ਸਿੱਖ ਕਤਲੇਆਮ ਬਾਰੇ ‘ਸੱਚਾਈ ਕਮਿਸ਼ਨ’ ਕਾਇਮ ਕਰਨ ਦੀ ਮੰਗ ਉੱਠੀ

ਨਵੀਂ ਦਿੱਲੀ: ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਕਤਲੇਆਮ ਪਿੱਛੇ ਰਚੀ ਗਈ ਸਾਜ਼ਿਸ਼ ਦਾ ਪਤਾ ਲਾਉਣ ਲਈ ‘ਸਚਾਈ ਕਮਿਸ਼ਨ` ਬਣਾ ਕੇ ਜਾਂਚ ਕੀਤੀ ਜਾਵੇ ਕਿਉਂਕਿ ਇਸ ਕਤਲੇਆਮ ਨਾਲ ਜੁੜੇ ਤੱਥ ਅਜਿਹੇ ਸੰਕੇਤ ਕਰਦੇ ਹਨ ਕਿ ਇਸ ਸਬੰਧੀ ਪਹਿਲਾਂ ਹੀ ਸਾਜ਼ਿਸ਼ ਰਚੀ ਜਾ ਚੁੱਕੀ ਸੀ।

ਵਕੀਲ ਐਚ.ਐਸ. ਫੂਲਕਾ ਨੇ ਇਸ ਸਬੰਧੀ ਜੀ.ਬੀ.ਐਸ. ਸਿੱਧੂ ਦੀ ਲਿਖੀ ਕਿਤਾਬ ‘ਦਿ ਖਾਲਿਸਤਾਨ ਕੌਂਸਪਿਰੇਸੀ’ ਦਾ ਹਵਾਲਾ ਵੀ ਦਿੱਤਾ। ਸ੍ਰੀ ਫੂਲਕਾ ਨੇ ਕਿਤਾਬ ਦਾ ਹਵਾਲਾ ਦੇ ਕੇ ਦੱਸਿਆ ਕਿ ਰਾਅ ਦੇ ਡਾਇਰੈਕਟਰ (ਆਰ) ਗੈਰੀ ਸਕਸੈਨਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਇੰਦਰਾ ਗਾਂਧੀ `ਤੇ ਹਮਲਾ ਹੋਇਆ ਤਾਂ ਦਿੱਲੀ `ਚ ਸਿੱਖਾਂ ਦਾ ਕਤਲੇਆਮ ਹੋਵੇਗਾ। ਸ੍ਰੀ ਫੂਲਕਾ ਨੇ ਪ੍ਰੈੱਸ ਕਲੱਬ ਆਫ ਇੰਡੀਆ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੂ-ਬ-ਹੂ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਦੱਸਿਆ ਗਿਆ ਸੀ ਤੇ ਗੈਰੀ ਸਕਸੈਨਾ ਨੂੰ ਇਸ ਬਾਰੇ ਜਾਣਕਾਰੀ ਸੀ। ਉਨ੍ਹਾਂ ਪੱਤਰ `ਚ ਲਿਖਿਆ ਕਿ ਹਮਲਾਵਰਾਂ ਨੇ ਪੁਲਿਸ ਦੀ ਮੌਜੂਦਗੀ `ਚ ਪਹਿਲਾਂ ਗੁਰਦੁਆਰਿਆਂ ਤੇ ਫਿਰ ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਸੂਚੀਆਂ ਰਾਹੀਂ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਸ਼ਹਿ ਉਤੇ ਸਿੱਖਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ।