ਬਾਕੂ ਦਾ ਅਗਲੀ ਮੰਦਰ ਤੇ ਉਦਾਸੀ ਸੰਪ੍ਰਦਾਇ

ਗੁਲਜ਼ਾਰ ਸਿੰਘ ਸੰਧੂ
ਲੰਘਿਆ ਹਫ਼ਤਾ ਬਾਬਾ ਨਾਨਕ ਦੇ ਜਨਮ ਨੂੰ ਪਰਨਾਇਆ ਹੋਇਆ ਸੀ। ਇਹ ਸਬੱਬ ਦੀ ਗੱਲ ਹੈ ਕਿ ਦਿੱਲੀ ਯੂਨੀਵਰਸਟੀ ਦੇ ਬੋਧੀ ਅਧਿਐਨ ਵਿਭਾਗ ਦੇ ਮੁਖੀ ਵਲੋਂ ਪੇਸ਼ ਕੀਤਾ ਗਿਆ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਨ ਵੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੂਤ ਬਾਬਾ ਸ਼੍ਰੀ ਚੰਦ ਵਲੋਂ ਅਪਣਾਈ ਉਦਾਸੀ ਭਾਵਨਾ ਨਾਲ ਸਬੰਧਤ ਸੀ। ਭਾਸ਼ਣ ਦੇਣ ਵਾਲਾ ਕਰਮ ਤੇਜ ਸਿੰਘ ਸਰਾਓ ਪਿੰਡ ਚੱਠਾ ਗੋਬਿੰਦਪੁਰਾ ਜ਼ਿਲ੍ਹਾ ਸੰਗਰੂਰ ਦਾ ਜੰਮਪਲ ਹੈ। ਉਹਦੇ ਵਲੋਂ ਪੇਸ਼ ਕੀਤੀ ਗਈ ਬਾਕੂ ਦੇ ਅਗਨੀ ਮੰਦਰ ਦੀ ਨਕਸ਼ ਨੁਹਾਰ ਸਰਾਓ ਦੀਆਂ ਪੰਜ ਗੇੜੀਆਂ ਉੱਤੇ ਆਧਾਰਤ ਹੈ। 1975 ਵਿਚ ਅਜਾਇਬ ਘਰ ਵਜੋਂ ਪਰਿਵਰਤਤ ਇਹ ਮੰਦਰ ਪੰਜ-ਭੁਜੀ ਕੰਧਾਂ ਵਿਚ ਘਿਰਿਆ ਹੋਇਆ ਹੈ ਤੇ ਏਥੇ 24 ਕੋਠੜੀਆਂ ਬਣੀਆਂ ਹੋਈਆਂ ਹਨ, ਜਿੱਥੇ ਸੰਨਿਆਸੀ, ਸ਼ਰਧਾਲੂ ਤੇ ਲਾਦੂ ਜਾਨਵਰਾਂ ਦੇ ਵਪਾਰੀ ਰੈਣ ਬਸੇਰਾ ਕਰਦੇ ਹਨ। ਇਹ ਦੱਸਣਾ ਵੀ ਯੋਗ ਹੋਵੇਗਾ ਕਿ ਬਾਕੂ ਆਜ਼ੇਰ ਬਾਈਜਾਨ ਦੀ ਰਾਜਧਾਨੀ ਹੈ।

ਨੋਟ ਕਰਨ ਵਾਲੀ ਗੱਲ ਇਹੀ ਹੈ ਕਿ ਇਨ੍ਹਾਂ ਕੋਠੜੀਆਂ ਦੇ ਦਰਾਂ ਦਰਵਾਜ਼ਿਆਂ ਉੱਤੇ ਲੱਗੀਆਂ ਹੋਈਆਂ ਪੱਟੀਆਂ ਦੇਵਨਾਗਰੀ ਤੇ ਲੰਡਾ ਲਿਪੀ ਤੋਂ ਬਿਨਾ ਗੁਰਮੁਖੀ ਲਿਪੀ ਵਿਚ ਵੀ ਹਨ। ਕੋਠੜੀ ਨੰਬਰ 7 ਤੇ 10 ਦੇ ਦਰਵਾਜ਼ੇ ਗੁਰਮੁਖੀ ਲਿਪੀ ਵਾਲੇ ਹਨ। ਸਰਾਓ ਨੇ ਜਿਨ੍ਹਾਂ ਦੀਆਂ ਤਸਵੀਰਾਂ ਆਪਣੇ ਭਾਸ਼ਣ ਸਮੇਂ ਸਰੋਤਿਆਂ ਨੂੰ ਪਿਆਰ ਨਾਲ ਦਿਖਾਈਆਂ। ਇਨ੍ਹਾਂ ਵਿਚ ਗੁਰਮੁਖੀ ਅੱਖਰ ਤੇ ਸ਼ਬਦ ਇਕ ਦੂਜੇ ਨਾਲ ਜੁੜਵੇਂ ਹਨ। ਏਥੋਂ ਤਕ ਕਿ ਚੇਲਾ ਸ਼ਬਦ ਦਾ ‘ਚੇ’ ਭਾਗ ਇਕ ਸਤਰ ਦੇ ਅੰਤ ਉੱਤੇ ਹੈ ਤੇ ‘ਲਾ’ ਭਾਗ ਅਗਲੀ ਸਤਰ ਦੇ ਆਰੰਭ ਵਿਚ। ਇਨ੍ਹਾਂ ਦਾ ਲਿਖਣ ਸਮਾਂ 1668 ਤੋਂ 1816 ਈਸਵੀ ਦਾ ਮਿੱਥਿਆ ਗਿਆ ਹੈ। ਦੇਵਨਾਗਰੀ ਵਾਲੀ ਕੋਠੜੀ ਨੰਬਰ 12 ਦੇ ਦਰਵਾਜ਼ੇ ਸਮੇਤ ਸਤਵੀਂ ਤੇ ਦਸਵੀਂ ਕੋਠੜੀ ਦਾ ਸਬੰਧ ਗੁਰੂ ਬਾਬਾ ਨਾਨਕ ਦੀ ਤੀਸਰੀ ਉਦਾਸੀ ਨਾਲ ਜੁੜਦਾ ਮੰਨਿਆ ਗਿਆ ਹੈ।
ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਸੰਨਿਆਸ ਧਾਰਨ ਵਾਲੇ ਸਨਿਆਸੀ ਆਰਾਮਾਂ, ਵਿਹਾਰਾਂ ਤੇ ਡੇਰਿਆਂ ਵਿਚ ਰਹਿਣ ਵਾਲੇ ਵੀ ਸਨ ਤੇ ਜੰਗਲਾਂ, ਗ਼ੁਫਾਵਾਂ ਤੇ ਰੇਗਿਸਤਾਨਾਂ ਵਿਚ ਵੀ। ਸਪੱਸ਼ਟ ਹੈ ਕਿ ਬਾਬਾ ਨਾਨਕ ਨੇ ਗ੍ਰਹਿਸਤੀ ਸੰਪਰਦਾਇ ਸਥਾਪਤ ਕਰ ਕੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਿਹੜੀ ਸਮਾਂ ਪਾ ਕੇ ਵਧੇਰੇ ਮਕਬੂਲ ਹੋਈ।
ਭਾਵੇਂ ਉਦਾਸੀ ਸੰਪ੍ਰਦਾਇ ਦੇ ਕਈ ਰੀਤੀ-ਰਿਵਾਜਾਂ ਅਤੇ ਜੀਵਨ-ਸ਼ੈਲੀ ਨੂੰ ਸਿੱਖੀ-ਸਿਧਾਂਤਾਂ ਦੇ ਵਿਰੋਧੀ ਮੰਨਿਆ ਗਿਆ ਹੈ ਪਰ ਇਸ ਵਿਚ ਸ਼ੱਕ ਨਹੀਂ ਕਿ ਉਦਾਸੀ ਸੰਤ ਸਿੱਖ ਧਰਮ ਦੇ ਪ੍ਰਥਮ ਸੰਤ ਹਨ ਤੇ ਸਿੱਖ ਧਰਮ ਉਨ੍ਹਾਂ ਦਾ ਕਰਜ਼ਈ ਹੈ। ਕੋਠੜੀ ਨੰਬਰ 7 ਤੇ 10 ਦੇ ਦੋਵਾਂ ਸ਼ਿਲਾਲੇਖਾਂ ਦਾ ਪਹਿਲਾ ਭਾਗ ਜਪੁਜੀ ਸਾਹਿਬ ਦੀਆਂ ਆਰੰਭਕ ਪੰਕਤੀਆਂ ਨਾਲ ਮੇਲ ਖਾਂਦਾ ਹੈ ਜਿਸਨੂੰਸਿੱਖ ਧਰਮ ਦਾ ਮੂਲ ਮੰਤਰ ਕਿਹਾ ਜਾਂਦਾ ਹੈ। ਪ੍ਰੋ. ਸਰਾਓ ਦਾ ਉੱਦਮ ਤੇ ਸਿਰੜ ਉਸਨੂੰ ਮੁਬਾਰਕ!
ਬ੍ਰਿਟਿਸ਼ ਕੋਲੰਬੀਆ ਦਾ ਇਕ ਦਿਨ ਤੇ ਪੰਜਾਬ ਦੇ ਤੀਹ ਦਿਨ
ਸਾਰੀ ਦੁਨੀਆਂ ਦੇ ਪੰਜਾਬੀ ਪਿਆਰੇ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਉਂਦੇ ਹਨ। ਇਸ ਦਿਨ ਵਰਤਮਾਨ ਪੰਜਾਬ ਹੋਂਦ ਵਿਚ ਆਇਆ ਸੀ। 1947 ਵਿਚ ਜਿਹੜਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇ ਟੁਕੜੇ ਹੋਣ ਪਿੱਛੋਂ ਢਾਈ ਦਰਿਆਵਾਂ ਦਾ ਹੋ ਕੇ ਰਹਿ ਗਿਆ ਸੀ ਪਹਿਲੀ ਨਵੰਬਰ 1966 ਨੂੰ ਇਸ ਵਿਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦਾ ਕੁਝ ਹਿੱਸਾ ਬਾਹਰ ਕੱਢ ਕੇ ਵਰਤਮਾਨ ਪੰਜਾਬ ਦੀ ਸਿਰਜਣਾ ਕੀਤੀ ਗਈ ਸੀ। ਪੰਜਾਬ ਨੇ ਕੀ ਖੱਟਿਆ ਤੇ ਕੀ ਗੰਵਾਇਆ ਇਤਿਹਾਸ ਦਾ ਭਾਗ ਬਣ ਚੁੱਕਿਆ ਹੈ। ਇਹ ਵੀ ਕਿ ਉਸ ਦਿਨ ਤੋਂ ਪਿੱਛੋਂ ਅਨੇਕਾਂ ਪੰਜਾਬੀ ਗੱਭਰੂ ਤੇ ਮੁਟਿਆਰਾਂ ਆਪਣੀ ਜਨਮ ਭੌਂ ਨੂੰ ਅਲਵਿਦਾ ਕਹਿ ਕੇ ਬਾਹਰਲੇ ਦੇਸ਼ਾਂ ਦੇ ਵਸਨੀਕ ਹੋ ਗਏ ਹਨ। ਰੋਜ਼ੀ ਰੋਟੀ ਦੀ ਭਾਲ ਵਿਚ ਪਰਾਈ ਧਰਤੀ ਨੂੰ ਅਪਨਾਉਣਾ ਉਨ੍ਹਾਂ ਦੀ ਮਜਬੂਰੀ ਮਾਤ੍ਰ ਹੈ।
ਆਪਾਂ ਇਸ ਵਰ੍ਹੇ ਦੇ ਪੰਜਾਬ ਦਿਵਸ ਤਕ ਹੀ ਸੀਮਤ ਰਹੀਏ। ਪੰਜਾਬ ਨੇ ਇਹ ਦਿਨ ਭਾਸ਼ਾ ਵਿਭਾਗ ਦੇ ਵਿਹੜੇ ਪਟਿਆਲਾ ਸ਼ਹਿਰ ਵਿਚ ਮਨਾਇਆ। ਸੱਦਾ ਪੱਤਰ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ। ਉਨ੍ਹਾਂ ਨੂੰ ਕੇਵਲ ਇਕ ਦਿਨ ਪਹਿਲਾਂ ਕਿਸੇ ਹੋਰ ਪ੍ਰੋਗਰਾਮ ਵਾਲੇ ਭਰਮਾ ਕੇ ਆਪਣੇ ਪ੍ਰੋਗਰਾਮ ਦੀ ਸ਼ਾਨ ਵਧਾਉਣ ਉਥੇ ਲੈ ਗਏ। ਉਨ੍ਹਾਂ ਨੂੰ, ਸ਼ਾਇਦ, ਏਨੀ ਸੋਝੀ ਵੀ ਨਹੀਂ ਸੀ ਕਿ ਪੰਜਾਬ ਦਿਵਸ ਤਾਂ ਪਹਿਲੀ ਨਵੰਬਰ ਨੂੰ ਹੀ ਮਨਾਇਆ ਜਾਣਾ ਸੀ ਤੇ ਉਹ ਆਪਣੇ ਵਾਲਾ ਪ੍ਰੋਗਰਾਮ ਅੱਗੇ ਪਿੱਛੇ ਕਰ ਸਕਦੇ ਸਨ। ਨਤੀਜੇ ਵਜੋਂ ਮੁੱਖ ਮੰਤਰੀ ਮਿੱਥੇ ਪ੍ਰੋਗਰਾਮ ਅਨੁਸਾਰ ਪਟਿਆਲਾ ਨਹੀਂ ਪਹੰੁਚ ਸਕੇ ਤੇ ਉਨ੍ਹਾਂ ਨੇ ਉਚੇਰੀ ਸਿੱਖਿਆ ਵਾਲੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਦੋ ਘੰਟੇ ਲੇਟ ਭੇਜਿਆ। ਦੂਰੋਂ ਨੇੜਿਓਂ ਹੰੁਮ-ਹੁਮਾ ਕੇ ਇਸ ਪ੍ਰੋਗਰਾਮ ਲਈ ਪਹੰੁਚੇ ਬੁੱਧੀਜੀਵੀਆਂ, ਦਰਸ਼ਕਾਂ ਤੇ ਸਰੋਤਿਆਂ ਨੂੰ ਪੂਰੇ ਦੋ ਘੰਟੇ ਉਡੀਕ ਕਰਨੀ ਪਈ।
ਇਸਦੇ ਉਲਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਇਹ ਵਾਲਾ ਪ੍ਰੋਗਰਾਮ ਆਪਣੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਚ ਮਨਾਇਆ, ਜਿੱਥੇ ਬੀ.ਸੀ. ਦਾ ਸਪੀਕਰ ਉਥੋਂ ਦੀ ਪਾਰਲੀਮੈਂਟਰੀ ਸੈਕਟਰੀ ਐਨ ਸਮੇਂ ਸਿਰ ਪਹੰੁਚੇ ਤੇ ਵੇਲੇ ਸਿਰ ਕਾਰਗੁਜ਼ਾਰੀ ਕੀਤੀ। ਪੰਜਾਬੀ ਪਿਆਰਿਆਂ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਥੋਂ ਦੀ ਪਾਰਲੀਮੈਂਟੀ ਸੈਕਟਰੀ ਰਚਨਾ ਸਿੰਘ ਸਿੱਖ ਪਰਿਵਾਰ ਵਿਚੋਂ ਹੈ। ਜਗਰਾਉਂ ਨੇੜਲੇ ਪਿੰਡ ਭਮੀਪੁਰਾ ਵਾਲੇ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਸਵਰਗਵਾਸੀ ਪੰਜਾਬੀ ਮਹਾਰਥੀ ਤੇਰਾ ਸਿੰਘ ਚੰਨ ਦੀ ਦੋਹਤਰੀ।
ਰਚਨਾ ਸਿੰਘ ਵਿਚ ਆਪਣੇ ਪੁਰਖਿਆਂ ਦਾ ਖ਼ੂਨ ਏਸ ਹਦ ਤੱਕ ਰਚਿਆ ਹੋਇਆ ਹੈ ਕਿ ਉਸ ਨੇ ਆਪਣਾ ਭਾਸ਼ਣ, ਸਪੀਕਰ ਤੋਂ ਆਗਿਆ ਲੈ ਕੇ, ਪੰਜਾਬੀ ਵਿਚ ਸ਼ੁਰੂ ਕੀਤਾ। ਉਸਨੇ ਆਪਣੇ ਸ਼ਬਦਾਂ ਵਿਚ ਆਪਣੀ ਮਾਤ ਭਾਸ਼ਾ ਨੂੰ ਹੀ ਨਹੀਂ ਵਡਿਆਇਆ ਕੈਨੇਡਾ ਵਾਲਿਆਂ ਦੀ ਵੀ ਉਸਤਤ ਕੀਤੀ, ਜਿਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਕੇ ਅੰਤ ਪੰਜਾਬੀਆਂ ਨੂੰ ਆਵਾਸ ਦੇ ਰੱਖਿਆ ਹੈ ਤੇ ਉਹ ਬੀ ਸੀ ਦੇ ਉੱਚਤਮ ਅਹੁਦਿਆਂ ਉੱਤੇ ਬਿਰਾਜਮਾਨ ਰਹੇ ਹਨ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੀਡੀਆ ਨੇ ਰਚਨਾ ਸਿੰਘ ਦੀ ਪਹਿਲਕਦਮੀ ਦਾ ਭਰਵਾਂ ਸਵਾਗਤ ਕੀਤਾ ਹੈ।
ਅੰਤਿਕਾ
ਫੈਜ ਅਹਿਮਦ ਫੈਜ
ਮੈਦਾਨ ਏ ਵਫਾ ਦਰਬਾਰ ਨਹੀਂ, ਯਾਂ ਨਾਮ ਓ ਨਸਬ ਕੀ ਪੂਛ ਕਹਾਂ
ਆਸ਼ਕ ਤੋ ਕਿਸੀ ਕਾ ਨਾਮ ਨਹੀਂ, ਕੁੱਛ ਇਸ਼ਕ ਕਿਸੀ ਕੀ ਜ਼ਾਤ ਨਹੀਂ।