ਭਗਵੰਤ ਮਾਨ `ਤੇ ਚੋਣ ਪ੍ਰਚਾਰ ਲਈ ਸਰਕਾਰੀ ਹੈਲੀਕਾਪਟਰ ਵਰਤਣ ਦੇ ਦੋਸ਼ ਲੱਗੇ

ਸਰਦੂਲਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਵਿਚ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਪੁੱਜੇ। ਉਨ੍ਹਾਂ ਦਾ ਹੈਲੀਕਾਪਟਰ ਹਲਕਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਚ ਉਤਾਰਿਆ ਗਿਆ।

ਇਸ ਤੋਂ ਬਾਅਦ ਮੁੱਖ ਮੰਤਰੀ ਪਿੰਡ ਕਰੰਡੀ ਤੋਂ ਸੜਕੀ ਰਸਤੇ ਰਾਹੀਂ ਆਦਮਪੁਰ ਪਹੁੰਚੇ। ਦੂਜੇ ਪਾਸੇ ਪਿੰਡਾਂ ਵਿਚ ਚਰਚਾ ਚਲਦੀ ਰਹੀ ਕਿ ਮੁੱਖ ਮੰਤਰੀ ਵੱਲੋਂ ਚੋਣ ਖਰਚਾ ਬਚਾਉਣ ਲਈ ਆਪਣਾ ਹੈਲੀਕਾਪਟਰ ਪੰਜਾਬ ਦੇ ਪਿੰਡ ਕਰੰਡੀ ਵਿਚ ਉਤਾਰਿਆ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਮਾਨਸਾ ਜ਼ਿਲ੍ਹੇ ਵਿਚ ਦੌਰੇ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਸਰਕਾਰੀ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਦਾ ਹੈਲੀਕਾਪਟਰ ਰਾਜਿੰਦਰ ਪਾਰਕ ਤੇ ਸਪੋਰਟਸ ਸਟੇਡੀਅਮ ਪਿੰਡ ਕਰੰਡੀ ਵਿਚ ਉਤਰਨਾ ਸੀ ਤੇ ਪਿੰਡ ਸੰਘਾ ਵਿਚ ਲੋਕਲ ਮੀਟਿੰਗ ਰੱਖੀ ਗਈ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਸੰਘਾ ਵਿਚ ਕੋੋਈ ਵੀ ਲੋਕ ਮਿਲਣੀ ਨਹੀਂ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਹੈਲੀਕਾਪਟਰ ਜਰੀਏ ਪੰਜਾਬ ਵਿਚ ਉਤਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਤੇ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ ਚੁੱਕੇ ਬਿਕਰਮ ਮੋਫਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਪਾਰਟੀ ਦੇ ਚੋਣ ਪ੍ਰਚਾਰ ਲਈ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਨੂੰ ਸਰਕਾਰੀ ਦੌਰਾ ਦਿਖਾਇਆ ਗਿਆ ਤਾਂ ਕਿ ਪਾਰਟੀ ਦੇ ਉਮੀਦਵਾਰ ਦੇ ਖਰਚੇ ਵਿਚ ਇਸ ਹੈਲੀਕਾਪਟਰ ਦਾ ਖਰਚਾ ਨਾ ਜੁੜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਰੰਡੀ ਵਿਚ ਹੈਲੀਕਾਪਟਰ ਤੋਂ ਉਤਰ ਕੇ ਸੜਕ ਰਸਤੇ ਰਾਹੀਂ ਆਦਮਪੁਰ ਪੁੱਜੇ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।