉਂਕਿ ਮਨੁੱਖ ਉਸ ਨਿਰਭੈ ਪਰਮਾਤਮਾ ਵਿਚ ਲੀਨ ਹੋ ਕੇ ਹਰ ਤਰ੍ਹਾਂ ਦੇ ਭੈਅ ਤੋਂ ਮੁਕਤ ਹੋ ਜਾਂਦਾ ਹੈ। ਮਨੁੱਖ ਲਈ ਸਭ ਤੋਂ ਵੱਡਾ ਭੈਅ ਮੌਤ ਦਾ ਹੈ ਪ੍ਰੰਤੂ ਜਿਸ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇਕਸੁਰ ਹੋ ਜਾਂਦੀ ਹੈ ਉਸ ਦੇ ਮਨ ਵਿਚੋਂ ਮੌਤ ਦਾ ਭੈਅ ਵੀ ਖਤਮ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਉਸ ਮਨੁੱਖ ਨੂੰ ਅਸਲੀ ਗਿਆਨੀ ਮੰਨਦੇ ਹਨ ਜੋ ਕਿਸੇ ਨੂੰ ਡਰਾਉਂਦਾ ਵੀ ਨਹੀਂ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ ਅਰਥਾਤ ਨਾ ਕਿਸੇ ਨੂੰ ਭੈਅ ਦਿੰਦਾ ਹੈ ਅਤੇ ਨਾ ਹੀ ਆਪ ਕਿਸੇ ਦੇ ਭੈਅ ਵਿਚ ਜਿਉਂਦਾ ਹੈ। ਜੀਵਨ ਮੁਕਤਿ ਦੀ ਇਹ ਅਵਸਥਾ ਸੰਸਾਰ ਵੱਲੋਂ ਨਿਰਾਸ਼ਤਾ ਜਾਂ ਉਦਾਸੀਨਤਾ ਜਾਂ ਉਪਰਾਮਤਾ ਵਾਲੀ ਅਵਸਥਾ ਨਹੀਂ ਹੈ ਜੋ ਆਮ ਤੌਰ `ਤੇ ਸਮਝ ਲਿਆ ਜਾਂਦਾ ਹੈ, ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਸਬੰਧ ਵਿਚ। ਬਲਕਿ ਇਹ ਨਿਰਲੇਪਤਾ ਵਾਲੀ ਬੁਲੰਦ ਅਵਸਥਾ ਹੈ, ਜਿਸ ਵਿਚ ਪਹੁੰਚ ਕੇ ਮਨ ਹਰ ਤਰ੍ਹਾਂ ਦੇ ਬੰਧਨਾਂ ਤੋਂ ਸੁਤੰਤਰ ਹੋ ਕੇ ਜੀਵਨ ਦੇ ਸਾਰੇ ਕਾਰਜ ਕਰਦਾ ਹੈ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਰਲੇਪ ਹੋ ਕੇ ਨਿਭਾਉਂਦਾ ਹੈ। ਇਸ ਅਵਸਥਾ ਵਿਚ ਪਹੁੰਚਿਆ ਮਨ ਹੀ ਦੂਸਰਿਆਂ ਦੇ ਹੱਕ ਲਈ ਜਾਂ ਮਨੁੱਖੀ ਹੱਕਾਂ ਲਈ, ਸਰਬੱਤ ਦੇ ਭਲੇ ਲਈ ਆਪਣਾ ਜੀਵਨ ਲਗਾ ਸਕਦਾ ਹੈ। ਇਸ ਅਵਸਥਾ ਨੂੰ ਹੀ ਨੌਵੀਂ ਨਾਨਕ ਜੋਤਿ ਨੇ “ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥ ਕਹੁ ਨਾਨਕ ਸੁਨਿ ਰੇ ਮਨਾ ਸੋ ਮੂਰਤਿ ਭਗਵਾਨ” ਅਤੇ “ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ 14॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ 15॥” ਜੀਵਨ ਮੁਕਤਿ ਦੀ ਅਵਸਥਾ ਕਿਹਾ ਹੈ, ਇਹੀ ‘ਉਦਾਸਿ’ ਦੀ ਅਵਸਥਾ ਹੈ ਜੋ ਸੰਸਾਰ ਵਿਚ ਰਹਿੰਦਿਆਂ, ਇਸ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਾਪਤ ਕਰਨੀ ਹੈ।
ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ, ਜਦੋਂ ਕਿਸੇ ਨੂੰ ਮਨੁੱਖੀ ਹੱਕਾਂ ਦੀ ਗੱਲ ਕਰਨ ਦਾ ਅਹਿਸਾਸ ਤੱਕ ਵੀ ਨਹੀਂ ਸੀ ਉਦੋਂ ਦੂਸਰਿਆਂ ਦਾ ਹੱਕ ਖੋਹਣ ਨੂੰ ਧਾਰਮਿਕ ਅਹਿਦ ਤੋੜਨ ਦੇ ਬਰਾਬਰ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥” ਕਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਵੱਲੋਂ ਫ਼ਰਿਆਦ ਕਰਨ ‘ਤੇ ਔਰੰਗਜ਼ੇਬ ਵੱਲੋਂ ਉਨ੍ਹਾਂ ਨੂੰ ਇਸਲਾਮ ਧਰਮ ਅਪਨਾਉਣ ਲਈ ਮਜਬੂਰ ਕਰਨ ਵਿਰੁੱਧ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਨੇ ਸ਼ਹਾਦਤ ਮਨੁੱਖ ਦੇ ਇਸ ਮੌਲਿਕ ਅਧਿਕਾਰ ਲਈ ਦਿੱਤੀ ਕਿ ਆਪਣੇ ਇਸ਼ਟ ਨੂੰ ਆਪਣੇ ਤਰੀਕੇ ਨਾਲ ਧਿਆਉਣ ਦਾ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ‘ਧਰਮ’ ਲਈ ਸ਼ਹਾਦਤ ਹੈ। ਧਰਮ ਦਾ ਇੱਕ ਅਰਥ ‘ਰਾਈਟੀਅਸਨੈਸ’ ਅਰਥਾਤ ਨਿਆਉਂ ਵੀ ਕੀਤਾ ਜਾਂਦਾ ਹੈ; ਜੋ ਸਹੀ ਹੈ, ਵੀ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਿਆਉਂ ਲਈ ਸ਼ਹਾਦਤ ਹੈ, ਮਨੁੱਖੀ ਹੱਕਾਂ ਦੇ ਘਾਣ ਦੇ ਵਿਰੁੱਧ ਸ਼ਹਾਦਤ ਹੈ। ਆਮ ਤੌਰ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਲਈ ‘ਬਲੀਦਾਨ’ ਸ਼ਬਦ ਵਰਤ ਲਿਆ ਜਾਂਦਾ ਹੈ ਜੋ ਬਹੁਤਾ ਠੀਕ ਨਹੀਂ ਜਾਪਦਾ। ਬਲੀ ਅਤੇ ਸ਼ਹਾਦਤ ਵਿਚ ਬਹੁਤ ਫਰਕ ਹੈ। ਬਲੀ ਭਾਰਤੀ ਪ੍ਰੰਪਰਾ ਹੈ ਜਿਸ ਵਿਚ ਆਪਣੇ ਇਸ਼ਟ ਦੇਵ ਨੂੰ ਖੁਸ਼ ਕਰਨ ਲਈ ਬਲੀ ਦਿੱਤੀ ਜਾਂਦੀ ਹੈ ਜਿਸ ਵਿਚ ਮਨੁੱਖ ਤੋਂ ਲੈ ਕੇ ਪਦਾਰਥਕ ਤੱਕ ਕੋਈ ਵੀ ਵਸਤੂ ਸ਼ਾਮਲ ਹੋ ਸਕਦੀ ਹੈ ਅਤੇ ਇਸ ਵਿਚ ਬਲੀ ਦਿੱਤੀ ਜਾਣ ਵਾਲੀ ਵਸਤੂ ਦੀ ਮਰਜ਼ੀ ਸ਼ਾਮਲ ਨਹੀਂ ਹੁੰਦੀ। ਸ਼ਹਾਦਤ ਫ਼ਾਰਸੀ ਭਾਸ਼ਾ ਤੋਂ ਆਇਆ ਸ਼ਬਦ ਹੈ ਜਿਸ ਦਾ ਅਰਥ ਹੈ ਸੱਚ ਦੀ ਸ਼ਾਹਦੀ, ਸੱਚ ਦੀ ਗਵਾਹੀ। ਸ਼ਹਾਦਤ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੀ ਇੱਛਾ ਸ਼ਾਮਲ ਹੁੰਦੀ ਹੈ; ਉਸ ਕੋਲ ਚੋਣ ਦਾ ਅਧਿਕਾਰ ਹੈ ਅਤੇ ਸ਼ਹਾਦਤ ਦਾ ਸੰਕਲਪ ਭਾਰਤੀ ਪ੍ਰੰਪਰਾ ਵਿਚ ਸਿੱਖ ਧਰਮ ਦੇ ਆਗਾਜ਼ ਨਾਲ ਪ੍ਰਵੇਸ਼ ਕੀਤਾ ਹੈ ਅਤੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਪੰਜਵੀਂ ਨਾਨਕ ਜੋਤਿ, ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਹੋਏ ਹਨ। ਗੁਰੂ ਨਾਨਕ ਦੇ ਦੱਸੇ ਉਸੇ ਹੀ ਮਾਰਗ “ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” `ਤੇ ਚੱਲਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਕਮਾਉਣ ਦੇ ਹੱਕ ਦੀ ਖਾਤਰ, ਮਨੁੱਖੀ ਅਧਿਕਾਰਾਂ, ਮਨੁੱਖੀ ਸਵੈਮਾਣ ਅਤੇ ਨਿਆਉਂ ਦੀ ਬਹਾਲੀ ਲਈ ਸ਼ਹਾਦਤ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਦਰਸ਼ਨ ਮੁਨੱਖੀ ਹੱਕਾਂ ਲਈ ਜੱਦੋ ਜਹਿਦ ਕਰਨ ਵਾਲਿਆਂ ਲਈ ਬਹੁਤ ਵੱਡਾ ਪ੍ਰੇਰਨਾ ਸ੍ਰੋਤ ਹੈ। ਅੱਜ ਦੁਨੀਆ ਦੇ ਹਰ ਕੋਨੇ ਵਿਚ ਖਾਸ ਕਰਕੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਸੰਸਾਰ ਦੇ ਲੋਕਾਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਦੇ ਫ਼ਲਸਫ਼ੇ ਦੇ ਵਾਰਿਸ ਸਿੱਖਾਂ ਨੇ ਤੇਰ-ਮੇਰ ਤੋਂ ਉਤੇ ਉੱਠ ਕੇ ਸਰਬੱਤ ਦੇ ਭਲੇ ਲਈ ਲੋੜਵੰਦਾਂ ਦੀ ਹਰ ਇੱਕ ਤਰ੍ਹਾਂ ਨਾਲ ਮੱਦਦ ਅਤੇ ਸੇਵਾ ਕੀਤੀ ਹੈ। ਇਹ ਸੇਵਾ ਭਾਵੇਂ ਲੋੜਵੰਦਾਂ ਤੱਕ ਭੋਜਨ, ਦਵਾਈਆਂ, ਆਕਸੀਜਨ ਪਹੁੰਚਾਉਣਾ ਸੀ ਅਤੇ ਭਾਵੇਂ ਲਾਸ਼ਾਂ ਦਾ ਅੰਤਮ ਸੰਸਕਾਰ ਕਰਨਾ ਸੀ। ਇਹ ਸੇਵਾ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਮੁਸੀਬਤ ਪੈਣ ‘ਤੇ ‘ਖਾਲਸਾ ਏਡ’ ਵਰਗੀਆਂ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਜਾਂਦੀ ਹੈ। ਦਿੱਲੀ ਦੀਆਂ ਫਿਰਨੀਆਂ `ਤੇ ਬੈਠੇ ਆਪਣੇ ਹੱਕਾਂ ਨੂੰ ਬਚਾਉਣ ਲਈ ਜੂਝ ਰਹੇ ਕਿਸਾਨਾਂ ਲਈ ਅੱਜ ਗੁਰੂ ਨਾਨਕ ਸਾਹਿਬ ਦਾ ਦਿੱਤਾ ਫ਼ਲਸਫ਼ਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ-ਦਰਸ਼ਨ ਇੱਕ ਵੱਡਾ ਪ੍ਰੇਰਨਾ ਸ੍ਰੋਤ ਸਿੱਧ ਹੋ ਰਿਹਾ ਹੈ। ਅੱਜ ਸਾਰੇ ਸੰਸਾਰ ਵਿਚ ਸਿੱਖਾਂ ਵੱਲੋਂ ਲੋੜਵੰਦਾਂ ਦੀ ਸੇਵਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਦਿਆਂ ਇੱਕ ਵੱਖਰੀ ਪਛਾਣ ਬਣੀ ਹੈ।