ਕੀ ਆਰ.ਐਸ.ਐਸ. ਵੀ ਸਿੱਖ ਕਤਲੇਆਮ `ਚ ਸ਼ਾਮਿਲ ਸੀ?

ਡਾ. ਹਰਗੁਰਪਰਤਾਪ ਸਿੰਘ ਨਿਹਾਲ ਸਿੰਘ ਵਾਲਾ (ਮੋਗਾ)
ਫੋਨ: +91-98149-16171
1984 ਵਿਚ ਹੋਏ ਸਿੱਖ ਕਤਲੇਆਮ ਦੇ ਤਾਰ ਸਿੱਧੇ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਜੁੜਦੇ ਹਨ ਪਰ ਇਸ ਕਤਲੇਆਮ ਵਿਚ ਆਰ.ਐਸ.ਐਸ. ਦਾ ਕੀ ਰੋਲ ਰਿਹਾ ਹੈ, ਇਸ ਬਾਰੇ ਬਹੁਤੀ ਛਾਣ-ਬੀਣ ਨਹੀਂ ਹੋਈ। ਡਾ. ਹਰਗੁਰਪਰਤਾਪ ਸਿੰਘ ਦੇ ਇਸ ਲੇਖ ਵਿਚ ਇਹੀ ਵਿਚਾਰ-ਚਰਚਾ ਕੀਤੀ ਗਈ ਹੈ।–more–>

ਨਵੰਬਰ ਮਹੀਨਾ ਚੜ੍ਹਨ `ਤੇ ਫ਼ਸਲਾਂ ਪੱਕਣ, ਝੋਨੇ ਦੀ ਆਮਦ, ਪਰਾਲੀ ਪ੍ਰਦੂਸ਼ਣ, ਪ੍ਰਦੂਸ਼ਣ ਸੂਚਕ ਅੰਕ, ਦਿੱਲੀ ਦੀ ਹਵਾ ਆਦਿ ਸਵਾਲ ਅਖ਼ਬਾਰੀ ਸੁਰਖ਼ੀਆਂ ਦੇ ਨਾਲ-ਨਾਲ ਹਰ ਬੰਦੇ ਦੇ ਦਿਮਾਗ ਉੱਪਰ ਛਾਏ ਹੋਏ ਹਨ; ਜਾਂ ਫਿਰ ਬਹੁਤਿਆਂ ਨੂੰ ਬਸ ਫਿਲਮਾਂ, ਗੈਂਗਸਟਰਾਂ, ਗਾਇਕਾਂ, ਟਰੈਕਟਰਾਂ, ਕੈਨੇਡਾ-ਇੰਗਲੈਂਡ ਦੇ ਹੀ ਵਿਚਾਰ ਆ ਰਹੇ ਹੋਣਗੇ। ਪੰਜਾਬ ਵਿਚ ਵੀ ਇਹੀ ਹਾਲ ਹੈ! ਬਾਕੀ ਦੇਸ਼ ਦੀ ਤਾਂ ਗੱਲ ਛਡੋ ਪਰ ਕੁਝ ਪੰਜਾਬੀਆਂ ਜਾਂ ਪੰਜਾਬ ਨਾਲ ਜੁੜੇ ਲੋਕਾਂ ਨੂੰ ਯਾਦ ਹੋਣਾ ਹੈ ਕਿ ਨਵੰਬਰ ਮਹੀਨਾ, 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ, ਕਾਨਪੁਰ (ਉੱਤਰ ਪ੍ਰਦੇਸ਼), ਹਰਿਆਣੇ ਆਦਿ `ਚ ਸਿੱਖ ਕਤਲੇਆਮ ਨਾਲ ਵੀ ਜੁੜਿਆ ਹੋਇਆ ਹੈ। ਉਹ ਕਤਲੇਆਮ ਜਿਸ ਦੇ ਤਾਰ ਸਿੱਧੇ ਕਾਂਗਰਸ ਪਾਰਟੀ ਦੇ ਅਨੇਕਾਂ ਲੀਡਰਾਂ ਨਾਲ ਜੁੜਦੇ ਸਨ/ਹਨ। ਬਹੁਤ ਸਾਰੇ ਲੇਖਕਾਂ ਬੁਧੀਜੀਵੀਆਂ ਨੇ ਇਸ ਨੂੰ ਕਾਂਗਰਸ ਦੇ ਇੰਤਜ਼ਾਮ ਕੀਤਾ ਸਿੱਖ ਕਤਲੇਆਮ ਵੀ ਕਿਹਾ ਹੈ। ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਵੱਲੋਂ ਕੀਤੇ ਕਤਲ ਦੇ ਪ੍ਰਤੀਕਰਮ ਵਜੋਂ ਦਿੱਲੀ ਅਤੇ ਹੋਰ ਥਾਵਾਂ `ਤੇ ਸਿੱਖ ਘੱਟਗਿਣਤੀ ਦਾ ਬੜੇ ਹੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ।
ਉਂਝ, ਸੋਚਣ ਅਤੇ ਘੋਖਣ ਵਾਲੀ ਗੱਲ ਇਹ ਹੈ ਕਿ ਜਦੋਂ ਮੁਲਕ ਦੀ ਵੱਡੀ ਪਾਰਟੀ ਕਾਂਗਰਸ ਜਿਸ ਦੇ ਲੀਡਰ ਇਸ ਨੂੰ ‘ਧਰਮ ਨਿਰਪੱਖ ਪਾਰਟੀ` ਹੋਣ ਦਾ ਦਾਅਵੇ ਕਰਦੇ ਰਹੇ ਸਨ, ਸਿੱਖਾਂ ਨੂੰ ਇਸ ਕਰ ਕੇ ਕਤਲ ਕਰ ਰਹੀ ਸੀ ਕਿ ਉਸ ਦੇ ਗਾਰਡਾਂ ਵਿਚੋਂ ਇੱਕ ਦੋ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ ਤਾਂ ਉਸ ਵਕਤ ਘੋਰ ਬ੍ਰਾਹਮਣਵਾਦੀ ਧਿਰਾਂ, ਉੱਚ ਜਾਤਿ ਹਿੰਦੂ ਮੂਲ ਦੇ ਅਮੀਰਾਂ ਦੀ ਨੁਮਾਇੰਦਗੀ ਕਰਦੀ ਆਰ.ਐੱਸ.ਐੱਸ., ਇਸ ਦਾ ਰਾਜਨੀਤਕ ਵਿੰਗ ਭਾਜਪਾ ਅਤੇ ਸੰਘ ਪਰਿਵਾਰ ਕੀ ਕਰ ਰਿਹਾ ਸੀ?
ਆਰ.ਐੱਸ.ਐੱਸ. ਅਤੇ ਜਨ ਸੰਘ (ਮਗਰੋਂ ਨਾਮ ਬਦਲ ਨੇ ਭਾਰਤੀ ਜਨਤਾ ਪਾਰਟੀ ਰੱਖਿਆ) ਉਦੋਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿਚ ਬਹੁਤ ਸਰਗਰਮ ਸਨ; ਸਿਰਫ਼ ਆਪਣੇ ਰਾਜਨੀਤਕ ਏਜੰਡੇ ਨੂੰ ਲੈ ਕੇ ਹੀ ਨਹੀਂ ਬਲਕਿ ਘੱਟਗਿਣਤੀ ਸਿੱਖ ਭਾਈਚਾਰੇ ਨੂੰ ਚਿੜਾਉਣ, ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਵੀ।
ਇੰਟਰਨੈੱਟ ਉੱਪਰ ‘ਸਿੱਖ ਕਤਲੇਆਮ `ਚ ਆਰ.ਐੱਸ.ਐੱਸ. ਅਤੇ ਭਾਜਪਾ ਦੇ ਰੋਲ` ਨੂੰ ਸਰਚ ਕਰਨ `ਤੇ ਸਾਡੇ ਸਾਹਮਣੇ ਚਾਰ-ਪੰਜ ਖ਼ਬਰਾਂ ਦਿਖਾਈ ਦੇਣ ਲੱਗਦੀਆਂ ਹਨ। ਕੁਝ ਫੋਟੋਆਂ, ਕੁਝ ਨਾਂ ਸਾਹਮਣੇ ਆ ਜਾਂਦੇ ਹਨ। ਇੱਕ ਤਸਵੀਰ ਆਰ.ਐੱਸ.ਐੱਸ. ਨਾਲ ਸਬੰਧਤ ਦੋ ਸੀਨੀਅਰ ਆਗੂਆਂ ਅਟਲ ਬਿਹਾਰੀ ਬਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਮਿਲਦੀ ਹੈ ਜਿਨ੍ਹਾਂ ਦੀ ਅਗਵਾਈ ਹੇਠ ਪਹਿਲਾਂ ਜਨ ਸੰਘ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਬਣੀ ਜਿਸ ਦਾ ਅੱਜ ਪੂਰੇ ਮੁਲਕ ਉੱਪਰ ਰਾਜ ਹੈ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦਾ ਹੀ ਚੇਲਾ ਚਾਟੜਾ ਹੈ। ਉਕਤ ਦੋਵੇਂ ਲੀਡਰ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ, ਦਰਬਾਰ ਸਾਹਿਬ ਉੱਪਰ ਫੌਜ ਚਾੜ੍ਹਨ ਦੀ ਮੰਗ ਕਰਦਿਆਂ ਮੁਜ਼ਾਹਰਾ ਕਰ ਰਹੇ ਹਨ। ਅਡਵਾਨੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ 03 ਮਈ 1984 ਨੂੰ ਭਾਜਪਾਈਆਂ ਨੇ ਦਿੱਲੀ ਵਿਚ ਬੜਾ ਵੱਡਾ ਧਰਨਾ ਪ੍ਰਦਰਸ਼ਨ ਕੀਤਾ। ਅਡਵਾਨੀ ਅਤੇ ਵਾਜਪਾਈ ਦੀ ਅਗਵਾਈ ਹੇਠ ਲਾਏ ਇਸ ਧਰਨੇ ਵਿਚ ਉਹਨਾਂ ਬਹੁਤ ਗਰਮ ਸੁਰ `ਚ ਉਪਰੋਕਤ ਮੰਗ ਕੀਤੀ ਸੀ। ਇੰਦਰਾ ਗਾਂਧੀ ਵੱਲੋਂ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਤੋਂ ਬਾਅਦ ਅਗਸਤ ਮਹੀਨੇ ਵਾਜਪਾਈ ਨੇ ਪੰਜਾਬ ਪੁੱਜ ਕੇ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਰਗੜਣ ਵਾਲਾ ਬਿਆਨ ਦਿੱਤਾ ਕਿ ਇਹ ਕੰਮ ਤਾਂ ਅਜੇ ਲੇਟ ਹੋਇਆ ਹੈ, ਇਹ ਕੰਮ ਤਾਂ ਸਰਕਾਰ ਨੂੰ ਛੇ ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ। ਅਸਲ ਵਿਚ ਅਡਵਾਨੀ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਦਬਾਓ ਤਹਿਤ ਹੋਇਆ, ਉਹ ਤਾਂ ਇਹ ਕਾਰਵਾਈ ਛੇ ਮਹੀਨੇ ਪਹਿਲਾਂ ਹੀ ਕਰਵਾਉਣ ਦੇ ਹੱਕ ਵਿਚ ਸਨ, ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਨੇ ਹੀ ਇਹ ਲੇਟ ਕੀਤਾ।
ਦੂਜੀ ਫੋਟੋ ‘ਪਾਇਨੀਅਰ’ ਅਖਬਾਰ ਵਿਚ ਛਪੀ ਖਬਰ ਦੀ ਕਟਿੰਗ ਦੀ ਮਿਲਦੀ ਹੈ ਕਿ ਆਰ.ਐੱਸ.ਐੱਸ. ਅਤੇ ਸੰਘ ਪਰਿਵਾਰ ਦੇ ਅਨੇਕਾਂ ਬੰਦੇ ਵੀ ਦਿੱਲੀ ਕਤਲੇਆਮ `ਚ ਸ਼ਾਮਿਲ ਸਨ। 11 ਅਪਰੈਲ 1994 ਨੂੰ ਦਿੱਲੀ ‘ਚ ਭਾਜਪਾ ਦੀ ਸਰਕਾਰ ਸੀ। ਉਸ ਦੇ ਹਵਾਲਿਆਂ ਨਾਲ ਉਪਰੋਕਤ ਅਖਬਾਰ ਨੇ ਇਹ ਖ਼ਬਰ ਛਾਪੀ ਸੀ ਕਿ ਜਿਹੜੇ-ਜਿਹੜੇ ਪਾਰਟੀ ਵਰਕਰਾਂ ਦੇ ਨਾਮ 1984 ਕਤਲੇਆਮ `ਚ ਆਏ ਹਨ, ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਵੇ ਤੇ ਉਹਨਾਂ ਨੂੰ ਦੋਸ਼ਾਂ ਤੋਂ ਬਰੀ ਕੀਤਾ ਜਾਵੇ। ਅਸੀਂ ਦੇਖ ਸਕਦੇ ਹਾਂ ਕਿ ਕੇਸ ਖ਼ਤਮ ਕਰਾਉਣ ਅਤੇ ਕਲੀਨ ਚਿੱਟ ਲੈਣ ਲਈ ਭਾਜਪਾ ਕਿੰਨੀ ਤਰਲੋਮੱਛੀ ਹੋ ਰਹੀ ਸੀ।
ਇਸੇ ਪ੍ਰਕਾਰ 2 ਫਰਵਰੀ 2002 ਨੂੰ ‘ਹਿੰਦੋਸਤਾਨ ਟਾਈਮਜ਼’ ਵਿਚ ਖਬਰ ਛਪੀ ਕਿ 1984 ਦੇ ਕਤਲੇਆਮ ਵਿਚ ਭਾਜਪਾਈਆਂ ਦਾ ਨਾਮ ਵੀ ਬੋਲਦਾ ਹੈ; ਤੇ ਉਹਨਾਂ ਵਿਚੋਂ ਇੱਕ ਤਾਂ ਅਟਲ ਬਿਹਾਰੀ ਵਾਜਪਾਈ ਦੀ ਚੋਣ ਮੁਹਿੰਮ ਵੀ ਸੰਭਾਲਦਾ ਰਿਹਾ ਹੈ। ਦਿੱਲੀ ਦੇ ਹਰਦਿਆਲ ਸਿੰਘ ਸਾਹਨੀ ਦੀ ਦਰਖਾਸਤ ‘ਤੇ ਅਮਲ ਕਰਦਿਆਂ ਪੁਲਿਸ ਨੇ ਐਫ.ਆਈ.ਆਰ. ਵਿਚ ਭਾਜਪਾਈ ਲੀਡਰਾਂ ਅਤੇ ਵਰਕਰਾਂ ਨੂੰ ਦੋਸ਼ੀ ਨਾਮਜ਼ਦ ਕੀਤਾ। ਜਾਂਚ ਚੱਲ ਰਹੀ ਹੈ। ਭਾਜਪਾਈਆਂ ਨੂੰ ਨਾਮਜ਼ਦ ਕਰਦੀਆਂ ਐਸੀਆਂ ਘੱਟੋ-ਘੱਟ 14 ਐਫ.ਆਈ.ਆਰ. ਦੱਖਣੀ ਦਿੱਲੀ ਦੇ ਥਾਣਿਆਂ ਵਿਚ, ਮੁੱਖ ਰੂਪ ਵਿਚ ਸਿਰੀ-ਨਿਵਾਸਪੁਰੀ ਥਾਣੇ ਵਿਚ ਦਰਜ ਹੋਈਆਂ ਸਨ। ਇਨ੍ਹਾਂ ਵਿਚ ਭਾਜਪਾ ਅਤੇ ਆਰ ਐਸ ਐਸ ਦੇ 49 ਲੀਡਰ ਅਤੇ ਵਰਕਰ ਨਾਮਜ਼ਦ ਕੀਤੇ ਗਏ। ਇਨਾਂ ਵਿਚ ਰਾਮ ਕੁਮਾਰ ਜੈਨ, ਰਤਨ ਲਾਲ, ਰਾਮ ਚੰਦਰ ਗੁਪਤਾ, ਗਿਆਨ ਲਾਲ ਜੈਨ, ਚੰਦਰ ਸੈਨ, ਪ੍ਰੀਤਮ ਸਿੰਘ, ਪ੍ਰਦੀਪ ਕੁਮਾਰ ਜੈਨ, ਹੰਸ ਰਾਜ ਗੁਪਤਾ, ਬਾਬੂ ਲਾਲ, ਵੇਦ ਮਹੀਪਾਲ ਸ਼ਰਮਾ, ਪਦਮ ਕੁਮਾਰ ਜੈਨ, ਸੁਰੇਸ਼ ਚੰਦ ਜੈਨ ਆਦਿ ਦੇ ਨਾਮ ਸਾਹਮਣੇ ਆਉਂਦੇ ਹਨ।
ਹਰੀ ਨਗਰ ਦਿਲੀ ਦਾ ਵਸਨੀਕ ਰਾਮ ਕੁਮਾਰ ਜੈਨ ਆਰ.ਐੱਸ.ਐੱਸ. ਦਾ ਪ੍ਰਮੁੱਖ ਆਗੂ ਸੀ। ਇਸੇ ਨਗਰ ਦੇ ਹਰਦਿਆਲ ਸਿੰਘ ਸਾਹਨੀ ਵੱਲੋਂ ਉਸ ਖਿਲਾਫ ਕੇਸ ਦਰਜ ਕਰਵਾਇਆ ਗਿਆ। ਦਰਖ਼ਾਸਤ ਕਰਤਾ ਨੇ ਦੱਸਿਆ ਗਿਆ ਸੀ ਕਿ ਉਸ ਦੇ ਕੱਪੜੇ ਦੇ ਸ਼ੋਅਰੂਮ ਨੂੰ ਨਵੰਬਰ 1984 ਵਿਚ ਅੱਗ ਲਾ ਕੇ ਸਾੜ ਦਿਤਾ ਗਿਆ ਸੀ ਅਤੇ ਸਾੜਨ ਵਾਲਿਆਂ ਵਿਚ ਰਾਮ ਕੁਮਾਰ ਜੈਨ ਪ੍ਰਮੁੱਖ ਸੀ। ਐੱਫ.ਆਈ.ਆਰ. ਨੰਬਰ 315/92 ਅਤੇ 446/93 ਵਿਚ ਉਸ ਵਿਰੁੱਧ ਦੰਗੇ ਭੜਕਾਉਣ, ਅੱਗਜ਼ਨੀ, ਡਕੈਤੀ ਅਤੇ ਇਰਾਦਾ ਕਤਲ ਆਦਿ ਧਾਰਾਵਾਂ ਤਹਿਤ ਪਰਚੇ ਦਰਜ ਹੋਏ।
ਇਸੇ ਤਰ੍ਹਾਂ ‘ਪੰਜਾਬ ਕੇਸਰੀ’ ਦੇ ਲੁਧਿਆਣਾ ਐਡੀਸ਼ਨ ਦੀ 25 ਦਸੰਬਰ 2009 ਦੀ ਖ਼ਬਰ ਹੈ ਕਿ ਇਕੱਲੀ ਕਾਂਗਰਸ ਨੂੰ ਹੀ 1984 ਦੇ ਕਤਲੇਆਮ ਖਾਤਰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਹੁਣ ਵੀ ਆਰ.ਐੱਸ.ਐੱਸ. ਅਤੇ ਭਾਜਪਾ ਦੇ ਅਨੇਕਾਂ ਆਗੂਆਂ ਅਤੇ ਵਰਕਰਾਂ ਉਪਰ ਵੱਖੋ-ਵੱਖਰੀਆਂ ਅਦਾਲਤਾਂ ਵਿਚ ਉਪਰੋਕਤ ਕਤਲੇਆਮ ਵਿਚ ਸ਼ਾਮਿਲ ਹੋਣ ਦੇ ਕੇਸ ਚੱਲ ਰਹੇ ਹਨ।
ਇਹੀ ਨਹੀ, ਆਰ.ਐੱਸ.ਐੱਸ. ਨਾਲ ਸਬੰਧਿਤ ਲੇਖਕ, ਬੁੱਧੀਜੀਵੀ ਆਦਿ ਸਿੱਖਾਂ ਦੇ ਜ਼ਖ਼ਮਾਂ ਉੱਪਰ ਮਿਰਚਾਂ ਭੁੱਕਣ ਵਾਲੇ ਲੇਖ ਲਿਖਣ ਅਤੇ ਬਿਆਨ ਦੇਣ `ਚ ਲਗਾਤਾਰ ਲੱਗੇ ਰਹੇ ਸਨ। ਇਹਨਾਂ ਵਿਚੋਂ ਸਭ ਤੋਂ ਪ੍ਰਮੁੱਖ ਨਾਮ ਸੰਘ ਦੇ ਕੱਦਾਵਾਰ ਆਗੂ ਨਾਨਾ ਜੀ ਦੇਸ਼ਮੁਖ ਦਾ ਹੈ ਜਿਸ ਨੇ ਆਪਣੇ 8 ਨਵੰਬਰ 1984 ਨੂੰ ਲਿਖੇ ਲੇਖ ਵਿਚ ਸਿੱਖਾਂ ਨੂੰ ਚੁੱਪ-ਚਾਪ ਜ਼ੁਲਮ ਸਹਿਣ ਅਤੇ ਚੁੱਪ ਰਹਿਣ ਦੀ ਨਸੀਹਤ ਦਿੱਤੀ। ਉਸ ਅਨੁਸਾਰ ਸਾਰਾ ਦੋਸ਼ ਸਿੱਖ ਬੁੱਧੀਜੀਵੀਆਂ ਦਾ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਉਹਨਾਂ ਦੇ ‘ਹਿੰਦੂ ਮੂਲ` ਤੋਂ ਵੱਖ ਕਰ ਦਿੱਤਾ; ਨਤੀਜੇ ਵਜੋਂ ਜੋ ਘਟਨਾਵਾਂ ਹੋਈਆਂ, ਉਹਨਾਂ ਕਰ ਕੇ ‘ਰਾਸ਼ਟਰਵਾਦੀ ਹਿੰਦੂ` ਗੁੱਸੇ ਹੋ ਗਏ ਅਤੇ ਹੁਣ ਰਾਸ਼ਟਰਵਾਦੀ ਹਿੰਦੂਆਂ ਦਾ ਗੁੱਸਾ ਸ਼ਾਂਤ ਹੋਣ ਤੱਕ ਚੁੱਪ ਰਹਿਣਾ ਹੀ ਸਿੱਖਾਂ ਵਾਸਤੇ ਠੀਕ ਰਹੇਗਾ।
ਦੂਜੇ ਪਾਸੇ, ਇਸ ਕਤਲੇਆਮ ਵੇਲੇ ਕਾਮਰੇਡਾਂ, ਨਕਸਲੀਆਂ, ਚੰਗੇ ਨਾਗਰਿਕਾਂ, ਦੱਖਣ ਭਾਰਤੀਆਂ, ਆਦਿਵਾਸੀਆਂ, ਅੰਬੇਦਕਰਵਾਦੀ ਧਿਰਾਂ ਨੇ ਅਚੇਤ ਅਤੇ ਸੁਚੇਤ ਰੂਪ ਵਿਚ ਸਿੱਖਾਂ ਦਾ ਸਾਥ ਦਿੱਤਾ। ਇਸ ਦੀਆਂ ਬਥੇਰੀਆਂ ਉਦਾਹਰਨਾਂ ਸਾਨੂੰ ਖੋਜਣ ‘ਤੇ ਮਿਲ ਜਾਣਗੀਆਂ। ਕੇਂਦਰ ਦੀ ਕਾਂਗਰਸ ਸਰਕਾਰ ਨਾਲ ਟਕਰਾਉਂਦੇ ਹੋਏ ਕਾਮਰੇਡ ਜੋਤੀ ਬਾਸੂ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੇ ਆਪਣੇ ਰਾਜ ਵਿਚ ਸਿੱਖ ਘੱਟਗਿਣਤੀਆਂ ਦੀ ਡਟ ਕੇ ਹਿਫਾਜ਼ਤ ਕੀਤੀ। ਭਿੰਡਰਾਂਵਾਲਾ ਸਮਰਥਕ ਅਤੇ ਹੋਰ ਹਥਿਆਰਬੰਦ ਸਿੱਖ ਨੌਜਵਾਨ ਭਾਵੇਂ ਪੰਜਾਬ ਵਿਚ ਕਮਿਊਨਿਸਟ ਪਾਰਟੀਆਂ ਦੇ ਵਰਕਰਾਂ ਅਤੇ ਕਾਡਰਾਂ ਨੂੰ ਕਤਲ ਕਰ ਰਹੇ ਸਨ ਪਰ ਸੀ.ਪੀ.ਐੱਮ. ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨੇ ਬੜੀ ਦਲੇਰੀ ਨਾਲ ਘੱਟਗਿਣਤੀ ਸਿੱਖਾਂ ਦੀ ਹਿਫਾਜ਼ਤ ਕੀਤੀ। ਨਾ ਸਿਰਫ ਪੁਲਿਸ-ਤੰਤਰ ਨੂੰ ਇਸ ਬਾਰੇ ਸਪਸ਼ਟ ਨਿਰਦੇਸ਼ ਦਿਤੇ ਬਲਕਿ ਕਮਿਊਨਿਸਟ ਕਾਡਰ ਦੀਆਂ ਵੀ ਇਸ ਕੰਮ ਲਈ ਡਿਊਟੀਆਂ ਲਗਾਈਆਂ। ਬੰਗਾਲ ਦੇ ਸਿੱਖ ਬਜ਼ੁਰਗਾਂ ਨਾਲ ਰਾਬਤਾ ਕਾਇਮ ਕਰ ਕੇ ਇਸ ਸਬੰਧੀ ਵਿਸੇਸ਼ ਤੱਥ ਖੋਜ ਰਿਪੋਰਟਾਂ ਬਣਾਈਆਂ ਜਾ ਸਕਦੀਆਂ ਹਨ।
ਆਰ.ਐੱਸ.ਐੱਸ. ਨੇ ਵੀ ਸ਼ੁਰੂਆਤੀ ਸ਼ਮੂਲੀਅਤ ਤੋਂ ਬਾਅਦ ਰਾਜਨੀਤਕ ਫੈਸਲਾ ਕਰਦੇ ਹੋਏ ਸਿੱਖਾਂ ਨੂੰ ਕਾਤਲ ਭੀੜਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦਿਖਾਵਾ ਕੀਤਾ ਹੋ ਸਕਦਾ ਹੈ। ਇਹ ਸਭ ਢੂੰਡਿਆ ਵਿਚਾਰਿਆ ਜਾਣਾ ਚਾਹੀਦਾ ਹੈ। ਦੇਸ਼ ਵਿਚ ਇੱਕ ਘੱਟਗਿਣਤੀ ਭਾਈਚਾਰੇ ਦਾ ਬਹੁਗਿਣਤੀ ਭੀੜਾਂ ਵੱਲੋਂ ਯੋਜਨਾਬੱਧ ਕਤਲੇਆਮ ਹੋਵੇ ਤੇ ਆਰ.ਐਸ.ਐਸ. ਦਾ ਕੋਈ ਰੋਲ ਹੀ ਨਾ ਹੋਵੇ, ਇਹ ਖੋਜ ਦਾ ਵਿਸ਼ਾ ਹੈ; ਬਿਲਕੁਲ ਉਵੇਂ ਹੀ ਜਿਵੇਂ ਮੋਦੀ ਦੇ ਰਾਜ ਵਿਚ 2002 ਦੇ ਗੁਜਰਾਤ ਕਤਲੇਆਮ ਵਿਚ ਕੀ ਕਾਂਗਰਸੀ ਉਚ ਜਾਤੀ ਹਿੰਦੂ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਸੀ? ਇਹ ਵੀ ਖੋਜ ਦੀ ਮੰਗ ਕਰਦਾ ਹੈ। ਕੀ ਕਾਂਗਰਸ-ਭਾਜਪਾ-ਆਰ.ਐੱਸ.ਐੱਸ. ਇੱਕ ਦੂਜੇ ਦੀਆਂ ਜੁੜਵੀਆਂ ਕੜੀਆਂ ਹੀ ਹਨ? ਇਹ ਵੀ ਵਿਚਾਰਨ ਦੀ ਜ਼ਰੂਰਤ ਹੈ।
ਇਸ ਸਾਲ ਵੀ ਨਵੰਬਰ ਦੇ ਪਹਿਲੇ ਹਫਤੇ ਪੂਰੇ ਪੰਜਾਬ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੇ ਧਰਨੇ ਪ੍ਰਦਰਸ਼ਨ ਹੋਏ। ਅਕਾਲੀ ਦਲ, ਰਵਾਇਤੀ ਸਿੱਖ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਰਵਾਇਤੀ ਕਮਿਊਨਿਸਟ ਪਾਰਟੀਆਂ, ਸਾਧੂ ਸੰਪਰਦਾਵਾਂ ਵਗੈਰਾ ਨੇ ਕਤਲੇਆਮ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਵਿਰੁੱਧ ਆਵਾਜ਼ ਉਠਾਈ। ਇਸ ਦੇ ਨਾਲ ਹੀ ਇਨਸਾਫ਼ਪਸੰਦ ਤਾਕਤਾਂ ਨੂੰ ਇਸ ਆਵਾਜ਼ ਨੂੰ ਮਜ਼ਬੂਤ ਕਰਨ ਲਈ ਇਸ ਦੇ ਤੱਥ ਲੱਭਣ ਅਤੇ ਜਨਤਕ ਤੌਰ `ਤੇ ਪ੍ਰਚਾਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਉਪਰੋਕਤ ਕਤਲੇਆਮ `ਚ ਕਿਹੜੀ ਕਿਹਾੜੀ ਥਾਂ ਕਾਂਗਰਸ ਦੇ ਨਾਲ-ਨਾਲ ਹੋਰ ਬ੍ਰਾਹਮਣਵਾਦੀ ਮਨੂੰਵਾਦੀ ਉੱਚ ਜਾਤਿ ਹੰਕਾਰੀ ਧਿਰਾਂ ਦੀ ਵਿਸ਼ੇਸ਼ ਸ਼ਮੂਲੀਅਤ ਰਹੀ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਦੇ ਕਿਹੜੇ ਕਿਹੜੇ ਲੀਡਰ `ਤੇ ਕਿਹੜੇ ਸ਼ਹਿਰ ਵਿਚ, ਕਿਹੜੇ ਥਾਣੇ ਵਿਚ ਪਰਚਾ ਦਰਜ ਹੋਇਆ। ਕੁੱਲ ਕਿੰਨੇ ਦੋਸ਼ੀ ਨਾਮਜ਼ਦ ਕੀਤੇ ਗਏ। ਕੀ ਕੇਸ ਰਫਾ-ਦਫਾ ਹੋ ਗਏ ਜਾਂ ਅਜੇ ਵੀ ਚੱਲ ਰਹੇ ਹਨ? ਜੇ ਚੱਲ ਰਹੇ ਹਨ ਤਾਂ ਕਿਹੜੀ ਅਦਾਲਤ ਵਿਚ ਹਨ? ਕਿਸ ਹਾਲਤ ਵਿਚ ਹਨ? ਦਰਖਾਸਤ ਕਰਤਾ ਕੌਣ ਹੈ? ਕੀ ਉਸ ਦੀ ਕਦੇ ਕਿਸੇ ਖਬਰ ਚੈਨਲ ਨੇ ਇੰਟਰਵਿਊ ਕੀਤੀ ਹੈ ਜਾਂ ਨਹੀ? ਇਹ ਸਭ ਕੁਝ ਖੋਜਣਾ, ਲੱਭਣਾ, ਛਾਪਣਾ ਬਣਦਾ ਹੈ।
ਹਰੀ ਨਗਰ ਦਿੱਲੀ ਵਾਲੇ ਜਿਸ ਹਰਦਿਆਲ ਸਿੰਘ ਸਾਹਨੀ ਦਾ ਜ਼ਿਕਰ ਆਇਆ ਸੀ, ਉਹ ਕੌਣ ਹੈ? ਕਿੱਥੇ ਹੈ? ਉਸ ਦੇ ਬੱਚੇ ਕਿੱਥੇ ਹਨ? ਕੀ ਇਹ ਲੱਭਣਾ ਅੱਜ ਦੇ ਸਮੇ ਵਿਚ ਮੁਸ਼ਕਿਲ ਕਾਰਜ ਹੈ? ਬਿਲਕੁਲ ਨਹੀਂ ਤਹਿ-ਦਰ-ਤਹਿ ਖੁੱਲ੍ਹਦੀ ਜਾਣੀ ਹੈ।
ਅੱਜ ਪੰਜਾਬ ਵਿਚ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਦਾ ਚੰਗਾ ਉਤਸ਼ਾਹ-ਵਧਾਊ ਮਾਹੌਲ ਹੈ। ਪੰਜਾਬ ਤੇ ਹਰਿਆਣੇ ਦੇ ਲੋਕ, ਵੱਖ ਵੱਖ ਧਰਮਾਂ, ਜਾਤਾਂ ਦੇ ਲੋਕ ਇਕ ਦੂਜੇ ਦੇ ਨੇੜੇ ਆਏ ਹਨ। ਹਾਕਮ ਜਮਾਤਾਂ ਵਲੋਂ ਆਪਣੇ ਸੌੜੇ ਹਿਤ ਪੂਰਨ ਖ਼ਾਤਰ ਸਿੱਖਾਂ, ਕਾਮਰੇਡਾਂ ਤੇ ਅੰਬੇਦਕਰਵਾਦੀਆਂ ਵਿਚਕਾਰ, ਜੱਟਾਂ ਤੇ ਦਲਿਤਾਂ ਵਿਚਕਾਰ, ਜੱਟਾਂ ਤੇ ਜਾਟਾਂ ਵਿਚਕਾਰ ਪਾਈਆਂ ਝੂਠੀਆਂ ਵੰਡੀਆਂ ਮੁਕਾਬਲਤਨ ਘਟੀਆਂ ਹਨ। ਰਵਾਇਤੀ ਲੀਡਰਾਂ ਅਤੇ ਰਵਾਇਤੀ ਪਾਰਟੀਆਂ ਦੇ ਛਲ ਕਪਟ ਤੋਂ ਆਮ ਜਨਤਾ ਸੁਚੇਤ ਹੋਈ ਹੈ। ਕਿਸਾਨ ਅੰਦੋਲਨ ਵਿਚ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਦੇ ਬਾਕੀ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਦਾ ਅਜੇ ਯੂਨੀਅਨਾਂ ਕੋਲ 2024 ਤੱਕ ਦਾ ਸਮਾਂ ਪਿਆ ਹੈ।
ਇਸ ਮੌਕੇ ਕਿਸਾਨਾਂ ਦੀ ਜੁਝਾਰੂ ਅਤੇ ਸ਼ਕਤੀਸ਼ਾਲੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਤਿੰਨ ਨਵੰਬਰ ਨੂੰ ਸਿੱਖ ਕਤਲੇਆਮ ਵਿਰੁੱਧ ਪੰਜਾਬ ਵਿਚ ਜ਼ੋਰਦਾਰ ਧਰਨੇ ਪ੍ਰਦਰਸ਼ਨ ਕੀਤੇ ਹਨ। ਇਹ ਬਹੁਤ ਚੰਗਾ ਅਤੇ ਉਸਾਰੂ ਕਦਮ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਹਰ ਪੰਜਾਬ ਪੱਖੀ ਵੀਰ ਭੈਣ ਇਨਸਾਫ਼ ਦੀ ਇਸ ਲੜਾਈ ਦਾ ਸਮਰਥਨ ਕਰਨਾ ਬਣਦਾ ਹੈ।
ਸਿੱਖਾਂ ਵਿਚਲੇ ਸੁਚੇਤ ਤੇ ਸੱਚੇ ਸੁੱਚੇ ਹਿੱਸਿਆਂ ਨੂੰ ਵੀ ਰਵਾਇਤੀ ਸੰਸਥਾਵਾਂ ਦਾ ਲੜ ਛੱਡ ਕੇ, ਆਪਣੇ ਦੋਸਤ ਅੰਬੇਦਕਰਵਾਦੀ ਵੀਰਾਂ, ਘੱਟਗਿਣਤੀ ਮੁਸਲਿਮ ਵੀਰਾਂ, ਇਸਾਈ ਵੀਰਾਂ ਨੂੰ ਨਾਲ ਲੈ ਇਨਸਾਫ਼ ਦੀ ਇਸ ਲੜਾਈ ਦੀ ਹਮਾਇਤ ਕਰਨੀ ਚਾਹੀਦੀ ਹੈ। ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਵਿਦਵਾਨਾਂ, ਨਾਟਕਕਾਰਾਂ, ਡਾਕਟਰਾਂ, ਇੰਜਨੀਅਰਾਂ, ਵਿਗਿਆਨੀਆਂ, ਪ੍ਰੋਫੈਸਰਾਂ, ਆਮ ਸ਼ਹਿਰੀਆਂ, ਜਿਗਿਆਸੂ, ਵਿਗਿਆਨਕ ਤੇ ਤਰਕਵਾਦੀ ਧਿਰਾਂ, ਔਰਤਾਂ ਜਥੇਬੰਦੀਆਂ, ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਵੀ ਇਸ ਸੰਘਰਸ਼ ਨਾਲ ਜੁੜਨਾ ਚਾਹੀਦਾ ਹੈ। ਬੌਧਿਕ ਹਿੱਸਿਆਂ ਨੂੰ ਸਮਰਥਨ ਕਰਨ ਦੇ ਨਾਲ-ਨਾਲ ਨਵੰਬਰ 1984 ਸਿੱਖ ਕਤਲੇਆਮ ਵਿਚ ਆਰ.ਐੱਸ.ਐੱਸ.-ਭਾਜਪਾ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ `ਤੇ ਖੋਜਣਾ ਚਾਹੀਦਾ ਹੈ ਤਾਂ ਜੋ ਲੋਕ ਕਚਿਹਰੀ ਵਿਚ ਨਰਿੰਦਰ ਮੋਦੀ ਦੇ ਸੰਘ ਪਰਿਵਾਰ ਦਾ ਤੇ ਉਸ ਨਾਲ ਜੁੜਨ ਵਾਲੇ ਸਿੱਖ ਭੇਖਧਾਰੀ ਪਰ ਦਿਲੋਂ ਮਨੂੰਵਾਦੀ ਲੁੰਗ-ਲਾਣੇ ਦਾ ਹੀਜ-ਪਿਆਜ ਨੰਗਾ ਕੀਤਾ ਜਾ ਸਕੇ।