ਅਕਾਲੀ ਦਲ `ਚ ਬੀਬੀ ਜਗੀਰ ਕੌਰ ਦੀ ਬਗਾਵਤ ਦੇ ਮਾਇਨੇ

ਨਵਕਿਰਨ ਸਿੰਘ ਪੱਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਜਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰਦਿਆਂ ਪਹਿਲਾਂ ਤਾਂ 48 ਘੰਟਿਆਂ ਅੰਦਰ ਜਵਾਬ ਮੰਗਿਆ ਗਿਆ ਪਰ ਜਦ 48 ਘੰਟੇ ਵਿਚ ਅਜਿਹਾ ਕੋਈ ਜਵਾਬ ਨਾ ਆਇਆ ਤਾਂ ਜਵਾਬ ਦੇਣ ਦੀ ਮੋਹਲਤ ਦੇ ਘੰਟੇ ਵਧਦੇ ਗਏ; ਅਖੀਰ ਸੋਮਵਾਰ ਨੂੰ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਹੋ ਗਿਆ।

ਪ੍ਰਧਾਨਗੀ ਲਈ ਆਹਮੋ-ਸਾਹਮਣੇ ਆਈਆਂ ਦੋਵਾਂ ਧਿਰਾਂ ਵੱਲੋਂ ਕੋਈ ਠੋਸ ਦਲੀਲ ਰੱਖਣ ਦੀ ਥਾਂ ਇੱਕ ਦੂਜੇ ਖਿਲਾਫ ਇਲਜ਼ਾਮਬਾਜੀ ਹੀ ਕੀਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਜਿਸ ਲਿਫ਼ਾਫ਼ਾ ਕਲਚਰ ‘ਤੇ ਸਵਾਲ ਉਠਾਇਆ ਹੈ, ਉਸੇ ਲਿਫਾਫਾ ਕਲਚਰ ਦੀ ਸ਼ੁਰੂਆਤ ਬੀਬੀ ਦਾ ਨਾਮ ਨਿਕਲਣ ਨਾਲ ਹੋਈ ਸੀ ਤੇ 4 ਵਾਰ ਉਸ ਲਿਫਾਫੇ ਵਿਚੋਂ ਬੀਬੀ ਜਗੀਰ ਕੌਰ ਦਾ ਨਾਮ ਨਿੱਕਲ ਚੁੱਕਾ ਹੈ। ਦੂਜੇ ਪਾਸੇ, ਅਕਾਲੀ ਆਗੂ ਜਿਸ ਭਾਜਪਾ ‘ਤੇ ‘ਪਾੜ` ਪਾਉਣ ਦੇ ਦੋਸ਼ ਲਾ ਰਹੇ ਹਨ, ਉਸੇ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਰਹੇ ਹਨ।
100 ਸਾਲ ਪੁਰਾਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਬਹੁਤ ਸ਼ਾਨਾਂਮੱਤਾ ਰਿਹਾ ਹੈ ਕਿਉਂਕਿ ਇਸ ਦੀ ਹੋਂਦ ਹੀ ਅੰਗਰੇਜ਼ ਹਕੂਮਤ ਖਿਲਾਫ ਜੱਦੋ-ਜਹਿਦ ਵਿਚੋਂ ਬਣੀ ਸੀ। 19ਵੀਂ ਸਦੀ ਵਿਚ ਇਤਿਹਾਸਕ ਸਿੰਘ ਸਭਾ ਲਹਿਰ ਅਤੇ 20ਵੀਂ ਸਦੀ ਵਿਚ ਗੁਰਦੁਆਰਿਆਂ ਨੂੰ ਅੰਗਰੇਜ਼ ਹਕੂਮਤ ਦੇ ਪਿੱਠੂ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਨੇ ਸ਼੍ਰੋਮਣੀ ਕਮੇਟੀ ਦੀ ਹੋਂਦ ਵਾਸਤੇ ਰਾਹ ਪੱਧਰਾ ਕੀਤਾ ਸੀ। ਗੁਰਦੁਆਰਾ ਸੁਧਾਰ ਲਹਿਰ ਵੱਡਾ ਜਨ-ਅੰਦੋਲਨ ਸੀ ਜਿਸ ਨੇ ਹਕੂਮਤ ਦੀ ਸਰਪ੍ਰਸਤੀ ਵਾਲੀ ਅਮੀਰ ਲੀਡਰਸ਼ਿਪ ਨੂੰ ਪਾਸੇ ਕਰ ਕੇ ਕੁਰਬਾਨੀ ਵਾਲੀ ਲੀਡਰਸ਼ਿਪ ਸਥਾਪਤ ਕੀਤੀ ਸੀ ਤੇ ਅੱਜ ਦੀ ਕਹਾਣੀ ਕਿੱਥੇ ਖੜ੍ਹੀ ਹੈ, ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੱਡੇ ‘ਬਦਲਾਓ` 1995-96 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਉਪਰੰਤ ਸ਼ੁਰੂ ਹੋਏ। ਬਾਦਲ ਦੇ ਪ੍ਰਧਾਨ ਬਣਨ ਉਪਰੰਤ ਇੱਕ ਦੌਰ ਉਹ ਵੀ ਆਇਆ, ਜਦ ਬਾਦਲ ਨੇ ਸ਼੍ਰੋਮਣੀ ਕਮੇਟੀ ਵਿਚ ਬਹੁਗਿਣਤੀ ਦੇ ਸਹਾਰੇ 1973 ਤੋਂ ਪ੍ਰਧਾਨ ਚਲੇ ਆ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਅਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਭਾਵੇਂ ਅਕਾਲੀ ਦਲ ਵਿਚ ਵਾਪਸ ਆਉਣ ‘ਤੇ ਟੌਹੜਾ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਬਣਾ ਦਿੱਤੇ ਪਰ ਤਦ ਤੱਕ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬ ਪੂਰੀ ਤਰ੍ਹਾਂ ਬਾਦਲ ਦੇ ‘ਕਬਜ਼ੇ` ਵਿਚ ਆ ਚੁੱਕੇ ਸਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਬਣਨ ਉਪਰੰਤ ਅਕਾਲੀ ਦਲ ਦੀ ਪੰਥਕ ਸਿਆਸਤ ਨੂੰ ਪਰਿਵਾਰਵਾਦ ਦੀ ਭੇਂਟ ਚਾੜ੍ਹ ਦਿੱਤਾ ਤੇ ਪਾਰਟੀ ਦਾ ਖਾਸਾ ਹੀ ਬਦਲ ਕੇ ਰੱਖ ਦਿੱਤਾ।
ਇਤਫਾਕ ਨਾਲ ਬਾਦਲ ਦੇ ਪਾਰਟੀ ਪ੍ਰਧਾਨ ਬਣਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ 1996 ਵਿਚ ਜਗੀਰ ਕੌਰ ਨੂੰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਬਣਾਇਆ ਸੀ ਤੇ 1997 ਵਿਚ ਭੁਲੱਥ ਹਲਕੇ ਤੋਂ ਐਮ.ਐਲ.ਏ. ਬਣਨ ਬਾਅਦ ਮੰਤਰੀ ਬਣਾਈ ਗਈ ਸੀ। 1999 ਵਿਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਈ ਗਈ ਸੀ।
ਲੁਬਾਣਾ ਭਾਈਚਾਰੇ ਨਾਲ ਸਬੰਧਿਤ ਬੀਬੀ ਜਗੀਰ ਕੌਰ ਭਾਵੇਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਔਰਤ ਪ੍ਰਧਾਨ ਬਣੀ ਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਵੀ ਰਹੀ ਪਰ ਆਪਣੇ ਇਸ ਸਿਆਸੀ ਸਫਰ ਦੌਰਾਨ ਉਹ ਕਈ ਵਾਰ ਵਿਵਾਦਾਂ ਵਿਚ ਘਿਰਦੀ ਰਹੀ ਹੈ। ਸਾਲ 2000 ਵਿਚ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਸਬੰਧੀ ਲੱਗੇ ਦੋਸ਼ਾਂ ਤੋਂ ਬਾਅਦ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ। ਅਕਾਲੀ-ਭਾਜਪਾ ਸਰਕਾਰ ‘ਚ ਦੂਜੀ ਵਾਰ ਕੈਬਨਿਟ ਮੰਤਰੀ ਬਣੀ ਬੀਬੀ ਜਗੀਰ ਕੌਰ ਨੂੰ ਮਹਿਜ਼ 17 ਦਿਨਾਂ ਵਿਚ ਹੀ ਅਸਤੀਫ਼ਾ ਦੇਣਾ ਪਿਆ ਸੀ ਕਿਉਂਕਿ ਮਾਰਚ 2012 ਵਿਚ ਪਟਿਆਲਾ ਦੀ ਸੀ.ਬੀ.ਆਈ. ਅਦਾਲਤ ਨੇ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਨੂੰ ਜ਼ਬਰਦਸਤੀ ਬੰਦ ਕਰਨ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿਚ 5 ਸਾਲ ਦੀ ਸਜ਼ਾ ਸੁਣਾਈ ਸੀ ਹਾਲਾਂਕਿ ਬਾਅਦ ਵਿਚ ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਇਸ ਕੇਸ ‘ਚੋਂ ਬਰੀ ਕਰ ਦਿੱਤਾ ਸੀ।
ਅਗਲੀ ਗੱਲ ਇਹ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਹਕੂਮਤ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ ਵਾਪਰੇ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਪਰ ਬੀਬੀ ਜਗੀਰ ਕੌਰ ਦੇ ਮਨ ਵਿਚ ਇਸ ਸਾਰੇ ਵਰਤਾਰੇ ‘ਤੇ ਇੱਕ ਵੀ ਸਵਾਲ ਨਹੀਂ ਉੱਠਿਆ ਲੇਕਿਨ ਹੁਣ ਜਦ ਲੜਾਈ ਪ੍ਰਧਾਨਗੀ ਦੇ ਅਹੁਦੇ ਦੀ ਆਈ ਹੈ ਤਾਂ ਬੀਬੀ ਜੀ ਦੇ ਮਨ ਵਿਚ ਸਵਾਲਾਂ ਨੇ ਜਨਮ ਲੈ ਲਿਆ। ਕੀ ਉਹ ਦੱਸ ਸਕਦੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿੰਦਿਆਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਲਈ ਉਹਨਾਂ ਕੀ ਸੰਘਰਸ਼ ਕੀਤਾ?
ਬਾਦਲਾਂ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਉਹਨਾਂ ਜਦ ਪਾਰਟੀ ਦੇ ਕਿਸੇ ਕੱਦਾਵਰ ਆਗੂ ਨੂੰ ਖੂੰਜੇ ਲਾਉਣਾ ਹੁੰਦਾ ਸੀ ਤਾਂ ਉਸੇ ਇਲਾਕੇ ਦੇ ਕਿਸੇ ਲੀਡਰ ਨੂੰ ਥਾਪੜਾ ਦੇ ਦਿੰਦੇ ਸਨ। ਕਿਸੇ ਸਮੇਂ ਬਰਨਾਲਾ ਪਰਿਵਾਰ ਖਿਲਾਫ ਢੀਂਡਸਾ ਪਰਿਵਾਰ ਨੂੰ ਥਾਪੜਾ ਦਿੱਤਾ ਅਤੇ ਜਦ ਢੀਂਡਸਾ ਪਰਿਵਾਰ ਨੇ ਬਾਗੀ ਰੁਖ ਅਖਤਿਆਰ ਕੀਤਾ ਤਾਂ ਮੁੜ ਬਰਨਾਲਾ ਪਰਿਵਾਰ ਨੂੰ ਸੰਗਰੂਰ ਬਰਨਾਲਾ ਇਲਾਕੇ ਵਿਚ ਸਿਆਸੀ ਥਾਪੜਾ ਦੇ ਦਿੱਤਾ। ਉਹਨਾਂ ਅਕਾਲੀ ਆਗੂਆਂ ਨੂੰ ਬੀਬੀ ਜਗੀਰ ਕੌਰ ਖਿਲਾਫ ਬਿਆਨਬਾਜੀ ਲਈ ਉਤਾਰਿਆ ਹੈ ਜੋ ਪਾਰਟੀ ਹਾਈਕਮਾਂਡ ਤੱਕ ਆਪਣੀ ਗੱਲ ਪਹੁੰਚਾਉਣ ਲਈ ਬੀਬੀ ਜਗੀਰ ਕੌਰ ਦਾ ਸਹਾਰਾ ਲੈਂਦੇ ਰਹੇ ਸਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਕੰਦਰ ਸਿੰਘ ਮਲੂਕਾ ਜਿਸ ਸੀਟ ‘ਤੇ ਦਾਅਵੇਦਾਰੀ ਜਿਤਾ ਰਿਹਾ ਸੀ, ਉਸੇ ਸੀਟ ਤੋਂ ਜਗਮੀਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਗਈ ਤੇ ਹੁਣ ਸਿਕੰਦਰ ਸਿੰਘ ਮਲੂਕਾ ਨੂੰ ਅਨੁਸ਼ਾਸਨੀ ਕਮੇਟੀ ਦਾ ਮੁਖੀ ਥਾਪ ਕੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕਰਵਾਏ ਜਾ ਰਹੇ ਹਨ।
ਇਹ ਵੀ ਸੱਚ ਹੈ ਕਿ ਅਕਾਲੀ ਦਲ (ਬਾਦਲ) ਦੀ ਦਿਨੋ-ਦਿਨ ਮਾੜੀ ਹੋ ਰਹੀ ਸਿਆਸੀ ਹਾਲਤ ਦੌਰਾਨ ਕਈ ਆਗੂ ਇਸ ਵਿਚੋਂ ਛਾਲਾਂ ਮਾਰ ਰਹੇ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਪਾਰਟੀ ਵਿਚ ਬਾਗੀ ਸੁਰਾਂ ਤਿੱਖੀਆਂ ਹੋਈਆਂ ਸਨ। ਉਸ ਸਮੇਂ ਪਾਰਟੀ ਨੇ ਝੂੰਦਾਂ ਕਮੇਟੀ ਬਣਾਈ ਸੀ ਜਿਸ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੀਂ ਲੀਡਰਸ਼ਿਪ ਚੁਣੀ ਜਾਵੇ। ਪਹਿਲਾਂ ਤਾਂ ਝੂੰਦਾਂ ਕਮੇਟੀ ਦੀ ਰਿਪੋਰਟ ਠੰਢੇ ਬਸਤੇ ਵਿਚ ਪਾ ਦਿੱਤੀ ਪਰ ਰਾਸ਼ਟਰਪਤੀ ਦੀ ਚੋਣ ਸਮੇਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬਾਗੀ ਰੁਖ ਅਖਤਿਆਰ ਕਰਨ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਹੁਦਾ ਸੁਰੱਖਿਅਤ ਰੱਖਦਿਆਂ ਬਾਕੀ ਢਾਂਚਾ ਭੰਗ ਕਰ ਦਿੱਤਾ।
ਇਸ ਸਾਰੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਭਾਵੇਂ ਲੰਮਾ ਸਮਾਂ ਅਕਾਲੀ-ਭਾਜਪਾ ਦਾ ਗੱਠਜੋੜ ਚੱਲਿਆ ਪਰ ਭਾਜਪਾ ਦੀ ਖੇਤਰੀ ਪਾਰਟੀਆਂ ਪ੍ਰਤੀ ਪਹੁੰਚ ਕੋਈ ਜਿ਼ਆਦਾ ਸਕਾਰਾਤਮਿਕ ਨਹੀਂ ਹੈ। ਭਾਜਪਾ ਮਹਾਰਾਸ਼ਟਰ, ਹਰਿਆਣਾ, ਬਿਹਾਰ ਸਮੇਤ ਕਈ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਨੂੰ ਧੋਬੀ-ਪਟਕਾ ਦੇ ਚੁੱਕੀ ਹੈ। ਜਿਸ ਇਕਬਾਲ ਸਿੰਘ ਲਾਲਪੁਰਾ ‘ਤੇ ਅਕਾਲੀ ਆਗੂ ਇਲਜ਼ਾਮ ਲਗਾ ਰਹੇ ਹਨ, ਉਸੇ ਲਾਲਪੁਰਾ ਨੂੰ ਭਾਜਪਾ ਨੇ ਅਹਿਮ ਅਹੁਦੇ ਨਾਲ ਨਿਵਾਜਿਆ ਹੋਇਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲਪੁਰਾ ਦੇ ਘਰ ਰੱਖੇ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸ਼ਮੂਲੀਅਤ ਕੀਤੀ ਹੈ।
ਸਿੱਖ ਗੁਰਦੁਆਰਾ ਐਕਟ-1925 ਰਾਹੀਂ ਤੈਅ ਚੋਣ ਪ੍ਰਕਿਰਿਆ ਅਨੁਸਾਰ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚੋਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਅਤੇ ਦੇਸ਼ ਭਰ ਵਿਚੋਂ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਬਿਨਾ ਚੋਣ ਤੋਂ ਕਮੇਟੀ ਦੇ ਮੈਂਬਰ ਹੁੰਦੇ ਹਨ। ਮੈਂਬਰਾਂ ਦੀ ਕੁੱਲ ਗਿਣਤੀ 191 ਹੁੰਦੀ ਹੈ। ਹਰ ਸਾਲ ਅਹੁਦੇਦਾਰਾਂ ਸਮੇਤ 15 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ 18 ਸਤੰਬਰ 2011 ਨੂੰ ਹੋਈਆ ਸਨ ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸੰਤ ਸਮਾਜ ਨਾਲ ਰਲ ਕੇ ਚੋਣਾਂ ਲੜੀਆਂ ਸਨ। ਇਸ ਕਮੇਟੀ ਦੀ ਮਿਆਦ ਪੰਜ ਸਾਲ ਬਾਅਦ 2016 ਵਿਚ ਖਤਮ ਹੋਣੀ ਬਣਦੀ ਸੀ ਲੇਕਿਨ ਅਜੇ ਤੱਕ ਚੋਣਾਂ ਨਾ ਹੋਣ ਕਾਰਨ ਇਹੋ ਕਮੇਟੀ ਚੱਲੀ ਆ ਰਹੀ ਹੈ।
ਪਿਛਲੇ ਵਰ੍ਹੇ 2021 ਦੀ ਚੋਣ ਦੌਰਾਨ ਕੁੱਲ ਪਈਆਂ 142 ਵੋਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਪ੍ਰਾਪਤ ਹੋਈਆ ਸਨ। ਇਸੇ ਤਰ੍ਹਾਂ ਦੀ ਸਥਿਤੀ 2020 ਵਿਚ ਸੀ। ਇਸ ਵਾਰ ਦੀ ਚੋਣ ਵਿਚ ਬੀਬੀ ਜਗੀਰ ਕੌਰ ਨੇ ਇਕ ਤਰ੍ਹਾਂ ਨਾਲ ਅਗਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਇੱਕ ਧਿਰ ਦਾ ਮੁੱਢ ਬੰਨ੍ਹ ਦਿੱਤਾ ਹੈ। ਬੀਬੀ ਜਗੀਰ ਕੌਰ ਨੂੰ ਪਤਾ ਹੈ ਕਿ ਕਿਸੇ ਵੀ ਸਮੇਂ ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਪੰਜਾਬ ਦੇ ਲੋਕ ਨਕਾਰ ਚੁੱਕੇ ਹਨ। ਇਸ ਲਈ ਉਹ ਇੱਕ ਨਵਾਂ ਥੜ੍ਹਾ ਸਥਾਪਤ ਕਰਨ ਵੱਲ ਵਧ ਰਹੀ ਹੈ ਜਿਸ ਨੂੰ ਢੀਂਡਸਾ, ਭਾਜਪਾ ਸਮੇਤ ਕਈ ਧਿਰਾਂ ਦੇ ਹਮਾਇਤ ਦੇਣ ਦੀ ਸੰਭਾਵਨਾ ਹੈ।