ਪ੍ਰਤੀਕਰਮ: ਕਰਮਜੀਤ ਸਿੰਘ ਦਾ ਲੇਖ-ਅੰਮ੍ਰਿਤਪਾਲ ਸਿੰਘ ਅਤੇ ਅੱਜ ਦੇ ਹਕੀਕੀ ਸਵਾਲ

ਕਮਲਜੀਤ ਸਿੰਘ, ਫਰੀਮਾਂਟ
ਫੋਨ: 510-284-7106
‘ਪੰਜਾਬ ਟਾਈਮਜ਼’ ਦੇ 29 ਅਕਤੂਬਰ 2022 ਵਾਲੇ ਅੰਕ ਵਿਚ ਕਰਮਜੀਤ ਸਿੰਘ ਦਾ ਲੇਖ ‘ਜਲੂਪੁਰ ਖੇੜਾ ਪਿੰਡ ਬਣਿਆ ਸਿੱਖ ਸੰਘਰਸ਼ ਦਾ ਕੇਂਦਰ’ ਪੜ੍ਹ ਕੇ ਲੇਖਕ ‘ਤੇ ਤਰਸ ਵੀ ਆਇਆ ਤੇ ਹਾਸਾ ਵੀ; ਉਹ ਲਿਖਦਾ ਹੈ: ਸਿਮਰਨਜੀਤ ਸਿੰਘ ਮਾਨ ਜਿਵੇਂ ਨੱਕ ਦੀ ਸੇਧ ‘ਤੇ ਲਗਾਤਾਰ ਖਾਲਿਸਤਾਨ ਦੇ ਸੰਘਰਸ਼ ਅਤੇ ਨਿਸ਼ਾਨੇ ਉੱਤੇ ਕਰੜਾ ਪਹਿਰਾ ਦੇ ਰਿਹਾ ਹੈ, ਉਸ ਦੇ ਇਸ ਇਰਾਦੇ ਨੇ ਵੀ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿਤਾ ਹੈ।’

ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਇਰਾਦੇ ਨੂੰ ਸਿਮਰਨਜੀਤ ਸਿੰਘ ਮਾਨ ਦੀ ‘ਨੱਕ ਦੀ ਸੇਧ’ ਨੇ ਹੌਸਲਾ ਬਖ਼ਸ਼ਿਆ ਹੈ। ਹੁਣ ਜਦਕਿ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕਦੇ ਹੋਏ ਉਹ ਸਭ ਸਹੂਲਤਾਂ ਮਾਨਣੀਆਂ ਸ਼ੁਰੂ ਕਰ ਦਿਤੀਆਂ ਹਨ, ਜੋ ਉਸ ਨੂੰ ਬਤੌਰ ਐਮ.ਪੀ. ਮਿਲ ਸਕਦੀਆਂ ਹਨ। ਕੀ ਅੰਮ੍ਰਿਤਪਾਲ ਵੀ ਇਸ ਕਿਰਦਾਰ ਤੋਂ ਹੌਸਲਾ ਲੈ ਕੇ ਪਾਰਲੀਮੈਂਟ ਵਿਚ ਪਹੁੰਚ ਜਾਵੇਗਾ? ਹੋ ਸਕਦਾ ਹੈ, ਕਰਮਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਕੋਈ ਐਸੀ ਗੁੱਝੀ ਨਬਜ਼ ਫੜ ਲਈ ਹੋਵੇ, ਜਿਸ ਤੋਂ ਉਸ ਨੂੰ ਇਹ ਕਹਿਣ ਵਾਸਤੇ ਮਜਬੂਰ ਹੋਣਾ ਪਿਆ। ਕਰਮਜੀਤ ਸਿੰਘ ਨੇ ਇਸ ਲੇਖ ਵਿਚ ਅੰਮ੍ਰਿਤਪਾਲ ਸਿੰਘ ਨਾਲ ਸਵਾਲ-ਜਵਾਬ ਦਾ ਕੋਈ ਜ਼ਿਕਰ ਨਹੀਂ ਕੀਤਾ ਬਲਕਿ ਉਸ (ਕਰਮਜੀਤ ਸਿੰਘ) ਨੇ ਆਪਣੇ ਖਿਆਲਾਂ ਦਾ ਲੇਖ ਲਿਖ ਮਾਰਿਆ। ਜਿਵੇਂ ਅੰਮ੍ਰਿਤਪਾਲ ਤੋਂ ਆਮ ਲੋਕ ਪੁੱਛਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਵਿਦੇਸ਼ ਤੋਂ ਮੰਗਵਾ ਕੇ ਖਾਲਿਸਤਾਨ ਵਾਸਤੇ ਹਥਿਆਰਾਂ ਨਾਲ ਲੜਨ ਵਾਸਤੇ ਕਦੋਂ ਸੱਦੇਗਾ, ਕੀ ਕਰਮਜੀਤ ਸਿੰਘ ਜੋ ਖੁਦ ਵੀ ਨੌਜਵਾਨਾਂ ਦਾ ਲਹੂ ਡੋਲ੍ਹ ਕੇ ਖਾਲਿਸਤਾਨ ਲੈਣ ਨੂੰ ਵਾਜਬ ਸਮਝਦਾ ਹੈ, ਕੀ ਉਸ ਨੇ ਆਪਣੇ ਬੱਚੇ ਇਸ ਰਾਹ ਵੱਲ ਤੋਰ ਦਿਤੇ ਹਨ, ਜਾਂ ਸਿਰਫ਼ ਦੂਸਰਿਆਂ ਦੇ ਬੱਚਿਆਂ ਦੀਆਂ ਕੁਰਬਾਨੀਆਂ ‘ਤੇ ਤਾੜੀ ਮਾਰਨਾ ਹੀ ਉਸ ਦਾ ਕਸਬ ਹੈ।
ਚੰਗਾ ਤਾਂ ਇਹ ਹੁੰਦਾ ਕਿ ਕਰਮਜੀਤ ਸਿੰਘ ਅਤੇ ਅਜਮੇਰ ਸਿੰਘ ਵਰਗੇ ਹੋਰ ਪੇਸ਼ੇਵਰ, ਰਣਜੀਤ ਸਿੰਘ ਕੁੱਕੀ ਗਿੱਲ ਦੀ ਇੰਟਰਵਿਊ ਬਾਰੇ ਹਜ਼ਾਰਾ ਸਿੰਘ (15 ਅਕਤੂਬਰ ਦਾ ਲੇਖ) ਦੇ ਉਠਾਏ ਸਵਾਲ ਅਤੇ ਦਿੱਤੇ ਮਸ਼ਵਰਿਆਂ ਦਾ ਮੰਥਨ ਕਰਦੇ। ਭੜਕਾਊ ਭਾਸ਼ਣਾਂ ਰਾਹੀਂ ਨੌਜਵਾਨਾਂ ਨੂੰ ਗੁਮਰਾਹ ਕਰਕੇ ਕੀਤੀਆਂ ਕਮਾਈਆਂ ਚੰਡੀਗੜ੍ਹ ਅਤੇ ਇਸ ਦੇ ਇਰਦ-ਗਿਰਦ ਵੱਡੀਆਂ ਕੋਠੀਆਂ ਜਾਂ ਫਾਰਮ ਹਾਊਸ ਬਣਾਉਣ ਵਿਚ ਤਾਂ ਸਹਾਈ ਹੋ ਸਕਦੀਆਂ ਹਨ, ਪਰ ਆਮ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ। ਅਜਮੇਰ ਸਿੰਘ ਪੰਜਾਬ ਵਿਚ ਸਿੱਖਾਂ ਦੀ ਗੁਲਾਮੀ ਦੇ ਰੋਣੇ ਰੋ ਕੇ ਕਿਸ ਨੂੰ ਬੇਵਕੂਫ ਬਣਾ ਰਿਹਾ ਹੈ। ਕੀ ਕਿਸੇ ਨੇ ਕਦੀ ਗੁਲਾਮ ਲੋਕ ਕੋਠੀਆਂ ਵਿਚ ਬਹਿ ਕੇ ਬਗਾਵਤਾਂ ਦਾ ਸੱਦਾ ਦਿੰਦੇ ਵੀ ਵੇਖੇ ਹਨ? ਦਿੱਲੀ ਕਲੱਕੱਤੇ ਵਿਚ ਸਿੱਖ ਕਾਰੋਬਾਰੀਆਂ ਦੀਆਂ ਸ਼ਾਨਾਂ ਨੂੰ ਵੇਖ ਕੇ ਕੌਣ ਮੰਨੇਗਾ ਕਿ ਉਹ ਭਾਰਤ ਵਿਚ ਗੁਲਾਮਾਂ ਵਾਲੀ ਜਿ਼ੰਦਗੀ ਭੋਗ ਰਹੇ ਹਨ। ਅਜਮੇਰ ਸਿੰਘ ਦਾ ਹੁਲੜਬਾਜ਼ੀ ਕਰ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਦੀਆਂ ਸਿਫ਼ਤਾਂ ਕਰਨੀਆਂ ਕਿਥੋਂ ਦੀ ਦਿਆਨਤਦਾਰੀ ਜਾਂ ਪੱਤਰਕਾਰੀ ਹੈ? ਜਦ ਸ. ਜੋਗਿੰਦਰ ਸਿੰਘ ਉਗਰਾਹਾਂ ਤੇ ਬਲਬੀਰ ਸਿੰਘ ਰਾਜੋਆਣਾ ਵਰਗੇ ਸਿਆਣੇ ਕਿਸਾਨ ਆਗੂਆਂ ਨੇ ਦੇਖਿਆ ਕਿ ਕੁਝ ਖਰੂਦੀ ਤੱਤ ਉਨ੍ਹਾਂ ਦੀ ਸੰਜੀਦਾ ਜਦੋ-ਜਹਿਦ ਨੂੰ ਵੱਖਵਾਦੀ ਰੂਪ ਦੇ ਕੇ ਖਾਲਿਸਤਾਨੀ ਲੜਾਈ ਵਜੋਂ ਉਭਾਰਨ ਦੀ ਕੋਸ਼ਿਸ਼ ਵਿਚ ਹਨ ਤਾਂ ਕਿਸਾਨੀ ਲੀਡਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਜੇ ਤੁਸੀਂ ਖਾਲਿਸਤਾਨ ਬਣਾਉਣਾ ਹੈ ਤਾਂ ਕੈਨੇਡਾ ਵਿਚ ਬਣਾ ਲਓ, ਸਾਨੂੰ ਇੱਥੇ ਸੁੱਖ-ਸ਼ਾਂਤੀ ਨਾਲ ਰਹਿਣ ਦਿਓ। ਇਹ ਬੋਲ ਯੂਟਿਊਬ ‘ਤੇ ਦੇਖੇ-ਸੁਣੇ ਜਾ ਸਕਦੇ ਹਨ।
ਕਰਮਜੀਤ ਸਿੰਘ ਦੱਸੇ ਕਿ ਜੇ ਕਿਸੇ ਦੀ ਕਿਰਪਾਨ ‘ਗੰਢੇ ਚੀਰਨ ਲਈ ਹੀ ਨਹੀਂ’, ਤਾਂ ਕੀ ਦੂਸਰੇ ਪਾਸੇ ਬੰਬ-ਬੰਦੂਕਾਂ ਤਿੱਤਰ ਉਡਾਉਣ ਵਾਸਤੇ ਹਨ? ਪੰਜਾਬ ਦੇ ਨੌਜਵਾਨ ਆਪਣੇ ਭਵਿਖ ਨੂੰ ਦੁਨੀਆ ਦੇ ਭਵਿੱਖ ਨਾਲ ਜੋੜ ਕੇ ਦੇਖਦੇ ਹਨ। ਦੁਨੀਆ ਵਿਚ ਕੀ ਹੋ ਰਿਹਾ ਹੈ, ਸੰਸਾਰ ਕਿੱਥੇ ਪੰਹੁਚ ਗਿਆ ਹੈ, ਸਭ ਕੁਝ ਬੱਚਿਆਂ ਦੀਆਂ ਉਂਗਲਾਂ ਉਪਰ ਹੈ। ਅੱਜ ਤੋਂ 40 ਸਾਲ ਪਹਿਲਾਂ ਵਾਲੀ ਗੱਲ ਨਹੀਂ ਕਿ ਧਾਰਮਿਕ ਇਕੱਠਾਂ ਦਾ ਸਹਾਰਾ ਲੈ ਕੇ ਰਾਜਨੀਤੀ ਚਲਾਈ ਜਾ ਸਕੇ। ਨੌਜਵਾਨੀ ਉਤਾਵਲੀ ਹੈ ਅੱਗੇ ਵਧਣ ਵਾਸਤੇ। ਉਹ ਪੰਜਾਬ ਵਿਚਲੀ ਜਾਇਦਾਦ ਵੇਚ-ਵੱਟ ਕੇ ਤਰੱਕੀ ਵਾਲੀ ਦੁਨੀਆ ਵਲ ਵਧ ਰਹੀ ਹੈ। ਪੰਜਾਬ ਦੇ ਡੈਂਟਲ, ਇੰਜਨੀਅਰਿੰਗ, ਫਾਰਮੇਸੀ, ਨਰਸਿੰਗ ਕਾਲਜ ਬੰਦ ਹੋ ਰਹੇ ਹਨ। ਮੈਡੀਕਲ ਕਾਲਜਾਂ ਵਿਚ ਪੂਰੀਆਂ ਸੀਟਾਂ ਨਹੀਂ ਭਰਦੀਆਂ। ਅੱਜ ਦਾ ਨੌਜਵਾਨ ਸਮਝਦਾ ਹੈ ਕਿ ਜੇ ਉਸ ਨੂੰ ਮੌਜੂਦਾ ਪੰਜਾਬ ਵਿਚ ਰੋਟੀ ਰੋਜ਼ੀ ਨਹੀਂ ਮਿਲ ਰਹੀ, ਤਾਂ ਖਾਲਿਸਤਾਨ ਵਿਚ ਕਿਵੇਂ ਮਿਲ ਸਕੇਗੀ ਜਿਸ ਦਾ ਖਿੱਤਾ ਹੋਰ ਹੀ ਛੋਟਾ ਹੋਵੇਗਾ।
ਪੰਜਾਬ ਵਿਚ ਸਿੱਖ ਆਬਾਦੀ ਘਟਣ ਦਾ ਤੌਖਲਾ ਦਰਸਾਉਣ ਵਾਲੇ ਖੁਦ ਡੁਬਈ ਨੂੰ ਕਿਉਂ ਗਏ? ਆਪਣੇ ਪਰਿਵਾਰਾਂ ਨੂੰ ਕਿਉਂ ਉਥੋਂ ਛੱਡ ਆਏ? ਖੁਦ ਆਪਣੇ ਵਾਸਤੇ ਪੰਜਾਬ ਨੂੰ ਛੱਡ ਕੇ ਇਸਲਾਮੀ ਮੁਲਕਾਂ ਵਿਚ ਧਨ ਕਮਾਉਂਦੇ ਰਹੇ ਪਰ ਦੂਸਰਿਆਂ ਦੇ ਬੱਚਿਆਂ ਨੂੰ ਇਥੇ ਹੀ ਮਰਨ ਦਾ ਸਬਕ ਦੇ ਰਹੇ ਹਨ!
ਖਾਲਿਸਤਾਨ ਦੇ ਨਾਮ ‘ਤੇ ਆਪਣੀ ਸਿਆਸਤ ਖੇਡ ਚੁੱਕੇ, ਹਾਰੇ ਹੋਏ ਖਿਡਾਰੀ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਬੱਚੇ ਕਿਉਂ ਇਸ ਰਾਹ ‘ਤੇ ਨਹੀਂ ਤੋਰੇ ਅਤੇ ਕਿਵੇਂ ਉਸ ਨੇ ਕੁਝ ਸੌ ਏਕੜ ਜ਼ਮੀਨ ‘ਤੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ। ਕੀ ਇਹ ਲੋਕ ਅੱਜ ਦੇ ਨੌਜਵਾਨ, ਜੋ ਸੰਸਾਰ ਨੂੰ ਆਪਣੇ ਸੈੱਲ ਫੋਨ ਰਾਹੀਂ ਦੇਖ ਰਿਹਾ ਹੈ, ਨੂੰ ਗੁਮਰਾਹ ਕਰਨ ਵਿਚ ਕਾਮਯਾਬ ਹੋ ਜਾਣਗੇ? ਅੰਮ੍ਰਿਤਪਾਲ ਵਰਗੇ ਲੋਕ ਨੌਜਵਾਨਾਂ ਨੂੰ ਕਹਿ ਰਹੇ ਹਨ ਕਿ ਅੰਮ੍ਰਿਤ ਛਕ ਕੇ ਉਹ ਆਪਣੇ ਮਾਤਾ-ਪਿਤਾ ਨਾਲੋਂ ਰਿਸ਼ਤਾ ਤੋੜ ਦਿੰਦੇ ਹਨ, ਕੀ ਉਹ ਇਹੀ ਭਾਸ਼ਣ ਆਪਣੇ ਮਾਤਾ-ਪਿਤਾ ਤੇ ਬੱਚਿਆਂ ਨੂੰ ਦਿੰਦੇ ਹਨ? ਇਸ ਉਪਰ ਅਮਲ ਕਰਦੇ ਹੋਏ ਆਪਣੇ ਬੱਚਿਆਂ ਨੂੰ ਬੇਦਖਲ ਕਰ ਰਹੇ ਹਨ? ਬਿਲਕੁਲ ਨਹੀਂ, ਇਨ੍ਹਾਂ ਲੋਕਾਂ ਦੇ ਅਸੂਲ, ਜ਼ਮੀਰ, ਸਿਧਾਂਤ, ਗੁਰ ਦੋ ਤਰ੍ਹਾਂ ਦੇ ਹਨ। ਇਕ ਇਨ੍ਹਾਂ ਵਾਸਤੇ ਅਤੇ ਦੂਸਰਾ ਲੋਕਾਂ ਵਾਸਤੇ। ਮਾਲਵਿੰਦਰ ਸਿੰਘ ਮਾਲੀ ਨੇ ਠੀਕ ਕਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਥਾਪੜੇ ਦੇਣ ਵਾਲੇ ਸਾਰੇ ਤਮਾਸ਼ਬੀਨਾਂ ਦੀ ਜੇਕਰ ਕੋਈ ਜਾਗਦੀ ਜਮੀਰ ਹੈ ਤਾਂ ਉਹ ਹੁਣ ਪਹਿਲਾਂ ਉਸ ਦੇ ਸੱਦੇ ‘ਤੇ ਅਮਰੀਕਾ ਤੇ ਕੈਨੇਡਾ ਸੈਟਲ ਆਪਣੇ ਬੱਚਿਆਂ ਨੂੰ ਵਾਪਸ ਸੱਦਣ ਤੇ ਪੰਜਾਬ ਨੂੰ ‘ਭਈਆਸਤਾਨੀ’ ਬਣ ਜਾਣ ਤੋਂ ਬਚਾਉਣ ਵਿਚ ਆਪਣਾ ਯੋਗਦਾਨ ਪਾਉਣ।
ਅੰਮ੍ਰਿਤਪਾਲ ਨੂੰ ਹੈ ਕੋਈ ਫਿਕਰ ਕਿ ਕਿਵੇਂ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਦੇ ਹੈੱਡ ਗ੍ਰੱਥੀ ਨੂੰ ਉਬਾਲਿਆ ਗਿਆ? ਕਿਵੇਂ ਉਥੇ ਸਿੱਖ ਬੱਚੀਆਂ ਦੇ ਜਬਰੀ ਵਿਆਹ ਰਚਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ? ਕਿਵੇਂ ਮਹਾਰਾਜ ਰਣਜੀਤ ਸਿੰਘ ਦਾ ਬੁੱਤ ਤੋੜਿਆ ਗਿਆ? ਖਾਲਿਸਤਾਨ ਦੀ ਨਵੇ ਸਿਰੇ ਤੋਂ ਲੜਾਈ ਜੇਕਰ ਵਿਢਣੀ ਹੈ ਤਾਂ ਅਜਿਹੇ ਪਾਕਿਸਤਾਨੀ ਦੋਸਤਾਂ ਤੋਂ ਕਿੰਨੀ ਕੁ ਆਸ ਰਖੀ ਜਾ ਸਕੇਗੀ ਤੇ ਉਹ ਕਿੰਨੀ ਕੁ ਭਲੀ ਗੁਜਾਰਣਗੇ।
ਮਰਹੂਮ ਪ੍ਰੀਤਮ ਸਿੰਘ ਕੁਮੇਦਾਨ ਨੇ ‘ਪੰਜਾਬ ਟਾਈਮਜ਼’ ਦੇ 27 ਅਗਸਤ ਵਾਲੇ ਅੰਕ ਵਿਚ ਪੰਜਾਬ ਦੀ ਆਬਾਦੀ ਦਾ ਲੇਖਾ-ਜੋਖਾ ਕਰਦਿਆਂ ਸਾਬਤ ਕਰ ਦਿੱਤਾ ਸੀ ਕਿ ਸਿੱਖਾਂ ਦੀ ਬਹੁ-ਸੰਖਿਅਕ ਆਬਾਦੀ ਵਾਲੇ ਜਿਲਿਆਂ ਵਿਚੋਂ ਸ਼ਾਇਦ ਹੀ ਕੋਈ ਜਿਲਾ ਸਿੱਖ ਬਹੁਮਤ ਵਾਲਾ ਬੱਚਿਆ ਰਹਿ ਜਾਵੇਗਾ। ਰੈਫਰੈਂਡਮ-2020 ਵਾਲਿਆਂ ਦੇ ਜਵਾਬ ਵਿਚ ਪੰਜਾਬ ਨੂੰ ਨਵੇਂ ਸਿਰਿਓਂ ਕੱਟ-ਵੱਢ ਕੇ ਖਾਲਿਸਤਾਨ ਬਣਾਉਣ ਦੀ ਹਾਲਤ ਵਿਚ ਆਉਣ ਵਾਲੀਆਂ ਸੰਭਾਵੀ ‘ਮੁਸ਼ਕਿਲਾਂ ਅਤੇ ਸਮੱਸਿਆਵਾਂ’ ਉਨ੍ਹਾਂ ਨੇ ਬਣਾਈਆਂ ਹੋਈਆਂ ਹਨ। ਰੈਫਰੈਂਡਮ ਵਾਲੇ ਅਮਰੀਕਨ ਬਾਬੂ ਨੂੰ ਇਹ ਗੱਲ ਯਾਦ ਰਖਣ ਲਈ ਕਿਹਾ ਸੀ ਕਿ ਉਸ ਸੂਰਤ ਵਿਚ ਜਲੰਧਰ, ਹੁਸਿ਼ਆਰਪੁਰ, ਨਵਾਂ ਸ਼ਹਿਰ ਪਠਾਨਕੋਟ ਅਤੇ ਫਾਜਿਲਕਾ ਵਰਗੇ ਜਿਲੇ ਤੇ ਤਹਿਸੀਲਾਂ ਦਾ ਖਾਲਿਸਤਾਨ ਤੋਂ ਬਾਹਰ ਹੋ ਜਾਣੀਆਂ ਹਨ। ਵਸੋਂ ਦਾ ਤਬਾਦਲਾ ਲਾਜ਼ਮੀ ਹੋਵੇਗਾ। ਜਿਆਦਾਤਰ ਰੱਜੇ-ਪੁਜੇ ਸਿੱਖਾਂ ਨੂੰ ਭਾਰਤ ਦੇ ਵਖ ਵਖ ਰਾਜਾਂ ਵਿਚ ਆਪਣੀਆਂ ਅਥਾਹ ਜਾਇਦਾਦਾਂ ਛਡ ਕੇ ਖਾਲਿਸਤਾਨ ਵਿਚ ਆਉਣਾ ਪੈ ਜਾਵੇਗਾ। ਠੀਕ ਹੈ ਹਿੰਦੂ ਇਥੋਂ ਭਾਰਤ ਵਿਚ ਹਿਜਰਤ ਵੀ ਜਰੂਰ ਕਰ ਜਾਣਗੇ। ਭਾਖੜਾ, ਪੌਂਗ ਜੋਗਿੰਦਰ ਨਗਰ ਵਰਗੇ ਹਾਈਡਲ ਬਿਜਲੀ ਦੇ ਸੋਮੇ ਪਹਿਲਾਂ ਹੀ ਭਾਰਤ ਵਿਚ ਹੋਣਗੇ। ਖੇਤਰੀ ਤਬਾਦਲੇ ਨਾਲ ਥੀਨ ਡੈਮ ਅਨੰਦਪੁਰ ਸਾਹਿਬ, ਹਾਈਡਲ ਚੈਨਲ ਕੋਟਲਾ ਗੰਗੂਵਾਲ ਮੁਕੇਰੀਆਂ ਵੀ ਖਾਲਿਸਤਾਨ ਤੋਂ ਬਾਹਰ ਹੋ ਜਾਣਗੇ। ਸ. ਪ੍ਰੀਤਮ ਸਿੰਘ ਨੇ ‘ਸਿੱਖ ਫਾਰ ਜਸਟਿਸ’ ਨੂੰ ਸਵਾਲ ਕੀਤਾ ਸੀ ਕਿ ਉਹ ਅਜਿਹੀਆਂ ਅਨੇਕਾਂ ਸਮੱਸਿਆਵਾਂ ‘ਚੋਂ ਕਿਸੇ ਇਕ ਦਾ ਵੀ ਠੋਸ ਹੱਲ ਦੱਸਣ ਤੇ ਜਾਂ ਫਿਰ ਉਨ੍ਹਾਂ ਨੂੰ ਆਪਣਾ ਤਮਾਸ਼ਾ ਬੰਦ ਕਰ ਦੇਣ ਲਈ ਅਪੀਲ ਕੀਤੀ ਸੀ।
ਕਰਮਜੀਤ ਸਿੰਘ ਕਹਿੰਦਾ ਹੈ ਕਿ ਜਲੂਪੁਰ ਖੇੜਾ ਪਿੰਡ ਵਿਚ ਪਹੁੰਚ ਕੇ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਰੂਹ ਦੇ ਜੋਰ ਨਾਲ ਜਿਊਣ ਵਾਲੀ ਸਿੱਖ ਕੌਮ ਵਿਚ ਕਿੰਨੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਹੁਣ ਅੰਮ੍ਰਿਤਪਾਲ ਸਿੰਘ ਵਰਗਾ ਅਲੱੜ ਨੌਜਵਾਨ ਖੋਲ੍ਹਗਾ, ਸ. ਕਰਮਜੀਤ ਸਿੰਘ ਅਤੇ ਅਜਮੇਰ ਸਿੰਘ ਨੇ ਚੱਬੇ ਵਾਲੇ ਇਕੱਠ ਬਾਰੇ ਅਤੇ ਦੀਪ ਸਿੱਧੂ ਦੇ ਅਚਾਨਕ ਪ੍ਰਗਟ ਹੋਣ ਸਮੇਂ ਵੀ ਇਸੇ ਤਰ੍ਹਾਂ ਦੇ ਗੁਡੇ ਬੰਨ੍ਹੇ ਸਨ। ਤੌਬਾ! ਰੱਬ ਹੀ ਬਚਾਵੇ ਸਾਡੀ ਕੌਮ ਨੂੰ ਅਜਿਹੇ ਸਿੱਖ ਚਿੰਤਕਾ ਤੋਂ। ਇਸ ਮੌਕੇ ਸਾਡੇ ਸਿੱਖ ਨੌਜਵਾਨਾਂ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ।