ਸੇਫਟੀ ਕਿੱਟ

ਜਿੰਦਰ
ਫੋਨ: 98148-03254
‘ਸਮਾਂਥਾ, ਤੈਨੂੰ ਬੇਗਾਨੀਆਂ ਥਾਵਾਂ ’ਤੇ ਇਕੱਲੀ ਜਾਂਦਿਆਂ ਡਰ ਨ੍ਹੀਂ ਲੱਗਦਾ?’ ਮੈਂ ਪੱੁਛਿਆ ਤਾਂ ਉਸ ਨੇ ਅੱਗੋਂ ਮੈਥੋਂ ਪੁੱਛ ਲਿਆ, ‘ਯੂ ਆਰ ਸਕੇਅਰਡ ਆਫ ਰੇਪ, ਡੌਂਟ ਯੂ?’ ਮੈਂ ਉਸ ਵੱਲ, ਜਿੱਦਾਂ ਪਹਿਲਾਂ ਉਸ ਦੀਆਂ ਗੱਲਾਂ ਸੁਣ ਕੇ ਦੇਖਦੀ ਸੀ, ਉੱਦਾਂ ਹੀ ਹੁਣ ਵੀ ਦੇਖਿਆ| ਰੇਪ ਤੋਂ ਕਿਸ ਨੂੰ ਡਰ ਨਹੀਂ ਲੱਗਦਾ|

ਰੇਪ ਤੋਂ ਬਾਅਦ ਕਾਹਦੀ ਜ਼ਿੰਦਗੀ ਰਹਿ ਜਾਂਦੀ ਹੈ? ਮੇਰਾ ਕੀ, ਹਰ ਕੁੜੀ ਦਾ ਇਹੋ ਤਾਂ ਸਭ ਤੋਂ ਵੱਡਾ ਡਰ ਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਜਾਹ-ਜਾਂਦੀ ਹੋ ਜਾਵੇ| ਜਿੱਦਣ ਦਾ ਮੰਮੀ ਦਾ ਫੋਨ ਆਇਆ, ਮੈਂ ਮੁੜ ਤੋਂ ਡਰਣ ਲੱਗੀ ਹਾਂ| ਉਨ੍ਹਾਂ ਨੇ ਕੰਬਦੀ ਹੋਈ ਆਵਾਜ਼ ’ਚ ਦੱਸਿਆ ਸੀ, ‘ਮਰ ਜਾਣ ਸਾਡੇ ਜੱਜ, ਅਜੇ ਤਾਈਂ ਨਿਰਭਯਾ ਜਬਰ-ਜਨਾਹ ਦੇ ਕਾਤਲਾਂ ਨੂੰ ਫਾਂਸੀ ਨ੍ਹੀਂ ਦਿੱਤੀ| ਹੁਣ ਨਵਾਂ ਹੀ ਪੰਗਾ ਖੜਾ ਹੋ ਗਿਆ| ਕਹਿੰਦੇ ਚਹੁੰਆਂ ’ਚੋਂ ਇਕ ਨਾਬਾਲਿਗ ਆ| ਮੁਕੇਸ਼, ਪਵਨ, ਵਿਨੈ, ਅਕਸ਼ੈ…ਮੇਰੇ ਵੱਸ ’ਚ ਹੋਵੇ ਤਾਂ ਤਿਲੰਗਾਨਾ ਕਾਂਡ ਵਾਂਗ ਇਨ੍ਹਾਂ ਨੂੰ ਇਕ ਕਤਾਰ ’ਚ ਖੜੇ ਕਰ ਕੇ ਗੋਲੀ ਮਾਰ ਦਿਆਂ| ਜਿੰਨਾ ਚਿਰ ਅਰਬ ਕੰਟਰੀਆਂ ਵਾਂਗ ਇੱਥੇ ਸਜ਼ਾਵਾਂ ਨ੍ਹੀਂ ਹੁੰਦੀਆਂ, ਕੁਸ਼ ਨ੍ਹੀਂ ਹੋਣਾ|’ ਗੱਲਾਂ ਕਰਦਿਆਂ-ਕਰਦਿਆਂ ਉਨ੍ਹਾਂ ਨੂੰ ਸਾਹ ਚੜ੍ਹ ਗਿਆ ਸੀ| ਮੈਂ ਕਿਹਾ ਸੀ, ‘ਮੈਨੂੰ ਪਤਾ| ਤੁਸੀਂ ਕੋਈ ਹੋਰ ਗੱਲ ਦੱਸੋ|’ ਉਨ੍ਹਾਂ ਦੀ ਆਵਾਜ਼ ਭਾਰੀ ਹੁੰਦੀ ਗਈ, ‘ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ| ਮੈਂ ਤਾਂ ਨੀਲੀ ਛਤਰੀ ਵਾਲੇ ਦੀ ਸ਼ੁਕਰਗੁਜ਼ਾਰ ਹਾਂ ਕਿ ਤੂੰ ਬਾਹਰਲੇ ਮੁਲਕ ਚਲੀ ਗਈ| ਸਾਡਾ ਮੁਲਕ ਤਾਂ ਗਰਕਣ ’ਤੇ ਆਇਆ|…ਫੇਰ ਵੀ ਧੀਏ ਆਪਣਾ ਖਿਆਲ ਰੱਖੀਂ| ਕਿਸੇ ’ਤੇ ਬਹੁਤਾ ਇਤਬਾਰ ਕਰਨ ਦਾ ਸਮਾਂ ਨ੍ਹੀਂ ਰਿਹਾ|’
ਇਸ ਵਾਰ ਸਮਾਂਥਾ ਦੋ ਹਫਤਿਆਂ ਲਈ ਅਫਗਾਨਿਸਤਾਨ ਗਈ ਸੀ| ਉਸ ਕੋਲ ਬਹੁਤ ਸਾਰੀਆਂ ਗੱਲਾਂ ਦੱਸਣ ਵਾਲੀਆਂ ਸਨ| ਅੱਜ ਨਹੀਂ ਤਾਂ ਕੱਲ੍ਹ ਉਸ ਨੇ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰਨੇ ਹੀ ਸਨ| ਜਿੱਥੇ ਵੀ ਜਾਂਦੀ, ਜਾਂ ਤਾਂ ਆਪਣੀ ਡਾਇਰੀ ’ਤੇ ਨੋਟ ਕਰੀ ਜਾਂਦੀ ਜਾਂ ਮੋਬਾਈਲ ’ਚ ਸੇਵ ਕਰ ਲੈਂਦੀ| ਉਹ ਉਤਸ਼ਾਹ ਨਾਲ ਭਰੀ ਜਾਂਦੀ| ਤਰੋਤਾਜ਼ਾ ਹੋ ਕੇ ਮੁੜਦੀ| ਇਕ ਦੋ ਦਿਨ ਆਰਾਮ ਕਰਦੀ ਤੇ ਫਿਰ ਦੌੜਣ-ਭੱਜਣ ਲੱਗਦੀ| ਇਨ੍ਹਾਂ ਦਿਨਾਂ ਵਿਚ ਉਹ ‘ਏਂਸ਼ੀਐਂਟ ਏਸ਼ੀਅਨ ਹਿਸਟਰੀ’ ’ਤੇ ਕੋਈ ਰਿਸਰਚ ਦਾ ਕੰਮ ਕਰ ਰਹੀ ਸੀ|
‘ਮੈਂ…|’ ਮੈਂ ਕੁਝ ਕਹਿਣ ਹੀ ਲੱਗੀ ਸੀ ਕਿ ਉਸ ਦੇ ਮੋਬਾਈਲ ’ਤੇ ਰਿੰਗ ਹੋਈ| ‘ਸੌਰੀ ਜੈਸ, ਆਈ ਹੈਵ ਟੂ ਅਟੈਂਡ ਦਿਸ ਕਾਲ|’ ਕਹਿੰਦਿਆਂ ਉੱਠ ਖੜੀ ਤੇ ਫਰੰਟ-ਰੂਮ ਵਿਚ ਜਾ ਵੜੀ| ਉਸ ਦੇ ਬੁਆਏ ਫਰੈਂਡ ਡੌਮਨਿਕ ਦਾ ਫੋਨ ਹੋਣਾ| ਜੇ ਕਿਸੇ ਹੋਰ ਦਾ ਹੁੰਦਾ ਤਾਂ ਸ਼ਾਇਦ ਨਾ ਸੁਣਦੀ| ਮੈਸੇਜ ਛੱਡ ਦਿੰਦੀ, ‘ਕਾਲ ਯੂ ਲੇਟਰ|’
ਮੈਂ ਮੁੜ ਲੱਤਾਂ ਪਸਾਰ ਲਈਆਂ| ਜੂਨ ਦੇ ਐਤਵਾਰ ਦੀ ਧੁੱਪ ਦਾ ਮਜ਼ਾ ਲੈਣ ਲੱਗੀ| ਸੰਧੂ ਅੰਕਲ ਨੂੰ ਮੈਂ ਰਾਤ ਹੀ ਦੱਸ ਆਈ ਸੀ ਕਿ ਕੱਲ੍ਹ ਮੈਂ ਨਹੀਂ ਆਉਣਾ| ਕੱਪੜੇ ਧੋਣੇ ਸਨ| ਕਮਰੇ ਦੀ ਸਫ਼ਾਈ ਤੇ ਥੋੜ੍ਹੀ-ਬਹੁਤ ਸ਼ੌਪਿੰਗ ਵੀ ਕਰਨੀ ਸੀ| ਖਿੜੀ ਧੁੱਪ ਨੇ ਮੈਨੂੰ ਮੱਲੋ-ਮੱਲੀ ਅੰਦਰੋਂ ਬਾਹਰ ਖਿੱਚ ਲਿਆਂਦਾ| ਗਾਰਡਨ ਵੱਲ ਤੇਜ਼ ਹਵਾ ਵਗ ਰਹੀ ਸੀ| ਬਾਹਰਲੀ ਕੰਧ ਕੋਲ ਪੁਰਾਣੀ ਚਾਦਰ ਉਪਰ ਸ਼ਾਲ ਵਿਛਾ ਕੇ, ਮੈਂ ਕੰਧ ਨਾਲ ਢੋਅ ਲਾ ਕੇ ਬੈਠ ਗਈ| ਸੂਰਜ ਕਦੋਂ ਨਿਕਲਦਾ ਤੇ ਕਦੋਂ ਛਿਪ ਜਾਂਦਾ, ਇਸ ਪਾਸੇ ਕਦੇ ਮੇਰਾ ਧਿਆਨ ਹੀ ਨਹੀਂ ਗਿਆ| ਸੱਤੇ ਦਿਨ ਨੱਠ-ਭੱਜ ਲੱਗੀ ਰਹਿੰਦੀ|
ਚਾਰ ਕੁ ਮਹੀਨੇ ਦਾਦੀ ਸ਼ਾਮ ਕੌਰ ਕੋਲ ਰਹੀ ਸੀ| ਜਦੋਂ ਦਾਦੀ ਇੰਡੀਆ ਆਉਂਦੀ ਤਾਂ ਜ਼ਿਆਦਾ ਸਮਾਂ ਸਾਡੇ ਘਰ ਹੀ ਰਹਿੰਦੀ| ਉਨ੍ਹਾਂ ਦੀ ਜ਼ਮੀਨ ਦੀ ਸਾਂਭ-ਸੰਭਾਈ ਡੈਡੀ ਹੀ ਕਰਦੇ| ਬੈਂਕ ਖਾਤੇ ਵੀ ਸਾਂਝੇ ਸਨ| ਨਾ ਕਦੇ ਦਾਦੀ ਨੇ ਹਿਸਾਬ ਮੰਗਿਆ ਨਾ ਹੀ ਡੈਡੀ ਨੇ ਹੱਥ ਘੁੱਟਿਆ| ਦਾਦੀ ਡੈਡੀ ਨੂੰ ਆਪਣਾ ਤੀਜਾ ਪੁੱਤ ਹੀ ਮੰਨਦੀ ਸੀ| ਜਦੋਂ ਮੈਂ ਆਉਣਾ ਸੀ, ਅੰਕਲ ਸੁਰਜਨ ਸਿੰਘ ਦਾ ਡੈਡੀ ਨੂੰ ਫੋਨ ਆਇਆ, ‘ਜਸਪ੍ਰੀਤ ਸਾਡੇ ਕੋਲ ਰਹੂਗੀ| ਤੁਸੀਂ ਕੋਈ ਚਿੰਤਾ ਨ੍ਹੀਂ ਕਰਨੀ| ਦਾਦੀ-ਪੋਤੀ ਦੋਵੇਂ ਇਕੋ ਕਮਰੇ ’ਚ ਸੌਂਇਆ ਕਰਨਗੀਆਂ| ਸਮਝ ਲE ਉਹ ਇਕ ਘਰੋਂ ੳੱੁਠ ਕੇ ਦੂਜੇ ਘਰ ਆ ਗਈ| ਜਿੰਨਾ ਚਿਰ ਪੜ੍ਹਾਈ ਖਤਮ ਨ੍ਹੀਂ ਹੁੰਦੀ-ਸਾਰੀ ਜ਼ੁੰਮੇਵਾਰੀ ਸਾਡੀ| ਬਾਅਦ ’ਚ ਇਹਦੀ ਮਰਜ਼ੀ|’ ਅੰਕਲ-ਅੰਟੀ ਮੈਨੂੰ ਬਰਮਿਘੰਮ ਏਅਰਪੋਰਟ ਤੋਂ ਲੈ ਆਏ ਸਨ| ਦਸ ਕੁ ਦਿਨ ਅੰਕਲ ਕਾਲਜ ਛੱਡਣ ਜਾਂਦੇ ਰਹੇ| ਫੇਰ ਉਨ੍ਹਾਂ ਮੈਨੂੰ ਬੱਸ ਦਾ ਰੂਟ ਸਮਝਾ ਦਿੱਤਾ| ਦੂਜੇ ਦੇ ਘਰ ਜਾ ਕੇ ਰਹਿਣਾ ਕਿੰਨਾ ਮੁਸ਼ਕਲ ਹੁੰਦਾ-ਇਹ ਇੱਥੇ ਆ ਕੇ ਜਾਣਿਆ| ਮੈਂ ਵੇਲੇ ਸਿਰ ਸੌਣਾ ਹੁੰਦਾ ਪਰ ਦਾਦੀ ਦੀਆਂ ਬੇ-ਸਿਰ-ਪੈਰ ਗੱਲਾਂ ਨਾ ਮੁੱਕਦੀਆਂ| ਮੋੜ-ਘੋੜ ਕੇ ਸੂਈ ਇਸ ਗੱਲ ’ਤੇ ਆ ਖੜਦੀ, ‘ਧੀਏ, ਜਿੰਨਾ ਚਿਰ ਸਾਡੇ ਕੋਲ ਆਂ-ਦੇਖੀਂ ਕਿਤੇ ਕੋਈ ਉਲ਼੍ਹਾਮਾ ਨਾ ਆਵੇ| ਜੇ ਤੈਥੋਂ ਕੋਈ ਗਲਤੀ ਹੋ ਗਈ ਤਾਂ ਤੇਰੀ ਮੰਮੀ ਨੇ ਮੇਰਾ ਜੀਉਣਾ ਹਰਾਮ ਕਰ ਦੇਣੈ| ਘਰੋਂ ਕਾਲਜ ਤੇ ਕਾਲਜੋਂ ਘਰ| ਜਦੋਂ ਤੈਨੂੰ ਇੱਥੋਂ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਤਦ ਹੀ ਤੈਨੂੰ ਇਕੱਲੀ ਛੱਡਾਂਗੇ| ਬੰਦਾ ਤਾਂ ਖੋਤਾ ਹੁੰਦੈ, ਚਹੁੰ ਘੰਟਿਆਂ ਮਗਰੋਂ ਹਿਣਕਣ ਲੱਗ ਜਾਂਦਾ|’
ਮੈਂ ਤਿੰਨ ਮਹੀਨਿਆਂ ਮਗਰੋਂ ਹੀ ਮੰਮੀ ਨੂੰ ਕਿਹਾ, ‘ਹੁਣ ਮੈਂ ਇਨ੍ਹਾਂ ਦੇ ਘਰ ਨ੍ਹੀਂ ਰਹਿ ਸਕਦੀ| ਮੈਂ ਕਿਸੇ ਨਾਲ ਰੂਮ ਸ਼ੇਅਰ ਕਰਨ ਬਾਰੇ ਸੋਚ ਲਿਆ|’
ਉਨ੍ਹਾਂ ਵੀ ਝਟਪਟ ਹਾਂ ਕਰ ਦਿੱਤੀ, ‘ਹੈਥੋਂ ਦਾ ਤੈਨੂੰ ਪਤਾ ਹੋਊ| ਕੋਈ ਆਪਣੇ ਇਲਾਕੇ ਦੀ ਕੁੜੀ ਮਿਲ ਜਾਵੇ ਤਾਂ ਤੈਨੂੰ ਸੌਖ ਰਹੂ|’
ਜਿੱਦਾਂ ਦਾ ਕਮਰਾ ਮੈਂ ਚਾਹੁੰਦੀ ਸੀ ਉੱਦਾਂ ਦਾ ਹੀ ਮਿਲ ਗਿਆ| ਮੇਰੇ ਕਮਰੇ ਦੇ ਸੱਜੇ ਪਾਸੇ ਵਾਲਾ ਘਰ ਦਾ ਫਰੰਟ-ਰੂਮ ਸੀ ਜਿਸ ਦਾ ਦਰਵਾਜ਼ਾ ਅੰਦਰ ਵੜਦਿਆਂ ਪੌੜੀਆਂ ਤੋਂ ਪਹਿਲਾਂ ਸੀ| ਪੌੜੀਆਂ ਉਪਰਲੇ ਬੈੱਡ-ਰੂਮਾਂ ਨੂੰ ਜਾਂਦੀਆਂ ਸਨ| ਹੇਠਾਂ ਸਾਹਮਣੇ ਬਾਥਰੂਮ ਤੇ ਖੱਬੇ ਪਾਸੇ ਮੇਨ ਫਰੰਟ-ਰੂਮ, ਜਿਸ ਦੇ ਪਿੱਛੇ ਡਾਈਨਿੰਗ-ਟੇਬਲ ਤੇ ਕਿਚਨ| ਕਿਚਨ ਮੇਰੇ ਕਮਰੇ ਨਾਲ ਵੀ ਜੁੜਦੀ ਸੀ| ਇਹ ਦਰਵਾਜ਼ਾ ਮੈਂ ਕਿਚਨ ਨੂੰ ਵਰਤਣ ਵੇਲੇ ਹੀ ਖੋਲ੍ਹਦੀ| ਮੈਂ ਆਪਣੇ ਕਮਰੇ ਨੂੰ ਬਹੁਤਾ ਸਮਾਂ ਲੌਕ ਲਾ ਕੇ ਰੱਖਦੀ| ਡੌਮਨਿਕ ਆਉਂਦਾ ਤਾਂ ਖਾੜ-ਖਾੜ ਕਰਦਾ ਪੌੜੀਆਂ ਚੜ੍ਹਦਾ| ਸਮਾਂਥਾ ਦਾ ਕਮਰਾ ਮੇਰੇ ਕਮਰੇ ਦੇ ਇਕਦਮ ਉਪਰ ਸੀ| ਡੌਮਨਿਕ ਉਸ ਦੇ ਕਮਰੇ ਵਿਚ ਹੁੰਦਾ ਤਾਂ ਐਦਾਂ ਲੱਗਦਾ ਜਿੱਦਾਂ ਕੋਈ ਉਪਰਲੇ ਫੱਟਿਆਂ ’ਤੇ ਛਾਲਾਂ ਮਾਰ ਰਿਹਾ ਹੋਵੇ| ਕਦੇ-ਕਦੇ ਮੈਂ ਉਠ ਕੇ ਦੇਖਦੀ ਕਿ ਕਿਤੇ ਮੇਰੇ ਵਾਲੇ ਪਾਸੇ ਦਾ ਦਰਵਾਜ਼ਾ ਖੁੱਲ੍ਹਾ ਤਾਂ ਨਹੀਂ ਰਹਿ ਗਿਆ|
ਬੰਦ ਦਰਵਾਜ਼ਾ ਦੇਖ ਸਮਾਂਥਾ ਕਹਿੰਦੀ, ‘ਤੂੰ ਸਾਰੇ ਫਿਕਰ ਇਕ ਪਾਸੇ ਰੱਖ ਕੇ ਡੀਪ ਸਲੀਪ ਲੈਨੀ ਐਂ|’
ਮੈਂ ਹੱਸਦੀ ਹੋਈ ਕਹਿੰਦੀ, ‘ਮੈਂ ਥੱਕੀ ਹੁੰਨੀ ਆਂ ਇਸੇ ਲਈ ਬਹੁਤ ਨੀਂਦ ਆਉਂਦੀ|’
‘ਐਨੇ ਲੌਕ ਨ੍ਹੀਂ ਲਾਈਦੇ| ਇੱਥੇ ਤੁਹਾਡੀ ਮਰਜ਼ੀ ਬਿਨਾਂ ਤੁਹਾਡੇ ਕਮਰੇ ’ਚ ਕੋਈ ਨ੍ਹੀਂ ਆਉਂਦਾ|’
ਮੈਂ ਉਸ ਨੂੰ ਪਿਛਲੇ ਕਮਰੇ, ਜਿੱਥੇ ਮੈਂ ਛੇ ਮਹੀਨੇ ਰਹੀ ਸੀ, ਬਾਰੇ ਕੁਝ ਨਹੀਂ ਸੀ ਦੱਸਿਆ| ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ, ਉਨ੍ਹਾਂ ਤੋਂ ਹੀ ਤਾਂ ਖਤਰਾ ਹੁੰਦਾ ਹੈ-ਇਹ ਮੈਨੂੰ ਉੱਥੋਂ ਹੀ ਅਹਿਸਾਸ ਹੋਇਆ ਸੀ| ਭਾਜੀ ਤੇ ਭਾਬੀ ਜੀ ਦਾ ਵਿਹਾਰ ਤਾਂ ਠੀਕ ਸੀ ਪਰ ਉਨ੍ਹਾਂ ਦਾ ਛੋਟਾ ਭਰਾ ਕਈ ਵਾਰ ਮੇਰੇ ਕਮਰੇ ਦਾ ਦਰਵਾਜ਼ਾ ਨੌਕ ਕਰਨ ਲੱਗਦਾ| ਇਕ ਰਾਤ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਸੁਲਾਹ ਮਾਰੀ, ‘ਮੈਂ ਸੋਚਿਆ, ਤੂੰ ਇਕੱਲੀ ਬੋਰ ਹੁੰਦੀ ਹੋਵੇਂਗੀ| ਟੈਲੀ ’ਤੇ ‘ਇਸ਼ਕ’ ਫਿਲਮ ਆਈ ਹੋਈ| ਬਹੁਤ ਰੁਮਾਂਟਿਕ ਫਿਲਮ ਆ|’
‘ਮੈਂ ਟਾਇਰਡ ਆਂ| ਜਦੋਂ ਦਿਲ ਕੀਤਾ ਫਿਲਮ ਯੂਟਿਊਬ ’ਤੇ ਦੇਖ ਲਊਂ|’ ਕਹਿ ਕੇ ਮੈਂ ਬੂਹਾ ਬੰਦ ਕਰ ਦਿੱਤਾ ਸੀ| ਉਸ ਰਾਤ ਉਹ ਲਗਾਤਾਰ ਮੇਰਾ ਦਰਵਾਜ਼ਾ ਨੌਕ ਕਰਦਾ ਰਿਹਾ| ਭਰਾ-ਭਰਜਾਈ ਕਿਸੇ ਪਾਰਟੀ ਵਿਚ ਗਏ ਹੋਏ ਸਨ| ਮੈਂ ਕੰਬਲ ਵਿਚ ਮੂੰਹ ਦੇ ਕੇ ਸੌਣ ਦੀ ਕੋਸ਼ਿਸ਼ ਕੀਤੀ| ਸਵੇਰੇ ਕੰਮ ’ਤੇ ਜਾਣਾ ਸੀ| ਕਿੰਨਾ ਹੀ ਚਿਰ ਮੈਨੂੰ ਨੀਂਦ ਨਹੀਂ ਸੀ ਆਈ|
ਜਦੋਂ ਮੇਰਾ ਇੰਗਲੈਂਡ ਆਉਣ ਦਾ ਪ੍ਰੋਗਰਾਮ ਬਣ ਰਿਹਾ ਸੀ ਤਾਂ ਮੰਮੀ ਬਹੁਤ ਹੀ ਫਿਕਰ ਕਰਨ ਲੱਗੇ| ਹਰ ਵੇਲੇ ਨਸੀਹਤਾਂ ਕਰਦੇ ਕਹਿੰਦੇ, ‘ਤੂੰ ਆਪਣਾ ਖਿਆਲ ਰੱਖੀਂ| ਇਕੱਲੀ ਕੁੜੀ ਨੂੰ ਦੇਖ ਕੇ ਬੰਦੇ ਚਾਂਮਲ ਜਾਂਦੇ ਹੁੰਦੇ|’
ਮੈਂ ਕਿਹਾ ਸੀ, ‘ਜੇ ਤੁਹਾਨੂੰ ਮੇਰੇ ’ਤੇ ਵਿਸ਼ਵਾਸ ਨ੍ਹੀਂ ਤਾਂ ਨਾ ਭੇਜੋ|’
‘ਗੱਲ ਵਿਸ਼ਵਾਸ ਦੀ ਨ੍ਹੀਂ-ਕਦੇ ਮਜਬੂਰੀ ਤੇ ਕਦੇ ਮਨ ਦੀਆਂ ਲਹਿਰਾਂ ’ਚ ਪੈਰ ਥਿੜਕ ਜਾਂਦੇ ਹੁੰਦੇ|’ ਉਨ੍ਹਾਂ ਦੀ ਆਵਾਜ਼ ਵਿਚ ਅਜੀਬ ਜਿਹੀ ਕੰਬਣੀ ਸੀ| ਫੇਰ ਮੈਂ ਪੁੱਛਿਆ, ‘ਕਿਤੇ ਤੁਹਾਡੇ ਨਾਲ ਕੁਸ਼ ਐਦਾਂ ਦਾ ਤਾਂ ਨ੍ਹੀਂ ਵਾਪਰਿਆ ਜੋ ਤੁਹਾਨੂੰ ਮੇਰੇ ਬਾਰੇ ਬਹੁਤਾ ਹੀ ਫਿਕਰਮੰਦ ਕਰੀ ਜਾ ਰਿਹਾ?’
ਉਨ੍ਹਾਂ ਨੇ ਸੋਫੇ ’ਤੇ ਚੌਂਕੜੀ ਮਾਰ ਲਈ| ਆਲੇ-ਦੁਆਲੇ ਦੇਖਿਆ ਹੌਂਕਾ ਲੈਣ ਵਾਂਗ ਸਾਹ ਲਿਆ , ‘ਤੂੰ ਮੇਰੀ ਧੀ ਹੈਂ| ਤੈਨੂੰ ਸੁਚੇਤ ਕਰਨਾ ਮੇਰਾ ਫਰਜ਼ ਆ| ਮਰਦ ਬਹੁਤ ਹੀ ਖਤਰਨਾਕ ਜਾਨਵਰ ਆ| ਨਾ ਇਹ ਰਿਸ਼ਤਾ ਦੇਖਦਾ ਤੇ ਨਾ ਉਮਰ| ਮੇਰੇ ਭਰਾ ਦੇਬੀ ਨੇ ਤੇਰੀ ਵਿਚਕਾਰਲੀ ਭੂਆ ਰਾਣੋ ਨਾਲ ਜ਼ਬਰਦਸਤੀ ਕੀਤੀ ਸੀ| ਰਾਣੋ ਨੇ ਮਾਤਾ ਜੀ ਨੂੰ ਦੱਸਿਆ| ਮਾਤਾ ਜੀ ਨੇ ਦੂਰ ਦੀ ਸੋਚੀ| ਜੇ ਗੱਲ ਨਿਕਲਦੀ ਤਾਂ ਦੋ ਪਰਿਵਾਰ ਪੱਟੇ ਜਾਣੇ ਸੀ| ਉਨ੍ਹਾਂ ਮੈਨੂੰ ਆਪਣੇ ਕੋਲ ਬੈਠਾ ਕੇ ਕਿਹਾ, ‘ਰੱਜੀ ਜਾਂ ਤਾਂ ਸਹੁਰੇ ਰੱਖ ਲੈ ਜਾਂ ਪੇਕੇ|’ ਮੈਂ ਸਹੁਰੇ ਰੱਖ ਲਏ| ਦੇਬੀ ਨਾਲ ਮੁੜ ਕੇ ਕਲਾਮ ਨ੍ਹੀਂ ਕੀਤੀ| ਕਲਾਮ ਕੀ, ਮੁੜ ਕੇ ਮੱਥੇ ਨ੍ਹੀਂ ਲੱਗੀ| ਅੱਜ ਤਾਈਂ ਤੇਰੇ ਡੈਡੀ ਨੂੰ ਵੀ ਇਸ ਗੱਲ ਦਾ ਪਤਾ ਨ੍ਹੀਂ ਲੱਗਣ ਦਿੱਤਾ|’
ਮੈਂ ਹੈਰਾਨ ਹੋਈ ਮੰਮੀ ਦੀ ਗੱਲ ਸੁਣ ਰਹੀ ਸੀ| ਨਾਲ ਹੀ ਭੂਆ ਦਾ ਭੋਲਾ ਜਿਹਾ ਚਿਹਰਾ ਦਿੱਸ ਰਿਹਾ ਸੀ|
ਮੰਮੀ ਦੀ ਗੱਲ ਸੁਣ ਕੇ ਮੈਂ ਕਈ ਰਾਤਾਂ ਸੌਂ ਨਹੀਂ ਸੀ ਸਕੀ| ਮੈਂ ਮੰਮੀ ਨੂੰ ਯਕੀਨ ਦਵਾਇਆ| ਆਪਣਾ ਧਿਆਨ ਰੱਖਾਂਗੀ| ਮੰਮੀ ਦੇ ਹਰ ਫੋਨ ’ਤੇ ਇਕ ਡਰ ਹੁੰਦਾ ਤੇ ਨਾਲ ਹੀ ਸਮਝੌਤੀਆਂ| ਡੈਡੀ ਕਹਿੰਦੇ, ‘ਤੂੰ ਮੇਰਾ ਸ਼ੇਰ ਪੁੱਤ ਆਂ| ਕੋਈ ਕੰਪਲੈਕਸ ਆਵੇ, ਤੂੰ ਆਪਣੇ-ਆਪ ਨੂੰ ਮੁੰਡਾ ਚਿਤਵ ਲਿਆ ਕਰ|’
ਇਸ ਐਡਵਾਂਸ ਦੇਸ਼ ਵਿਚ ਆ ਕੇ ਮੈਂ ਆਪਣੇ ਵਿਚ ਕੁਝ ਤਬਦੀਲੀਆਂ ਮਹਿਸੂਸ ਕਰਨ ਲੱਗੀ| ਸੱਤੇ ਦਿਨ ਬੀਜ਼ੀ ਰਹਿੰਦੀ| ਚਾਰ ਦਿਨ ਕਾਲਜ ਜਾਂਦੀ ਤੇ ਤਿੰਨ ਦਿਨ ਬੇਕਰੀ ਵਿਚ| ਜਿਹੜਾ ਦਿਨ ਕਾਲਜ ਵੱਲੋਂ ਘਰ ਬੈਠ ਕੇ ਕੰਮ ਕਰਨ ਲਈ ਮਿਲਦਾ ਉਹ ਵੀ ਮੈਂ ਪੈਸੇ ਕਮਾਉਣ ਲਈ ਵਰਤ ਲੈਂਦੀ| ਮੇਰੀ ਰੇਲ ਬਣੀ ਰਹਿੰਦੀ| ਬਹੁਤੀ ਵਾਰ Eਵਰ ਟਾਈਮ ਕਰਦੀ| ਕਦੇ-ਕਦਾਈਂ ਮੇਰੀ ਆਖਰੀ ਬੱਸ ਨਿਕਲ ਜਾਂਦੀ| ਦੋ ਮੀਲ ਤੁਰ ਕੇ ਆਉਣਾ ਪੈਂਦਾ| ਮੈਂ ਇਕੱਲੀ ਸੜਕਾਂ ’ਤੇ ਤੁਰੀ ਜਾਂਦੀ| ਜਿੱਧਰ ਪੰਜਾਬੀਆਂ ਦੀ ਵਸੋਂ ਸੀ, ਮੈਂ ਉਹ ਰੋਡ ਨਾ ਲੈਂਦੀ|
ਧੁੱਪ ਚੁਭਣ ਲੱਗੀ ਤਾਂ ਮੈਂ ਪਿੱਠ ਕਰ ਕੇ ਬੈਠ ਗਈ| ਸੋਚਣ ਲਗੀ-ਗੋਰੀਆਂ ਤਾਂ ਨੰਗੀਆਂ ਹੋ ਕੇ ਸਨ-ਬਾਥ ਲੈ ਲੈਂਦੀਆਂ, ਚਲੋ, ਮੈਂ ਕਪੜਿਆਂ ਸਣੇ ਹੀ ਲੈ ਰਹੀ ਆਂ|’
***
ਮੈਨੂੰ ਕਾਲਜ ਤੋਂ ਵਾਹਵਾ ਕੰਮ ਮਿਲਦਾ| ਅਸਾਈਨਮੈਂਟ ਤਿਆਰ ਕਰਦਿਆਂ ਨੀਂਦ ਆਉਣ ਲੱਗਦੀ ਤਾਂ ਮੈਂ ਰੁਮਾਲ ਗਿੱਲਾ ਕਰ ਕੇ ਅੱਖਾਂ ’ਤੇ ਵਾਰ-ਵਾਰ ਰੱਖਦੀ| ਜੇ ਫੇਰ ਵੀ ਨੀਂਦ ਨਾ ਟਲਦੀ ਤਾਂ ਫੋਨ ’ਤੇ ਸਪੀਕਰ, ਜੋ ਮੈਂ ਦੋ ਪੌਂਡ ਦਾ ਖਰੀਦਿਆ ਸੀ, ਹਨੀ ਸਿੰਘ ਦਾ ਕੋਈ ਗਾਣਾ ਲਾ ਕੇ ਨੱਚਣ ਲੱਗਦੀ| ਜੇ ਸਮਾਂਥਾ ਘਰ ਹੁੰਦੀ, ਉਹ ਮਿਊਜ਼ਿਕ ਸੁਣ ਕੇ ਆ ਜਾਂਦੀ| ਮੇਰੇ ਨਾਲ ਨੱਚਣ ਲੱਗਦੀ| ਉਸ ਨੂੰ ਪੰਜਾਬੀ ਡਾਂਸ ਤਾਂ ਆਉਂਦਾ ਨਹੀਂ ਸੀ| ਮੇਰੇ ਵੱਲ ਦੇਖ ਸਟੈਪ ਰਲਾਉਣ ਲੱਗਦੀ| ਮੇਰਾ ਹਾਸਾ ਨਿਕਲ ਜਾਂਦਾ| ਕਈ ਵਾਰ ਆਪਣੇ ਫੋਨ ਤੋਂ ਕਿਸੇ ਇੰਗਲਿਸ਼ ਗਾਣੇ ’ਤੇ ਡਾਂਸ ਕਰਦੀ| ਉਸ ਦੀ ਮਨਪਸੰਦ ਗਾਇਕਾ ਐਰੀਆਨ ਗਰਾਂਡੇ ਸੀ| ਉਹ ਉਸ ਦਾ ਮਸ਼ਹੂਰ ਗੀਤ ‘ਨੋ ਟੀਅਰਜ਼ ਲੈਫਟ ਟੂ ਕਰਾਈ’ ਸੁਣਦੀ| ਮੈਂ ਵੀ ਉਸ ਦੇ ਸਟੈਪਾਂ ਦੀ ਨਕਲ ਕਰਦੀ ਉਸ ਨਾਲ ਡਾਂਸ ਕਰਨ ਲੱਗਦੀ| ਘੰਟੇ ਕੁ ਮਗਰੋਂ ਚਾਹੁੰਦੀ ਕਿ ਹੁਣ ਉਹ ਚਲੇ ਜਾਵੇ ਤਾਂ ਜੋ ਮੈਂ ਅਸਾਈਨਮੈਂਟ ਪੂਰਾ ਕਰ ਲਵਾਂ, ਪਰ ਉਹ ਜਾਣ ਦਾ ਨਾਂ ਨਾ ਲੈਂਦੀ| ਪਿਛਲੇ ਹਫਤੇ ਉਸ ਨੇ ਅਚਾਨਕ ਮੈਨੂੰ ਪੁੱਛਿਆ, ‘ਸੈਕਸ ਨੂੰ ਲੈ ਕੇ ਤੁਹਾਡੇ ਸਮਾਜ ’ਚ ਅਲੱਗ ਟੈਬੂ ਕਿਉਂ ਨੇ? ਸੈਕਸ ਨੂੰ ਐਡੀ ਵੱਡੀ ਚੀਜ਼ ਕਿਉਂ ਬਣਾ ਰੱਖਿਆ?’
‘ਸਮਾਂਥਾ, ਸਾਡੇ ਸਮਾਜ ਦੇ ਕੁਸ਼ ਨੌਰਮਜ਼ ਨੇ, ਜਿਹੜੇ ਸਮਾਜ ਦੇ ਵਡੇਰਿਆਂ ਨੇ ਬਣਾਏ ਹੋਏ ਨੇ|’
‘ਸੈਕਸ ਨੂੰ ਐਡੀ ਵੱਡੀ ਤੇ ਬਹੁਤ ਵਿਸ਼ੇਸ਼ ਚੀਜ਼ ਬਣਾ ਦਿੱਤਾ ਜਾਂਦਾ ਕਿ ਨੌਜਵਾਨਾਂ ਦੀ ਖਾਸ ਕਰਕੇ ਮਰਦਾਂ ਲਈ ਇਸ ਦੀ ਕਰਿEਸਟੀ ਬਹੁਤ ਵਧ ਜਾਂਦੀ ਜਿਹਦੇ ’ਚੋਂ ਕਰਾਈਮ ਜਨਮ ਲੈਂਦਾ| ਮਾਹਰ ਕਹਿੰਦੇ ਨੇ ਕਿ ਰੇਪ ਦਾ ਇਕ ਕਾਰਨ ਸੈਕਸ ਦੀ ਘਾਟ ਵੀ ਆ|’
‘ਤੂੰ ਕਹਿਣਾ ਕੀ ਚਾਹੁੰਦੀ ਆਂ?’ ‘ਪਹਿਲਾਂ ਨਿਰਭਯਾ ਰੇਪ| ਫੇਰ þਦਰਾਬਾਦ ’ਚ ਡਾਕਟਰ ਰੈਡੀ ਨਾਲ ਚਾਰ ਜਣਿਆਂ ਨੇ ਰੇਪ ਕੀਤਾ, ਜਿਊਂਦੀ ਨੂੰ ਸਾੜ ਦਿੱਤਾ| ਛੋਟੀ ਬੱਚੀ ਆਸਿਫ਼ਾ ਨਾਲ ਮੰਦਰ ’ਚ ਰੇਪ ਹੋਇਆ| ਉੱਤਰ ਪ੍ਰਦੇਸ਼ ਦੇ ਉਨਾE ’ਚ ਤੇਈ ਸਾਲਾਂ ਦੀ ਕੁੜੀ ਨੂੰ ਅੱਗ ਲਾ ਦਿੱਤੀ| ਹੁਣ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਪਿੰਡ ਸਾਇਰਾ ਦੀ ਦਲਿਤ ਕੁੜੀ ਨੂੰ ਰੇਪ ਕਰਕੇ, ਫਾਹ ਦੇ ਕੇ ਮਾਰ ਦਿੱਤਾ| ਜਿਸ ਦਰੱਖਤ ਨਾਲ ਉਸ ਕੁੜੀ ਦੀ ਲਾਸ਼ ਲਟਕਾਈ, ਉਸ ਹੇਠ ਕੋਈ ਧਾਰਮਿਕ ਮਟੀ ਸੀ| ਤੁਹਾਡੇ ਦੇਸ਼ ’ਚ ਇਹ ਕਿਉਂ ਹੋ ਰਿਹਾ?’
ਮੈਂ ਦੋਵੇਂ ਹੱਥ ਕੰਨਾਂ ’ਤੇ ਰੱਖ ਲਏ| ਮੈਂ ਕੁਝ ਵੀ ਹੋਰ ਨਹੀਂ ਸੀ ਸੁਣਨਾ ਚਾਹੁੰਦੀ| ਮੈਂ ਇੰਨਾ ਹੀ ਕਿਹਾ, ‘ਸਮਾਂਥਾ, ਮੇਰੀ ਕੰਟਰੀ ਦੀ ਬੜੀ ਖ਼ਬਰ ਰਖਦੀ ਆਂ|… ਐਦਾਂ ਤਾਂ ਮਿਲਬੌਰਨ ’ਚ ਰਾਹ ਭੁੱਲੀ ਇਕ ਇੰਡੀਅਨ ਕੁੜੀ ਦਾ ਗੋਰੇ ਨੇ ਰੇਪ ਕੀਤਾ ਸੀ|…ਮੈਂ ਐਦਾਂ ਦੀਆਂ ਖ਼ਬਰਾਂ ਘੱਟ ਪੜ੍ਹਦੀ-ਸੁਣਦੀ ਆਂ| ਪਲੀਜ਼ ਮੈਨੂੰ ਹੋਰ ਨਾ ਡਰਾ |’
‘ਸੌਰੀ ਜੈਸ, ਮੈਂ ਤਾਂ ਸਿਰਫ ਮਸਲੇ ਨੂੰ ਡਿਸਕਸ ਕਰਨਾ ਚਾਹੁੰਦੀ ਸੀ| ਮੇਰਾ ਮਤਲਬ ਤੈਨੂੰ ਹਰਟ ਕਰਨਾ ਨ੍ਹੀਂ ਸੀ|’ ਕਹਿੰਦੀ ਉਹ ਆਪਣੇ ਕਮਰੇ ਵਿਚ ਚਲੇ ਗਈ|
ਸਮਾਂਥਾ ਬਹੁਤ ਸੁਹਣੀ ਕੁੜੀ ਸੀ| ਤੀਹ ਤੋਂ ਟੱਪੀ ਉਮਰ| ਕੱਕੇ-ਭੂਰੇ ਮੋਢਿਆਂ ਤੀਕ ਕੱਟੇ ਵਾਲ| ਪਤਲਾ ਜਿਹਾ ਜਿਸਮ| ਉਹਨੂੰ ਦੇਖ ਕੇ ਮੈਨੂੰ ਆਪਾ ਮੋਟਾ ਲੱਗਣ ਲੱਗਦਾ| ਰੰਗ ਇੰਨਾ ਗੋਰਾ ਕਿ ਗਲ ਰਾਹੀਂ ਜਾਂਦਾ ਪਾਣੀ ਵੀ ਦਿਸੇ| ਭਾਵੇਂ ਸਾਰੇ ਗੋਰਿਆਂ ਦਾ ਰੰਗ ਤਾਂ ਐਦਾਂ ਦਾ ਹੀ ਹੁੰਦਾ ਹੈ ਪਰ ਸਮਾਂਥਾ ਕੁਝ ਅਲੱਗ ਸੀ| ਕਦੇ ਕਦੇ ਮੈਨੂੰ ਲੱਗਦਾ ਕਿ ਸਮਾਂਥਾ ਬਹੁਤ ਉਦਾਸ ਤੇ ਇਕੱਲੀ ਹੈ| ਜਦੋਂ ਉਹ ਖੁਸ਼ ਮੂਡ ਵਿਚ ਹੁੰਦੀ ਤਾਂ ਦਗੜ-ਦਗੜ ਕਰਦੀ ਪੌੜੀਆਂ ਉਤਰਦੀ| ਮੈਂ ਅੰਦਾਜ਼ਾ ਲਾਉਂਦੀ ਕਿ ਉਹ ਡੌਮਨਿਕ ਨੂੰ ਮਿਲਣ ਜਾ ਰਹੀ ਹੋਵੇਗੀ| ਮੈਂ ਵਿੰਡੋ ਦੇ ਪਰਦੇ ਹਟਾ ਕੇ ਦੇਖਦੀ ਕਿ ਕਿਤੇ ਡੌਮਨਿਕ ਬਾਹਰ ਤਾਂ ਨਹੀਂ ਖੜਾ|
ਇਕ ਦਿਨ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਤੇ ਮਾਂ ਇਕ ਐਕਸੀਡੈਂਟ ਵਿਚ ਚੱਲ ਵਸੇ ਸੀ| ਉਦੋਂ ਉਸ ਨੇ ਹਾਲੇ ਯੂਨੀਵਰਸਿਟੀ ਛੱਡੀ ਹੀ ਸੀ| ਮਾਂਪਿਆਂ ਦੇ ਤੁਰ ਜਾਣ ਤੋਂ ਬਾਅਦ ਉਸ ਨੂੰ ਇਹ ਦੁਨੀਆ Eਪਰੀ-Eਪਰੀ ਲੱਗਣ ਲੱਗੀ ਸੀ| ਘਰ ਵਿਚ ਹੀ ਇਕ ਫਲੈਟ ਬਣਾ ਕੇ ਕਿਰਾਏ ’ਤੇ ਚੜ੍ਹਾਇਆ ਹੋਇਆ ਸੀ, ਜਿਸ ਦਾ ਕਿਰਾਇਆ ਆਉਂਦਾ ਸੀ| ਲੋੜ ਪੈਣ ’ਤੇ ਹੋਰ ਕਮਰੇ ਵੀ ਸਨ ਜਿਹੜੇ ਕਿਰਾਏ ’ਤੇ ਦਿੱਤੇ ਜਾ ਸਕਦੇ ਸਨ| ਹੁਣ ਵੀ ਸਮਾਂਥਾ ਨੇ ਦੋ ਕਮਰੇ ਕਿਰਾਏ ’ਤੇ ਦਿੱਤੇ ਹੋਏ ਸਨ ਜਿਨ੍ਹਾਂ ਵਿਚੋਂ ਹੇਠਲਾ ਕਮਰਾ ਮੇਰੇ ਕੋਲ ਸੀ| ਸਮਾਂਥਾ ਨੇ ਮਨ ਬਣਾਇਆ ਕਿ ਕਿਉਂ ਨਾ ਦੁਨੀਆ ਘੁੰਮ ਕੇ ਦੇਖੀ ਜਾਵੇ| ਜਦੋਂ ਉਸ ਦਾ ਮਨ ਉਚਾਟ ਹੁੰਦਾ ਤਾਂ ਆਪਣਾ ਰੱਕ ਸੈਕ ਚੁੱਕ ਕੇ ਪਿੱਠ ਨਾਲ ਲਟਕਾਉਂਦੀ ਤੇ ਕਿਸੇ ਪਾਸੇ ਨਿਕਲ ਜਾਂਦੀ| ਸੋਸ਼ਲ ਮੀਡੀਏ ’ਤੇ ਬਹੁਤ ਸਾਰੇ ਸਮਾਂਥਾ ਵਰਗੇ ਲੋਕਾਂ ਦੇ ਗਰੁੱਪ ਸਨ ਜੋ ਦੁਨੀਆ ਘੁੰਮਦੇ| ਕਈ ਵਾਰ ਸਮਾਂਥਾ ਕਿਸੇ ਗਰੁੱਪ ਨਾਲ ਵੀ ਚਲੇ ਜਾਂਦੀ ਪਰ ਉਸ ਦਾ ਕਹਿਣਾ ਸੀ ਕਿ ਜਿਹੜਾ ਇਕੱਲੇ ਦੁਨੀਆ ਦੇਖਣ ਦਾ ਮਜ਼ਾ ਹੈ, ਉਹ ਗਰੁੱਪ ਵਿਚ ਨਹੀਂ|
ਅਸੀਂ ਅਕਸਰ ਮਰਦ ਦੀ ਧੌਂਸ ਬਾਰੇ ਗੱਲਾਂ ਕਰਦੀਆਂ| ਮੈਂ ਆਪਣੇ ਸਮਾਜ ਵਿਚ ਮਰਦ ਦੀ ਮਹੱਤਤਾ ਬਾਰੇ ਦੱਸਦੀ| ਮੇਰੀ ਪ੍ਰੋਫੈਸਰ ਮਿਸਿਜ਼ ਖੰਘੂੜਾ ਕਹਿੰਦੀ ਹੁੰਦੀ ਸੀ ਕਿ ਸਾਡੇ ਸਮਾਜ ਵਿਚ ਮਰਦ ਦੀ ਸਾਨੂੰ ਹਰ ਵੇਲੇ ਲੋੜ ਰਹਿੰਦੀ ਹੈ| ਪਤੀ ਦੇ ਰੂਪ ਵਿਚ ਜਾਂ ਪਿਤਾ, ਭਰਾ ਤੇ ਪੁੱਤ ਦੇ ਰੂਪ ਵਿਚ| ਇਕੱਲੀ ਔਰਤ ਲਈ ਸਮਾਜ ਵਿਚ ਕੋਈ ਥਾਂ ਨਹੀਂ ਪਰ ਇੱਥੇ ਸਮਾਂਥਾ ਇਕੱਲੀ ਬੁੱਕਦੀ ਫਿਰਦੀ ਸੀ| ਇਕ ਦਿਨ ਮੈਨੂੰ ਕੋਈ ਗੱਲ ਯਾਦ ਆਈ| ਮੈਂ ਸੁਣਾਉਣ ਲਈ ਸਮਾਂਥਾ ਨੂੰ ਲੱਭਣ ਲੱਗੀ| ਉਹ ਬਾਥਰੂਮ ’ਚੋਂ ਨਿਕਲਦੀ ਮਿਲ ਗਈ| ਮੈਂ ਕਿਹਾ, ‘ਸਮਾਂਥਾ, ਮੈਂ ਤੇਰੇ ਨਾਲ ਆਪਣੇ ਸਮਾਜ ਦਾ ਇਕ ਰਿਵਾਜ ਸਾਂਝਾ ਕਰਨਾ ਚਾਹੁੰਦੀ ਆਂ| ‘ਮੈਂ ਕੱਪੜੇ ਬਦਲ ਕੇ ਆਉਨੀ ਆਂ ਉਦੋਂ ਤੀਕ ਤੂੰ ਚਾਹ ਬਣਾ| ਇੰਡੀਅਨ ਸਟਾਈਲ|’
ਉਹਦੇ ਆਉਣ ਤਾਈਂ ਮੈਂ ਚਾਹ ਬਣਾ ਲਈ| ਉਸ ਨੇ ਚਾਹ ਵਾਲਾ ਕੱਪ ਸੁੰਘਿਆ, ‘ਵਾਹ, ਉਹੀ ਖੁਸ਼ਬੂ!’ ਉਸ ਨੇ ਇੰਡੀਆ ਦੇ ਇੰਨੇ ਗੇੜੇ ਮਾਰੇ ਸਨ ਕਿ ਉਸ ਨੂੰ ਦੇਸੀ ਚਾਹ ਸਵਾਦ ਲੱਗਣ ਲੱਗ ਪਈ ਸੀ| ਉਹ ਜਦੋਂ ਵੀ ਮੇਰੇ ਨਾਲ ਬੈਠਦੀ ਤਾਂ ਇਸੇ ਚਾਹ ਦੀ ਫਰਮਾਇਸ਼ ਕਰਦੀ|
‘ਹਾਂ ਜੈਸ, ਕੀ ਦੱਸਣਾ ਚਾਹੁੰਦੀ ਆਂ?’
‘ਸਮਾਂਥਾ, ਸਾਡੇ ਸਮਾਜ ’ਚ ਕਈ ਵਾਰ ਜੰਮਦੇ ਮੁੰਡੇ ਦੇ ਤੜਾਗੀ ਬੰਨ੍ਹੀ ਜਾਂਦੀ ਆ|’
‘ਤਰੈਗੀ ਕੀ?’
‘ਇਹ ਇਕ ਡੋਰੀ ਹੁੰਦੀ ਆ ਜੋ ਮੁੰਡੇ ਦੇ ਲੱਕ ਦੁਆਲੇ ਬੰਨ੍ਹੀ ਜਾਂਦੀ ਆ| ਇਹ ਮੁੰਡੇ ਦੀ ਮਰਦਾਨਗੀ ਲਈ ਦੁਆ ਹੁੰਦੀ ਆ|’
‘ਇਹਦਾ ਮਤਲਬ ਕੁੜੀ ਦੇ ਨ੍ਹੀਂ ਬੰਨ੍ਹੀ ਜਾਂਦੀ|’
‘ਨ੍ਹੀਂ|’
‘ਮੈਨੂੰ ਪਤਾ, ਇੰਡੀਆ ’ਚ ਸ਼ਿਵਲੰਿਗ ਦੀ ਪੂਜਾ ਬਾਰੇ ਵੀ ਕੁਸ਼ ਐਦਾਂ ਦਾ ਹੀ ਕਿਹਾ ਜਾਂਦਾ|’ ਕਹਿੰਦੀ ਉਹ ਹੱਸਣ ਲੱਗੀ| ਮੈਂ ਕਿਹਾ, ‘ਸਾਡਾ ਸਮਾਜ ਹੀ ਐਦਾਂ ਦਾ| ‘ਨ੍ਹੀਂ, ਸਾਡਾ ਸਮਾਜ ਵੀ ਪਹਿਲਾਂ ਐਦਾਂ ਦਾ ਹੀ ਸੀ| ਵੀਹਵੀਂ ਸਦੀ ਦੇ ਸ਼ੁਰੂ ਦੀਆਂ ਤਸਵੀਰਾਂ ਦੇਖ| ਔਰਤ ਦਾ ਜਿਸਮ ਪੂਰੀ ਤਰ੍ਹਾਂ ਢਕਿਆ ਹੁੰਦਾ ਸੀ| ਸਿਰਫ ਮੂੰਹ ਹੀ ਨੰਗਾ ਰਹਿੰਦਾ| ਸਮਾਜ ’ਚ ਔਰਤ ਨੂੰ ਦੂਜੈਲੇ ਥਾਂ ਰੱਖਿਆ ਜਾਂਦਾ| ਇਹ ਤਾਂ ਯੂਰਪ ਦੀ ਔਰਤ ਨੇ ਲੜ ਕੇ ਹੱਕ ਲਏ ਆ, ਪਰ ਦੁਨੀਆ ਦੇ ਹਾਲੇ ਵੀ ਬਹੁਤ ਸਾਰੇ ਦੇਸ਼ ਹੈਗੇ, ਜਿੱਥੇ ਔਰਤ ਸਿਰਫ ਬੱਚੇ ਪੈਦਾ ਕਰਨ ਜਾਂ ਮਰਦ ਦੀ ਹਵਸ ਪੂਰਾ ਕਰਨ ਦਾ ਸਾਧਨ ਮੰਨੀ ਜਾਂਦੀ ਆ|’
ਗੱਲਾਂ ਕਰਦੀ-ਕਰਦੀ ਸਮਾਂਥਾ ਕਈ ਵਾਰ ਬਹੁਤ ਨੰਗੀਆਂ ਗੱਲਾਂ ਕਰ ਜਾਂਦੀ| ਮੈਨੂੰ ਸੰਗ ਲਗਣ ਲੱਗਦੀ| ਇਕ ਦਿਨ ਬੋਲੀ, ‘ਜੈਸ, ਤੂੰ ਆਪਣੀ ਲਵ-ਲਾਈਫ ਬਾਰੇ ਕਦੇ ਕੁਸ਼ ਨ੍ਹੀਂ ਦੱਸਿਆ| ਤੇਰਾ ਕੋਈ ਬੁਆਏ ਫਰੈਂਡ ਵੀ ਨ੍ਹੀਂ ਦੇਖਿਆ| ਕੀ ਤੇਰੇ ਨਾਲ ਮੁੰਡੇ ਨ੍ਹੀਂ ਪੜ੍ਹਦੇ ਜਾਂ ਉਹ ਤੈਨੂੰ ਅਪਰੋਚ ਨ੍ਹੀਂ ਕਰਦੇ?’
‘ਬਹੁਤ ਮੁੰਡੇ ਪੜ੍ਹਦੇ ਆ ਤੇ ਅਪਰੋਚ ਵੀ ਕਰਦੇ ਆ, ਪਰ ਮੈਂ ਬੁਆਏ ਫਰੈਂਡਾਂ ਦੇ ਚੱਕਰਾਂ ’ਚ ਨ੍ਹੀਂ ਪੈਂਦੀ|’
‘ਕਿਉਂ? ਤੈਨੂੰ ਕੋਈ ਮੁੰਡਾ ਚੰਗਾ ਨ੍ਹੀਂ ਲੱਗਦਾ?’
‘ਇਹ ਗੱਲ ਨ੍ਹੀਂ| ਮੈਂ ਆਪਣੀ ਮਾਂ ਨਾਲ ਵਾਅਦਾ ਕੀਤਾ ਕਿ ਮੈਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਾਂਗੀ| ਫੇਰ ਕਿਸੇ ਹੋਰ ਗੱਲ ਬਾਰੇ ਸੋਚਾਂਗੀ|’
‘ਕਿਸੇ ਮੁੰਡੇ ਨਾਲ ਰਿਸ਼ਤਾ ਬਣਾਉਣ ਨੂੰ ਤੂੰ ਗਲਤ ਕਹਿੰਦੀ ਆਂ? ਇਹ ਤਾਂ ਤੂੰ ਆਪਣੇ ਅੰਦਰਲੀ ਔਰਤ ਨਾਲ ਜ਼ਿਆਦਤੀ ਕਰ ਰਹੀ ਆਂ| ਮਰਦ-ਔਰਤ ਦਾ ਰਿਸ਼ਤਾ ਦੋਨ੍ਹਾਂ ਪਾਸਿਆਂ ਦਾ ਹੁੰਦਾ| ਮਰਦ ਨੂੰ ਔਰਤ ਦੀ ਲੋੜ ਹੁੰਦੀ ਆ| ਔਰਤ ਨੂੰ ਮਰਦ ਦੀ|’
‘ਸਾਡੇ ਸਮਾਜ ’ਚ ਐਦਾਂ ਨ੍ਹੀਂ ਚਲਦਾ|’
‘ਇਹਦਾ ਮਤਲਬ ਤੂੰ ਵਾਪਸ ਇੰਡੀਆ ਜਾਣਾ|’
‘ਨ੍ਹੀਂ, ਮੈਂ ਤਾਂ ਹਰ ਹਾਲਤ ’ਚ ਪੀ. ਆਰ. ਲੈਣਾ| ਇਥੇ ਹੀ ਸੈਟਲ ਹੋਣਾ|’
***
ਇਕ ਦਿਨ ਸਮਾਂਥਾ ਬਾਹਰੋਂ ਆਈ| ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖ ਅੰਦਰ ਆ ਗਈ, ‘ਜੈਸ, ਬੀਜ਼ੀ ਲੱਗਦੀ ਆਂ?’
‘ਨ੍ਹੀਂ, ਰਿਵੀਜ਼ਨ ਕਰਦੀ ਆਂ| ਆ ਬੈਠ|’
‘ਚਾਹ ਪੀਣ ਨੂੰ ਦਿਲ ਕਰਦੈ|’
‘ਸਮਾਂਥਾ, ਦੁੱਧ ਹੈ ਨ੍ਹੀਂ| ਰਾਤੀਂ ਹਨੇਰਾ ਬਹੁਤ ਸੀ| ਬਾਹਰ ਜਾਣ ਤੋਂ ਡਰ ਲੱਗਾ|’
‘ਡਰ ਕਿਉਂ?’ ‘ਪਤਾ ਨ੍ਹੀਂ ਕਿਹੜੇ ਮੋੜ ’ਤੇ ਕੋਈ ਸਿਰਫਿਰਿਆ ਬੈਠਾ ਹੋਵੇ|’
‘ਮੈਂ ਨੋਟ ਕੀਤੈ ਕਿ ਤੂੰ ਚੰਗੇ ਮੌਸਮ ’ਚ ਵੀ ਬਾਹਰ ਘੁੰਮਣ ਨ੍ਹੀਂ ਨਿਕਲਦੀ|’
‘ਹਾਂ ਸਮਾਂਥਾ, ਮੈਨੂੰ ਬਹੁਤ ਡਰ ਲੱਗਦਾ| ਮੇਰੀ ਇਕ ਕਲਾਸਮੇਟ ਨੇ ਦਸਿਆ ਕਿ ਪੰਜ-ਸਤ ਮੁੰਡਿਆਂ ਨੇ ਇਕ ਇਲਲੀਗਲ ਕੁੜੀ ਨੂੰ ਘੇਰ ਰਖਿਆ ਸੀ| ਇਕ ਪੰਜਾਬੀ ਬਜ਼ੁਰਗ ਨੇ ਉਸ ਨੂੰ ਛੁਡਾਇਆ| ਜੇ ਉਹ ਨਾ ਆਉਂਦਾ ਤਾਂ ਉਸ ਵਿਚਾਰੀ ਨਾਲ ਪਤਾ ਨ੍ਹੀਂ ਕੀ ਬੀਤਣਾ ਸੀ|’ ਮੈਂ ਉਸ ਨੂੰ ਉਸ ਦ੍ਰਿਸ਼ ਬਾਰੇ ਕੁਝ ਨਹੀਂ ਦੱਸਿਆ, ਜਿਸ ਵਿਚ ਮਾਮਾ ਦੇਬੀ ਭੂਆ ਰਾਣੋ ਨਾਲ ਜ਼ਬਰਦਸਤੀ ਕਰਦਾ ਦਿਸਦਾ|
‘ਅੰਦਰ ਬੈਠ ਕੇ ਐਦਾਂ ਦੀਆਂ ਗੱਲਾਂ ਸੋਚੀ ਜਾਣਾ ਤੇਰਾ ਡਰ ਵਧਾ ਰਿਹਾ| ਇਹ ਡਰ ਹੈ ਹੀ ਨਿਰਮੂਲ| ਰੇਪ ਹੁੰਦੇ ਨੇ| ਜਦੋਂ ਦੀ ਇਹ ਦੁਨੀਆ ਬਣੀ ਆ। ਮਰਦ ਦੀ ਹਰ ਵਧੀਕੀ ਦਾ ਸ਼ਿਕਾਰ ਔਰਤ ਹੀ ਬਣਦੀ ਰਹੀ| ਜਦੋਂ ਵੀ ਲੜਾਈ ਲੱਗਦੀ ਆ ਉਦੋਂ ਵੀ ਔਰਤ ਨਾਲ ਜਬਰਦਸਤੀ ਹੁੰਦੀ ਆ| ਅਰਬ ਦੀਆਂ ਮੰਡੀਆਂ ’ਚ ਏਸ਼ੀਅਨ ਔਰਤ ਕਈ ਸਦੀਆਂ ਤਾਈਂ ਵਿਕਦੀ ਰਹੀ ਆ| ਇਹਦੇ ਬਾਰੇ ਤੈਨੂੰ ਕਿਸੇ ਦਿਨ ਦੱਸਾਂਗੀ|’
ਮੈਂ ਨੋਟ ਕੀਤਾ ਕਿ ਸਮਾਂਥਾ ਮੇਰਾ ਬਹੁਤਾ ਧਿਆਨ ਰੱਖਣ ਲੱਗ ਪਈ ਸੀ| ਉਹ ਸੋਚਦੀ ਕਿ ਮੈਂ ਇਕ ਖੋਲ ਜਿਹੇ ਵਿਚ ਰਹਿ ਰਹੀ ਹਾਂ, ਉਸ ਵਿਚੋਂ ਬਾਹਰ ਨਿਕਲਾਂ|
***
‘ਜੈਸ ਸੌਂ ਗਈਂ?’ ਉਸ ਨੇ ਮੇਰੇ ਸਜੇ ਪਾਸੇ ਚਾਹ ਦੇ ਕਪ ਹੇਠਾਂ ਰਖ ਕੇ ਪੁਛਿਆ| ਮੈਂ ਹੜਬੜਾ ਕੇ ਉੱਠੀ ਜਿਦਾਂ ਗਲਤ ਥਾਂ ’ਤੇ ਬੇਮੌਕਾ ਸੌਂ ਗਈ ਹੋਵਾਂ|
‘ਮੈਨੂੰ ਪਤਾ-ਤੈਨੂੰ ਚਾਹ ਦੀ ਲੋੜ ਆ| ਇਸੇ ਲਈ ਬਣਾ ਲਿਆਈਂ|’ ਉਸ ਨੇ ਮੋਹ ਭਰੀਆਂ ਨਜ਼ਰਾਂ ਨਾਲ ਦੇਖਿਆ|
ਮੈਂ ਚਾਹ ਲਈ ਉਸ ਦਾ ਥੈਂਕਸ ਕੀਤਾ| ਉਸ ਪੁਛਿਆ, ‘ਅਜ ਦੀ ਸ਼ਾਮ ਤੂੰ ਵਿਹਲੀ ਆਂ?’
‘ਯੈਹ|’
‘ਮੈਂ ਤੇਰਾ ਡਰ ਡੌਮਨਿਕ ਨਾਲ ਡਿਸਕਸ ਕੀਤਾ ਸੀ| ਉਸ ਕਿਹਾ ਕਿ ਸਾਨੂੰ ਤੇਰਾ ਡਰ ਦੂਰ ਕਰਨਾ ਚਾਹੀਦਾ|’
‘ਮੈਂ ਇੰਨਾ ਵੀ ਨ੍ਹੀਂ ਡਰਦੀ ਜਿੰਨਾ ਤੂੰ ਸੋਚ ਰਹੀ ਆਂ|’ ਮੈਂ ਉਸ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੰੁਦੀ|
‘ਜਿੰਨਾ ਕੋਈ ਡਰਦਾ ਆ, ਦੁਨੀਆ ਉਸ ਨੂੰ ਹੋਰ ਡਰਾਉਂਦੀ ਆ|’
‘ਇਹ ਗਲ ਮੇਰੇ ਨਾਨਾ ਜੀ ਵੀ ਕਹਿੰਦੇ ਹੁੰਦੇ|’
ਮੇਰੇ ਨਾਲ ਪੜ੍ਹਦੀਆਂ ਕੁੜੀਆਂ ਪੱਬਾਂ-ਕਲੱਬਾਂ ਵਿਚ ਜਾਂਦੀਆਂ ਪਰ ਉਹ ਇਕੱਲੀਆਂ ਨਹੀਂ ਸਨ ਜਾਂਦੀਆਂ| ਮੇਰੇ ਨਾਲ ਦੀਆਂ ਬਹੁਤੀਆਂ ਕੁੜੀਆਂ ਨੇ ਬੁਆਏ ਫਰੈਂਡ ਰੱਖੇ ਹੋਏ ਸਨ| ਕਹਿੰਦੀਆਂ ਕਿ ਐਦਾਂ ਸੇਫਟੀ ਰਹਿੰਦੀ ਹੈ| ਸਮਾਂਥਾ ਨੇ ਪੱਬ ਜਾਣ ਦੀ ਗੱਲ ਕੀਤੀ ਤਾਂ ਮੇਰੇ ਅੰਦਰ ਉਤਸੁਕਤਾ ਜਾਗ ਪਈ| ਪੱਬਾਂ ਦਾ ਇੰਨਾ ਜ਼ਿਕਰ ਹੁੰਦਾ ਸੀ ਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਆਖਰ ਪੱਬ ਹੁੰਦਾ ਕੀ ਹੈ| ਮੈਂ ਪੁੱਛਿਆ, ‘ਆਪਣੇ ਨਾਲ ਹੋਰ ਕੌਣ ਹੋਊਗਾ|’
‘ਕੋਈ ਵੀ ਨ੍ਹੀਂ| ਜੇ ਤੂੰ ਚਾਹੇ ਤਾਂ ਡੌਮਨਿਕ ਨੂੰ ਬੁਲਾ ਲਵਾਂ|’
‘ਫੇਰ ਮੈਂ ਕਬਾਬ ’ਚ ਹਡੀ ਕਿਉਂ ਬਣਾਂ|’
‘ਤੈਨੂੰ ਇਥੇ ਆਇਆਂ ਕਿੰਨਾ ਚਿਰ ਹੋ ਗਿਆ?’
‘ਨੀਅਰ ਅਬਾਊਟ ਟੂ ਯੀਅਰਜ਼|’
‘ਤੈਨੂੰ ਕਿਸੇ ਨੇ ਕਦੇ ਪ੍ਰਪੌਜ਼ ਨ੍ਹੀਂ ਕੀਤਾ?’
‘ਕਈਆਂ ਨੇ ਕੀਤਾ|’
‘ਫੇਰ ਤੇਰਾ ਕੀ ਰੀਐਕਸ਼ਨ ਰਿਹਾ?’
‘ਨੋ…|’
‘ਤੂੰ ਡਰਦੀ ਮਾਰੀ ਨੇ ਆਪਣੀ ਜਵਾਨੀ ਦੇ ਦਿਨ ਵੇਸਟ ਕਰ ਲੈਣੇ|’
ਮੈਂ ਉਸ ਦੀ ਗਲ ਦਾ ਹੁੰਗਾਰਾ ਨਾ ਭਰਿਆ|
‘ਤੂੰ ਕਦੇ ਵਾਈਨ ਪੀਤੀ ਆ?’ ਉਸ ਪੁਛਿਆ|
‘ਸ਼ਰਾਬ-ਤੌਬਾ ਮੇਰੇ ਬਾਪ ਦੀ, ‘ਮੇਰੇ ਜਿਸਮ ਨੇ ਧੁੰਨਧੁੰਨੀ ਲਈ|
‘ਕਮਲੀਏ ਕੁੜੀਏ-ਇਹ ਸ਼ਰਾਬ ਨ੍ਹੀਂ ਹੁੰਦੀ| ਇਹ ਤਾਂ ਔਰਤਾਂ ਲਈ ਹੀ ਬਣੀ ਆ ਸਮਝ ਲੈ|’
‘ਪਰ ਸ਼ਰਾਬੀ…|’
ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ, ‘ਇਹ ਇੰਗਲੈਂਡ ਆ| ਇੱਥੇ ਐਨੀ ਬੁਰੀ ਸਥਿਤੀ ਨ੍ਹੀਂ| ਕੋਈ ਸ਼ਰਾਬੀ ਤੰਗ ਕਰੇ ਵੀ ਤਾਂ ਸਕਿਉਰਟੀ ਹੁੰਦੀ ਆ| ਤੂੰ ਤਿਆਰ ਰਹੀਂ| ਸ਼ਾਮ ਨੂੰ ਅੱਠ ਕੁ ਵਜੇ ਚੱਲਾਂਗੀਆਂ|’
‘ਪਰ ਮੈਂ ਸਿਰਫ ਜੂਸ ਪੀਵਾਂਗੀ|’
ਸਮਾਂਥਾ ਹੱਸਣ ਲੱਗੀ| ਮੈਂ ਫੇਰ ਪੁੱਛਿਆ, ‘ਕਿਥੇ ਜਾਵਾਂਗੀਆਂ?’
‘ਹੇਅਰ ਐਂਡ ਹਾਊਂਡ ਨਾਮੀ ਪੱਬ ਆ| ਬੈੱਲ ਟਾਵਰ ਕੋਲ| ਵਧੀਆ ਮਹੌਲ ਵਾਲਾ|’
ਉੱਥੇ ਕੁ ਤਾਂ ਮੈਂ ਇਕ ਲੌਂਡਰੀ ਵਿਚ ਕੰਮ ਕੀਤਾ ਸੀ| ਸਾਡੇ ਘਰੋਂ ਦੋ ਕੁ ਮੀਲ ਹੋਵੇਗੀ| ਬੱਸਾਂ ਦੋ ਬਦਲਣੀਆਂ ਪੈਂਦੀਆਂ ਸਨ|
ਅਸੀਂ ਅੱਠ ਵਜੇ ਤੋਂ ਕੁਝ ਬਾਅਦ ਹੀ ਘਰੋਂ ਤੁਰੀਆਂ| ਬਾਹਰ ਨਿਕਲੀਆਂ ਤਾਂ ਹਨੇਰਾ ਫੈਲਿਆ ਹੋਇਆ ਸੀ| ਬਹੁਤੀ ਠੰਢ ਤਾਂ ਨਹੀਂ ਸੀ ਪਰ ਮੈਂ ਜ਼ਰਾ ਭਾਰੇ ਕਪੜੇ ਹੀ ਪਾ ਲਏ ਸਨ| ਇੰਗਲੈਂਡ ਦੇ ਮੌਸਮ ਦਾ ਕੁਝ ਪਤਾ ਨਹੀਂ ਹੁੰਦਾ| ਘਰੋਂ ਨਿਕਲ ਕੇ ਮੇਨ ਰੋਡ ’ਤੇ ਬੱਸ ਸਟਾਪ ਸੀ| ਪਰ ਸਮਾਂਥਾ ਬੱਸ ਸਟਾਪ ’ਤੇ ਨਾ ਰੁਕੀ| ਖੱਬੇ ਪਾਸੇ ਪੈਂਦੇ ਇਕ ਪਾਰਕ ਵਿਚ ਜਾ ਵੜੀ| ਉਹਦੇ ਮਗਰੇ ਹੀ ਮੈਂ| ਇਸ ਪਾਰਕ ਵਿਚ ਤਾਂ ਡਰਦੀ ਹੋਈ ਮੈਂ ਦਿਨੇ ਵੀ ਨਹੀਂ ਸੀ ਆਉਂਦੀ| ਰਾਤ ਵੇਲੇ ਪਾਰਕ ਹੋਰ ਵੀ ਡਰਾਉਣਾ ਲੱਗ ਰਿਹਾ ਸੀ| ਸਮਾਂਥਾ ਹੱਸਦੀ ਹੋਈ ਕੋਈ ਗੱਲ ਸੁਣਾ ਰਹੀ ਸੀ| ਅੱਗੇ ਆ ਕੇ ਨਹਿਰ ਦਾ ਪੁਲ ਲੰਘ ਕੇ ਝਾੜੀਆਂ ਬਹੁਤ ਡਰਾਉਣੀਆਂ ਦਿਸਣ ਲੱਗੀਆਂ ਸਨ| ਛੋਟੇ ਛੋਟੇ ਦਰੱਖਤ ਜਿੱਦਾਂ ਭੂਤ ਖੜੇ ਹੋਣ| ਮੇਰੇ ਕੋਲੋਂ ਆਪਣੇ ਆਪ ਨੂੰ ਰੋਕ ਨਾ ਹੋਇਆ, ‘ਸਮਾਂਥਾ, ਆਏ ’ਮ ਰੀਅਲੀ ਸਕੇਅਰਡ! ..ਜੇ ਕੋਈ ਸਾਨੂੰ ਇਨ੍ਹਾਂ ਝਾੜੀਆਂ ’ਚ..?’
‘ਡੌਂਟ ਬੀ ਸਿੱਲੀ|’ ਜਦੋਂ ਤਾਈਂ ਅਸੀਂ ਮੁੜ ਸੜਕ ’ਤੇ ਨਾ ਚੜ੍ਹ ਆਈਆਂ ਮੇਰਾ ਡਰ ਉੱਦਾਂ ਹੀ ਬਣਿਆ ਰਿਹਾ|
ਪੱਬ ਵਿਚ ਆ ਕੇ ਮੇਰੇ ਸਾਹ ਵਿਚ ਸਾਹ ਆਇਆ| ਸਮਾਂਥਾ ਨੇ ਰੋਜ਼ ਵਾਈਨ ਦੇ ਦੋ ਗਲਾਸ ਭਰਾ ਲਏ| ਅਸੀਂ ਖੂੰਜੇ ਦਾ ਇਕ ਮੇਜ਼ ਮੱਲ ਲਿਆ| ਪੱਬ ਦੇ ਐਲ ਸੀ ਡੀ ’ਤੇ ਸੌਕਰ ਦਾ ਮੈਚ ਚੱਲ ਰਿਹਾ ਸੀ| ਪੱਬ ਵਿਚਲੇ ਬਹੁਤੇ ਲੋਕ ਮੈਚ ਦੇਖ ਰਹੇ ਸਨ| ਸਮਾਂਥਾ ਨੇ ਆਪਣਾ ਗਲਾਸ ਚੁੱਕ ਕੇ ‘ਚੀਅਰਜ਼’ ਕੀਤਾ| ਕਿਹਾ, ‘ਇਸ ਨਵੀਂ ਸ਼ੁਰੂਆਤ ਦੇ ਨਾਂ|’ ਫੇਰ ਆਪਣਾ ਗਲਾਸ ਮੇਰੇ ਗਲਾਸ ਨਾਲ ਭੜਾਇਆ| ਰੋਅਬਦਾਰ ਆਵਾਜ਼ ਵਿਚ ਕਿਹਾ, ‘ਹੈਵ ਏ ਸਿੱਪ|’
ਮੈਂ ਵਾਈਨ ਨਹੀਂ ਸੀ ਪੀਣੀ ਚਾਹੁੰਦੀ| ਉਸ ਨੂੰ ਕਈ ਵਾਰ ਜੂਸ ਲਈ ਕਿਹਾ ਵੀ ਸੀ ਪਰ ਉਸ ਨੇ ਮੇਰੀ ਗਲ ਵਲ ਧਿਆਨ ਹੀ ਨਾ ਦਿਤਾ| ਉਹ ਇਹ ਫੈਸਲਾ ਘਰੋਂ ਹੀ ਕਰ ਕੇ ਆਈ ਸੀ|
‘ਚੁਕ ਲੈ ਜ਼ਹਿਰ ਨ੍ਹੀਂ|’ ਉਸ ਨੇ ਰੋਹਬਦਾਰ ਆਵਾਜ਼ ਵਿਚ ਕਿਹਾ|
ਉਸ ਦੇ ਕਹਿਣ ’ਤੇ ਮੈਂ ਵਾਈਨ ਦਾ ਛੋਟਾ ਜਿਹਾ ਘੁੱਟ ਭਰ ਲਿਆ| ਜਿਦਾਂ ਤਿੱਖਾ ਜਿਹਾ ਸੋਢਾ ਹੁੰਦਾ ਹੈ, ਉੱਦਾਂ ਦਾ ਹੀ ਲਗਾ| ਮੈਂ ਦੋ ਕੁ ਹੋਰ ਘੁੱਟ ਭਰੇ| ਸਿਰ ਵਿਚ ਇਕ ਪਲ ਲਈ ਭਾਰਾਪਨ ਆਇਆ, ਫੇਰ ਠੀਕ ਹੋ ਗਿਆ|
‘ਜੈਸ, ਮੈਂ ਜਾਣ-ਬੁਝ ਕੇ ਤੈਨੂੰ ਇਸ ਰਾਹ ਲੈ ਕੇ ਆਈ ਆਂ| ਤੇਰਾ ਡਰ ਲਾਹੁਣ ਲਈ| ਸਾਡੇ ਮੁਲਕ ’ਚ ਹੋਰਨਾਂ ਮੁਲਕਾਂ ਜਿਹਾ ਖਤਰਾ ਨ੍ਹੀਂ| ਰੇਪ ਦਾ ਦਹਿਲ ਹੈ ਹੀ ਅਜਿਹਾ ਕਿ ਹਰ ਔਰਤ ਇਸ ਤੋਂ ਖੌਫ ਖਾਂਦੀ ਆ| ਮਰਦ ਚਾਹੇ ਉਹ ਅਫਰੀਕਾ ਦਾ ਹੋਵੇ, ਏਸ਼ੀਆ ਦਾ ਜਾਂ ਯੂਰਪ ਦਾ| ਪਰ ਸੱਚ ਇਹ ਵੀ ਆ ਕਿ ਇਹ ਸੁਸਾਇਟੀ ਸਾਨੂੰ Eਨਾ ਹੀ ਹੋਰ ਡਰਾਈ ਜਾਂਦੀ ਆ ਜਿੰਨਾ ਅਸੀਂ ਡਰਦੇ ਆਂ| ਨ੍ਹੀਂ ਤਾਂ ਕਿਸੇ ਦੀ ਕੀ ਮਜ਼ਾਲ ਕਿ ਔਰਤ ਨੂੰ ਉਸ ਦੀ ਮਰਜ਼ੀ ਖਿਲਾਫ ਕੋਈ ਹੱਥ ਵੀ ਲਾ ਜਾਵੇ|’
ਮੈਂ ਸਮਾਂਥਾ ਵੱਲ ਦੇਖ ਰਹੀ ਸੀ| ਉਸ ਦੇ ਮੋਢਿਆਂ ਤਾਈਂ ਕੱਕੇ-ਭੂਰੇ ਵਾਲ ਉਸ ਦੇ ਗੱਲ ਕਰਨ ਦੇ ਨਾਲ ਨਾਲ ਹਿੱਲ ਰਹੇ ਸਨ| ਉਹ ਬਹੁਤ ਪਿਆਰੀ ਲੱਗ ਰਹੀ ਸੀ| ਭਾਵੇਂ ਉਹ ਗੋਰੀ ਸੀ ਪਰ ਜਿੱਦਾਂ ਮੇਰੀ ਵੱਡੀ ਭੈਣ ਹੋਵੇ| ਮੈਂ ਸੁਣਿਆਂ ਸੀ ਕਿ ਗੋਰੇ ਸਾਡੇ ਲੋਕਾਂ ਨਾਲ ਬਹੁਤਾ ਨਹੀਂ ਘੁਲ਼ਦੇ ਪਰ ਸਮਾਂਥਾ ਵੱਖਰੀ ਕਿਸਮ ਦੀ ਕੁੜੀ ਸੀ| ਉਹ ਮੈਨੂੰ ਅਟਵਾਲ ਦੇ ਸਟੋਰ ’ਤੇ ਮਿਲੀ ਸੀ| ਕਈ ਵਾਰ| ਆਪਣੀ ਕਿਚਨ ਲਈ ਸਾਮਾਨ ਲੈਣ ਆਈ| ਮੈਂ ਉਸ ਨੂੰ ਕਮਰੇ ਬਾਰੇ ਪੁਛਿਆ ਤਾਂ ਉਸ ਕਿਹਾ ਸੀ, ‘ਮੈਂ ਕਦੇ ਕਿਸੇ ਏਸ਼ੀਅਨ ਨੂੰ ਆਪਣਾ ਰੂਮ ਕਿਰਾਏ ’ਤੇ ਨ੍ਹੀਂ ਦਿਤਾ, ਤੇਰੀ ਭੋਲੀ ਜਿਹੀ ਸੂਰਤ ਦੇਖ ਕੇ ਹਾਂ ਕਰ ਰਹੀ ਆਂ| ਜਦੋਂ ਮਰਜ਼ੀ ਆ ਜਾਈਂ| ਆ ਕੇ ਦੇਖ ਲਈਂ| ਜੇ ਪਸੰਦ ਆਇਆ ਤਾਂ ਮੂਵ ਕਰ ਜਾਈਂ|’ ਉਹ ਇਕ-ਇਕ ਗਲਾਸ ਵਾਈਨ ਦਾ ਹੋਰ ਭਰਾ ਲਿਆਈ| ਮੇਰੇ ਤਾਂ ਅੱਧੇ ਨਾਲੋਂ ਜ਼ਿਆਦਾ ਪਿਆ ਸੀ| ਮੈਂ ਜਾ ਕੇ ਲੀਚੀਆਂ ਦੇ ਜੂਸ ਦਾ ਗਲਾਸ ਲੈ ਆਈ|
‘ਸਮਾਂਥਾ, ਤੂੰ ਐਨੇ ਦੇਸ਼ਾਂ ’ਚ ਘੁੰਮੀ ਆਂ| ਤੇਰੇ ’ਚ ਏਨੀ ਹਿੰਮਤ ਕਿਥੋਂ ਆਉਂਦੀ?’
‘ਇਹ ਮੇਰੇ ਅੰਦਰ ਹੀ ਆ|’
‘ਮਾੜੇ ਬੰਦਿਆਂ ਨਾਲ ਵਾਹ ਨ੍ਹੀਂ ਪਿਆ ਕਦੇ?’
‘ਬਹੁਤ ਪਿਆ ਪਰ ਕਾਬੂ ਕਰ ਲਿਆ| ਬੰਦਾ ਬੱਚੇ ਵਾਂਗ ਹੁੰਦਾ| ਉਹਨੂੰ ਇਕੋ ਖਿਡਾਉਣਾ ਚਾਹੀਦਾ|…ਸਾਰੇ ਬੰਦੇ ਮਾੜੇ ਵੀ ਨ੍ਹੀਂ ਹੁੰਦੇ| ਜਦੋਂ ਅਸੀਂ ਘੁੰਮਦੇ-ਫਿਰਦੇ ਆਂ, ਉਦੋਂ ਬੜਾ ਸਿਖਦੇ ਆਂ| ਘਰ ਬੈਠਿਆਂ ਜਾਂ ਕੰਮ ਤੋਂ ਅਜਿਹਾ ਕੁਸ਼ ਨ੍ਹੀਂ ਸਿਖਣ ਨੂੰ ਮਿਲਦਾ ਜਿਹੋ-ਜਿਹਾ ਦੂਜੇ ਕੰਟਰੀਆਂ ’ਚ ਜਾ ਕੇ ਮਿਲਦਾ| ਮੈਨੂੰ ਜ਼ਿਆਦਾ ਚੰਗੇ ਹੀ ਬੰਦੇ ਮਿਲੇ| ਦੋ-ਚਹੁੰਆਂ ਨੂੰ ਛਡ ਕੇ| ਇਕ ਵਾਰੀ ਮੈਂ ਇਥੋਂ ਗਏ ਇਕ ਗਰੁੱਪ ਨਾਲ ਹਿਮਾਚਲ ਪਰਦੇਸ਼ ਚਲੇ ਗਈ| ਮੈਂ ਕੁਸ਼ ਦਿਨਾਂ ’ਚ ਪਹਾੜੀ ਥਾਂ ਦੇਖ ਲਏ| ਸਾਰੇ ਇਕੋ-ਜਿਹੇ ਲਗੇ| ਮੇਰੇ ਗਰੁੱਪ ਦੇ ਬਹੁਤੇ ਲੋਕ ਮੁਫਤ ਦੀ ਕੈਨਵਿਸ ਕਾਰਨ ਉੱਥੇ ਗਏ ਸਨ| ਮੈਂ ਆਪਣੇ ਸਾਥੀਆਂ ਨੂੰ ਛੱਡ ਕੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ| ਬੱਸ ਰਾਹ ’ਚ ਖਰਾਬ ਹੋ ਗਈ| ਹੁਣ ਦਿੱਲੀ ਕਿੱਦਾਂ ਜਾਇਆ ਜਾਵੇ? ਮੈਂ ਇਕ ਕਾਰ ਨੂੰ ਹੱਥ ਦਿੱਤਾ| ਬਾਈ ਕੁ ਸਾਲ ਦਾ ਮੁੰਡਾ ਸੀ| ਉਹ ਚੰਡੀਗੜ੍ਹ ਜਾ ਰਿਹਾ ਸੀ| ਮੈਂ ਸੋਚਿਆ ਕਿ ਉੱਥੇ ਤੀਕ ਹੀ ਸਹੀ| ਰੋਹਿਤ ਗੋਗਨਾ ਨਾਂ ਸੀ ਉਹਦਾ| ਦਸ-ਬਾਰ੍ਹਾਂ ਮੀਲਾਂ ਦੇ ਸਫ਼ਰ ਮਗਰੋਂ ਹੀ ਮੈਂ ਜਾਣ ਲਿਆ ਕਿ ਉਹ ਬਹੁਤ ਇੰਟਲੈਕਚੁਅਲ ਆ| ਉਸ ਨੇ ਨਵੀਂ-ਨਵੀਂ ਇੰਗਲਿਸ਼ ਲਿਟਰੇਚਰ ਦੀ ਮਾਸਟਰ ਡਿਗਰੀ ਕੀਤੀ ਸੀ| ਉਸ ਨੇ ਜੌਹਨ ਕੀਟਸ ਤੇ ਪੀ. ਬੀ. ਸ਼ੈਲੇ ਬਾਰੇ ਕਾਫੀ ਗੱਲਾਂ ਕੀਤੀਆਂ| ਚੰਡੀਗੜ੍ਹ ਆ ਕੇ ਉਸ ਪੁੱਛਿਆ, ‘ਜੇ ਤੁਸੀਂ ਪਿੰਡ ਦੇਖਣਾ ਚਾਹੁੰਦੇ ਹੋ ਤਾਂ ਮੈਂ ਆਪਣਾ ਪਿੰਡ ਦਿਖਾ ਸਕਦਾਂ|’ ਕੀ ਕਹਿੰਦੇ ਹੁੰਦੇ ਤੁਸੀਂ ਇੰਡੀਅਨ-ਅੰਨ੍ਹਾ ਕੀ ਮੰਗੂ ਦੋ ਅਖਾਂ| ਚੰਡੀਗੜ੍ਹੋਂ ਵੀਹ ਕੁ ਮੀਲਾਂ ’ਤੇ ਉਸ ਦਾ ਰਾਜੋ ਮਾਜਰਾ ਪਿੰਡ ਆ ਗਿਆ| ਸ਼ਾਮ ਦਾ ਵੇਲਾ ਸੀ| ਉਨ੍ਹਾਂ ਦੀ ਕੋਠੀ ਮੋਹਰੇ ਉਸ ਦੇ ਡੈਡ ਦੀ ਗੋਲਡ ਦੀ ਦੁਕਾਨ ਸੀ| ਡੈਡ ਪਿੰਡ ਦਾ ਸਰਪੰਚ ਸੀ| ਬੜੇ ਨਿਘ ਨਾਲ ਮਿਲਿਆ| ਰਾਤ ਨੂੰ ਉਸ ਬੋਤਲ ਖੋਲ੍ਹ ਲਈ| ਮੁੜ ਇੰਗਲਿਸ਼ ਲਿਟਰੇਚਰ ਦੀਆਂ ਗਲਾਂ ਤੋਰ ਲਈਆਂ| ਉਹ ਜੌਹਨ ਮਿਲਟਨ ਦੇ ਐਪਿਕ ‘ਦੀ ਪੈਰਾਡਾਸਿਸ ਲੌਸਟ’ ਦਾ ਫੈਨ ਸੀ| ਮੈਨੂੰ ਐਡਮ ਤੇ ਈਵ ਬਾਰੇ ਤਾਂ ਪਤਾ ਸੀ ਪਰ ਐਪਿਕ ਦੀ ਥੀਮ ਬਾਰੇ ਨ੍ਹੀਂ| ਲੋਰ ’ਚ ਆ ਕੇ ਉਹ ਸੈਟਨ ਦੀਆਂ ਲਾਇਨਸ ਗੁਣਾਉਣ ਲਗਾ: ਬੈਟਰ ਟੂ ਰੇਨ ਇਨ ਹਿਲ ਥੈਨ ਸਰਵ ਇਨ þਵਨ| ਮੈਂ ਕਿਹਾ, ‘ਇਸ ਐਪਿਕ ਦੀਆਂ ਹੋਰ ਵੀ ਲਾਇਨਸ ਪਾਪੂਲਰ ਨੇ|’ ‘ਜੀ ਹਾਂ| ਜਦੋਂ ਸ਼ੈਤਾਨ ਨੂੰ ‘ਗਾਰਡਨ ਆਫ ਈਡਨ’ ’ਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਤਾਂ ਉਸ ਕਿਹਾ, ‘ਵੂਈ ਲੌਸਟ ਦਾ þਵਨ ਬਟ ਨੌਟ ਦੀ ਫੀਲਡ|’ ਸਾਡੇ ਬੈਠਿਆਂ ’ਤੇ ਉਸ ਦੀ ਮੌਮ ਕਈ ਵਾਰ ਆਈ| ਦੋ ਕੁ ਮਿੰਟ ਬੈਠੀ ਵੀ| ਫੇਰ ਗੋਗਨੇ ਨੇ ਕਹਿ ਦਿੱਤਾ, ‘ਮੰਮੀ ਤੁਸੀਂ ਜਾ ਕੇ ਸੌਂ ਜਾE| ਜਿਹੜੀ ਚੀਜ਼ ਦੀ ਲੋੜ ਪਈ-ਮੈਂ ਆਪੇ ਰਸੋਈ ’ਚੋਂ ਲੈ ਲਵਾਂਗਾ|’ ਸਾਰੀ ਰਾਤ ਗਲਾਂ ’ਚ ਲੰਘ ਗਈ| ਪਤਾ ਉਸ ਦੀ ਮੌਮ ਨੇ ਕਿੰਨੇ ਗੇੜੇ ਮਾਰੇ| ਉਹ ਬੜੀ ਡਰੀ-ਡਰੀ ਲਗੀ। ਸਵੇਰੇ ਬਸ ਸਟੈਂਡ ’ਤੇ ਛੱਡਣ ਆਇਆ ਤਾਂ ਮੈਂ ਪੁਛਿਆ, ‘ਮੇਰੇ ਵਰਗੀ ਸੁਹਣੀ ਕੁੜੀ ਨਾਲ ਸੌਣ ਨੂੰ ਤੇਰਾ ਮਨ ਨ੍ਹੀਂ ਲਲਚਾਇਆ?’ ਉਸ ਨੇ ਨੀਵੀਂ ਪਾ ਕੇ ਜੁਆਬ ਦਿਤਾ, ‘ਜਿਸ ਕੁੜੀ ਨੂੰ ਮੈਂ ਪਰੌਪਰ ਵੇਅ ਨਾਲ ਜਾਣਦਾ ਨਾ ਹੋਵਾਂ, ਉਸ ਨਾਲ ਕਿਦਾਂ ਸੌਂ ਸਕਦਾਂ|’ ਉਸ ਦਾ ਜੁਆਬ ਸੁਣ ਕੇ ਮੈਂ ਈਮੋਸ਼ਨਲ ਹੋ ਗਈ| ਘੁਟ ਕੇ ਜਫੀ ਪਾ ਕੇ ਕਿਹਾ, ‘ਆਈ ਐਮ ਪਰਾਊਡ ਆਫ ਯੂ’
‘ਗੋਗਨਾ ਮੁੜ ਕੇ ਨ੍ਹੀਂ ਮਿਲਿਆ ਕਦੇ?’
‘ਨ੍ਹੀਂ|’
‘ਕਦੇ ਤੂੰ ਫੋਨ ਨ੍ਹੀਂ ਕੀਤਾ?’
‘ਮੈਂ ਕਿਹੜੀ ਇੰਡੀਅਨ ਸੀ ਜਿਹੜੀ ਉਸ ਨਾਲ ਜੁੜ ਜਾਂਦੀ|’
ਉਹ ਮੋਢੇ ਹਿਲਾਉਂਦੀ ਰਹੀ| ਮੈਂ ਹੈਰਾਨ ਹੁੰਦੀ ਗਈ| ਉਸ ਨੇ ਫੇਰ ਕਿਹਾ, ‘þਹੈਰਾਨ ਨਾ ਹੋ| ਮੇਰੇ ਵਰਗੀਆਂ ਐਡਵੈਂਚਰਸ ਔਰਤਾਂ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ| ਇਹ ਮੈਂ ਰਿਚਡਸਨ ਅਕੈਡਮੀ ਤੋਂ ਸਿਖਿਆ ਸੀ|’
‘ਰਿਚਡਸਨ ਅਕੈਡਮੀ?’
‘ਯੈਹ, ਇਹ ਅਕੈਡਮੀ ਸੈਂਟਰਲ ਲੰਡਨ ’ਚ ਆ| ਇਹਦਾ ਪਤਾ ਮੈਨੂੰ ਜੈਨੀਫਰ ਨੇ ਦਿੱਤਾ ਸੀ| ਇਸ ਅਕੈਡਮੀ ’ਚ ਦੁਨੀਆ ਘੁੰਮਣ ਵਾਲੇ ਟਰੈਵਲਰਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾਂਦੀ ਆ| ਦੋ ਹਫਤੇ ਦੀ ਟਰੇਨਿੰਗ ਆ| ਬੜਾ ਕੁਝ ਸਿਖਾਇਆ ਜਾਂਦਾ| ਜਿੱਦਾਂ ਕਿ ਕਿਹੜੇ ਮੁਲਕ ’ਚ ਜਾਣ ਨਾਲ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ| ਟਰੈਵਲ ਕਰਨ ਲਈ ਜ਼ਰੂਰੀ ਸਾਮਾਨ ਹੀ ਲੈ ਜਾਇਆ ਜਾਵੇ ਬਗੈਰਾ-ਬਗੈਰਾ| ਸਭ ਤੋਂ ਜ਼ਰੂਰੀ ਗੱਲ ਤੁਹਾਡੀ ਸੇਫਟੀ ਬਾਰੇ ਦੱਸੀ ਜਾਂਦੀ ਆ| ਕਈ ਮੁਲਕਾਂ ਵਿਚ ਲੁੱਟੇ ਜਾਣ, ਕੁੱਟ-ਮਾਰ ਜਾਂ ਜਾਨ ਦਾ ਖਤਰਾ ਵੀ ਹੋ ਸਕਦਾ| ਸਭ ਤੋਂ ਵੱਡਾ ਖਤਰਾ ਔਰਤ ਲਈ ਰੇਪ ਦਾ ਹੁੰਦਾ| ਭਾਵੇਂ ਇਹ ਘਟਨਾ ਬਹੁਤ ਘੱਟ ਵਾਪਰਦੀ ਆ ਪਰ ਕਦੇ ਵੀ ਵਾਪਰ ਸਕਦੀ ਆ| ਜੇ ਤੁਸੀਂ ਮੇਰੇ ਵਾਂਗ ਐਡਵੈਂਚਰਸ ਬਣਨਾ ਤਾਂ ਮਾਨਸਿਕ ਤੌਰ ’ਤੇ ਐਦਾਂ ਦੀਆਂ ਗੱਲਾਂ ਲਈ ਤਿਆਰ ਰਹਿਣਾ ਪੈਣਾ| ਇਸ ਟਰੇਨਿੰਗ ’ਚ ਇਕ ਸੇਫਟੀ ਕਿੱਟ ਵੀ ਦਿੱਤੀ ਜਾਂਦੀ ਆ|’
‘ਸੇਫਟੀ ਕਿੱਟ? ਕੀ ਹੁੰਦਾ ਇਹਦੇ ’ਚ?’
‘ਇਹਦੇ ’ਚ ਐਂਟੀ-ਬਾਇEਟਿਕ ਗੋਲੀਆਂ, ਮਲ੍ਹਮ, ਪਲਾਸਟਰ ਬਗੈਰਾ ਹੁੰਦਾ|’
‘ਸਮਾਂਥਾ, ਰੇਪ ਲਈ ਤਿਆਰ ਰਹਿਣ ਦੀ ਗੱਲ ਤੂੰ ਐਦਾਂ ਕਰ ਰਹੀ ਆਂ ਜਿੱਦਾਂ ਕੋਈ ਕਹੇ ਕਿ ਥੱਪੜ ਖਾਣ ਲਈ ਤਿਆਰ ਹੋ ਜਾ|’
‘ਸਾਡੀ ਟਰੇਨਰ ਸੂਜ਼ਨ ਸੀ| ਬਹੁਤ ਪਿਆਰ ਨਾਲ ਸਮਝਾਇਆ ਕਰਦੀ ਕਿ ਗਰੁੱਪ ’ਚ ਰਹੋ| ਖਤਰਾ ਹੋਵੇ ਤਾਂ ਭੀੜ ’ਚ ਵੜ ਜਾਵੋ ਜਾਂ ਕਿਸੇ ਨੇੜੇ ਦੀ ਸ਼ੌਪ ਜਾਂ ਸਟੋਰ ’ਚ| ਹੈਲਪ ਲਈ ਰੌਲ਼ਾ ਵੀ ਪਾਇਆ ਜਾ ਸਕਦਾ| ਕਈ ਵਾਰ ਹਾਲਾਤ ਤੁਹਾਡੇ ਕਾਬੂ ਤੋਂ ਬਾਹਰ ਵੀ ਹੋ ਸਕਦੇ|’
ਸਮਾਂਥਾ ਆਪਣੇ ਵਹਿਣ ਵਿਚ ਬੋਲੀ ਜਾ ਰਹੀ ਸੀ| ਮੈਂ ਵੀ ਉਸ ਨੂੰ ਰੋਕਣਾ ਠੀਕ ਨਾ ਸਮਝਿਆ|
‘ਯੂਨੀਵਰਸਿਟੀ ਖਤਮ ਕਰਦਿਆਂ ਹੀ ਮੇਰੇ ਮਨ ’ਚ ਦੁਨੀਆ ਦੇਖਣ ਦਾ ਮਨ ਬਣ ਗਿਆ| ਉਦੋਂ ਹੀ ਰਿਚਡਸਨ ਅਕੈਡਮੀ ਜੁਆਇਨ ਕੀਤੀ| ਕੁਸ਼ ਮਹੀਨਿਆਂ ਬਾਅਦ ਪਤਾ ਚੱਲਿਆ ਕਿ ਇਕ ਗਰੁੱਪ ਬਗਦਾਦ ਜਾ ਰਿਹਾ| ਇਹ ਉਹ ਵੇਲਾ ਸੀ ਜਦੋਂ ਇਰਾਕ ਵਿਚ ਕੁਸ਼ ਅਮਨ-ਅਮਾਨ ਹੋਇਆ ਸੀ| ਸਦਾਮ ਦੇ ਖਾਤਮੇ ਤੋਂ ਬਾਅਦ| ਆਈ ਐਸ ਆਈ ਤੋਂ ਪਹਿਲੀ ਗੱਲ ਆ| ਬਹੁਤ ਲੋਕ ਤਾਂ ਢੱਠੇ ਹੋਏ ਬਗਦਾਦ ਨੂੰ ਦੇਖਣਾ ਚਾਹੁੰਦੇ ਸੀ ਪਰ ਮੈਂ ਬਗਦਾਦ ਦਾ ਉਹ ਹਿੱਸਾ ਦੇਖਣਾ ਚਾਹੁੰਦੀ ਸਾਂ ਜਿਥੇ ਔਰਤਾਂ ਦੀ ਮੰਡੀ ਲਗਿਆ ਕਰਦੀ ਸੀ| ਇੰਡੀਆ ਤੋਂ ਲਿਆਂਦੀਆਂ ਔਰਤਾਂ ਦੀ ਮੰਡੀ| ਇਹ ਭੇਡਾਂ ਵਾਂਗ ਵੇਚੀਆਂ ਜਾਂਦੀਆਂ| ਕਈ ਸਦੀਆਂ ਵੇਚੀਆਂ ਜਾਂਦੀਆਂ ਰਹੀਆਂ| ਮੈਂ ਇਹ ਗੱਲ ਯੂਨੀਵਰਸਿਟੀ ’ਚ ਪੜ੍ਹੀ ਸੀ| ਮੈਂ ਉਹ ਥਾਂ ਦੇਖਣੀ ਚਾਹੁੰਦੀ ਸੀ|’
ਸਮਾਂਥਾ ਵਾਈਨ ਦਾ ਇਕ ਗਲਾਸ ਤੇ ਮੈਂ ਵੀ ਜੂਸ ਦਾ ਇਕ ਹੋਰ ਗਲਾਸ ਲੈ ਆਈ| ਉਸ ਫੇਰ ਕਹਿਣਾ ਸ਼ੁਰੂ ਕੀਤਾ, ‘ਮੈਂ ਬਗਦਾਦ ਪਹੁੰਚ ਕੇ ਉਸ ਥਾਂ ਦਾ ਪਤਾ ਕਰ ਲਿਆ| ਉਹ ਚੌਂਕ ਹਾਲੇ ਵੀ ਪੁਰਾਣੇ ਬਗਦਾਦ ’ਚ ਕਿਤੇ ਹੈ ਸੀ| ਇਕ ਟੈਕਸੀ ਡਰਾਈਵਰ ਟੁੱਟੀ-ਫੁੱਟੀ ਇੰਗਲਿਸ਼ ’ਚ ਕਹਿਣ ਲੱਗਾ ਕਿ ਉਹ ਮੈਨੂੰ ਉਥੇ ਲੈ ਜਾਵੇਗਾ| ਮੈਂ ਗਰੁੱਪ ਤੋਂ ਅਲੱਗ ਹੋ ਕੇ ਟੈਕਸੀ ਵਾਲੇ ਨਾਲ ਤੁਰ ਪਈ| ਕਾਰ ਪੁਰਾਣੇ ਬਗਦਾਦ ਦੇ ਮਿੱਟੀ ਦੇ ਘਰਾਂ ਵਿਚ ਦੀ ਲੰਘਣ ਲੱਗੀ| ਇਕ ਖੁੱਲ੍ਹੀ ਜਿਹੀ ਥਾਂ ’ਤੇ ਟੈਕਸੀ ਖੜੀ ਕਰ ਕੇ ਉਸ ਕਿਹਾ ਕਿ ਇਹੀ ਉਹ ਥਾਂ ਹੈ| ਬਹੁਤ ਰੁਮਾਂਚਿਤ ਸੀਨ ਸੀ| ਕਾਫੀ ਸਾਰੇ ਲੋਕ ਸਨ| ਮੈਂ ਵੀ ਕੁਸ਼ ਫੋਟੋ ਖਿਚੀਆਂ| ਵਾਪਸ ਮੁੜਦਿਆਂ ਅਚਾਨਕ ਝਟਕੇ ਨਾਲ ਟੈਕਸੀ ਇਕ ਕੱਚੇ ਘਰ ਮੁਹਰੇ ਰੁਕੀ| ਡਰਾਈਵਰ ਨੇ ਗੰਨ ਮੇਰੇ ਵੱਲ ਸਿੱਧੀ ਕੀਤੀ ਤੇ ਟੈਕਸੀ ’ਚੋਂ ਨਿਕਲ ਕੇ ਨਾਲ ਤੁਰਨ ਲਈ ਕਿਹਾ| ਮੈਨੂੰ ਲਗਾ ਕਿ ਹੁਣ ਵੀ ਗੋਲ਼ੀ ਚੱਲੀ ਕਿ ਚੱਲੀ| ਇਕ ਕੱਚੇ ਜਿਹੇ ਘਰ ਦੇ ਅੰਦਰ ਲੈ ਜਾ ਕੇ ਮੈਨੂੰ ਕਪੜੇ ਲਾਹੁਣ ਦਾ ਹੁਕਮ ਦਿੱਤਾ| ਹੁਣ ਮੇਰੇ ਕੋਲ ਦੋ ਰਾਹ ਸਨ| ਜਾਂ ਤਾਂ ਗੋਲ਼ੀ ਖਾਵਾਂ ਜਾਂ ਫਿਰ ਉਹਦਾ ਕਹਿਣਾ ਮੰਨਾਂ| ਟੈਕਸੀ ਡਰਾਈਵਰ ਨੇ ਮੇਰੇ ਨਾਲ ਜ਼ਬਰ-ਦਸਤੀ ਕੀਤੀ| ਜੇ ਮੈਂ ਰਿਚਡਸਨ ਅਕੈਡਮੀ ਜੁਆਇਨ ਨਾ ਕੀਤੀ ਹੁੰਦੀ ਤਾਂ ਮੇਰੀ ਮਨੋ-ਸਥਿਤੀ ਕਿਦਾਂ ਦੀ ਹੋਣੀ ਸੀ| ਮੈਂ ਇਸ ਸਭ ਕੁਸ਼ ਪਹਿਲਾਂ ਹੀ ਸੋਚ ਕੇ ਗਈ ਸੀ|’ ਉਸਨੇ ਵਾਈਨ ਦੇ ਦੋ-ਤਿੰਨ ਘੁੱਟ ਭਰੇ ਤੇ ਮੇਰੇ ਵਲ ਦੇਖਣ ਲਗੀ|
‘ਫੇਰ?’
‘ਮੈਂ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ| ਅਗਾਂਹ ਉੱਥੋਂ ਦੀ ਪੁਲਿਸ ਜਾਣੇ ਕਿ ਉਸ ਕੀ ਕਾਰਵਾਈ ਕਰਨੀ ਆ|’
ਉਸ ਦੀ ਗੱਲ ਸੁਣ ਕੇ ਮੇਰੀਆ ਲੱਤਾਂ ਕੰਬਣ ਲੱਗੀਆਂ| ਮੈਨੂੰ ਲੱਗਣ ਲਗਾ ਕਿ ਬਗਦਾਦ ਦੇ ਮਿੱਟੀ ਦੇ ਘਰ ਵਿਚ ਸਮਾਂਥਾ ਨਹੀਂ ਜਿਦਾਂ ਮੈਂ ਹੋਵਾਂ|
ਮੈਂ ਜੂਸ ਦਾ ਘੁੱਟ ਭਰਿਆ| ਪੁੱਛਿਆ, ‘ਇਸ ਘਟਨਾ ਤੋਂ ਬਾਅਦ ਘੁੰਮਣ ਜਾਣ ਦਾ ਹੌਸਲਾ ਕਿਦਾਂ ਪਿਆ?’
‘ਮੈਂ ਦਸਿਆ ਨਾ ਕਿ ਮੈਂ ਇਕ ਐਡਵੈਂਚਰਸ ਆਂ| ਨਿੱਤ ਤਜ਼ਰਬੇ ਕਰਨੇ ਮੇਰਾ ਸ਼ੌਂਕ ਆ| ਅਜ ਐਨਾ ਹੀ ਕਾਫੀ ਆ| ਕਿਸੇ ਹੋਰ ਦਿਨ ਤੁਹਾਡੇ ਕੰਟਰੀ ਦੇ ਸ਼ਹਿਰ ਤਰਨਤਾਰਨ ਲਾਗਲੇ ਪਿੰਡ ਤੇ ਪਾਕਿਸਤਾਨ ਦੇ ਲਾਇਲਪੁਰ ਦੇ ਪਿੰਡ ਦੌਲਾ ਛੱਕ ਦੇ ਹੌਰੀਬਲ ਤਜ਼ਰਬੇ ਸਾਂਝੇ ਕਰੂੰਗੀ| ਹੋਰ ਸੁਣ ਬਰਾਜ਼ੀਲ ਤੇ ਬੋਲੀਵੀਆ ਵੀ ਗਈ ਜੋ ਬਹੁਤ ਖਤਰਨਾਕ ਮੁਲਕ ਨੇ| ਹੁਣ ਘੁੰਮਣਾ ਮੇਰੇ ਖੂਨ ’ਚ ਰਚ ਚੁੱਕਾ|’
ਉਸ ਨੇ ਮੇਰੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲਏ ਤੇ ਕਿਹਾ, ‘ਮਾਈ ਡਾਰਲੰਿਗ, ਰੇਪ ਇਕ ਹਊਆ ਜ਼ਰੂਰ ਆ ਪਰ ਇਹਦੇ ਕੋਲੋਂ ਐਨਾ ਨਾ ਡਰ ਕਿ ਜਿਊਣਾ ਹੀ ਛੱਡ ਦੇਵੇਂ|’
ਪੱਬ ਦੇ ਦੂਜੇ ਹਿੱਸੇ ਜਿਧਰ ਡਾਂਸ ਫਲੋਰ ਸੀ, ਸੰਗੀਤ ਦੀ ਆਵਾਜ਼ ਜ਼ਰਾ ਉੱਚੀ ਹੋ ਗਈ| ਪੱਬ-ਕਲੱਬ ਵਿਚ ਜਾ ਕੇ ਡਾਂਸ ਕਰਨ ਬਾਰੇ ਅਕਸਰ ਮੈਂ ਸੋਚਿਆ ਕਰਦੀ ਸੀ ਪਰ ਇੰਨੀਆਂ ਗੱਲਾਂ ਕਰਕੇ ਹੁਣ ਮੇਰਾ ਡਾਂਸ ਕਰਨ ਦਾ ਮੂਡ ਨਹੀਂ ਸੀ| ਮੈਂ ਫੋਨ ’ਤੇ ਟਾਈਮ ਦੇਖਿਆ| ਉਸ ਨੂੰ ਦਿਖਾਇਆ| ਉਹ ਉੱਠ ਖੜੀ| ਅਸੀਂ ਪੱਬ ’ਚੋਂ ਬਾਹਰ ਆਈਆਂ ਤਾਂ ਪਤਾ ਨਹੀਂ ਮੇਰੇ ਮਨ ਵਿਚ ਕੀ ਆਇਆ ਕਿ ਮੈਂ ਉਸ ਨੂੰ ਜੱਫੀ ਵਿਚ ਲੈ ਕੇ ਚੁੰਮ ਲਿਆ| ਸਾਹਮਣੇ ਸਤਾਸੀ ਨੰਬਰ ਬੱਸ ਆ ਰਹੀ ਸੀ| ਉਹ ਬੋਲੀ, ‘ਜੈਸ, ਚੱਲ ਦੌੜ| ਬੱਸ ਸਟਾਪ ’ਤੇ ਪੁੱਜੀਏ| ਬੱਸ ਫੜ ਸਕੀਏ|’
‘ਨ੍ਹੀਂ ਸਮਾਂਥਾ, ਪਾਰਕ ਵਿਚ ਦੀ ਤੁਰ ਕੇ ਚਲਦੀਆਂ|’ ਮੈਂ ਉਸ ਦਾ ਹੱਥ ਫੜੀ ਸੜਕ ਲੰਘ ਕੇ ਉਸ ਪਾਰਕ ਵਿਚ ਜਾ ਵੜੀ ਜਿਧਰ ਦੀ ਅਸੀਂ ਆਈਆਂ ਸੀ|