ਆਨੰਦ ਮੈਰਿਜ ਐਕਟ ਪੂਰਨ ਰੂਪ ‘ਚ ਲਾਗੂ ਕਰਾਂਗੇ: ਮਾਨ

ਸ੍ਰੀ ਆਨੰਦਪੁਰ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿਚ ਆਨੰਦ ਮੈਰਿਜ ਐਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਇੰਨ-ਬਿੰਨ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਿਚ ਪੰਜਾਬ ਪੱਛੜਿਆ ਹੈ। ਇਸ ਦਾ ਨੋਟੀਫਿਕੇਸ਼ਨ ਕਈ ਵਰ੍ਹੇ ਪਹਿਲਾਂ ਹੋ ਗਿਆ ਸੀ ਪਰ ਇਸ ਨੂੰ ਪੰਜਾਬ ਵਿਚ ਪੂਰਨ ਰੂਪ ਵਿਚ ਅਮਲ ‘ਚ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਟਵੀਟ ਕਰ ਕੇ ਇਸ ਫ਼ੈਸਲੇ ਨੂੰ ਜਨਤਕ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਕਈ ਹੋਰ ਸੂਬੇ ਪਹਿਲਾਂ ਹੀ ਲਾਗੂ ਕਰ ਚੁੱਕੇ ਹਨ ਪਰ ਪੰਜਾਬ ਇਸ ਮਾਮਲੇ ਵਿਚ ਪੱਛੜ ਗਿਆ ਹੈ। ਹੁਣ ਇਸ ਐਕਟ ਨੂੰ ਸਹੀ ਮਾਅਨਿਆਂ ਵਿਚ ਲਾਗੂ ਕੀਤਾ ਜਾਵੇਗਾ। ਸਿੱਖ ਭਾਈਚਾਰੇ ਦੇ ਵਿਆਹ ਪਹਿਲਾਂ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਸਨ ਪਰ ਹੁਣ ਆਨੰਦ ਮੈਰਿਜ ਐਕਟ ਪਾਸ ਹੋਣ ਮਗਰੋਂ ਸਿੱਖ ਭਾਈਚਾਰੇ ਦੇ ਵਿਆਹ ਇਸ ਨਵੇਂ ਐਕਟ ਤਹਿਤ ਰਜਿਸਟਰਡ ਕੀਤੇ ਜਾਣ ਦੀ ਖੁੱਲ੍ਹ ਮਿਲ ਗਈ ਹੈ। ਜਿਸ ਵਿਅਕਤੀ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੁੰਦਾ ਹੈ, ਉਸ ਦਾ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋਣ ਦੀ ਵਿਵਸਥਾ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਬਕਾਇਦਾ ਕਾਫੀ ਵਰ੍ਹੇ ਪਹਿਲਾਂ ਪ੍ਰੋਫਾਰਮਾ ਵੀ ਜਾਰੀ ਕਰ ਦਿੱਤਾ ਸੀ। ਆਨੰਦ ਮੈਰਿਜ ਐਕਟ ਆਜ਼ਾਦੀ ਤੋਂ ਪਹਿਲਾਂ ਵਰ੍ਹਾ 1909 ਵਿਚ ਬਣਿਆ ਸੀ ਅਤੇ ਬਟਵਾਰੇ ਮਗਰੋਂ ਸਿੱਖ ਭਾਈਚਾਰੇ ਦੇ ਵਿਆਹ ‘ਹਿੰਦੂ ਮੈਰਿਜ ਐਕਟ` ਤਹਿਤ ਰਜਿਸਟਰਡ ਹੋਣ ਲੱਗੇ ਸਨ। ਤਤਕਾਲੀ ਰਾਜ ਸਭਾ ਮੈਂਬਰ ਤੇ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਵਰ੍ਹਾ 2004 ਵਿਚ ਪਾਰਲੀਮੈਂਟ ਵਿਚ ਇਸ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਂਦਾ ਸੀ ਅਤੇ ਇਸ ਮੁੱਦੇ ਨੂੰ ਉਨ੍ਹਾਂ ਨੇ ਜ਼ੋਰ ਸ਼ੋਰ ਨਾਲ ਚੁੱਕਿਆ ਸੀ।
ਇਸ ਮਗਰੋਂ ਲੰਮਾ ਸਮਾਂ ਇਹ ਮਾਮਲਾ ਲਟਕਿਆ ਰਿਹਾ। ਪਾਰਲੀਮੈਂਟ ਦੇ ਬਜਟ ਸੈਸ਼ਨ ਵਿਚ ਆਖਰ 7 ਜੂਨ 2012 ‘ਚ ‘ਆਨੰਦ ਮੈਰਿਜ (ਸੋਧ) ਬਿੱਲ‘ ਪਾਸ ਹੋ ਗਿਆ ਸੀ ਅਤੇ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਨੇ ਇਸ ਬਿੱਲ ਨੂੰ ਪ੍ਰਵਾਨਗੀ ਦਿੱਤੀ ਸੀ। ਕੇਂਦਰ ਸਰਕਾਰ ਨੇ ਉਦੋਂ ਸੂਬਾਈ ਸਰਕਾਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ ਆਪਣੇ ਸੂਬਿਆਂ ਵਿਚ ਨਿਯਮ ਬਣਾ ਕੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ। ਕਈ ਸੂਬਿਆਂ ਨੇ ਫ਼ੌਰੀ ਨਿਯਮ ਬਣਾ ਲਏ ਸਨ।