ਮਾਇਕੋਲਾਈਵ: ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੈਂਸਕੀ ਨੇ ਕਿਹਾ ਕਿ ਉਹ ਰੂਸੀ ਸੈਨਾ ਨੂੰ ਆਪਣੇ ਮੁਲਕ ਵਿਚੋਂ ਨਿਕਲਣ ਲਈ ਮਜਬੂਰ ਕਰ ਦੇਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰੂਸੀ ਫੌਜ ਖੇਰਸਾਨ ਵਿਚੋਂ ਨਿਕਲ ਗਈ ਹੈ। ਹਾਲਾਂਕਿ ਉਨ੍ਹਾਂ ਦੇ ਉਥੋਂ ਨਿਕਲਣ ਤੋਂ ਬਾਅਦ ਸ਼ਹਿਰ ਵਿਚ ਤਬਾਹੀ ਦੀ ਸਥਿਤੀ ਹੈ।
ਖੇਰਸਾਨ ‘ਚੋਂ ਰੂਸ ਦੇ ਵਾਪਸ ਜਾਣ ਨੂੰ ਯੂਕਰੇਨ ਨੌਂ ਮਹੀਨਿਆਂ ਦੀ ਜੰਗ ਵਿਚ ਵੱਡੀ ਪ੍ਰਾਪਤੀ ਮੰਨ ਰਿਹਾ ਹੈ। ਸ਼ਹਿਰ ਪਹੁੰਚੀ ਯੂਕਰੇਨੀ ਸੈਨਾ ਦਾ ਲੋਕਾਂ ਨੇ ਗਲੇ ਮਿਲ ਕੇ ਸਵਾਗਤ ਕੀਤਾ। ਰਾਸ਼ਟਰਪਤੀ ਵਲੋਦੀਮੀਰ ਜੇਲੈਂਸਕੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਜਿੱਤਾਂ ਹੋਰ ਮਿਲਣਗੀਆਂ। ਹਾਲੇ ਵੀ ਰੂਸ ਦੇ ਕਬਜ਼ੇ ਹੇਠਲੇ ਕਈ ਸ਼ਹਿਰਾਂ-ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਜੇਲੈਂਸਕੀ ਨੇ ਕਿਹਾ, ‘ਅਸੀਂ ਤੁਹਾਨੂੰ ਭੁੱਲੇ ਨਹੀਂ ਹਾਂ, ਅਸੀਂ ਕਿਸੇ ਨੂੰ ਪਿੱਛੇ ਨਹੀਂ ਛੱਡਾਂਗੇ।‘ ਜ਼ਿਕਰਯੋਗ ਹੈ ਕਿ ਕਰੀਬ ਛੇ ਹਫਤੇ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਖੇਰਸਾਨ ਤੇ ਤਿੰਨ ਹੋਰ ਖੇਤਰਾਂ ਦੇ ਮੁਲਕ ਵਿਚ ਰਲੇਵੇਂ ਦਾ ਐਲਾਨ ਕੀਤਾ ਸੀ। ਜਦਕਿ ਅਮਰੀਕਾ ਸਣੇ ਦੁਨੀਆਂ ਦੇ ਕਈ ਮੁਲਕਾਂ ਨੇ ਇਸ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੱਤਾ ਸੀ। ਖੇਰਸਾਨ ਵਿਚ ਯੂਕਰੇਨੀ ਸੈਨਾ ਹੁਣ ਧਮਾਕਾਖੇਜ ਉਪਕਰਨਾਂ ਨੂੰ ਹਟਾਉਣ ਤੇ ਬੁਨਿਆਦੀ ਸਹੂਲਤਾਂ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਸ਼ਹਿਰ ਵਿਚ ਪਾਣੀ, ਦਵਾਈਆਂ ਤੇ ਭੋਜਨ ਵਰਗੀਆਂ ਮੁੱਢਲੀਆਂ ਚੀਜ਼ਾਂ ਦੀ ਵੱਡੀ ਘਾਟ ਹੈ।