ਅਮਰੀਕਾ ਹੁਣ ਦਿਲ ਖੋਲ੍ਹ ਕੇ ਵੀਜ਼ੇ ਜਾਰੀ ਕਰੇਗਾ

ਨਵੀਂ ਦਿੱਲੀ: ਅਮਰੀਕਾ ਲਈ ਵੀਜ਼ਾ ਜਾਰੀ ਕਰਨ ਦੀ ਉਡੀਕ ਦੀ ਮਿਆਦ ‘ਚ 2023 ਦੀਆਂ ਗਰਮੀਆਂ ਤੱਕ ਵੱਡੀ ਕਮੀ ਆਉਣ ਦੀ ਉਮੀਦ ਹੈ ਤੇ ਇਨ੍ਹਾਂ ਵੀਜ਼ਿਆਂ ਦੀ ਗਿਣਤੀ 12 ਲੱਖ ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਇਥੇ ਅਮਰੀਕੀ ਅੰਬੈਸੀ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ।

ਅਧਿਕਾਰੀਆਂ ਨੇ ਦੱਸਿਆ, ‘ਵਾਸ਼ਿੰਗਟਨ ਲਈ ਭਾਰਤ ਪਹਿਲੀ ਤਰਜੀਹ ਹੈ ਤੇ ਸਾਡਾ ਟੀਚਾ ਹਾਲਾਤ ਨੂੰ ਅਗਲੇ ਸਾਲ ਦੇ ਮੱਧ ਤੱਕ ਕੋਵਿਡ-19 ਤੋਂ ਪਹਿਲਾਂ ਵਾਲੀ ਸਥਿਤੀ `ਚ ਲਿਆਉਣ ਦਾ ਹੈ।` ਜ਼ਿਕਰਯੋਗ ਹੈ ਕਿ ਭਾਰਤ ਉਨ੍ਹਾਂ ਕੁਝ ਮੁਲਕਾਂ `ਚੋਂ ਇਕ ਹੈ ਜਿੱਥੇ ਕਰੋਨਾ ਪਾਬੰਦੀਆਂ ਹਟਣ ਤੋਂ ਬਾਅਦ ਅਮਰੀਕਾ ਲਈ ਵੀਜ਼ਿਆਂ ਦੀਆਂ ਅਰਜ਼ੀਆਂ `ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ।
ਅਧਿਕਾਰੀਆਂ ਨੇ ਦੱਸਿਆ, ‘ਵੀਜ਼ਾ ਦੇਣ ਲਈ ਲੰਮੇ ਸਮੇਂ ਦੀ ਉਡੀਕ ਨੂੰ ਧਿਆਨ `ਚ ਰੱਖਦਿਆਂ ਅਮਰੀਕਾ ਹੋਰ ਵਧੇਰੇ ਮੁਲਾਜ਼ਮਾਂ ਨੂੰ ਕੰਮ `ਤੇ ਰੱਖਣ ਅਤੇ ‘ਡਰੌਪ ਬਾਕਸ` ਸਹੂਲਤ ਨੂੰ ਵਧਾਉਣ ਸਮੇਤ ਕਈ ਕਦਮ ਉਠਾ ਰਿਹਾ ਹੈ।` ਉਨ੍ਹਾਂ ਦੀ ਯੋਜਨਾ ਹਰ ਮਹੀਨੇ ਇਕ ਲੱਖ ਵੀਜ਼ੇ ਜਾਰੀ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਲਈ ਐੱਚ (ਐਚ1ਬੀ) ਅਤੇ ਐੱਨ ਸ਼੍ਰੇਣੀ ਦੇ ਵੀਜ਼ਿਆਂ ਦੀ ਤਰਜੀਹ ਦੇ ਆਧਾਰ `ਤੇ ਪਛਾਣ ਕੀਤੀ ਹੈ ਅਤੇ ਵੀਜ਼ੇ ਨਵਿਆਉਣ ਦੇ ਇੱਛੁਕ ਲੋਕਾਂ ਲਈ ਹਾਲ ਹੀ `ਚ ਤਕਰੀਬਨ ਇਕ ਲੱਖ ਸਲਾਟ ਜਾਰੀ ਕੀਤੇ ਸਨ।
ਕੁਝ ਸ਼੍ਰੇਣੀਆਂ ਲਈ ਉਡੀਕ ਦਾ ਸਮਾਂ ਪਹਿਲਾਂ ਦੇ 450 ਦਿਨ ਤੋਂ ਘਟਾ ਕੇ ਨੌਂ ਮਹੀਨੇ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਬੀ1, ਬੀ2 (ਬਿਜਨਸ ਤੇ ਟੂਰਿਜਮ) ਵੀਜ਼ਿਆਂ ਲਈ ਉਡੀਕ ਦਾ ਸਮਾਂ ਵੀ ਤਕਰੀਬਨ ਨੌਂ ਮਹੀਨੇ ਤੋਂ ਘੱਟ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਜਾਰੀ ਕੀਤੇ ਜਾ ਰਹੇ ਵੀਜ਼ਿਆਂ ਦੀ ਗਿਣਤੀ ਦੇ ਮਾਮਲੇ ‘ਚ ਭਾਰਤ ਦੇ ਦੂਜੇ ਸਥਾਨ ‘ਤੇ ਜਾਣ ਦੀ ਉਮੀਦ ਹੈ।