ਬਗਾਵਤ ਤੋਂ ਸਹਿਮ ਗਏ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਰ ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਇਸ ਕਾਰਵਾਈ ਪਿੱਛੋਂ ਇਸ ਚਰਚਾ ਨੂੰ ਹੋਰ ਹਵਾ ਮਿਲੀ ਹੈ ਕਿ ਬਾਦਲ ਪਰਿਵਾਰ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਜ਼ਿਆਦਾ ਚਿਰ ਪਾਰਟੀ ਵਿਚ ਟਿਕ ਨਹੀਂ ਸਕੇ।

ਅਸਲ ਵਿਚ ਅਕਾਲੀ ਦਲ ਦੇ ਇਤਿਹਾਸ ਵਿਚ ਜਿਸ ਆਗੂ ਨੇ ਬਾਦਲ ਪਰਿਵਾਰ ਦੀ ਤਾਕਤ ਨੂੰ ਚੁਣੌਤੀ ਦਿੱਤੀ ਹੈ, ਉਸ ਨੂੰ ਜਾਂ ਤਾਂ ਪਾਰਟੀ ਛੱਡਣੀ ਪਈ ਜਾਂ ਫਿਰ ਉਸ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ। ਬੀਬੀ ਜਗੀਰ ਕੌਰ ਬਾਦਲ ਪਰਿਵਾਰ ਦੀ ਸਭ ਤੋਂ ਵਫ਼ਾਦਾਰ ਤੇ ਕਰੀਬੀ ਮੰਨੀ ਜਾਂਦੀ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦਰਮਿਆਨ 1998 ਵਿਚ ਮਤਭੇਦ ਉਭਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਹੀ ਜਥੇਦਾਰ ਟੌਹੜਾ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਾਇਆ ਗਿਆ ਸੀ।
ਬੀਬੀ ਖਿਲਾਫ ਫੈਸਲਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਸਮੇਂ ਕਈ ਆਗੂਆਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰ ਕੇ ਬੀਬੀ ਜਗੀਰ ਕੌਰ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਬੀਬੀ ਉਤੇ ਦੋਸ਼ ਹੈ ਕਿ ਉਸ ਨੇ ਪਾਰਟੀ ਦੀ ਇੱਛਾ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਲੜਨ ਦਾ ਐਲਾਨ ਕੀਤਾ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ ਮੌਕੇ ਪ੍ਰਧਾਨ ਦਾ ਨਾਮ ਲਿਫਾਫੇ ਵਿਚੋਂ ਨਿਕਲਣ ਦਾ ਮੁੱਦਾ ਉਠਾਉਣ ਕਰ ਕੇ ਅਕਾਲੀ ਦਲ ਦਾ ਭਾਰੂ ਗਰੁੱਪ ਬੀਬੀ ਜਗੀਰ ਕੌਰ ਖਿਲਾਫ਼ ਕਾਰਵਾਈ ਦਾ ਮਨ ਬਣਾ ਚੁੱਕਾ ਸੀ।
ਪਿਛਲੇ ਕੁਝ ਸਮੇਂ ਵਿਚ ਵੱਡੀ ਗਿਣਤੀ ਟਕਸਾਲੀ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਆਗੂਆਂ ਦਾ ਗਿਲਾ ਬਾਦਲ ਪਰਿਵਾਰ ਤੇ ਉਸ ਦੇ ਕਰੀਬੀਆਂ ਨਾਲ ਰਿਹਾ ਹੈ। ਹੁਣ ਬੀਬੀ ਜਗੀਰ ਕੌਰ ਦੇ ਮੁਅੱਤਲ ਹੋਣ ਨਾਲ ਕਈ ਲੀਡਰਾਂ ਦੀ ਆਵਾਜ਼ ਉਠੀ ਹੈ ਕਿ ਬਾਦਲ ਪਰਿਵਾਰ ਦੀ ਸਿਆਸਤ ਕਾਰਨ ਕਈ ਵੱਡੇ ਪਰਿਵਾਰ ਪਾਰਟੀ ਤੋਂ ਦੂਰ ਹੋ ਗਏ ਜਾਂ ਕਰ ਦਿੱਤੇ ਗਏ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੂੰ ਵੀ ਸਿਆਸਤ ਵਿਚ ਉਠਣ ਨਹੀਂ ਦਿੱਤਾ ਗਿਆ। ਬਾਦਲਾਂ ਨੂੰ ਸ਼ਰੇਆਮ ਚੁਣੌਤੀ ਦਿੰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ। ਦਰਅਸਲ, ਟਕਸਾਲੀ ਆਗੂ ਹਮੇਸ਼ਾ ਪਾਰਟੀ ਦੇ ਸੀਨੀਅਰ ਅਹੁਦਿਆਂ ਉਤੇ ਬਾਦਲ ਪਰਿਵਾਰ ਦੇ ਵਫ਼ਾਦਾਰਾਂ ਦੀ ਨਿਯੁਕਤੀ ਉਤੇ ਸਵਾਲ ਚੁੱਕਦੇ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਚ ਆਏ ਨਿਘਾਰ ਲਈ ਵੀ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਹਸ਼ਰ ਵੇਖ ਲੀਡਰਸ਼ਿਪ ਵਿਚ ਵੱਡੀ ਨਿਰਾਸ਼ਾ ਪੈਦਾ ਕੀਤੀ ਹੋਈ ਹੈ। ਵੱਡੀ ਗਿਣਤੀ ਲੀਡਰਸ਼ਿਪ ਇਹ ਮੰਨਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੱਥ ਪਾਰਟੀ ਦੀ ਕਮਾਨ ਆਉਣ ਪਿੱਛੋਂ ਇਹ ਦਿਨ ਦੇਖਣੇ ਪਏ ਹਨ, ਪਰ ਹਰ ਵਾਰ ਕੋਰ ਕਮੇਟੀ ਦੀ ਮੀਟਿੰਗ ਵਿਚ ਆਪਣੇ ਹੱਕ ਵਿਚ ਹੱਥ ਖੜ੍ਹੇ ਕਰਵਾ ਕੇ ਸੁਖਬੀਰ ਬਾਦਲ ਆਪਣੀ ਕੁਰਸੀ ਸਲਾਮਤ ਰੱਖਦੇ ਆਏ ਹਨ।
ਇਹੀ ਕਾਰਨ ਹੈ ਕਿ ਪਾਰਟੀ ਅੰਦਰ ਨਿਰਾਸ਼ਾ ਵਧਦੀ ਜਾ ਰਹੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਪੰਥਕ ਸਿਆਸਤ ਅੰਦਰ ਮੁੜ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਸਿਆਸੀ ਸੰਕਟ ਡੂੰਘਾ ਹੋ ਰਿਹਾ ਹੈ। ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਬਣਾਈ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਪਾਰਟੀ ਵਿਚ ਅੰਦਰੂਨੀ ਜਮਹੂਰੀਅਤ ਦੀ ਬਹਾਲੀ ਵੱਡਾ ਨੁਕਤਾ ਹੈ; ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਾਰਦਰਸ਼ੀ ਬਣਾਉਣ ਅਤੇ ਸਰਕਾਰ ਦੇ ਸਮੇਂ ਹੋਈਆਂ ਗਲਤੀਆਂ ਦਾ ਪਛਤਾਵਾ ਕਰਨ ਲਈ ਕਿਹਾ ਗਿਆ ਸੀ। ਹੁਣ ਇਸ ਨਵੇਂ ਫੈਸਲੇ ਨਾਲ ਸੀਨੀਅਰ ਆਗੂਆਂ ਦਾ ਇਕ ਹਿੱਸਾ ਨਿਰਾਸ਼ ਤੇ ਲਾਚਾਰ ਮਹਿਸੂਸ ਕਰ ਰਿਹਾ ਹੈ। ਜਥੇਬੰਦਕ ਢਾਂਚੇ ਵਿਚੋਂ ਪਰਿਵਾਰਵਾਦ ਤੇ ਤਾਕਤਾਂ ਦੇ ਕੇਂਦਰੀਕਰਨ ਦੇ ਖਾਤਮੇ ਦੀਆਂ ਆਵਾਜ਼ਾਂ ਲਗਾਤਾਰ ਉੱਠ ਰਹੀਆਂ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਮਿਲੀ ਨਮੋਸ਼ੀ ਭਰੀ ਹਾਰ ਮਗਰੋਂ ਸੁਖਬੀਰ ਬਾਦਲ ਵਿਰੁੱਧ ਖੁੱਲ੍ਹੇਆਮ ਉੱਠੀ ਇਹ ਪਹਿਲੀ ਬਗਾਵਤ ਹੈ। ਇਸ ਤੋਂ ਪਹਿਲਾਂ 2017 ਦੀਆਂ ਚੋਣਾਂ ਹਾਰਨ ਮਗਰੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਸਣੇ ਹੋਰ ਕਈਆਂ ਨੇ ਬਗਾਵਤ ਕੀਤੀ ਸੀ ਪਰ ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਵਿਚ ਮੁੜ ਸ਼ਮੂਲੀਅਤ ਕਰ ਲਈ ਸੀ। ਬਾਦਲਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮਗਰੋਂ ਪਾਰਟੀ ਅੰਦਰ ਬਗਾਵਤ ਹੋ ਸਕਦੀ ਹੈ। ਇਸ ਦੇ ਨਾਲ ਹੀ ਕੇਂਦਰ ਵੱਲੋਂ ਵੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਦਾ ਐਲਾਨ ਕਰਵਾਇਆ ਜਾ ਸਕਦਾ ਹੈ। ਅਜਿਹੇ ਬਣ ਰਹੇ ਹਾਲਾਤ ਨੂੰ ਬਾਦਲ ਪਰਿਵਾਰ ਵੱਡੀ ਚੁਣੌਤੀ ਵਜੋਂ ਵੇਖ ਰਿਹਾ ਹੈ।