ਗੁਰਬਾਣੀ ਦੇ ਚਾਨਣ ਵਿਚੋਂ ਸਿੱਖੀ ਦੇ ਦਰਸ਼ਨ ਕਰਵਾਉਂਦੀ ਉਂਕਾਰਪ੍ਰੀਤ ਦੀ ਪੁਸਤਕ, ‘ਅਣ-ਫਿਰਿਆ ਮੱਕਾ’

ਰਜਵੰਤ ਕੌਰ ਸੰਧੂ
ਸਾਹਿਬ ਸਿੰਘ ਵੱਲੋਂ ਬਰੈਂਪਟਨ ਵਿਚ ‘ਧੰਨ ਲੇਖਾਰੀ ਨਾਨਕਾ!’ ਨਾਟਕ ਖੇਡਿਆ ਗਿਆ। ਨਾਟਕ ਤੋਂ ਬਾਅਦ ਉਂਕਾਰਪ੍ਰੀਤ ਦਾ ਸੱਜਰਾ ਕਾਵਿ-ਸੰਗ੍ਰਹਿ ‘ਅਣ-ਫਿਰਿਆ ਮੱਕਾ’ ਡਾ. ਵਰਿਆਮ ਸਿੰਘ ਸੰਧੂ ਹੁਰਾਂ ਲੋਕ-ਅਰਪਣ ਕੀਤਾ। ਸਮਾਗਮ ਤੋਂ ਬਾਅਦ ਉਂਕਾਰਪ੍ਰੀਤ, ਉਹਦੀ ਧੀ ਰਾਵੀ ਤੇ ਮੇਰਾ ਭਤੀਜਾ ਪ੍ਰਸਿੱਧ ਰੰਗ-ਕਰਮੀ ਜਸਪਾਲ ਢਿਲੋਂ ਸਾਡੇ ਘਰ ਆਏ। ਏਥੇ ਹੀ ਉਂਕਾਰਪ੍ਰੀਤ ਨੇ ਸਾਨੂੰ ਦੋਵਾਂ ਜੀਆਂ ਨੂੰ ਆਪਣਾ ਕਾਵਿ-ਸੰਗ੍ਰਹਿ ਦੇਣ ਵੇਲੇ ਕੁਝ ਬਹੁਤ ਪਿਆਰੇ ਸ਼ਬਦ ਲਿਖੇ:

‘ਸਤਿਕਾਰ ਸਹਿਤ-ਡਾ ਵਰਿਆਮ ਸਿੰਘ ਸੰਧੂ ਤੇ ਰਜਵੰਤ ਕੌਰ ਸੰਧੂ ਹੁਰਾਂ ਲਈ, ਜਿਨ੍ਹਾਂ ਦੇ ਆਸ਼ੀਰਵਾਦ ਦੀ ਲੋਅ ਮੇਰੀਆਂ ਇਨ੍ਹਾਂ ਬਹੁਤ ਸਾਰੀਆਂ ਨਜ਼ਮਾਂ ਤੇ ਮੇਰੀਆਂ ਹੋਰ ਰਚਨਾਵਾਂ ਵਿਚ ਰਚੀ ਹੋਈ ਹੈ-ਉਂਕਾਰਪ੍ਰੀਤ-16-10-2022’
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰਾ ਆਸ਼ੀਰਵਾਦ ਵੀ ਸਦਾ ਉਹਦੇ ਨਾਲ ਰਿਹਾ ਹੈ। ਇਹ ਆਸ਼ੀਰਵਾਦ ਉਹਨੇ ਆਪਣੇ ਸਾਊ, ਮਿਲਾਪੜੇ ਤੇ ਦੂਜੇ ਦੇ ਕੰਮ ਆਉਣ ਦੇ ਨੇਕ ਸੁਭਾਅ ਕਰ ਕੇ ਕਮਾਇਆ ਹੈ। ਇਨ੍ਹਾਂ ਪਿਆਰੇ ਸ਼ਬਦਾਂ ਵਿਚ ਆਪਣੇ ਆਪ ਨੂੰ ਸ਼ਾਮਲ ਵੇਖ ਕੇ ਮੇਰਾ ਮਨ ਉਹਦੇ ਲਈ ਮੋਹ ਨਾਲ ਭਰ ਗਿਆ। ਮੇਰੇ ਮਨ ਵਿਚ ਆਇਆ ਕਿ ਮੈਨੂੰ ਵੀ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਮੈਨੂੰ ਜਿਵੇਂ ਮਹਿਸੂਸ ਹੋਵੇ, ਕੁਝ ਸ਼ਬਦ ਵੀ ਜ਼ਰੂਰ ਲਿਖਣੇ ਚਾਹੀਦੇ ਹਨ।
ਇਨ੍ਹਾਂ ਨਜ਼ਮਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਉਂਕਾਰਪ੍ਰੀਤ ਨਾਲ ਰਿਸ਼ਤਾ ਪੰਦਰਾਂ ਸਾਲ ਪੁਰਾਣਾ ਹੈ, ਉਦੋਂ ਦਾ ਹੀ, ਜਦੋਂ ਦੇ ਅਸੀਂ ਕਨੇਡਾ ਆਏ ਹਾਂ। ਪੰਦਰਾਂ ਵਿਚੋਂ ਅੱਠ ਸਾਲ ਤਾਂ ਅਸੀਂ ਨੇੜਲੇ ਗਵਾਂਢੀ ਵੀ ਰਹੇ। ਉਹ ਮੈਨੂੰ ਸਦਾ ਆਪਣਾ ਛੋਟਾ ਭਰਾ ਜਾਂ ਭਤੀਜਾ ਹੀ ਲੱਗਦਾ ਹੈ। ਸਾਡੇ ਦੁਖ-ਸੁਖ ਦਾ ਸਾਥੀ। ਉਂਕਾਰਪ੍ਰੀਤ ਤੇ ਕੁਲਵਿੰਦਰ ਖਹਿਰਾ ਦੋਵੇਂ ਆਪਸ ਵਿਚ ਭਰਾਵਾਂ ਵਰਗੇ ਰਿਸ਼ਤੇ ਵਿਚ ਬੱਝੇ ਹੋਏ ਨੇ ਤੇ ਦੋਵੇਂ ਸਾਡੇ ਪਰਿਵਾਰ ਦਾ ਵੀ ਆਪਣਾ ਹੀ ਜੀਅ ਜਾਪਦੇ ਹਨ। ਦੋਵੇਂ ਮੈਨੂੰ ਆਪਣੇ ਸਕੇ ਭਤੀਜਿਆਂ ਜਸਪਾਲ ਅਤੇ ਰਾਜਵਿੰਦਰ ਵਰਗੇ ਹੀ ਲੱਗਦੇ ਹਨ। ਜਦੋਂ ਲੋੜ ਹੋਵੇ ਜਾਂ ਕੋਈ ਕੰਮ ਹੋਵੇ ਤਾਂ, ਉਂਕਾਰ ਹੋਵੇ ਜਾਂ ਕੁਲਵਿੰਦਰ ਅਸੀਂ ਬੜੇ ਮਾਣ ਨਾਲ ਬੇਝਿਜਕ ਆਖਦੇ ਹਾਂ, “ਆਈਂ ਜ਼ਰਾ ਸਾਡੇ ਵੱਲ! ਤੇਰੀ ਲੋੜ ਹੈ। ਇੱਕ ਕੰਮ ਤੇਰੇ ਗੋਚਰੇ ਕਰਨ ਵਾਲਾ ਹੈ।”
ਦੋਵਾਂ ਵਿਚੋਂ ਜਿਸ ਨੂੰ ਵੀ ਸੁਨੇਹਾ ਦਿੱਤਾ ਹੋਵੇ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਨਾ ਆਵੇ! ਮੈਨੂੰ ਕੋਈ ਇਕ ਵੀ ਵੇਲਾ ਯਾਦ ਨਹੀਂ ਜਦੋਂ ਉਨ੍ਹਾਂ ਵਿਚੋਂ ਕਿਸੇ ਨੇ ਵੀ ‘ਨਾਂਹ’ ਕੀਤੀ ਹੋਵੇ।
ਦੋਵਾਂ ਦੇ ਪਰਿਵਾਰ ਸਾਡੇ ਪਰਿਵਾਰ ਦਾ ਹਿੱਸਾ ਹੀ ਜਾਪਦੇ ਹਨ। ਦੋਵੇਂ ਮੈਨੂੰ ‘ਆਂਟੀ’ ਆਖਦੇ ਹਨ। ਪਰ ਮੈਨੂੰ ਲੱਗਦਾ ਹੈ, ਮੈਂ ‘ਆਂਟੀ’ ਦੀ ਥਾਂ ਉਨ੍ਹਾਂ ਲਈ ਮਾਵਾਂ ਵਰਗੇ ਪਿਆਰ ਜਾਂ ਵੱਡੀ ਭੈਣ ਵਾਲੇ ਪਿਆਰ ਨਾਲ ਭਰੀ ਹੋਈ ਹਾਂ।
ਅੱਜ ਗੱਲ ਉਂਕਾਰਪ੍ਰੀਤ ਦੀ ਅਤੇ ਉਹਦੀ ਕਵਿਤਾ ਦੀ ਕਰਨੀ ਹੈ। ‘ਅਣ-ਫਿਰਿਆ ਮੱਕਾ’ ਦੀਆਂ ਲਗਭਗ ਸਾਰੀਆਂ ਕਵਿਤਾਵਾਂ ਵਿਚ ਮਨਮੁੱਖ, ਮੂੜ੍ਹ-ਮਨ, ਆਸ਼ੇ ਤੋਂ ਭਟਕੇ ਮਨੁੱਖਾਂ, ਸਿੱਖੀ ਦੇ ਨਾਂ ’ਤੇ ਵਰਤਾਏ ਜਾਂਦੇ ਅਣਮੁਨੱਖੀ ਭਾਣਿਆਂ, ਸਿੱਖੀ ਦੇ ਸੱਚੇ ਰਾਹ ਤੋਂ ਭਟਕੇ ਤੇ ਅਸਲੀ ਸਿੱਖ ਦੀ ਪਛਾਣ ਤੋਂ ਵਿਹੂਣੇ ਤੇ ਅਣਜਾਣ ਲੋਕਾਂ ਬਾਰੇ, ਜਿਹੜੇ ਆਪਣੇ ਆਪ ਨੂੰ ਹੀ ਜਾਣੀ-ਜਾਣ ਸਮਝੀ ਬੈਠੇ ਹਨ, ਜਿਹੜੇ ਮਨ-ਮੱਕੇ ਦੇ ਚਾਨਣ ਤੋਂ ਦੂਰ ਆਪਣੇ-ਆਪਣੇ ਮੱਕੇ ਬਣਾਈ ਬੈਠੇ ਹਨ, ਜਿਨ੍ਹਾਂ ਲਈ ਸਿੱਖੀ ਸਿਰਫ਼ ਪਹਿਰਾਵੇ ਦੀ ਸਿੱਖੀ ਹੈ, ਵਿਖਾਵੇ ਦੀ ਸਿੱਖੀ ਹੈ, ਪਰ ਦੱਸਦੇ ਹਨ ‘ਸੱਚੀ ਸਿੱਖੀ’ ਅਤੇ ਹੋਰ ਅਨੇਕਾਂ ਸਵਾਲਾਂ ਬਾਰੇ ਆਪਣਾ ਦ੍ਰਿਸ਼ਟੀਕੋਨ ਪੇਸ਼ ਕੀਤਾ ਹੈ।
ਮੈਂ ਇਹ ਨਹੀਂ ਕਹਿੰਦੀ ਕਿ ਸਿੱਖੀ-ਪਹਿਰਾਵਾ ਨਾ ਪਹਿਨਿਆਂ ਜਾਵੇ। ਪਹਿਰਾਵਾ ਵੀ ਸਿੱਖ ਦੀ ਪਛਾਣ ਹੈ। ਕਦੀ ਇਸ ਪਹਿਰਾਵੇ ਵੱਲ ਵੇਖ ਕੇ ਦੁਖੀ ਤੇ ਮੁਸ਼ਕਿਲ ਵਿਚ ਫਸੇ ਲੋਕ ਸੌ ਬੰਦਿਆਂ ਦੀ ਭੀੜ ਵਿਚ ਸਿੱਖ ਦੀ ਸ਼ਕਲ ਵੇਖ ਕੇ, ਸਿੱਖ ਵੱਲ ਭੱਜੇ ਆਉਂਦੇ ਸਨ ਕਿ ਇਹ ਸਾਡੀ ਮਦਦ ਜ਼ਰੂਰ ਕਰੇਗਾ, ਤੇ ਉਹ ਕਰਦੇ ਵੀ ਸਨ। ਪਰ ਨਿਰ੍ਹਾ ਪਹਿਰਾਵਾ ਹੀ ਤਾਂ ਸਿੱਖੀ ਨਹੀਂ। ਸਿੱਖੀ ਦਾ ਅਸਲ ਪਹਿਰਾਵਾ ਤਾਂ ਗੁਰਬਾਣੀ ਹੈ। ਜਿਸਨੇ ਆਪਣੀ ਰੂਹ ਵਿੱਚ ਗੁਰਬਾਣੀ ਨਹੀਂ ਰਚਾਈ, ਉਹ ਸਿਰਫ਼ ਬਾਹਰੀ ਪਹਿਰਾਵੇ ਦੇ ਜ਼ੋਰ ’ਤੇ ਸਿੱਖ ਨਹੀਂ ਅਖਵਾ ਸਕਦਾ। ਸਿੱਖ ਭਾਵੇਂ ਪੱਗ ਵਾਲਾ ਹੋਵੇ ਜਾਂ ਨਾ ਹੋਵੇ, ਅਸਲ ਨਿਬੇੜਾ ਤਾਂ ਪੱਗ ਹੇਠਲੇ ਸਿਰ ਵਿਚ, ਸੋਚ ਵਿਚ ਵੱਸੀ ਗੁਰਮਤਿ ਵਿਚ ਹੈ। ਮੇਰਾ ਮੰਨਣਾ ਹੈ ਕਿ ਪਹਿਰਾਵਾ ਵੀ ਹੋਵੇ ਤੇ ਜ਼ਰੂਰ ਹੋਵੇ, ਪਰ ਪਹਿਰਾਵੇ ਦੀ ਲਾਜ ਰੱਖਣ ਵਾਲੀ ਆਤਮਾ ਵੀ ਇਸ ਪਹਿਰਾਵੇ ਅੰਦਰ ਵੱਸਦੀ ਹੋਵੇ।
ਸਿੱਖੀ ਤਾਂ ਉਨ੍ਹਾਂ ਗੁਣਾ ਦਾ ਸਮੂਹ ਹੈ, ਜਿਨ੍ਹਾਂ ਗੁਣਾ ਨੂੰ ਗੁਰੂ ਸਾਹਿਬ ਨੇ ਮੂਲ-ਮੰਤਰ ਵਿਚ ਬਿਆਨ ਕੀਤਾ ਹੈ। ਉਂਕਾਰਪ੍ਰੀਤ ਕਹਿੰਦਾ ਹੈ ਕਿ ਮੂਲ-ਮੰਤਰ ਵਿਚ ਬਿਆਨ ਕੀਤੇ ਗੁਣ ਕੇਵਲ ਪ੍ਰਮਾਤਮਾ ਦੀ ਹੀ ਪਛਾਣ ਨਹੀਂ, ਸਗੋਂ ਸੱਚੇ ਬੰਦੇ ਤੇ ਸੱਚੇ ਸਿੱਖ ਦੀ ਪਛਾਣ ਵੀ ਹਨ। ਸੱਚਾ ਸਿੱਖ ਵੀ ਨਿਰਭਉ ਹੋਣਾ ਚਾਹੀਦਾ ਹੈ, ਨਿਰਵੈਰ ਹੋਣਾ ਚਾਹੀਦਾ ਹੈ। ਸੱਚਾ ਸਿੱਖ ਜਾਣਦਾ ਹੈ ਕਿ ਉਹ ਇੱਕੋ ਨੂਰ ਦੀ ਉਪਜ ਹੈ। ਹਰ ਇੱਕ ਬੰਦਾ ਉਹਦਾ ਹੀ ਨੂਰ ਹੈ। ਜਿਹੜਾ ਇਸ ਨੂਰ ਨੂੰ ਨਹੀਂ ਪਛਾਣਦਾ, ਉਹ ਸੱਚਾ ਸਿੱਖ ਨਹੀਂ।
ਉਂਕਾਰਪ੍ਰੀਤ ਨੇ ਸਿੱਖੀ ਦੇ ਨਾਂ ’ਤੇ ਵਰਤਾਏ ਜਾਂਦੇ ਕਹਿਰ ਅਤੇ ਅਣਮਨੁੱਖੀ ਕਾਰਿਆਂ ਦਾ ਪਾਜ ਉਘਾੜਨ ਦੀ ਕੋਸ਼ਿਸ਼ ਕੀਤੀ ਹੈ। ਆਪਣਾ ਮੂਲ ਪਛਾਨਣ ਦਾ ਸੁਨੇਹਾ ਦਿੱਤਾ ਹੈ। ਕਿਰਪਾਨ, ਜੋ ਗੁਰੂ ਸਾਹਿਬ ਨੇ ‘ਕਿਰਪਾ’ ਦਾ ਸਰੂਪ ਜਾਣ ਕੇ ਪਹਿਨਣ ਦੀ ਹਦਾਇਤ ਕੀਤੀ ਸੀ, ਜੋ ਮਜ਼ਲੂਮਾਂ ਦੀ ਰਾਖੀ ਕਰਨ ਲਈ ਬਣੀ ਸੀ, ਅੱਜ ਉਹੋ ਕਿਰਪਾਨ, ਗੁਰੂ ਦੇ ਆਪੇ ਬਣੇ ਵਾਰਿਸ, ਦਇਆ-ਹੀਣ ਹਜੂਮ ਬਣ ਕੇ ਕੁਝ ਇਸਤਰ੍ਹਾਂ ਵਰਤ ਰਹੇ ਹਨ ਕਿ ਦੁਖ-ਭੰਜਨੀ ਬੇਰੀ ਦਾ ਮਾਣ ਟੁੱਟ ਗਿਆ ਹੈ। ਕਵੀ ਨੂੰ ਲੱਗਦਾ ਹੈ ਕਿ ਪਾਪ ਖ਼ਤਮ ਕਰਨ ਲਈ ਵਰਤੀ ਜਾਣ ਵਾਲੀ ਤਲਵਾਰ ਅੱਜ ਸਿੱਖੀ ਦੇ ਨਾਂ ’ਤੇ ਜਦੋਂ ਪਾਪ ਕਰਨ ਲਈ ਵਰਤੀ ਜਾਂਦੀ ਹੈ ਤਾਂ ਉਹ ਵੀ ਉਦਾਸ ਹੋ ਜਾਂਦੀ ਸੀ। ਉਹ ਸੋਚਦੀ ਹੈ ਕਿ ਹੇ ਗੁਰੂ ਜੀ, ਤੁਸੀਂ ਮੈਨੂੰ ਇਹ ਕੁਝ ਕਰਨ ਲਈ ਤਾਂ ਨਹੀਂ ਸੀ ਆਖਿਆ!
ਇਸ ਕਿਤਾਬ ਦੀ ਹਰ ਇੱਕ ਕਵਿਤਾ ਏਨੇ ਡੂੰਘੇ ਵਿਚਾਰ ਦੀ ਮੰਗ ਕਰਦੀ ਹੈ ਕਿ ਹਰ ਇੱਕ ਬਾਰੇ ਕਈ ਸਫ਼ੇ ਲਿਖੇ ਜਾ ਸਕਦੇ ਹਨ। ਜੇ ਥੋੜੇ ਵਿਚ ਗੱਲ ਮੁਕਾਉਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਂਕਾਰਪ੍ਰੀਤ ਸਿੱਖੀ ਨੂੰ ਗੁਰੂ ਦੀ ਸਿੱਖਿਆ, ਗੁਰਬਾਣੀ ਦੇ ਮੂਲ ਅਰਥਾਂ ਵਿਚੋਂ ਵੇਖਣ, ਪਛਾਨਣ ਅਤੇ ਧਾਰਨ ਕਰਨ ’ਤੇ ਜ਼ੋਰ ਦਿੰਦਾ ਹੈ। ਉਸ ਅਨੁਸਾਰ ਸੱਚਾ ਸਿੱਖ ਉਹੋ ਹੈ, ਜੋ ਨਿਰਭਉ ਹੈ, ਨਿਰਵੈਰ ਹੈ, ਦਇਆਵਾਨ ਹੈ, ਸਭ ਦਾ ਭਲਾ ਚਾਹੁਣ ਵਾਲਾ ਹੈ, ਕਰਮ-ਕਾਂਡਾਂ ਤੇ ਵਹਿਮਾ-ਭਰਮਾ ਤੋਂ ਮੁਕਤ ਹੈ। ਸੱਚਾ ਸਿੱਖ ਹਰ ਬੰਦੇ ਵਿਚੋਂ ਰੱਬ ਦੀ ਮੂਰਤ ਵੇਖਦਾ ਹੈ। ਦੂਜੇ ਪਾਸੇ ਉਹਦਾ ਜ਼ੋਰ ਸਿੱਖੀ ਦੇ ਨਾਂ ’ਤੇ ਫੈਲਣ ਵਾਲੇ ਦੰਭ, ਪਾਖੰਡ ਅਤੇ ਅਣਮਨੁੱਖੀ ਵਿਹਾਰ ਅਤੇ ਵਰਤਾਰੇ ਨੂੰ ਨੰਗਾ ਕਰਨਾ ਹੈ। ਇਹ ਕੁਝ ਕਰਦਿਆਂ ਉਹ ਆਪਣੀ ਕਲਮ ਨੂੰ ਵਿਅੰਗ ਦੀ ਤਿੱਖੀ ਕਟਾਰ ਬਣਾ ਲੈਂਦਾ ਹੈ। ਕਾਲੇ ਪਰਦੇ ਚੀਰ ਕੇ ਉਹਲੇ ਵਿਚ ਲੁਕੋ ਦਿੱਤੀ ਸਿੱਖੀ ਨੂੰ ਗੁਰੂ ਤੇ ਗੁਰਬਾਣੀ ਦੇ ਚਾਨਣ ਦੇ ਸਾਹਮਣੇ ਲਿਆ ਖੜਾ ਕਰਦਾ ਹੈ।
ਮੇਰੇ ਥੋੜੇ ਨੂੰ ਹੀ ਬਹੁਤ ਕਰ ਕੇ ਜਾਣਿਆ ਜਾਵੇ। ਮੈਂ ਆਪਣੇ ਛੋਟੇ ਵੀਰ ਉਂਕਾਰਪ੍ਰੀਤ ਨੂੰ ਇਸ ਪੁਸਤਕ ਦੇ ਛਪਣ ਦੀ ਬਹੁਤ ਬਹੁਤ ਮੁਬਾਰਕ ਭੇਜਦੀ ਹਾਂ।