ਟੋਰਾਂਟੋ ਵਿਚ ਲੇਖਕ ਇਸ਼ਤਿਆਕ ਅਹਿਮਦ ਨਾਲ ਰੂਬਰੂ

ਗੁਰਦੇਵ ਚੌਹਾਨ
ਕੁਝ ਦਿਨ ਪਹਿਲਾਂ ‘ਪੰਜਾਬੀ ਥਿੰਕਰ ਰਿਫਾਰਮ’ ਦੇ ਉਦਮ ਸਦਕਾ ਬਟਵਾਰੇ ਬਾਰੇ ਚਰਚਿਤ ਪੁਸਤਕ ‘ਲਹੂ-ਲੁਹਾਣ, ਵੰਡਿਆ, ਵੱਢਿਆ-ਟੁਕਿਆ ਪੰਜਾਬ’ ਦੇ ਲੇਖਕ, ਇਸ਼ਤਿਆਕ ਅਹਿਮਦ ਨਾਲ ਸਾਹਿਤ ਪ੍ਰੇਮੀ ਯਾਦਵਿੰਦਰ ਤੂਰ ਦੇ ਟੋਰਾਂਟੋ ਦੇ ਈਟੋ ਬੀਕੋ ਸਥਿਤ ‘ਤੂਰ ਲਾਅ ਆਫਿਸ’ ਵਿਖੇ ਰੂਬਰੂ ਪੋ੍ਰਗਰਾਮ ਹੋਇਆ। ਸ੍ਰੀ ਇਸ਼ਤਿਆਕ ਅਹਿਮਦ ਬੋਸਟਨ ਰਹਿੰਦੇ ਆਪਣੇ ਮਿੱਤਰ ‘ਫਾਈਵ ਰਿਵਰ ਫਰੈਂਡਸ਼ਿਪ’ ਫੋਰਮ ਦੇ ਸੰਚਾਲਕ ਡਾ. ਚੰਦਰ ਸ਼ਰਮਾ ਦੇ ਸੱਦੇ `ਤੇ ਸਵੀਡਨ ਤੋਂ ਅਮਰੀਕਾ/ਕੈਨੇਡਾ ਦੀ ਯਾਤਰਾ `ਤੇ ਆਏ ਹੋਏ ਸਨ।

ਇਸ਼ਤਿਆਕ ਅਹਿਮਦ ਸਵੀਡਨ ਦੀ ਸਟੌਕਹੋਮ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਬਹੁਤ ਵਰ੍ਹੇ ਅਧਿਆਪਕ ਰਹੇ ਹਨ ਅਤੇ ਹੁਣ ਸਿੰਘਾਪੁਰ ਨੈਸ਼ਨਲ ਯੂਨੀਵਰਸਿਟੀ ਵਿਚ ਦੱਖਣੀ ਏਸ਼ੀਆਈ ਅਧਿਐਨ ਵਿਭਾਗ ਨਾਲ ਜੁੜੇ ਹੋਏ ਹਨ। ਉਹ ਜਿੰਨੀ ਸੁਹਣੀ ਅੰਗਰੇਜ਼ੀ ਬੋਲਦੇ ਹਨ, ਉਨੀ ਹੀ ਸੁਹਣੀ ਪੰਜਾਬੀ ਅਤੇ ਹਿੰਦੀ। ਅਜਕਲ ਤੁਸੀਂ ਬਹੁਤ ਸਾਰੇ ਚੈਨਲਾਂ ਤੇ ਯੂਟਿਊਬ ‘ਤੇ ਉਸ ਨਾਲ ਹੋ ਰਹੀਆਂ ਮੁਲਾਕਾਤਾਂ ਤੇ ਵਾਰਤਾਲਾਪ ਦੇਖ ਸਕਦੇ ਹੋ। ਉਹ ਬੜੇ ਸੂਝਵਾਨ ਚਿੰਤਕ ਹਨ ਅਤੇ ਵਖੋ ਵੱਖਰੇ ਸਮਾਜਾਂ ਅਤੇ ਦੇਸ਼ਾਂ ਵਿਚਕਾਰ ਆਤਮਕ, ਵਿਗਿਆਨਕ, ਟੈਕਨਾਲੋਜੀਕਲ, ਵਿਓਪਾਰਕ ਸੰਪਰਕ, ਮਿਤਰਤਾਨਾ ਅਤੇ ਰਾਜਨੀਤਕ ਸਾਂਝ ਅਤੇ ਸਹਿਯੋਗ ਦੇ ਮੁਦੱਈ ਹਨ। ਉਹ ਸੰਸਾਰ ਵਿਚ ਅਮਨ, ਸਹਿਵਾਸ, ਅਹਿੰਸਾ ਅਤੇ ਧਰਮ ਨਿਰਪੇਖਤਾ ਦੇ ਅਸਲ ਮਾਅਨਿਆਂ ਵਿਚ ਪੁਜਾਰੀ ਅਤੇ ਆਸਥਾਵਾਨ ਹਨ ਅਤੇ ਇਸ ਬੰਨੇ ਲਗਾਤਾਰ ਕਾਰਜਸ਼ੀਲ ਹਨ।
ਭਾਰਤ-ਪਾਕ ਵੰਡ ਵੇਲੇ ਉਹ ਲਾਹੌਰ ਵਿਚ ਆਪਣੇ ਮਾਂ ਬਾਪ ਨਾਲ ਰਹਿੰਦੇ ਸਨ ਅਤੇ ਉਸ ਸਮੇਂ ਕੁਝ ਮਹੀਨਿਆਂ ਦੇ ਹੀ ਸਨ। ਆਪਣੀ ਜਵਾਨੀ ਦਾ ਜਿ਼ਆਦਾ ਸਮਾਂ ਉਹ ਲਾਹੌਰ ਹੀ ਰਹੇ, ਇਸ ਕਰਕੇ ਅਣਵੰਡੇ ਪੰਜਾਬ ਦੇ ਲਾਹੌਰ ਸ਼ਹਿਰ ਦੀਆਂ ਯਾਦਾਂ ਨਾਲ ਉਨ੍ਹਾਂ ਦੀ ਭਾਵੁਕ ਸਾਂਝ ਹੈ। ਭਾਰਤ-ਪਾਕਿਸਤਾਨ ਵੰਡ ਦੀਆਂ ਮਾਂ-ਬਾਪ, ਆਂਢ-ਗੁਆਂਢ ਅਤੇ ਬਹੁਤ ਸਾਰੇ ਮੌਕਾ ਗਵਾਹਾਂ ਤੋਂ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਦਰਦਨਾਕ ਮੌਤਾਂ, ਤਰਾਸਦੀਆਂ ਅਤੇ ਔਰਤਾਂ ਨਾਲ ਸਮੂਹਿਕ ਬਲਾਤਕਾਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਨੇ ਲੇਖਕ ਨੂੰ ਇਸ ਸਾਰੇ ਵਰਤਾਰੇ ਦੀ ਜੜ੍ਹ ਤਕ ਜਾਣ ਲਈ ਪ੍ਰੇਰਿਆ ਜਿਸ ਦਾ ਸਿੱਟਾ ਇਹ ਵਡ-ਆਕਾਰੀ ਪੁਸਤਕ ਹੈ।
ਇਸ਼ਤਿਹਾਕ ਅਹਿਮਦ ਦਾ ਕਹਿਣਾ ਹੈ ਕਿ ਜਿੱਥੇ ਇਕ ਬੰਨੇ ਇਸ ਘਿਨੌਣੀ ਕਤਲੇਆਮ ਅਤੇ ਔਰਤਾਂ ਦੀ ਬੇਪਤੀ ਅਤੇ ਲੁੱਟ ਖਸੁੱਟ ਦੇ ਕਿੱਸੇ ਹਨ ਉਥੇ ਇਸ ਵਹਿਸ਼ਤੀ ਵਾਤਾਵਰਣ ਦੇ ਬਾਵਜੂਦ ਜਾਨ ਮਾਲ ਦੀ ਪ੍ਰਵਾਹ ਨਾ ਕਰਦੇ ਹੋਏ ਕਈ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦਾ ਦੂਸਰੇ ਫਿਰਕਿਆਂ ਦੇ ਲੋਕਾਂ ਦੀ ਹਿਫਾਜ਼ਤ ਕਰਨ ਦੇ ਕਿੱਸਿਆਂ ਦੀਆਂ ਵੀ ਚਸ਼ਮਦੀਦ ਗਵਾਹੀਆਂ ਦੀ ਘਾਟ ਨਹੀਂ ਹੈ। ਇਸ ਮਾਨਵੀ ਨੈਤਿਕਤਾ ਦੇ ਅਸਰਾਂ ਹੇਠ ਹੀ ਲੇਖਕ ਨੇ ਅਣਵੰਡੇ ਲਾਹੌਰ ਅਤੇ ਪਹਿਲਾਂ ਦੇ ਸੰਯੁਕਤ ਪੰਜਾਬ ਦੀ ਵੰਡ ਪਿੱਛੇ ਰਹੇ ਕਾਰਣਾਂ, ਅਤੇ ਇਸ ਵਰਤਾਰੇ ਦੀ ਇਤਿਹਾਸਕਤਾ ਦੀ ਖੋਜਬੀਣ ਅਰੰਭੀ ਜਿਹੜੀ 1990 ਤੋਂ ਸ਼ੁਰੂ ਹੋ ਕੇ ਇਸ ਸਦੀ ਦੇ ਪਹਿਲੇ ਦਹਾਕੇ ਤੀਕ ਜਾਰੀ ਰਹੀ। ਅੰਗਰੇਜ਼ੀ ਵਿਚ ਲਿਖੀ ਇਹ ਪੁਸਤਕ 2011 ਵਿਚ ਪ੍ਰਕਾਸ਼ਿਤ ਹੋਈ, ਜਿਸ ਦਾ ਕੰਵਲ ਧਾਲੀਵਾਲ ਅਤੇ ਸੁਖਵੰਤ ਹੁੰਦਲ ਦਾ ਢੁਕਵਾਂ ਪਰ ਠੇਠ ਪੰਜਾਬੀ ਅਨੁਵਾਦ ਔਟਮ ਆਰਟ ਵਲੋਂ 2020 ਵਿਚ ਪ੍ਰਕਾਸ਼ਿਤ ਹੋਇਆ ਹੈ।
ਇਸ ਸਮਾਗਮ ਵਿਚ ਸੰਯੁਕਤ ਪੰਜਾਬੀ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਪੰਜਾਬੀ ਥਿੰਕਰਜ਼ ਫੋਰਮ ਦੇ ਮੈਂਬਰਾਂ ਸਮੇਤ ਪੰਜਾਹ ਤੋਂ ਵੀ ਵੱਧ ਭਾਰਤੀ ਅਤੇ ਕੁਝ ਪੱਛਮੀ ਪੰਜਾਬ ਦੇ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਡਾ. ਇਸ਼ਤਿਆਕ ਅਹਿਮਦ ਨੇ ਦੱਸਿਆ ਕਿ ਡਾਕਟਰ ਸੁੱਚਾ ਸਿੰਘ ਅਤੇ ਗੁਰਦਿਆਲ ਬੱਲ ਨਾਲ ਫੋਨ `ਤੇ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਨ।
ਸਮਾਗਮ ਦਾ ਸੰਚਾਲਨ ਪੱਤਰਕਾਰ ਅਤੇ ਕਵੀ ਸ਼ਮੀਲ ਨੇ ਕੀਤਾ। ਸ਼ੁਰੂ ਵਿਚ ਉਘੇ ਅਰਥ-ਵਿਗਿਆਨੀ ਡਾ. ਸੁੱਚਾ ਸਿੰਘ ਗਿੱਲ ਨੇ ਇਸ ਪੁਸਤਕ ਦੀਆਂ ਮਹੱਤਵਪੂਰਣ ਖੋਜਾਂ, ਦ੍ਰਿਸ਼ਟੀਆਂ, ਮੁੱਦਿਆਂ ਅਤੇ ਇਸ ਵਿਚ ਉਠਾਏ ਨੁਕਤਿਆਂ ਅਤੇ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਧਰਮ ਅਧਾਰਤ ਰਾਸ਼ਟਰ ਕਿਵੇਂ ਲੋਕਰਾਜੀ ਸੰਸਥਾਵਾਂ ਦੀ ਖੜੋਤ, ਕੱਟੜਤਾ, ਫਾਸ਼ੀਵਾਦ, ਆਰਥਕ ਮੰਦਵਾੜੇ, ਆਰਥਕ ਅਸਮਾਨਤਾ ਦੇ ਅਕਸਰ ਸ਼ਿਕਾਰ ਹੋ ਜਾਂਦੇ ਹਨ, ਜਿਵੇਂ ਕਿ ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿਚ ਹੋਇਆ ਹੈ। ਉਨ੍ਹਾਂ ਕਿਹਾ, ਇਸ਼ਤਿਹਾਕ ਅਹਿਮਦ ਇਸ ਪੁਸਤਕ ਅਤੇ ਹੋਰ ਲਿਖਤਾਂ ਰਾਹੀਂ ਪੰਜਾਬ ਬਟਵਾਰੇ ਬਾਰੇ ਪ੍ਰਚਲਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਦਾ ਪਰਦਾਫਾਸ਼ ਹੀ ਨਹੀਂ ਕਰਦੇ ਸਗੋਂ ਦੋਹਾਂ ਮੁਲਕਾਂ ਵਿਚਕਾਰ ਧਰਮ-ਨਿਰਪੇਖਤਾ ਅਧਾਰਤ ਆਪਸੀ ਏਕਤਾ, ਮਿਲਵਰਤਣ ਅਤੇ ਵਿਉਪਾਰਕ ਸਾਂਝ ਦਾ ਸੁਨੇਹਾ ਵੀ ਦਿੰਦੇ ਹਨ।
ਇਸ ਮੌਕੇ ਇਸ਼ਤਿਹਾਕ ਨੇ ਦੱਸਿਆ ਕਿ ਉਨ੍ਹਾਂ ਇਸ ਪੁਸਤਕ ਵਿਚ ਸੈਂਕੜੇ ਮੌਕਾ ਗਵਾਹਾਂ ਦੀ ਜੁ਼ਬਾਨੀ ਉਨ੍ਹਾਂ ਨਾਲ ਬੀਤੀਆਂ ਜਾਂ ਉਨ੍ਹਾਂ ਦੀਆਂ ਅੱਖੀਂ ਡਿੱਠੀਆਂ ਉਪਰਲੇ ਤੱਥਾਂ ਨੂੰ ਉਜਾਗਰ ਕਰਦੀਆਂ ਘਟਨਾਵਾਂ ਦਾ ਵਿਵਰਣ ਬਗ਼ੈਰ ਕਿਸੇ ਲਾਗ ਲਪੇਟ ਦੇ ਕੀਤਾ ਹੈ।
ਸ਼ੁਰੂ ਵਿਚ ਉਨ੍ਹਾਂ ਵੰਡ ਦੀਆਂ ਮੁੱਖ ਘਟਨਾਵਾਂ ਦਾ ਵਿਵਰਣ ਅਤੇ ਵੰਡ ਦੇ ਬੀਜ ਨਾਮਕ ਲੇਖ ਵਿਚ 1900 ਤੋਂ 1940 ਤੀਕ ਮੁਸਲਿਮ ਪੰਜਾਬ ਅਤੇ ਹਿੰਦੂ ਸਿੱਖ ਪੰਜਾਬ ਬਾਰੇ ਇਥੋਂ ਦੇ ਲੀਡਰਾਂ ਵਿਚ ਇਸ ਮੰਗ ਨੂੰ ਲੈ ਕੇ ਹੋਈਆਂ ਗਤੀਵਿਧੀਆਂ ਦਾ ਲੇਖਾ-ਜੋਖਾ ਕਰਕੇ ਇਹ ਤੱਥ ਸਾਹਮਣੇ ਲਿਆਂਦਾ ਕਿ ਕਿਸ ਤਰ੍ਹਾਂ ਪੰਜਾਬ ਦੀ ਵੰਡ ਦੇ ਬੀਜ ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਬੀਜ ਦਿੱਤੇ ਗਏ ਸਨ। ਭਾਵੇਂ ਕਾਂਗਰਸ ਦਾ ਜਨਮ 1885 ਅਤੇ ਮੁਸਲਿਮ ਲੀਗ ਦਾ 1906 ਵਿਚ ਹੀ ਹੋ ਗਿਆ ਸੀ, ਪਰ ਅਸਲ ਵਿਚ ਇਨ੍ਹਾਂ ਵਿਚਕਾਰ ਮਤਭੇਦ 1915 ਤੋਂ ਸ਼ੁਰੂ ਹੋਇਆ, ਜਦ ਮਹਾਤਮਾ ਗਾਂਧੀ ਨੇ ਅਫਰੀਕਾ ਤੋਂ ਆ ਕੇ ਕਾਂਗਰਸ ਦੀ ਕਮਾਨ ਸੰਭਾਲੀ, ਜਿਸ ਨਾਲ ਜਿਨਾਹ ਨੂੰ ਆਪਣਾ ਦਬਦਬਾ ਘਟਦਾ ਜਾਪਿਆ। ਵੰਡ ਦੀ ਤਫਸੀਲ ਵਿਚ ਜਾਂਦਿਆਂ ਉਨ੍ਹਾਂ ਕਿਹਾ ਕਿ ਮੁਸਲਮਾਨ ਬਹੁ-ਆਬਾਦੀ ਵਾਲੇ ਪੰਜਾਬ ਅਤੇ ਬੰਗਾਲ ਦੇ ਖਿੱਤਿਆਂ ਦੀ ਵੰਡ ਦਾ ਮਾਮਲਾ ਮੁਸਲਿਮ ਲੀਗ ਦੇ 1909 ਵਿਚ ਸਥਾਪਤੀ ਨਾਲ ਹੀ ਉਠਾਇਆ ਗਿਆ ਸੀ। ਪਹਿਲਾਂ-ਪਹਿਲ ਜਿਨਾਹ ਕਾਂਗਰਸ ਦਾ ਮਹਿਜ਼ ਅੰਗ ਹੀ ਨਹੀਂ ਸੀ, ਸਗੋਂ ਉਹ ਧਰਮਨਿਰਪੇਖਕ ਰਾਸ਼ਟਰ ਦੇ ਸਿਧਾਂਤ ਨਾਲ ਸਹਿਮਤੀ ਵੀ ਰਖਦਾ ਸੀ ਅਤੇ ਕੱਟੜ ਨਹੀਂ ਸੀ। ਇਹ ਵੀ ਤੱਥ ਉਨ੍ਹਾਂ ਸਾਹਮਣੇ ਲਿਆਂਦਾ ਕਿ ਆਰੀਆ ਸਮਾਜ ਦੇ ਆਗੂ ਲਾਲਾ ਲਾਜਪਤ ਰਾਏ ਨੇ 1924 ਦੇ ਨਵੰਬਰ-ਦਸੰਬਰ ਦੇ ਟ੍ਰਿਬਿਊਨ ਵਿਚ ਲਗਾਤਾਰ ਅਜਿਹੇ ਲੇਖ ਲਿਖੇ ਜਿਹੜੇ ਪੰਜਾਬ ਨੂੰ ਪੱਛਮੀ ਅਤੇ ਪੂਰਬੀ ਦੋ ਭਾਗਾਂ-ਮੁਸਲਮਾਨ ਬਹੁਗਿਣਤੀ ਵਾਲੇ ਅਤੇ ਹਿੰਦੂ-ਸਿੱਖ ਬਹੁ ਗਿਣਤੀ ਵਾਲੇ ਵਿਚ ਵੰਡਣ ਦੀ ਵਕਾਲਤ ਕੀਤੀ ਸੀ। ਫਿਰ 1930 ਵਿਚ ਹੀ ਅਲਾਮਾ ਇਕਬਾਲ ਨੇ ਪੰਜਾਬ ਵੰਡ ਦਾ ਸਵਾਲ ਮੁਸਲਿਮ ਲੀਗ ਦੇ ਅਲਾਹਾਬਾਦ ਸੈਸ਼ਨ ਵਿਚ ਉਠਾ ਦਿੱਤਾ ਸੀ।
ਸੋ ਪੰਜਾਬ ਵੰਡ ਅਤੇ ਇਸ ਨਾਲ ਜੁੜੀ ਹਿੰਸਾ ਵਕਤੀ ਅਤੇ ਆਮਮੁਹਾਰੀ ਪ੍ਰਤੀਕਿਰਿਆ ਨਹੀਂ ਸੀ ਸਗੋਂ ਤਿੰਨਾਂ ਧਾਰਮਿਕ ਅਦਾਰਿਆਂ ਦੇ ਗਲਿਆਰਿਆਂ ਵਿਚ ਚੋਖੀ ਪ੍ਰਚਾਰੀ ਅਤੇ ਉਭਾਰੀ ਜਾਂਦੀ ਰਹੀ ਸੀ ਅਤੇ ਇਸੇ ਦਾ ਨਤੀਜਾ ਇਸ ਹਿੰਸਾ ਦਾ ਵਕਤੀ ਪੱਖ ਵੀ ਉਨਾ ਹੀ ਅਹਿਮ ਹੈ, ਜਿਸ ਵਿਚ ਅਫਵਾਹਾਂ ਕਾਰਨ ਪੈਦਾ ਹੋਇਆ ਡਰ ਵੀ ਸ਼ਾਮਿਲ ਹੈ। ਡਰ ਦੇ ਮਾਹੌਲ ਵਿਚ ਆਵਾਮ ਦਾ ਆਪਣੀ ਜਾਨ ਦੇ ਬਚਾ ਲਈ ਹਥਿਆਰਾਂ ਦਾ ਪ੍ਰਯੋਗ ਜਾਂ ਧੀਆਂ ਭੈਣਾਂ ਨੂੰ ਜਬਰਜਨਾਹ ਦੀ ਨੌਬਤ ਤੋਂ ਬਚਾਉਣ ਲਈ ਉਨ੍ਹਾਂ ਦੀ ਆਪ ਜਾਨ ਲੈ ਲੈਣਾ ਭਾਵ ਆਨਰ ਕਿਲਿੰਗ ਵੀ ਸ਼ਾਮਿਲ ਸੀ।
ਇਕ ਹੋਰ ਮਹੱਤਵਪੂਰਣ ਤੱਥ ਵੀ ਉਨ੍ਹਾਂ ਸਾਹਪਣੇ ਲਿਆਂਦਾ ਕਿ ਕਾਂਗਰਸ ਨੂੰ ਕਾਊਂਟਰ ਕਰਨ ਲਈ ਬਰਤਾਨੀਆ ਸਰਕਾਰ ਨੇ ਜਿਨਾਹ ਨਾਲ ਆਪ ਨੇੜਤਾ ਗੰਢੀ ਅਤੇ ਆਪਣੇ ਸਵਾਰਥ ਲਈ ਹੀ ਦੋ ਰਾਸ਼ਟਰਾਂ ਦੇ ਸਿਧਾਂਤ ਦੀ ਮਾਣਤਾ ਦਾ ਹਥਿਆਰ ਜਿਨਾਹ ਅਤੇ ਮੁਸਲਿਮ ਲੀਗ ਨੂੰ ਖੁਸ਼ ਕਰਨ ਲਈ ਖੇਡਿਆ। ਕਿਉਂਕ ਇਸ ਤਰ੍ਹਾਂ ਉਹ ਕਾਂਗਰਸ ਨੂੰ ਕਮਜ਼ੋਰ ਕਰ ਸਕਦੇ ਸਨ ਤੇ ਬਾਅਦ ਵਿਚ ਉਹ ਭਾਰਤ ਦੇ ਮੁਕਾਬਲੇ ਕਮਜ਼ੋਰ ਪਾਕਿਸਤਾਨ ਵਿਚ ਜੰਗੀ ਅੱਡੇ ਸਥਾਪਤ ਕਰਕੇ ਸੋਵੀਅਤ ਯੂਨੀਅਨ ਨਾਲ ਟੱਕਰ ਲੈ ਸਕਦੇ ਸਨ। ਇਕ ਹੋਰ ਤੱਥ ਇਹ ਕਿ ਹਿੰਦ-ਪਾਕ ਦੀ ਸਰਹੱਦ ਦੀ ਸਥਾਪਤੀ ਭਾਵ ਰੈਡਕਲਿਫ ਲਾਈਨ ਦਾ ਐਲਾਨ 17 ਅਗਸਤ ਨੂੰ ਕੀਤਾ, ਜਿਸ ਨਾਲ ਗੁਰਦਾਸਪੁਰ ਦੇ ਆਸ ਪਾਸ ਦੇ ਇਲਾਕਿਆਂ ਦਾ ਵੰਡਿਆ ਜਾਣਾ ਤੈਅ ਹੋਇਆ, ਜਦੋਂ ਕਿ ਭਾਰਤ-ਪਾਕਿਸਤਾਨ ਵੰਡ 14 ਅਤੇ 15 ਅਗਸਤ ਨੂੰ ਹੀ ਐਲਾਨਿਆ ਜਾ ਚੁੱਕਾ ਸੀ। ਸੋ ਜ਼ਾਹਿਰ ਹੈ ਕਿ ਇਸ ਇਲਾਕੇ ਵਿਚ ਇਸ ਐਲਾਨਨਾਮੇ ਉਪਰੰਤ ਬੇਵਜ਼ਾ ਵੱਧ ਲੋਕ ਕਤਲੇਆਮ ਦਾ ਸ਼ਿਕਾਰ ਹੋਏ ਕਿਉਂਕਿ ਇਸ ਨੇ ਅਚਾਨਕ ਹਿੰਸਕ ਪਾਗਲਪਨ ਨੂੰ ਜਨਮ ਦਿੱਤਾ। ਇਸ਼ਤਆਕ ਅਹਿਮਦਾ ਹੁਰਾਂ ਦੱਸਿਆ ਕਿ ਇਹ ਕਿਤਾਬ ਕੋਈ ਵੀਹ ਤੋਂ ਵੀ ਵੱਧ ਸਾਲਾਂ ਦੀ ਖੋਜ ਅਤੇ ਕੋਈ ਡੇਢ ਸੌ ਦੇ ਕਰੀਬ ਮੁਲਾਕਾਤਾਂ ਅਤੇ ਸੈਂਕੜੇ ਮੌਕਾਂ ਗਵਾਹਾਂ ਦੇ ਮੌਖਿਕ ਵਰਨਣਾਂ, ਰਿਪੋਰਟਾਂ, ਸਰਕਾਰੀ ਦਸਤਾਵੇਜ਼ਾਂ, ਲਘੂ ਫਿਲਮਾਂ, ਅਖਬਾਰਾਂ ਰਸਾਲਿਆਂ ਵਿਚ ਛਪੀਆਂ ਰੀਪੋਰਟਾਂ ਅਤੇ ਦਸਤਾਵੇਜ਼ਾਂ `ਤੇ ਅਧਾਰਤ ਹੈ। ਉਨ੍ਹਾਂ ਸਾਰੀ ਗਲਬਾਤ ਠੇਠ ਪੰਜਾਬੀ ਵਿਚ ਕੀਤੀ ਅਤੇ ਦੱਸਿਆ ਕਿ ਭਾਰਤ ਦੇ ਬਹੁਤ ਸਾਰੇ ਨੇਤਾ, ਫਿਲਮ ਐਕਟਰ, ਅਤੇ ਲੇਖਕ ਪੁਰਾਣੇ ਪੰਜਾਬ ਦੇ ਜਮਪਲ ਹਨ। ਗੁਲਜ਼ਾਰ ਅਤੇ ਸੁਨੀਲ ਦੱਤ ਜਿਹਲਮ ਦੇ ਰਹਿਣ ਵਾਲੇ ਸਨ, ਗੁਲਜ਼ਾਰੀ ਲਾਲ ਨੰਦਾ ਸਿਆਲਕੋਟ ਤੋਂ ਸਨ, ਮਨਮੋਹਨ ਸਿੰਘ ਚਕਵਾਲ ਤੋਂ, ਇੰਦਰਕੁਮਾਰ ਗੁਜਰਾਲ ਲਾਹੌਰ ਤੋਂ।
ਲੇਖਕ ਨੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ-ਜਵਾਬਾਂ ਦੇ ਦੌਰ ਵਿਚ ਪੰਜਾਬੀ ਥਿੰਕਰ ਰਿਫਾਰਮ ਦੇ ਸਰਪ੍ਰਸਤ ਦੇਵ ਦੂਹੜੇ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਪਸ਼ਟ ਕੀਤਾ ਕਿ ਸਿੱਖਾਂ ਨੂੰ ਅਲੱਗ ਦੇਸ਼ ਬਣਾਉਣ ਬਾਰੇ ਅੰਗਰੇਜ਼ ਸਰਕਾਰ ਜਾਂ ਮੁਹੰਮਦ ਅਲੀ ਜਿਨਾਹ ਵਲੋਂ ਕੋਈ ਵੀ ਠੋਸ ਸੁਝਾਅ ਜਾਂ ਭਰੋਸਾ ਦਿਤੇ ਜਾਣ ਬਾਰੇ ਗੱਲ ਸਰਾਸਰ ਝੂਠੀ ਹੈ। ਇਸ ਦਾ ਕੋਈ ਲਿਖਤੀ ਪ੍ਰਮਾਣ ਨਹੀਂ ਮਿਲਦਾ। ਰੈਫਰੈਂਡਮ 2020 ਬਾਰੇ ਉਨ੍ਹਾਂ ਸਿੱਖ ਭਾਈਚਾਰੇ ਨੂੰ ਖਾਲਿਸਤਾਨ ਦੇ ਨਾਹਰੇ ਲਾਉਣ ਸਮੇਂ ਭਾਰਤ-ਪਾਕਿਸਤਾਨ ਬਣਨ ਦੇ ਮਨਹੂਸ ਨੁੰ ਹਮੇਸ਼ਾਂ ਯਾਦ ਰਖਣ ਦੀ ਸਲਾਹ ਦਿਤੀ। ਇਕ ਹੋਰ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਅਤੇ ਭਾਰਤ ਇਕ ਹਕੀਕਤ ਬਣ ਚੁੱਕੇ ਹਨ ਤਾਂ ਦੋਹਾਂ ਦੇਸ਼ਾਂ ਦੇ ਫਿਰ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਲੋੜ ਸਿਰਫ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਲੜਾਈ ਨਾ ਕਰਨ ਬਾਰੇ ਲਿਖਤੀ ਸਮਝੌਤਾ, ਵਿਉਪਾਰਕ ਸਾਂਝ, ਆਪਸੀ ਮਿਲਵਰਤਣ, ਆਵਾਜਾਈ ਅਤੇ ਵਿਓਪਾਰ ਲਈ ਸਰਹੱਦਾਂ ਦਾ ਖੁੱਲ੍ਹਣਾ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਖੁੱਲ੍ਹੀ ਮਿਲਵਰਤਣ ਦੀ ਹੈ।
ਇਸ ਸਮਾਗਮ ਲਈ ਐਡਵੋਕੇਟ ਯਾਦਵਿੰਦਰ ਸਿੰਘ ਤੂਰ ਅਤੇ ਉਸਦੇ ਪਰਿਵਾਰ ਨੇ ਮਿਲ ਕੇ ਮਹਿਮਾਨਾਂ ਦੀ ਲੰਗਰ ਅਤੇ ਚਾਹ-ਪਾਣੀ ਨਾਲ ਸੇਵਾ ਕੀਤੀ। ਸਮਾਗਮ ਵਿਚ ਬਲਰਾਜ ਚੀਮਾ, ਤਾਹਿਰ ਗੋਰਾ, ਡਾ. ਨਾਹਰ ਸਿੰਘ, ‘ਵਾਹਗਾ’ ਪਰਚੇ ਦੇ ਸੰਪਾਦਕ ਚਰਨਜੀਤ ਸਿੰਘ ਤੂਰ, ਡਾ. ਸੁਖਪਾਲ ਸਿੰਘ, ਪੋ੍ਰ. ਜਗੀਰ ਸਿੰਘ ਕਾਹਲੋਂ, ਸ. ਹਜਾਰਾ ਸਿੰਘ ਮਿਸੀਸਾਗਾ, ਹਰਿੰਦਰ ਸਿੰਘ ਹੁੰਦਲ, ਪੰਜਾਬੀ ਦੁਨੀਆ ਯੂਟਿਊਬ ਚੈਨਲ ਦੇ ਹਰਜੀਤ ਗਿੱਲ, ਤੇ ਹੋਰ ਸੱਜਣਾਂ ਨੇ ਸ਼ਮੂਲੀਅਤ ਕੀਤੀ।