ਪੂਰਨਮਾਸ਼ੀ ਜੋੜ ਮੇਲਾ ਢੁੱਡੀਕੇ

ਪੂਰਨਮਾਸ਼ੀ ਦਾ ਚੰਦ ਸੀ ਜਸਵੰਤ ਸਿੰਘ ਕੰਵਲ
ਪ੍ਰਿੰ. ਸਰਵਣ ਸਿੰਘ
ਜਸਵੰਤ ਸਿੰਘ ਕੰਵਲ ਸੱਚਮੁੱਚ ਪੂਰਨਮਾਸ਼ੀ ਦਾ ਚੰਦ ਸੀ ਤੇ ਡਾ. ਜਸਵੰਤ ਗਿੱਲ ਪੁੰਨਿਆਂ ਦਾ ਚਾਨਣ। ਉਹਦੇ ਨਾਵਲ ‘ਪੂਰਨਮਾਸ਼ੀ’ ਵਿਚਲਾ ‘ਨਵਾਂ ਪਿੰਡ’ ਉਹਦਾ ਬਚਪਨ ਵਿਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਸੀ। ਨਾਵਲ ਦੇ ਆਰੰਭ `ਚ ਜਿਹੜਾ ਖੂਹ ਚਲਦਾ ਵਿਖਾਇਆ ਗਿਐ ਉਹ ਉਨ੍ਹਾਂ ਦੇ ਬਾਹਰਲੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕੈ।

ਬੇ-ਆਬਾਦ ਹੋਇਆ ਉਹ ਖੂਹ ਨਾਵਲ ‘ਪੂਰਨਮਾਸ਼ੀ’ ਵਿਚ ਅਜੇ ਵੀ ਆਬਾਦ ਹੈ, ਜਿਸ ਦੀ ਮੌਣ ਉਤੇ ਕਦੇ ਕੰਵਲ, ਕਦੇ ਬਲਰਾਜ ਸਾਹਨੀ ਤੇ ਉਨ੍ਹਾਂ ਤੋਂ ਪਹਿਲਾਂ ਢੁੱਡੀਕੇ ਦੇ ਗ਼ਦਰੀ ਬਾਬੇ ਬਹਿੰਦੇ ਰਹੇ ਤੇ ਬਾਬਾ ਰੂੜ ਸਿੰਘ ਦੇ ਪਿੰਡ ਚੂਹੜਚੱਕ ਵੱਲੋਂ ਚੜ੍ਹਦਾ ਪੂਰਨਮਾਸ਼ੀ ਦਾ ਚੰਦ ਵੇਖਦੇ ਰਹੇ।
ਕੰਵਲ ਪੰਜਾਬ ਦਾ ਰਸੂਲ ਹਮਜ਼ਾਤੋਵ ਸੀ। ਉਹ ‘ਮੇਰਾ ਦਾਗਿਸਤਾਨ’ ਵਾਂਗ ‘ਮੇਰੇ ਪੰਜਾਬ’ ਨੂੰ ਦਿਲੋਂ ਪਿਆਰ ਕਰਨ ਵਾਲਾ ਜਜ਼ਬਾਤੀ ਲੇਖਕ ਸੀ। ਕਈ ਉਸਨੂੰ ‘ਪੰਜਾਬ ਦੀ ਪੱਗ’, ‘ਖੇਤਾਂ ਦਾ ਪੁੱਤ’ ਤੇ ਕਈ ਵਗਦੀਆਂ `ਵਾਵਾਂ ਨਾਲ ਹੁਲ੍ਹਾਰੇ ਖਾਣ ਵਾਲਾ ‘ਸਰੂ ਦਾ ਰੁੱਖ’ ਕਹਿੰਦੇ ਰਹੇ। ਉਹ ਲਹਿਰਾਂ ਨਾਲ ਚੱਲਣ ਵਾਲਾ ਲਹਿਰੀ ਲੇਖਕ ਸੀ। ਉਹਦੀਆਂ ਲਿਖਤਾਂ ਪਿਆਰ ਮੁਹੱਬਤ ਦੇ ਰੁਮਾਂਚਿਕ ਸੰਵਾਦਾਂ ਨਾਲ ਓਤਪੋਤ ਸਨ। ਪੰਜਾਬ, ਪੰਜਾਬੀ, ਪੰਜਾਬੀਅਤ ਤੇ ਵਾਰਸ ਦੀ ਹੀਰ ਦਾ ਆਸ਼ਕ ਹੋਣ ਨਾਲ ਉਹ ਪੰਜਾਬੀਆਂ ਦੇ ਹੱਕਾਂ ਦਾ ਨਗਾਰਚੀ ਸੀ। ਉਹਦੇ ਨਾਵਲਾਂ ਵਿਚ ਪੰਜਾਬ ਦੇ ਪੇਂਡੂ ਪਾਤਰ ਪਹਿਲੀ ਵਾਰ ਹੁੱਬ ਕੇ ਪੇਸ਼ ਹੋਏ। ਪੰਜਾਬੀਆਂ ਦਾ ਬਾਈ ਕਿਹਾ ਜਾਂਦਾ ਕੰਵਲ 100 ਸਾਲ 7 ਮਹੀਨੇ 4 ਦਿਨ ਜੀਵਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਮੇਰਾ ਕੰਵਲ ਨਾਲ 62 ਸਾਲਾਂ ਦਾ ਮੇਲ-ਜੋਲ ਸੀ ਜਿਨ੍ਹਾਂ `ਚੋਂ ਤੀਹ ਸਾਲ ਮੈਂ ਢੁੱਡੀਕੇ ਕਾਲਜ ਵਿਚ ਪੜ੍ਹਾਇਆ। ਅਸੀਂ ਕਈ ਪੂਰਨਮਾਸ਼ੀਆਂ `ਕੱਠੀਆਂ ਵੀ ਮਨਾਈਆਂ।
ਇਕ ਦਿਨ ਵਰਿਆਮ ਸਿੰਘ ਸੰਧੂ ਨਾਲ ਗੁਜ਼ਰ ਗਏ ਲੇਖਕਾਂ ਨੂੰ ਯਾਦ ਕਰਨ ਦੀਆਂ ਗੱਲਾਂ ਚੱਲੀਆਂ ਤਾਂ ਉਸ ਨੇ ਕਿਹਾ, “ਲੇਖਕ ਉਹੀ ਯਾਦ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਾਰਸ ਜੀਂਦੇ ਜਾਗਦੇ ਹੋਣ।” ਸ਼ੁਕਰ ਹੈ ਕੰਵਲ ਦੇ ਵਾਰਸ ਜਿਊਂਦੇ ਜਾਗਦੇ ਨੇ, ਖ਼ਾਸ ਕਰਕੇ ਢੁੱਡੀਕੇ ਦੇ ਨੌਜੁਆਨ ਤੇ ਦੋਹਤਾ ਸੁਮੇਲ ਸਿੰਘ ਸਿੱਧੂ। ਉਨ੍ਹਾਂ ਨੇ ਕੰਵਲ ਦੀ ਯਾਦ ਵਿਚ ਪੂਰਨਮਾਸ਼ੀ ਪੰਜਾਬੀ ਮੇਲਾ ਜੋੜਿਆ ਜੋ ਐਤਕੀਂ 18-20 ਨਵੰਬਰ ਨੂੰ ਗ਼ਦਰੀ ਬਾਬਿਆਂ ਦੀ ਯਾਦਗਾਰ ਢੁੱਡੀਕੇ ਵਿਖੇ ਮਨਾਇਆ ਗਿਆ। ਪਹਿਲੇ ਦਿਨ ਕਹਾਣੀਕਾਰ ਗੁਰਦੇਵ ਰੁਪਾਣਾ, ਨਾਵਲਕਾਰ ਮੋਹਨ ਕਾਹਲੋਂ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਉਚੇਚਾ ਯਾਦ ਕੀਤਾ। ਜੋੜ ਮੇਲੇ ਵਿਚ ਹੀਰ ਗਾਇਨ ਤੇ ਰਜਬ ਅਲੀ ਦੀ ਕਵੀਸ਼ਰੀ ਸਣੇ ਕਈ ਸਾਹਿਤਕ ਤੇ ਸਭਿਆਚਾਰਕ ਸੈਸ਼ਨ ਹੋਏ। ਇਹ ਚੌਥਾ ਪੂਰਨਮਾਸ਼ੀ ਮੇਲਾ ਸੀ।
ਕੰਵਲ ਦੀ ਮੁੱਢਲੀ ਪਛਾਣ ‘ਮਾਹਲੇ ਕਾ ਬੰਤਾ’ ਸੀ। ਉਹਦਾ ਜਨਮ ਢੁੱਡੀਕੇ ਦੀ ਕਪੂਰਾ ਪੱਤੀ ਵਿਚ ਮਾਹਲਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। 1940 ਵਿਚ ਉਸ ਨੇ ਪਹਿਲੀ ਪੋਥੀ ‘ਜੀਵਨ ਕਣੀਆਂ’ ਲਿਖੀ ਜੋ 1943`ਚ ਛਪੀ। ਆਖ਼ਰੀ ਪੁਸਤਕ ‘ਧੁਰ ਦਰਗਾਹ’ 2017 ਵਿਚ ਛਪੀ ਜਿਸ ਦੇ ਸਰਵਰਕ ਉਪਰ ਛਪਿਆ ਹੈ:
ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇੱਕ ਦਿਨ ਖਿਲਰਣਾ ਹੀ ਹੈ। ਆਓ! ਰਲ-ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ। ਯਾਰਾਂ-ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ …।
ਉਸ ਦੀਆਂ ਸੌ ਕੁ ਪੁਸਤਕਾਂ ਵਿਚ ਤਿੰਨ ਦਰਜਨ ਦੇ ਕਰੀਬ ਨਾਵਲ ਹਨ। ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿ, ਕੁੱਝ ਰੇਖਾ ਚਿੱਤਰ ਸੰਗ੍ਰਹਿ, ਜੀਵਨ ਯਾਦਾਂ, ਕਾਵਿ-ਸੰਗ੍ਰਹਿ ਅਤੇ ਕੁੱਝ ਨਿਬੰਧ ਸੰਗ੍ਰਹਿ ਹਨ। ਸਿਆਸੀ ਲੇਖਾਂ ਦੀਆਂ ਵੀ ਅੱਧੀ ਕੁ ਦਰਜਨ ਕਿਤਾਬਾਂ ਹਨ। ਉਹਦੀਆਂ ਪਾਠਕਾਂ ਨੂੰ ਲਿਖੀਆਂ ਚਿੱਠੀਆਂ ’ਕੱਠੀਆਂ ਕਰ ਲਈਆਂ ਜਾਣ ਤਾਂ ਚਿੱਠੀਆਂ ਦਾ ਹੀ ਗ੍ਰੰਥ ਬਣ ਸਕਦਾ ਹੈ। ਉਹਦੇ ਪਾਤਰਾਂ ਤੋਂ ਬੁਲਾਏ ਸੰਵਾਦਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਵੱਧ ਹੋਵੇਗੀ ਜੋ ਪਾਠਕਾਂ ਨੇ ਨੋਟਬੁੱਕਾਂ ’ਚ ਨੋਟ ਕੀਤੇ। ਉਹਦੀ ਕਲਮ ਨੇ ਪੰਜਾਹ ਲੱਖ ਤੋਂ ਵੱਧ ਲਫ਼ਜ਼ ਲਿਖੇ। ਉਹਦੇ ਕਈ ਨਾਵਲਾਂ ਤੇ ਲੇਖ ਸੰਗ੍ਰਹਿਆਂ ਦੀਆਂ ਦਰਜਨ ਤੋਂ ਵੱਧ ਐਡੀਸ਼ਨਾਂ ਛਪੀਆਂ। ਉਹਦੀਆਂ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪ ਚੁੱਕੀਆਂ ਹਨ। ਪੰਜਾਬੀ ਲੇਖਕਾਂ ਵਿਚੋਂ ਉਸ ਨੂੰ ਸਭ ਤੋਂ ਵੱਧ ਰਾਇਲਟੀ ਮਿਲਦੀ ਰਹੀ। ਵੀਹਵੀਂ ਸਦੀ ਦੇ ਪੰਜਾਬੀ ਲੇਖਕਾਂ `ਚੋਂ ਉਹ ਸਭ ਤੋਂ ਵੱਧ ਪੜ੍ਹਿਆ ਗਿਆ।
1975-76 ਦੀ ਐਮਰਜੈਂਸੀ ਦੌਰਾਨ ਸਰਕਾਰ ਤੋਂ ਚੋਰੀ ਛਿਪੇ ਸਿੰਗਾਪੁਰੋਂ ਛਪਵਾਏ ਉਹਦੇ ਨਾਵਲ ‘ਲਹੂ ਦੀ ਲੋਅ’ ਨੂੰ ਪੰਜਾਬ ਭਾਸ਼ਾ ਵਿਭਾਗ ਨੇ 1977-78 ਵਿਚ ਪੁਰਸਕਾਰ ਐਲਾਨਿਆ ਤਾਂ ਅਸੀਂ ਵਧਾਈ ਦੇਣ ਗਏ। ਪਰ ਉਸ ਨੇ ਇਨਾਮ ਠੁਕਰਾਅ ਦਿੱਤਾ। ਕਿਹਾ ਕਿ ਜਿਹੜੀ ਸਰਕਾਰ ‘ਲਹੂ ਦੀ ਲੋਅ’ ਦੇ ਨਾਇਕਾਂ ਦੀ ਕਾਤਲ ਹੈ ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ? ਇਹ ਵਰਣਨਯੋਗ ਹੈ ਕਿ ਉਸਦੇ ਬਣਾਏ ਸਾਹਿਤ ਟ੍ਰੱਸਟ ਢੁੱਡੀਕੇ ਨੇ ਸੌ ਕੁ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਦੇ ਨਾਂ `ਤੇ ਐਵਾਰਡ ਦਿੱਤੇ। ਉਹ ਕੱਟੜਪੰਥੀ ਨਹੀਂ ਬਲਕਿ ਫਿਰਕਾਪ੍ਰਸਤੀ ਤੋਂ ਉਪਰ ਉਠਿਆ ਲੇਖਕ ਸੀ।
1986 ਵਿਚ ਉਸਨੂੰ ਕਰਤਾਰ ਸਿੰਘ ਧਾਲੀਵਾਲ ਐਵਾਰਡ ਲੈਣ ਲਈ ਮਸੀਂ ਮਨਾਇਆ ਗਿਆ ਸੀ। ਉਦੋਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ ਅਕਾਡਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ ਸੀ। ਉਹ ਮੇਰੇ ਕੋਲ ਆਏ ਤੇ ਕੰਵਲ ਨੂੰ ਮਨਾਉਣ ਲਈ ਨਾਲ ਲੈ ਕੇ ਗਏ। ਉਨ੍ਹਾਂ ਨੂੰ ਤੌਖਲਾ ਸੀ ਕਿਤੇ ‘ਲਹੂ ਦੀ ਲੋਅ’ ਦੇ ਇਨਾਮ ਵਾਂਗ ਨਾਂਹ ਨਾ ਕਰ ਦੇਵੇ। ਉੱਦਣ ਕੰਵਲ ਕਿਤੇ ਬਾਹਰ ਗਿਆ ਹੋਇਆ ਸੀ। ਉਹਦੇ ਪੁੱਤਰ ਸਰਬਜੀਤ, ਡਾ. ਜਸਵੰਤ ਗਿੱਲ ਤੇ ਮੈਂ, ਤਿੰਨਾਂ ਨੇ ਹਾਮੀ ਓਟ ਦਿੱਤੀ ਸੀ ਕਿ ਕੰਵਲ ਨੂੰ ਲੁਧਿਆਣੇ ਲਿਆਵਾਂਗੇ। ਪਰ ਕੰਵਲ ਫਿਰ ਵਿਹਰ ਗਿਆ। ਐਵਾਰਡ ਪੰਜਾਬ ਦੇ ਰਾਜਪਾਲ ਹੱਥੋਂ ਦਿਵਾਇਆ ਜਾਣਾ ਸੀ। ਕੰਵਲ ਨਹੀਂ ਸੀ ਚਾਹੁੰਦਾ ਕਿ ਐਵਾਰਡ ਨੂੰ ਸਰਕਾਰੀ ਹੱਥ ਲੱਗੇ। ਪ੍ਰੋ. ਪ੍ਰੀਤਮ ਸਿੰਘ ਨੂੰ ਦਲੀਲ ਦੇਣੀ ਕਿ ਗਵਰਨਰ ਰਾਜ ਦਾ ਕੇਵਲ ਸੰਵਿਧਾਨਕ ਮੁਖੀ ਹੁੰਦਾ ਹੈ। ਇੰਜ 1986 ਵਿਚ ਉਹ ਪਹਿਲੀ ਵਾਰ ਸਾਹਿਤਕ ਇਨਾਮ ਲੈਣ ਦੇ ਰਾਹ ਪਿਆ।
ਫਿਰ 1990 ਵਿਚ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਤੇ 1997 ਵਿਚ ਭਾਰਤੀ ਸਾਹਿਤ ਅਕਾਡਮੀ ਦੇ ਐਵਾਰਡ ਮਿਲੇ। 1997 ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਸਨੂੰ ਸਰਵ ਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਪਰਦਾਨ ਕੀਤਾ। 2000 ਵਿਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਮਿਲੇ। 2008 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਸਨੂੰ ਡੀ ਲਿੱਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਫਿਰ ਭਾਸ਼ਾ ਵਿਭਾਗ ਪੰਜਾਬ ਦਾ ਸਾਹਿਤ ਰਤਨ ਐਵਾਰਡ ਅਤੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਐਵਾਰਡ ਮਿਲੇ। 2018 ਵਿਚ ਉਸਦੇ ਸੌਵੇਂ ਜਨਮ ਦਿਨ `ਤੇ ਪੰਜਾਬ ਕਲਾ ਪ੍ਰੀਸ਼ਦ ਨੇ ਪੰਜਾਬ ਗੌਰਵ ਦੇ ਮਾਣ ਨਾਲ ਸਨਮਾਨਿਆ। ਉਸ ਨੇ ਦਰਜਨ ਤੋਂ ਵੱਧ ਦੇਸ਼ਾਂ ਦਾ ਭਰਮਣ ਕੀਤਾ। ਦੇਸ਼ ਵਿਦੇਸ਼ ਦੀਆਂ ਸਾਹਿਤ ਸਭਾਵਾਂ ਵੱਲੋਂ ਮਿਲੇ ਮਾਣ-ਸਨਮਾਨਾਂ ਦਾ ਕੋਈ ਅੰਤ ਨਹੀਂ। ਪਰ ਉਹ ਸਭ ਤੋਂ ਵੱਡਾ ਮਾਣ-ਸਨਮਾਨ ਪਾਠਕਾਂ ਦੇ ਹੁੰਗਾਰੇ ਨੂੰ ਮੰਨਦਾ ਰਿਹਾ ਜੋ ਉਸਨੂੰ ਪੌਣੀ ਸਦੀ ਤੋਂ ਪੜ੍ਹਦੇ ਆ ਰਹੇ ਸਨ।
ਉਹਦੀ ਵਿਚਾਰਧਾਰਾ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਇਹ ਤੱਥ ਸਭ ਮੰਨਦੇ ਸਨ ਕਿ ਉਸ ਨੇ ਸਭ ਤੋਂ ਵੱਧ ਪਾਠਕ ਪੰਜਾਬੀ ਪੁਸਤਕਾਂ ਪੜ੍ਹਨ ਲਾਏ। ਕਦੇ ਉਸਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਤੇ ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਕਿਹਾ ਜਾਂਦਾ। ਉਸਨੇ ਮਲਾਇਆ ਵਿਚ ਨੌਕਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਲਰਕੀ ਤੇ ਘਰ ਦੀ ਖੇਤੀ ਵਾਹੀ ਕੀਤੀ। ਪਿੰਡ ਦੀ ਸਰਪੰਚੀ ਤੋਂ ਲੈ ਕੇ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਦੀ ਮੈਂਬਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਉਹ ਦੇਸ ਵਿਦੇਸ਼ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਕਨਵੈਸ਼ਨਾਂ `ਤੇ ਵੀ ਜਾਂਦਾ ਰਿਹਾ।
ਉਹ ਚਾਰ ਜਮਾਤਾਂ ਢੁੱਡੀਕੇ ਪੜ੍ਹ ਕੇ ਅੱਠਵੀਂ ਤਕ ਨਾਨਕੀਂ ਚੂਹੜਚੱਕ ਪੜ੍ਹਿਆ ਸੀ। ਲਛਮਣ ਸਿੰਘ ਗਿੱਲ ਵੀ ਉਥੇ ਪੜ੍ਹਦਾ ਸੀ ਜੋ 1967 ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆ। ਉਸ ਨੇ ਪੰਜਾਬ ਰਾਜ ਭਾਸ਼ਾ ਐਕਟ ਪਾਸ ਕਰਵਾ ਕੇ ਪੰਜਾਬੀ ਸਾਰੇ ਸਰਕਾਰੀ ਦਫਤਰਾਂ ਵਿਚ ਅਮਲੀ ਤੌਰ `ਤੇ ਲਾਗੂ ਕੀਤੀ। ਲਛਮਣ ਸਿੰਘ ਗਿੱਲ ਤੇ ਕੰਵਲ ਦਾ ਹਾਣੀ ਗਿਆਨੀ ਲਾਲ ਸਿੰਘ ਗੁਆਂਢੀ ਪਿੰਡ ਦੌਧਰ ਦੇ ਸਕੂਲ ਵਿਚ ਪੜ੍ਹਿਆ ਸੀ। ਇਸ ਨੂੰ ਸਬੱਬ ਹੀ ਸਮਝੋ ਕਿ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਉਹ ਤਿੰਨੇ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਵੱਡੇ ਥੰਮ੍ਹ ਬਣੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਗਿਆਨੀ ਲਾਲ ਸਿੰਘ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਕਾਰਜ ਨਿਭਾਇਆ ਅਤੇ ਜਸਵੰਤ ਸਿੰਘ ਕੰਵਲ ਨੇ ਸਾਹਿਤ ਸਭਾਵਾਂ ਤੇ ਪੰਜਾਬੀ ਕਨਵੈਨਸ਼ਨਾਂ ਕਰਵਾ ਕੇ ਅਤੇ ਭਰਪੂਰ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਅਮੀਰ ਬਣਾਇਆ।
ਢੁੱਡੀਕੇ ਦੇ ਖੇਡ ਮੇਲੇ ਸਮੇਂ ਸਾਡਾ ਹਰ ਸਾਲ ਮੇਲ ਹੁੰਦਾ ਸੀ। 2019 ਵਿਚ ਕੈਨੇਡਾ ਪਰਤਣ ਤੋਂ ਪਹਿਲਾਂ ਮੈਂ ਉਸਨੂੰ ਮਿਲਣ ਗਿਆ ਤਾਂ ਉਹ ਇਕੋ ਸ਼ਿਅਰ ਮੁੜ-ਮੁੜ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏਂ…।
ਰਾਤ ਮੈਂ ਉਹਦੇ ਕੋਲ ਹੀ ਰਿਹਾ ਤੇ ਅਸੀਂ ਦੇਰ ਤਕ ਗੱਲਾਂ ਕਰਦੇ ਰਹੇ। ਉਹਦਾ ਚੇਤਾ ਕਾਫੀ ਘਟ ਗਿਆ ਸੀ। ਕੱਲ੍ਹ ਦੀ ਗੱਲ ਅੱਜ ਤੇ ਸਵੇਰ ਦੀ ਸ਼ਾਮ ਨੂੰ ਚੇਤੇ ਨਹੀਂ ਸੀ ਰਹਿੰਦੀ। ਰਾਤ ਵਾਲਾ ਸ਼ਿਅਰ ‘ਹਮ ਜੋ ਗਏ ਤੇ ਤੁਮ ਜੋ ਆਏ’ ਸਵੇਰ ਨੂੰ ਭੁੱਲ ਚੁੱਕਾ ਸੀ। 28 ਜਨਵਰੀ 2020 ਨੂੰ ਸਾਡਾ ਆਖ਼ਰੀ ਮੇਲ ਹੋਇਆ, ਸਿਆਣ ਲਿਆ ਤੇ ਫੋਟੋ ਵੀ ਖਿਚਾ ਲਈ। ਮੁੜ ਮਿਲਣ ਦੇ ਵਾਇਦੇ ਨਾਲ ਵਿਦਾਇਗੀ ਵੀ ਦੇ ਦਿੱਤੀ। ਪਰ 1 ਫਰਵਰੀ 2020 ਨੂੰ ਸਵੇਰੇ ਹੀ ਸਰਬਜੀਤ ਦਾ ਫੋਨ ਆ ਗਿਆ, “ਬਾਪੂ ਜੀ ਨਹੀਂ ਰਹੇ!”
27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਜਿਆ ਸੀ, ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਮੋੜ ਦਿੱਤਾ ਸੀ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ। ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਹਨ ਅਤੇ ਅਸੀਂ ਸੇਵਾ ਸੰਭਾਲ ਕਰਨ ਦੇ ਯੋਗ ਹਾਂ।
ਕੰਵਲ ਉਦੋਂ ਢੁੱਡੀਕੇ ਦਾ ਸਰਪੰਚ ਸੀ ਜਦੋਂ ਲਾਜਪਤ ਰਾਏ ਖੇਡ ਮੇਲਾ ਸ਼ੁਰੂ ਕੀਤਾ ਸੀ। ਉਹ ਹਰ ਸਾਲ ਮੇਲੇ `ਚ ਹਾਜ਼ਰੀ ਭਰਦਾ ਰਿਹਾ। 2019 ਵਿਚ ਮੈਂ ਮੱਲੋ-ਮੱਲੀ ਮੇਲੇ `ਚ ਲਿਜਾ ਕੇ ਝੰਡੀ ਕਰਵਾ ਆਇਆ ਸਾਂ। 28 ਜਨਵਰੀ ਨੂੰ 2020 ਦਾ ਮੇਲਾ ਵਿਖਾਉਣ ਲਈ ਵੀ ਕਿਹਾ, “ਓੜਕ ਨੂੰ ਮਰ ਜਾਣਾ, ਚੱਲ ਮੇਲੇ ਚੱਲੀਏ…। ”ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ।
ਉਹ ਉਮਰ ਦੀ ਇਕੋਤਰੀ ਮਾਰਨ ਦੇ ਰਾਹ ਉਤੇ ਸੀ ਜਿਸ `ਚ ਸਿਰਫ਼ ਪੰਜ ਮਹੀਨੇ ਬਾਕੀ ਸਨ। ਪਰ ਕੁਦਰਤ ਨੂੰ ਜੋ ਮਨਜੂ਼ਰ ਸੀ ਉਹੀ ਹੋਇਆ। ਕੰਵਲ ਦੀ ਦੇਹ ਦਾ ਹੀ ਅੰਤ ਹੋਇਐ, ਉਹਦੀਆਂ ਲਿਖਤਾਂ ਦਾ ਨਹੀਂ। ਉਹਦੇ ਲਿਖੇ ਲੱਖਾਂ ਲਫ਼ਜ਼ ਤਾਰਿਆਂ ਹਾਰ ਜਗਦੇ ਰਹਿਣਗੇ ਤੇ ਪੂਰਨਮਾਸ਼ੀ ਵਾਂਗ ਹਨ੍ਹੇਰੀਆਂ ਰਾਤਾਂ ਰੁਸ਼ਨਾਉਂਦੇ ਰਹਿਣਗੇ।