ਰੇਖਾ ਚਿੱਤਰ: ਡਾਕੀਆ ਚਾਚਾ

ਹਰਮਹਿੰਦਰ ਚਹਿਲ
ਇਹ ਗੱਲਾਂ 1960ਵਿਆਂ ਦੇ ਅਖੀਰ ਦੀਆਂ ਹਨ। ਉਦੋਂ ਮੇਰੇ ਪਿੰਡ ਦਾ ਆਪਣਾ ਡਾਕਖਾਨਾ ਸੀ। ਹਰ ਰੋਜ਼ ਚਿੱਠੀਆਂ ਆਉਂਦੀਆਂ-ਜਾਂਦੀਆਂ ਸਨ। ਇਸ ਤੋਂ ਬਿਨਾਂ ਫੌਜੀਆਂ ਦੇ ਮਨੀਆਰਡਰ ਵਗੈਰਾ ਵੀ ਪਿੰਡ ਹੀ ਪਹੁੰਚਦੇ ਸਨ। ਪਿੰਡ ਦਾ ਡਾਕੀਆ, ਮਹਾਜਨਾਂ ਦਾ ਮੁੰਡਾ ਸਤਪਾਲ ਸੀ। ਉਸ ਦੀ ਕਰਿਆਨੇ ਦੀ ਦੁਕਾਨ ਸੀ। ਨਾਲ ਹੀ ਉਹ ਡਾਕ ਦਾ ਕੰਮ ਵੀ ਵੇਖਦਾ ਸੀ।

ਮੇਰਾ ਇਲਾਕਾ ਯਾਨਿ ਕਿ ਮਾਨਸਾ ਤਹਿਸੀਲ ਉਦੋਂ ਪੰਜਾਬ ਦਾ ਸਭ ਤੋਂ ਵੱਧ ਪਛੜਿਆ ਇਲਾਕਾ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਪਹਿਲਾਂ ਇਹ ਇਲਾਕਾ ਪਟਿਆਲਾ ਰਿਆਸਤ ’ਚ ਪੈਂਦਾ ਸੀ। ਰਿਆਸਤੀ ਇਲਾਕੇ, ਅੰਗਰੇਜ਼ੀ ਇਲਾਕਿਆਂ ਦੇ ਮੁਕਾਬਲਤਨ ਜ਼ਿਆਦਾ ਪਛੜੇ ਹੋਏ ਸਨ। ਉਦੋਂ ਪਿੰਡ ਵਿਚ ਨਾ ਕੋਈ ਬਿਜਲੀ ਨਾ ਹਸਪਤਾਲ ਤੇ ਨਾ ਹੀ ਸੜਕ। ਸ਼ਹਿਰ ਪਿੰਡੋਂ ਸੋਲਾਂ ਕਿਲੋਮੀਟਰ ਪੈਂਦਾ। ਉੱਧਰ ਵੀ ਕੱਚਾ ਰਾਹ ਹੀ ਸੀ। ਹਾਂ ਇਕ ਛੋਟਾ ਜਿਹਾ ਕਸਬਾ ਬੋਹਾ, ਨੇੜੇ ਪੈਂਦਾ। ਬੋਹਾ ਨੂੰ ਜਾਣ ਲਈ ਵੀ ਕੋਈ ਸੜਕ ਨਹੀਂ ਸੀ। ਪਿੰਡ ਕੋਲੋਂ ਲੰਘਦੀ ਨਹਿਰ ਦੀ ਪਟੜੀ ਹੀ ਆਵਾਜਾਈ ਦਾ ਮੁੱਖ ਰਸਤਾ ਸੀ। ਲੋਕ ਸਾਈਕਲਾਂ ’ਤੇ ਇਸੇ ਨਹਿਰ ਪੈ ਕੇ ਪਹਿਲਾਂ ਬੋਹਾ ਜਾਂਦੇ ਅਤੇ ਅੱਗੇ ਸੜਕ ਪੈ ਕੇ ਸ਼ਹਿਰ ਜਾਂਦੇ ਸਨ।
ਮੇਰੇ ਪਿੰਡ ਡਾਕ ਵੀ ਬੋਹਾ ਤੋਂ ਆਉਂਦੀ ਸੀ। ਆਲੇ ਦੁਆਲੇ ਦੇ ਪਿੰਡਾਂ ਦੀ ਡਾਕ ਪਹਿਲਾਂ ਬੋਹਾ ਆਉਂਦੀ। ਇੱਥੋਂ ਛੰਟ ਕੇ ਪਿੰਡਾਂ ਨੂੰ ਜਾਂਦੀ ਸੀ। ਬੋਹਾ ਤੋਂ ਪਿੰਡ ਤੱਕ ਡਾਕ ਵਾਲਾ ਥੈਲਾ ਲੈ ਕੇ ਆਉਣ ਵਾਲੇ ਸ਼ਖਸ ਦਾ ਨਾਂ ਸਾਧੂ ਸਿੰਘ ਸੀ। ਲੋਕ ਉਸੇ ਨੂੰ ਡਾਕੀਆ ਸਮਝਦੇ। ਚੜ੍ਹਦੀ ਉਮਰੇ ਜੋਗੀਆਂ ਨਾਲ ਘੁੰਮਦਾ ਰਿਹਾ ਹੋਣ ਕਰਕੇ ਲੋਕ ਉਸਨੂੰ ਨਾਥ ਵੀ ਕਹਿ ਦਿੰਦੇ। ਜੁਆਕਾਂ ਦਾ ਉਹ ਚਾਚਾ ਲੱਗਦਾ ਪਰ ਉਨ੍ਹਾਂ ਦੀ ਰੀਸ ਨਾਲ ਹੋਰ ਜੁਆਕ ਵੀ ਉਸਨੂੰ ਚਾਚਾ ਕਹਿੰਦੇ। ਫਿਰ ਉਸ ਦਾ ਨਾਂ ਹੀ ‘ਡਾਕੀਆ ਚਾਚਾ’ ਪੱਕ ਗਿਆ।
ਉਸ ਦੇ ਕੰਮ ਦੀ ਸ਼ੁਰੂਆਤ ਕਿਵੇਂ ਹੋਈ ਇਹ ਵੀ ਸਬੱਬ ਹੀ ਬਣਿਆ ਸੀ। ਸਾਡੇ ਪਿੰਡ ਇੱਕ ਹਵੇਲੀ ਵਾਲਾ ਘਰ ਵੱਜਦਾ ਸੀ। ਇਹ ਰਜਵਾੜਾ ਪਰਿਵਾਰ ਸੀ। ਉਨ੍ਹਾਂ ਦੀ ਆਪਣੀ ਰਿਹਾਇਸ਼ ਪਟਿਆਲੇ ਸੀ। ਪਿੱਛੇ ਹਵੇਲੀ ਵਿਚ ਉਨ੍ਹਾਂ ਦਾ ਮੁਖਤਿਆਰ, ਮੈਂਗਲ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਇਸ ਪਰਿਵਾਰ ਨੂੰ ਹੀ ਹਵੇਲੀ ਵਾਲੇ ਕਿਹਾ ਜਾਂਦਾ। ਕੁਝ ਕੁ ਨੂੰ ਛੱਡ ਕੇ ਉਨ੍ਹਾਂ ਦਾ ਪਿੰਡ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਸੀ। ਆਜਾਦੀ ਪਿੱਛੋਂ ਰਜਵਾੜਾ ਪਰਿਵਾਰ ਪਟਿਆਲੇ ਜਾ ਵਸਿਆ ਤਾਂ ਮੁੜ ਕੇ ਪਿੰਡ ਨਹੀਂ ਆਇਆ। ਇਹ ਮੁਖਤਿਆਰ ਮੈਂਗਲ ਸਿੰਘ ਪਾਕਿਸਤਾਨ ਵੱਲੋਂ ਵੰਡ ਵੇਲੇ ਇੱਧਰ ਆਇਆ ਸੀ। ਰਜਵਾੜੇ ਨੂੰ ਕਿੱਥੇ ਮਿਲਿਆ ਇਸ ਦਾ ਕੋਈ ਪਤਾ ਨਹੀਂ, ਪਰ ਪਿੰਡ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਇਹ ਹਵੇਲੀ ’ਚ ਪਰਿਵਾਰ ਸਮੇਤ ਰਹਿਣ ਲੱਗਿਆ।
ਮੈਂਗਲ ਸਿੰਘ ਰਿਟਾਇਰਡ ਤਹਿਸੀਲਦਾਰ ਸੀ। ਪਿੰਡ ਵਿਚ ਰਜਵਾੜੇ ਦੀ ਬਹੁਤ ਵੱਡੀ ਜਾਇਦਾਦ ਸੀ। ਸ਼ਾਇਦ ਪਿਛੋਕੜ ਤਹਿਸੀਲਦਾਰ ਹੋਣ ਕਰਕੇ ਹੀ ਉਨ੍ਹਾਂ ਮੈਂਗਲ ਸਿੰਘ ਨੂੰ ਮੁਖਤਿਆਰੀ ਲਈ ਚੁਣਿਆਂ ਹੋਵੇ। ਰਜਵਾੜਾ ਸਾਰਾ ਕਾਰ-ਵਿਹਾਰ ਮੁਖਤਿਆਰ ਨਾਲ ਗੱਲਬਾਤ, ਚਿੱਠੀਆਂ ਰਾਹੀਂ ਕਰਦਾ ਸੀ। ਜੋ ਹੁਕਮ ਦੇਣਾ ਹੁੰਦਾ ਉਹ ਚਿੱਠੀ ਰਾਹੀਂ ਦਿੰਦਾ ਸੀ। ਫੋਨ ਵਗੈਰਾ ਉਦੋਂ ਪਿੰਡਾਂ ਤੱਕ ਨਹੀਂ ਪਹੁੰਚੇ ਸਨ। ਇਸ ਕਰਕੇ ਸੁਨੇਹੇ ਪਹੁੰਚਾਉਣ ਦਾ ਸਾਧਨ ਸਿਰਫ ਚਿੱਠੀਆਂ ਸਨ। ਡਾਕਖਾਨਾ ਬੋਹਾ ਹੁੰਦਾ ਸੀ। ਸੋ ਮੁਖਤਿਆਰ ਨੂੰ ਕਿਸੇ ਨੂੰ ਭੇਜ ਕੇ ਬੋਹਾ ਤੋਂ ਆਪਣੀਆਂ ਚਿੱਠੀਆਂ ਮੰਗਵਾਉਣੀਆਂ ਜਾਂ ਭੇਜਣੀਆਂ ਪੈਂਦੀਆਂ ਸਨ। ਉਸ ਨੂੰ ਕਿਸੇ ਦੱਸਿਆ ਕਿ ਸਾਧੂ ਸਿੰਘ ਸਾਈਕਲ ਚਲਾ ਸਕਦਾ ਅਤੇ ਥੋੜਾ ਬਹੁਤ ਪੜ੍ਹਿਆ ਲਿਖਿਆ ਵੀ ਹੈ। ਫਿਰ ਉਨ੍ਹਾਂ ਡਾਕ ਵਾਸਤੇ ਸਾਧੂ ਸਿੰਘ ਨੂੰ ਹਰ ਦੂਜੇ ਤੀਜੇ ਬੋਹਾ ਭੇਜਣਾ ਸ਼ੁਰੂ ਕਰ ਦਿੱਤਾ। ਸ਼ੁਰੂ ’ਚ ਉਹ ਕੁਝ ਨਾ ਕੁਝ ਉਸਨੂੰ ਦਿੰਦੇ ਰਹਿੰਦੇ। ਫਿਰ ਉਸ ਦਾ ਰੁਟੀਨ ਬਣ ਗਿਆ ਤੇ ਉਸ ਦੀ ਮਹੀਨੇ ਦੀ ਪੰਦਰਾਂ ਰੁਪਏ ਤਨਖਾਹ ਵੀ ਮੁਕੱਰਰ ਕਰ ਦਿੱਤੀ। ਇੰਝ ਸਾਧੂ ਸਿੰਘ ਦੇ ਡਾਕ ਰੱਨਰ ਬਣਨ ਦਾ ਸਫਰ ਸ਼ੁਰੂ ਹੋਇਆ।
ਉਨ੍ਹਾਂ ਉਸਨੂੰ ਖਾਕੀ ਵਰਦੀ ਸੁਆ ਦਿੱਤੀ। ਸਾਈਕਲ ਲੈ ਦਿੱਤਾ। ਨਾਲ ਹੀ ਘੁੰਗਰੂ ਵੀ ਦੇ ਦਿੱਤੇ। ਘੁੰਗਰੂਆਂ ਵਾਲੀ ਗੱਲ ਅਜੀਬ ਲੱਗਦੀ। ਪਰ ਪਹਿਲਾਂ ਜਦੋਂ ਡਾਕੀਏ ਪੈਦਲ ਚੱਲਦੇ ਸਨ ਤਾਂ ਉਨ੍ਹਾਂ ਦੇ ਘੁੰਗਰੂ ਬੰਨੇ ਹੁੰਦੇ ਸਨ। ਘੁੰਗਰੂਆਂ ਦੇ ਖੜਾਕ ਤੋਂ ਸਾਹਮਣੇ ਵਾਲਾ ਅੰਦਾਜ਼ਾ ਲਾ ਲੈਂਦਾ ਕਿ ਇਹ ਡਾਕ ਮਹਿਕਮੇ ਦਾ ਬੰਦਾ। ਖੈਰ! ਘੁੰਗਰੂ ਤਾਂ ਉਸਨੇ ਕਿਧਰੇ ਸੰਭਾਲ ਦਿੱਤੇ ਪਰ ਵਰਦੀ ਪਹਿਨ ਲਈ ਤੇ ਸਾਈਕਲ ਸ਼ਿੰਗਾਰ ਲਿਆ। ਸਾਧੂ ਸਿੰਘ ਨੂੰ ਕੰਮ ਮਿਲ ਗਿਆ। ਕੁਝ ਉਹ ਐਤਵਾਰ ਦੇ ਦਿਨ ਕੰਮ ਧੰਦਾ ਕਰਕੇ ਕਮਾ ਲੈਂਦਾ।
ਫਿਰ ਹੌਲੀ ਹੌਲੀ ਹੋਰ ਲੋਕਾਂ ਦੀਆਂ ਵੀ ਚਿੱਠੀਆਂ ਆਉਣ ਲੱਗੀਆਂ। ਸਾਧੂ ਸਿੰਘ ਉਹ ਵੀ ਲੈ ਆਉਂਦਾ। ਅਗਾਂਹ ਵਾਲਾ ਉਸਨੂੰ ਕੁਝ ਨਾ ਕੁਝ ਜ਼ਰੂਰ ਦਿੰਦਾ। ਇਸ ਤਰ੍ਹਾਂ ਉਸ ਦੀ ਘਰੇਲੂ ਗੱਡੀ ਚੰਗੀ ਤਰ੍ਹਾਂ ਰੁੜ੍ਹ ਪਈ। ਜਦੋਂ ਡਾਕ ਦੀ ਆਮਦ ਵਧਦੀ ਗਈ ਤਾਂ ਮੈਂਗਲ ਸਿੰਘ ਮੁਖਤਿਆਰ ਨੇ ਪਿੰਡ ਡਾਕਖਾਨਾ ਬਣਵਾ ਲਿਆ। ਹੁਣ ਸਾਧੂ ਸਿੰਘ ਇਕੱਲੀ ਇਕਿਹਰੀ ਚਿੱਠੀ ਲਿਆਉਣ ਦੀ ਬਜਾਇ ਪੂਰਾ ਬੈਗ ਹੀ ਲਿਆਉਂਦਾ। ਅੱਗੇ ਡਾਕੀਆ ਬੈਗ ਖੋਲ੍ਹ ਕੇ ਛਾਂਟੀ ਕਰਦਾ ਤੇ ਘਰੋ ਘਰੀਂ ਚਿੱਠੀਆਂ ਪਹੁੰਚਾਉਂਦਾ। ਸਾਧੂ ਸਿੰਘ ਹੁਣ ਸਰਕਾਰੀ ਮੁਲਾਜ਼ਮ ਬਣ ਚੁੱਕਿਆ ਸੀ।
ਭਾਵੇਂ ਉਸ ਦੀ ਡਿਉਟੀ ਸਿਰਫ ਡਾਕ ਵਾਲਾ ਥੈਲਾ ਲਿਆਉਣ ਦੀ ਸੀ ਪਰ ਲੋਕਾਂ ਦੇ ਭਾਅ ਦਾ ਉਹੋ ਹੀ ਡਾਕੀਆ ਸੀ। ਕੁਝ ਕੁ ਲੋਕਾਂ ਨੂੰ ਹੀ ਪਤਾ ਸੀ ਕਿ ਉਹ ਸਿਰਫ ਡਾਕ ਰੱਨਰ ਹੈ। ਬਾਕੀ ਸਾਰਾ ਪਿੰਡ ਉਸਨੂੰ ਹੀ ਡਾਕੀਆ ਸਮਝਦਾ ਸੀ। ਇਸੇ ਕਰਕੇ ਉਸ ਦਾ ਨਾਂ ਹੀ ‘ਡਾਕੀਆ ਚਾਚਾ’ ਪੈ ਗਿਆ।
ਉਸ ਦੀ ਤਨਖਾਹ ਸਿਰਫ ਪੈਂਤੀ ਕੁ ਰੁਪਏ ਮਹੀਨਾ ਸੀ, ਪਰ ਉਸਨੇ ਕਦੇ ਸ਼ਿਕਵਾ ਨਹੀਂ ਕੀਤਾ ਸੀ। ਉਹ ਆਪਣਾ ਕੰਮ ਬੜੀ ਤਨਦੇਹੀ ਨਾਲ ਨਿਭਾਉਂਦਾ। ਉਸ ਦਾ ਸਰਕਾਰੀ ਕੰਮ ਤਾਂ ਸਿਰਫ ਡਾਕ ਵਾਲਾ ਥੈਲਾ ਲਿਆਉਣਾ ਸੀ ਪਰ ਪਿੰਡ ਵਾਲਿਆਂ ਦਾ ਉਹ ਬਹੁਤ ਵੱਡਾ ਕੋਰੀਅਰ ਸਾਧਨ ਸੀ। ਕਿਉਂਕਿ ਉਹ ਲੋਕਾਂ ਦੇ ਹੋਰ ਬੜੇ ਕੰਮ ਕਰਦਾ ਸੀ।
ਉੁਦੋਂ ਹਰ ਕੋਈ ਸ਼ਹਿਰ ਨਹੀਂ ਜਾਂਦਾ ਸੀ। ਆਮ ਲੋਕ ਦੋ-ਚੌਂਹ ਮਹੀਨੀਂ ਸ਼ਹਿਰ ਜਾਂਦੇ ਤੇ ਲੂਣ ਤੇਲ ਲੈ ਆਉਂਦੇ। ਪਰ ਲੋਕਾਂ ਦੀਆਂ ਛੋਟੀਆਂ ਮੋਟੀਆਂ ਵਰਤੋਂ ਦੀਆਂ ਚੀਜ਼ਾਂ ਡਾਕੀਆ ਚਾਚਾ ਹੀ ਲਿਆਉਂਦਾ ਸੀ। ਇਸ ਤਰ੍ਹਾਂ ਉਸ ਦੀ ਨੌਕਰੀ ਸੱਤੇ ਦਿਨਾਂ ਦੀ ਹੀ ਹੁੰਦੀ ਸੀ। ਉਸ ਦੇ ਕੰਮ ਦੇ ਘੰਟੇ ਵੀ ਕੋਈ ਲਿਮਟਿਡ ਨਹੀਂ ਸਨ। ਸੂਰਜ ਹਾਲੇ ਨਿਕਲਿਆ ਵੀ ਨਹੀਂ ਹੁੰਦਾ ਸੀ ਕਿ ਕੋਈ ਉਸ ਦਾ ਦਰਵਾਜ਼ਾ ਆ ਖੜਕਾਉਂਦਾ। ਉਸ ਦਾ ਬੋਲ ਬੜਾ ਉੱਚਾ ਸੀ। ਉਹ ਅੰਦਰੋਂ ਹੀ ‘ਆਇਆ ਜੀ’ ਕਹਿੰਦਾ ਤਾਂ ਦੂਰ ਤੱਕ ਉਸ ਦੀ ਆਵਾਜ਼ ਸੁਣਦੀ।
‘ਡਾਕੀਆ ਚਾਚਾ, ਆਹ ਥੋੜਾ ਜਿਹਾ ਬਰਸੀਨ ਦਾ ਬੀਜ ਥੁੜ ਗਿਆ, ਲਈ ਆਵੀਂ।’ ਉਸਨੇ ਪੈਸੇ ਲੈ ਕੇ ਜੇਬ ’ਚ ਪਾ ਲੈਣੇ ਤੇ ਕਾਗਜ਼ ਉੱਪਰ ਅਗਲੇੇ ਦਾ ਨਾਂ ਲਿਖ ਕੇ ਨਾਲ ਮੰਗਵਾਈ ਗਈ ਚੀਜ਼ ਲਿਖ ਲੈਣੀ। ਇੰਨੇ ਨੂੰ ਕਿਸੇ ਹੋਰ ਆ ਆਵਾਜ਼ ਮਾਰਨੀ,
‘ਡਾਕੀਆ ਚਾਚਾ, ਆਪਣੀ ਮੱਝ ਢਿੱਲੀ ਐ। ਸਲੋਤਰ ਨੇ ਆਹ ਕੁਛ ਦੇਸੀ ਦਵਾਈਆਂ ਦੱਸੀਆਂ ਨੇ। ਪੰਸਾਰੀਆਂ ਦੀ ਦੁਕਾਨ ਤੋਂ ਲਈ ਆਵੀਂ।’ ਉਸਨੇ ਉਹ ਵੀ ਉਵੇਂ ਲਿਖ ਲੈਣਾ। ਸਾਮਾਨ ਮੰਗਵਾਉਣ ਵਾਲਾ ਕੋਈ ਨਾ ਕੋਈ ਆਈ ਜਾਂਦਾ ਤੇ ਇੰਨੇ ਨੂੰ ਉਸ ਦੇ ਤੁਰਨ ਦਾ ਵਕਤ ਹੋ ਜਾਂਦਾ। ਉਹ ਸਤਪਾਲ ਦੀ ਦੁਕਾਨ ’ਤੇ ਜਾਂਦਾ ਤੇ ਡਾਕ ਵਾਲਾ ਥੈਲਾ ਚੁੱਕ ਕੇ ਸਾਈਕਲ ਨਾਲ ਬੰਨ ਲੈਂਦਾ। ਉੱਥੋਂ ਤੁਰਦਾ ਤਾਂ ਅੱਗੇ ਕੋਈ ਕੁੜੀ-ਕੱਤਰੀ ਖੜ੍ਹੀ ਹੁੰਦੀ। ਉਸਨੇ ਲਿਖਿਆ ਹੋਇਆ ਕਾਗ਼ਜ਼ ਤੇ ਪੈਸੇ ਫੜ੍ਹਾਉਂਦਿਆਂ ਕਹਿਣਾ,
‘ਡਾਕੀਆ ਚਾਚਾ, ਮੈਨੂੰ ਦਰੀਆਂ ਦਾ ਰੰਗ ਚਾਹੀਦਾ। ਚਾਚਾ ਬਣ ਕੇ ਲੈਂਦਾ ਆਈਂ।’ ਉਹ ਉਸ ਰੁੱਕੇ ਨੂੰ ਵੀ ਜੇਬ ’ਚ ਅੜਾ ਲੈਂਦਾ। ਅੱਗੇ ਕਿਸੇ ਹੋਰ ਸੁਆਣੀ ਨੇ ਕਹਿਣਾ,
‘ਡਾਕੀਆ ਚਾਚਾ ਮੈਂ ਤਾਣੀ ਚਾੜ੍ਹੀ ਹੋਈ ਐ। ਥੋੜਾ ਜਿਹਾ ਪੇਟਾ ਥੁੜ ਗਿਆ, ਚਾਚਾ ਬਣ ਕੇ ਲਿਆ ਦੇਵੀਂ।’
ਜਦੋਂ ਉਸਨੇ ਸਕੂਲ ਕੋਲ ਪਹੁੰਚਣਾ ਤਾਂ ਉੱਥੇ ਕੋਈ ਮਾਸਟਰ ਖੜ੍ਹਾ ਹੁੰਦਾ। ਮਾਸਟਰ ਨੇ ਮਾਵਾ ਲੁਆਉਣ ਲਈ ਪੱਗਾਂ ਫੜ੍ਹਾ ਦੇਣੀਆਂ। ਕਈ ਮਾਸਟਰਾਂ ਨੇ ਸਕੂਲ ਦਾ ਕੋਈ ਹੋਰ ਸਾਮਾਨ ਮੰਗਵਾ ਲੈਣਾ। ਇਸ ਤਰ੍ਹਾਂ ਪਰਚੀਆਂ ਫੜ੍ਹਦਾ ਉਹ ਨਹਿਰ ਦੀ ਪਟੜੀ ਜਾ ਚੜ੍ਹਦਾ। ਹਾਲੇ ਵੀ ਉਸ ਦਾ ਕੰਮ ਮੁੱਕਦਾ ਨਾ। ਸਾਮਾਨ ਮੰਗਵਾਉਣ ਵਾਲੇ ਕਈ ਨਹਿਰ ਦੀ ਪਟੜੀ ਕੋਲ ਖੜ੍ਹੇ ਉਡੀਕ ਰਹੇ ਹੁੰਦੇ। ਜਿਉਂ ਹੀ ਉਹ ਸਾਈਕਲ ’ਤੇ ਚੜ੍ਹਦਾ ਤਾਂ ਕੋਈ ਹੋਰ ਆ ਸਿਰ ਕੱਢਦਾ। ਉਹ ਫਿਰ ਰੁਕ ਜਾਂਦਾ ਤੇ ਅਗਲੇ ਦਾ ਸਾਮਾਨ ਨੋਟ ਕਰਦਿਆਂ ਪੈਸੇ ਜੇਬ ’ਚ ਪਾ ਲੈਂਦਾ। ਪਿੰਡ ਦੀ ਜੂਹ ਲੰਘ ਕੇ ਹੀ ਉਹ ਨਿਸ਼ਚਿੰਤ ਹੁੰਦਾ।
ਦੁਪਹਿਰ ਢਲਦਿਆਂ ਹੀ ਲੋਕ ਉਸਨੂੰ ਉਡੀਕਣ ਲੱਗਦੇ। ਜਿਨ੍ਹਾਂ ਦਾ ਜ਼ਿਆਦਾ ਜ਼ਰੂਰੀ ਸਾਮਾਨ ਹੁੰਦਾ ਉਹ ਵਾਰ ਵਾਰ ਨਹਿਰ ਦੀ ਪਟੜੀ ਚੜ੍ਹਦਿਆਂ ਦੂਰ ਤੱਕ ਨਜ਼ਰ ਮਾਰਦੇ ਕਿ ਡਾਕੀਆ ਚਾਚਾ ਕਿਧਰੇ ਆਉਂਦਾ ਦਿਸਦੈ। ਉਂਝ ਉਸਨੇ ਆਉਣਾ ਤਾਂ ਆਪਣੇ ਵਕਤ ਮੁਤਾਬਕ ਹੀ ਹੁੰਦਾ ਪਰ ਆਉਂਦਾ ਬੜੀ ਕਾਹਲ ਨਾਲ। ਉਸਨੂੰ ਡਾਕ ਨਾਲੋਂ ਜ਼ਿਆਦਾ ਲੋਕਾਂ ਦੀਆਂ ਚੀਜ਼ਾਂ ਦਾ ਫਿਕਰ ਹੁੰਦਾ। ਡਾਕ ਜਮਾਂ ਕਰਵਾ ਕੇ ਉਹ ਬਾਜ਼ਾਰ ਵੱਲ ਨਿਕਲ ਜਾਂਦਾ, ਲੋਕਾਂ ਦੇ ਸਾਮਾਨ ਦੀ ਖਰੀਦੋ-ਫਰੋਖਤ ਕਰਦਾ। ਸਾਮਾਨ ਖਰੀਦ ਕੇ ਉਹ ਲਿਫਾਫੇ ’ਚ ਪਾਉਂਦਿਆਂ ਉੱਪਰ ਅਗਲੇ ਦਾ ਨਾਂ ਲਿਖ ਦਿੰਦਾ। ਜੇਕਰ ਕੋਈ ਪੈਸਾ ਮੁੜਿਆ ਹੁੰਦਾ ਤਾਂ ਉਸੇ ਲਿਫਾਫੇ ’ਚ ਪਾ ਦਿੰਦਾ। ਜੇ ਕੁਝ ਘਾਟ ਹੁੰਦੀ ਤਾਂ ਉਹ ਲਿਫਾਫੇ ਉੱਪਰ ਲਿਖ ਦਿੰਦਾ। ਜਦੋਂ ਤਕ ਉਸਨੂੰ ਡਾਕ ਵਾਲਾ ਥੈਲਾ ਮਿਲਦਾ, ਉਹ ਪਿੰਡ ਦੇ ਲੋਕਾਂ ਦਾ ਸਾਮਾਨ ਖਰੀਦ ਚੁੱਕਿਆ ਹੁੰਦਾ। ਥੈਲਾ ਮਿਲਦਿਆਂ ਹੀ ਸਾਈਕਲ ਭਜਾ ਲੈਂਦਾ। ਕੁਝ ਲੋਕ ਤਾਂ ਨਹਿਰ ਕਿਨਾਰੇ ਖੜ੍ਹੇ ਹੀ ਸਾਮਾਨ ਫੜ੍ਹ ਲੈਂਦੇ। ਕੁਝ ਕੁ ਪਿੰਡ ਦੇ ਬਾਹਰ ਖੜ੍ਹੇ ਹੁੰਦੇ। ਜਿਹੜੇ ਰਹਿ ਜਾਂਦੇ ਉਨ੍ਹਾਂ ਦਾ ਸ਼ਾਮ ਵੇਲੇ ਘਰੋ-ਘਰੀਂ ਫੜ੍ਹਾ ਕੇ ਆਉਂਦਾ। ਉਂਝ ਤਾਂ ਡਾਕ ਵੰਡਣੀਂ ਡਾਕੀਏ ਦਾ ਕੰਮ ਸੀ ਪਰ ਇਹ ਕੰਮ ਵੀ ਸਤਪਾਲ ਇਸੇ ਤੋਂ ਕਰਵਾ ਲੈਂਦਾ। ਆਪ ਤਾਂ ਸਿਰਫ ਡਾਕ ਦੀ ਸ਼ਾਂਟ ਸ਼ੰਟਾਈ ਜਾਂ ਕੁਝ ਹੋਰ ਲਿਖਾ ਪੜ੍ਹੀ ਦਾ ਕੰਮ ਹੀ ਕਰਦਾ। ਸਵੇਰ ਦੇ ਉੱਠੇ ‘ਡਾਕੀਏ ਚਾਚੇ’ ਨੂੰ ਹਨੇਰਾ ਹੋ ਜਾਂਦਾ ਪਰ ਉਹ ਹਾਲੇ ਪਿੰਡ ’ਚ ਹੀ ਲੋਕਾਂ ਦਾ ਸਾਮਾਨ ਘਰੋ ਘਰੀਂ ਪਹੁੰਚਾਉਂਦਾ ਫਿਰਦਾ ਹੁੰਦਾ। ਕਈ ਵਾਰੀ ਸਮਾਨ ਜ਼ਿਆਦਾ ਹੁੰਦਾ ਪਰ ਉਹ ਪ੍ਰਵਾਹ ਨਾ ਮੰਨਦਾ। ਹੱਦ ਤਾਂ ਉਦੋਂ ਹੋ ਜਾਂਦੀ ਜਦੋਂ ਕਈ ਲੋਕ ਉਸ ਤੋਂ ਮੱਝਾਂ-ਗਾਵਾਂ ਲਈ ਖਲ਼-ਵੜੇਵੇਂ ਵੀ ਮੰਗਵਾ ਲੈਂਦੇ। ਇਸ ਕਰਕੇ ਜਦੋਂ ਉਹ ਬੋਹਾ ਤੋਂ ਵਾਪਸ ਮੁੜਦਾ ਤਾਂ ਉਸ ਦਾ ਸਾਈਕਲ ਸਾਮਾਨ ਨਾਲ ਭਰਿਆ ਹੁੰਦਾ। þਹੈਂਡਲ ’ਤੇ ਥੈਲੇ, ਪਿਛਲੇ ਕੈਰੀਅਰ ’ਤੇ ਬੋਰੀ। ਕਈ ਵਾਰੀ ਸਾਮਾਨ ਵਾਲੇ ਝੋਲੇ ਉਸਨੇ ਗਲ਼ ’ਚ ਲਮਕਾਏ ਹੁੰਦੇ।
ਡਾਕੀਏ ਚਾਚੇ ਨੂੰ ਕਦੇ ਕਿਸੇ ਨੇ ਗੁੱਸੇ ’ਚ ਨਹੀਂ ਵੇਖਿਆ ਸੀ। ਉਸਨੇ ਕੰਮ ਪੱਖੋਂ ਕਦੇ ਮੱਥੇ ਵੱਟ ਨਹੀਂ ਪਾਇਆ ਸੀ। ਆਰਥਿਕ ਪਖੋਂ ਉਹ ਕਮਜ਼ੋਰ ਸੀ। ਉਸ ਦਾ ਭਰਾ ਦਿਹਾੜੀ ਜਾਂਦਾ ਸੀ। ਭਰਾ ਉਸਨੂੰ ਮਖੌਲ ਕਰਦਾ। ਕਿਉਂਕਿ ਉਹ ਉਸ ਨਾਲੋਂ ਕਾਫੀ ਜ਼ਿਆਦਾ ਪੈਸੇ ਬਣਾ ਲੈਂਦਾ। ਡਾਕੀਆ ਚਾਚਾ ਵਿਚਾਰਾ ਮਹੀਨੇ ਦੇ ਕੁੱਲ ਪੈਂਤੀ ਰੁਪਏ ਕਮਾਉਂਦਾ। ਪਰ ਉਸਨੂੰ ਇਹ ਸਭ ਖਿੜ੍ਹੇ ਮੱਥੇ ਪਰਵਾਨ ਸੀ। ਪਿੰਡ ਵਾਲੇ ਵੀ ਉਸਨੂੰ ਉਚੇਚਾ ਸਨਮਾਨ ਦਿੰਦੇ। ਬਹੁਤੇ ਲੋਕ ਰਿਸ਼ਤੇਦਾਰੀਆਂ ਦੇ ਕੰਮ ਧੰਦਿਆਂ ਲਈ ਵੀ ਭੇਜਦੇ ਜਿੱਥੇ ਉਹ ਐਤਵਾਰ ਨੂੰ ਜਾਂਦਾ।
ਜਦੋਂ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਪੜ੍ਹਨ ਲੱਗਿਆ ਤਾਂ ਉਹ ਹਾਲੇ ਨੌਕਰੀ ਕਰ ਰਿਹਾ ਸੀ। ਮੈਂ ਕਾਲਜ ਦੇ ਪਹਿਲੇ ਸਾਲ ਵਿਚ ਹੀ ਸੀ ਜਦੋਂ ਉਹ ਇਕ ਵਾਰ ਮੇਰੇ ਕੋਲ ਆਇਆ। ਮੈਂ ਕੁਝ ਦੋਸਤਾਂ ਨਾਲ ਗੇਟ ਵਾਲੀ ਦੁਕਾਨ ਤੋਂ ਚਾਹ ਪੀ ਕੇ ਮੁੜ ਰਿਹਾ ਸੀ ਕਿ ਦੂਰੋਂ ਕਿਸੇ ਦੀ ਆਵਾਜ਼ ਸੁਣੀ। ਕੋਈ ਮੈਨੂੰ ਵਾਜਾਂ ਮੇਰਾ ਘਰੇਲੂ ਨਾਮ ਲੈ ਕੇ ਮਾਰ ਰਿਹਾ ਸੀ। ਮੈਂ ਉੱਧਰ ਨੂੰ ਦੋ ਕੁ ਕਦਮ ਪੁੱਟੇ ਤਾਂ ਵੇਖਿਆ ਕਿ ਕੋਈ ਮੇਰੇ ਵੱਲ ਭੱਜਿਆ ਆ ਰਿਹੈ। ਨਾਲਦਿਆਂ ਨੇ ਪੁੱਛਿਆ ਕਿ ਕੌਣ ਤਾਂ ਮੈਂ ਦੱਸਿਆ ਕਿ ਪਿੰਡੋਂ ਮੇਰਾ ਚਾਚਾ ਆਇਆ। ਮੈਂ ਉਸਨੂੰ ਵਾਪਸ ਦੁਕਾਨ ’ਤੇ ਲੈ ਗਿਆ। ਚਾਹ-ਪਾਣੀ ਪੀਤਾ ਤੇ ਉਸਨੇ ਮੈਨੂੰ ਜੇਬ ’ਚੋਂ ਕੱਢ ਕੇ ਪੈਸੇ ਫੜ੍ਹਾਏ।
‘ਇਹ ਤੇਰੇ ਬਾਪੂ ਜੀ ਨੇ ਭੇਜੇ ਨੇ। ਤੇਰਾ ਅਗਲੇ ਮਹੀਨੇ ਦਾ ਖਰਚਾ। ਉਹ ਰੁਝੇਵਿਆਂ ਕਰਕੇ ਆ ਨ੍ਹੀਂ ਸਕਦਾ ਸੀ ਇਸ ਕਰਕੇ ਮੈਨੂੰ ਭੇਜਿਆ ਐ।’
ਮੈਂ ਪੈਸੇ ਫੜ੍ਹ ਕੇ ਜੇਬ ’ਚ ਪਾ ਲਏ। ਚਾਹ ਮੁਕੀ ਤੇ ਮੈਂ ਕਿਹਾ, ਚਾਚਾ ਸ਼ਾਮ ਹੋ ਗਈ ਏੇ, ਮੇਰੇ ਕੋਲ ਅੱਜ ਰਾਤ ਹੋਸਟਲ ਵਿਚ ਰੁਕ ਜਾਹ। ਕੱਲ੍ਹ ਨੂੰ ਚਲਾ ਜਾਈਂ। ਉਸਦਾ ਜੁਆਬ ਸੀ,
‘ਮੈਂ ਪਤਾ ਆਇਆਂ। ਰਾਤ ਦੀ ਗੱਡੀ ਜਾਂਦੀ ਐ। ਵਾਇਆ ਜਾਖਲ ਜਾਂਦਿਆਂ ਮੈਂ ਦਿਨ ਚੜ੍ਹਦੇ ਨੂੰ ਬੁਢਲਾਡੇ ਜਾ ਪਹੁੰਚਾਂਗਾ। ਵਕਤ ਸਿਰ ਮੈਂ ਡਾਕ ਵੀ ਚੁੱਕਣੀ ਐਂ।’ ਇੰਨਾ ਕਹਿੰਦਿਆਂ ਉਹ ਉੱਠਿਆ ਤੇ ਸਾਹਮਣੇ ਆ ਰਹੀ ਲੋਕਲ ਬਸ ਚੜ੍ਹ ਗਿਆ।
ਬਹੁਤੇ ਘਰਾਂ ਦੀ ਤਾਂ ਉਹ ਪੱਕੀ ਕੋਰੀਅਰ ਸਰਵਿਸ ਸੀ। ਇਸ ਕਰਕੇ ਤਿਉਹਾਰਾਂ ਵੇਲੇ ਉਸ ਦੇ ਘਰ ਮਠਿਆਈਆਂ ਦੇ ਢੇਰ ਲੱਗ ਜਾਂਦੇ। ਬਹੁਤੇ ਘਰ ਉਸ ਦਾ ਹਿੱਸਾ ਕੱਢਣਾ ਨਾ ਭੁੱਲਦੇ। ਗਲੀ ’ਚੋਂ ਲੰਘੇ ਜਾਂਦੇ ਨੂੰ ਹਰ ਕੋਈ ਰੋਕ ਕੇ ਕੁਝ ਨਾ ਕੁਝ ਖੁਆਉਂਦਾ-ਪਿਆਉਂਦਾ। ਉਹ ਕਿਸੇ ਵੀ ਘਰੋਂ ਬਰਸੀਨ, ਚਰੀ ਵਗੈਰਾ ਵੱਢ ਲਿਆਉਂਦਾ ਜਾਂ ਸਬਜ਼ੀ-ਭਾਜੀ ਤੋੜ ਲਿਆਉਂਦਾ, ਕੋਈ ਰੋਕਦਾ ਟੋਕਦਾ ਨਹੀਂ ਸੀ। ਜੇਕਰ ਕਿਸੇ ਘਰ ਵਿਆਹ ਹੁੰਦਾ ਤਾਂ ਉਸਨੂੰ ਪਹਿਲਾਂ ਹੀ ਸੱਦਾ ਪਹੁੰਚ ਜਾਂਦਾ। ਕਈ ਤਾਂ ਉਸਨੂੰ ਆੜਤੀਆਂ ਦੇ ਭੇਜ ਕੇ ਪੈਸੇ-ਟਕੇ ਵੀ ਮੰਗਵਾ ਲੈਂਦੇ। ਜਿਹੜੇ ਘਰਾਂ ਦੇ ਉਹ ਬਹੁਤਾ ਨੇੜੇ ਸੀ ਉਹ ਉਸਨੂੰ ਵਿਤ ਮੂਜਬ ਕਣਕ ਵਗੈਰਾ ਜ਼ਰੂਰ ਦਿੰਦੇ। ਉਹ ਪਿੰਡ ਦਾ ਇਕ ਅਹਿਮ ਹਿੱਸਾ ਸੀ। ਸ਼ਾਮ ਵੇਲੇ ਕਿਸੇ ਪਾਸੇ ਵੀ ਜਾਉ ਤਾਂ ਉਹ ਆਉਂਦਾ-ਜਾਂਦਾ ਜ਼ਰੂਰ ਟੱਕਰ ਜਾਂਦਾ।
ਉਸ ਦਾ ਬੋਲ ਬਹੁਤ ਉੱਚਾ ਸੀ। ਫਿਰਦਾ ਦੂਸਰੀ ਗਲੀ ’ਚ ਹੁੰਦਾ ਤੇ ਸੁਣਦਾ ਇੱਧਰ । ਕਈ ਵਾਰੀ ਆਪ ਮੁਹਾਰੇ ਵੀ ਬੋਲਦਾ ਜਾਂਦਾ। ਇਸੇ ਕਰਕੇ ਉਸਨੂੰ ਲੱਭਣ ’ਚ ਕੋਈ ਦਿੱਕਤ ਨਾ ਆਉਂਦੀ। ਉਸ ਦੀ ਸਖਸ਼ੀਅਤ ਦਾ ਹੋਰ ਪੱਖ ਵੀ ਸੀ। ਉਹ ਹੌਲੀ ਹੌਲੀ ਸਾਈਕਲ ਚਲਾਉਂਦਾ ਗਾਉਂਦਾ ਜਾਂਦਾ। ਆਮ ਤੌਰ ’ਤੇ ਪਿੰਡ ਦੇ ਨੇੜੇ ਨਹੀਂ ਗਾਉਂਦਾ ਸੀ। ਪਰ ਨਹਿਰ ਦੀ ਝਾਲ ਲੰਘਦਿਆਂ ਹੀ ਉਹ ਕਲੀ ਚੁੱਕ ਲੈਂਦਾ। ਸ਼ਾਮ ਵੇਲੇ ਭਾਵੇਂ ਸਾਈਕਲ ਸਾਮਾਨ ਦਾ ਲੱਦਿਆ ਹੁੰਦਾ ਪਰ ਉਸ ਦੀ ਜ਼ੁਬਾਨ ਨੂੰ ਗਾਏ ਬਿਨਾ ਸਕੂਨ ਨਾ ਮਿਲਦਾ। ਨਹਿਰੀ ਪਾਣੀ ਦੀ ਵਾਰੀ ਵਾਸਤੇ ਕਈ ਉਸ ਨੂੰ ਰਾਤ ਵੇਲੇ ਪਾਣੀ ਲਵਾਉਣ ਲੈ ਜਾਂਦੇ। ਉਸ ਰਾਤ ਉਹ ਖੁਲ੍ਹ ਕੇ ਗਾਉਂਦਾ। ਉਸਦੀਆਂ ਕਲੀਆਂ ਦੂਰ ਦੂਰ ਤਕ ਸੁਣਦੀਆਂ।
ਪਿੰਡ ਦੇ ਨੇੜੇ ਕਿਸੇ ਦਾ ਕਿੱਲਾ ਕੁ ਜ਼ਮੀਨ ਹਿੱਸੇ ’ਤੇ ਲੈ ਲੈਂਦਾ। ਇੱਥੇ ਉਹ ਸਬਜ਼ੀ-ਭਾਜੀ ਲਾਉਂਦਾ। ਉਸ ਦਾ ਪਰਿਵਾਰ ਕੁਝ ਕੁ ਆਮਦਨ ਇਸ ਪਾਸਿਓਂ ਕਰਦਾ। ਇਕ ਵਾਰ ਉਸ ਦੀਆਂ ਮਿਰਚਾਂ ਗੁੱਡਣ ਵਾਲੀਆਂ ਸਨ। ਸਾਡਾ ਸਕੂਲ ਛੁੱਟੀਆਂ ਕਰਕੇ ਬੰਦ ਸੀ। ੇ ਸਾਨੂੰ ਤਿੰਨ ਚਾਰ ਜੁਆਕਾਂ ਨੂੰ ਇਹ ਕਹਿ ਕੇ ਮਿਰਚਾਂ ਗੁੱਡਣ ਲਾ ਲਿਆ ਕਿ ਇਸ ਦੇ ਇਵਜ਼ ਵਿਚ ਉਹ ਸਾਨੂੰ ਸ਼ਹਿਰ ਵਿਖਾ ਕੇ ਲਿਆਊਗਾ। ਅਸੀਂ ਬੜੇ ਚਾਅ ਨਾਲ ਸਾਰਾ ਦਿਨ ਕੰਮ ਕੀਤਾ। ਅਗਲੇ ਦਿਨ ਉਹ ਸਾਨੂੰ ਨਾਲ ਲੈ ਤੁਰਿਆ। ਅਸੀਂ ਘਰਦਿਆਂ ਤੋਂ ਚੋਰੀ ਨਹਿਰ ਦੇ ਪੁਲ ’ਤੇ ਖੜ੍ਹੋ ਗਏ। ਅਸੀਂ ਚਾਰ ਜੁਆਕ ਸੀ ਤੇ ਸਾਰਿਆਂ ਦਾ ਸਾਈਕਲ ’ਤੇ ਬੈਠਣਾ ਮੁਸ਼ਕਲ ਸੀ। ਦੋ ਜਣਿਆਂ ਨੂੰ ਸਾਈਕਲ ’ਤੇ ਬਿਠਾ ਲਿਆ ਤੇ ਦੋ ਨੂੰ ਕਹਿੰਦਾ ਕਿ ਤੁਸੀਂ ਨਾਲ ਨਾਲ ਭੱਜੋ। ਸਾਈਕਲ ਵੀ ਉਹ ਬਹੁਤ ਹੌਲੀ ਚਲਾ ਰਿਹਾ ਸੀ। ਅੱਧਾ ਕੁ ਕਿਲੋਮੀਟਰ ਜਾ ਕੇ ਉਸਨੇ ਉੱਪਰ ਬੈਠਿਆਂ ਨੂੰ ਭੱਜਣ ਲਾ ਲਿਆ ਤੇ ਭੱਜਣ ਵਾਲਿਆਂ ਨੂੰ ਸਾਈਕਲ ’ਤੇ ਚੜ੍ਹਾ ਲਿਆ। ਇਸ ਤਰ੍ਹਾਂ ਵਾਰੀਆਂ ਬਦਲਦੇ ਅਸੀਂ ਸ਼ਹਿਰ ਪਹੁੰਚ ਗਏ। ਉੱਥੇ ਪੰਜ ਸੱਤ ਕੁ ਦੁਕਾਨਾਂ ਸਨ, ਕਿਉਂਕਿ ਬੋਹਾ ਇਕ ਛੋਟਾ ਜਿਹਾ ਕਸਬਾ ਹੀ ਸੀ। ਇਕ ਖੂੰਝੇ ’ਚ ਉਸ ਦਾ ਡਾਕਖਾਨਾ ਸੀ। ਉਹ ਸਾਨੂੰ ਇਕ ਬੈਂਚ ’ਤੇ ਬਿਠਾ ਗਿਆ।
ਕਾਫੀ ਦੇਰ ਪਿੱਛੋਂ ਮੁੜ ਕੇ ਆਇਆ ਤੇ ਬੋਲਿਆ ਕਿ ਚਲੋ ਪਿੰਡ ਨੂੰ ਮੁੜੀਏ। ਸਾਡੇ ’ਚੋਂ ਇੱਕ ਨੇ ਹੌਸਲਾ ਕਰਦਿਆਂ ਕਿਹਾ ਕਿ ਡਾਕੀਆ ਚਾਚਾ ਸ਼ਹਿਰ ਆਏ ਹਾਂ ਕੁਝ ਖੁਆ ਪਿਆ ਤਾਂ ਦੇਹ। ਤੁਹਾਡੇ ਖਾਣ ਲਈ ਮੈਂ ਸਮਾਨ ਲੈ ਲਿਆ þਪਰ ਰਾਹ ’ਚ ਖਾਵਾਂਗੇ। ਵਾਪਸੀ ਤੇ ਫਿਰ ਉਵੇਂ ਵਾਰੀਆਂ ਬਦਲਦੇ ਸਾਈਕਲ ’ਤੇ ਚੜ੍ਹਦੇ ਆਏ। ਅੱਧ ਜਿਹੇ ’ਚ ਆ ਕੇ ਫਿਰ ਆਖਿਆ ਕਿ ਡਾਕੀਆ ਚਾਚਾ ਜੋ ਕੁਝ ਖਰੀਦਿਆ ਖੁਆ ਤਾਂ ਦੇਹ। ਉਸਨੇ ਸਾਈਕਲ ਰੋਕ ਚਾਰਾਂ ਨੂੰ ਲਾਈਨ ’ਚ ਬਿਠਾ ਲਿਆ। ਫਿਰ ਮੁਠੀ ਮੁਠੀ ਫਿੱਕੀਆਂ ਖਿੱਲਾਂ ਦੀ ਸਾਡੀ ਝੋਲੀ ਪਾ ਦਿੱਤੀ। ਭਾਵੇਂ ਉਹ ਕੋਈ ਵੱਡੀ ਚੀਜ਼ ਨਹੀਂ ਸੀ ਪਰ ਡਾਕੀਏ ਚਾਚੇ ਵੱਲੋਂ ਮਿਲੀਆਂ ਉਹ ਖਿੱਲਾਂ ਸਾਨੂੰ ਸਾਰੀ ਉਮਰ ਨਹੀਂ ਭੁੱਲਣਗੀਆਂ। ਉਸਨੇ ਸਾਡਾ ਦਿਲ ਰੱਖਣ ਲਈ ਕੁਝ ਵੀ ਖੁਆਇਆ, ਪਰ ਖੁਆਇਆ ਤਾਂ ਸਹੀ।
ਉਨ੍ਹਾਂ ਦਿਨਾਂ ’ਚ ਹੀ ਸੁਣਿਆਂ ਅਗਲੇ ਪਿੰਡ ਦਲੇਲ ਵਾਲੇ, ਡਾਕਖਾਨਾ ਬਣਨ ਵਾਲਾ। ਇਸ ਤੋਂ ਪਹਿਲਾਂ ਉਥੋਂ ਦਾ ਕੋਈ ਬੰਦਾ ਆਪਣੇ ਪਿੰਡ ਦੀਆਂ ਚਿੱਠੀਆਂ ਸਾਡੇ ਡਾਕਖਾਨੇ ਤੋਂ ਲੈ ਕੇ ਜਾਂਦਾ ਸੀ। ਉਸਨੂੰ ਉਮੀਦ ਸੀ ਕਿ ਦਲੇਲਵਾਲੇ ਡਾਕਖਾਨਾ ਬਣਨ ਨਾਲ ਸ਼ਾਇਦ ਉਸਦੀ ਤਨਖਾਹ ਵਧ ਜਾਵੇ। ਪਰ ਇਕ ਕੰਮ ਕਾਫੀ ਦੇਰ ਲਟਕਦਾ ਰਿਹਾ। ਉਸ ਦੇ ਲਈ ਦਲੇਲ ਵਾਲਾ ਡਾਕਖਾਨਾ ਊਠ ਦਾ ਬੁੱਲ ਬਣ ਗਿਆ। ਕਿਉਂਕਿ ਇਹ ਇਕ ਛੋਟਾ ਜਿਹਾ ਪਿੰਡ ਸੀ। ਕੋਈ ਵਾਹ ਨਾ ਜਾਂਦੀ ਵੇਖ, ਮਹਿੰਗਾਈ ਦੇ ਸਤਾਏ ਡਾਕੀਏ ਚਾਚੇ ਨੇ ਪੰਚਾਇਤ ਨੂੰ ਬੇਨਤੀ ਕੀਤੀ ਕਿ ਕੁਝ ਨਾ ਕੁਝ ਕੀਤਾ ਜਾਵੇ। ਪੰਚਾਇਤ ਨੇ ਆਪਣੇ ਵੱਲੋਂ ਅਤੇ ਬਹੁਤ ਸਾਰੇ ਪਿੰਡ ਵਾਲਿਆਂ ਵੱਲੋਂ ਅਰਜ਼ੀਆਂ ਲਿਖਵਾਈਆਂ ਕਿ ਇਹ ਪੁਰਾਣਾ ਮੁਲਾਜ਼ਮ ਹੈ, ਇਸ ਕਰਕੇ ਇਸ ਦੀ ਤਨਖਾਹ ਵਧਾਈ ਜਾਵੇ। ਇਹ ਸਭ ਕੀਤੇ ਨੂੰ ਵੀ ਕਈ ਮਹੀਨੇ ਗੁਜ਼ਰ ਗਏ ਪਰ ਕੋਈ ਉੱਤਰ ਨਾ ਆਇਆ। ਇਕ ਦਿਨ ਡਾਕਖਾਨਾ ਬੋਹਾ ਦੇ ਮੈਨੇਜਰ ਨੇ ਬੁਲਾ ਕੇ ਕੋਲ ਬਿਠਾਉਂਦਿਆਂ ਕਿਹਾ ਕਿ ਉਸ ਲਈ ਖੁਸ਼ਖਬਰੀ ਹੈ ਕਿ ਪੰਚਾਇਤ ਨੇ ਉਸ ਦੀ ਤਨਖਾਹ ਵਧਾਉਣ ਦੀ ਜੋ ਸਿਫਾਰਸ਼ ਕੀਤੀ ਸੀ ਉਸ ਦਾ ਮਹਿਕਮੇ ਵੱਲੋਂ ਉੱਤਰ ਆਇਆ। ਡਾਕੀਏ ਚਾਚੇ ਨੇ ਪੁੱਛਿਆ ਕਿ ਕੀ ਉੱਤਰ, ਤਾਂ ਮੈਨੇਜਰ ਕਹਿਣ ਲੱਗਾ ਕਿ ਹਾਲੇ ਉਸਨੇ ਚਿੱਠੀ ਖੋਲ੍ਹੀ ਨਹੀਂ ਪਰ ਜੋ ਵੀ ਜੁਆਬ ਆਇਆ ਚੰਗਾ ਹੀ ਹੋਵੇਗਾ। ਇਸ ਦੇ ਨਾਲ ਹੀ ਮੈਨੇਜਰ ਨੇ ਕਿਹਾ ਕਿ ਇਕ ਖਬਰ ਹੋਰ ਜੋ ਸ਼ਾਇਦ ਡਾਕੀਏ ਚਾਚੇ ਨੂੰ ਥੋੜਾ ਬੇਚੈਨ ਕਰ ਦੇਵੇ। ਚਾਚੇ ਨੇ ਕਿਹਾ ਪਹਿਲਾਂ ਇਹ ਬੇਚੈਨ ਕਰਨ ਵਾਲੀ ਖਬਰ ਹੀ ਦੱਸੋ। ਮੈਨੇਜਰ ਨੇ ਕਿਹਾ ਕਿ ਅਗਲੇ ਪਿੰਡ ਦਲੇਲਵਾਲੇ ਦਾ ਡਾਕਖਾਨਾ ਮਨਜ਼ੂਰ ਹੋ ਗਿਆ। ਇਸ ਕਰਕੇ ਅੱਗੇ ਤੋਂ ਉੱਥੇ ਦੀ ਡਾਕ ਦਾ ਬੈੱਗ ਵੀ ਲਿਜਾਣਾ ਪਵੇਗਾ। ਡਾਕੀਏ ਚਾਚੇ ਨੇ ਇਸ ਦਾ ਬੁਰਾ ਨਾ ਮੰਨਿਆਂ ਤੇ ਕਿਹਾ ਕਿ ਹੁਣ ਤਨਖਾਹ ਵਧਾਉਣ ਵਾਲੀ ਚਿੱਠੀ ਖੋਲੋ। ਉਸਨੂੰ ਉਮੀਦ ਸੀ ਕਿ ਹੁਣ ਤਾਂ ਕੰਮ ਵਧ ਗਿਆ ਇਸ ਕਰਕੇ ਤਨਖਾਹ ਵੀ ਜ਼ਰੂਰ ਵਧ ਗਈ ਹੋਵੇਗੀ। ਮੈਨੇਜਰ ਨੇ ਚਿੱਠੀ ਖੋਲ੍ਹ ਕੇ ਪੜ੍ਹੀ ਤੇ ਮੁਕਾਉਂਦਿਆਂ ਡਾਕੀਏ ਚਾਚੇ ਦੇ ਮੂੰਹ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਦਿਆਂ ਕਿਹਾ,
‘ਸਾਧੂ ਸਿਆਂ, ਇਹ ਖਬਰ ਵੀ ਮਾੜੀ ਐ। ਮਹਿਕਮੇ ਨੇ ਲਿਖਿਆ ਕਿ ਜੇਕਰ ਸਾਧੂ ਸਿੰਘ ਪੁਰਾਣੀ ਤਨਖਾਹ ’ਤੇ ਕੰਮ ਨ੍ਹੀਂ ਕਰਨਾ ਚਾਹੁੰਦਾ ਤਾਂ ਇਸ ਦੀ ਛੁੱਟੀ ਕਰੋ ਤੇ ਕੋਈ ਨਵਾਂ ਬੰਦਾ ਰੱਖ ਲਵੋ।’
ਡਾਕੀਏ ਚਾਚੇ ਨੇ ਪੁੱਛਿਆ ਕਿ ਕੀ ਦਲੇਲ ਵਾਲੇ ਡਾਕ ਲਈ ਵੱਖਰੇ ਪੈਸੇ ਤਾਂ ਮਿਲਣਗੇ? ਮੈਨੇਜਰ ਨੇ ਕਿਹਾ ਕਿ ਨਹੀਂ ਉਹ ਵੀ ਪੁਰਾਣੀ ਤਨਖਾਹ ਵਿਚ ਹੀ ਕਰਨਾ ਪਵੇਗਾ। ਉਹ ਚੁੱਪ-ਚਾਪ ਬਾਹਰ ਆ ਗਿਆ। ਕੁਝ ਦੇਰ ਬਾਅਦ ਅੰਦਰ ਗਿਆ ਤੇ ਦੋਨਾਂ ਪਿੰਡਾਂ ਦੇ ਥੈਲੇ ਚੁੱਕ ਸਾਈਕਲ ’ਤੇ ਲੱਦ ਲਏ। ਅਗਲੇ ਪਿੰਡ ਦਾ ਥੈਲਾ ਪਹੁੰਚਾਉਂਦਿਆਂ ਮੁੜਦੇ ਨੂੰ ਹਨੇਰਾ ਹੋ ਜਾਂਦਾ ਸੀ। ਉਹ ਕਈ ਦਿਨ ਉਦਾਸ ਰਿਹਾ। ਲੰਘਣ ਟੱਪਣ ਵਾਲੇ ਨਾਲ ਅੱਖ ਵੀ ਨਹੀਂ ਸੀ ਮਿਲਾਉਂਦਾ। ਲੋਕਾਂ ਨੂੰ ਉਸ ਨਾਲ ਹੋਈ ਬੀਤੀ ਦਾ ਪਤਾ ਲੱਗ ਗਿਆ ਸੀ ਪਰ ਕੋਈ ਕੀ ਕਰ ਸਕਦਾ ਸੀ। ਪਰ ਉਹ ਵੱਡੇ ਜੇਰੇ ਵਾਲਾ ਕਾਮਰੇਡ ਸੀ, ਜੋ ਛੇਤੀ ਹੀ ਇਸ ਉਦਾਸੀ ’ਚੋਂ ਨਿਕਲ ਆਇਆ। ਹਫਤਾ ਕੁ ਬਾਅਦ ਪਹਿਲੀ ਵਾਰ ਲੋਕਾਂ ਨੇ ਉਸਨੂੰ ਖੇਤ ਪਾਣੀ ਲਾਉਣ ਗਏ ਨੂੰ ਗਾਉਂਦਿਆਂ ਸੁਣਿਆਂ ਸੀ। ਉਸ ਦੇ ਅੰਦਰਲੇ ਕਾਮਰੇਡ ਦਾ ਰੋਹ ਬੋਲ ਰਿਹਾ ਸੀ,
‘ਉੱਠ ਕਿਰਤੀਆ ਉੱਠ ਉਏ ਉੱਠਣ ਦਾ ਵੇਲਾ, ਜੜ੍ਹ ਵੈਰੀ ਦੀ ਪੁੱਟ ਉਏ ਪੁੱਟਣ ਦਾ ਵੇਲਾ।’
ਬਹੁਤੇ ਲੋਕਾਂ ਨੂੰ ਸ਼ਾਇਦ ਉਸ ਦੇ ਗੀਤ ਦੀ ਭਾਵਨਾ ਸਮਝ ਨਾ ਆਈ ਹੋਵੇ ਪਰ ਲੋਕ ਖੁਸ਼ ਸਨ ਕਿ ਉਹ ਡੂੰਘੀ ਉਦਾਸੀ ’ਚੋਂ ਨਿਕਲ ਆਇਆ ਸੀ। ਹੌਲੀ ਹੌਲੀ ਉਸ ਅੰਦਰੋਂ ਪਹਿਲਾਂ ਵਾਲਾ ਡਾਕੀਆ ਚਾਚਾ ਨਿਕਲ ਆਇਆ ਸੀ। ਪਰ ਹੁਣ ਉਸ ਉੱਪਰ ਕੰਮ ਦਾ ਬੋਝ ਵਧ ਗਿਆ ਸੀ। ਲੋਕਾਂ ਨੇ ਵੀ ਉਸ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਨਵੇਂ ਪਿੰਡ ਵਾਲਿਆਂ ਨੇ ਉਸਦੀ ਮਿਹਨਤ ਦਾ ਮੁੱਲ ਨਾ ਪਾਇਆ। ਫਿਰ ਮੇਰੇ ਪਿੰਡ ਦੀ ਪੰਚਾਇਤ ਨੇ ਹੀ ਕਿਸੇ ਸਾਂਝੇ ਖਾਤੇ ’ਚੋਂ ਉਸਨੂੰ ਮਹੀਨਾਵਾਰ ਪੰਝੀ ਰੁਪਏ ਸ਼ੁਰੂ ਕਰ ਦਿੱਤੇ ਸਨ।
ਉਸਨੂੰ ਪਸ਼ੂਆਂ ਦੀਆਂ ਬਿਮਾਰੀਆਂ ਦੀ ਵੀ ਕਾਫੀ ਸਮਝ ਸੀ। ਸ਼ਾਮ ਵੇਲੇ ਕਈ ਲੋਕ ਉਸਨੂੰ ਘਰ ਲੈ ਕੇ ਜਾ ਰਹੇ ਹੁੰਦੇ ਤਾਂ ਕਿ ਬਿਮਾਰ ਪਸ਼ੂ ਨੂੰ ਵੇਖ ਕੇ ਕੋਈ ਦਵਾ ਦਾਰੂ ਦੱਸ ਸਕੇ। ਇਕ ਹੋਰ ਵੱਡਾ ਗੁਣ ਇਹ ਵੀ ਕਿ ਉਹ ਮੱਝਾਂ-ਗਾਈਆਂ ਸੁਆਉਣ ਦਾ ਮਾਹਰ ਵੀ ਸੀ। ਜੇਕਰ ਕਿਸੇ ਦੇ ਘਰ ਮੱਝ-ਗਾਂ ਸੂਣ ਵਾਲੀ ਹੁੰਦੀ ਤਾਂ ਉਹ ਪਹਿਲਾਂ ਹੀ ਬਿੜਕ ਰੱਖਦਾ। ਰਾਤ ਨੂੰ ਇਕੋ ਬੋਲ ਮਾਰਨ ਦੀ ਦੇਰ ਹੁੰਦੀ ਕਿ ਉਹ ਤੁਰੰਤ ਉੱਠ ਕੇ ਭੱਜ ਤੁਰਦਾ। ਇਸ ਕੰਮ ਦਾ ਉਹ ਕੁਝ ਨਹੀਂ ਲੈਂਦਾ। ਉਹ ਕਹਿੰਦਾ ਕਿ ਚਲੋ ਜੁਆਕਾਂ ਲਈ ਦੁੱਧ ਹੋ ਗਿਆ ਅੱਗੇ ਰੱਬ ਭਲੀ ਕਰੂਗਾ। ਅਜਿਹੇ ਵੇਲੇ ਉਹ ਦੋ ਤਿੰਨ ਦਿਨ ਉਸ ਘਰ ’ਚ ਗੇੜਾ ਮਾਰਦਾ ਰਹਿੰਦਾ ਤਾਂ ਕਿ ਪਸ਼ੂ ਦੀ ਕਿਸੇ ਮਰਜ਼ ਦੇ ਵਿਗੜਨ ਤੋਂ ਪਹਿਲਾਂ ਹੀ ਉਸ ਦਾ ਹੱਲ ਕਰ ਸਕੇ। ਨਾਲ ਹੀ ਉਹ ਸੱਜਰ ਸੂਈ ਮੱਝ-ਗਾਂ ਦੀ ਬੌਹਲ਼ੀ ’ਚ ਸ਼ੱਕਰ ਪਾ ਕੇ ਬੜੇ ਮਜ਼ੇ ਨਾਲ ਪੀਂਦਾ। ਇਹ ਉਸ ਦੀ ਮਨ ਭਾਉਂਦੀ ਖੁਰਾਕ ਸੀ।
ਭਾਵੇਂ ਉਹ ਬਹੁਤਾ ਪੜ੍ਹਿਆ-ਲਿਖਿਆ ਤਾਂ ਨਹੀਂ ਸੀ ਪਰ ਵਿਚਾਰਧਾਰਕ ਪੱਖ ਤੋਂ ਉਹ ਕਮਿਉਨਿਸਟ ਸੀ। ਕਾਮਰੇਡਾਂ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਵਧ ਚੜ੍ਹ ਕੇ ਹਿੱਸਾ ਲੈਂਦਾ। ਆਲੇ ਦੁਆਲੇ ਦੇ ਪਿੰਡਾਂ ’ਚ ਵੀ ਕਮਿਉਨਿਸਟਾਂ ਦੇ ਪ੍ਰੋਗਰਾਮਾਂ ’ਚ ਜਾਂਦਾ ਰਹਿੰਦਾ। ਇੱਕ ਵਾਰ ਨਹਿਰ ਦੀ ਛੀਨਿਆਂ ਵਾਲੀ ਝਾਲ ਕੋਲ ਸਾਡੇ ਪਿੰਡ ਦੇ ਇਕ ਬੰਦੇ ਦਾ ਕਤਲ ਹੋ ਗਿਆ। ਜਿਨ੍ਹਾਂ ਦੇ ਬੰਦਿਆਂ ਦਾ ਕਤਲ ਹੋਇਆ ਸੀ ਉਹ ਖੁਦ ਗਵਾਹ ਸਨ। ਪਰ ਪੁਲਸ ਕਿਸੇ ਅਜਿਹੇ ਬੰਦੇ ਨੂੰ ਗਵਾਹ ਬਣਾਉਣਾ ਚਾਹੁੰਦੀ ਸੀ ਜੋ ਪਰਿਵਾਰ ’ਚੋਂ ਨਾ ਹੋਵੇ। ਪੁਲਸ ਨੂੰ ਲੱਗਿਆ ਕਿ ਡਾਕੀਏ ਚਾਚੇ ਨਾਲੋਂ ਵਧੀਆ ਗਵਾਹ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਉਹ ਰੋਜ਼ਾਨਾ ਉੱਥੋਂ ਦੀ ਲੰਘਦਾ ਸੀ। ਉਸ ਦਿਨ ਵੀ ਉਹ ਅੱਧਾ ਕੁ ਘੰਟਾ ਪਹਿਲਾਂ ਹੀ ਪਿੰਡ ਵੱਲ ਆਇਆ ਸੀ।
ਪੁਲਸ ਨੇ ਉਸਨੂ ਚੁੱਕ ਲਿਆ। ਪਹਿਲਾਂ ਸਮਝਾਇਆ ਬੁਝਾਇਆ ਫਿਰ ਕੁੱਟ ਮਾਰ ਵੀ ਕੀਤੀ। ਪਤਾ ਲੱਗਦਿਆਂ ਸਵੇਰੇ ਹੀ ਸਾਰਾ ਪਿੰਡ ਥਾਣੇ ਜਾ ਪਹੁੰਚਿਆ। ਪਰ ਥਾਣੇਦਾਰ ਆਪਣੀ ਗੱਲ ’ਤੇ ਅੜਿਆ ਹੋਇਆ ਸੀ। ਉਹ ਹਰ ਹੀਲੇ ਚਾਚੇ ਨੂੰ ਗਵਾਹ ਬਣਾਉਣਾ ਚਾਹੁੰਦਾ ਸੀ। ਇੰਨੇ ਨੂੰ ਆਲੇ ਦੁਆਲੇ ਦੇ ਪਿੰਡਾਂ ’ਚ ਵੀ ਗੱਲ ਫੈਲ ਗਈ। ਸਾਡੇ ਇਲਾਕੇ ’ਚ ਉਦੋਂ ਕਮਿਉਨਿਸਟਾਂ ਦਾ ਬੜਾ ਜ਼ੋਰ ਸੀ। ਪੁਰਾਣੇ ਮੁਣਸ਼ੀ ਨੇ ਥਾਣੇਦਾਰ ਨੂੰ ਸਮਝਾਇਆ ਕਿ ਤੁਸੀਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ। ਪਹਿਲੀ ਗੱਲ ਤਾਂ ਇਸ ਦੇ ਮਗਰ ਸਾਰਾ ਪਿੰਡ ਇਕੱਠਾ ਹੋਇਆ ਬੈਠਾ। ਇਹ ਇਸਨੂੰ ਛੁਡਵਾਏ ਬਿਨਾਂ ਵਾਪਸ ਨਹੀਂ ਜਾਣਗੇ। ਉੱਪਰੋਂ ਇਹ ਕਾਮਰੇਡ ਅਤੇ ਕਾਮਰੇਡ ਕਦੇ ਵੀ ਝੁਕਦੇ ਨਹੀਂ ਹੁੰਦੇ। ਕਿਤੇ ਇਹ ਨਾ ਹੋਵੇ ਕਿ ਇਲਾਕੇ ਦੇ ਕਾਮਰੇਡ ਇਥੇ ਪੱਕਾ ਮੋਰਚਾ ਹੀ ਲਾ ਦੇਣ। ਆਖਰ ਥਾਣੇਦਾਰ ਸਮਝ ਗਿਆ ਤੇ ਡਾਕੀਏ ਚਾਚੇ ਨੂੰ ਪੰਚਾਇਤ ਦੇ ਹਵਾਲੇ ਕਰ ਦਿੱਤਾ। ਪਿੰਡ ਵਾਲਿਆਂ ਨੇ ਹਰ ਮੁਸ਼ਕਲ ’ਚ ਡਾਕੀਏ ਚਾਚੇ ਦਾ ਅੱਖਾਂ ਬੰਦ ਕਰਕੇ ਸਾਥ ਦਿੱਤਾ। ਅਜਿਹਾ ਸਤਿਕਾਰ ਹਰ ਇਕ ਦੇ ਹਿੱਸੇ ਨਹੀਂ ਆਉਂਦਾ।
ਉਸਨੇ ਬੜੀ ਮਿਹਨਤ ਨਾਲ ਮੁੰਡੇ ਨੂੰ ਹਾਈ ਸਕੂਲ ਪਾਸ ਕਰਵਾਇਆ। ਜਿਸ ਵੇਲੇ ਪੰਜਾਬ ’ਚ ਨਕਸਲਾਈਟ ਲਹਿਰ ਆਈ ਤਾਂ ਮੁੰਡਾ ਸਕੂਲ ਖਤਮ ਕਰ ਚੁੱਕਿਆ ਸੀ। ਸਾਡੇ ਨੇੜਲੇ ਪਿੰਡ ਨਕਸਲਾਈਟਾਂ ਨੇ ਕੋਈ ਵਾਕਿਆ ਕਰ ਦਿੱਤਾ। ਉਸ ਦੇ ਸਬੰਧ ’ਚ ਪੁਲਸ ਪਿੰਡਾਂ ਵਿਚ ਫੜ੍ਹਾ-ਫੜ੍ਹਾਈ ਕਰਦੀ ਫਿਰਦੀ ਸੀ। ਇਹ ਤਾਂ ਪਤਾ ਨਹੀਂ ਕਿ ਕਿਸੇ ਨੇ ਸੱਚੀ-ਝੂਠੀ ਮੁਖਬਰੀ ਕੀਤੀ ਜਾਂ ਪੁਲਸ ਨੇ ਆਪਣੇ ਤੌਰ ’ਤੇ ਹੀ ਕਾਰਵਾਈ ਕੀਤੀ ਪਰ ਪੁਲਸ ਉਸ ਤੱਕ ਆ ਪਹੁੰਚੀ। ਮੁੰਡਾ ਤਾਂ ਹੱਥ ਨਾ ਆਇਆ ਪਰ ਪੁਲਸ ਨੇ ਡਾਕੀਏ ਚਾਚੇ ਨੂੰ ਫੜ੍ਹ ਲਿਆ। ਸ਼ਾਮ ਵੇਲੇ ਫੜ੍ਹਿਆ ਸੀ ਤੇ ਅਗਲਾ ਦਿਨ ਚੜ੍ਹਦਿਆਂ ਹੀ ਪਿੰਡ ਵਾਲੇ ਥਾਣੇ ਜਾ ਪਹੁੰਚੇ। ਪਿੰਡ ਵਾਲਿਆਂ ਤੋਂ ਉਸ ਬਾਰੇ ਸੁਣ ਕੇ ਛੱਡ ਤਾਂ ਦਿੱਤਾ ਪਰ ਉਸ ਦੀ ਮਾਰ ਕੁਟਾਈ ਬਹੁਤ ਕੀਤੀ। ਬੁੱਢੇ ਹੱਢ ਇੰਨਾ ਤਸ਼ੱਦਦ ਝੱਲ ਨਾ ਸਕੇ। ਇਸ ਪਿੱਛੋਂ ਉਹ ਲੰਗ ਮਾਰ ਕੇ ਤੁਰਨ ਲੱਗ ਪਿਆ ਸੀ।
ਇਸ ਵਿਚਕਾਰ ਕੋਈ ਭਲਾ ਥਾਣੇਦਾਰ ਬਦਲ ਕੇ ਸਾਡੇ ਥਾਣੇ ਆਇਆ। ਉਸਨੇ ਪੰਚਾਇਤ ਨੂੰ ਬੁਲਾ ਕੇ ਕਿਹਾ ਕਿ ਇਸ ਮੁੰਡੇ ਦੇ ਨਾਮ ਹਾਲੇ ਤੱਕ ਕੋਈ ਕੇਸ ਨਹੀਂ ਬੋਲਦਾ। ਚੰਗਾ þਉਸਨੂੰ ਪੇਸ਼ ਕਰਵਾ ਦਿਉ। ਉਹ ਉਸ ਦੀ ਫਾਈਲ ਕਲੀਅਰ ਕਰਵਾ ਦੇਵੇਗਾ। ਡਾਕੀਏ ਚਾਚੇ ਨੇ ਬੜੀ ਭੱਜ-ਨੱਸ ਬਾਅਦ ਮੁੰਡਾ ਲੱਭ ਲਿਆ। ਪੰਚਾਇਤ ਨੇ ਥਾਣੇਦਾਰ ਦੇ ਕਹੇ ਮੁਤਾਬਕ ਉਸਨੂੰ ਪੇਸ਼ ਕਰਵਾ ਦਿੱਤਾ। ਕੁੱਟ ਮਾਰ ਤਾਂ ਹੋਈ ਪਰ ਪੁਲਸ ਨੇ ਉਸਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ। ਫਿਰ ਪਿੰਡ ਵਾਲਿਆਂ ਨੇ ਮੁੰਡੇ ਨੂੰ ਫੌਜ ’ਚ ਭਰਤੀ ਕਰਵਾ ਦਿੱਤਾ। ਉਹ ਲਹਿਰ ਵੱਲੋਂ ਵੀ ਬਚ ਰਿਹਾ ਤੇ ਨੌਕਰੀ ਵੀ ਕਰਨ ਲੱਗ ਪਿਆ।
ਭਾਵੇਂ ਪੁਲਸ ਦੀ ਮਾਰ ਨਾਲ ਡਾਕੀਏ ਚਾਚੇ ਦਾ ਸਰੀਰ ਨੁਕਸਾਨਿਆਂ ਗਿਆ ਸੀ ਪਰ ਉਸ ਦੀ ਲੋਕ ਸੇਵਾ ਵਿਚ ਕੋਈ ਫਰਕ ਨਾ ਪਿਆ। ਉਹ ਉਵੇਂ ਹੀ ਲੋਕਾਂ ਦੇ ਕੰਮ ਕਰਦਾ ਰਿਹਾ। ਆਖਰ ਉਹ ਰਿਟਾਇਰ ਹੋ ਗਿਆ। ਪਰ ਲੋਕ ਸੇਵਾ ਵੱਲੋਂ ਰਿਟਾਇਰ ਨਾ ਹੋਇਆ। ਉਹ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਸ਼ਹਿਰ ਜਾਂਦਾ । ਹੁਣ ਸਗੋਂ ਉਹ ਸਰਕਾਰੀ ਕੰਮ ਤੋਂ ਵਿਹਲਾ ਹੋ ਕੁੱਲ ਵਕਤੀ ਪਬਲਿਕ ਕੋਰੀਅਰ ਬਣ ਗਿਆ। ਸਵੇਰ ਵੇਲੇ ਲੋਕਾਂ ਤੋਂ ਲਿਸਟਾਂ ਲੈ ਕੇ ਸ਼ਹਿਰ ਜਾਂਦਾ ਤੇ ਸ਼ਾਮ ਵੇਲੇ ਸਾਮਾਨ ਲੈ ਕੇ ਵਾਪਸ ਮੁੜਦਾ।
ਉਮਰ ਵਧਦੀ ਗਈ ਤੇ ਸਰੀਰ ਮਾੜਾ ਹੁੰਦਾ ਗਿਆ ਪਰ ਹੌਸਲਾ ਕਦੇ ਕਮਜ਼ੋਰ ਨਾ ਹੋਇਆ। ਕੌਮਨਿਸਟਾਂ ਦੇ ਹਰ ਪ੍ਰੋਗਰਾਮ ਵਿਚ ਹਿੱਸਾ ਲੈਣ ਆਲੇ ਦੁਆਲੇ ਦੇ ਪਿੰਡਾਂ ਵਿਚ ਜਾਂਦਾ ਰਹਿੰਦਾ। ਉਦੋਂ ਹੀ ਪੰਜਾਬ ਅੰਦਰ ਕਾਲੇ ਦਿਨਾਂ ਦੀ ਸ਼ੁਰੂਆਤ ਹੋਈ। ਇਸ ਕਾਲੀ ਹਨੇਰੀ ਨੇ ਆਪਣੇ-ਬਿਗਾਨੇ, ਕਿਸੇ ਨੂੰ ਵੀ ਨਾ ਬਖਸ਼ਿਆ। ਉਦੋਂ ਇੱਕ ਪਾਸੇ ਵਾਲੇ, ਦੂਸਰੇ ਪਾਸੇ ਦੇ ਵਿਰੋਧੀਆਂ ਵਿਚ ਕੌਮਨਿਸਟਾਂ ਨੂੰ ਵੀ ਆਪਣੇ ਦੁਸ਼ਮਣ ਸਮਝਦੇ ਸਨ। ਫਿਰ ਇਕ ਦਿਨ ਕਿਸੇ ਆਪਣੇ ਦੀ ਹੀ ਗੋਲੀ ਨੇ ‘ਪਿੰਡ ਦੀ ਰੂਹ ਰਹੇ ਸਾਂਝੇ ਬੰਦੇ ਡਾਕੀਏ ਚਾਚੇ’ ਨੂੰ ਦੁਸ਼ਮਣ ਕਹਿ ਕੇ ਮਾਰ ਮੁਕਾਇਆ। ਪਿੰਡ ਵਿਚ ਬਹੁਤ ਦਿਨਾਂ ਤੱਕ ਸੋਗ ਰਿਹਾ ਪਰ ਕਿਸੇ ਨੇ ਚੂੰਅ ਤੱਕ ਨਾ ਕੀਤੀ। ਡਾਕੀਆ ਚਾਚਾ ਭਾਵੇਂ ਬੀਤੇ ਦੀਆਂ ਗੱਲਾਂ ਹੋ ਗਿਆ ਪਰ ਉਸਨੂੰ ਜਾਣਨ ਵਾਲੇ, ਹੁਣ ਵੀ ਉਸਨੂੰ ਯਾਦ ਕਰਦੇ ਹਨ। ਅੱਜ ਵੀ ਟਿਕੀਆਂ ਰਾਤਾਂ ਨੂੰ ਲੱਗਦੈ ਜਿਵੇਂ ਟਿੱਬਿਆਂ ਵੱਲੋਂ ਡਾਕੀਏ ਚਾਚੇ ਦੀ ਗਾਈ ਕਲੀ ਦੀ ਆਵਾਜ਼ ਆ ਰਹੀ ਹੋਵੇ। ਅਤੇ ਕਿਰਤੀ, ਕ੍ਰਿਸਾਨ ਮਿਹਨਤਕਸ਼ਾਂ ਨੂੰ ਉਠਣ ਦੀ ਵੰਗਾਰ ਪਾ ਰਹੀ ਹੋਵੇ।
———