ਚਾਚਾ! ਲੈ ਫੜ ਚਾਹ ਪੀ ਲੈ

ਪੰਜਾਬ, ਸਿੱਖ ਖਾੜਕੂਪੁਣੇ ਦਾ ਦੌਰ ਹੰਢਾ ਰਿਹਾ ਸੀ। ਹਰ ਰੋਜ਼ ਨਵੀਂਆਂ ਤੋਂ ਨਵੀਆਂ ਖ਼ਬਰਾਂ: ਬੱਸਾਂ ‘ਚੋ ਲਾਹ ਕੇ ਹਿੰਦੂਆਂ ਨੂੰ ਮਾਰਨ ਦੀਆਂ ਖ਼ਬਰਾਂ, ਪੁਲਿਸ ਵਲੋਂ ਸਿੱਖ ਨੌਜਵਾਨਾਂ ਦੇ ਬਣਾਏ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ, ਮੋਟਰਾਂ ‘ਤੇ ਸੁੱਤੇ ਪਏ ‘ਭਈਆਂ’ ਨੂੰ ਮਾਰਨ ਦੀਆਂ ਖ਼ਬਰਾਂ, ਪੁਲਿਸ ਵਲੋਂ ਖਾੜਕੂਆਂ ਦੇ ਪਰਿਵਾਰਾਂ ‘ਤੇ ਜ਼ੁਲਮ-ਢਾਹੁਣ ਅਤੇ ਜ਼ਲੀਲ ਕਰਨ ਦੀਆਂ ਖ਼ਬਰਾਂ, ਖਾੜਕੂਆਂ ਵਲੋਂ ਪੁਲਿਸ ਮੁਲਾਜ਼ਮਾਂ ਦੇ ਕਤਲਾਂ ਦੀਆਂ ਖ਼ਬਰਾਂ, ਖਾੜਕੂ ਗਰੁੱਪਾਂ ਵਲੋਂ ਇੱਕ-ਦੂਜੇ ਦੇ ਬੰਦੇ ਮਾਰਨ ਦੀਆਂ ਖ਼ਬਰਾਂ, ਸਤਲੁਜ-ਬਿਆਸ ‘ਚ ਤਰਦੀਆਂ ਲਾਸ਼ਾਂ ਦੀਆਂ ਖਬਰਾਂ, ਬੱਸ ਖ਼ਬਰਾਂ ਈ ਖ਼ਬਰਾਂ!

ਲੋਕ ਦਿਨ ਛਿਪਦਿਆਂ ਈ ਬੂਹੇ ਭੇੜ ਲੈਂਦੇ। ਮਾਵਾਂ ਪੁੱਤਾਂ ਨੂੰ ਰਾਤ ਸਮੇਂ ਬਾਹਰ ਜਾਣ ਤੋਂ ਰੋਕਦੀਆਂ। ਰਾਤ ਨੂੰ ਭਾਵੇਂ ਗੁਆਂਢ ‘ਚ ਗੋਲੀ ਚੱਲੇ, ਲੋਕ ਕੋਠੇ ‘ਤੇ ਚੜ੍ਹ ਕੇ ਆਪੋ-ਆਪਣਾ ਹਿਸਾਬ-ਕਿਤਾਬ ਲਾ ਕੇ ਫਿਰ ਸੌਂ ਜਾਂਦੇ। ਪ੍ਰੀਤਮ ਨੂੰ ਕਦੇ ਡਰ ਨਹੀਂ ਸੀ ਲੱਗਾ ਸ਼ਾਇਦ ਇਸ ਕਰਕੇ ਕਿ ਖਾੜਕੂ ਲਹਿਰ ਨਾਲ ਜੁੜੇ ਉਸਦੇ ਪਿੰਡ ਦੇ ਬਹੁਤੇ ਨੌਜਵਾਨ ਉਸਦੀ ਵੀ ਇੱਜ਼ਤ ਕਰਦੇ ਸਨ, ਸ਼ਾਇਦ ਇਸ ਕਰਕੇ ਵੀ ਕਿ ਇਹ ਖਾੜਕੂ, ਪਹਿਲਾਂ ‘ਨੌਜਵਾਨ ਭਾਰਤ ਸਭਾ’ ਦੇ ਮੈਂਬਰ ਰਹਿ ਚੁੱਕੇ ਸਨ ਅਤੇ ਪ੍ਰੀਤਮ ਇਸ ‘ਸਭਾ’ ਦਾ ਇਲਾਕਾ ਪੱਧਰ ਦਾ ਆਗੂ ਸੀ। ਪ੍ਰੀਤਮ ਦਾ ਪਿੰਡ ‘ਚ ਕਿਸੇ ਨਾਲ ਵੈਰ-ਵਿਰੋਧ ਵੀ ਤਾਂ ਨਹੀਂ ਸੀ।
ਇਕ ਦਿਨ ਪ੍ਰੀਤਮ ਅਤੇ ਉਸਦੀ ਬੀਬੀ (ਮਾਤਾ) ਚਾਹ ਪੀ ਰਹੇ ਸਨ ਤਾਂ ਗੋਲੀ ਚਲਣ ਦੀ ਅਵਾਜ਼ ਆਈ।
‘ਆਹ ਤਾਂ ਗੋਲੀ ਦੀ ਅਵਾਜ਼ ਐ!’ ਪ੍ਰੀਤਮ ਨੇ ਬੀਬੀ ਨੂੰ ਕਿਹਾ। ‘ਮੈਨੂੰ ਲਗਦੈ ਗਵਾਂਢੀਆਂ ਨੇ ਟਰਾਲੀ ਦਾ ਡਾਲਾ ਬੰਦ ਕੀਤੈ, ਉਸੇ ਦੀ ਆਵਾਜ਼ ਐ।’ ਬੀਬੀ ਬੋਲੀ। ਇਕ ਗੋਲੀ ਹੋਰ ਚੱਲੀ! ਇਹ ਆਵਾਜ਼ ਪ੍ਰੀਤਮ ਕੇ ਘਰ ਦੇ ਪਿਛਵਾੜਿਓਂ ਆਈ ਸੀ। ਉਹ ਮੰਜੇ ਤੋਂ ਉਠਿਆ ਤਾਂ ਦੇਖਿਆ ਵੱਡਾ ਭਰਾ ਸੁਰਜੀਤ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ‘ਤੂੰ ਐਧਰ ਨਾ ਆਵੀਂਂ, ਪਹਿਲਾਂ ਮੈਨੂੰ ਦੇਖਣ ਦੇ!’ ਸੁਰਜੀਤ ਨੇ ਪ੍ਰੀਤਮ ਨੂੰ ਕਿਹਾ। ਦੋ ਮਿੰਟ ਬਾਅਦ ਸੁਰਜੀਤ ਪੌੜੀਆਂ ਤੋਂ ਹੇਠਾਂ ਉਤਰਿਆ ਅਤੇ ਕਹਿਣ ਲੱਗਾ, ‘ਇਕ ਸਿੰਘ ਹੱਥ ‘ਚ ਬੰਦੂਕ ਫੜੀ ਮਹਾਜਨਾਂ ਦੇ ਕੋਠੇ ‘ਤੇ ਖੜ੍ਹਾ ਐ, ਲਗਦੈ ਜਾਂ ਤਾਂ ਕੋਈ ਮਹਾਜਨ ਮਾਰਤਾ ਜਾਂ ਫਿਰ ‘ਜਬਲੂ’ ਡਾਕਟਰ!’ ਇੰਨੇ ਨੂੰ ਜੀਤੇ ਮਹਾਜਨ ਦਾ ਪਰਿਵਾਰ ਕੰਧ ਟੱਪ ਕੇ ਪ੍ਰੀਤਮ ਦੇ ਘਰ ਆ ਗਿਆ। ‘ਕੀ ਹੋ ਗਿਆ? ਗੋਲੀ ਕਿੱਥੇ ਚੱਲੀ ਐ?’ ਪ੍ਰੀਤਮ ਨੇ ਜੀਤੇ ਮਹਾਜਨ ਤੋਂ ਪੁੱਛਿਆ। ‘ਉਨ੍ਹਾਂ ਨੇ ਪਹਿਲਾਂ ਜਬਲੂ ਡਾਕਟਰ ਮਾਰਤਾ ਫਿਰ ਸਾਡੇ ਘਰ ਵੱਲ ਆਏ ਤਾਂ ਮੈਂ ਡੋਰ ਨੂੰ ਅੰਦਰੋਂ ਕੁੰਡੀ ਲਾ ਲਈ।’ ਜੀਤੇ ਨੇ ਪ੍ਰੀਤਮ ਨੂੰ ਦੱਸਿਆ।
ਸੁਰਜੀਤ ਨੂੰ ਜਦ ਪਤਾ ਲੱਗਾ ਕਿ ਜੀਤੇ ਮਹਾਜਨ ਦਾ ਪਰਿਵਾਰ ਕੰਧ ਟੱਪ ਕੇ ਪ੍ਰੀਤਮ ਦੇ ਘਰ ਆ ਗਿਆ ਹੈ ਤਾਂ ਉਸਨੇ ਪ੍ਰੀਤਮ ਨੂੰ ਅਵਾਜ਼ ਮਾਰੀ, ‘ਉਏ ਪ੍ਰੀਤਮਾਂ ਇੱਕ ਮਿੰਟ ਗੱਲ ਤਾਂ ਸੁਣੀ!’ ਜਦ ਪ੍ਰੀਤਮ ਲਾਗੇ ਗਿਆ ਤਾਂ ਸੁਰਜੀਤ ਨੇ ਡੱਬ ‘ਚੋਂ ਪਸਤੌਲ ਕੱਢਿਆ ਤੇ ਬੋਲਿਆ, ‘ਲੈ ਫੜ ਤੇਰੇ ਕੰਮ ਆਊਗਾ!’ ਪ੍ਰੀਤਮ ਨੇ ਪਸਤੌਲ ਫੜ ਕੇ ਡੱਬ ‘ਚ ਤੁੰਨਿਆਂ ਤੇ ਘਰੋਂ ਬਾਹਰ ਨਿਕਲ ਗਿਆ। ਗਲੀ ‘ਚ ਜਾ ਕੇ ਪ੍ਰੀਤਮ ਨੇ ਦੇਖਿਆ ਕਿ ਨੀਲੀ ਪੱਗ ਵਾਲਾ ਇੱਕ ਸਿੰਘ, ਹੱਥ ‘ਚ ਬੰਦੂਕ ਫੜੀ ਜੀਤੇ ਮਹਾਜਨ ਦੇ ਘਰ ਅੱਗੇ ਟਹਿਲ ਰਿਹਾ ਹੈ। ਪ੍ਰੀਤਮ ਨੇ ਜ਼ਰਾ ਸਿਰ ਘੁਮਾਇਆ ਤਾਂ ਦੇਖਿਆ ਅਮਰੀਕਾ ਤੋਂ ਆਇਆ ਉਸਦਾ ਦੋਸਤ ‘ਪਰਛੂ’ ਸਾਈਕਲ ਭਜਾਈ ਉਹਦੇ ਵੱਲ ਆ ਰਿਹਾ ਹੈ। ‘ਉਏ ਪਰਛੂ ਤੈਨੂੰ ਗੋਲੀਆਂ ਚੱਲਣ ਦੀ ਅਵਾਜ਼ ਨਹੀਂ ਸੁਣੀ? ਔਹ ਸਾਹਮਣੇ ਦੇਖ ਕੌਣ ਖੜਾ ਹੈ!’ ਪਰਛੂ ਨੇ ਸਿੰਘ ਦੇਖਿਆ ਤਾਂ ਓਨੀਂ ਹੀ ਤੇਜ਼ੀ ਨਾਲ ਸਾਈਕਲ ਪਿਛਾਂਹ ਵੱਲ ਭਜਾ ਲਿਆ ਜਿੰਨੀ ਤੇਜ਼ੀ ਨਾਲ ਉਹ ਇਧਰ ਆਇਆ ਸੀ। ਜਦ ਪ੍ਰੀਤਮ ਨੇ ਦੁਬਾਰਾ ਸਿੰਘ ਵੱਲ ਦੇਖਿਆ ਤਾਂ ਉੱਥੇ ਇੱਕ ਨਹੀਂ ਤਿੰਨ ਸਿੰਘ ਖੜੇ ਸਨ। ਪ੍ਰੀਤਮ ਨੇ ਥੋੜਾ ਹੋਰ ਨੇੜੇ ਹੋ ਕੇ ਦੇਖਿਆ ਤਾਂ ਤਿੰਨਾਂ ‘ਚੋਂ ਇੱਕ ਨੂੰ ਪਛਾਣ ਲਿਆ। ਉਹ ਇਸੇ ਪਿੰਡ ਦਾ ਖਾੜਕੂ ਮਨਜੀਤ ਸੀ। ਪੰਜ ‘ਕੁ ਮਿੰਟ ਹੋਰ ਰੁਕਣ ਤੋਂ ਬਾਅਦ ਖਾੜਕੂ ਉੱਥੋਂ ਖਿਸਕ ਗਏ।
ਘੰਟੇ ‘ਕੁ ਬਾਅਦ ਪਿੰਡ ਦੇ ਗੁਰਦਵਾਰੇ ‘ਤੋਂ ਅਨਾਊਂਸਮੈਂਟ ਹੋਈ ਕਿ ਪੁਲਿਸ ਨੇ ਧਰਮਸ਼ਾਲਾ ‘ਚ ਲੋਕਾਂ ਦਾ ਇਕੱਠ ਸੱਦਿਆ ਹੈ। ਜਦੋਂ ਪ੍ਰੀਤਮ ਧਰਮਸ਼ਾਲਾ ਵੱਲ ਜਾ ਰਿਹਾ ਸੀ ਤਾਂ ਰਸਤੇ ‘ਚ ਉਸਨੂੰ ਉਸਦਾ ਦੋਸਤ ਪੰਡਤ ‘ਜੁਗਨੂੰ’ ਮਿਲਿਆ। ਜੁਗਨੂੰ ਨੇ ਦੱਸਿਆ, ‘ਡਾਕਟਰ ‘ਜਬਲੂ’ ਨੂੰ ਮਾਰ ਕੇ ਖਾੜਕੂ ਸਾਡੇ ਖੇਤ ਕੋਲ ਦੀ ਲੰਘ ਰਹੇ ਸਨ ਤਾਂ ਅੱਗੋਂ ਪੁਲਿਸ ਦੀ ਜੀਪ ਆ ਗਈ। ਜਦੋਂ ਖਾੜਕੂਆਂ ਨੇ ਜੀਪ ‘ਚ ਬੈਠੀ ਪੁਲਿਸ ਦੇਖੀ ਤਾਂ ਸਾਈਕਲ ਉੱਥੇ ਈ ਸੁਟ ਕੇ ਖੇਤਾਂ ਵੱਲ ਦੌੜ ਗਏ ਪਰ ਪੁਲਿਸ ਉਦੋਂ ਤੱਕ ਖੜੀ ਦੇਖਦੀ ਰਹੀ ਜਦ ਤੱਕ ਉਹ ਅੱਖੋਂ ਓਹਲੇ ਨਹੀਂ ਹੋ ਗਏ!’ ਧਰਮਸ਼ਾਲਾ ਪਹੁੰਚ ਕੇ ਪ੍ਰੀਤਮ ਨੇ ਦੇਖਿਆ ਕਿ ਇੱਕ ਹੌਲਦਾਰ ਤੇ ਤਿੰਨ ਸਿਪਾਹੀ ਕੁਰਸੀਆਂ ‘ਤੇ ਬੈਠੇ ਸਨ ਅਤੇ ਪੰਜਾਹ-ਸੱਠ ਆਦਮੀ ਉਨ੍ਹਾਂ ਦੇ ਆਲੇ-ਦੁਆਲੇ ਖੜੇ ਹਨ। ਹੌਲਦਾਰ ਕੁਰਸੀ ਤੋਂ ਉੱਠਿਆ ਅਤੇ ਲੋਕਾਂ ਨੂੰ ਸੰਬੋਧਤ ਹੋ ਕੇ ਕਹਿਣ ਲੱਗਾ, ‘ਅੱਜ ਸ਼ਰੀਫ ਆਦਮੀ ਦੇ ਕਤਲ ‘ਤੇ ਸਾਨੂੰ ਦੁਖ ਹੋਇਆ ਹੈ। ਅੱਤਵਾਦੀਆਂ ਦੇ ਮੁਕਾਬਲੇ ਲਈ ਹਰ ਵਕਤ ਤਿਆਰ ਰਹੋ ਅਤੇ ਜਦੋਂ ਵੀ ਕੋਈ ਸ਼ੱਕੀ ਬੰਦਾ ਪਿੰਡ ‘ਚ ਦਿਸੇ ਪੁਲਿਸ ਨੂੰ ਤੁਰੰਤ ਇਤਲਾਹ ਦੇਵੋ!’ ਹੌਲਦਾਰ ਦੀ ਗੱਲ ਸੁਣ ਕੇ ਪ੍ਰੀਤਮ ਬੋਲਿਆ, ‘ਸਾਹਿਬ ਜੀ ਲੋਕ ਕਹਿੰਦੇ ਅੱਜ ਰਸਤੇ ‘ਚ ਥੌਨੂੰ ਖਾੜਕੂ ਟੱਕਰ ਗਏ ਸੀ ਪਰ ਤੁਸੀਂ ਉਨਾਂ ਦਾ ਪਿੱਛਾ ਨਹੀਂ ਕੀਤਾ!’ ‘ਤੁਹਾਨੂੰ ਪਤਾ ਨਹੀਂ ਸੀ ਕਿ ਉਹ ਬੰਦਾ ਮਾਰ ਕੇ ਚੱਲੇ ਐ! ਉਨ੍ਹਾਂ ਦੇ ਹੱਥਾਂ ‘ਚ ਰਾਈਫਲਾਂ ਸਨ ਫਿਰ ਪੁਲਿਸ ਨੂੰ ਕਿਓਂ ਨਹੀਂ ਲੱਗਿਆ ਕਿ ਉਹ ਸ਼ੱਕੀ ਬੰਦੇ ਹਨ?’ ਲੋਕ ਇਕਦਮ ਹੱਸੇ ਫਿਰ ਚੁੱਪ ਪਸਰ ਗਈ। ‘ਸਾਨੂੰ ਪੂਰਾ ਹਿਸਾਬ-ਕਿਤਾਬ ਨਹੀਂ ਲੱਗਾ ਨਹੀਂ ਤਾਂ ਉਹ ਬਚ ਕੇ ਨਹੀਂ ਸੀ ਜਾ ਸਕਦੇ!’ ਛਿਥਾ ਪੈਂਦਿਆਂ ਹੌਲਦਾਰ ਨੇ ਜਵਾਬ ਦਿੱਤਾ। ਲੋਕ ਮੁਸਕੜੀਏਂ ਹੱਸੇ। ‘ਥੋਨੂੰ ਡਰਨ ਦੀ ਲੋੜ ਨਹੀਂ, ਪੁਲਿਸ ਤੁਹਾਡੀ ਸੁਰੱਖਿਆ ਲਈ ਹਰ ਵਕਤ ਤਿਆਰ ਹੈ। ਬੱਸ ਅਸੀਂ ਤਾਂ ਇੰਨਾ ਹੀ ਕਹਿਣਾ ਸੀ!’ ਜਦੋਂ ਈ ਹੌਲਦਾਰ ਨੇ ਗੱਲ ਖਤਮ ਕੀਤੀ ਲੋਕ ਘਰੋ-ਘਰੀਂ ਚਲੇ ਗਏ।
ਪ੍ਰੀਤਮ ਘਰੋਂ ਖੇਤ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸਦਾ ਹਰੀਜਨ ਦੋਸਤ ‘ਜਿੰਦਰ’ ਮਿਲਿਆ ਅਤੇ ਕਹਿਣ ਲੱਗਾ, ‘ਮੈਨੂੰ ਕੱਲ੍ਹ ਮਨਜੀਤ ਖਾੜਕੂ ਮਿਲਿਆ ਅਤੇ ਗੱਲੀਂ-ਗੱਲੀਂ ਇਹ ਵੀ ਦੱਸ ਗਿਆ ਕਿ ਜਬਲੂ ਡਾਕਟਰ ਨੂੰ ਉਨ੍ਹਾਂ ਮਾਰਿਆ ਹੈ!’ ‘ਹੋਰ ਕੀ ਬੋਲਿਆ?’ ਪ੍ਰੀਤਮ ਨੇ ਪੁੱਛਿਆ। ‘ਉਹ ਕਹਿੰਦਾ ਅਸੀਂ ਦੇਖ ਲਿਆ ਸੀ ਕਿ ਮਹਾਜਨਾਂ ਦਾ ਪਰਿਵਾਰ ਕੰਧ ਟੱਪ ਕੇ ਪ੍ਰੀਤਮ ਦੇ ਘਰ ਚਲਾ ਗਿਆ ਹੈ ਪਰ ਉਨ੍ਹਾਂ ‘ਚ ਮੋਹਨ ਮਹਾਜਨ ਨਹੀਂ ਸੀ ਜੀਨੂੰ ਅਸੀਂ ਮਾਰਨਾਂ ਚਾਹੁੰਦੇ ਸੀ।’ ਜਿੰਦਰ ਨੇ ਗੰਭੀਰ ਹੋ ਕੇ ਦੱਸਿਆ। ‘ਫਿਰ ਤੂੰ ਕੀ ਕਿਹਾ?’ ਪ੍ਰੀਤਮ ਨੇ ਪੁੱਛਿਆ। ‘ਮੈਂ ਉਸ ਤੋਂ ਪੁੱਛਿਆ ਕਿ ਜੇ ਉਨ੍ਹਾਂ ‘ਚ ਮੋਹਨ ਵੀ ਹੁੰਦਾ ਤਾਂ ਕੀ ਤੁਸੀਂ ਉਸਦਾ ਪਿੱਛਾ ਵੀ ਕਰਦੇ? ਉਹ ਕਹਿੰਦਾ ਹਾਂ!’ ‘ਫਿਰ ਤੂੰ ਵੀ ਕੁੱਛ ਕਿਹਾ ਹੋਊ?’ ‘ਮੈਂ ਕਿਹਾ ਥੋਨੂੰ ਪਤੈ ਕਿ ਪ੍ਰੀਤਮ ਹੋਰੀਂ ਵੀ ਹਥਿਆਰ ਰੱਖਦੇ ਐ! ਫਿਰ ਥੋਡਾ ਕੀ ਬਣਦਾ? ਤਾਂ ਮਨਜੀਤ ਕਹਿੰਦਾ ‘ਦੇਖੀ ਜਾਂਦੀ’। ‘ਇਹ ਗੱਲ ਸੁਣ ਕੇ ਪ੍ਰੀਤਮ ਵੀ ਚਿੰਤਤ ਹੋ ਗਿਆ।
ਪ੍ਰੀਤਮ ਦੀ ਆਦਤ ਸੀ ਕਿ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਉਹ ਪਿੰਡ ‘ਚ ਕਿਸੇ ਦੋਸਤ ਨੂੰ ਮਿਲਣ ਚਲਾ ਜਾਂਦਾ। ਅਜਿਹੀ ਹੀ ਇੱਕ ਰਾਤ ਸੀ ਕਿ ਉਹ ਇਕ ਦੋਸਤ ਨੂੰ ਮਿਲ ਕੇ ਘਰ ਆ ਰਿਹਾ ਸੀ ਤਾਂ ਗਲੀ ‘ਚ ਖੜੇ ਇੱਕ ਗੱਡੇ ਹੇਠਾਂ ਉਸਨੂੰ ਕੋਈ ਹਿਲਜੁਲ ਦਿਸੀ। ਜਦ ਉਹ ਹੋਰ ਨਜ਼ਦੀਕ ਹੋਇਆ ਤਾਂ ਉਸਨੂੰ ਸਾਫ-ਸਾਫ ਦਿਸਿਆ ਕਿ ਦੋ ਆਦਮੀ ਛੁਪੇ ਬੈਠੇ ਹਨ। ਪ੍ਰੀਤਮ ਨੂੰ ਘਰ ਪਹੁੰਚਿਆਂ ਮਸਾਂ ਅੱਧਾ ਘੰਟਾ ਹੋਇਆ ਹੋਊ ਕਿ ਗੋਲੀ ਚੱਲੀ! ਦੋ-ਮਿੰਟ ਦੀ ਚੁੱਪ ਤੋਂ ਬਾਅਦ ਔਰਤਾਂ ਦੀਆਂ ਚੀਕਾਂ ਸੁਣਾਈ ਦਿਤੀਆਂ। ਖਾੜਕੂਆਂ ਨੇ ਗਿਆਨੀ ਕਿਸ਼ਨ ਸਿੰਘ ਮਾਰ ਦਿੱਤਾ ਸੀ। ਪ੍ਰੀਤਮ ਸਮਝ ਗਿਆ ਕਿ ਗੱਡੇ ਹੇਠ ਛੁਪੇ ਖਾੜਕੂ ਈ ਸਨ, ਕਿਓਂਕਿ ਗੱਡਾ ਗਿਆਨੀ ਕਿਸ਼ਨ ਸਿੰਘ ਦੇ ਘਰ ਤੋਂ ਸਿਰਫ ਪੰਦਰਾਂ ‘ਕੁ ਗਜ ਦੀ ਦੂਰੀ ‘ਤੇ ਸੀ।
ਹਫਤੇ ‘ਕੁ ਬਾਅਦ ਸ਼ਹਿਰ ਨੂੰ ਜਾਣ ਲੱਗਿਆਂ ਪ੍ਰੀਤਮ ਰਸਤੇ ‘ਚ ਅਪਣੇ ਦੋਸਤ ‘ਭਿੰਦੇ’ ਦੇ ਘਰ ਰੁਕ ਗਿਆ ਤਾਂ ਉਸਨੂੰ ਦੇਖ ਕੇ ਭਿੰਦਾ ਬੋਲਿਆ, ‘ਆਜਾ ਪ੍ਰੀਤਮਾਂ ਚੰਗਾ ਹੋਇਆ ਤੂੰ ਆਪ ਹੀ ਆ ਗਿਆ, ਮੈਂ ਤੇਰੇ ਕੋਲ ਆਉਣ ਬਾਰੇ ਈ ਸੋਚ ਰਿਹਾ ਸੀ।’ ‘ਸੁੱਖ ਤਾਂ ਹੈ?’ ‘ਕੱਲ ਬਾਪੂ ਨਿਰੰਜਨ ਕੇ ਘਰ ਸੁੱਤਾ ਸੀ ਅਤੇ ਉਨ੍ਹਾਂ ਦੇ ਮੁੰਡੇ ਕੋਲ ਦੋ ਖਾੜਕੂ ਵੀ ਆਏ ਹੋਏ ਸਨ!’ ਇੰਨਾਂ ਕਹਿ ਕੇ ਭਿੰਦਾ ਕੁੱਛ ਸੋਚਣ ਲੱਗ ਪਿਆ। ‘ਕੋਈ ਖਾਸ ਗੱਲ?’ ਪ੍ਰੀਤਮ ਨੇ ਗੰਭੀਰ ਹੋ ਕੇ ਪੁੱਛਿਆ। ‘ਉਹ ਆਪਣੇ ‘ਮਿੰਦੀ’ ਨੂੰ ਮਾਰਨ ਦੀ ਸਕੀਮ ਬਣਾ ਰਹੇ ਸਨ। ਕਹਿੰਦੇ ਮਿੰਦੀ ਖਾਲਿਸਤਾਨ ਦੇ ਖਿ਼ਲਾਫ ਪ੍ਰਚਾਰ ਕਰਦਾ ਐ!’ ‘ਪ੍ਰਚਾਰ ਤਾਂ ਆਪਾਂ ਸਾਰੇ ਈ ਕਰਦੇ ਆਂ!’ ਏਨਾਂ ਕਹਿ ਕੇ ਪ੍ਰੀਤਮ ਚੱਕਵੇਂ-ਪੈਰੀਂ ਮਿੰਦੀ ਦੀ ਦੁਕਾਨ ਵੱਲ ਹੋ ਤੁਰਿਆ। ਮਿੰਦੀ ਜੱਟਾਂ ਦਾ ਮੁੰਡਾ ਐ ਜਿਹੜਾ ਪਿੰਡ ‘ਚ ਕਰਿਆਨੇ ਦੀ ਦੁਕਾਨ ਕਰਦਾ ਹੈ। ਉਹ ਥੋੜਾ ਮੂੰਹ-ਫੱਟ ਹੈ ਪਰ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣਾ ਉਸਦੇ ਸੁਭਾਅ ਦਾ ਹਿੱਸਾ ਹੈ। ਦੁਕਾਨ ‘ਤੇ ਪਹੁੰਚ ਕੇ ਪ੍ਰੀਤਮ ਨੇ ਮਿੰਦੀ ਨੂੰ ਸਾਰੀ ਗੱਲ ਦੱਸੀ ਤਾਂ ਮਿੰਦੀ ਬੋਲਿਆ, ‘ਆਹ ਲੱਗਾ ਦੁਕਾਨ ਨੂੰ ਜਿੰਦਾ ਅਤੇ ਦੁਕਾਨ ਸਦਾ ਲਈ ਬੰਦ।’
ਪ੍ਰੀਤਮ ਕੋਲ ਕੁੱਝ ਪੁਰਾਣੇ ਤੇ ਕੰਡਮ ਹਥਿਆਰ ਸਨ ਜਿਨ੍ਹਾਂ ਬਾਰੇ ਉਸਦੇ ਮਜ਼ਦੂਰ ਦੋਸਤ ਜਿੰਦਰ ਨੂੰ ਵੀ ਪਤਾ ਸੀ। ਇੱਕ ਦਿਨ ਜਿੰਦਰ ਨੇ ਇਹ ਗੱਲ ਅਪਣੇ ਮਿਸਤਰੀ-ਦੋਸਤ ‘ਸ਼ਰਨ’ ਨਾਲ ਸਾਂਝੀ ਕੀਤੀ ਤਾਂ ਸ਼ਰਨ ਨੇ ਉਸਨੂੰ ਦੱਸਿਆ, ‘ਸਾਡਾ ਇਕ ਰਿਸ਼ਤੇਦਾਰ ਰਾਜਸਥਾਨ ਤੋਂ ਚੱਲ ਕੇ ਆਪਣੇ ਨਾਲ ਦੇ ਪਿੰਡ ਟੁੰਡਵਾਲ ਰਹਿਣ ਲੱਗ ਪਿਆ ਹੈ। ਰਾਜਸਥਾਨ ‘ਚ ਉਸਦੀ ਹਥਿਆਰ ਠੀਕ ਕਰਨ ਦੀ ਦੁਕਾਨ ਹੋਇਆ ਕਰਦੀ ਸੀ, ਤੂੰ ਉਸਨੂੰ ਮਿਲ ਉਹ ਤੇਰਾ ਕੰਮ ਕਰ ਸਕਦਾ ਹੈ।’ ਜਿੰਦਰ ਨੇ ਸ਼ਰਨ ਤੋਂ ਐਡਰੈਸ ਲਿਆ ਤੇ ਸਿੱਧਾ ਓਸ ਮਿਸਤਰੀ ਕੋਲ ਚਲਾ ਗਿਆ। ਮਿਸਤਰੀ ਨੇ ਹਥਿਆਰ ਚਲਦੇ ਤਾਂ ਕਰ ਦਿੱਤੇ ਪਰ ਉਹ ਉਨ੍ਹਾਂ ਦਾ ਆਟੋਮੈਟਿਕ ਸਿਸਟਮ ਠੀਕ ਨਾ ਕਰ ਸਕਿਆ।
ਕੁੱਝ ਦਿਨ ਬਾਅਦ ਪੁਲਿਸ ਦਾ ਛਾਪਾ ਪਿਆ, ਹਥਿਆਰ ਠੀਕ ਕਰਨ ਵਾਲਾ ਮਿਸਤਰੀ ਪੁਲਿਸ ਦਾ ਮੁਖਬਰ ਨਿਕਲਿਆ।
ਪੁਲਿਸ ਪਹਿਲਾਂ ਸ਼ਰਨ ਮਿਸਤਰੀ ਦੇ ਘਰ ਗਈ, ਸ਼ਰਨ ਪੁਲਿਸ ਨੂੰ ਜਿੰਦਰ ਦੇ ਘਰ ਲੈ ਗਿਆ ਅਤੇ ਜਿੰਦਰ ਅੱਗੇ ਪ੍ਰੀਤਮ ਦੇ ਘਰ। ਪ੍ਰੀਤਮ ਬਾਈਚਾਂਸ ਘਰ ਨਹੀਂ ਸੀ ਇਸ ਲਈ ਪੁਲਿਸ ਨੇ ਵੱਡੇ ਭਰਾ ਸੁਰਜੀਤ ਨੂੰ ਹਿਰਾਸਤ ‘ਚ ਲੈ ਲਿਆ। ਸੁਰਜੀਤ ਅਤੇ ਜਿੰਦਰ ਨੂੰ ਥਾਣੇ ਲਿਜਾਣ ਤੋਂ ਬਾਅਦ, ਪੁਲਿਸ ਪ੍ਰੀਤਮ ਦੇ ਜੀਜੇ ਅਤੇ ਸਾਲੇ ਨੂੰ ਵੀ ਫੜ ਲਿਆਈ।
ਪ੍ਰੀਤਮ ਨੇ ਦੋਸਤਾਂ ਨਾਲ ਸਲਾਹ ਕੀਤੀ ਕਿ ਕੀ ਕੀਤਾ ਜਾਵੇ। ਸਭ ਦੀ ਰਾਏ ਸੀ ਕਿ ਪੁਲਿਸ ਦੇ ਪੇਸ਼ ਹੋਣ ਤੋਂ ਸਿਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ। ਇੱਕ ਦੋਸਤ ਨੇ ਪਹਿਲ ਕਰ ਕੇ ਇਕ ਈਮਾਨਦਾਰ ਤੇ ਸਾਊ ਜਾਣੇ ਜਾਂਦੇ ਕਮਿਊਨਿਸਟ ਪਾਰਟੀ ਦੇ ਐਮ ਐਲ ਏ. ਤੱਕ ਪਹੁੰਚ ਕੀਤੀ। ਪਿੰਡ ਦੀ ਪੰਚਾਇਤ ਨੇ ਆਪਣੇ ਤੌਰ ‘ਤੇ ਪਹਿਲਾਂ ਈ ਕਹਿ ਦਿੱਤਾ ਸੀ ਕਿ ਪ੍ਰੀਤਮ ਕਾਮਰੇਡ ਕਿਸਮ ਦਾ ਬੰਦਾ ਐ, ਸਿੱਖ ਖਾੜਕੂਆਂ ਨਾਲ ਉਸਦਾ ਕੋਈ ਸਬੰਧ ਨਹੀਂ ਹੋ ਸਕਦਾ, ਜੇ ਉਸਦੇ ਕੋਲ ਹਥਿਆਰ ਹਨ ਵੀ ਤਾਂ ਉਹ ਆਪਾ-ਸੁਰੱਖਿਆ ਵਾਸਤੇ ਈ ਹੋਣਗੇ। ਐਮ ਐਲ ਏ ਪ੍ਰੀਤਮ ਨੂੰ ਹਥਿਆਰਾਂ ਸਮੇਤ ਥਾਣੇ ਲੈ ਗਿਆ। ਥੋੜੀ ਪੁੱਛ ਗਿੱਛ ਤੋਂ ਬਾਅਦ ਥਾਣੇਦਾਰ ਨੇ ਹੌਲਦਾਰ ਨੂੰ ਕਿਹਾ ਕਿ ਉਹ ਪ੍ਰੀਤਮ ਨੂੰ ਹਵਾਲਾਤ ‘ਚ ਬੰਦ ਕਰ ਦੇਵੇ ਅਤੇ ਇਸਦੇ ਇਵਜ਼ ‘ਚ ਫੜੇ ਬਾਕੀ ਬੰਦਿਆਂ ਨੂੰ ਛੱਡ ਦੇਵੇ। ਇਹ ਉਹੀ ਹੌਲਦਾਰ ਸੀ, ਜਿਸਨੂੰ ਪ੍ਰੀਤਮ ਨੇ ਲੋਕਾਂ ਦੇ ਇਕੱਠ ‘ਚ ਸਵਾਲ ਕੀਤੇ ਸਨ।
ਜਦੋਂ ਤੁਸੀਂ ਨਵਾਂ ਬਾਘਾ ਥਾਣੇ ‘ਚ ਦਾਖਲ ਹੁੰਦੇ ਹੋ ਤਾਂ ਮੁੱਢ ‘ਚ ਦੋ ਬੈਰਕਾਂ ਹਨ; ਇੱਕ ਖੱਬੇ ਪਾਸੇ ਅਤੇ ਇੱਕ ਸੱਜੇ, ਜਿਨ੍ਹਾਂ ਨੂੰ ਹਵਾਲਾਤ ਵੀ ਕਿਹਾ ਜਾਂਦਾ ਹੈ। ਦੋਨਾਂ ਬੈਰਕਾਂ ਨੂੰ ਲੋਹੇ ਦੇ ਸਰੀਆਂ ਤੋਂ ਬਣੇ ਗੇਟ ਲੱਗੇ ਹੋਏ ਹਨ ਅਤੇ ਉਨ੍ਹਾਂ ਉਪਰ ਦੀ ਪਰਦੇ ਵੀ ਲਟਕਾਏ ਹੋਏ ਹਨ ਤਾਂ ਕਿ ਬਾਹਰੋਂ ਕੋਈ ਦੇਖ ਨਾਂ ਸਕੇ ਕਿ ਅੰਦਰ ਕੌਣ-ਕੌਣ ਬੈਠਾ ਹੈ। ਜਦੋਂ ਹੌਲਦਾਰ ਨੇ ਖੱਬੇ ਪਾਸੇ ਵਾਲੀ ਬੈਰਕ ਦਾ ਦਰਵਾਜ਼ਾ ਖੋਲ੍ਹ ਕੇ ਪ੍ਰੀਤਮ ਨੂੰ ਅੰਦਰ ਧੱਕਿਆ ਤਾਂ ਉਸ ਦੇਖਿਆ ਕਿ ਅੰਦਰ ਤਿੰਨ ਆਦਮੀ ਨੀਵੀਂ ਪਾਈ ਬੈਠੇ ਹਨ। ਤਿੰਨਾਂ ‘ਚੋਂ ਇਕ ਨੇ ਨਜ਼ਰਾਂ ਮਿਲਾ ਕੇ ਪ੍ਰੀਤਮ ਤੋਂ ਪੁੱਛਿਆ, ‘ਕੀ ਹਾਲ ਐ ਬਾਈ?’ ਇਹ ਕਹਿ ਕੇ ਉਸਨੇ ਆਪਣੇ ਹੇਠ ਵਿਛੀ ਦਰੀ ਪ੍ਰੀਤਮ ਨੂੰ ਬੈਠਣ ਲਈ ਦੇ ਦਿੱਤੀ। ਗੱਲਬਾਤ ਤੋਂ ਬਾਅਦ ਪ੍ਰੀਤਮ ਨੂੰ ਪਤਾ ਲੱਗਾ ਕਿ ਬਾਕੀ ਤਿੰਨਾਂ ‘ਚੋਂਂ ਇਕ, ਹਥਿਆਰਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਹੇਠ, ਦੂਜਾ ਪੋਸਤ ਵੇਚਣ ਅਤੇ ਤੀਜਾ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੋਇਆ ਹੈ। ਖਾੜਕੂ ਲਹਿਰ ਨਾਲ ਸਬੰਧਤ ਅਤੇ ਹੋਰ ਗੰਭੀਰ ਦੋਸ਼ਾਂ ਅਧੀਨ ਲਿਆਂਦੇ ਬੰਦੇ ਦੂਸਰੀ ਹਵਾਲਾਤ ‘ਚ ਬੰਦ ਸਨ।
‘ਮੈਂ ਤੈਨੂੰ ਪਹਿਲਾਂ ਵੀ ਕਿਧਰੇ ਦੇਖਿਆ ਹੈ!’ ਪ੍ਰੀਤਮ ਨੇ ਹਥਿਆਰ ਵੇਚਣ ਦੇ ਦੋਸ਼ ਹੇਠ ਲਿਆਂਦੇ ਵਿਅਕਤੀ ਨੂੰ ਕਿਹਾ।
‘ਜ਼ਰੂਰ ਦੇਖਿਆ ਹੋਵੇਗਾ, ਮੇਰਾ ਨਾਮ ਜਸਬੀਰ ਐ ਅਤੇ ਮੈਂ ਥੋਡੇ ਪਿੰਡ ਦੀ ਪੰਡਤਾਂ ਦੀ ਕੁੜੀ ‘ਗੋਛੀ’ ਨਾਲ ਲਵ-ਮੈਰਿਜ ਕਰਾਈ ਸੀ!’ ਉਸਨੇ ਜਵਾਬ ਦਿੱਤਾ। ‘ਸਮਝ ਗਿਆ, ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਥੋਡੀ ਲਵ-ਮੈਰਿਜ ਅਤੇ ‘ਗੋਛੀ’ ਦੀ ਜਿ਼ੰਦਗੀ ਦਾ ਅੰਤ ਬਹੁਤ ਮਾੜਾ ਹੋਇਆ!’ ਪ੍ਰੀਤਮ ਨੇ ਅਫਸੋਸਨਾਕ ਲਹਿਜ਼ੇ ‘ਚ ਕਿਹਾ। ਇੰਨੇ ਨੂੰ ਇਕ ਅਜੀਬ ਕਿਸਮ ਦੀ ਅਵਾਜ਼ ਸੁਣਾਈ ਦਿੱਤੀ ਜਿਵੇਂ ਕਿਸੇ ਪਸ਼ੂ ਦਾ ਅੜਾਟ ਪੈ ਰਿਹਾ ਹੋਵੇ। ‘ਆਹ ਤਾਂ ਕਿਸੇ ਨਵੇਂ ਬੰਦੇ ਦੇ ਘੋਟਾ ਲੱਗ ਰਿਹਾ ਹੈ! ਸੋਹਣੇ ਦੇ ਸਾਲੇ ਦੀ ਅਵਾਜ਼ ਤਾਂ ਏਦੂੰ ਵੱਖਰੀ ਐ!’ ਚੋਰੀ ਕਰਨ ਦੇ ਦੋਸ਼ੀ ਨੇ ਕਿਹਾ। ‘ਇਹ ‘ਸੋਹਣਾ’ ਕੌਣ ਐ?’ ਪ੍ਰੀਤਮ ਨੇ ਪੁੱਛਿਆ। ‘ਮੋਗਾ ਲਾਗਿਓਂ ਕਿਸੇ ਪਿੰਡ ਦਾ ਹਰੀਜਨ ਖਾੜਕੂ ਐ, ਉਸਦੀ ਘਰਵਾਲੀ ਤੇ ਸਾਲਾ ਕਈ ਦਿਨਾਂ ਤੋਂ ਇਸ ਥਾਣੇ ‘ਚ ਬੰਦ ਹਨ।’ ਪੋਸਤ ਵੇਚਣ ਦੇ ਦੋਸ਼ੀ ਨੇ ਦੱਸਿਆ। ‘ਕੰਜਰਾਂ ਨੂੰ ਤਿੰਨ ਦਿਨ ਹੋਗੇ ਘੋਟੇ ਲਾਉਂਦਿਆਂ ਨੂੰ, ਜੇ ਉਸਨੂੰ ਕੁੱਛ ਪਤਾ ਹੁੰਦਾ ਤਾਂ ਹੁਣ ਤੱਕ ਦੱਸ ਨਾ ਦਿੰਦਾ!’ ਜਸਬੀਰ ਬੋਲਿਆ। ‘ਇਕ ਦਿਨ ‘ਸੋਹਣੇ’ ਦੀ ਘਰ ਵਾਲੀ ਵੀ ਚੀਕਾਂ ਮਾਰਦੀ ਸੀ, ਪਤਾ ਨਹੀਂ ਉਸਨੂੰ ਕੁੱਟਦੇ ਸੀ ਜਾਂ ਡਰਾਉਂਦੇ ਸੀ।’ ਚੋਰੀ ਕਰਨ ਦੇ ਦੋਸ਼ੀ ਨੇ ਦੱਸਿਆ।
ਹਵਾਲਾਤ ਦਾ ਬੂਹਾ ਖੜਕਿਆ ਤਾਂ ਸਭ ਨੇ ਨੀਵੀਂ ਪਾ ਲਈ।
ਕਿਸੇ ਵਲੋਂ ਧੱਕਾ ਦੇਣ ‘ਤੇ ਨਿਹੰਗ-ਸਿੰਘੀ ਬਾਣੇ ‘ਚ ਇਕ ਬਾਈ-ਤੇਈ ਸਾਲ ਦਾ ਜਵਾਨ ਪ੍ਰੀਤਮ ਹੋਰਾਂ ਦੇ ਮੂਹਰੇ ਆਣ ਡਿੱਗਿਆ। ਪ੍ਰੀਤਮ ਉੱਠਿਆ ਅਤੇ ਆਪਣੇ ਹੇਠਲੀ ਦਰੀ ‘ਤੇ ਇਸ ਨਵੇਂ ਆਏ ‘ਮਹਿਮਾਣ’ ਨੂੰ ਲਿਟਾ ਦਿੱਤਾ। ਇਹ ਉਹੀ ਨੌਜਵਾਨ ਸੀ ਜਿਸਦੇ ‘ਅੜਾਟ’ ਪੈਣ ਦੀ ਅਜੀਬ ਆਵਾਜ਼ ਸਭ ਨੇ ਸੁਣੀ ਸੀ। ਫਿਰ ਜਸਬੀਰ ਉੱਠਿਆ ਅਤੇ ਰੋਸ਼ਨਦਾਨ ‘ਚ ਛੁਪਾ ਕੇ ਰੱਖੀ ਆਇਓਡੈਕਸ ਦੀ ਡੱਬੀ ਚੁੱਕ ਲਿਆਇਆ। ਪ੍ਰੀਤਮ ਅਤੇ ਜਸਬੀਰ ਨੇ ਆਇਓਡੈਕਸ ਮਲ ਕੇ ਸਿੰਘ ਦੇ ਗੋਡਿਆਂ ਦੀ ਮਾਲਸ਼ ਕਰਨੀ ਸੁ਼ਰੂ ਕਰ ਦਿੱਤੀ। ਅਚਾਨਕ ‘ਚਾਚਾ’ ‘ਚਾਚਾ’ ਦੀ ਅਵਾਜ਼ ਸੁਣ ਕੇ ਪ੍ਰੀਤਮ ਉਧਰ ਨੂੰ ਝਾਕਿਆ ਜਿਧਰੋਂ ਇਹ ਆਵਾਜ਼ ਆਈ ਸੀ। ਉਸਨੇ ਦੇਖਿਆ ਕਿ ਉਸਦੇ ਪਿੰਡ ਦਾ ਇਕ ਮੁੰਡਾ, ਵਿਹੜੇ ਵਾਲੇ ਪਾਸਿਓਂ ਖਿੜਕੀ ਥਾਈਂ ਝਾਕ ਰਿਹਾ ਹੈ। ਪ੍ਰੀਤਮ ਉੱਠਕੇ ਨੇੜ ਗਿਆ ਤਾਂ ਉਹ ਬੋਲਿਆ,’ਚਾਚਾ! ਲੈ ਫੜ ਚਾਹ ਪੀ ਲੈ!’ ਚਾਹ ਫੜਾ ਕੇ ਜਦ ਉਹ ਵਾਪਿਸ ਮੁੜਿਆ ਤਾਂ ਪ੍ਰੀਤਮ ਨੇ ਪਿਛੋਂ ਦੇਖਿਆ ਕਿ ਉਹ ਲੰਗੜਾ ਕੇ ਅਤੇ ਲੱਤਾਂ ਚੌੜੀਆਂ ਕਰ ਕੇ ਤੁਰ ਰਿਹਾ ਹੈ। ਪ੍ਰੀਤਮ ਸਮਝ ਗਿਆ ਕਿ ਮੁੰਡਾ ਪੁਲਿਸ ਦੀ ਕੁੱਟ ਅਤੇ ਤਸੱ਼ਦਦ ਦਾ ਭੰਨਿਆ ਹੋਇਆ ਹੈ। ‘ਲੈ ਫੜ ਚਾਹ ਪੀ ਤੇ ਤਕੜਾ ਹੋ’ ਪ੍ਰੀਤਮ ਨੇ ਚਾਹ ਦਾ ਕੱਪ ਅੱਗੇ ਸਿੰਘ ਨੂੰ ਫੜਾਉਂਦਿਆਂ ਕਿਹਾ। ਜਦ ਸਿੰਘ ਨੇ ਚਾਹ ਪੀ ਲਈ ਤਾਂ ਪ੍ਰੀਤਮ ਨੇ ਪੁੱਛਿਆ, ‘ਸਿੰਘਾ ਇਹ ਜਾ਼ਲਮ ਤੈਨੂੰ ਕਾਹਦੇ ‘ਚ ਫੜ ਲਿਆਏ?’ ਮੈਨੂੰ ਕਹਿੰਦੇ ਤੂੰ ਬੰਦਾ ਮਾਰਿਐ!’ ਸਿੰਘ ਨੇ ਦੱਸਿਆ। ‘ਤੂੰ ਬੰਦਾ ਕਾਹਤੋਂ ਮਾਰਤਾ?’ ਪ੍ਰੀਤਮ ਨੇ ਵੈਸੇ ਈ ਪੁੱਛਿਆ। ‘ਮਾਰੂੰਗਾ, ਸਾਰਿਆਂ ਨੂੰ ਮਾਰੂੰਗਾ!’ ਸਿੰਘ ਨੂੰ ਗੁੱਸਾ ਚੜ੍ਹ ਗਿਆ। ‘ਤੂੰ ਬੰਦੇ ਮਾਰਨ ਵਾਲਾ ਤਾਂ ਨੀਂ ਲੱਗਦਾ!’ ਪ੍ਰੀਤਮ ਨੇ ਗੰਭੀਰ ਹੋ ਕੇ ਪੁੱਛਿਆ। ‘ਮੈਂ ਕਦੋਂ ਮਾਰਿਐ! ਇਹੀ ਭੈਣ…ਕਹਿੰਦੇ ਐ!’ ਸਿੰਘ ਅਜੇ ਵੀ ਗੁੱਸੇ ‘ਚ ਸੀ।
ਪ੍ਰੀਤਮ ਹੋਰੀਂ ਸਮਝ ਗਏ ਕਿ ਸਿੰਘ ਸਿਧਰਾ, ਥੋੜਾ ਦਿਮਾਗੀ ਅਤੇ ਸੱਚਾ-ਸੁੱਚਾ ਬੰਦਾ ਹੈ। ਬਾਅਦ ‘ਚ ਜਿਸ ਸਚਾਈ ਦਾ ਪਤਾ ਲੱਗਾ ਉਹ ਇਹ ਸੀ ਕਿ ਸਿੰਘ ਮਕਾਨ ਉਸਾਰੀ ਦਾ ਕੰਮ ਜਾਣਦਾ ਸੀ। ਉਸ ਦਿਨ ਇਹ ਹੋਇਆ ਕਿ ਨਵਾਂ ਬਾਘਾ ਥਾਣੇ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਆਲਮਪੁਰਾ ‘ਚ ਇਕ ਮਕਾਨ ਦੀ ਉਸਾਰੀ ਹੋ ਰਹੀ ਸੀ ਜਿੱਥੇ ਸਿੰਘ ਸਹਾਇਕ ਮਿਸਤਰੀ ਵਜੋਂ ਕੰਮ ਕਰ ਰਿਹਾ ਸੀ। ਬਾਈਚਾਂਸ ਸਿੱਖ ਖਾੜਕੂਆਂ ਨੇ ਉਸ ਘਰ ਦੇ ਐਨ ਸਾਹਮਣੇ ਇਕ ਬੰਦਾ ਮਾਰ ਦਿੱਤਾ। ਖਾੜਕੂ ਤਾਂ ਬੰਦਾ ਮਾਰ ਕੇ ਦੌੜ ਗਏ ਪਰ ਪੁਲਿਸ ਨੇ ਨਿਹੰਗ-ਸਿੰਘਾਂ ਵਾਲਾ ਹੁਲੀਆ ਦੇਖ ਵਿਚਾਰੇ ਇਸ ਮਿਸਤਰੀ ਨੂੰ ਫੜ ਕੇ ਥਾਣੇ ਲੈ ਆਂਦਾ।
ਅਗਲੇ ਦਿਨ ਸੁਭਾ ਨੌਂ ‘ਕੁ ਵਜੇ ਇਕ ਸਿਪਾਹੀ ਜਸਬੀਰ ਨੂੰ ਬੁਲਾ ਕੇ ਲੈ ਗਿਆ। ‘ਅੱਜ ਫਿਰ ਘੋਟਾ ਲਾਉਣਾ ਹੋਊ!’ ਚੋਰੀ ਦੇ ਜੁਰਮ ‘ਚ ਫੜ ਕੇ ਲਿਆਂਦਾ ਨੌਜਵਾਨ ਬੋਲਿਆ। ‘ਕੀ ਜਸਬੀਰ ਦੇ ਪਹਿਲਾਂ ਵੀ ਘੋਟਾ ਲੱਗਿਆ ਸੀ?’ ਪ੍ਰੀਤਮ ਨੇ ਪੁੱਛਿਆ। ‘ਦੋ ਵਾਰ!’ ਪੋਸਤ ਵੇਚਣ ਦੇ ਦੋਸ਼ੀ ਨੇ ਦੱਸਿਆ। ਚੱਲ ਰਹੀ ਗੱਲ-ਬਾਤ ਦੌਰਾਨ ਜਸਬੀਰ ਵੀ ਵਾਪਿਸ ਆ ਗਿਆ। ‘ਆ ਗਿਆ? ਅਸੀਂ ਤਾਂ ਡਰ ਈ ਗਏ ਸੀ!’ ਪ੍ਰੀਤਮ ਨੇ ਸ਼ੰਸਾ ਜ਼ਾਹਰ ਕੀਤਾ। ‘ਅੱਜ ਪੱਕਾ ਈ ਜ੍ਹੱਬ ਵੱਢ ‘ਤਾ!’ ਜਸਬੀਰ ਨੇ ਆਪਾ-ਤਸੱਲੀ ਲੈਂਦਿਆਂ ਕਿਹਾ। ਕਿਹੜਾ ਜ੍ਹੱਬ? ਉਹ ਕਿਵੇਂ?’ ਪ੍ਰੀਤਮ ਨੇ ਜਾਣਨਾ ਚਾਹਿਆ। ‘ਪਰਸੋਂ ਜਦੋਂ ਮੇਰੇ ਘੋਟਾ ਲਾਇਆ ਤਾਂ ਇਹ ਮੈਥੋਂ ਵੀਹ ਹਜ਼ਾਰ ਮੰਗਦੇ ਸੀ! ਮੈਂ ਕਿਹਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ, ਜ਼ਮੀਨ ਗਹਿਣੇ ਕਰ ਕੇ ਦੇ ਦੇਵਾਂਗਾ! ਫਿਰ ਅੱਜ ਕੀ ਹੋਇਆ ਕਿ ਪੁਲਿਸ ਆਪ ਈ ਮੇਰੀ ਜ਼ਮੀਨ ਦਾ ਗਾਹਕ ਲੱਭ ਲਿਆਈ! ਮੈਂ ਹੁਣ ਜ਼ਮੀਨ ਦੇ ਪੇਪਰਾਂ ‘ਤੇ ਹੀ ਘੁੱਗੀ ਮਾਰ ਕੇ ਆਇਆ ਹਾਂ!’ ਜਸਬੀਰ ਨੇ ਭੇਦ ਦੀ ਗੱਲ ਦੱਸੀ।
ਪ੍ਰੀਤਮ ‘ਤੇ ਕੇਸ ਬਣਾ ਕੇ ਉਸਨੂੰ ਕੋਰਟ ‘ਚ ਪੇਸ਼ ਕੀਤਾ ਗਿਆ, ਕੋਰਟ ਨੇ ਉਸਨੂੰ ਜੇਲ੍ਹ ਭੇਜ ਦਿੱਤਾ ਅਤੇ ਤਿੰਨ ਦਿਨ ਬਾਅਦ ਉਸਦੀ ਜ਼ਮਾਨਤ ਹੋ ਗਈ। ਪ੍ਰੀਤਮ ਘਰ ਪਹੁੰਚਿਆ ਤਾਂ ਵੱਡੇ ਭਰਾ ਸੁਰਜੀਤ ਨੂੰ ਕਹਿਣ ਲੱਗਿਆ, ‘ਸੁਰਜੀਤ, ਆਪਣੇ ਪਿੰਡ ਦਾ ਇਕ ਮੁੰਡਾ ਮੈਨੂੰ ਹਵਾਲਾਤ ‘ਚ ਚਾਹ ਦੇ ਕੇ ਆਇਆ ਸੀ। ਮੈਨੂੰ ਨਾ ਤਾਂ ਉਸਦੇ ਨਾਂ ਦਾ ਪਤਾ ਹੈ ਅਤੇ ਨਾ ਹੀ ਇਹ ਕਿ ਉਹ ਕਿਨ੍ਹਾਂ ਦਾ ਮੁੰਡਾ ਹੈ।’ ‘ਮੈਨੂੰ ਪਤੈ ਉਹ ‘ਲਹੌਰੀਆਂ’ ਦਾ ਮੁੰਡਾ ‘ਜੀਤਾ’ ਐ, ਮੈਨੂੰ ਮਿਲਿਆ ਸੀ ਉਹ। ਪੁਲਿਸ ਉਸ ਨੂੰ ਇਸ ਲਈ ਫੜ ਕੇ ਲੈ ਗਈ ਸੀ ਕਿ ਉਸ ਕੋਲ ਸਿੱਖ ਖਾੜਕੂਆਂ ਦੀ ਆਉਣੀ-ਜਾਣੀ ਐ! ਕੁੱਟਮਾਰ ਕਰਨ ਦੇ ਬਾਵਜੂਦ ਪੁਲਿਸ ਦੇ ਪੱਲੇ ਕੁੱਝ ਨਹੀਂ ਪਿਆ ਤਾਂ ਛੱਡ ਦਿੱਤਾ।’ ਸੁਰਜੀਤ ਨੇ ਦੱਸਿਆ। ਪਰ ‘ਪੁਲਿਸ ਤੋਂ ਬਚ-ਬਚਾ ਕੇ ਮੈਨੂੰ ਚਾਹ ਦਾ ਕੱਪ ਫੜਾਉਣ ਲਈ ਮੈਂ ਉਸਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’ ਪ੍ਰੀਤਮ ਨੇ ਆਪਣੀ ਖਾਹਸ਼ ਦੱਸੀ। ‘ਉਹ ਹਰ ਰੋਜ਼ ਸੱਥ ‘ਚ ਤਾਸ਼ ਖੇਡਦੈ, ਜਦੋਂ ਮਰਜ਼ੀ ਮਿਲ ਲਵੀਂ।’ ਸੁਰਜੀਤ ਨੇ ਦੱਸਿਆ।
ਰਾਤ ਨੂੰ ਦੋਨੋਂ ਭਰਾ ਬੈਠੇ ਪੀ-ਖਾ ਰਹੇ ਸਨ ਤਾਂ ਪ੍ਰੀਤਮ ਨੇ ਸੁਰਜੀਤ ਤੋਂ ਪੁੱਛਿਆ, ‘ਸੁਰਜੀਤ ਤੇਰੇ ਹਿਸਾਬ ਨਾਲ ‘ਸਿੱਖ ਖਾੜਕੂ ਲਹਿਰ’ ‘ਚ ਆਪਣੇ ਪਿੰਡ ਦੇ ਕਿਨੇ ‘ਕੁ ਲੋਕ ਮਾਰੇ ਗਏ ਹੋਣਗੇ?’ ‘ਆਪਾਂ ਹੁਣੇ ਗਿਣ ਲੈਂਦੇ ਹਾਂ’ ਜਦ ਦੋਨੋਂ ਭਰਾ ਗਿਣਨ ਲੱਗੇ ਤਾਂ ਗਿਣਤੀ ਇੱਕ ਸੌ ਅੱਠ ਤੱਕ ਪਹੁੰਚ ਗਈ। ‘ਗਿਣਤੀ ਇਸ ਤੋਂ ਵੱਧ ਵੀ ਹੋ ਸਕਦੀ ਐ!’ ਸੁਰਜੀਤ ਨੇ ਅੰਦਾਜ਼ਨ ਕਿਹਾ।
ਅਗਲੇ ਦਿਨ ਸੁਭਾ ਪ੍ਰੀਤਮ ਚਾਹ ਪੀ ਰਿਹਾ ਸੀ ਜਦੋਂ ਸੁਰਜੀਤ ਡੇਅਰੀ ‘ਚ ਦੁੱਧ ਪਾ ਕੇ ਮੁੜਿਆ, ‘ਪ੍ਰੀਤਮਾਂ ਬਹੁਤ ਬੁਰੀ ਖਬਰ ਐ! ਖੇਤਾਂ ‘ਚੋਂ ਲਹੌਰੀਆਂ ਕੇ ਜੀਤੇ ਦੀ ਲਾਸ਼ ਮਿਲੀ ਐ ਜੀਹਣੂ ਤੂੰ ਮਿਲਣਾ ਚਾਹੁੰਦਾ ਸੀ!’ ‘ਉਸਨੂੰ ਕੀਹਨੇਂ ਮਾਰਤਾ?’ ‘ਕਿਸੇ ਨੂੰ ਕੁੱਝ ਨਹੀਂ ਪਤਾ, ਰਾਤੀਂ’ ਦੋ ਆਦਮੀਂ ਉਸਨੂੰ ਘਰੋਂ ਲੈ ਕੇ ਗਏ ਸੀ।’ ਪ੍ਰੀਤਮ ਨੇ ਚਾਹ ਖਤਮ ਕੀਤੀ ਅਤੇ ਸੱਥ ‘ਚ ਚਲਾ ਗਿਆ। ਕੋਈ ਕਹਿ ਰਿਹਾ ਸੀ ‘ਸਿਵਲ ਕੱਪੜਿਆਂ ‘ਚ ਪੁਲਿਸ ਵਾਲੇ ਆਏ ਸਨ’, ਕੋਈ ਕਹਿ ਰਿਹਾ ਸੀ ‘ਉਸਨੂੰ ਵਿਰੋਧੀ ਖਾੜਕੂ ਗਰੁੱਪ ਨੇ ਮਾਰਿਐ ਅਤੇ ਕੋਈ ਕਹਿੰਦਾ ਖਾੜਕੂਆਂ ਨੂੰ ਸ਼ੱਕ ਹੋਊ ਕਿ ਪੁਲਿਸ ਦੀ ਕੁੱਟ ਮੂਹਰੇ ਇਸਨੇ ਸੱਭ ਕੁੱਝ ਬਕ ਦਿੱਤਾ ਹੈ’। ਪ੍ਰੀਤਮ ਨੂੰ ਲੱਗਿਆ ਕਿ ਜੋ ਮਰਜ਼ੀ ਹੋਵੇ ਪਰ ਉਸਦੇ ਪੱਲੇ ਕੱਖ ਨਹੀਂ ਬਚਿਆ ਸਿਵਾਏ ਜੀਤੇ ਦੇ ਬੋਲੇ ਇਨ੍ਹਾਂ ਸ਼ਬਦਾਂ ਦੇ: ‘ਚਾਚਾ! ਲੈ ਫੜ ਚਾਹ ਪੀ ਲੈ’।
ਪਰਮਜੀਤ ‘ਰੋਡੇ’
ਫੋਨ: 737 274 2370