ਅਕਾਲੀ ਦਲ ਬਾਦਲ ਦੀ ‘ਪੰਥਕ ਸਾਖ` ਨੂੰ ਵੱਡੇ ਖੋਰੇ ਦੇ ਸੰਕੇਤ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਈ ਹੋਈ ਚੋਣ ਵਿਚ ਆਪਣੇ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 62 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਉਹ ਲਗਾਤਾਰ ਦੂਜੀ ਵਾਰ ਸਿੱਖ ਸੰਸਥਾ ਦੇ ਪ੍ਰਧਾਨ ਬਣੇ ਹਨ।

ਇਸ ਚੋਣ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪ੍ਰਾਪਤ ਹੋਈਆਂ। ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਕੁੱਲ 157 ਮੈਂਬਰਾਂ ਵਿਚੋਂ 146 ਮੈਂਬਰਾਂ ਨੇ ਵੋਟਾਂ ਪਾਈਆਂ ਹਨ, ਬਾਕੀ ਮੈਂਬਰ ਗੈਰਹਾਜ਼ਰ ਰਹੇ। ਮਿਲੀ ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਨੂੰ ਪ੍ਰਾਪਤ ਹੋਈਆਂ 42 ਵੋਟਾਂ ਵਿਚ ਵਿਰੋਧੀ ਧਿਰਾਂ ਦੇ ਲਗਭਗ 20 ਤੋਂ 22 ਪਹਿਲੇ ਮੈਂਬਰ ਸ਼ਾਮਲ ਹਨ, ਜਦੋਂਕਿ ਬਾਕੀ ਮੈਂਬਰਾਂ ਵਿਚ ਹਰਿਆਣਾ ਦੇ ਕੁਝ ਮੈਂਬਰ ਤੇ ਬਾਕੀ ਬੀਬੀ ਸਮਰਥਕ ਮੈਂਬਰ ਸ਼ਾਮਲ ਹਨ। ਇਸ ਚੋਣ ਵਿਚ ਭਾਵੇਂ ਬੀਬੀ ਜਗੀਰ ਕੌਰ ਧੜੇ ਦੀ ਹਾਰ ਹੋਈ ਹੈ ਪਰ ਉਨ੍ਹਾਂ ਦੇ ਧੜੇ ਦੇ ਮੈਂਬਰਾਂ ਦੀ ਗਿਣਤੀ ਲਗਭਗ ਦੋ ਗੁਣਾ ਵਧ ਗਈ ਹੈ। ਇਹ ਗਿਣਤੀ ਪਹਿਲਾਂ 20 ਤੋਂ 25 ਤੱਕ ਸੀਮਤ ਸੀ।
ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ। ਪਿਛਲੇ ਸਾਲਾਂ ਵਿਚ ਵਿਰੋਧੀਆਂ ਨੂੰ 20-22 ਵੋਟਾਂ ਪੈਂਦੀਆਂ ਰਹੀਆਂ ਹਨ; ਇਸ ਵਾਰ ਹੋਰ ਵੀਹ ਮੈਂਬਰ ਅਕਾਲੀ ਦਲ ਨਾਲੋਂ ਟੁੱਟ ਕੇ ਵਿਰੋਧੀ ਖੇਮੇ ਵਿਚ ਚਲੇ ਗਏ। ਇਹ ਅਕਾਲੀ ਦਲ ਲਈ ਚਿੰਤਾ ਦਾ ਕਾਰਨ ਹੈ। ਚੋਣ ਨਤੀਜਿਆਂ ਤੋਂ ਪਿੱਛੋਂ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਹਰ ਕੋਈ ਇਨ੍ਹਾਂ ਨਤੀਜਿਆਂ ਨੂੰ ਆਪੋ-ਆਪਣੀ ਜਿੱਤ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ। ਕੇਂਦਰ ਸਰਕਾਰ ਦੁਆਰਾ ਵਿਰੋਧੀ ਧਿਰ ਨਾਲ ਸੁਰ ਮਿਲਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣਾ ਅਕਾਲੀ ਦਲ ਲਈ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦਾ ਹੈ। ਪੰਥਕ ਵੋਟ ਬੈਂਕ ਦੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਬਰਕਰਾਰ ਹੈ।
ਬੀਬੀ ਤੇ ਹੋਰ ਕੁਝ ਮੈਂਬਰਾਂ ਦੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਭੁਗਤਣ ਕਾਰਨ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਵਿਚ ਵੀ ਵੱਡਾ ਖੋਰਾ ਲੱਗਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਫਰੰਟ ‘ਤੇ ਵੀ ਖੋਰਾ ਲੱਗ ਚੁੱਕਿਆ ਹੈ, ਉਸ ਦੇ ਕਈ ਆਗੂ ਪਾਰਟੀ ਛੱਡ ਚੁੱਕੇ ਹਨ। ਧਾਰਮਿਕ ਫਰੰਟ ‘ਤੇ ਖੋਰਾ ਲੱਗਣ ਕਾਰਨ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੀ ਚੁਣੌਤੀ ਹੋਰ ਵੀ ਵੱਡੀ ਹੋ ਗਈ ਹੈ।
ਸ਼੍ਰੋਮਣੀ ਕਮੇਟੀ ਦੀ ਹੋਈ ਚੋਣ ਵਿਚ ਸਿਰਫ ਬੀਬੀ ਜਗੀਰ ਕੌਰ ਹੀ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਭੁਗਤੇ ਸਗੋਂ ਉਨ੍ਹਾਂ ਦੇ ਲਗਭਗ ਡੇਢ ਦਰਜਨ ਤੋਂ ਵੱਧ ਸਮਰਥਕ ਮੈਂਬਰ ਵੀ ਅਕਾਲੀ ਦਲ ਦੇ ਖ਼ਿਲਾਫ਼ ਭੁਗਤੇ। ਇਨ੍ਹਾਂ ਵਿਚ ਹਰਿਆਣਾ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰ, ਬਾਕੀ ਵਿਰੋਧੀ ਧਿਰਾਂ ਨਾਲ ਸਬੰਧਤ ਮੈਂਬਰ ਵੀ ਬੀਬੀ ਜਗੀਰ ਕੌਰ ਧੜੇ ਨਾਲ ਜੁੜ ਗਏ ਹਨ। ਇਸ ਮੌਕੇ ਬੀਬੀ ਜਗੀਰ ਕੌਰ ਨੇ ਇਹ ਸਪੱਸ਼ਟ ਵੀ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਾ ਸਿਰਫ ਚੋਣ ਲੜਨਗੇ ਸਗੋਂ ਚੋਣਾਂ ਲੜਾਉਣਗੇ ਵੀ।
ਇਸ ਤੋਂ ਸਪੱਸ਼ਟ ਹੈ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਵਿਚ ਪਹਿਲਾਂ ਹੀ ਇਹ ਮੰਗ ਉੱਠ ਰਹੀ ਹੈ ਕਿ ਪਾਰਟੀ ਦੀ ਲੀਡਰਸ਼ਿਪ ਵਿਚ ਬਦਲਾਅ ਕੀਤਾ ਜਾਵੇ ਖਾਸ ਕਰਕੇ ਪਾਰਟੀ ਪ੍ਰਧਾਨ ਬਦਲਿਆ ਜਾਵੇ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 2011 ਵਿਚ ਹੋਈਆਂ ਸਨ, ਜੇ ਇਹ ਆਮ ਚੋਣਾਂ ਜਲਦੀ ਹੀ ਨੇੜ ਭਵਿੱਖ ਵਿਚ ਹੁੰਦੀਆਂ ਹਨ ਤਾਂ ਅਕਾਲੀ ਦਲ ਨੂੰ ਇਕ ਹੋਰ ਵੱਡੀ ਚੁਣੌਤੀ ਵਿੱਚੋਂ ਲੰਘਣਾ ਪਵੇਗਾ।
ਇਸ ਦੌਰਾਨ ਜਨਰਲ ਇਜਲਾਸ ਵੇਲੇ ਸ਼੍ਰੋਮਣੀ ਕਮੇਟੀ ਕੈਂਪਸ ਵਿਚ ਹਾਜਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਖਿਲਾਫ ਭੁਗਤਣ ਵਾਲੇ ਮੈਂਬਰਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਖਿਲਾਫ ਭੁਗਤੇ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਲਈ ਅਗਲੇ ਰਾਹ ਹਾਲੇ ਸੁਖਾਲੇ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਲਈ ਮੁੱਖ ਚੁਣੌਤੀ ’42 ਦਾ ਅੰਕੜਾ‘ ਬਣੇਗਾ। ਸਾਲ 2021 ਦੀ ਪ੍ਰਧਾਨਗੀ ਚੋਣ ਵਿਚ ਐਡਵੋਕੇਟ ਧਾਮੀ ਨੂੰ 122 ਵੋਟਾਂ ਮਿਲੀਆਂ ਸਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਮਿੱਠੂ ਸਿੰਘ ਕਾਹਨਕੇ ਨੂੰ 19 ਵੋਟਾਂ ਮਿਲੀਆਂ ਸਨ। ਸਿਆਸੀ ਮਾਹਿਰ ਕਿਆਸ ਲਾ ਰਹੇ ਹਨ ਕਿ ਬੀਬੀ ਨੂੰ 42 ਦੇ ਅੰਕੜੇ ਨੇ ਲੀਡਰ ਬਣਾ ਦਿੱਤਾ ਹੈ ਅਤੇ ਬੀਬੀ ਜਗੀਰ ਕੌਰ ਹੁਣ ਬੇਬਾਕੀ ਨਾਲ ਸਿਆਸੀ ਮੈਦਾਨ ਵਿਚ ਵਿਚਰਨਗੇ ਜਿਸ ਨਾਲ ਬਾਦਲ ਵਿਰੋਧੀ ਧੜਿਆਂ ਨੂੰ ਮਜ਼ਬੂਤੀ ਮਿਲ ਸਕਦੀ ਹੈ।
ਪੰਥ ਵਿਰੋਧੀ ਤਾਕਤਾਂ ਨੂੰ ਮਿਲਿਆ ਮੂੰਹ ਤੋੜ ਜਵਾਬ: ਧਾਮੀ
ਅੰਮ੍ਰਿਤਸਰ: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦਾ ਦੂਜੀ ਵਾਰ ਪ੍ਰਧਾਨ ਚੁਣੇ ਜਾਣ ਮਗਰੋਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ, ਆਰ.ਐਸ.ਐਸ, ਉਚੇਚੇ ਤੌਰ ‘ਤੇ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਦੇ ਨਾਲ-ਨਾਲ ਕਾਂਗਰਸ ਦੀ ਪੂਰੀ ਤਾਕਤ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਵਿਚ ਲੱਗੀ ਹੋਈ ਸੀ। ਸ਼੍ਰੋਮਣੀ ਕਮੇਟੀ ਮੈਂਬਰਾਂ ‘ਤੇ ਦਬਾਅ ਪਾ ਕੇ ਹਰ ਹੀਲੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ‘ਚ ਭੁਗਤਣ ਲਈ ਆਖਿਆ ਗਿਆ, ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਨ੍ਹਾਂ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੰਦਿਆਂ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ।
ਸੁਖਬੀਰ ਨੇ ਮੈਂਬਰਾਂ ਨੂੰ ਧਮਕਾਇਆ: ਜਗੀਰ ਕੌਰ
ਅੰਮ੍ਰਿਤਸਰ: ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਡਰਾਉਣ ਧਮਕਾਉਣ ਦੇ ਬਾਵਜੂਦ ਉਨ੍ਹਾਂ ਨੂੰ 42 ਵੋਟਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੇ ਹਿੱਤਾਂ ਲਈ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਕਾਰਨ ਹੀ ਲਿਫਾਫਾ ਪ੍ਰਣਾਲੀ ਖਤਮ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਪਹਿਲਾਂ ਐਲਾਨਣਾ ਪਿਆ। ਬਾਦਲ ਦਲ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਬੇਅਦਬੀ ਕਰਨ ਵਾਲੇ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਵਾਲੇ ਆਗੂ ਹਨ।