ਕਿਸਾਨਾਂ ਵੱਲੋਂ ਵਿਧਾਇਕਾਂ ਦੀ ਘੇਰਾਬੰਦੀ ਪਿੱਛੋਂ ਝੁਕੀ ਸਰਕਾਰ

ਗੰਨੇ ਦਾ ਭਾਅ 380 ਰੁਪਏ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ: ਕਿਸਾਨ ਧਿਰਾਂ ਦੇ ਰੋਹ ਅੱਗੇ ਝੁਕਦੇ ਹੋਏ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ 380 ਰੁਪਏ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਕਿਸਾਨ ਧਿਰਾਂ ਨਾਲ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਛੇਤੀ ਕੀਮਤਾਂ ਵਿਚ ਵਾਧੇ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਪਰ ਉਸ ਮਗਰੋਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਭੁੱਲ ਗਈ।

ਦੁਆਬਾ ਕਿਸਾਨ ਕਮੇਟੀ ਨੇ ਜਦੋਂ ਟਾਂਡਾ ਦੇ ‘ਆਪ` ਵਿਧਾਇਕ ਜਸਵੀਰ ਸਿੰਘ ਅਤੇ ਦਸੂਹਾ ਦੇ ‘ਆਪ` ਵਿਧਾਇਕ ਦੇ ਘਰ ਅੱਗੇ ਟਰੈਕਟਰ ਟਰਾਲੀਆਂ ਖੜ੍ਹੀਆਂ ਕਰ ਦਿੱਤੀਆਂ ਤਾਂ ਉਸ ਮਗਰੋਂ ਸਰਕਾਰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕ ਗਈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੜਾਈ ਸਾਲ 2022-23 ਦੌਰਾਨ ਫੇਅਰ ਐਂਡ ਰੈਮੋਨਿਊਰੇਟਿਵ ਪ੍ਰਾਈਸ ਤੇ ਸਟੇਟ ਐਗਰੀਡ ਪ੍ਰਾਈਸ ਦੇ ਮੁੱਲ ਦਾ ਅੰਤਰ ਪੰਜਾਬ ਸਰਕਾਰ ਤੇ ਪ੍ਰਾਈਵੇਟ ਖੰਡ ਮਿੱਲਾਂ 2:1 ਅਨੁਪਾਤ ਅਨੁਸਾਰ ਤੈਅ ਹੈ। ਕੇਂਦਰ ਸਰਕਾਰ ਨੇ ਗੰਨੇ ਦੀਆਂ ਸਾਰੀਆਂ ਕਿਸਮਾਂ ਦਾ ਭਾਅ 305 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜਿਸ ਵਿਚ ਪੰਜਾਬ ਸਰਕਾਰ ਨੇ ਵਾਧਾ ਕਰ ਕੇ ਅਗੇਤੀ ਕਿਸਮ ਦੇ ਗੰਨੇ ਦਾ ਭਾਅ 380 ਰੁਪਏ ਅਤੇ ਦਰਮਿਆਨੀ ਕਿਸਮ ਦੇ ਗੰਨੇ ਦਾ ਭਾਅ 370 ਰੁਪਏ ਅਤੇ ਪਿਛੇਤੀ ਕਿਸਮ ਦੇ ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਖੇਤੀ ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਬਣਦਾ ਹਿੱਸਾ 50 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਸਿੱਧੇ ਤੌਰ ਉਤੇ ਜਮ੍ਹਾਂ ਕਰਵਾਇਆ ਜਾਵੇਗਾ ਤੇ ਸਾਰੀਆਂ ਮਿੱਲਾਂ 20 ਨਵੰਬਰ ਤੋਂ ਗੰਨੇ ਦੀ ਪਿੜਾਈ ਸ਼ੁਰੂ ਕਰ ਦੇਣਗੀਆਂ।
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਖੰਡ ਮਿੱਲਾਂ ਚਲਾਉਣ ਦੀ ਮੰਗ ਪੂਰੀ ਕਰਨ ‘ਤੇ ਕਮੇਟੀ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਵਾਪਸ ਲੈ ਲਿਆ ਗਿਆ ਹੈ ਅਤੇ ਮੁਕੇਰੀਆਂ ਖੰਡ ਮਿੱਲ ਸਬੰਧੀ ਫੈਸਲਾ ਸੰਯੁਕਤ ਸੰਘਰਸ਼ ਕਮੇਟੀ ਵੱਲੋਂ ਆਪਣੇ ਪੱਧਰ ‘ਤੇ ਲਿਆ ਜਾਵੇਗਾ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਲਈ ਸਰਕਾਰ ਕੇਨ ਕਮਿਸ਼ਨਰ ਨੂੰ ਪਾਬੰਦ ਕਰੇ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਵੀ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ।